ਗ਼ਲਬੇ ਦੀ ਬੇਕਿਰਕ ਹਿੰਸਾ-ਦਿ ਸਮਰ ਔਫ ਫਲਾਇੰਗ ਫਿਸ਼

ਜਤਿੰਦਰ ਮੌਹਰ
ਫੋਨ: 91-97799-34747
ਤੀਜੀ ਦੁਨੀਆਂ ਦੇ ਮੁਲਕਾਂ ਵਿਚ ਜ਼ਮੀਨਾਂ ਹੜੱਪਣ ਦਾ ਧੰਦਾ ਜ਼ੋਰਾਂ ‘ਤੇ ਹੈ। ਇਸ ‘ਖੇਡ’ ਵਿਚ ਦੇਸ਼ੀ-ਵਿਦੇਸ਼ੀ ਲੁਟੇਰਿਆਂ ਦੀ ਬਰਾਬਰ ਹਿੱਸੇਦਾਰੀ ਹੈ। ਲੁਟੇਰਿਆਂ ਦੀ ਜਮਾਤ ਵਿਚ ਦਿਉਕੱਦ ਬਹੁਕੌਮੀ ਕੰਪਨੀਆਂ ਤੋਂ ਲੈ ਕੇ ਮੁਕਾਮੀ ਅਸਰ-ਰਸੂਖ਼ ਰੱਖਣ ਵਾਲੇ ਲੋਕ ਸ਼ਾਮਲ ਹਨ। ਮੁਕਾਮੀ ਸਰਕਾਰਾਂ ਦਲਾਲਾਂ ਦੀ ਭੂਮਿਕਾ ਨਿਭਾਅ ਰਹੀਆਂ ਹਨ। ਪੁਲਿਸ, ਪ੍ਰਸ਼ਾਸਨ ਅਤੇ ਅਦਾਲਤਾਂ ਉਪਰਲਿਆਂ ਦੀ ਸਰਦਾਰੀ ਲਈ ਫਿਕਰਮੰਦ ਹਨ। ਜ਼ਮੀਨਾਂ ‘ਤੇ ਬੋਲਿਆ ਹੱਲਾ ਕਰੋੜਾਂ ਲੋਕਾਂ ਨੂੰ ਨਿਤ-ਡੰਗ ਦੀ ਰੋਟੀ ਤੋਂ ਵਿਰਵਾ ਕਰ ਰਿਹਾ ਹੈ। ਭੋਂਇ-ਹਾਸਲ ਕਾਨੂੰਨਾਂ ਰਾਹੀਂ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦਾ ਜ਼ਮੀਨ ‘ਤੇ ਹੱਕ ਭਰਮ ਤੋਂ ਵਧੇਰੇ ਕੁਝ ਨਹੀਂ ਹੈ। ਸਰਕਾਰ ਜਦੋਂ ਮਰਜ਼ੀ ਜ਼ਮੀਨ ਖੋਹ ਕੇ ਅਸਰ-ਰਸੂਖ਼ ਵਾਲਿਆਂ ਨੂੰ ਦੇ ਸਕਦੀ ਹੈ। ਲੋਕਾਂ ਦੇ ਹੱਕੀ ਸੰਘਰਸ਼ ਨੂੰ ‘ਢੁੱਕਵੇਂ ਮੁਆਵਜ਼ੇ’ ਦੀ ਲੜਾਈ ਤੱਕ ਸੁੰਗੇੜ ਦਿੱਤਾ ਗਿਆ ਹੈ। ਸਭ ਤੋਂ ਵੱਡੀ ਲੁੱਟ ਅਫ਼ਰੀਕਾ ਅਤੇ ਏਸ਼ੀਆ ਮਹਾਦੀਪਾਂ ਵਿਚ ਮੱਚੀ ਹੋਈ ਹੈ। ਪਿਛਲੇ ਦਿਨੀਂ ਇਕ ਅਫ਼ਰੀਕੀ ਮੁਲਕ ਦੇ ਲੋਕਾਂ ਨੇ ਭਾਰਤੀ ਅਵਾਮ ਦੇ ਨਾਮ ਚਿੱਠੀ ਲਿਖੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਅਮੀਰ ਉਨ੍ਹਾਂ ਨੂੰ ਉਜਾੜ ਰਹੇ ਹਨ। ਭਾਰਤੀਆਂ ਨੂੰ ਭੇਜੀ ਚਿੱਠੀ ਰਹਿਮ ਦੀ ਅਪੀਲ ਵਰਗੀ ਸੀ।
