ਲੰਗੂਰ

ਸੁਰਜੀਤ ਸਿੰਘ ਪੰਛੀ
ਫੋਨ: 661-827-8256
ਗੁਰਜੰਟ ਸਿੰਘ ਤੇ ਹਰਦੇਵ ਸਿੰਘ ਦਾ ਭਾਰਤ ਵਿਚ ਟਰੱਕਾਂ ਦਾ ਕਾਰੋਬਾਰ ਸੀ। ਤਿੰਨ ਟਰੱਕ ਗੁਰਜੰਟ ਦੇ ਨਾਂ ਅਤੇ ਦੋ ਹਰਦੇਵ ਦੇ ਨਾਂ ਸਨ। ਜਿੱਧਰ ਦਾ ਵੀ ਭਾਰ ਮਿਲ ਜਾਂਦਾ, ਉਧਰ ਨੂੰ ਗੇੜਾ ਲਾ ਲੈਂਦੇ। ਕਦੇ ਸੂਰਤ ਦੀ ਬੰਦਰਗਾਹ, ਕਦੇ ਕਲਕੱਤਾ ਤੇ ਕਦੇ ਗੁਹਾਟੀ। ਗੁਰਜੰਟ ਆਪਣੇ ਨਾਂ ਵਾਂਗ ਚੰਟ ਵੀ ਸੀ। ਗੱਲਾਂ ਬਹੁਤ ਆਉਂਦੀਆਂ ਸਨ। ਦੂਜੇ ਨੂੰ ਤਾਂ ਉਹ ਬੋਲਣ ਹੀ ਨਹੀਂ ਸੀ ਦਿੰਦਾ। 
ਗੁਰਜੰਟ ਆਪਣੀ ਹੱਡ ਬੀਤੀ ਕਹਿ ਕੇ ਕਹਾਣੀ ਸੁਣਾ ਰਿਹਾ ਸੀ, ਇੱਕ ਵਾਰੀ ਉਹ ਤੇ ਉਹਦਾ ਡਰਾਈਵਰ ਜੀਤੂ ਟਰੱਕ ਲੈ ਕੇ ਗੁਹਾਟੀ ਗਏ। ਮੁੜਦਿਆਂ ਇਕ ਢਾਬੇ ‘ਤੇ ਰੋਟੀ ਖਾਣ ਬਹਿ ਗਏ। ਥੋੜ੍ਹੀ ਦੂਰ ਪਹਾੜ ‘ਤੇ ਕਾਫ਼ੀ ਲੰਗੂਰ ਬੈਠੇ ਸਨ। ਢਾਬੇ ਵਾਲੇ ਨੇ ਵੀ ਲੰਗੂਰ ਸੰਗਲੀ ਪਾ ਕੇ ਬੰਨ੍ਹਿਆ ਹੋਇਆ ਸੀ। ਮੈਂ ਢਾਬੇ ਵਾਲੇ ਨੂੰ ਪੁੱਛਿਆ, ਪਹਾੜ ਤਾਂ ਸੁੱਕੇ ਦਿਸਦੇ ਨੇ, ਇਹ ਕੀ ਖਾਂਦੇ ਨੇ? ਉਸ ਨੇ ਦੱਸਿਆ ਕਿ ਪਹਾੜ ਦੇ ਪਰਲੇ ਪਾਸੇ ਬਹੁਤ ਕੁਝ ਹੈ। ਪਹਾੜਾਂ ਦੇ ਪੱਥਰਾਂ ‘ਤੇ ਇਨ੍ਹਾਂ ਦੇ ਖਾਣ ਲਈ ਸ਼ਿਲਾਜੀਤ ਮਿਲਦੀ ਹੈ, ਖਾ ਕੇ ਇਹ ਬਹੁਤ ਤਕੜੇ ਹਨ। ਛਾਲਾਂ ਮਾਰ ਕੇ ਇਕ ਰੁੱਖ ਤੋਂ ਦੂਜੇ ‘ਤੇ ਜਾਂਦੇ ਸਾਰਾ ਦਿਨ ਕਲੋਲਾਂ ਕਰਦੇ ਫਿਰਦੇ ਹਨ।
ਡਰਾਈਵਰ ਜੀਤੂ ਨੇ ਕਿਹਾ, “ਇਹ ਲੰਗੂਰ ਮੈਨੂੰ ਦੇ ਦੇ। ਕੀ ਲੈਣੈ ਇਹਦਾ?”
ਢਾਬੇ ਵਾਲਾ ਕਹਿੰਦਾ, “ਤੂੰ ਲੈ ਜਾਣੈ ਲੈ ਜਾ। ਮੈਂ ਤਾਂ ਇਹਦਾ ਕੀ ਲੈਣੈ। ਹੋਰ ਫੜ ਲੂੰ ਪਰ ਤੈਥੋਂ ਇਹ ਰੱਖਿਆ ਨ੍ਹੀਂ ਜਾਣਾ। ਇਹ ਸ਼ਿਲਾਜੀਤ ਖਾਂਦੈ। ਤੈਨੂੰ ਮਿਲਣੀ ਨ੍ਹੀਂ।”
ਜੀਤੂ ਨੇ ਫੇਰ ਪੁੱਛਿਆ, “ਇਹ ਫੀਮ ਖਾ ਲਿਆ ਕਰੂ?”
ਢਾਬੇ ਵਾਲੇ ਨੇ ਦੱਸਿਆ, “ਫੀਮ ਤਾਂ ਇਹ ਅੱਧਾ ਤੋਲਾ ਖਾਊ, ਤੂੰ ਕਿੱਥੋਂ ਇਹਨੂੰ ਖੁਆ ਦੇਵੇਂਗਾ?”
ਮੈਂ ਵੀ ਜੀਤੂ ਨੂੰ ਟੋਕਿਆ, “ਸਾਲਿਆ, ਤਨਖਾਹ ਨਾਲ ਤਾਂ ਤੇਰਾ ਗੁਜ਼ਾਰਾ ਨ੍ਹੀਂ ਹੁੰਦਾ। ਤੂੰ ਇਹਨੂੰ ਪਤੰਦਰ ਨੂੰ ਫੀਮ ਕਿੱਥੋਂ ਖਵਾਏਂਗਾ? ਤੂੰ ਡਰਾਈਵਰੀ ਕਰੇਂਗਾ ਕਿ ਇਹਨੂੰ ਸਾਂਭੇਂਗਾ?”
“ਚਾਚਾ, ਮੈਂ ਸਾਂਭ ਲੂੰ। ਤੂੰ ਪੰਜਾਬ ਵਿਚ ਦੇਖੀਂ ਰੁਪਈਏ ਬਣਦੇ।” ਜੀਤੂ ਦੇ ਦਿਮਾਗ ਵਿਚ ਕੋਈ ਸਕੀਮ ਸੀ।
“ਸਾਲਿਆ, ਇਹ ਰੁਪਈਏ ਬਣਾਊ ਕਿ ਖਾਊ?”
“ਚਾਚਾ, ਤੂੰ ਚਿੰਤਾ ਕਿਉਂ ਕਰਦੈਂ। ਜਦੋਂ ਘਰੇ ਲਿਜਾ ਕੇ ਬੰਨ੍ਹਿਆ ਤਾਂ ਲੋਕਾਂ ਨੇ ਹਨੂੰਮਾਨ ਕਹਿ ਕੇ ਇਹਦੀ ਪੂਜਾ ਸ਼ੁਰੂ ਕਰ ਦੇਣੀ ਐ। ਨੋਟਾਂ ਦੇ, ਫਲਾਂ ਦੇ ਢੇਰ ਲੱਗ ਜਾਇਆ ਕਰਨਗੇ। ਚਾਚਾ, ਤੂੰ ਜਲਬਾ ਦੇਖੀਂ।”
“ਚੰਗਾ, ਲੈ ਚੱਲ।” ਮੈਂ ਵੀ ਕਹਿ ਦਿੱਤਾ। ਜੀਤੂ ਨੇ ਉਸ ਨੂੰ ਬਿਸਕੁਟ ‘ਤੇ ਰੱਖ ਕੇ ਅਫੀਮ ਖਵਾ ਦਿੱਤੀ। ਲੰਗੂਰ ਦੀ ਸੰਗਲੀ ਫੜ ਕੇ ਟਰੱਕ ‘ਤੇ ਚੜ੍ਹਾ ਲਿਆ ਤੇ ਪਾਸੇ ਦੀ ਐਂਗਲਾਰਨ ਨਾਲ ਸੰਗਲ ਬੰਨ੍ਹ ਦਿੱਤਾ। ਟਰੱਕ ਭਾਰ ਨਾਲ ਲੱਦਿਆ ਹੋਇਆ ਸੀ। ਜਿਥੇ ਕਿਤੇ ਵੀ ਰੋਟੀ ਖਾਣ ਜਾਂ ਚਾਹ ਪੀਣ ਲਈ ਠਹਿਰਦੇ, ਜੀਤੂ ਲੰਗੂਰ ਨੂੰ ਵੀ ਕਦੇ ਕੇਲਾ, ਕਦੇ ਬ੍ਰੈਡ ਤੇ ਕਦੇ ਬਿਸਕੁਟ ਖਵਾ ਦਿਆ ਕਰੇ। ਰਾਹ ਵਿਚ ਇੱਕ ਢਾਬਾ ਸੀ। ਜੀਤੂ ਨੂੰ ਪਤਾ ਸੀ ਕਿ ਢਾਬੇ ਵਾਲਾ ਅਫੀਮ ਵੀ ਵੇਚਦਾ ਸੀ। ਉਹਨੇ ਇਕ ਪਾ ਅਫੀਮ ਲੈ ਲਈ। ਸਵੇਰ ਵੇਲੇ ਜੀਤੂ ਆਪ ਥੋੜ੍ਹੀ ਜਿਹੀ ਖਾ ਲਿਆ ਕਰੇ ਤੇ ਲੰਗੂਰ ਨੂੰ ਵੀ ਖਵਾਇਆ ਕਰੇ। ਚੌਥੇ ਕੁ ਦਿਨ ਮੋਗੇ ਪਹੁੰਚ ਗਏ। ਜੀਤੂ ਜਦੋਂ ਲੰਗੂਰ ਨੂੰ ਲਈ ਆਪਣੇ ਘਰ ਜਾ ਰਿਹਾ ਸੀ ਤਾਂ ਬੱਚੇ ਰੌਲਾ ਪਾਉਂਦੇ ਉਸ ਦੇ ਮਗਰ ਹੋ ਲਏ। ਬਾਜ਼ਾਰ ਵਿਚ ਜਿਹੜਾ ਵੀ ਬ੍ਰਾਹਮਣ, ਬਾਣੀਆਂ ਦੇਖੇ, ਹੱਥ ਜੋੜ ਸਿਰ ਨਿਵਾ ਮੱਥਾ ਟੇਕੇ ਤੇ ਕਹੇ ‘ਜੈ ਹਨੂੰਮਾਨ!’ ਘਰ ਆ ਕੇ ਬੰਨ੍ਹਿਆ ਹੀ ਸੀ ਕਿ ਬੱਚਿਆਂ ਦਾ ਤਾਂ ਮੇਲਾ ਹੀ ਲੱਗ ਗਿਆ। ਜੀਤੂ ਨੇ ਬੱਚਿਆਂ ਨੂੰ ਬਹੁਤ ਝਿੜਕਿਆ ਪਰ ਕਦੋਂ ਹਟਦੇ ਹਨ। ਜਦੋਂ ਉਹ ਉਹਨੂੰ ਛੇੜਨ ਤਾਂ ਉਹ ਘੀਂ-ਘੀਂ ਕਰਦਾ ਉਨ੍ਹਾਂ ਵੱਲ ਦੰਦੀਆਂ ਜਿਹੀਆਂ ਕੱਢੇ। ਮਾਈਆਂ ਨੂੰ ਪਤਾ ਲੱਗਿਆ, ਉਹ ਵੀ ਕੇਲੇ ਤੇ ਫਲ ਲੈ ਕੇ ਆ ਗਈਆਂ। ਮੱਥੇ ਟੇਕਣ। ਫਲਾਂ ਨਾਲ ਇਕ ਰੁਪਈਆ ਮੱਥਾ ਵੀ ਟੇਕਣ। ਸ਼ਾਮ ਤੱਕ ਪੰਜਾਹ-ਸੱਠ ਰੁਪਈਏ ਬਣ ਗਏ।
ਅਗਲੀ ਸਵੇਰ ਟਰੱਕ ਵਿਚ ਲੱਦਿਆ ਭਾਰ ਤਰਨ ਤਾਰਨ ਪੁੱਜਦਾ ਕਰਨਾ ਸੀ। ਜੀਤੂ ਲੰਗੂਰ ਲੈ ਕੇ ਸਵੇਰੇ ਹੀ ਆ ਗਿਆ। ਰੋਟੀ ਖਾ ਕੇ ਅਸੀਂ ਚੱਲ ਪਏ। ਲੰਗੂਰ ਟਰੱਕ ‘ਤੇ ਬੰਨ੍ਹਿਆ ਹੋਇਆ ਸੀ। ਜਦੋਂ ਅਸੀਂ ਹਰੀ ਕੇ ਪੱਤਣ ਪੁੱਜੇ ਤਾਂ ਟੋਲ ਟੈਕਸ ਭਰਨ ਲਈ ਜੀਤੂ ਨੇ ਟਰੱਕ ਪਾਸੇ ਕਰ ਕੇ ਲਾ ਦਿੱਤਾ। ਅਸੀਂ ਦਫ਼ਤਰ ਵਿਚ ਟੋਲ ਟੈਕਸ ਭਰਨ ਚਲੇ ਗਏ। ਤਰਨ ਤਾਰਨ ਦਾ ਕੋਈ ਡਾਕਟਰ ਕਾਰ ਵਿਚ ਆਇਆ। ਉਹਦੀ ਕਾਰ ‘ਤੇ ਬਿਸਤਰਾ ਬੰਨ੍ਹਿਆ ਹੋਇਆ ਸੀ। ਸ਼ਾਇਦ ਕਿਸੇ ਸੈਰ-ਸਪਾਟੇ ਜਾਂ ਕੈਂਪ ‘ਤੇ ਜਾ ਰਿਹਾ ਹੋਊ। ਉਹਨੇ ਆਪਣੀ ਕਾਰ ਟਰੱਕ ਦੇ ਨੇੜੇ ਖੜ੍ਹੀ ਕੀਤੀ। ਲੰਗੂਰ ਟਪੂਸੀ ਮਾਰ ਕੇ ਕਾਰ ‘ਤੇ ਜਾ ਬੈਠਾ। ਡਾਕਟਰ ਨੇ ਦੇਖਿਆ ਕਿ ਇਹ ਤਾਂ ਬਿਸਤਰੇ ਨੂੰ ਪਾੜੂ। ਉਹਨੇ ਸ਼ੀਸ਼ਾ ਨੀਵਾਂ ਕਰ ਕੇ ਅਦਰੋਂ ਹੀ ‘ਹਾਤ-ਹੂਤ’ ਕੀਤੀ ਪਰ ਉਹ ਹਿੱਲਿਆ ਹੀ ਨਾ। ਜਦੋਂ ਡਾਕਟਰ ਨੇ ਬਾਹਰ ਨਿਕਲਣ ਲਈ ਵਿੰਡੋ ਨੂੰ ਹੱਥ ਪਾਇਆ ਤਾਂ ਉਸ ਦੇ ਹੱਥ ‘ਤੇ ਦੰਦੀ ਵੱਢੀ। ਇੰਨੇ ਨੂੰ ਇੱਕ ਬੰਦਾ ਜਿਸ ਦੇ ਹੱਥ ਵਿਚ ਸੋਟੀ ਫੜੀ ਹੋਈ ਸੀ, ਉਹਨੇ ਲੰਗਰੂ ਵੱਲ ਉੱਗਰੀ ਤਾਂ ਉਹ ਟਰੱਕ ‘ਤੇ ਚੜ੍ਹ ਗਿਆ।
ਉਪਰ ਬੈਠਾ ਲੰਗੂਰ ਲੋਕਾਂ ਵੱਲ ਦੰਦੀਆਂ ਕੱਢੇ ਤੇ ਘੀਂ-ਘੀਂ ਕਰੇ। ਕਈਆਂ ਲਈ ਤਾਂ ਇਹ ਮਦਾਰੀ ਦੇ ਤਮਾਸ਼ੇ ਵਾਲੀ ਗੱਲ ਸੀ। ਉਹ ਖੁਸ਼ ਹੋ ਰਹੇ ਸਨ। ਇੰਨੇ ਨੂੰ ਅਸੀਂ ਵੀ ਟੋਲ ਟੈਕਸ ਭਰ ਕੇ ਆ ਗਏ। ਡਾਕਟਰ ਨੇ ਟਰੱਕ ਦਾ ਨੰਬਰ ਨੋਟ ਕਰ ਲਿਆ ਸੀ। ਉਹ ਸਾਨੂੰ ਬੁਰਾ ਭਲਾ ਕਹਿਣ ਲੱਗਿਆ। ਅਸੀਂ ਉਹਨੂੰ ਕਿਹਾ ਕਿ ਅਸੀਂ ਕਿਹੜਾ ਸਿਖਾਇਆ ਸੀ ਕਿ ਤੇਰੇ ਦੰਦੀਆਂ ਵੱਢੇ। ਤੈਂ ਇਹਨੂੰ ਛੇੜਿਆ ਹੋਊ, ਤਾਂ ਹੀ ਇਹਨੇ ਦੰਦੀਆਂ ਵੱਢੀਆਂ। ਡਾਕਟਰ ਨੇ ਮੇਰਾ ਤੇ ਡਰਾਈਵਰ ਦਾ ਨਾਂ ਟੋਲ ਟੈਕਸ ਵਾਲਿਆਂ ਤੋਂ ਪਤਾ ਕਰ ਲਿਆ ਤੇ ਉਥੋਂ ਹੀ ਵਾਪਸ ਤਰਨ ਤਾਰਨ ਆ ਗਿਆ। ਥਾਣੇ ਰਪਟ ਵੀ ਲਿਖਾ ਦਿੱਤੀ।
ਅਸੀਂ ਭਾਰ ਲਾਹ ਕੇ ਮੋਗੇ ਆ ਗਏ। ਜੀਤੂ ਉਹਨੂੰ ਵਿਹੜੇ ਵਿਚ ਬੰਨ੍ਹ ਦਿਆ ਕਰੇ। ਲਾਲੇ-ਲਾਲੀਆਂ ਦਾ ਤਾਂ ਤਾਂਤਾ ਹੀ ਬੱਝਿਆ ਰਿਹਾ ਕਰੇ। ਸਿਉ ਆਦਿ ਰੱਖ ਕੇ ਉਹਨੂੰ ਮੱਥਾ ਟੇਕਿਆ ਕਰਨ। ਜੀਤੂ ਦੀ ਗੱਲ ਸੱਚੀ ਸੀ ਕਿ ਪੰਜਾਬ ਵਿਚ ਇਹ ਰੱਖਣਾ ਕੀ ਔਖੈ! ਉਧਰ ਤਰਨ ਤਾਰਨ ਪੁਲਿਸ ਨੇ ਕੇਸ ਐਸ਼ਡੀæਐਮæ ਦੇ ਭੇਜ ਦਿੱਤਾ। ਐਸ਼ਡੀæਐਮæ ਨੇ ਤੀਜੇ ਦਿਨ ਮੇਰੇ ਅਤੇ ਜੀਤੂ ਦੇ ਨਾਂ ਸੰਮਨ ਤਾਮੀਲ ਕਰਵਾਉਣ ਵਾਸਤੇ ਅਰਦਲੀ ਭੇਜ ਦਿੱਤਾ। ਅਰਦਲੀ ਮੇਰੇ ਘਰ ਆ ਗਿਆ, ਮੈਂ ਟਰੱਕ ਦਾ ਮਾਲਕ ਜੁ ਸੀ। ਅਰਦਲੀ ਨੇ ਸਤਿ ਸ੍ਰੀ ਅਕਾਲ ਕਹੀ ਤੇ ਪੁੱਛ ਲਿਆ, “ਇਹ ਗੁਰਜੰਟ ਸਿੰਘ ਦਾ ਹੀ ਘਰ ਹੈ?”
ਮੈਂ ਕਿਹਾ, “ਹਾਂ ਜੀ, ਆਓ ਲੰਘ ਆਓ।” ਅਰਦਲੀ ਨੂੰ ਨਾਲ ਵਾਲੀ ਕੁਰਸੀ ‘ਤੇ ਬਿਠਾ ਕੇ ਪੁੱਛਿਆ, “ਦੱਸੋ, ਕਿਵੇਂ ਦਰਸ਼ਨ ਦਿੱਤੇ?”
“ਮੈਂ ਤਰਨ ਤਾਰਨ ਦੇ ਐਸ਼ਡੀæਐਮæ ਦੇ ਦਫ਼ਤਰੋਂ ਅਰਦਲੀ ਹਾਂ। ਆਹ ਤੁਹਾਡੇ ਸੰਮਨ ਨੇ।” ਉਹਨੇ ਆਪਣੀ ਜਾਣ-ਪਛਾਣ ਦੇ ਨਾਲ-ਨਾਲ ਆਉਣ ਦਾ ਮੰਤਵ ਵੀ ਦੱਸ ਦਿੱਤਾ।
“ਸੰਮਨ!” ਮੈਂ ਹੈਰਾਨੀ ਨਾਲ ਮੱਥੇ ‘ਤੇ ਵਲ ਪਾ ਕੇ ਕਿਹਾ।
“ਹਾਂ ਜੀ। ਇਹ ਤੁਹਾਡੇ ਤੇ ਤੁਹਾਡੇ ਡਰਾਈਵਰ ਦੇ ਨਾਂ ਸੰਮਨ ਹਨ। ਡਾਕਟਰ ਨੇ ਤੁਹਾਡੇ ‘ਤੇ ਕੇਸ ਕਰ ਦਿੱਤਾ ਹੈ ਕਿ ਤੁਹਾਡੇ ਲੰਗੂਰ ਨੇ ਉਸ ਦੇ ਹੱਥ ‘ਤੇ ਦੰਦ ਮਾਰੇ ਹਨ। ਸੰਮਨ ਤੁਹਾਡੇ ਤੇ ਜੀਤੂ ਡਰਾਈਵਰ ਦੇ ਨਾਂ ਹਨ। ਪੇਸ਼ੀ ਪੰਦਰਾਂ ਤਰੀਕ ਦੀ ਹੈ। ਤੁਸੀਂ ਤੇ ਜੀਤੂ ਨੇ ਲੰਗੂਰ ਲੈ ਕੇ ਤਰਨ ਤਾਰਨ ਕਚਹਿਰੀ ਵਿਚ ਹਾਜ਼ਰ ਹੋ ਜਾਣਾ।”
“ਭਾਈ ਸਾਹਿਬ, ਮੈਂ ਕੰਜਰ ਦੇ ਜੀਤੂ ਨੂੰ ਬਥੇਰਾ ਸਮਝਾਇਆ, ਬਈ ਸਾਲਿਆ ਦੱਸ ਤੈਂ ਇਸ ਤੋਂ ਜੂੰਆਂ ਕਢਾਉਣੀਆਂ ਨੇ। ਮੇਰੇ ਸਾਲੇ ਨੇ ਇਕ ਨਾ ਮੰਨੀ। ਕੇਸ ਦਾ ਖਰਚਾ ਪੈ ਗਿਆ। ਪਤਾ ਨਹੀਂ ਟਰੱਕ ਦੇ ਕਿੰਨੇ ਕੁ ਗੇੜੇ ਮਰਨਗੇ।”
ਅਰਦਲੀ ਕਹਿੰਦਾ, “ਘਬਰਾਓ ਨਾ, ਪੰਦਰਾਂ ਤਰੀਕ ਨੂੰ ਆ ਜਾਇਓ।”
ਮੈਂ ਮੱਲੋ-ਮੱਲੀ ਪੰਜਾਹ ਦਾ ਨੋਟ ਉਸ ਨੂੰ ਫੜਾ ਦਿੱਤਾ ਤੇ ਉਹ ਚਲਿਆ ਗਿਆ।
ਘੰਟੇ ਕੁ ਪਿੱਛੋਂ ਜੀਤੂ ਆ ਗਿਆ। ਟਰੱਕ ‘ਤੇ ਲੋਡ ਲੱਦਣ ਜਾਣਾ ਸੀ ਗੁਹਾਟੀ ਦਾ। ਮੈਨੂੰ ਉਸ ‘ਤੇ ਗੁੱਸਾ ਚੜ੍ਹਿਆ ਹੋਇਆ ਸੀ। ਮੈਂ ਕਿਹਾ, “ਆਹ ਚੱਕ ਸਾਲਿਆ ਲੰਗੂਰਾਂ ਦਿਆ ਸੰਮਨ। ਹੁਣ ਪੇਸ਼ੀਆਂ ਭੁਗਤ ਕਚਹਿਰੀਆਂ ਵਿਚ। ਐਸ਼ਡੀæਐਮæ ਸੁਣਿਐ ਸਾਲਾ ਬਹੁਤ ਅੜਬ ਐ। ਜੇਲ੍ਹ ਦੀ ਸੈਰ ਕਰਵਾਊ। ਟਰੱਕ ਦਾ ਕੰਮ ਵੀ ਰੁਕ ਜੂ। ਉਹਨੇ ਤੇਰੇ ਪਿਉ ਨੇ ਬਖ਼ਸ਼ਣਾ ਨ੍ਹੀਂ। ਉਹ ਡਾਕਟਰ ਵੀ ਭੈਣ ਦੇਣਾ ਕਿਹੜਾ ਮਾੜਾ-ਧੀੜੈ। ਕੰਜਰ ਦਿਆ ਪੁੱਤਾ, ਦੱਸ ਇਸ ਪਿਉ ਤੋਂ ਕੀ ਲੈਣਾ ਸੀ? ਜਾਹ ਜਾ ਕੇ ਦਿਆਲੇ ਨੂੰ ਕਹਿ ਕੇ ਆæææ ਗੇੜਾ ਲੈਜੂ।”
ਜੀਤੂ ਤਾਂ ਕੁਸਕਿਆ ਈ ਨਾ। ਉਹ ਬਹੁਤ ਸ਼ਰਮਿੰਦਾ ਸੀ, ਕਹਿਣ ਲੱਗਾ, “ਸਰਦਾਰ ਜੀ, ਤੁਸੀਂ ਨਾ ਘਬਰਾਓ। ਮੈਂ ਸਭ ਆਪਣੇ ਸਿਰ ਲੈ ਲੂੰ। ਜੋ ਕੁਛ ਹੋਊ, ਆਪੇ ਕੱਟ ਲੂੰ।”
ਮੈਂ ਸਿਰ ਧੁਣੀ ਜਾਵਾਂ ਤੇ ਜੀਤੂ ਨੂੰ ਹਰ ਗੱਲ ਨਾਲ ਮਾਂ ਭੈਣ ਦੀਆਂ ਗਾਲ੍ਹਾਂ ਕੱਢੀ ਜਾਵਾਂ। ਰਾਤ-ਦਿਨ ਲੰਗੂਰ ਘੀਂ-ਘੀਂ ਕਰਦਾ ਦਿਖਾਈ ਦੇਵੇ। ਕਦੇ ਐਸ਼ਡੀæਐਮæ ਦੀ ਕਚਹਿਰੀ ਤੇ ਕਦੇ ਜੇਲ੍ਹ ਦੀਆਂ ਸੀਖਾਂ ਵਾਲੀਆਂ ਕੋਠੜੀਆਂ ਮੁੜ-ਘਿੜ ਅੱਖਾਂ ਅੱਗੇ ਆਉਣ।
ਜੀਤੂ ਦੇ ਘਰ ਲੰਗੂਰ ਦੇਖਣ ਵਾਲੇ ਬੱØਚਿਆਂ ਦਾ ਮੇਲਾ ਲੱਗਿਆ ਰਹੇ। ਜੀਤੂ ਲਈ ਲੰਗੂਰ ਘਾਟੇ ਵਾਲਾ ਸੌਦਾ ਤਾਂ ਨਹੀਂ ਸੀ ਪਰ ਕਚਹਿਰੀ ਵਾਲਾ ਸਿਆਪਾ ਖਰਾਬ ਸੀ। ਚੌਦਾਂ ਤਰੀਕ ਨੂੰ ਅਸੀਂ ਦੋ-ਦੋ ਕੁੜਤੇ-ਪਜਾਮੇ, ਕੱਛੇ ਅਤੇ ਦੁਪੱਟੇ ਝੋਲਿਆਂ ਵਿਚ ਤੁੰਨ ਲਏ। ਦੂਜੇ ਦਿਨ ਸਵੇਰੇ ਹੀ ਅਸੀਂ ਝੋਲੇ ਗਲਾਂ ਵਿਚ ਪਾ, ਕੰਬਲਾਂ ਦੀ ਬੁੱਕਲ ਮਾਰ ਅਤੇ ਲੰਗੂਰ ਨੂੰ ਲੈ ਬੱਸ ਅੱਡੇ ‘ਤੇ ਪਹੁੰਚੇ। ਅੰਮ੍ਰਿਤਸਰ ਜਾਣ ਵਾਲੀ ਬੱਸ ਲੱਗੀ ਖੜ੍ਹੀ ਸੀ। ਅਸੀਂ ਡਰਾਈਵਰ ਦੀ ਸੀਟ ਦੇ ਪਿੱਛੇ ਤਿੰਨ ਸਵਾਰੀਆਂ ਵਾਲੀ ਸੀਟ ‘ਤੇ ਬੈਠ ਗਏ। ਲੰਗੂਰ ਸ਼ੀਸ਼ੇ ਵਾਲੇ ਪਾਸੇ, ਉਹਦੇ ਨਾਲ ਜੀਤੂ ਤੇ ਫੇਰ ਮੈਂ। ਜਿਹੜੀ ਵੀ ਕੋਈ ਸਵਾਰੀ ਚੜ੍ਹੇ, ਲੰਗੂਰ ਉਹਨੂੰ ਦੇਖੇ। ਸਵਾਰੀ ਝੱਟ ਬੱਸ ‘ਚੋਂ ਉਤਰ ਜਾਵੇ। ਜਦੋਂ ਬੱਸ ਚੱਲਣ ਦਾ ਸਮਾਂ ਹੋਇਆ ਤਾਂ ਕੰਡਕਟਰ ਬੱਸ ਖਾਲੀ ਦੇਖ ਕੇ ਕਹੇ, “ਚੱਲੋ ਸਮਾਂ ਹੋ ਚੱਲਿਐ, ਬੈਠੋ ਵਿਚ ਫਿਰ ਚੱਲੀਏ।”
ਸਵਾਰੀਆਂ ਕਹਿੰਦੀਆਂ, “ਦੇਖ ਤਾਂ ਸਹੀ, ਅੰਦਰ ਮਦਾਰੀ ਲੰਗੂਰ ਲਈ ਬੈਠੇ ਆ। ਜਦੋਂ ਅੰਦਰ ਜਾਨੇ ਆਂ ਤਾਂ ਲੰਗੂਰ ਅੱਖਾਂ ਕੱਢ-ਕੱਢ ਕੇ ਦੇਖਦੈ। ਜਿਹਦੇ ਉਹਨੇ ਪੂਛ ਮਾਰੀ ਤਾਂ ਉਹ ਤਾਂ ਸਿੱਧਾ ਸੁਰਗਾਂ ਨੂੰ ਜਾਊ।” ਸਵਾਰੀਆਂ ਹੱਸ ਵੀ ਰਹੀਆਂ ਸਨ।
ਕੰਡਕਟਰ ਸਾਡੇ ਕੋਲ ਆ ਕੇ ਕਹਿੰਦਾ, “ਉਤਰੋ ਥੱਲੇæææਸਾਡੀਆਂ ਤਾਂ ਸਵਾਰੀਆਂ ਨ੍ਹੀਂ ਚੜ੍ਹਦੀਆਂ ਡਰਦੀਆਂ। ਥੋਡੀ ਖਾਤਰ ਬੱਸ ਖਾਲੀ ਲੈ ਕੇ ਜਾਈਏ।” ਕੰਡਕਟਰ ਦੇ ਬੋਲਾਂ ਵਿਚ ਰੋਅਬ ਸੀ।
“ਕੰਡਕਟਰ ਸਾਹਿਬ, ਇਹ ਤਾਂ ਸਾਡੇ ਕੋਲ ਬੈਠੈ। ਜੇ ਦੇਖਦੈ ਤਾਂ ਕੀ ਐæææ ਉਨ੍ਹਾਂ ਨੂੰ ਤਾਂ ਕੁਛ ਨ੍ਹੀਂ ਕਹਿੰਦਾ।” ਜੀਤੂ ਨੇ ਤਰਲੇ ਜਿਹੇ ਨਾਲ ਕਿਹਾ।
“ਇਹਦਾ ਕੋਈ ਵਿਸਾਹ ਐæææ ਸਾਲਾ ਸ਼ੇਰ ਜਿੱਡੈ। ਜੇ ਕਿਸੇ ਨੂੰ ਵੱਢ ਲਿਆ ਤਾਂ ਤੇਰਾ ਕੁਛ ਨ੍ਹੀਂ ਜਾਣਾ, ਮੈਂ ਗਰੀਬ ਮਾਰਿਆ ਜਾਊਂ। ਮਾਲਕ ਨੇ ਮੈਨੂੰ ਨੌਕਰੀਉਂ ਕੱਢ ਦੇਣੈ।” ਕੰਡਕਟਰ ਨੂੰ ਆਪਣੀ ਨੌਕਰੀ ਦੀ ਚਿੰਤਾ ਸੀ।
ਅਖੀਰ ਕੰਡਕਟਰ ਇਸ ਗੱਲ ‘ਤੇ ਮੰਨ ਗਿਆ ਕਿ ਤਿੰਨ ਟਿਕਟਾਂ ਕਟਵਾਓ ਤੇ ਇਕ ਜਣਾ ਇਹਨੂੰ ਲੈ ਕੇ ਛੱਤ ‘ਤੇ ਬੈਠੋ। ਅਸੀਂ ਤਿੰਨ ਟਿਕਟਾਂ ਕਟਵਾ ਲਈਆਂ। ਜੀਤੂ ਲੰਗੂਰ ਨੂੰ ਲੈ ਕੇ ਬਾਹਰ ਨਿਕਲ ਆਇਆ। ਜਦੋਂ ਉਹ ਉਪਰ ਚੜ੍ਹਨ ਲੱਗਿਆ ਤਾਂ ਲੰਗੂਰ ਤਾਂ ਉਸ ਤੋਂ ਮੂਹਰੇ ਫਟਾਫਟ ਉਪਰ ਚੜ੍ਹ ਗਿਆ। ਸਿਆਲ ਦੀ ਠੰਢੀ ਹਵਾ ਬੱਸ ਦੀ ਚਾਲ ਨਾਲ ਹੋਰ ਵੀ ਠੰਢੀ ਲੱਗੇ ਤੇ ਜੀਤੂ ਦੇ ਸਰੀਰ ਨੂੰ ਕੰਬਲ ਵਿਚ ਜੰਮਾਉਂਦੀ ਜਾਵੇ। ਲੰਗੂਰ ਨੂੰ ਖਵਾਈ ਹੋਈ ਅਫੀਮ ਤੇ ਪਹਿਲਾਂ ਖਾਧੀ ਸ਼ਿਲਾਜੀਤ, ਲੰਗੂਰ ਨੂੰ ਠੰਢ ਕੁਛ ਨਾ ਕਹੇ। ਜੀਤੂ ਨੇ ਆਸੇ-ਪਾਸੇ ਤੋਂ ਕੰਬਲ ਚੰਗੀ ਤਰ੍ਹਾਂ ਕੱਸਿਆ ਹੋਇਆ ਸੀ। ਸਿਰਫ਼ ਅੱਖਾਂ ਹੀ ਨੰਗੀਆਂ ਸਨ। ਜਿਥੇ ਕਿਸੇ ਬੱਸ ਸਟਾਪ ‘ਤੇ ਬੱਸ ਖੜ੍ਹੇ, ਲੋਕ ਤੇ ਬੱਚੇ ਲੰਗੂਰ ਦੇਖ-ਦੇਖ ਖੁਸ਼ ਹੋਣ। ਬੱਚੇ ਤਾੜੀਆਂ ਮਾਰਨ ਤੇ ਹਾਤ-ਹੂਤ ਕਰਨ। ਲੰਗੂਰ ਸਿਰ ਘੁਮਾ-ਘੁਮਾ ਕੇ ਉਨ੍ਹਾਂ ਵੱਲ ਵੇਖੇ। ਮੈਂ ਮਨ ਵਿਚ ਜੀਤੂ ਨੂੰ ਗਾਲ੍ਹਾਂ ਕੱਢੀ ਜਾਵਾਂ, ‘ਸਾਲਿਆ, ਇਹਨੂੰ ਲਿਆਂਦੇ ਬਿਨਾਂ ਝਾੜਾ ਨ੍ਹੀਂ ਸੀ ਉਤਰਦਾ। ਹੁਣ ਜਦੋਂ ਜੇਲ੍ਹ ਵਿਚ ਟੱਟੀਆਂ ਨਿਕਲੀਆਂ, ਤੈਨੂੰ ਫੇਰ ਪਤਾ ਲੱਗੂ ਇਹਨੂੰ ਪਿਉ ਨੂੰ ਲਿਆਉਣਾ ਦਾ।’
ਤਰਨ ਤਾਰਨ ਰਿਕਸ਼ੇ ਵਿਚ ਕਚਹਿਰੀਆਂ ਪੁੱਜੇ ਤਾਂ ਸਾਡੇ ਗਲਾਂ ਵਿਚ ਝੋਲੇ ਤੇ ਲੰਗੂਰ ਦੇਖ ਕੇ ਹਰ ਕੋਈ ਸਾਨੂੰ ਲੰਗੂਰ ਦੇ ਤਮਾਸ਼ੇ ਵਾਲੇ ਹੀ ਸਮਝੇ। ਜਿਹੜਾ ਵੀ ਦੇਖੇ, ਉਹੀ ਕਹੇ, “ਆ ਗਏ ਬਈ ਲੰਗੂਰ ਵਾਲੇ।” ਮੈਨੂੰ ਇਉਂ ਲੱਗੇ ਜਿਵੇਂ ਕਚਹਿਰੀਆਂ ਵਿਚ ਕਿਸੇ ਨੇ ਸਾਡੇ ਆਉਣ ਬਾਰੇ ਡੌਂਡੀ ਪਿਟਵਾ ਦਿੱਤੀ ਹੋਵੇ। ਐਸ਼ਡੀæਐਮæ ਦੇ ਦਫ਼ਤਰ ਵਿਚ ਵੀ ਰੌਲੀ ਪੈ ਗਈ, “ਆ’ਗੇ ਲੰਗੂਰ ਵਾਲੇ। ਆ’ਗੇ ਲੰਗੂਰ ਵਾਲੇ।” ਜਿਹੜਾ ਅਰਦਲੀ ਸੰਮਨ ਲੈ ਕੇ ਗਿਆ ਸੀ, ਉਹ ਵੀ ਆ ਗਿਆ। ਉਹਨੇ ਸਾਨੂੰ ਵੇਟਿੰਗ ਰੂਮ ਵਿਚ ਬਿਠਾ ਦਿੱਤਾ। ਅਸੀਂ ਤਾਂ ਕੁਰਸੀਆਂ ‘ਤੇ ਬੈਠਣਾ ਹੀ ਸੀ, ਲੰਗੂਰ ਵੀ ਕੁਰਸੀ ‘ਤੇ ਚੜ੍ਹ ਕੇ ਬੈਠ ਗਿਆ। ਅਰਦਲੀ ਨੇ ਐਸ਼ਡੀæਐਮæ ਨੂੰ ਖ਼ਬਰ ਕਰ ਦਿੱਤੀ।
ਵਕੀਲ ਸਾਡੇ ਆਲੇ-ਦੁਆਲੇ ਗੇੜੇ ਕੱਢਣ ਕਿ ਅਸੀਂ ਕੇਸ ਲੜਨ ਲਈ ਵਕੀਲ ਕਰ ਲਈਏ। ਇਕ ਬੁੱਢਾ ਵਕੀਲ ਆਇਆ। ਉਹਨੇ ਸਾਨੂੰ ਤਮਾਸ਼ੇ ਵਾਲੇ ਸਮਝ ਕੇ ਸਾਡੇ ਨਾਲ ਹਮਦਰਦੀ ਪ੍ਰਗਟਾਈ ਅਤੇ ਸਮਝਾਇਆ, “ਵਕੀਲ ਕਰਨ ਦੀ ਕੋਈ ਲੋੜ ਨ੍ਹੀਂ। ਮੈਂ ਥੋਡੇ ਨਾਲ ਚੱਲੂੰ, ਲੈਣਾ ਵੀ ਕੁਛ ਨ੍ਹੀਂ। ਜੇ ਐਸ਼ਡੀæਐਮæ ਨੇ ਪੁੱਛਿਆ ਤਾਂ ਮੈਂ ਕਹਿ ਦੂੰ ਕਿ ਮੈਂ ਇਨ੍ਹਾਂ ਦਾ ਵਕੀਲ ਆਂ।”
ਐਸ਼ਡੀæਐਮæ ਨੇ ਫੋਨ ਕਰ ਕੇ ਡਾਕਟਰ ਬੁਲਾ ਲਿਆ। ਸਾਨੂੰ ਪੇਸ਼ੀ ਲਈ ਅਰਦਲੀ ਨੇ ‘ਵਾਜ਼ ਮਾਰੀ, “ਡਾਕਟਰ ਬਨਾਮ ਲੰਗੂਰ ਹਾਜ਼ਰ ਹੋ।”
ਮੈਂ ਅਰਦਲੀ ਨੂੰ ਕਿਹਾ, “ਤੈਂ ਲੰਗੂਰ ਨੂੰ ‘ਵਾਜ਼ ਮਾਰੀ ਐ। ਆਹ ਫੜ ਸੰਗਲੀ ਤੇ ਇਹਨੂੰ ਲੈ ਜਾ।”
ਉਹ ਹੱਥ ਬੰਨ੍ਹ ਕੇ ਕਹੇ, “ਹਜ਼ੂਰ ਮਾਫ਼ ਕਰ ਦਿਓ। ਅਸਲ ਵਿਚ ਤੁਹਾਨੂੰ ਹੀ ‘ਵਾਜ਼ ਮਾਰੀ ਐ।”
“ਤੇਰਾ ਦਮਾਗ ਖ਼ਰਾਬ ਲਗਦੈ। ਅਸੀਂ ਤੈਨੂੰ ਲੰਗਰੂ ਦਿਸਦੇ ਆਂ।” ਮੈਂ ਥੋੜ੍ਹਾ ਗੁੱਸਾ ਦਿਖਾਉਂਦਿਆਂ ਕਿਹਾ।
“ਸਾਹਬ ਮਾਫ਼ ਕਰੋ। ਗਲਤੀ ਹੋ’ਗੀ।” ਉਹ ਡਰ ਗਿਆ ਸੀ ਕਿ ਐਸ਼ਡੀæਐਮæ ਨੂੰ ਇਹ ਗੱਲ ਦੱਸ ਨਾ ਦੇਣ।
ਅਸੀਂ ਅੰਦਰ ਗਏ। ਐਸ਼ਡੀæਐਮæ ਨੂੰ ਸਲੂਟ ਮਾਰੇ। ਲੰਗੂਰ ਸਾਡੇ ਬਰਾਬਰ ਖੜ੍ਹਾ ਜਦੋਂ ਡਾਕਟਰ ਵੱਲ ਦੇਖਿਆ ਕਰੇ, ਤਾਂ ਡਾਕਟਰ ਦੂਜੇ ਪਾਸੇ ਮੂੰਹ ਮੋੜ ਲਿਆ ਕਰੇ। ਐਸ਼ਡੀæਐਮæ ਵੀ ਸਾਨੂੰ ਦੇਖ ਕੇ ਹੱਸ ਪਿਆ।
“ਗੁਰਜੰਟ ਸਿੰਘ, ਇਹ ਗੱਲ ਤਾਂ ਅਸੀਂ ਸਮਝਦੇ ਆਂ ਕਿ ਜਾਨਵਰ ਕਿਹੜਾ ਸਿਖਾਇਆ ਹੋਇਆ ਸੀ। ਨਾਲੇ ਤੁਸੀਂ ਕਿਹੜਾ ਕੋਲ ਸੀ। ਇਹ ਤਾਂ ਅਚਾਨਕ ਹੋ ਗਿਆ। ਹਾਂ ਜੀ, ਡਾਕਟਰ ਸਾਹਿਬ ਤੁਹਾਡੀ ਕੀ ਰਾਏ ਹੈ।”
“ਮੈਜਿਸਟਰੇਟ ਸਾਹਿਬ, ਮੇਰੀ ਸਲਾਹ ਤਾਂ ਲੰਗੂਰ ਨੂੰ ਕੋਠੀ ਵਿਚ ਕੁਝ ਦਿਨ ਰੱਖਣ ਦੀ ਐ।” ਡਾਕਟਰ ਨੇ ਆਪਣੀ ਗੱਲ ਦੱਸੀ।
ਮੈਂ ਤਾਂ ਅੰਦਰੋਂ ਅੰਦਰ ਖੁਸ਼! ਚਲੋ ਫਾਹਾ ਵੱਢਿਆ ਜਾਊ ਪਰ ਫ਼ਿਕਰ ਇਹ ਵੀ ਕਿ ਸਾਨੂੰ ਜੇਲ੍ਹ ਦੀਆਂ ਸੀਖਾਂ ਜ਼ਰੂਰ ਦਿਖਾਊ।
ਮੈਂ ਡਾਕਟਰ ਵੱਲ ਦੇਖਦਿਆਂ ਕਿਹਾ, “ਡਕਾਟਰ ਸਾਹਿਬ, ਸਾਨੂੰ ਲੰਗੂਰ ਦੇਣ ਤੋਂ ਕੋਈ ਇਤਰਾਜ਼ ਨ੍ਹੀਂ ਭਾਵੇਂ ਕੁਛ ਦਿਨਾਂ ਦੀ ਥਾਂ ਹਮੇਸ਼ਾ ਲਈ ਲੈ ਜਾਓ, ਪਰ ਰੱਖਣਾ ਔਖੈ। ਇਹ ਹਰ ਰੋਜ਼ ਅੱਧਾ ਤੋਲਾ ਅਫੀਮ ਖਾਂਦੈ, ਫਲ ਫਰੂਟ ਖਾਂਦੈ, ਬਿਸਕੁਟ ਖਾਂਦੈ। ਹਾਂ, ਇਕ ਗੱਲ ਹੋਰæææ ਜਦੋਂ ਇਹ ਕੋਠੀ ਵਿਚ ਬੱਚਿਆਂ ਨੇ ਦੇਖ ਲਿਆ, ਉਥੇ ਮੇਲਾ ਲੱਗ ਜਾਣੈ। ਉਨ੍ਹਾਂ ਨੇ ਹਾਤ-ਹੂਤ ਕਰਨੀ ਐ ਤੇ ਤੁਹਾਨੂੰ ਆਰਾਮ ਨ੍ਹੀਂ ਕਰਨ ਦੇਣਾ। ਲੋਕਾਂ ਨੂੰ ਪਤਾ ਲੱਗ ਗਿਆ ਤਾਂ ਥਾਲੀਆਂ ਵਿਚ ਫਲ ਰੱਖ ਕੇ ਪੂਜਾ ਕਰਨ ਵਾਲਿਆਂ ਦੀ ਲਾਈਨ ਲੱਗੀ ਰਹਿਣੀ ਐ।”
ਐਸ਼ਡੀæਐਮæ ਅਫੀਮ ਖਾਣ ਵਾਲੀ ਗੱਲ ਸੁਣ ਕੇ ਹੱਸ ਪਿਆ। ਮੇਰੇ ਮਨ ਨੂੰ ਚੈਨ ਜਿਹਾ ਆਇਆ ਕਿ ਹੁਣ ਇਹ ਜੇਲ੍ਹ ਨ੍ਹੀਂ ਭੇਜਦਾ।
ਡਾਕਟਰ ਕਹਿੰਦਾ, “ਮੈਂ ਇਹਨੂੰ ਘਰ ਰੱਖ ਕੇ ਇਹ ਦੇਖਣੈ ਕਿ ਕਿਤੇ ਹਲਕਿਆ ਹੋਇਆ ਤਾਂ ਨ੍ਹੀਂ। ਜੇ ਹਲਕਿਆ ਹੋਇਆ ਤਾਂ 20 ਦਿਨਾਂ ਵਿਚ ਮਰ’ਜੂ ਤੇ ਮੈਂ ਹਲਕਾਅ ਦੇ ਟੀਕੇ ਲਵਾ ਲੂੰ। ਜੇ ਇਹਨੂੰ ਕੁਝ ਨਾ ਹੋਇਆ ਤਾਂ ਟੀਕੇ ਨਾ ਲਵਾਊਂ।”
“ਗੁਰਜੰਟ ਸਿਆਂ, ਦੱਸ ਕਿਵੇਂ ਕਰਨੀ ਐਂ?” ਮੈਜਿਸਟਰੇਟ ਨੇ ਮੇਰੇ ਕੋਲੋਂ ਪੁੱਛਿਆ।
ਮੈਂ ਜੀਤੂ ਵੱਲ ਦੇਖ ਕੇ ਕਿਹਾ, “ਕਿਵੇਂ ਸਲਾਹ ਐ?”
“ਮੇਰੀ ਸਲਾਹ ਤੇਰੇ ਨਾਲ ਈ ਐ।” ਜੀਤੂ ਵੀ ਖੁਸ਼ ਸੀ, ਜਾਨ ਛੁੱਟੀ ਲਾਖੋਂ ਪਾਏ।
ਮੈਂ ਕਿਹਾ, “ਮੈਜਿਸਟਰੇਟ ਸਾਹਿਬ, ਸਾਨੂੰ ਕੋਈ ਇਤਰਾਜ਼ ਨ੍ਹੀਂ। ਡਾਕਟਰ ਸਾਹਿਬ ਭਾਵੇਂ ਹਮੇਸ਼ਾ ਲਈ ਰੱਖ ਲੈਣ।”
“ਨਹੀਂ, ਨਹੀਂæææ ਬੱਸ 20 ਦਿਨ ਰੱਖ ਕੇ ਹੀ ਦੇਖਣੈ ਕਿ ਹਲਕਿਆ ਹੋਇਆ ਤਾਂ ਨ੍ਹੀਂ।” ਡਾਕਟਰ ਵੀ ਰੱਖਣਾ ਨ੍ਹੀਂ ਸੀ ਚਾਹੁੰਦਾ।
ਮੈਂ ਕਿਹਾ, “ਡਾਕਟਰ ਸਾਹਿਬ, ਅਫੀਮ ਮੰਗਵਾ ਲਓ। ਤੁਹਾਨੂੰ ਖਵਾ ਕੇ ਦਿਖਾ ਦਿਆਂਗੇ।”
ਐਸ਼ਡੀæਐਮæ ਡਾਕਟਰ ਦਾ ਮਿੱਤਰ ਸੀ। ਉਹ ਕਹਿੰਦਾ, “ਤੁਸੀਂ ਡਾਕਟਰ ਸਾਹਿਬ ਦੀ ਕੋਠੀ ਪਹੁੰਚੋ। ਸਭ ਪ੍ਰਬੰਧ ਕਰਦੇ ਆਂ। ਮੈਂ ਵੀ ਉਥੇ ਔਨੈਂ।”
ਕਚਹਿਰੀ ਵਿਚ ਬੈਠੇ ਕਲਰਕ, ਅਰਦਲੀ, ਵਕੀਲ ਤੇ ਤਰੀਕਾਂ ਭੁਗਤਣ ਆਏ ਹੋਰ ਲੋਕ ਸਾਡੀਆਂ ਗੱਲਾਂ ਸੁਣ-ਸੁਣ ਹੈਰਾਨ ਹੋ ਰਹੇ ਸਨ। ਸਾਨੂੰ ਡਾਕਟਰ ਨੇ ਕੋਠੀ ਦਾ ਪਤਾ ਲਿਖਵਾ ਦਿੱਤਾ। ਡਾਕਟਰ ਨੇ ਸਾਡੇ ਕੋਠੀ ਪਹੁੰਚਣ ਬਾਰੇ ਫੋਨ ਕਰ ਕੇ ਘਰ ਵਾਲੀ ਨੂੰ ਦੱਸ ਦਿੱਤਾ ਸੀ। ਜਦੋਂ ਅਸੀਂ ਕੋਠੀ ਪਹੁੰਚੇ, ਚੌਕੀਦਾਰ ਬਾਹਰਲਾ ਗੇਟ ਨਾ ਖੋਲ੍ਹੇ। ਅਸੀਂ ਬਥੇਰਾ ਕਿਹਾ ਕਿ ਸਾਨੂੰ ਡਾਕਟਰ ਸਾਹਿਬ ਨੇ ਭੇਜਿਆ ਹੈ। ਉਹ ਕਹੇ, “ਕੋਠੀ ਵਿਚ ਮਦਾਰੀਆਂ ਦਾ ਕੀ ਕੰਮ?” ਆਵਾਜ਼ ਸੁਣ ਕੇ ਡਾਕਟਰ ਦੀ ਪਤਨੀ ਬਾਹਰ ਆਈ ਤੇ ਉਹਨੇ ਚੌਕੀਦਾਰ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜੀਤੂ ਨੇ ਲੰਗੂਰ ਨੂੰ ਬਾਹਰ ਦਰਖ਼ਤ ਨਾਲ ਬੰਨ੍ਹ ਦਿੱਤਾ। ਲੰਗੂਰ ਤਾਂ ਦੂਰ-ਦੂਰ ਤੱਕ ਪਹਿਲਵਾਨਾਂ ਵਾਂਗੂੰ ਗੇੜੇ ਦਿੰਦਾ ਫਿਰੇ। ਡਾਕਟਰਨੀ ਨੇ ਸਾਨੂੰ ਚਾਹ-ਪਾਣੀ ਪੁੱਛਿਆ ਤੇ ਫਿਰ ਨੌਕਰ ਹੱਥ ਸਿਉ ਕੱਟ-ਸਵਾਰ ਕੇ ਸਾਡੇ ਲਈ ਭੇਜੇ। ਦੋ-ਤਿੰਨ ਫਾੜੀਆਂ ਜੀਤੂ ਨੇ ਲੰਗੂਰ ਵੱਲ ਵਗਾਹ ਦਿੱਤੀਆਂ। ਉਹ ਤਾਂ ਫਾੜੀ ਨੂੰ ਥੱਲੇ ਡਿੱਗਣ ਹੀ ਨਾ ਦੇਵੇ ਤੇ ਮੂੰਹ ਵਿਚ ਹੀ ਬੁੱਚ ਲਵੇ।
ਐਸ਼ਡੀæਐਮæ ਨੇ ਅਰਦਲੀ ਨੂੰ ਭੇਜ ਕੇ ਠਾਣੇ ਵਿਚੋਂ ਪਾਈਆ ਕੁ ਅਫੀਮ ਮੰਗਵਾ ਲਈ। ਉਹ ਵੀ ਕੋਠੀ ਪਹੁੰਚ ਗਿਆ। ਚਾਹ ਆ ਗਈ। ਅਸੀਂ ਚਾਹ ਪੀਤੀ ਤੇ ਬਿਸਕੁਟ ਵੀ ਖਾਧੇ। ਲੰਗੂਰ ਨੂੰ ਵੀ ਖਵਾ ਦਿੱਤੇ। ਇਕ ਪਿਆਲੀ ਚਾਹ ਦੀ ਮੰਗਵਾ ਕੇ ਲੰਗੂਰ ਨੂੰ ਪਿਲਾ ਦਿੱਤੀ। ਮੈਜਿਸਟਰੇਟ ਲੰਗੂਰ ਨੂੰ ਚੀਜ਼ਾਂ ਖਾਂਦਿਆਂ ਦੇਖ-ਦੇਖ ਹੈਰਾਨ ਹੋਈ ਜਾਵੇ। ਉਹਨੇ ਜੀਤੂ ਨੂੰ ਅਫੀਮ ਦਾ ਡਲਾ ਫੜਾ ਕੇ ਲੰਗੂਰ ਨੂੰ ਖਵਾਉਣ ਲਈ ਕਿਹਾ। ਜੀਤੂ ਨੇ ਅੱਧਾ ਕੁ ਤੋਲਾ ਅਫੀਮ ਤੋੜੀ ਤੇ ਬਿਸਕੁਟ ‘ਤੇ ਲਾ ਕੇ ਡਾਕਟਰ ਨੂੰ ਕਿਹਾ, “ਡਾਕਟਰ ਸਾਹਿਬ, ਤੁਸੀਂ ਖਵਾਓ। ਇਹ ਸਮਝ ਜਾਊ ਤੇ ਤੁਹਾਡੇ ‘ਤੇ ਧਿਜ ਜਾਊ। ਬਾਕੀ ਦੇ ਦਿਨ ਤੁਸੀਂ ਹੀ ਖਵਾਉਣੀ ਐਂ।”
ਡਾਕਟਰ ਨੇ ਜੀਤੂ ਤੋਂ ਅਫੀਮ ਫੜ ਕੇ ਲੰਗੂਰ ਵਲ ਹੱਥ ਕੀਤਾ। ਲੰਗੂਰ ਨੇ ਬਹੁਤ ਸਾਵਧਾਨੀ ਨਾਲ ਬਿਸਕੁਟ ਫੜ ਕੇ ਮੂੰਹ ਵਿਚ ਪਾ ਲਿਆ। ਮੈਜਿਸਟਰੇਟ ਕਹੇ, “ਇਹ ਐਨੀ ਅਫੀਮ ਖਾ ਕੇ ਮਰੂ ਨ੍ਹੀਂ?”
ਮੈਂ ਕਿਹਾ, “ਮੈਜਿਸਟਰੇਟ ਸਾਹਿਬ, ਇੰਨੀ ਨਾਲ ਇਹਨੂੰ ਕੁਝ ਨ੍ਹੀਂ ਹੁੰਦਾ। ਇਹ ਤਾਂ ਇਸ ਤੋਂ ਵੱਧ ਖਾ ਜਾਂਦੈ।”
ਲੰਗੂਰ ਅਫੀਮ ਮੂੰਹ ਵਿਚ ਪਾ ਕੇ ਪਚਾਕੇ ਮਾਰ-ਮਾਰ ਕੇ ਅਮਲੀਆਂ ਵਾਂਗੂੰ ਚੂਸੇ। ਮੈਜਿਸਟਰੇਟ ਕਹਿੰਦਾ, “ਇਹ ਕੀ ਕਰਦੈ?”
ਮੈਂ ਕਿਹਾ, “ਸਾਹਿਬ, ਇਹ ‘ਫੀਮ ਚੂਸਦੈ। ਚੂਸਣ ਨਾਲ ਇਹਦਾ ਅਸਰ ਛੇਤੀ ਹੁੰਦੈ।” ਸਾਡੇ ਬੈਠਿਆਂ-ਬੈਠਿਆਂ ਲੰਗੂਰ ਤਾਂ ਹੋ ਗਿਆ ਅਮਲੀਆਂ ਵਾਂਗੂੰ ਤਰਾਰਿਆਂ ‘ਚ। ਟਪੂਸੀਆਂ ਮਾਰ-ਮਾਰ ਖੇਡੇ।
ਮੈਜਿਸਟਰੇਟ ਨੇ ਸਾਨੂੰ ਕਿਹਾ, “ਹੁਣ ਤੁਸੀਂ ਜਾ ਸਕਦੇ ਹੋ। ਇੱਕੀ ਦਿਨਾਂ ਨੂੰ ਆ ਕੇ ਲੈ ਜਾਇਓ।”
ਮੈਂ ਕਿਹਾ, “ਸਾਹਿਬ, ਜੇ ਡਾਕਟਰ ਸਾਹਿਬ ਰੱਖਣਾ ਚਾਹੁੰਦੇ ਹਨ ਤਾਂ ਰੱਖ ਲੈਣ।” ਮੇਰੇ ਬੋਲ ਵਿਚ ਤਾਹਨਾ ਜਿਹਾ ਸੀ।
ਅਸੀਂ ਉਨ੍ਹਾਂ ਸਭ ਨੂੰ ਸਤਿ ਸ੍ਰੀ ਅਕਾਲ ਕਹਿ ਕੇ ਕੋਠੀ ਤੋਂ ਬਾਹਰ ਆ ਗਏ। ਆਉਣ ਲੱਗਿਆਂ ਜੀਤੂ ਲੰਗੂਰ ਨੂੰ ਪਲੋਸ ਆਇਆ। ਬਾਹਰ ਆਏ ਤਾਂ ਕਹਿੰਦਾ, “ਸਰਦਾਰ ਜੀ, ਮੈਜਿਸਟਰੇਟ ਤੋਂ ਜੇ ਅਫੀਮ ਦੀ ਡਲੀ ਮੰਗ ਲੈਂਦੇ ਤਾਂ ਉਹਨੇ ਦੇ ਦੇਣੀ ਸੀ ਤੇ ਆਪਣੇ ਪੰਦਰਾਂ-ਵੀਹ ਦਿਨ ਅਰਾਮ ਨਾਲ ਨਿਕਲ ਜਾਣੇ ਸੀ।”
“ਸਾਲਿਆ ਮੜਕਾਂ ਦਿਆ, ਜੇ ਉਹ ਪੁੱਛ ਲੈਂਦਾ ਕਿ ਤੁਸੀਂ ਇਹਨੂੰ ‘ਫੀਮ ਕਿਥੋਂ ਲੈ ਕੇ ਖਵਾਉਨੇ ਓਂ, ਉਹਨੇ ਪੁਲਿਸ ਦੇ ਹਵਾਲੇ ਕਰ ਦੇਣਾ ਸੀ। ਪੁਲਿਸ ਨੇ ਕੁੱਟ-ਕੁੱਟ ਕੇ ਢੂੰਗੇ ‘ਤੇ ਲਾਸਾਂ ਪਾ ਦੇਣੀਆਂ ਸੀ। ਪੁੱਛਣਾ ਸੀ-ਦੱਸੋ ਕਿਹੜੇ ਬਲੈਕੀਏ ਤੋਂ ਲੈਨੇ ਓਂ। ਸਾਲਿਆ, ਐਂ ਨ੍ਹੀਂ ਸ਼ੁਕਰ ਕਰਦਾ, ਖਹਿੜਾ ਛੁੱਟ ਗਿਆ।” ਮੈਂ ਜੀਤੂ ਨੂੰ ਲੈ ਕੇ ਰਿਕਸ਼ਾ ਲਿਆ ਤੇ ਬਸ ਸਟੈਂਡ ਪਹੁੰਚ ਗਏ। ਮੋਗੇ ਪਹੁੰਚਦਿਆਂ ਨੌਂ ਵੱਜ ਗਏ।
