ਰੱਬ ਭਲਾ ਕਿਤੇ ਗਲਤੀਆਂ ਨਹੀਂ ਕਰਦਾ?

ਉਮਰ ਵਧਣ ਨਾਲ ਬੰਦਾ ਸਿਆਣਾ ਇਸ ਕਰ ਕੇ ਹੋ ਜਾਂਦਾ ਹੈ ਕਿ ਜ਼ਿੰਦਗੀ ਵਿਚ ਪਏ ਘਾਟੇ ਅਤੇ ਤਜਰਬਾ ਅਕਲ ਦੀਆਂ ਗੁਥਲੀਆਂ ਦੇ ਸਾਰੇ ਮੂੰਹ ਖੋਲ੍ਹ ਦਿੰਦੇ ਹਨ। ਇਸ ਉਮਰ ਵਿਚ ਝੋਰਾ ਇਸ ਕਰ ਕੇ ਨਹੀਂ ਪਿੱਛਾ ਛੱਡਦਾ ਕਿਉਂਕਿ ਹੰਭ ਚੁੱਕਾ ਸਰੀਰ ਤੀਲਾਂ ਦੀ ਡੱਬੀ ਨੂੰ ਵੀ ਧਨੁਸ਼ ਮਹਿਸੂਸ ਕਰ ਰਿਹਾ ਹੁੰਦਾ ਹੈ। ਉਹ ਹੋਰ ਵੀ ਉਦਾਸ ਇਸ ਕਰ ਕੇ ਹੋ ਜਾਂਦਾ ਹੈ ਕਿਉਂਕਿ ਜੁਆਨ ਸੋਚਣ ਲੱਗ ਪੈਂਦੇ ਹਨ ਕਿ ਬੁੜ੍ਹਾ ਅਗਿਆਨ ਤੇ ਪੁਰਾਣੇ ਜ਼ਮਾਨੇ ਦੀ ਕਥਾ ਕਰਨ ਲੱਗ ਪਿਆ ਹੈ। ਘੋੜੇ ਵੇਚ ਕੇ ਸੌਣ ਵਾਲੀ ਕਹਾਵਤ ਇਸ ਕਰ ਕੇ ਬਣੀ ਸੀ ਕਿ ਮਹਿੰਗੇ ਵਪਾਰ ਵਿਚ ਪੈਸੇ ਦਾ ਨਸ਼ਾ ਸਭ ਕੁਝ ਭੁਲਾ ਦਿੰਦਾ ਸੀ ਪਰ ਵਰਤਮਾਨ ਯੁੱਗ ਵਿਚ ਇਹ ਗੱਲ ਸਾਰੀ ਦੀ ਸਾਰੀ ਉਲਟ ਤੇ ਝੂਠੀ ਹੋ ਗਈ ਹੈ ਕਿਉਂਕਿ ਅੱਜਕੱਲ੍ਹ ਗਰੀਬ ਤਾਂ ਜ਼ਰੂਰਤ ਜਿੰਨਾ ਸੁਖਾਲਾ ਸੌਂ ਲੈਂਦਾ ਹੈ ਤੇ ਧਨਵਾਨ ਗੋਲੀਆਂ ਨਾਲ ਨੀਂਦ ਨੂੰ ਹਾਕਾਂ ਮਾਰਨ ਲੱਗਾ ਹੋਇਆ ਹੈ। ਜੋਗ ਅਤੇ ਰੱਬ ਨੂੰ ਮਿਲਾਉਣ ਦਾ ਕਾਰੋਬਾਰ ਇਸ ਕਰ ਕੇ ਪ੍ਰਫੁੱਲਤ ਹੋ ਰਿਹਾ ਹੈ ਤਾਂ ਕਿ ਰੱਬ ਨਾਲ ਹੱਥ ਤਾਂ ਮਿਲ ਹੀ ਜਾਵੇ ਪਰ ਨਾਲ-ਨਾਲ ਅਣ-ਕਮਾਇਆ ਧਨ ਵੀ ਬੋਰੀਆਂ ਭਰ ਕੇ ਘਰੇ ਡਿਗ ਪਵੇ। ਬੇਗਾਨੀਆਂ ਤੱਕਣ ਤੇ ਓਪਰੀਆਂ ਸੇਜਾਂ ਮਾਣਨ ਵਿਚ ਲੱਗੇ ਪਤੀ-ਪਤਨੀ ਵੀ ਆਥਣੇ ਘਰੇ ਆ ਕੇ ਇਕ ਦੂਜੇ ਪ੍ਰਤੀ ਵਫਾਦਾਰੀ ਦੀਆਂ ਕਸਮਾਂ ਖਾਣ ਨੂੰ ਇਖਲਾਕੀ ਫਰਜ਼ ਸਮਝਦੇ ਹਨ। ਹੀਰਾਂ ਚੁੱਪ ਕਰ ਕੇ ਅਤੇ ਰਾਂਝੇ ਰੌਲਾ ਪਾ ਕੇ ਮੁਹੱਬਤ ਦੀ ਬੇਸੁਰੀ ਬੀਨ ਨਾਲ ਇਸ਼ਕ ਦਾ ਨਾਗ ਕਾਬੂ ਕਰਨ ਵਿਚ ਲੱਗੇ ਹੋਏ ਹਨ। ਸਿਰਾਂ ਵਾਲਿਆਂ ਦੀ ਗਿਣਤੀ ਵਧ ਗਈ ਹੈ, ਦਿਮਾਗ ਵਾਲਿਆਂ ਦੀ ਲਗਾਤਾਰ ਘਟ ਰਹੀ ਹੈ; ਇਸੇ ਕਰ ਕੇ ਤਰਕ ਰੋ ਰਿਹਾ ਹੈ, ਵਹਿਮ ਹੱਸ ਰਿਹਾ ਹੈ, ਪਾਖੰਡ ਬੋਲੀਆਂ ਪਾ ਰਿਹਾ ਹੈ, ਵਿਸ਼ਵਾਸ ਕਤਲ ਹੋ ਰਿਹਾ ਹੈ, ਇਖਲਾਕ ਉਜੜ ਰਿਹਾ ਹੈ, ਦਿਲ ਖੋਟੇ ਸਿੱਕਿਆਂ ਦਾ ਸ਼ੁਦਾਈ ਹੋ ਗਿਆ ਹੈ, ਮਾਂ ਝੂਰ ਰਹੀ ਹੈ, ਭੈਣ ਵਿਲਕ ਰਹੀ ਹੈ, ਬਾਪੂ ਕੰਧਾਂ ਵਿਚ ਸਿਰ ਮਾਰ ਰਿਹਾ ਹੈ, ਪੁੱਤ ਪਿਉ ਉਤੇ ਹੱਥ ਚੁੱਕ ਰਿਹਾ ਹੈ, ਅਤੇ ਸਮਾਜ ਤੇ ਸੁਚੇਤ ਅਖਵਾਉਣ ਵਾਲੇ ਲੋਕ ਚੁੱਪ ਦਾ ਘੁੱਗੂ ਘੁੱਟ ਰਹੇ ਹਨ। ਸ਼ਾਇਦ ਇਸੇ ਕਰ ਕੇ ਰੱਬ ਆਪ-ਹੁਦਰੀਆਂ ਕਰਨ ਵਿਚ ਕੁਤਾਹੀ ਨਹੀਂ ਕਰ ਰਿਹਾ। ਜੇ ਬਹੁਤੇ ਡਾਕਟਰ ਇਹ ਸੋਚਣ ਲੱਗੇ ਹਨ ਕਿ ਧਰਮ ਰਾਜ ਜ਼ਿੰਦਗੀ ਦੇਣ ਵਾਲਾ ਹੁੰਦਾ ਕੌਣ ਹੈ? ਇਸ ਰੋਪੜੀ ਜਿੰਦੇ ਦੀ ਚਾਬੀ ਤਾਂ ਸਾਡੀ ਜੇਬ ਵਿਚ ਹੈ, ਪਰ ਦੁਰਘਟਨਾਵਾਂ ਵਧਣ ਨਾਲ ਇਹ ਨਹੀਂ ਲਗਦਾ ਕਿ ਰੱਬ ਡਾਕਟਰਾਂ ਨੂੰ ਦੰਦੀਆਂ ਚਿੜਾ ਰਿਹਾ ਹੈ। ਉਹ ਸਾਹਿਬ ਹਾਲੇ ਤੱਕ ਕਿਤੇ ਲੱਭਦਾ ਹੀ ਨਹੀਂ ਜਿਸ ਨੂੰ ਘੱਟੋ ਘੱਟ ਇਹ ਤਾਂ ਪੁੱਛਿਆ ਜਾਵੇ ਕਿ ਨੀਲੀ ਛੱਤ ਵਾਲੇ ਆਹ ਕੀ? ਇਹ ਕੀ? ਤੇ ਇੱਦਾਂ ਕਿਉਂ ਕਰਨ ਲੱਗਾ ਹੋਇਆ ਹੈ?

ਐਸ਼ ਅਸ਼ੋਕ ਭੌਰਾ
ਕਈ ਵਾਰ ਇੱਦਾਂ ਲੱਗ ਰਿਹਾ ਹੁੰਦਾ ਹੈ ਕਿ ਜਾਗਣ ਤੋਂ ਪਹਿਲਾਂ ਹੀ ਮਨੁੱਖ ਨਹੀਂ ਸਗੋਂ ਰੱਬ ਹੀ ਸਭ ਕੁਝ ਲੁੱਟ ਕੇ ਲੈ ਗਿਆ ਹੁੰਦਾ ਹੈ ਤੇ ਫਿਰ ਜਦੋਂ ਹਮਲਾਵਰ ਥਾਣੇਦਾਰ ਹੋਵੇ ਤਾਂ ਰਿਪੋਰਟ ਕਿਥੇ ਲਿਖਾਈ ਜਾ ਸਕਦੀ ਹੈ। ਦੁਨੀਆਂ ਦੇ ਕੁਝ ਲੋਕ ਅਜਿਹੇ ਹਨ ਜਿਹੜੇ ਸੋਚਦੇ ਹਨ ਕਿ ਚਲੋ ਸੂਰਜ ਤਾਂ ਡੁੱਬ ਗਿਆ ਹੈ ਪਰ ਚੰਨ ਉਨ੍ਹਾਂ ਦੇ ਹੱਕ ਵਿਚ ਚੜ੍ਹੇਗਾ। ਸੁਪਨਾ ਇਹ ਵੀ ਪੂਰਾ ਨਹੀਂ ਹੁੰਦਾ ਕਿਉਂਕਿ ਚਾਨਣੀ ਰਾਤ ਨੂੰ ਕਾਲੇ ਬੱਦਲ ਹੀ ਸਾਰੀ ਰਾਤ ਅਸਮਾਨ ਘੇਰੀ ਰੱਖਦੇ ਹਨ। ਕਈਆਂ ਦੇ ਜ਼ਮਾਨਾ ਤਾਂ ਚਲੋ ਹੱਕ ਵਿਚ ਨਹੀਂ ਹੁੰਦਾ, ਉਹ ਆਪਣੇ ਆਪ ਦੇ ਹੱਕ ਵਿਚ ਹੁੰਦੇ ਹਨ, ਜਗਤ ਤਮਾਸ਼ਾ ਉਨ੍ਹਾਂ ਤੋਂ ਓਹਲੇ ਹੋ ਰਿਹਾ ਹੁੰਦਾ ਹੈ ਪਰ ਰੱਬ ਸੁੱਤੇ ਪਿਆਂ ਦਾ ਮੂੰਹ ਭੰਨਣ ਦੀ ਗੁਸਤਾਖੀ ਕਰ ਰਿਹਾ ਹੁੰਦਾ ਹੈ।
