ਗੁਲਜ਼ਾਰ ਸਿੰਘ ਸੰਧੂ
ਜਿਸ ਪੰਜਾਬ ਵਿਚ ਇੰਦਰ ਕੁਮਾਰ ਗੁਜਰਾਲ ਦਾ ਜਨਮ ਹੋਇਆ ਉਸ ਵਿਚ ਹਰਿਆਣਾ ਤੇ ਹਿਮਾਚਲ ਹੀ ਨਹੀਂ ਅਜੋਕਾ ਪਾਕਿਸਤਾਨੀ ਪੰਜਾਬ ਵੀ ਸ਼ਾਮਲ ਸੀ। ਉਸ ਦਾ ਵੱਸ ਚਲਦਾ ਤਾਂ ਉਸ ਨੇ ਅੱਜ ਵਾਲਾ ਨਿੱਕਾ ਜਿਹਾ ਪੰਜਾਬੀ ਸੂਬਾ ਨਹੀਂ ਸੀ ਬਣਨ ਦੇਣਾ ਜਿਸ ਵਾਸਤੇ ਅਕਾਲੀ ਦਲ ਨੇ ਲਗਾਤਾਰ ਸੰਘਰਸ਼ ਕੀਤਾ ਹੈ। ਫੇਰ ਵੀ ਉਸ ਦੀ ਵਡਿਤਣ ਸੀ ਕਿ 1997 ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਬਣਦੇ ਸਾਰ ਇਸ ਪੰਜਾਬ ਉਤੇ 85 ਸੌ ਕਰੋੜ ਰੁਪਏ ਦਾ ਰਿਣ ਹੀ ਮੁਆਫ ਨਹੀਂ ਕੀਤਾ ਸਗੋਂ ਜਲੰਧਰ ਸ਼ਹਿਰ ਵਿਚ ਗੁਜ਼ਾਰੇ ਆਪਣੀ ਜਵਾਨੀ ਦੇ ਦਿਨਾਂ ਦੀ ਯਾਦ ਵਿਚ ਇਸ ਨੂੰ ਸਾਇੰਸ ਸਿਟੀ ਵੀ ਪ੍ਰਦਾਨ ਕੀਤਾ। ਪ੍ਰਧਾਨ ਮੰਤਰੀ ਦੀ ਕੁਰਸੀ ਉਤੇ ਬੈਠਣ ਵਾਲਾ ਉਹ ਪ੍ਰਥਮ ਪੰਜਾਬੀ ਹੀ ਨਹੀਂ ਉਧਰਲੇ ਜਿਹਲਮ ਜ਼ਿਲ੍ਹੇ ਦਾ ਜੰਮਪਲ ਹੋਣ ਕਾਰਨ ਇੱਕ ਸ਼ਰਨਾਰਥੀ ਪੰਜਾਬੀ ਵੀ ਸੀ। ਇਹ ਵੀ ਸਬੱਬ ਹੀ ਸੀ ਕਿ ਪਾਕਿਸਤਾਨ ਵਿਚ ਵੀ ਉਸ ਵੇਲੇ ਇਧਰਲੇ ਪੰਜਾਬ ਤੋਂ ਉਜੜ ਕੇ ਗਿਆ ਸ਼ਰਨਾਰਥੀ ਨਵਾਜ ਸ਼ਰੀਫ ਪ੍ਰਧਾਨ ਮੰਤਰੀ ਸੀ। ਉਹ ਦੋਨੋਂ ਗੰਭੀਰ ਤੋਂ ਗੰਭੀਰ ਸਮੱਸਿਆ ਵਿਚਾਰਨ ਸਮੇਂ ਇੱਕ ਦੂਜੇ ਨਾਲ ਪੰਜਾਬੀ ਵਿਚ ਗੱਲ ਕਰਦੇ ਸਨ। ਨਵਾਜ਼ ਸ਼ਰੀਫ ਦੇ ਹਾਂ-ਪੱਖੀ ਹੁੰਗਾਰੇ ਦਾ ਸਦਕਾ ਹੀ ਇੰਦਰ ਕੁਮਾਰ ਗੁਜਰਾਲ ਆਪਣੇ ਹੋਰ ਗਵਾਂਢੀ ਦੇਸ਼ਾਂ, ਬੰਗਲਾ ਦੇਸ਼ ਤੇ ਨਿਪਾਲ ਨਾਲ ਸੁਖਾਵੇਂ ਸਬੰਧ ਕਾਇਮ ਕਰ ਸਕਿਆ ਭਾਵੇਂ ਬੰਗਲਾ ਦੇਸ਼ ਨਾਲ ਗੰਗਾ ਦੇ ਪਾਣੀਆਂ ਦੀ ਵੰਡ ਵਾਲਾ ਤੀਹ ਸਾਲਾ ਅਹਿਦਨਾਮਾ ਕਰਨ ਵਿਚ ਸਮੇਂ ਦੇ ਮੁੱਖ ਮੰਤਰੀ ਜਿਉਤੀ ਬਾਸੂ ਨੂੰ ਮਨਾਉਣ ਸਮੇਂ ਉਸ ਦਾ ਜਵਾਨੀ ਉਮਰੇ ਖੱਬੀ ਸੋਚ ਨੂੰ ਪਰਨਾਏ ਹੋਣਾ ਵੀ ਕੰਮ ਆਇਆ। ਉਸ ਨੇ ਸ੍ਰੀਲੰਕਾ ਤੋਂ ਭਾਰਤੀ ਸ਼ਾਂਤੀ ਸੈਨਾ ਵਾਪਸ ਬੁਲਾ ਕੇ ਉਸ ਨਾਲ ਵੀ ਚੰਗੇ ਸਬੰਧ ਬਣਾਉਣ ਦਾ ਯਤਨ ਕੀਤਾ ਪਰ ਉਸ ਦੀ ਇਸ ਪਹਿਲਕਦਮੀ ਨੂੰ ਭਾਰਤੀ ਤਾਮਿਲਾਂ ਨੇ ਪਸੰਦ ਨਹੀਂ ਸੀ ਕੀਤਾ। ਇਹ ਮਾਮਲਾ ਕਿੰਨਾ ਗੁੰਝਲਦਾਰ ਸੀ ਇਸ ਦਾ ਅੰਦਾਜ਼ਾ ਸਿਨਹਾਲੀ ਸ੍ਰੀਲੰਕਨਾਂ ਦੀ ਉਥੋਂ ਦੇ ਤਾਮਿਲਾਂ ਨਾਲ ਹੁਣ ਤੱਕ ਚਲੀ ਆ ਰਹੀ ਖਟ ਪਟੀ ਤੋਂ ਲਗਾਇਆ ਜਾ ਸਕਦਾ ਹੈ।
ਜਿੱਥੋਂ ਤੱਕ ਰਿਣ ਮੁਆਫੀ ਦਾ ਸਬੰਧ ਹੈ ਕੇਂਦਰ ਦੀ ਸਰਕਾਰ ਦੇ ਸਾਹਮਣੇ ਵੱਡੀ ਉਲਝਣ ਇਹ ਸੀ ਕਿ ਇਹੋ ਜਿਹਾ ਰਿਣ ਪੰਜਾਬ ਵਾਂਗ ਆਸਾਮ, ਤ੍ਰਿਪੁਰਾ ਤੇ ਜੰਮੂ-ਕਸ਼ਮੀਰ ਦੇ ਸਿਰ ਵੀ ਸੀ ਜਿਹੜਾ ਉਨ੍ਹਾਂ ਰਾਜਾਂ ਨੂੰ ਅਤਿਵਾਦੀ ਤੇ ਵੱਖਵਾਦੀ ਅਨਸਰਾਂ ਉਤੇ ਕਾਬੂ ਪਾਉਣ ਲਈ ਦਿੱਤਾ ਗਿਆ ਸੀ। ਪਰ ਗੁਜਰਾਲ ਸਾਹਬ ਦੀ ਦਲੀਲ ਬਹੁਤ ਡੂੰਘੀ ਸੀ। ਇਹ ਕਿ ਉਨ੍ਹਾਂ ਰਾਜਾਂ ਨੇ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿਚ ਓਨਾ ਬਲੀਦਾਨ ਨਹੀਂ ਸੀ ਦਿੱਤਾ ਜਿੰਨਾ ਪੰਜਾਬੀਆਂ ਨੇ। ਨਾ ਹੀ ਉਨ੍ਹਾਂ ਰਾਜਾਂ ਨੇ ਪੰਜਾਬ ਵਾਂਗ ਸੰਤਾਲੀ ਦੀ ਦੇਸ਼ ਵੰਡ ਸਮੇਂ ਜਾਨੀ ਤੇ ਮਾਲੀ ਨੁਕਸਾਨ ਬਰਦਾਸ਼ਤ ਕੀਤਾ ਸੀ। ਉਹ ਧੁਰ ਅੰਦਰ ਤੱਕ ਪੰਜਾਬੀ ਜਿਊੜਾ ਸੀ। ਇੰਦਰ ਕੁਮਾਰ ਗੁਜਰਾਲ ਦੀ ਪਹਿਲੀ ਬਰਸੀ ਸਮੇਂ ਪੰਜਾਬ ਸਰਕਾਰ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਨਾਂ ਬਦਲ ਕੇ ਇੰਦਰ ਕੁਮਾਰ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਰਖ ਕੇ ਪੰਜਾਬ ਪ੍ਰਤੀ ਉਸ ਹਸਤੀ ਦੀ ਸੁਹਿਰਦਤਾ ਦਾ ਮੁੱਲ ਪਾਇਆ ਹੈ।
ਇੰਦਰ ਕੁਮਾਰ ਗੁਜਰਾਲ ਮੇਰੇ ਪੱਤਰਕਾਰ ਮਿੱਤਰ ਸਤਿੰਦਰਾ ਸਿੰਘ ਦਾ ਨਿਕਟ ਵਰਤੀ ਸੀ। ਮੁਢਲੀਆਂ ਵਿਚ ਉਹ ਦੋਵੇਂ ਨਵੀਂ ਦਿੱਲੀ ਦੇ ਇੰਡੀਆ ਕਾਫੀ ਹਾਊਸ ਵਿਚ ਇਕ ਦੂਜੇ ਨੂੰ ਇੰਦਰ ਤੇ ਸੱਤੀ ਕਹਿ ਕੇ ਬੁਲਾਉਂਦੇ ਮੈਂ ਖੁਦ ਵੇਖੇ ਤੇ ਸੁਣੇ ਹਨ। ਮੈਂ ਬੇਹੱਦ ਮਿਲਾਪੜੇ ਸੁਭਾਅ ਦੀ ਇਸ ਹਸਤੀ ਤੋਂ ਭਾਪਾ ਪ੍ਰੀਤਮ ਸਿੰਘ ਦੇ ਮਹਿਰੌਲੀ ਵਾਲੇ ਨਵਯੁਗ ਫਾਰਮ ਵਿਚ ਇਆਪਾ ਸਨਮਾਨ ਵੀ ਪ੍ਰਾਪਤ ਕੀਤਾ। ਉਹ ਭਾਰਤ ਦਾ ਇੱਕੋ ਇੱਕ ਪ੍ਰਧਾਨ ਮੰਤਰੀ ਸੀ ਜਿਸ ਨੂੰ ਮੈਂ ਨਿਜੀ ਤੌਰ ‘ਤੇ ਜਾਣਦਾ ਸਾਂ। ਉਹਦੇ ਨਾਲ ਮੇਰੀ ਆਖਰੀ ਮਿਲਣੀ ਅਜੀਤ ਸਮਾਚਾਰ ਗਰੁਪ ਦੇ ਕਿਸੇ ਸਮਾਗਮ ਉਤੇ ਜਲੰਧਰ ਵਿਚ ਹੋਈ ਸੀ। ਉਸ ਮਿਲਾਪੜੀ ਤੇ ਭੇਜਸਵੀ ਸ਼ਖਸੀਅਤ ਨੂੰ ਜਿੰਨੀ ਵਾਰੀ ਤੇ ਜਿਸ ਪ੍ਰਸੰਗ ਵਿਚ ਵੀ ਯਾਦ ਕੀਤਾ ਜਾਵੇ, ਮੈਨੂੰ ਬਹੁਤ ਚੰਗਾ ਲਗਦਾ ਹੈ।
ਕਬੱਡੀ ਬਨਾਮ ਸਰਵਣ ਸਿੰਘ ਦਾ ‘ਖੇਡ ਸੰਸਾਰ’: ਪੰਜਾਬ ਦੇ ਜੰਗਲ ਵਜੋਂ ਜਾਣੀ ਜਾਂਦੀ ਬਠਿੰਡਾ ਦੀ ਭੂਮੀ ਤੋਂ ਤੁਰੀ ਚੌਥੇ ਵਿਸ਼ਵ ਕਬੱਡੀ ਕੱਪ ਕਾਰਨ ਇਹ ਖੇਡ ਉਚੇਚੀ ਖਿੱਚ ਦਾ ਕਾਰਨ ਬਣੀ ਹੋਈ ਹੈ। ਪੰਜਾਬ ਦੇ ਦੱਸ ਵੱਖ ਵੱਖ ਸ਼ਹਿਰਾਂ ਦੇ ਅਖਾੜਿਆਂ ਵਿਚ ਲਿਜਾਣ ਵਾਲੀਆਂ ਡੀਲਕਸ ਬੱਸਾਂ ਹੀ ਮਾਣ ਨਹੀਂ। ਉਨ੍ਹਾਂ ਦੇ ਖੱਬੇ, ਸੱਜੇ ਤੇ ਪਿੱਛੇ ਕੱਬਡੀ ਦੀਆਂ ਉਤਮ ਤੇ ਦਿਲ ਖਿੱਚ ਤਸਵੀਰਾਂ ਦੇਖਣ ਨੂੰ ਪਿੰਡਾਂ ਦੇ ਵਸਨੀਕ ਲਾਈਨਾਂ ਲਾ ਕੇ ਖੜੇ ਹਨ। ਖੇਡਣ ਵਾਲੇ ਦੇਸ਼ਾਂ ਵਿਚ ਭਾਰਤ ਤੇ ਪਾਕਿਸਤਾਨ ਤੋਂ ਬਿਨਾਂ ਅਰਜਨਟਾਈਨਾ, ਸਿਆਰਾ ਲੀਓਨ, ਈਰਾਨ, ਅਮਰੀਕਾ, ਇੰਗਲੈਂਡ, ਕੈਨੇਡਾ, ਡੈਨਮਾਰਕ, ਕੀਨੀਆ, ਸਪੇਨ ਤੇ ਸਕਾਟਲੈਂਡ ਸਮੇਤ ਵੀਹ ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਦਰਜਨ ਟੀਮਾਂ ਮਰਦਾਂ ਦੀਆਂ ਹਨ ਤੇ ਅੱਠ ਮਹਿਲਾਵਾਂ ਦੀਆਂ। ਚੇਤੇ ਰਹੇ, ਪਾਕਿਸਤਾਨ ਤੇ ਮੈਕਸੀਕੋ ਦੀਆਂ ਮਹਿਲਾ ਟੀਮਾਂ ਪਹਿਲੀ ਵਾਰ ਵਿਸ਼ਵ ਪੱਧਰ ਦੀ ਕਬੱਡੀ ਵਿਚ ਭਾਗ ਲੈ ਰਹੀਆਂ ਹਨ। ਭਾਰਤ ਦੇ ਗਭਰੂਆਂ ਤੇ ਮੁਟਿਆਰਾਂ ਲਈ ਪਾਕਿਸਤਾਨੀ ਯੁਵਤੀਆਂ ਵੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਮੀਡੀਆ ਵਾਲੇ ਵੀ ਪਰਦੇ ਵਿਚ ਪਲੀਆਂ ਇਨ੍ਹਾਂ ਯੁਵਤੀਆਂ ਦਾ ਪ੍ਰਤੀਕਰਮ ਜਾਨਣ ਲਈ ਉਤਾਵਲੇ ਹਨ। ਸੋਲ੍ਹਾਂ ਮੈਂਬਰੀ ਟੀਮ ਦੀ ਕਪਤਾਨ ਮਦੀਹਾ ਲੱਤੀਫ ਤੇ ਕਬੱਡੀ ਦੀ ਉਸਤਾਨੀ ਆਇਸ਼ਾ ਕਾਜ਼ੀ ਪਾਕਿਸਤਾਨ ਵਿਚ ਮਹਿਲਾਵਾਂ ਨੂੰ ਮਿਲੀਆਂ ਨਵੀਆਂ ਖੁੱਲ੍ਹਾਂ ਤੇ ਬਰਾਬਰੀ ਦੇ ਵੇਰਵੇ ਬੜੇ ਚਾਅ ਨਾਲ ਦੇ ਰਹੀਆਂ ਹਨ। ਮੀਤ ਕਪਤਾਨ ਸੁਮੇਰਾ ਜ਼ਹੂਰ ਤੇ ਨੌਜਵਾਨ ਖਿਡਾਰਨ ਫਰੀਦਾ ਖਾਨੁਮ ਦੱਸ ਰਹੀਆਂ ਹਨ ਕਿ ਉਨ੍ਹਾਂ ਵਿਚੋਂ ਕੋਈ ਛਾਲਾਂ ਮਾਰਨ ਦੀ ਮਾਹਰ ਹੈ, ਕੋਈ ਦੌੜਨ ਦੀ ਤੇ ਕੋਈ ਭਾਰ ਚੁੱਕਣ ਦੀ। ਇਕੜ-ਦੁੱਕੜ ਖੇਡਾਂ ਖੇਡਣ ਵਾਲੀਆਂ ਇਹ ਬੀਬੀਆਂ ਪਹਿਲੀ ਵਾਰ ਕਬੱਡੀ ਟੀਮ ਵਿਚ ਭਾਰਤ ਆ ਕੇ ਅਤਿਅੰਤ ਖੁਸ਼ ਹਨ।
ਇਸ ਵਿਸ਼ਵ ਕੱਪ ਦੀ ਭਾਰਤ ਆਮਦ ਨੇ ਮੈਨੂੰ ਪੰਜ ਸਾਲ ਪਹਿਲਾਂ ਕੈਨੇਡਾ ਦੀ ਧਰਤੀ ਤੋਂ ਕੱਢੇ ‘ਖੇਡ ਸੰਸਾਰ’ ਰਸਾਲੇ ਦਾ ਕਬੱਡੀ ਅੰਕ ਚੇਤੇ ਕਰਵਾ ਦਿੱਤਾ ਹੈ ਜਿਸ ਦਾ ਸੰਪਾਦਕ ਮੇਰਾ ਮਿੱਤਰ ਪ੍ਰਿੰਸੀਪਲ ਸਰਵਣ ਸਿੰਘ ਸੀ। ਖੇਡਾਂ ਦੀ ਗੱਲ ਕਰਦਾ ਉਹ ਪੜ੍ਹਨ ਵਾਲੇ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਉਹ ਅੱਜ ਕੱਲ ਮੁਕੰਦਪੁਰ (ਦੁਆਬਾ) ਆਇਆ ਹੋਇਆ ਹੈ। ਖੇਡ ਨੂੰ ਸਮਝਣ ਦਾ ਮਜ਼ਾ ਆ ਜਾਂਦਾ ਹੈ। ਹੋ ਸਕਦਾ ਹੈ ਉਹਦੇ ਕੋਲ ਉਸ ਅੰਕ ਦੀਆਂ ਕੁਝ ਕਾਪੀਆਂ ਹੋਣ। ਜੇ ਮਿਲ ਕੇ ਗੱਲਾਂ ਤੋਰ ਲਵੋ ਤਾਂ ਉਹਦੇ ਕੋਲ ਇਸ ਖੇਡ ਦੇ ਬੜੇ ਭੇਤ ਹਨ। ਖਾਸ ਕਰਕੇ ਪਾਕਿਸਤਾਨੀ ਪਹਿਲਕਦਮੀ ਦੇ! ਉਹ ਦੱਸੇਗਾ ਕਿ ਭਾਰਤ ਤੇ ਪਾਕਿਸਤਾਨ ਵਿਚ ਜਨਮੀ ਇਸ ਖੇਡ ਨੇ ਕਿਵੇਂ ਜਗਤ ਪ੍ਰਸਿੱਧੀ ਪ੍ਰਾਪਤ ਕੀਤੀ ਤੇ ਭਾਰਤ ਦੀ ਵਧੀਆ ਮਹਿਮਾਨ ਨਿਵਾਜ਼ੀ ਤੋਂ ਖਿਡਾਰੀ ਕਿੰਨੇ ਖੁਸ਼ ਹਨ। ਬਹੁਤਾ ਇਸ ਲਈ ਕਿ ਇਥੋਂ ਮਿਲਣ ਵਾਲੇ ਇਨਾਮ ਸਨਮਾਨ ਉਨ੍ਹਾਂ ਨੇ ਇਸ ਤੋਂ ਪਹਿਲਾਂ ਦੇਖੇ ਸੁਣੇ ਹੀ ਨਹੀਂ। ਅਸੀਂ ਪਾਕਿਸਤਾਨੀ ਖਿਡਾਰਨਾਂ ਦੇ ਪੰਜਾਬ ਆਉਣ ਉਤੇ ਉਨ੍ਹਾਂ ਨੂੰ ਉਚੇਚੀ ਜੀ ਆਇਆਂ ਨੂੰ ਕਹਿੰਦੇ ਹਾਂ। ਖਾਸ ਕਰਕੇ ਇਸ ਲਈ ਕਿ ਇਕੜ-ਦੁਕੜ ਖੇਡਾਂ ਦੀਆਂ ਮਾਹਿਰ ਉਨ੍ਹਾਂ ਖਿਡਾਰਨਾਂ ਨੇ ਡੈਨਮਾਰਕ ਦੀ ਮਹਿਲਾ ਟੀਮ ਦਾ ਡੱਟ ਕੇ ਮੁਕਾਬਲਾ ਕੀਤਾ ਹੈ।
