ਛਾਤੀ ਅੰਦਰਲੇ ਥੇਹ (14)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1968 ਵਿਚ ਮੈਂ ਰਾਜਾ ਬਲਵੰਤ ਸਿੰਘ ਕਾਲਜ ਆਗਰਾ ਤੋਂ ਐਮæਐਸਸੀæ (ਗਣਿਤ, ਫਾਈਨਲ) ਕਰ ਰਿਹਾ ਸਾਂ। ਕਾਲਜ ਦਾ ਸਮਾਂ ਸਵੇਰੇ 7 ਤੋਂ 10 ਵਜੇ ਤੱਕ ਹੁੰਦਾ। ਪੰਤਾਲੀ-ਪੰਤਾਲੀ ਮਿੰਟ ਦੇ ਚਾਰ ਪੀਰੀਅਡਾਂ ਵਿਚ ਪ੍ਰੋਫੈਸਰ ਚੰਗੀ ਧੁੱਕੀ ਕੱਢਦੇ। ਅੱਠ ਘੰਟੇ ਜਿੰਨਾ ਘਰ ਦਾ ਕੰਮ ਦੇ ਦਿੰਦੇ। ਜੋ ਕਰ ਕੇ ਨਾ ਲਿਆਉਂਦਾ, ਉਸ ਦੀ ਬੇਇਜ਼ਤੀ ਕਰਦੇ। ਧੰਨ ਸੀ ਮੇਰਾ ਮਿੱਤਰ ਸਾਹਿਬ ਦਿਆਲ ਜੋ ਪਹਿਲਾਂ ਕਾਲਜ ਅਟੈਂਡ ਕਰਦਾ ਤੇ ਮਗਰੋਂ ਦਸ ਤੋਂ ਚਾਰ ਵਜੇ ਤਕ ਰਾਧਾ ਸੁਆਮੀ ਐਜੂਕੇਸ਼ਨਲ ਇੰਸਟੀਚਿਊਟ ਆਗਰਾ ਵਿਚ ਡਿਗਰੀ ਕਲਾਸਾਂ ਨੂੰ ਫਿਜ਼ਿਕਸ ਪ੍ਰੈਕਟੀਕਲ ਕਰਵਾਉਣ ਲਈ ਡਿਮੌਂਸਟਰੇਟਰ ਦੀ ਨੌਕਰੀ ਕਰਦਾ। ਉਹ ਚੰਗਾ ਪਹਿਨਦਾ, ਚੰਗਾ ਖਾਂਦਾ-ਪੀਂਦਾ। ਅਸੀਂ ਕੰਟੀਨ ਜਾਂਦੇ ਤਾਂ ਉਹ ਬਹੁਤੀ ਵਾਰੀ ਮੈਨੂੰ ਬਿਲ ਨਾ ਦੇਣ ਦਿੰਦਾ। ਦੋਸਤੀ ਕਰ ਕੇ ਅਸੀਂ ਢਿੱਡ ਦੀਆਂ ਗੱਲਾਂ ਵੀ ਸਾਂਝੀਆਂ ਕਰ ਲੈਂਦੇ।
ਲਵ ਮੈਰਿਜ ਕਰਵਾਉਣ ਕਰ ਕੇ ਉਸ ਦੇ ਪਿਉ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਸੀ ਤੇ ਉਹ ਪਿਛਲੇ ਪੰਜ ਸਾਲਾਂ ਤੋਂ ਆਪਣੀ ਪਤਨੀ ਨਾਲ ਦਿਆਲ ਬਾਗ ਦੇ ਕਵਾਟਰਾਂ ਵਿਚ ਹੀ ਰਹਿ ਰਿਹਾ ਸੀ। ਸਾਡੇ ਨਾਲ ਪੜ੍ਹਦੇ ਕਈ ਹੋਰ ਮੁੰਡੇ ਵੀ ਵੱਖ-ਵੱਖ ਥਾਂਵਾਂ ‘ਤੇ ਨੌਕਰੀਆਂ ਕਰਦੇ ਸਨ। ਮੈਂ ਵੀ ਇਕ ਦੋ ਥਾਂਵਾਂ ‘ਤੇ ਘਰਾਂ ਵਿਚ ਟਿਊਸ਼ਨ ਪੜ੍ਹਾਉਣ ਲਈ ਜ਼ਰੂਰ ਘੁੰਮਦਾ ਸਾਂ, ਪਰ ਲੋਕ ਪੈਸੇ ਮਾਰ ਲੈਂਦੇ ਸਨ। ਕਾਫੀ ਪਹਿਲਾਂ ਨੌਸਰੀਏ ਗੌਰੀ ਸ਼ੰਕਰ ਨੇ ਤਾਂ ਮੈਨੂੰ ਪੰਜ ਸੌ ਰੁਪਏ ਦਾ ਰਗੜਾ ਲਾਇਆ ਹੋਇਆ ਸੀ। ਹੁਣ ਕੰਜਰ ਬਾਜ਼ਾਰ ਦੇ ਇਕ ਦੱਲੇ ਘਣਪਤ ਰਾਏ ਕੋਲ ਮੇਰੇ ਦੋ ਸੌ ਰੁਪਏ ਫਸੇ ਹੋਏ ਸਨ ਜਿਸ ਦੀ ਕਿਸੇ ਚਹੇਤੀ ਦੇ ਬੇਟੇ ਨੂੰ ਮੈਂ ਪੜ੍ਹਾਇਆ ਸੀ। ਮੈਂ ਉਸ ਕੋਲ ਕਈ ਗੇੜੇ ਲਾ ਆਇਆ ਸਾਂ। ਉਹ ਹਰ ਵਾਰੀ ਆਖਦਾ, “ਬਹੁਤ ਮੰਦਾ ਚਲ ਰਹਾ ਹੈ ਸਰਦਾਰ ਜੀ। ਪੁਲਿਸ ਭੀ ਪ੍ਰੇਸ਼ਾਨ ਕਰਤੀ ਹੈ। ਪੈਸੇ ਤੋ ਅਬ ਹੈ ਨਹੀਂ। ਕਹੋ ਤੋ ਉਧਰ ਦੋ ਤੀਨ ਚੱਕਰ ਲਗਵਾ ਦੇਤਾ ਹੂੰ। ਏਕ ਨੰਬਰ ਚੀਜ਼ ਹੋਗੀ ਫਰੀ ਮੇਂ।”
ਪਰ ਮੈਨੂੰ ਉਸ ਬਾਜ਼ਾਰ ਵਿਚੋਂ ਲੰਘਦਿਆਂ ਵੀ ਸ਼ਰਮ ਆਉਂਦੀ। ਉਤੇ ਖਿੜਕੀਆਂ ਵਿਚ ਬੈਠੀਆਂ ਬੇਸ਼ਰਮ ਔਰਤਾਂ ਹਾਕਾਂ ਮਾਰਦੀਆਂ। ਮੈਂ ਡਰਦਾ। ਕਿਸੇ ਵਾਕਿਫ਼ ਨੇ ਦੇਖ ਲਿਆ ਜਾਂ ਸੌਦਾ ਪੱਤਾ ਖਰੀਦਦੇ ਵੀਰ ਜੀ ਮਿਲ ਪਏ ਤਾਂ ਬਾਜ਼ਾਰ ਵਿਚ ਹੀ ਢਾਹ ਕੇ ਕੁੱਟਣਗੇ। ਇਨ੍ਹਾਂ ਵਰਜਿਤ ਖੇਤਰਾਂ ਵਿਚ ਜਾਣ ਤੋਂ ਵੀਰ ਜੀ ਨੇ ਪਹਿਲਾਂ ਹੀ ਤਾੜਨਾ ਕੀਤੀ ਹੋਈ ਸੀ। ਉਂਜ ਫੀਸ ਅਤੇ ਰੋਟੀ-ਪਾਣੀ ਵੀਰ ਜੀ ਹੀ ਦਿੰਦੇ ਸਨ। ਦਸ ਰੁਪਏ ਮਹੀਨਾ ਮੈਥੋਂ ਵੱਡਾ ਭਰਾ ਜਸਵੰਤ ਕਾਲਜ ਦੇ ਐਡਰੈਸ ਉਤੇ ਭੇਜ ਦਿਆ ਕਰਦਾ ਸੀ। ਡਾਕੀਆ ਪਹਿਲਾਂ ਹੀ ਚੁਆਨੀ ਕੱਟ ਕੇ ਮੈਨੂੰ ਨੌ ਰੁਪਏ ਬਾਰਾਂ ਆਨੇ ਫੜਾ ਕੇ ਦੰਦੀਆਂ ਕੱਢ ਦਿੰਦਾ। ਇਹ ਰਕਮ ਮੇਰੀ ਗੁਪਤ ਜੇਬ੍ਹ ਵਿਚ ਰਹਿੰਦੀ ਜਾਂ ਅਟੈਚੀਕੇਸ ਦੇ ਗੁਪਤ ਖਾਨੇ ਵਿਚ ਜਿਥੇ ਕਿਸੇ ਕੁੜੀ ਦਾ ਖਤ ਵਗੈਰਾ ਵੀ ਧੜਕਦਾ ਹੁੰਦਾ।
ਸਾਡੇ ਨਾਲ ਅਮੀਰ ਘਰਾਂ ਦੇ ਮੁੰਡੇ ਕੁੜੀਆਂ ਵੀ ਪੜ੍ਹਦੇ ਸਨ। ਬਹੁਤੀਆਂ ਮੁਸਲਮਾਨ ਕੁੜੀਆਂ ਬੁਰਕੇ ਪਾ ਕੇ ਆਉਂਦੀਆਂ ਪਰ ਕਲਾਸ ਵਿਚ ਉਹ ਮੂੰਹ ਨੰਗਾ ਕਰ ਕੇ ਬਹਿੰਦੀਆਂ। ਅਸੀਂ ਮੁੰਡੇ ਪੜ੍ਹਦੇ-ਪੜ੍ਹਦੇ ਉਨ੍ਹਾਂ ਦੇ ਗੋਰੇ ਮੁਖੜਿਆਂ ਦੀ ਝਾਕੀ ਵੀ ਲਈ ਜਾਂਦੇ। ਮੈਨੂੰ ਆਪਣੇ ਕੱਪੜੇ ਦੇਖ ਕੇ ਅਕਸਰ ਹੀਣ ਭਾਵਨਾ ਆਉਂਦੀ ਰਹਿੰਦੀ ਜਿਨ੍ਹਾਂ ਤੋਂ ਹਮੇਸ਼ਾ ਗਰੀਬੀ ਝਲਕਦੀ; ਪਰ ਵੀਰ ਜੀ ਆਪ ਵੀ ਸਾਦਾ ਹੀ ਰਹਿੰਦੇ ਸਨ। ਭਾਬੀ ਵੀ ਕਦੀ ਕੋਈ ਹਾਰ-ਸ਼ਿੰਗਾਰ ਨਾ ਕਰਦੀ। ਕੰਨਾਂ ਵਿਚ ਨਿੱਕੀਆਂ ਨਿੱਕੀਆਂ ਵਾਲੀਆਂ, ਨੱਕ ਵਿਚ ਕੋਕਾ, ਮੋਟੇ ਖੱਦਰ ਦੇ ਕਮੀਜ਼ ਸਲਵਾਰ ਤੇ ਉਤੋਂ ਗਾਤਰਾ। ਬਸ ਸਰਦੀਆਂ ਵਿਚ ਇਕ ਕੋਟੀ ਹੋਰ ਪਾ ਲੈਂਦੇ। ਉਨ੍ਹਾਂ ਦੋਹਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਾਦਗੀ ਅਤੇ ਤੰਗੀ-ਤੁਰਸ਼ੀ ਵਿਚ ਹੀ ਬੰਦਾ ਪੜ੍ਹਾਈ ਕਰ ਸਕਦਾ ਹੈ। ਪੈਸਾ ਮਿਲਿਆ ਨਹੀਂ, ਤੇ ਕਿਤਾਬਾਂ ਹੱਥੋਂ ਛੁੱਟੀਆਂ ਨਹੀਂ। (ਸ਼ਾਇਦ ਉਨ੍ਹਾਂ ਦੀ ਗੱਲ ਠੀਕ ਵੀ ਸੀ। ਐਮæਐਸਸੀæ ਵਿਚ ਮੇਰਾ ਕਾਲਜ ਵਿਚ ਦੂਜਾ ਸਥਾਨ ਰਿਹਾ। ਚੌਥੇ ਪੇਪਰ ਐਸਟਰੋਨੋਮੀ ਵਿਚ ਮੈਂ ਯੂਨੀਵਰਸਿਟੀ ਵਿਚੋਂ ਟਾਪ ਕੀਤਾ। ਪੇਂਡੂ ਗੰਵਾਰ ਪਿਛੋਕੜ ਵਾਲੇ ਮੁੰਡੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਵੀਰ ਜੀ ਨੇ ਸਾਰੇ ਸਿੱਖ ਭਾਈਚਾਰੇ ਵਿਚ ਲੱਡੂ ਵੰਡੇ ਤੇ ਮੇਰੇ ਭਰਾ ਜਸਵੰਤ ਨੇ ਮੇਰੇ ਦੋਰਾਹੇ ਜਾਣ ‘ਤੇ ਰੇਲਵੇ ਸਟੇਸ਼ਨ ਉਤੇ ਮੇਰੇ ਗਲ ਵਿਚ ਫੁੱਲਾਂ ਦੇ ਹਾਰ ਪਾਏ। ਉਹ ਜ਼ਿੰਦਗੀ ਦਾ ਬੇਹੱਦ ਖੁਸ਼ੀ ਵਾਲਾ ਦਿਨ ਸੀ।)
ਖ਼ੈਰ! ਇਕ ਦਿਨ ਸਾਹਿਬ ਦਿਆਲ ਨੇ ਆਰæਈæਆਈæ ਦਿਆਲ ਬਾਗ ਵਿਚ ਕੈਮਿਸਟਰੀ ਡਿਮੌਂਸਟਰੇਟਰ ਦੀ ਖਾਲੀ ਆਸਾਮੀ ਬਾਰੇ ਦੱਸਿਆ। ਮੈਂ ਉਸੇ ਦਿਨ ਕਾਲਜ ਦੇ ਪ੍ਰਿੰਸੀਪਲ ਬੀæਪੀæ ਜੌਹਰੀ ਜੋ ਮਗਰੋਂ ਆਗਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ, ਨੂੰ ਮਿਲਣ ਲਈ ਸਮਾਂ ਲੈ ਲਿਆ। ਪ੍ਰਿੰਸੀਪਲ ਦੇ ਦਫ਼ਤਰ ਵਿਚ ਹੀ ਮੇਰੀ ਇੰਟਰਵਿਊ ਹੋਈ। ਕੈਮਿਸਟਰੀ ਵਿਭਾਗ ਦੇ ਮੁਖੀ ਪ੍ਰੋæ ਚੋਪੜਾ ਨੇ ਵਿਸ਼ੇ ਨਾਲ ਸਬੰਧਿਤ ਕਈ ਸਵਾਲ ਪੁੱਛੇ ਜਿਨ੍ਹਾਂ ਦਾ ਮੈਂ ਠੀਕ ਜਵਾਬ ਦੇ ਦਿੱਤਾ। ਉਸ ਨੇ ਪ੍ਰਿੰਸੀਪਲ ਨੂੰ ਆਪਣੀ ਸਹਿਮਤੀ ਦੇ ਦਿੱਤੀ। ਪ੍ਰਿੰਸੀਪਲ ਨੇ ਹਿੰਦੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ। ਅਖੀਰ ਵਿਚ ਬੋਲੇ, “ਠੀਕ ਹੈ ਸਰਦਾਰ ਜੀ। ਹਮ ਆਪ ਕੋ ਏਕ ਸੌ ਬੀਸ ਰੁਪਏ ਮਹੀਨਾ ਦੇਂਗੇ। ਏਕ ਮਹੀਨੇ ਕੇ ਅਡਵਾਂਸ ਲੇ ਜਾਉ। ਢੰਗ ਕੇ ਕੱਪੜੇ ਵਗੈਰਾ ਸਿਲਵਾਉ। ਟਰਬਨ, ਸੂਟ ਵਗੈਰਾ ਖਰੀਦੋ। ਜਿਸ ਦਿਨ ਸਬ ਬਨ ਜਾਏਂ, ਜੁਐਨ ਕਰ ਲੋ।”
ਸਾਹਿਬ ਦਿਆਲ ਦਫ਼ਤਰੋਂ ਬਾਹਰ ਮੈਨੂੰ ਹੀ ਉਡੀਕ ਰਿਹਾ ਸੀ। ਉਹ ਖੁਸ਼ ਹੋਇਆ। ਸਾਥ ਬਣ ਗਿਆ ਸੀ। ਉਹ ਮੈਨੂੰ ਆਪਣੇ ਕਮਰੇ ਵਿਚ ਲੈ ਗਿਆ। ਆਪਣੀ ਪਤਨੀ ਨੂੰ ਮਿਲਾਇਆ। ਮੈਂ ਬਾਥਰੂਮ ਵਿਚ ਵੜਿਆ। ਆਦਮ ਕੱਦ ਸ਼ੀਸ਼ਾ ਲੱਗਾ ਹੋਇਆ ਸੀ ਜਿਸ ਵਿਚ ਮੈਂ ਖੜ੍ਹਾ ਸਾਂ। ਜ਼ਹਿਰ ਮੋਹਰੇ ਰੰਗ ਦੀ ਪਗੜੀ ਜਿਸ ਦਾ ਆਖਰੀ ਲੜ ਘਸਮੈਲਾ ਹੋ ਗਿਆ ਸੀ। ਪੈਰਾਂ ਵਿਚ ਚਿੱਟੀ ਰਬੜ ਦੀ ਬਰਸਾਤੀ ਜੁੱਤੀ। ਸਾਹਿਬ ਦਿਆਲ ਨੂੰ ਨਾਲ ਲੈ ਕੇ ਮੈਂ ਬਾਜ਼ਾਰ ਗਿਆ। ਪੰਜਾਹ ਰੁਪਏ ਦਾ ਗਰਮ ਸੂਟ ਖਰੀਦ ਕੇ ਪੰਜਾਬ ਰਹਿੰਦੀ ਬੇਬੇ ਨੂੰ ਬਿਲਟੀ ਕਰਵਾ ਦਿੱਤੀ। ਬਾਕੀ ਬਚਦੇ ਸੱਤਰ ਰੁਪਿਆਂ ਅਤੇ ਕੁਝ ਕੋਲੋਂ ਪਾ ਕੇ ਵਧੀਆ ਪੈਂਟ, ਕਮੀਜ਼, ਪਗੜੀ ਅਤੇ ਬੂਟ ਖਰੀਦ ਲਏ।
ਘਰ ਜਾ ਕੇ ਵੀਰ ਜੀ ਨੂੰ ਨੌਕਰੀ ਲੱਗਣ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਏ। ਕਹਿਣ ਲੱਗੇ, “ਵੱਡਿਆਂ ਦਾ ਮਾਣ ਹੀ ਹੁੰਦਾ ਏ। ਤਨਖਾਹ ਆਪਣੀ ਭਾਬੀ ਦੇ ਹੱਥ ਧਰਿਆ ਕਰੀਂ। ਮਗਰੋਂ ਚਾਹੇ ਦਸ ਦਸ, ਵੀਹ ਵੀਹ ਕਰ ਕੇ ਲੈ ਲਿਆ ਕਰੀਂ, ਸਮਝਿਆ?”
ਪਰ ਮੈਂ ਨਾ ਸਮਝਿਆ। ਤਨਖਾਹ ਆਉਣੀ ਸ਼ੁਰੂ ਹੋ ਗਈ। ਮੈਂ ਘੇਸਲ ਮਾਰ ਗਿਆ। ਭਾਬੀ ਜੋ ਐਨੇ ਵਰ੍ਹੇ ਢਿੱਡ ਬੰਨ੍ਹ ਕੇ ਮੇਰੀਆਂ ਫੀਸਾਂ, ਕਿਤਾਬਾਂ, ਕੱਪੜਿਆਂ ‘ਤੇ ਖਰਚ ਕਰਦੀ ਆਈ ਸੀ, ਚੁੱਪ ਕਰ ਗਈ। ਕੁਝ ਬਾਜ਼ਾਰੋਂ ਮੰਗਵਾਉਣਾ ਹੁੰਦਾ, ਉਹ ਪਹਿਲਾਂ ਮੇਰੇ ਵੱਲ ਪੈਸੇ ਵਧਾਉਂਦੀ। ਮੈਂ ਚੁੱਪ-ਚਾਪ ਫੜ ਲੈਂਦਾ। ਮੈਂ ਘਰ ਵੀ ਕੋਈ ਸੌਦਾ ਨਾ ਲੈ ਕੇ ਆਉਂਦਾ ਪਰ ਦੋਸਤਾਂ-ਮਿੱਤਰਾਂ ‘ਤੇ ਖੂਬ ਖਰਚ ਕਰਨਾ ਸ਼ੁਰੂ ਕਰ ਦਿੱਤਾ। ਪਿਕਚਰਾਂ ਦੇਖਣ ਦਾ ਵੀ ਭੁਸ ਪੈ ਗਿਆ। ਕੁੜੀਆਂ ਨੂੰ ਗਿਫਟ ਦੇਣੇ ਸ਼ੁਰੂ ਕਰ ਦਿੱਤੇ। ਮੈਨੂੰ ਲੱਭੇ ਕੌਰੂ ਦੇ ਖ਼ਜ਼ਾਨੇ ਨੇ ਮੈਨੂੰ ਜਿਵੇਂ ਅੰਨ੍ਹਾ ਹੀ ਕਰ ਦਿੱਤਾ। ਮੇਰੀ ਗਰਦਨ ਵਿਚ ਘੁਮੰਡ ਦਾ ਕੀਲਾ ਵੀ ਠੁਕ ਗਿਆ। ਮੈਂ ਜੋ ਜੀਅ ਆਉਂਦਾ, ਪਹਿਨਦਾ। ਜੋ ਜੀਅ ਕਰਦਾ, ਖਾਂਦਾ। ਵੱਡਿਆਂ ਦਾ ਡਰ ਮੰਨਣ ਦਾ ਅਹਿਸਾਸ ਜਿਹਾ ਹੀ ਖ਼ਤਮ ਹੋ ਗਿਆ। ਕਈ ਵਾਰੀ ਬਿਨਾਂ ਘਰ ਦੱਸੇ ਬਾਹਰ ਰਹਿ ਜਾਂਦਾ। ਮੈਨੂੰ ਕੋਈ ਪੁੱਛਦਾ ਵੀ ਨਾ ਕਿ ਰਾਤ ਕਿੱਥੇ ਸੀ। ਇਕ ਦਿਨ ਭਰਜਾਈ ਨਾਲ ਲੜਾਈ ਕਰ ਕੇ ਕਿਸੇ ਦੋਸਤ ਕੋਲ ਚਲਾ ਗਿਆ। ਤੀਜੇ ਦਿਨ ਵੀਰ ਜੀ ਨੇ ਭਾਬੀ ਨੂੰ ਕਿਹਾ, “ਜੇ ਅੱਜ ਸ਼ਾਮ ਤੱਕ ਗੁਰਦਿਆਲ ਘਰ ਨਾ ਆਇਆ, ਤਾਂ ਤੂੰ ਵੀ ਆਪਣਾ ਬਿਸਤਰਾ ਬੰਨ੍ਹ ਲੈ ਤੇ ਰਾਤ ਦੀ ਗੱਡੀ ਦਫ਼ਾ ਹੋ ਜਾ।”
ਭਰਜਾਈ ਮੇਰੇ ਕੋਲ ਕਾਲਜ ਆਈ ਤੇ ਮੇਰੇ ਭਤੀਜੇ ਪੱਪੂ ਨੂੰ ਮੇਰੇ ਕੋਲ ਬਿਠਾ ਕੇ ਵਾਪਸ ਦੌੜ ਗਈ। ਹੋਰ ਉਸ ਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ। ਪੱਪੂ ਨੇ ਚੀਕ ਚਿਹਾੜਾ ਪਾ ਦਿੱਤਾ। ਮੈਨੂੰ ਘਰ ਜਾਣਾ ਪਿਆ। ਭਾਬੀ ਅੱਖਾਂ ਭਰ ਕੇ ਬੋਲੀ, “ਭੈੜਿਆ, ਤੂੰ ਤਾਂ ਕਹਿੰਦਾ ਸੀæææ ਭਾਬੀ ਤੂੰ ਮੇਰੀ ਮਾਂ ਏਂ। ਐਨੀ ਛੇਤੀ ਮਾਂ ਮਾਰ’ਤੀ?” ਮੈਂ ਵੀ ਰੋਣ ਲੱਗ ਪਿਆ। ਚਾਰ ਕੁ ਵਜੇ ਜਦੋਂ ਵੀਰ ਜੀ ਘਰ ਵੜੇ ਤਾਂ ਭਾਬੀ ਮੈਨੂੰ ਚਮਚੇ ਨਾਲ ਖਿਚੜੀ ਖੁਆ ਰਹੀ ਸੀ। ਭਾਬੀ ਨੇ ਉਠ ਕੇ ਵੀਰ ਜੀ ਦੇ ਬੂਟ ਖੋਲ੍ਹੇ। ਉਹ ਚੁੱਪ-ਚਾਪ ਬੈਠੇ ਮੇਰੇ ਵੱਲ ਦੇਖਦੇ ਰਹੇ। ਫਿਰ ਬੋਲੇ, “ਕਾਕਾ, ਹੁਣ ਤੂੰ ਸਿਆਣਾ ਹੋ ਗਿਆ ਏਂ। ਇਸ ਲਈ ਵੱਡਿਆਂ ਦੀ ਗੱਲ ਤੈਨੂੰ ਸਮਝ ਨਹੀਂ ਆ ਸਕਦੀ। ਸਿਆਣੀ ਗੱਲ ਜਦੋਂ ਸਮਝ ਆਉਂਦੀ ਏ, ਬਹੁਤ ਦੇਰ ਹੋ ਚੁੱਕੀ ਹੁੰਦੀ ਏ।”
ਸਚਮੁੱਚ ਬੜੀ ਦੇਰ ਹੋ ਗਈ ਹੈ। ਪਹਿਲਾਂ ਭਰਜਾਈ ਬੱਸ ਹੇਠ ਆ ਕੇ ਫੱਟੜ ਹੋਈ। ਫਿਰ ਸਟੋਵ ਫਟ ਕੇ ਸੱਤਰ ਪਰਸੈਂਟ ਜਲ ਗਈ। ਮੈਂ ਵੀਰ ਜੀ ਨੂੰ ਕੁਝ ਪੈਸੇ ਦੇਣੇ ਚਾਹੇ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਫਿਰ ਭਾਬੀ ਚੱਲ ਵਸੀ। ਕਾਸ਼! ਆਪਣੀ ਪਹਿਲੀ ਨੌਕਰੀ ਦੀ ਕਮਾਈ ਭਾਬੀ ਦੇ ਹੱਥ ‘ਤੇ ਧਰੀ ਹੁੰਦੀ ਤਾਂ ਅੱਜ ਮਨ ‘ਤੇ ਐਨਾ ਭਾਰ ਤਾਂ ਨਾ ਹੁੰਦਾ।
—
ਪੁਰਾਣੀ ਗੱਲ ਯਾਦ ਆ ਗਈ ਹੈ। ਮੈਂ ਤੇ ਮੇਰੀ ਕਾਲਜ ਫੈਲੋ ਚੰਨੀ ਗੱਲਾਂ ਵਿਚ ਮਸਤ, ਕਾਲਜ ਤੋਂ ਬਲਕੇਸ਼ਵਰ ਕਾਲੋਨੀ ਵੱਲ ਕਲੋਲਾਂ ਕਰਦੇ ਤੁਰੇ ਆ ਰਹੇ ਸਾਂ। ਅਸੀਂ ਆਪਣੇ ਸਾਇਕਲ ਉਵੇਂ ਰੇੜ੍ਹੇ ਹੋਏ ਸਨ। ਪਿਛੋਂ ਵੀਰ ਜੀ ਆ ਗਏ। ਸਾਨੂੰ ਦੇਖ ਉਹ ਪਿੱਛੇ ਹੀ ਰੁਕ ਗਏ ਤੇ ਸਾਡੇ ਮਗਰ ਮਗਰ ਪੈਦਲ ਹੋ ਲਏ। ਕਾਫੀ ਦੇਰ ਤੁਰਨ ਮਗਰੋਂ ਅਸੀਂ ਰਾਹ ਵਿਚ ਪੈਂਦੇ ਹਨੂੰਮਾਨ ਮੰਦਰ ਵਿਚ ਝੂਠੀਆਂ ਸੌਂਹਾਂ ਖਾਣ ਲਈ ਜਾ ਵੜੇ ਤਾਂ ਵੀਰ ਜੀ ਅੱਗੇ ਲੰਘੇ। ਮੈਂ ਘਰ ਪੁੱਜਾ ਤਾਂ ਵੀਰ ਜੀ ਤਾਂ ਕੁਝ ਨਾ ਬੋਲੇ, ਭਾਬੀ ਨੇ ਮੇਰਾ ਕੰਨ ਫੜ ਲਿਆ ਤੇ ਬੋਲੀ, “ਕੁੜੀ ਕਿਹੜੀ ਸੀ ਉਇ ਤੇਰੇ ਨਾਲ?”