ਭਗਵਿਆਂ ਨਾਲ ਹੁਣ ਨਫ਼ਰਤ ਇਸ ਕਰ ਕੇ ਹੋ ਰਹੀ ਹੈ ਕਿ ਇਨ੍ਹਾਂ ਨੂੰ ਪਹਿਨਣ ਵਾਲੇ ਰੱਬ ਦਾ ਰੂਪ ਤਾਂ ਕੀ, ਬੰਦੇ ਵੀ ਨਹੀਂ ਰਹੇ। ਲੋਭ ਤਿਆਗਣ ਦਾ ਉਪਦੇਸ਼ ਦੇਣ ਵਾਲੇ, ਲੋਭੀਆਂ ਤੇ ਲੁਟੇਰਿਆਂ ਦੀ ਅਗਵਾਈ ਕਰ ਰਹੇ ਹਨ ਤਾਂ ਯਕੀਨ ਕਰੋ ਕਿ ਗੰਗਾ ਦੇ ਉਲਟ ਵਹਿਣ ਦੀ ਆਸ ਹੋਰ ਗੂੜ੍ਹੀ ਹੋ ਜਾਵੇਗੀ। ਜਿਸ ਯੁੱਗ ਵਿਚ ਮਾਂਵਾਂ ਉਤੇ ਧੀਆਂ ਦੀਆਂ ਹੱਤਿਆਵਾਂ ਦੇ ਮੁਕੱਦਮੇ ਚੱਲ ਰਹੇ ਹੋਣ, ਸ੍ਰਿਸ਼ਟੀ ਤੇ ਸੰਸਾਰ ਸੰਤੁਲਿਤ ਚੱਲਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬੇਨਿਆਈਆਂ ਤੇ ਅਣਕਿਆਸੀਆਂ ਮੌਤਾਂ ਵੇਖ ਕੇ ਜੇ ਇਹ ਕਹਿ ਰਹੇ ਹਾਂ ਕਿ ਡਾਢੇ ਨੇ ਇਹਦੀ ਲਿਖੀ ਹੀ ਇੱਦਾਂ ਸੀ, ਤਾਂ ਇਹ ਵੀ ਮੰਨਣØਾ ਪਵੇਗਾ ਕਿ ਲਿਖਣ ਵੇਲੇ ਡਾਢਾ ਵੀ ਪ੍ਰੇਸ਼ਾਨ ਜਿਹਾ ਹੀ ਹੋਵੇਗਾ। ਹੁਣ ਉਮਰ ਭੋਗਣ ‘ਤੇ ਨਹੀਂ, ਉਮਰ ਦੇ ਅਰੰਭ ਹੁੰਦਿਆਂ ਹੀ ਵਿਧਮਾਤਾ ਹੋਣੀ ਹੱਥ ਸੁਨੇਹਿਆਂ ਦੇ ਪ੍ਰੇਮ ਪੱਤਰ ਭੇਜਣ ਵਿਚ ਰੁੱਝੀ ਹੋਈ ਹੈ।
ਜੰਗਲ ਵਿਚ ਬਘਿਆੜ ਨੇ ਸ਼ੇਰ ਮੂਹਰੇ ਹੱਥ ਜੋੜ ਕੇ ਕਿਹਾ, “ਜਨਾਬ, ਹੁਣ ਆਪਾਂ ਕੀ ਖਾਇਆ ਕਰਾਂਗੇ?”
“ਕਿਉਂ, ਗੱਲ ਕੀ ਹੋਈ?”
“ਭੇਡਾਂ ਵੀ ਅੱਖਾਂ ਵਿਖਾਉਣ ਲੱਗ ਪਈਆਂ ਹਨ।”
“ਮਿੱਤਰਾ! ਝੋਰਾ ਤਾਂ ਮੈਨੂੰ ਵੀ ਹੈ ਪਰ ਦੜ੍ਹ ਵੱਟ। ਹਕੂਮਤ ਤੇ ਜ਼ੋਰ ਦਾ ਨਸ਼ਾ ਜਦੋਂ ਉਤਰਦਾ ਹੈ ਤਾਂ ਹਾਲਾਤ ਇੱਦਾਂ ਦੇ ਹੀ ਬਣਦੇ ਹਨ। ਜਿਸ ਰਾਜ ਵਿਚ ਬਾਦਸ਼ਾਹ ਗਲਤੀਆਂ ਦੇ ਢੇਰ ਹੀ ਲਗਾਈ ਜਾਣ, ਗਰੀਬਾਂ ਦਾ ਲਹੂ ਪੀਣ ਦੇ ਸ਼ੌਕੀਨ ਬਣ ਜਾਣ ਤਾਂ ਵਕਤ ਆਉਂਦਾ ਹੀ ਹੈ ਕਿ ਰਾਜਿਆਂ ਨੂੰ ਕੁੱਤੇ ਘੜੀਸੀ ਫਿਰ ਰਹੇ ਹੁੰਦੇ ਹਨ। ਦੁਨੀਆਂ ਜਾਣ ਗਈ ਹੈ ਕਿ ਚੰਮ ਦੀਆਂ ਚਲਾਉਣ ਦਾ ਅਧਿਕਾਰ ਸਿਰਫ਼ ਰੱਬ ਨੂੰ ਹੀ ਹੁੰਦਾ ਹੈ।
ਜਿਸ ਮਨੁੱਖ ਦਾ ਜਵਾਨੀ ਵਿਚ ਕਿਸੇ ਨਾਲ ਵੀ ਪਿਆਰ ਨਾ ਹੋਵੇ, ਉਹ ਬੁਢਾਪੇ ਵਿਚ ਪੁਸਤਕਾਂ ਨੂੰ ਸਹੇਲੀਆਂ ਬਣਾ ਕੇ ਰੁਮਾਂਸ ਕਰ ਰਿਹਾ ਹੁੰਦਾ ਹੈ, ਪਰ ਉਨ੍ਹਾਂ ਬਦਕਿਸਮਤਾਂ ਨੂੰ ਕੀ ਕਹੀਏ ਜੋ ਚਰਖਾ ਚੱਲਣ ਤੋਂ ਪਹਿਲਾਂ ਹੀ ਤੰਦ ਦੇ ਲਪੇਟੇ ਜਾਣ ਦਾ ਉਲਾਂਭਾ ਦੇ ਕੇ ਚਲੋ ਰੱਬ ਦੇ ਮੰਦਰ ਵਿਚੋਂ ਤਾਂ ਨਹੀਂ, ਆਪਣੇ ਅੰਦਰੋਂ ਉਹਦੀ ਜੋਤ ਬੁਝਾਉਣ ਲਈ ਫੂਕਾਂ ਬਾਹਰ ਨੂੰ ਨਹੀਂ, ਅੰਦਰਵਾਰ ਮਾਰਨ ਵਿਚ ਲੱਗੇ ਹੋਣ!