ਮੈਂ ਪਾਕਿਸਤਾਨ ਤੇ ਭਾਰਤ ਦੇ ਆਮ ਲੋਕਾਂ ਦੀ ਇੱਕ ਦੂਜੇ ਦੇਸ਼ ਦੀ ਮਿੱਟੀ, ਰਸਮ ਰਿਵਾਜ, ਸਭਿਆਚਾਰ ਤੇ ਦਿੱਖ ਜਾਨਣ ਤੋਂ ਭਲੀ ਭਾਂਤ ਜਾਣੂ ਹਾਂ। ਸੰਨ ਸੰਤਾਲੀ ਦੀ ਵੱਢ-ਟੁੱਕ ਉਨ੍ਹਾਂ ਨੂੰ ਕਦੋਂ ਦੀ ਭੁੱਲ ਚੁੱਕੀ ਹੈ। ਵਿਦੇਸ਼ਾਂ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਯੂਰਪ ਦੇ ਪਾਕਿਸਤਾਨੀ ਵਸਨੀਕ ਦਾੜ੍ਹੀ ਪਗੜੀ ਵਾਲੇ ਸਿੱਖ ਨੂੰ ਵੇਖਦੇ ਸਾਰ ਗੱਜ ਕੇ ਸਤਿ ਸ੍ਰੀ ਅਕਾਲ ਕਹਿੰਦੇ ਹਨ ਤਾਂ ਸਿੱਖ ਉਨ੍ਹਾਂ ਦਾ ਜੱਫੀ ਪਾ ਕੇ ਆਦਰ ਕਰਦੇ ਹਨ। ਮੈਨੂੰ ਮੇਰੀ ਪਤਨੀ ਦਾ ਇਹ ਦੱਸਣਾ ਕਦੀ ਨਹੀਂ ਭੁੱਲਣਾ ਕਿ 1954 ਵਿਚ ਲਾਹੌਰ ਵਿਖੇ ਮੈਚ ਦੇਖਣ ਗਈ ਉਸ ਨੂੰ ਤੇ ਉਸ ਦੀ ਸਹੇਲੀ ਨੂੰ ਉਨ੍ਹਾਂ ਦੇ ਕੜੇ ਤੱਕ ਕੇ ਉਥੋਂ ਦੇ ਗੱਭਰੂ ਤੇ ਮੁਟਿਆਰਾਂ ਗੱਲਾਂ ਕਰਨ ਲਈ ਘੇਰ ਲੈਂਦੇ ਸਨ, ਇਹ ਕਹਿ ਕੇ ਕਿ ਉਨ੍ਹਾਂ ਦਾ ਸਿੱਖ ਕੁੜੀਆਂ ਨਾਲ ਗੱਲ ਕਰਨ ਨੂੰ ਜੀਅ ਕਰਦਾ ਹੈ। ਵਰਤਮਾਨ ਕਬੱਡੀ ਦੀ ਖੇਡ ਇਹੋ ਜਿਹੇ ਕਿੰਨੇ ਮੌਕੇ ਪੈਦਾ ਕਰੇਗੀ, ਸਮਾਂ ਦੱਸੇਗਾ।
ਅੰਤਿਕਾ: (ਈਸ਼ਵਰ ਚਿੱਤਰਕਾਰ)
ਤੂੰ ਖੁਸ਼ ਰਹੇਂ ਹਮੇਸ਼ਾ ਇਹ ਆਖਦੇ ਹੋਏ ਉਹ
ਬਿਰਹੋਂ ਦੀ ਅੱਗ ਸਾਡੀ ਝੋਲੀ ‘ਚ ਪਾ ਗਏ ਨੇ।
ਰੰਗੀਨ ਹੈ ਉਨ੍ਹਾਂ ਤੋਂ ਇਤਿਹਾਸ ਜ਼ਿੰਦਗੀ ਦਾ
ਲੇਖੇ ਕਿਸੇ ਲਗਨ ਦੇ ਜੋ ਖੂਨ ਲਾ ਗਏ ਨੇ।
Leave a Reply