“ਮੇਰੇ ਨਾਲ? ਕਿਹੜੀ ਕੁੜੀ? ਕਦੋਂ? ਕੀ ਕਹਿੰਦੇ ਹੋ ਤੁਸੀਂ?” ਮੈਂ ਅਣਜਾਣ ਬਣਦਿਆਂ ਕਿਹਾ।
“ਤੇਰੇ ਵੀਰ ਜੀ ਘੰਟਾ ਲੇਟ ਪੁੱਜੇ ਨੇ ਅੱਜ। ਹੁਣ ਕਿਥੇ ਖੇਹ ਖਾ ਕੇ ਆਇਆ ਏਂ ਕੁੱਤਿਆ? ਉਹ ਤੁਹਾਡੇ ਮਗਰ ਮਗਰ ਤੁਰੇ ਆਏ ਨੇ ਚਾਰ ਮੀਲ। ਨਾਂ ਦੱਸ ਉਸ ਕੁੜੀ ਦਾ ਕੀ ਏ? ਤੇ ਕਿੱਥੇ ਰਹਿੰਦੀ ਏ?” ਉਹ ਬੋਲੀ।
“ਮੈਂ ਤਾਂ ਬੁਲਾਉਂਦਾ ਨਹੀਂ ਸੀ, ਉਸੇ ਨੇ ਮੈਨੂੰ ਬੁਲਾਇਆ। ਕਹਿੰਦੀ, ਮੇਰਾ ਸਾਇਕਲ ਪੈਂਚਰ ਹੋ ਗਿਆ, ਤੁਰ ਕੇ ਚੱਲ।” ਮੈਂ ਡਰ ਗਿਆ ਕਿ ਹੁਣੇ ਵੀਰ ਜੀ ਹਾਕੀ ਚੁੱਕ ਕੇ ਆਉਣਗੇ।
“ਬਹੁਤੀਆਂ ਗੱਲਾਂ ਨਾ ਬਣਾ ਤੂੰ, ਕੁੜੀ ਦੱਸ ਕਿਹੜੀ ਏ ਉਹ?” ਭਾਬੀ ਫਿਰ ਕੜਕੀ। ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ।
ਅਗਲੇ ਦਿਨ ਤੜਕੇ ਹੀ ਪ੍ਰਭਾਤ ਫੇਰੀ ‘ਚ ਉਸ ਨੇ ਚੰਨੀ ਨੂੰ ਘੇਰ ਲਿਆ। ਉਸ ਦੇ ਥੱਪੜ ਮਾਰਨ ਤੱਕ ਗਈ। ਕਾਲਜ ਪਹੁੰਚਿਆ ਤਾਂ ਚੰਨੀ ਫੁੱਟ ਫੁੱਟ ਕੇ ਰੋ ਪਈ, “ਅੱਗ ਲੱਗੇ ਤੇਰੇ ਐਹੋ ਜਿਹੇ ਟੱਬਰ ਨੂੰ ਤੇ ਤੈਨੂੰ ਵੀ। ਮੈਨੂੰ ਨਾ ਮੁੜ ਕੇ ਬੁਲਾਈਂ। ਦਫ਼ਾ ਹੋ ਜਾ।”
“ਫੇਰ ਵਿਆਹ?” ਮੈਂ ਪੁੱਛਿਆ।
“ਵਿਆਹ ਕਰਵਾਉਂਦੀ ਏ ਮੇਰੀ ਜੁੱਤੀ, ਦੌੜ ਜਾ ਇੱਥੋਂ।”
(ਚਲਦਾ)
Leave a Reply