ਸਿਆਣਾ ਸਮਝ ਕੇ ਮਾਪਿਆਂ ਨੇ ਉਹਦਾ ਨਾਂ ਤਾਂ ਗਿਆਨ ਸਿੰਘ ਰੱਖਿਆ ਸੀ ਪਰ ਉਹਦੇ ਨਾਲ ਰੱਬ ਕਰਦਾ ਕੀ ਰਿਹਾ? ਵਿਸ਼ਵਾਸ ਭਾਵੇਂ ਨਾ ਕਰਿਓ, ਪਰ ਹੈ ਇਹ ਪੂਰੇ ਦਾ ਪੂਰਾ ਸੱਚæææ
ਵਾਹੀਯੋਗ ਜ਼ਮੀਨ ਤਾਂ ਸਿਰਫ਼ ਚਾਰ ਕੁ ਕਨਾਲਾਂ ਸੀ ਪਰ ਦਿਲ ਦਾ ਦੌਰਾ ਪੈ ਜਾਣ ਕਾਰਨ ਜਦੋਂ ਬਾਪੂ ਦੀ ਮੌਤ ਹੋਈ, ਤਾਂ ਗਿਆਨ ਸਿੰਘ ਨੂੰ ਦਸ ਕੁ ਜਮਾਤਾਂ ਪੜ੍ਹਿਆ ਹੋਣ ਕਾਰਨ ਤਰਸ ਦੇ ਆਧਾਰ ‘ਤੇ ਬਿਜਲੀ ਬੋਰਡ ਵਿਚ ਨੌਕਰੀ ਮਿਲ ਗਈ; ਹਾਲਾਂਕਿ ਬਾਪੂ ਐਸ਼ਡੀæਓæ ਦੇ ਅਹੁਦੇ ‘ਤੇ ਕੰਮ ਕਰਦਾ ਸੀ। ਮਾਂ ਤਾਂ ਗਿਆਨ ਸਿੰਘ ਦੀ ਛੋਟੇ ਹੁੰਦੇ ਦੀ ਹੀ ਮਰ ਗਈ ਸੀ ਪਰ ਬਾਪੂ ਨੇ ਰੋਟੀ-ਟੁੱਕ ਦੇ ਦੁੱਖੋਂ ਪੁੱਤ ਦਾ ਵਿਆਹ 22ਵੇਂ ਸਾਲ ਵਿਚ ਹੀ ਕਰ ਲਿਆ ਸੀ। ਤੇ ਵਿਆਹ ਦੇ ਅਗਲੇ ਦੋ ਸਾਲਾਂ ਵਿਚ ਗਿਆਨ ਸਿੰਘ ਇਕ ਬੇਟੀ ਦਾ ਪਿਉ ਬਣ ਗਿਆ ਸੀ। ਇਉਂ ਬੇਸੁਰ ਹੋਏ ਜ਼ਿੰਦਗੀ ਦੇ ਸਾਜ਼ ਫਿਰ ਸੁਰੀਲੇ ਜਿਹੇ ਵੱਜਣ ਲੱਗ ਪਏ ਸਨ।
ਹਾਸਿਆਂ ਦੀ ਗਾਨੀ ਵਿਚ ਹੰਝੂਆਂ ਦੇ ਮਣਕੇ ਕਦੋਂ ਤੇ ਕੀਹਦੇ ਪਰੋਏ ਜਾਣ ਲੱਗ ਪੈਣ, ਇਹ ਭੇਤ ਤਾਂ ਉਪਰ ਵਾਲਾ ਆਪਣੇ ਕੋਲ ਹੀ ਰੱਖਦਾ ਹੈ ਪਰ ਗੁੱਟਾਂ ਵਿਚ ਦੀ ਹੌਕਿਆਂ ਦਾ ਕੰਗਣ ਪੈ ਜਾਵੇ ਤਾਂ ਇਹ ਉਪਰ ਵਾਲੇ ਦੀ ਧੱਕੇਸ਼ਾਹੀ ਲਗਦੀ ਹੈ। ਇਕ ਪੇਂਡੂ ਖੇਤਰ ਵਿਚ ਟ੍ਰਾਂਸਫਾਰਮਰ ਦੀ ਰਿਪੇਅਰ ਕਰਦਿਆਂ ਲਾਇਨਮੈਨ ਗਿਆਨ ਸਿੰਘ ਬਿਜਲੀ ਦੀ ਸਪਲਾਈ ਚੱਲ ਪੈਣ ਕਾਰਣ ਲੱਕ ਤੋਂ ਹੇਠਾਂ ਤੱਕ ਝੁਲਸਿਆ ਗਿਆ, ਤੇ ਇਉਂ ਜ਼ਿੰਦਗੀ ਲੀਹੋਂ ਹੀ ਨਹੀਂ ਲੱਥੀ, ਲਾਈਨ ਤੋਂ ਵੀ ਹਟ ਗਈ। ਉਹ ਲੰਬੇ ਇਲਾਜ ਪਿੱਛੋਂ ਜੀਵਨ ਦੀ ਗੱਡੀ ਤਾਂ ਖਿੱਚਣ ਲੱਗ ਪਿਆ ਪਰ ਉਂਜ ਪੂਰੇ ਦਾ ਪੂਰਾ ਨਕਾਰਾ ਹੋ ਗਿਆ। ਸਕੂਟਰਾਂ, ਮੋਟਰ ਸਾਈਕਲਾਂ ‘ਤੇ ਦੌੜਦਾ ਜੀਵਨ ਬ੍ਰੇਕ ਫੇਲ੍ਹ ਹੋ ਜਾਣ ਵਾਂਗ ਮੁਥਾਜ ਹੋ ਗਿਆ। ਵਿਭਾਗੀ ਮਾਲੀ ਮਦਦ ਤਾਂ ਮਿਲ ਗਈ ਪਰ ਰੱਬ ਨੇ ਜ਼ਿੰਦਗੀ ਦਾ ਪੰਧ ਉਗੜਾ-ਦੁਘੜਾ ਹੋ ਗਿਆ। ਉਹ ਵੀਲ੍ਹਚੇਅਰ ਦਾ ਮੁਥਾਜ ਹੋ ਗਿਆ ਤੇ ਇਕਲੌਤੀ ਧੀ ਬਲਵਿੰਦਰ ਵਿਚੋਂ ਪੁੱਤ ਦੇ ਚਾਵਾਂ ਦਾ ਮੱਧਮ ਸੂਰਜ ਖਿੱਚ-ਧੂਹ ਕੇ ਧੁੱਪ-ਛਾਂ ਵਾਂਗ ਜਗਣ-ਬੁਝਣ ਲੱਗ ਪਿਆ।
ਹਾਲਾਤ ਇਹ ਬਣੇ ਕਿ ਗਰੀਬੀ ਗਲਾ ਘੁਟਣ ਲੱਗ ਪੈਂਦੀ ਤਾਂ ਕੋਈ ਗੱਲ ਨਹੀਂ ਸੀ; ਮੱਤ ਮਾਰਨ ਲੱਗ ਪਈ ਸੀ। ਘਰ ਦੀਆਂ ਕੰਧਾਂ ਬੌਣੀਆਂ ਹੋ ਗਈਆਂ ਸਨ ਪਰ ਬਲਵਿੰਦਰ ਕੋਠੇ ਜਿੱਡੀ ਨਹੀਂ, ਬਨੇਰਿਆਂ ਨੂੰ ਹੱਥ ਲਾਉਣ ਲੱਗ ਪਈ ਸੀ। ਉਧਰ ਵਕਤ ਨੇ ਪਰਮਾਣੂ ਬੰਬ ਵਾਂਗ ਠਾਹ ਦੇਣੀ ਹੁੱਝ ਗਿਆਨ ਸਿੰਘ ਦੀ ਵੱਖੀ ਵਿਚ ਹੋਰ ਮਾਰ ਦਿੱਤੀ। ਸ਼ੂਗਰ ਦੀ ਬਿਮਾਰੀ ਦਾ ਹੱਲਾ ਕਾਰਗਿਲ ਦੀ ਜੰਗ ਵਰਗਾ ਹੋ ਗਿਆ ਤੇ ਪਤਾ ਉਸ ਵੇਲੇ ਲੱਗਾ ਜਦੋਂ ਦੋਵੇਂ ਗੁਰਦੇ ਅਸਮਾਨ ਵਿਚ ਉਡਦੇ ਜਹਾਜ਼ ਦੇ ਇੰਜਣਾਂ ਵਾਂਗ ਇਕੋ ਵੇਲੇ ਖਰਾਬ ਹੋ ਗਏ। ਸਵਰਗ ਦਾ ਭਰਮ ਤਾਂ ਚਲੋ ਟੁੱਟ ਹੀ ਗਿਆ ਸੀ ਤੇ ਸੱਧਰਾਂ ਦਾ ਸ਼ੀਸ਼ਾ ਉਹ ਚਿਹਰਾ ਦਿਖਾਉਣ ਲੱਗਾ ਜਿਵੇਂ ਇਮਾਨਦਾਰ ਤੇ ਬੀਬਾ ਬੰਦਾ ਗੁੱਸੇ ਨਾਲ ਸਾਰੇ ਦਾ ਸਾਰਾ ਭਰ ਗਿਆ ਹੋਵੇ।
ਉਧਰ ਗਿਆਨ ਸਿੰਘ ਦੀ ਪਤਨੀ ਬੰਸੋ ਨੂੰ ਲੱਗਾ ਸੀ ਕਿ ਚਲੋ ਪਹਾੜ ਤਾਂ ਡਿੱਗ ਪੈਂਦਾ, ਝੱਲ ਲੈਂਦੇ; ਹਿਮਾਲਾ ਪਰਬਤ ਆ ਪਿਆ ਸੀ ਤੇ ਉਹ ਪੂਰੀ ਤਰ੍ਹਾਂ ਹੇਠਾਂ ਆ ਗਏ ਸਨ। ਚਾਰ ਕਨਾਲਾਂ ਜ਼ਮੀਨ ਜਿਵੇਂ ਭੂਚਾਲ ਆਉਣ ਨਾਲ ਹੱਥੋਂ ਨਿਕਲ ਗਈ ਹੋਵੇ, ਤੀਜੇ ਦਿਨ ਖੂਨ ਦੀ ਸਫਾਈ ਵਾਲੀ ਪ੍ਰਕਿਰਿਆ ਨੇ ਧਰਤੀ ਦਾ ਇਹ ਟੁਕੜਾ ਡਾਕਟਰਾਂ ਜ਼ਰੀਏ ਨਿਗਲ ਲਿਆ। ਇਉਂ ਲੱਗ ਰਿਹਾ ਸੀ ਕਿ ਬਾਜ਼ੀ ਤਾਂ ਖੇਡੀ ਜਾ ਰਹੀ ਸੀ ਪਰ ਪੱਤੇ ਮੁੱਕ ਗਏ ਸਨ।
ਘਟਨਾ ਅੱਗੇ ਇਹ ਵਾਪਰੀ ਕਿ ਸਮਾਂ ਜਿਵੇਂ ਖਿੜ-ਖਿੜਾ ਕੇ ਹੱਸ ਪਿਆ ਹੋਵੇ। ਜਿਵੇਂ ਧੇਲੀ ਮੰਗਦੇ ਮੰਗਤੇ ਦੇ ਕਾਸੇ ਵਿਚ ਕੋਈ, ਸੋਨੇ ਦਾ ਬਿਸਕੁਟ ਰੱਖ ਗਿਆ ਹੋਵੇ। ਗਿਆਨ ਸਿੰਘ ਦੇ ਇਕ ਦੋਸਤ ਨੇ ਦੱਸ ਪਾਈ ਕਿ ਇਕ ਮੁੰਡਾ ਕੈਨੇਡਾ ਤੋਂ ਆਇਆ ਹੈ, ਕਿਉਂ ਨਾ ਬਲਵਿੰਦਰ ਨੂੰ ਡਾਲਰਾਂ ਵਾਲੀ ਗ੍ਰਹਿਸਥ ਦੀ ਗੱਡੀ ਵਿਚ ਬਿਠਾ ਦਿੱਤਾ ਜਾਵੇ। ਗੋਤ ਖਰੇ ਹੋਏ, ਮੁੰਡੇ ਨੂੰ ਕੁੜੀ ਪਸੰਦ ਆ ਗਈ ਤੇ ਬਲਵਿੰਦਰ ਨੇ ਵੀ ਰਾਜਿੰਦਰ ਨੂੰ ਰਾਜ ਕੁਮਾਰ ਸਮਝ ਕੇ ਸਿਰ ‘ਹਾਂ’ ਵਿਚ ਹਿਲਾ ਦਿੱਤਾ।