ਬਹੁਕੌਮੀ ਕੰਪਨੀਆਂ, ਧਨਾਢਾਂ, ਸਿਆਸਤਦਾਨਾਂ, ਪੁਲਸੀਆਂ ਅਤੇ ਨੌਕਰਸ਼ਾਹਾਂ ਵਲੋਂ ਜ਼ਮੀਨਾਂ ਹੜੱਪਣ ਦੇ ਮਾਮਲੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹਿੰਦੇ ਹਨ। ਕੇਂਦਰੀ ਭਾਰਤ ਦੇ ਜੰਗਲਾਂ ‘ਚ ਉਜਾੜੇ ਵਿਰੁੱਧ ਆਦਿਵਾਸੀਆਂ ਦਾ ਸੰਘਰਸ਼ ਜ਼ੋਰਾਂ ‘ਤੇ ਹੈ। ਸਰਕਾਰੀ ਕਮਿਸ਼ਨ ਦੀ ਰਪਟ ਮੁਤਾਬਕ ਕੇਂਦਰੀ ਭਾਰਤ ਦੀ ਜ਼ਮੀਨ ‘ਤੇ ਬੋਲਿਆ ਗਿਆ ਹੱਲਾ ਕੋਲੰਬਸ ਤੋਂ ਬਾਅਦ ਜ਼ਮੀਨ ਝਪਟਣ ਦਾ ਸਭ ਤੋਂ ਵੱਡਾ ਹੱਲਾ ਹੈ। ਛੱਤੀਸਗੜ੍ਹ ਦੇ ਸਾਢੇ ਤਿੰਨ ਲੱਖ ਕਬਾਇਲੀਆਂ ਨੂੰ ਉਜਾੜ ਦਿੱਤਾ ਗਿਆ ਸੀ। ‘ਸਲਵਾ ਜੂਡਮ’ ਦੀ ਦਹਿਸ਼ਤੀ ਮੁਹਿੰਮ ਤਹਿਤ ਕਬਾਇਲੀਆਂ ਦੇ ਘਰ ਫੂਕਣ, ਤਸ਼ੱਦਦ, ਕਤਲੇਆਮ ਅਤੇ ਔਰਤਾਂ ਨਾਲ ਬਲਾਤਕਾਰ ਵਰਗੇ ਕਹਿਰ ਵਰਤਾਏ ਗਏ।
ਚਿੱਲੀ ਦੀ ਫ਼ਿਲਮ ‘ਦਿ ਸਮਰ ਔਫ ਫਲਾਇੰਗ ਫਿਸ਼’ ਅਵਾਮ ਨੂੰ ਜ਼ਮੀਨ ਤੋਂ ਬੇਦਖ਼ਲ ਕਰਨ ਦੀ ਮਾਰਮਿਕ ਕਥਾ ਹੈ। ਵਿੱਤ ਪੱਖੋਂ ਇਹ ਫ਼ਿਲਮ ਚਿੱਲੀ ਅਤੇ ਅਰਜਨਟੀਨਾ ਮੁਲਕਾਂ ਦਾ ਸਾਂਝਾ ਉੱਦਮ ਹੈ। ਇਹ ਫ਼ਿਲਮ ਗੋਆ ਵਿਚ ਹੋਏ ਭਾਰਤ ਦੇ 44ਵੇਂ ਕੌਮਾਂਤਰੀ ਫ਼ਿਲਮ ਮੇਲੇ (2013) ਵਿਚ ਦਿਖਾਈ ਗਈ ਸੀ। ਫ਼ਿਲਮ ਦੀ ਹਦਾਇਤਕਾਰ ਬੀਬੀ ਮਾਰਸੇਲਾ ਸੈਦ ਨੇ ਫ਼ਿਲਮ ਦੇ ਨਿਰਮਾਣ ਬਾਬਤ ਆਪਣੇ ਤਜਰਬੇ ਸਾਂਝੇ ਕੀਤੇ ਹਨ। ਫ਼ਿਲਮ ਬਣਾਉਣ ਦਾ ਵਿਚਾਰ ਉਨ੍ਹਾਂ ਨੂੰ ਦੱਖਣੀ ਚਿੱਲੀ ਦੇ ਮਹਿੰਗੇ ਅਤੇ ਸ਼ਾਨਦਾਰ ਬੰਗਲਿਆਂ ਦੇ ਸਫ਼ੇਦਪੋਸ਼ ਮਾਲਕ ਦੀ ਧੀ ਨਾਲ ਹੋਈ ਮਿਲਣੀ ਤੋਂ ਬਾਅਦ ਆਇਆ। ਕੁੜੀ ਦੇ ਪਿਉ ਦੀ ਜਾਇਦਾਦ ਵਿਚ ਝੀਲ ਵੀ ਸੀ। ਇਕ ਖਾਸ ਕਿਸਮ ਦੀ ਮੱਛੀ ਨੇ ਝੀਲ ਨੂੰ ਆਪਣਾ ਘਰ ਬਣਾਇਆ ਹੋਇਆ ਸੀ। ਕੁੜੀ ਦੇ ਪਿਉ ਨੇ ਮੱਛੀ ਨੂੰ ਭਜਾਉਣ ਲਈ ਹਰ ਹੀਲਾ ਵਰਤਿਆ; ਇਥੋਂ ਤੱਕ ਕਿ ਗੋਲਾ-ਬਾਰੂਦ ਦੀ ਵਰਤੋਂ ਵੀ ਕੀਤੀ। ਹਦਾਇਤਕਾਰ ਨੇ ਇਸ ਵੇਰਵੇ ਨੂੰ ਦੂਜਿਆਂ ‘ਤੇ ਗ਼ਲਬਾ ਪਾਉਣ ਦੀ ਮਨੁੱਖੀ ਫਿਤਰਤ ਨਾਲ ਜੋੜ ਕੇ ਦੇਖਿਆ। ਇਹਨੂੰ ਪੈਦਾਵਾਰੀ ਵਸੀਲਿਆਂ ‘ਤੇ ਕਬਜ਼ਾ ਕਰਨ ਦੇ ਸਿਧਾਂਤ ਨਾਲ ਵੀ ਜੋੜਿਆ ਜਾ ਸਕਦਾ ਹੈ।
ਉਪਰਲੇ ਖ਼ੁਲਾਸੇ ਨਾਲ ਬੀਬੀ ਮਾਰਸੈਲਾ ਨੂੰ ਫ਼ਿਲਮ ਦੀ ਕਹਾਣੀ ਦਾ ਮੁਢਲਾ ਸਿਰਾ ਮਿਲ ਗਿਆ। ਅਸਰ-ਰਸੂਖ਼ ਰੱਖਣ ਵਾਲੀ ਤਾਕਤਵਰ ਜਮਾਤ ਆਪਣੇ ਹਿੱਤ ਬਚਾਉਣ ਅਤੇ ਗ਼ਲਬਾ ਬਣਾਈ ਰੱਖਣ ਲਈ ਬੇਕਿਰਕ ਹਿੰਸਾ ਦੀ ਵਰਤੋਂ ਕਰਦੀ ਹੈ। ਇਸ ਵਿਚਾਰ ਦੇ ਪ੍ਰਗਟਾਵੇ ਲਈ ਸਹੀ ਬੋਲੀ ਚੁਣਨਾ ਹਦਾਇਤਕਾਰ ਬੀਬੀ ਲਈ ਵੱਡੀ ਵੰਗਾਰ ਸੀ। ਮਾਰਸੈਲਾ ਤਣਾਅ ਅਤੇ ਬੇਰਹਿਮ ਹਿੰਸਾ ਦੇ ਮਾਹੌਲ ਨੂੰ ਹੂ-ਬਹੂ ਫ਼ਿਲਮਾਉਣਾ ਚਾਹੁੰਦੀ ਸੀ ਜਿਹਨੇ ਉਸ ਨੂੰ ਕੁੜੀ ਦੇ ਪਿਉ ਦੀ ਜਾਇਦਾਦ ਵਿਚ ਪਹਿਲਾ ਕਦਮ ਰੱਖਣ ਵੇਲੇ ਤੋਂ ਹੀ ਤੰਗ ਕੀਤਾ ਹੋਇਆ ਸੀ।