ਗਿਆਨ ਸਿੰਘ ਦੀਆਂ ਹੋਣੀ ਵੱਲੋਂ ਆਉਂਦੀਆਂ ਬੇਰੰਗ ਚਿੱਠੀਆਂ ਨੂੰ ਡਾਕਟਰਾਂ ਵੱਲੋਂ ਨਾਲੋ-ਨਾਲ ਤਸਦੀਕ ਕੀਤੇ ਜਾਣ ਕਰ ਕੇ, ਤੇ ਧੀ ਨੂੰ ਹੱਥੀਂ ਡੋਲੀ ਬਿਠਾਉਣ ਦੇ ਸੁਪਨਿਆਂ ਨੂੰ ਅਮਲੀ ਰੂਪ ਦੇਣ ਕਰ ਕੇ ਰਾਜਿੰਦਰ ਪੰਜਵੇਂ ਦਿਨ ਵਾਜੇ-ਗਾਜਿਆਂ ਨਾਲ ਜੰਞ ਲੈ ਕੇ ਆਣ ਢੁੱਕਿਆ ਤੇ ਦੋ ਬਿਸਤਰੇ ਇਕੋ ਵੇਲੇ ਬੰਨ੍ਹੇ ਜਾਣ ਲੱਗ ਪਏ। ਧੀ ਕੈਨੇਡਾ ਵੱਲ ਤੇ ਗਿਆਨ ਸਿੰਘ ਉਪਰ ਵਾਲੇ ਵੱਲ।
ਚਲੋ, ਚੰਗਾ ਇਹ ਹੋਇਆ ਕਿ ਬਲਵਿੰਦਰ ਤਾਂ ਜਹਾਜ਼ ਚੜ੍ਹ ਗਈ ਤੇ ਨਾਲ ਹੀ ਮੌਤ ਨੂੰ ਕਲਾਵੇ ਵਿਚ ਲੈ ਕੇ ਗਿਆਨ ਸਿੰਘ ਚੜ੍ਹਾਈ ਕਰ ਗਿਆ।
ਬੰਸੋ ਫਿਰ ‘ਕੱਲੀ ਹੀ ਘਰ ਦੀਆਂ ਕੰਧਾਂ ਨਾਲ ਉਦਾਸ ਗੀਤ ਗਾਉਣ ਲਈ ਟੁੱਟੇ ਸਾਜ਼ ਵਜਾਉਣ ਵਾਸਤੇ ਬੇਵੱਸ ਹੋ ਗਈ।
ਡੂਢ ਵਰ੍ਹਾ ਬੀਤਿਆ ਜਦੋਂ ਬਲਵਿੰਦਰ ਨੇ ਮਾਂ ਨੂੰ ਇਸ ਕਰ ਕੇ ਕਾਗਜ਼ ਭੇਜ ਦਿੱਤੇ ਕਿ ਉਹਦੇ ਹੋਣ ਵਾਲੇ ਬੱਚੇ ਦੀ ਉਹ ਸੰਭਾਲ ਕਰ ਲਵੇਗੀ ਤੇ ਇਉਂ ਛਿਲਾ ਪੂਰਾ ਹੋਣ ਤੋਂ ਬਾਅਦ ਉਹਨੂੰ ਕੰਮ ‘ਤੇ ਜਾਣਾ ਸੁਖਾਲਾ ਹੋ ਜਾਵੇਗਾ।
æææ ਤੇ ਜਦੋਂ ਬੰਸੋ ਨੂੰ ਵੀਜ਼ਾ ਮਿਲਿਆ ਤਾਂ ਉਹਨੂੰ ਲੱਗਾ ਕਿ ਰੱਬ ਘੂਰ ਤਾਂ ਲੈਂਦੈ ਪਰ ਪਿਆਰ ਵੀ ਰੱਜ ਕੇ ਕਰਦੈ। ਚਲੋ ਦਿਨ ਸੁਨਹਿਰੀ ਹੀ ਨਹੀਂ, ਰੰਗਲੇ ਵੀ ਹੋਣ ਲੱਗੇ। ਖਰਬੂਜਿਆਂ ਦੀ ਵੇਲ ਮਾਰੂਥਲ ਵਿਚ ਉਗ ਤਾਂ ਪਈ ਸੀ ਪਰ ਸੁਆਦ ਲੈਣ ਲਈ ਗਿੱਦੜ ਕਲੋਲਾਂ ਕਰਨ ਲੱਗ ਪਏ। ਜਿੱਦਣ ਉਹਨੇ ਦਿੱਲੀ ਤੋਂ ਫਲਾਈਟ ਲੈਣੀ ਸੀ, ਸੋਚਦੀ ਤਾਂ ਸੀ ਕਿ ਚੱਲੋ ਬੱਸੇ ਬਹਿ ਕੇ ਚਲੇ ਜਾਵਾਂ ਪਰ ਇਕ ਰਿਸ਼ਤੇਦਾਰ ਨੇ ਉਹਨੂੰ ਗੱਡੀ ਵਿਚ ਦਿੱਲੀ ਛੱਡਣ ਦਾ ਪ੍ਰੋਗਰਾਮ ਬਣਾ ਲਿਆ। ਜਿਨ੍ਹਾਂ ਗੁਆਂਢੀਆਂ ਨੂੰ ਉਜੜੇ ਘਰ ਦੀਆਂ ਚਾਬੀਆਂ ਦਿੱਤੀਆਂ ਸਨ, ਉਨ੍ਹਾਂ ਨੇ ਤੇਲ ਚੋਇਆ ਤਾਂ ਜਦੋਂ ਬੰਸੋ ਨੇ ਖੰਡ ਦੀ ਚੁਟਕੀ ਮੂੰਹ ਵਿਚ ਪਾਈ ਤਾਂ ਉਹ ਬਾਗੋ-ਬਾਗ ਇਸ ਕਰ ਕੇ ਹੋ ਗਈ ਕਿ ਚੰਨ ਮੱਸਿਆ ਵਾਲੇ ਦਿਨ ਚੜ੍ਹਨ ਲੱਗਾ ਹੈ। ਗੱਡੀ ਬੰਸੋ ਨੂੰ ਲੈ ਕੇ ਦਿੱਲੀ ਵੱਲ ਚੱਲ ਪਈ ਪਰ ਕੈਨੇਡਾ ਤਾਂ ਕੀ, ਉਹ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਪਿੱਪਲੀ ਲਾਗੇ ਹਾਦਸੇ ਵਿਚ ਧੀ ਤੇ ਦੋਹਤੀ ਦਾ ਚਿਹਰਾ ਵੇਖਣ ਤੋਂ ਵਿਰਵੀ ਰਹਿ ਗਈ। ਖ਼ਬਰ ਪਿੰਡ ਪਹੁੰਚੀ ਕਿ ਬੰਸੋ ਦੁਰਘਟਨਾ ਵਿਚ ਮਾਰੀ ਗਈ ਹੈ। ਇਸ ਮਨਹੂਸ ਘਟਨਾ ਨਾਲ ਸਾਰਾ ਪਿੰਡ ਤਾਂ ਧਾਹੀਂ ਰੋਇਆ ਹੀ, ਸਗੋਂ ਵਸੀਵੇਂ ‘ਤੇ ਬੈਠੇ ਕੁੱਤੇ ਵੀ ਕਈ ਦਿਨ ਚੀਕਾਂ ਮਾਰਦੇ ਰਹੇ।