ਫ਼ਿਲਮ ਦੀ ਪਿਛੋਕੜ-ਭੂਮੀ ਬਣਿਆ ਚਿੱਲੀ ਦਾ ਪਹਾੜੀ ਅਤੇ ਜੰਗਲੀ ਖਿੱਤਾ, ਆਮ ਕਰ ਕੇ ਸੈਲਾਨੀਆਂ ਦਾ ਸਵਰਗ ਕਿਹਾ ਜਾਂਦਾ ਹੈ। ਫ਼ਿਲਮ ਸਵਰਗ ਦਾ ਕੌੜਾ ਸੱਚ ਪੇਸ਼ ਕਰਦੀ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਮਨੈਨਾ ਸਫ਼ੇਦਪੋਸ਼ ਜਗੀਰਦਾਰ ਫ਼ਰਾਂਸਿਕੋ ਦੀ ਧੀ ਹੈ। ਹੈਂਕੜਬਾਜ਼ ਜਗੀਰਦਾਰ ਲਈ ਉਹਦੀ ਧੀ ਅਤੇ ਘਰਵਾਲੀ ਜ਼ਮੀਨ ਵਾਂਗ ਕਬਜ਼ੇ ਵਾਲੀਆਂ ਵਸਤਾਂ ਹਨ। ਫ਼ਰਾਂਸਿਕੋ ਦਾ ਪਰਿਵਾਰ ਮਹਾਂਨਗਰ ਤੋਂ ਪਰਤਿਆ ਹੈ। ਸੰਘਣੇ ਜੰਗਲ ਅਤੇ ਪਹਾੜ ਉਹਦੀ ਜਗੀਰ ਦਾ ਹਿੱਸਾ ਹਨ। ਉਹਦੀ ਜਗੀਰ ਵਿਚ ਖ਼ੂਬਸੂਰਤ ਅਤੇ ਵੱਡੀ ਝੀਲ ਹੈ। ਜਗੀਰਦਾਰ ‘ਆਪਣੀ’ ਜ਼ਮੀਨ ‘ਤੇ ਵੱਡਾ ਫਾਰਮ ਬਣਾਉਣਾ ਚਾਹੁੰਦਾ ਹੈ। ਝੀਲ ਵਿਚ ਰਹਿੰਦੀ ਕਾਰਪ ਮੱਛੀ ਫ਼ਰਾਂਸਿਕੋ ਲਈ ਵੱਡੀ ਸਮੱਸਿਆ ਹੈ। ਉਹ ਇਸ ਮੱਛੀ ਨੂੰ ਝੀਲ ਵਿਚੋਂ ਖਤਮ ਕਰਨਾ ਚਾਹੁੰਦਾ ਹੈ। ਉਹਦੀ ਅਗਲੀ ਸਮੱਸਿਆ ਮੁਕਾਮੀ ‘ਮਾਪੁਚੇ’ ਕਬੀਲਾ ਹੈ। ‘ਮਾਪੁਚੇ’ ਕਬੀਲੇ ਦੇ ਲੋਕ ਸਦੀਆਂ ਤੋਂ ਇਨ੍ਹਾਂ ਜੰਗਲਾਂ ਅਤੇ ਪਹਾੜਾਂ ਵਿਚ ਰਹਿ ਰਹੇ ਹਨ। ਝੀਲ ਵਿਚ ਮਿਲਦੀ ਮੱਛੀ ਕਬੀਲੇ ਲਈ ਭੋਜਨ ਦਾ ਸਭ ਤੋਂ ਵੱਡਾ ਸਾਧਨ ਹੈ। ਜਗੀਰਦਾਰ ਇਨ੍ਹਾਂ ਲੋਕਾਂ ਨੂੰ ਝੀਲ ਅਤੇ ਜੰਗਲ ਵਿਚ ਆਉਣ ਤੋਂ ਰੋਕ ਦਿੰਦਾ ਹੈ। ਉਹ ਝੀਲ ਦੁਆਲੇ ਬਿਜਲਈ ਤਾਰ ਲਵਾਉਣੀ ਸ਼ੁਰੂ ਕਰਵਾ ਦਿੰਦਾ ਹੈ। ਕਬਾਇਲੀ ਇਸ ਗੱਲੋਂ ਔਖੇ ਹਨ। ਜਗੀਰਦਾਰ ਕਾਰਪ ਮੱਛੀ ਨੂੰ ਝੀਲ ‘ਚੋਂ ਖਤਮ ਕਰਨ ਅਤੇ ਕਬਾਇਲੀਆਂ ਦੀ ਨਿਤ-ਡੰਗ ਦੀ ਰੋਟੀ ਖੋਹਣ ਲਈ ਹਰ ਹੀਲਾ ਵਰਤਦਾ ਹੈ। ਜਾਨਵਰ ਮਾਰੇ ਜਾਂਦੇ ਹਨ। ਘਰ ਫੂਕੇ ਜਾਂਦੇ ਹਨ।
ਫ਼ਿਲਮ ਦਾ ਨਿਭਾਅ ਧੀਮੇ ਸੁਰ ਦੀ ਕਵਿਤਾ ਵਰਗਾ ਹੈ। ਕੋਈ ਵੀ ਭਾਵ ਜਾਂ ਖ਼ੁਲਾਸਾ ਉੱਚੀ ਸੁਰ ਵਿਚ ਪੇਸ਼ ਨਹੀਂ ਕੀਤਾ ਗਿਆ। ਮਿਸਾਲ ਵਜੋਂ, ਕਾਰਪ ਮੱਛੀ ਨੂੰ ਮਾਰਨਾ ਜਗੀਰਦਾਰ ਦੇ ਕਬਾਇਲੀ ਨੌਕਰ ਪੈਡਰੋ ਦੀ ਜ਼ਿੰਮੇਵਾਰੀ ਹੈ। ਉਹ ਮੱਛੀਆਂ ਨੂੰ ਮਾਰ ਕੇ ਧਰਤੀ ਹੇਠ ਦੱਬਦਾ ਰਹਿੰਦਾ ਹੈ। ਇਕ ਦ੍ਰਿਸ਼ ਵਿਚ ਰਾਤ ਵੇਲੇ ਕੋਈ ਬੰਦਾ (ਚਿਹਰਾ ਨਹੀਂ ਦਿਖਾਇਆ ਗਿਆ) ਦੱਬੀ ਮੱਛੀ ਕੱਢ ਕੇ ਲਿਜਾ ਰਿਹਾ ਹੈ। ਇਹ ਪੈਡਰੋ ਵੀ ਹੋ ਸਕਦਾ ਹੈ। ਭੋਜਨ ਦੇ ਵਸੀਲੇ ਤੋਂ ਵਾਂਝੇ ਹੋਣ ਕਰ ਕੇ ਕਬਾਇਲੀ ਧਰਤੀ ਵਿਚ ਦੱਬੀ ਮੱਛੀ ਖਾਣ ਲਈ ਮਜਬੂਰ ਹਨ। ਫ਼ਿਲਮਸਾਜ਼ ਇਸ ਇਕ ਦ੍ਰਿਸ਼ ਨਾਲ ਹੀ ਕਬਾਇਲੀਆਂ ਦੀ ਤ੍ਰਾਸਦੀ ਬਿਆਨ ਕਰ ਦਿੰਦੀ ਹੈ। ਮੁਕਾਮੀ ਥਾਂਵਾਂ ਅਤੇ ਮਾਹੌਲ ਦੀ ਪੇਸ਼ਕਾਰੀ ਕਹਾਣੀ ਵਿਚਲਾ ਤਣਾਅ ਅਤੇ ਭੇਤ ਬਣਾਈ ਰੱਖਦੀ ਹੈ। ਤਣਾਅ ਬਰਕਰਾਰ ਰੱਖਣ ਲਈ ਕੈਮਰਾ ਹਲਕਾ ਜਿਹਾ ਹਿਲਦਾ ਰਹਿੰਦਾ ਹੈ। ਜਗੀਰਦਾਰ ਦੇ ਪਹਿਰੇਦਾਰਾਂ ਦੀ ਜੰਗਲ ਵਿਚ ਵਧਦੀ ਸਰਗਰਮੀ ਨੂੰ ਕਈ ਕਬਾਇਲੀ ਮਿਥਿਹਾਸਕ ਦੈਂਤਾਂ ਦੇ ਜੰਗਲ ਵਿਚ ਪਰਗਟ ਹੋਣ ਨਾਲ ਜੋੜਦੇ ਹਨ। ਮਹਿੰਗੀ ਦਾਰੂ ਅਤੇ ਸ਼ਾਸਤਰੀ ਸੰਗੀਤ ਦਾ ਸ਼ੌਕੀਨ ਜਗੀਰਦਾਰ ਕਬਾਇਲੀਆਂ ਦੇ ਜ਼ਮੀਨੀ ਹੱਕ ਦਾ ਬੇਦਰਦੀ ਨਾਲ ਮਜ਼ਾਕ ਉਡਾਉਂਦਾ ਹੈ। ਉਹ ਕਬਾਇਲੀ ਬੱਚਿਆਂ ਦੇ ਕਤਲੇਆਮ ਤੋਂ ਵੀ ਪਿੱਛੇ ਨਹੀਂ ਹਟਦਾ। ਪੁਲਿਸ ਅਤੇ ਪ੍ਰਸ਼ਾਸਨ ਉਹਦੀ ਪਿੱਠ ‘ਤੇ ਹਨ। ਪੁਲਿਸ ਉਲਟਾ ਕਬਾਇਲੀਆਂ ਨੂੰ ਫੜਨਾ ਸ਼ੁਰੂ ਕਰ ਦਿੰਦੀ ਹੈ। ਜਗੀਰਦਾਰ ਦੀ ਜੁੰਡਲੀ ਕਬਾਇਲੀਆਂ ਦੀ ਨਾਬਰੀ ਨੂੰ ਖੱਬੇ ਪੱਖੀਆਂ ਦੀ ਭੜਕਾਹਟ ਐਲਾਨ ਰਹੀ ਹੈ। ਚੇਤੇ ਰਹੇ ਕਿ ਪਿਨੋਚੇ ਦੀ ਤਾਨਾਸ਼ਾਹੀ ਵੇਲੇ ਸਿਆਸੀ ਵਿਰੋਧੀਆਂ ਨੂੰ ਕਿਉਟਣ ਲਈ ਕਾਲੇ ਕਾਨੂੰਨ ਬਣਾਏ ਗਏ ਸਨ। ਅੱਜ ਵੀ ‘ਅਤਿਵਾਦ ਵਿਰੋਧੀ ਕਾਨੂੰਨ’ ਦੀ ਆੜ ਹੇਠ ਮਾਪੁਚੇ ਕਬੀਲੇ ਦੇ ਕਾਰਕੁਨਾਂ ਉੱਤੇ ਮੁਕੱਦਮੇ ਚਲਾਏ ਜਾ ਰਹੇ ਹਨ ਜਿਨ੍ਹਾਂ ਦਾ ਕਸੂਰ ਸਿਰਫ਼ ਇੰਨਾ ਹੈ ਕਿ ਉਹ ਆਪਣੇ ਉਜਾੜੇ ਦੇ ਵਿਰੋਧ ਵਿਚ ਨਿਤਰਦੇ ਹਨ। ਅਸਲ ਵਿਚ ਡਾਢਿਆਂ ਦਾ ਪੁਰਾਣਾ ਇਤਿਹਾਸ ਅਵਾਮ ਖਿਲਾਫ ਭੁਗਤਣ ਦਾ ਇਤਿਹਾਸ ਹੈ। ਇਹ ਜ਼ਾਲਮ ਦ੍ਰਿਸ਼ ਅੱਜ ਵੀ ਜਾਰੀ ਹੈ। ਇਸ ਪ੍ਰਸੰਗ ਵਿਚ ਬੀਬੀ ਮਾਰਸੈਲਾ ਦੀ ਫ਼ਿਲਮ ਗ਼ਾਲਬਾਂ ਖ਼ਿਲਾਫ਼ ਚਲਦੇ ਨਿਮਾਣਿਆਂ ਅਤੇ ਨਿਤਾਣਿਆਂ ਦੇ ਸੰਘਰਸ਼ ਨੂੰ ਕਲਾਤਮਕ ਤਰੀਕੇ ਨਾਲ ਪੇਸ਼ ਕਰਦੀ ਹੈ।

Be the first to comment

Leave a Reply

Your email address will not be published.