ਇਉਂ ਰੱਬ ਦੇ ਰੰਗਾਂ ਦੀ ਤਸਵੀਰ ਜਿਵੇਂ ਵਿਚਕਾਰੋਂ ਕਿਸੇ ਮੂਰਖ ਨੇ ਪਾੜ ਦਿੱਤੀ ਹੋਵੇ, ਤੇ ਪਰੀਆਂ ਵਰਗੀ ਧੀ ਨੇਰ੍ਹਿਆਂ ਵਿਚ ਆਈ ਨ੍ਹੇਰੀ ਵਿਚ ਪਿੱਟ-ਸਿਆਪੇ ਕਰਨ ਲਈ ਮਜਬੂਰ ਹੋ ਗਈ। ਮਾਂ ਬਾਪ ਤੋਂ ਵਿਰਵੀਂ ਧੀ ਸੋਚਦੀ ਸੀ ਕਿ ਹੁਣ ਉਹ ਕਦੇ ਵਾਪਸ ਪੰਜਾਬ ਨਹੀਂ ਜਾਵੇਗੀ।
ਇੱਡੇ ਸਿਤਮ ਤੋਂ ਬਾਅਦ ਵੀ ਰੱਬ ਦਾ ਜਿਵੇਂ ਬੇਵਜ੍ਹਾ ਚੜ੍ਹਿਆ ਗੁੱਸਾ ਠੰਢਾ ਨਾ ਹੋਇਆ ਹੋਵੇ। ਬਲਵਿੰਦਰ ਦੀ ਧੀ ਹਾਲੇ ਮਸਾਂ ਸਵਾ ਕੁ ਸਾਲ ਦੀ ਹੋਈ ਹੋਵੇਗੀ ਕਿ ਉਹਦੀ ਜੀਵਨ ਸ਼ੈਲੀ ਵਿਚ ਰੌਣਕਾਂ ਭਰਨ ਵਾਲਾ ਵੀ ਰੱਬ ਨੇ ਖੋਹ ਲਿਆ। ਰਜਿੰਦਰ ਸਿੰਘ ਟਰੱਕ ਡਰਾਇਵਰ ਸੀ। ਨਸ਼ਿਆਂ ਤੋਂ ਕੋਹਾਂ ਦੂਰ। ਉਪਰੋਂ ਪੂਰਾ ਗੁਰਸਿੱਖ ਬਣ ਗਿਆ ਸੀ। ਅਮਰੀਕਾ ਨੂੰ ਟਰੱਕ ਲੈ ਕੇ ਜਾਂਦਿਆਂ ਭਾਣਾ ਤਾਂ ਵਰਤਿਆ ਹੀ, ਪਰ ਵਰਤਿਆ ਬੜਾ ਪੁੱਠਾ। ਪਹਾੜੀ ਹਲਕੇ ਵਿਚ ਉਹਦੀ ਅੱਖ ਲੱਗ ਜਾਣ ਕਾਰਨ ਅੱਖ ਉਪਰ ਵਾਲੇ ਨਾਲ ਮਿਲ ਗਈ। ਟਰੱਕ ਪਹਾੜੀ ਨਾਲ ਟਕਰਾ ਕੇ ਅੱਗ ਦੀ ਲਪੇਟ ਵਿਚ ਹੀ ਨਹੀਂ ਆਇਆ, ਸਗੋਂ ਸਿਖਰ ਇਹ ਹੋਈ ਕਿ ਜਿੱਦਾਂ ਕਿਸੇ ਦਾ ਮਰਨ ਤੋਂ ਪਹਿਲਾਂ ਹੀ ਸੰਸਕਾਰ ਕਰ ਦਿੱਤਾ ਗਿਆ ਹੋਵੇ।
ਤੇ ਬਲਵਿੰਦਰ ਦੇ ਮੁਕੱਦਰ ‘ਬਰਮਾ’ ਨੂੰ ਨਾਲ ਹੀ ਚਲੇ ਗਏ! ਬਿਨਾਂ ਪੱਤਿਆ ਵਾਲਾ ਦਰਖ਼ਤ ਤੂਫਾਨ ਚੁਪੇੜਾਂ ਖਾਣ ਲਈ ਮਜਬੂਰ ਹੋ ਗਿਆ!!
ਦੋ ਨਿਕੜੀਆਂ ਜਿੰਦਾਂ ਲੇਖ ਲਿਖਣ ਵਾਲੇ ਨੇ ਮਧੋਲ ਕੇ ਹੀ ਨਹੀਂ ਰੱਖ ਦਿੱਤੀਆਂ, ਸਗੋਂ ਸਰਕਾਰੀ ਸਹੂਲਤਾਂ ਅੱਗੇ ਗੋਡੇ ਟੇਕਣ ਲਈ ਲਾਚਾਰ ਬਣਾ ਦਿੱਤੀਆਂ। ਗੱਡੀ ਆਏਂ ਖਿੱਚਣੀ ਪੈ ਗਈ ਜਿਵੇਂ ਤੇਲ ਦੀ ਟੈਂਕੀ ਪਾਟ ਜਾਣ ਤੋਂ ਬਾਅਦ ਵਾਲੀ ਹਾਲਤ ਹੁੰਦੀ ਹੈ। ਫਿਰ ਕਈ ਵਰ੍ਹੇ ਬਲਵਿੰਦਰ ਦੀ ਸ਼ਾਮ ਹੌਕਿਆਂ ਨਾਲ ਪੈਂਦੀ ਰਹੀ, ਤੇ ਸਵੇਰ ਹੰਝੂਆਂ ਦੀ ਬੇਮੌਸਮੀ ਬਰਸਾਤ ਨਾਲ ਡਿੱਕੇ-ਡੋਲੇ ਖਾਂਦਿਆਂ ਚੜ੍ਹਦੀ ਰਹੀ।
ਫਿਰ ਉਹਨੂੰ ਮਸ਼ਵਰਿਆਂ ਦੀਆਂ ਮਹਿਫਲਾਂ ਵਿਚੋਂ ਸੁਝਾਵਾਂ ਦੀਆਂ ਆਵਾਜ਼ਾਂ ਉਠਣ ਲੱਗ ਪਈਆਂ। ਚਿਹਰੇ ਦੀ ਮੱਧਮ ਪੈਂਦੀ ਲਾਲੀ ਵੀ ਆਖਣ ਲੱਗ ਪਈ ਕਿ ਕਮਲੀਏ! ਪੰਚਰ ਹੋਈ ਗੱਡੀ ਨੂੰ ‘ਕੱਲੀ-‘ਕਹਿਰੀ ਨਾ ਖਿੱਚ! ਉਹਦੀਆਂ ਸਹੇਲੀਆਂ ਨੇ ਫਿਰ ਉਹ ਫੈਸਲਾ ਕਰਨ ਲਈ ਮਜਬੂਰ ਕਰ ਦਿੱਤਾ ਜੋ ਉਹ ਕਰਨਾ ਨਹੀਂ ਸੀ ਚਾਹੁੰਦੀ। ਉਹ ਚਾਰ ਵਰ੍ਹਿਆਂ ਦੀ ਧੀ ਨੂੰ ਲੈ ਕੇ ਨਾਨਕੇ ਪਿੰਡ ਆਈ, ਤੇ ਮਹੀਨੇ ਕੁ ਬਾਅਦ ਉਹਨੂੰ ਜੰਞ ਦਾ ਦੂਜੀ ਵਾਰ ਮੂੰਹ ਵਿਖਾ ਦਿੱਤਾ ਗਿਆ।
ਉਦਾਸ ਫਿਜ਼ਾ ‘ਚ ਖੁਸ਼ੀ ਦੀਆਂ ਲਾਵਾਂ ਇਕ ਵਾਰ ਫਿਰ ਹੋ ਗਈਆਂ। ਮਨਤੇਜ ਨਾਲ ਨਵੇਂ ਖਿਆਲਾਂ ਦੀ ਗਠੜੀ ਲੈ ਕੇ ਉਹ ਲਤਾੜੀ ਜ਼ਿੰਦਗੀ ਨੂੰ ਫਿਰ ਖਿੱਚਣ ਵਿਚ ਸਫ਼ਲ ਹੋ ਗਈ। ਉਹਨੂੰ ਲੱਗਾ ਜਿਵੇਂ ਕੁਦਰਤ ਫਿਰ ਉਹਦੇ ਨਾਲ ਨਿਸ਼ੰਗ ਹੋ ਕੇ ਗਲ ਬਾਹਾਂ ਪਾ ਕੇ ਤੁਰ ਪਈ ਹੋਵੇ।
ਪੰਜਾਬ ਦੇ ਸਿਹਤ ਵਿਭਾਗ ਦੇ ਨਾਅਰੇ ਵਾਂਗ ‘ਅਗਲਾ ਬੱਚਾ ਅਜੇ ਨਹੀਂ’ ਸੋਚ ਕੇ ਉਹ ਸਮੇਂ ਨਾਲ ਹੇਰ ਫੇਰ ਤਾਂ ਕਰਦੀ ਰਹੀ ਕਿਉਂਕਿ ਡਾਕਟਰਾਂ ਨੇ ਬੱਚੀ ਦੇ ਜਨਮ ਵੇਲੇ ਕਿਹਾ ਸੀ, ਇੱਦਾਂ ਕਰਨਾ ਉਹਦੇ ਲਈ ਲਾਹੇਵੰਦ ਨਹੀਂ ਹੋਵੇਗਾ; ਪਰ ਭਾਰਤੀ ਸੰਸਕ੍ਰਿਤੀ ਵਿਚ ਗ੍ਰਸੇ ਸਮਾਜ ਨੂੰ ਉਹ ਮੂੰਹ ਖੋਲ੍ਹ ਕੇ ਆਖੇ ਕੀ! ਤੇ ਉਹ ਨਾ ਚਾਹੁੰਦਿਆਂ ਵੀ ਮਾਂ ਬਣੀ ਗਈ। ਉਹਦੇ ਪੇਟੋਂ ਬੇਟੇ ਨੇ ਜਨਮ ਲਿਆ, ਪਰ ਜਨਮ ਸਾਰ ਹੀ ਉਹ ਪਹਿਲਾਂ ਕੋਮਾ ਵਿਚ ਗਈ, ਤੇ ਫਿਰ ਕੁਝ ਦਿਨਾਂ ਬਾਅਦ ਡਾਕਟਰਾਂ ਦੇ ਸਿਰਤੋੜ ਸੰਘਰਸ਼ ਨਾਲ ਵੀ ਪਿੱਛੇ ਨਾ ਮੁੜ ਸਕੀ ਤੇ ਮੌਤ ਨੂੰ ‘ਵਾਜਾਂ ਮਾਰਦੀ ਨੂੰ ਹੁੰਗਾਰਾ ਮਿਲ ਗਿਆ।
ਇਨਸਾਫਪਸੰਦ ਹੋਣ ਦੇ ਦਾਅਵੇਦਾਰ ਨੂੰ ਕੋਈ ਪੁੱਛ ਸਕਦੈ ਕਿ ਖਿਡੌਣਿਆਂ ਨਾਲ ਖੇਡਣ ਵਾਲੀ ਮਾਸੂਮ ਧੀ ਕੋਲੋਂ ਮਾਂ-ਬਾਪ ਅਤੇ ਬੇਟੇ ਤੋਂ ਮਾਂ ਕਿਉਂ ਖੋਹ ਲਈ?
ਲਗਦਾ ਨਹੀਂ, ਜੇ ਮੌਤ ਵਿਰੁੱਧ ਅਪੀਲ ਕਰਨ ਦੀ ਕੋਈ ਅਦਾਲਤ ਹੁੰਦੀ ਤਾਂ ਜੱਜ ਸਾਹਮਣੇ ਪੇਸ਼ੀ ਹੋਣ ‘ਤੇ ਰੱਬ ਨੂੰ ਨੀਵੀਂ ਪਾ ਕੇ ਮੰਨਣਾ ਪੈਣਾ ਸੀ, ‘ਗਲਤੀਆਂ ਕੌਣ ਨਹੀਂ ਕਰਦਾ’।
ਚੱਲੋ ਜੋ ਤੁਸੀਂ ਚਾਹੁੰਦੇ ਹੋ, ਉਵੇਂ ਨਾ ਹੋਵੇ ਪਰ ਇੱਦਾਂ ਵੀ ਤਾਂ ਰੱਬ ਨਾ ਕਰੇ। ਤ੍ਰਿੰਜਣਾਂ ਵਿਚ ਟੁੱਟੇ ਚਰਖੇ ਦਾ ਟਕਾ ਮੁੱਲ ਹੁੰਦਾ ਹੀ ਨਹੀਂ।

Be the first to comment

Leave a Reply

Your email address will not be published.