ਮੈਂ ਜੀਤੂ ਨੂੰ ਕਿਹਾ, “ਤੂੰ ਹੁਣ ਲੋਕਲ ਗੇੜੇ ਲਾ ਲੀਂ। ਗੁਹਾਟੀ-ਗਹੂਟੀ ਵੱਲ ਨਾ ਜਾਈਂ। ਨਾ ਜਾਣੇ, ਮੁੜਿਆ ਨਾ ਗਿਆ ਫਿਰ ਕੀ ਇਲਾਜ ਹੋਊ।” ਜੀਤੂ ਨੂੰ ਬਾਹਰ ਨ੍ਹੀਂ ਜਾਣ ਦਿੱਤਾ। ਰੋਜ਼ ਦਿਨ ਗਿਣਨ ਲੱਗੇ। ਦਸ, ਨੌਂ, ਅੱਠ ਕਰਦਿਆਂ ਅਖੀਰਲਾ ਦਿਨ ਆ ਗਿਆ। ਪਿਛਲੀ ਵਾਰੀ ਦੀ ਖੱਜਲ-ਖੁਆਰੀ ਦੇਖਦਿਆਂ ਅਸੀਂ ਟਰੱਕ ਲਿਜਾਣ ਦਾ ਹੀ ਫੈਸਲਾ ਕਰ ਲਿਆ। ਟਰੱਕ ਦਾ ਨੰਬਰ ਨਹੀਂ ਸੀ ਲੱਗਿਆ। ਅਸੀਂ ਦਿਆਲੂ ਡਰਾਈਵਰ ਨੂੰ ਵੀ ਨਾਲ ਲੈ ਗਏ। ਅਸੀਂ ਸੋਚ ਲਿਆ ਸੀ ਕਿ ਜੇ ਕੈਦ ਹੋ ਗਈ ਤਾਂ ਇਹ ਟਰੱਕ ਵਾਪਸ ਲੈ ਆਊ। ਜੇ ਕੈਦ ਤੋਂ ਬਚ’ਗੇ ਤਾਂ ਉਹ ਪਤੰਦਰ ਵੀ ਲਿਆਉਣਾ ਪਊ। ਦੂਜੇ ਦਿਨ ਜਦੋਂ ਕਚਹਿਰੀ ਪਹੁੰਚੇ ਤਾਂ ਹਰ ਕੋਈ ਕਹੇ ਤੇ ਹੱਸੇ, “ਆ ਗਏ ਬਈ ਲੰਗੂਰ ਵਾਲੇ।”
‘ਚੋਰ ਦੀ ਮਾਂ ਕੋਠੀ ਵਿਚ ਮੂੰਹ’ ਵਾਲੀ ਗੱਲ ਸੀ। ਅਸੀਂ ਉਨ੍ਹਾਂ ਨੂੰ ਕੀ ਸਮਝਾਈਏ ਕਿ ਅਸੀਂ ਮਦਾਰੀ ਨਹੀਂ। ਬੱਸ ਨੀਵੀਂ ਪਾਈ ਤੁਰੀ ਗਏ ਤੇ ਵੇਟਿੰਗ ਰੂਮ ਵਿਚ ਜਾ ਬੈਠੇ। ਅਰਦਲੀ ਨੇ ਮੈਜਿਸਟਰੇਟ ਨੂੰ ਜਾ ਦੱਸਿਆ। ਅਸੀਂ ਤਾਂ ਬੈਠੇ-ਬੈਠੇ ਹੀ ਸੁੱਕ ਗਏ। ਟਾਈਮ ਵੀ ਲੰਗੜੀ ਗਾਂ ਵਾਂਗੂੰ ਤੁਰ ਰਿਹਾ ਸੀ। ਮੈਜਿਸਟਰੇਟ ਮੁਕੱਦਮੇ ਸੁਣਦਾ ਰਿਹਾ। ਡਾਕਟਰ ਇਕ ਵਜੇ ਆਇਆ।
ਮੈਜਿਸਟਰੇਟ ਨੇ ਡਾਕਟਰ ਤੋਂ ਹੱਸਦਿਆਂ ਪੁੱਛਿਆ, “ਡਾਕਟਰ ਸਾਹਿਬ, ਦੱਸੋ, ਇਨ੍ਹਾਂ ਨੂੰ ਕੈਦ ਕਰ ਦਿਆਂ।” ਜਦੋਂ ਮੈਂ ਸੁਣਿਆ ਤਾਂ ਮੇਰੇ ਤਾਂ ਉਦੋਂ ਹੀ ਸਾਹ ਸੁੱਕ ਗਏ। ਮੈਨੂੰ ਲੱਗਿਆ, ਛੇ ਮਹੀਨਿਆਂ ਦੀ ਕੈਦ ਤਾਂ ਜ਼ਰੂਰ ਕਰੂ। ਮੈਂ ਜੀਤੂ ਨਾਲ ਅੱਖਾਂ ਮਿਲਾਈਆਂ ਤੇ ਸਿਰ ਹਿਲਾ ਕੇ ਇਸ਼ਾਰਾ ਕਰਦਿਆਂ ਮਨ ਵਿਚ ਕਿਹਾ, ਸਾਲਿਆ ਮੇਰਿਆ, ਹੁਣ ਪਤਾ ਲੱਗੂ ਲੰਗੂਰ ਰੱਖਣ ਦਾ ਜਦੋਂ ਛੇ ਮਹੀਨੇ ਸੀਖਾਂ ਪਿੱਛੇ ਰਹਿਣਾ ਪਿਆ ਤੇ ਤੈਨੂੰ ਤਨਖਾਹ ਨਾ ਮਿਲੀ ਤੇ ਤੇਰੇ ਬੱਚੇ ਵੀ ਭੁੱਖੇ ਮਰੇ।
ਡਾਕਟਰ ਸ਼ਰੀਫ ਸੀ। ਕਹਿੰਦਾ, “ਜੱਜ ਸਾਹਿਬ, ਜਾਨਵਰ ਕਿਹੜਾ ਇਨ੍ਹਾਂ ਸਿਖਾਇਆ ਹੋਇਆ ਸੀ, ਬਈ ਮੈਨੂੰ ਹੀ ਕੱਟਣਾ ਹੈ। ਬਰੀ ਕਰ ਦਿਓ ਇਨ੍ਹਾਂ ਨੂੰ। ਲੰਗੂਰ ਠੀਕ-ਠਾਕ ਹੈ। ਉਹਨੂੰ ਕੁਝ ਨਹੀਂ ਹੋਇਆ।”
ਮੈਜਿਸਟਰੇਟ ਨੇ ਸਾਨੂੰ ਡਾਕਟਰ ਦੇ ਘਰ ਜਾਣ ਅਤੇ ਲੰਗੂਰ ਲੈ ਜਾਣ ਲਈ ਕਹਿ ਦਿੱਤਾ।
ਡਾਕਟਰ ਵੀ ਘਰ ਪਹੁੰਚ ਗਿਆ ਤੇ ਅਸੀਂ ਵੀ ਟਰੱਕ ‘ਤੇ ਡਾਕਟਰ ਦੀ ਕੋਠੀ ਪਹੁੰਚ ਗਏ। ਡਾਕਟਰ ਨੇ ਲੰਗੂਰ ਵੱਲ ਉਂਗਲ ਕਰਦਿਆਂ ਕਿਹਾ, “ਤੁਸੀਂ ਇਸ ਨੂੰ ਲੈ ਜੋ। ਮੇਰੇ ਮਨ ਵਿਚ ਸ਼ੱਕ ਸੀ ਕਿ ਕਿਤੇ ਹਲਕਿਆ ਨਾ ਹੋਵੇ। ਉਹ ਹੁਣ ਦੂਰ ਹੋ ਗਿਐ।”
“ਡਾਕਟਰ ਸਾਹਿਬ, ਤੁਸੀਂ ਜੇ ਚਾਹੋ ਤਾਂ ਰੱਖ ਲਵੋ। ਅਸੀਂ ਤਾਂ ਇਹਨੂੰ ਜਿੱਧਰੋਂ ਲਿਆਂਦਾ ਸੀ, ਉਧਰ ਹੀ ਛੱਡ ਆਉਣੈ। ਮੈਂ ਤਾਂ ਬਥੇਰਾ ਟੋਕਿਆ ਸੀ ਪਰ ਆਹ ਜੀਤੂ ਲੈ ਆਇਆ।” ਮੈਂ ਟਕੋਰ ਲਾਉਂਦਿਆਂ ਕਿਹਾ।
“ਗੁਰਜੰਟ ਸਿਆਂ। ਸਾਡੇ ਘਰ ਤਾਂ ਮੇਲਾ ਹੀ ਲੱਗਿਆ ਰਿਹਾ ਕਰੇ। ਬੱਚੇ ਦੇਖ ਕੇ ਇਹਦੇ ਦੁਆਲੇ ਇਕੱਠੇ ਹੋਏ ਰਹਿੰਦੇ। ਜੇ ਕੋਈ ਰੋੜੀ ਮਾਰ ਕੇ ਛੇੜਦਾ ਤਾਂ ਉਸ ਵੱਲ ਦੰਦ ਕੱਢ ਕੇ ਘੀਂ-ਘੀਂ ਕਰ ਕੇ ਜਾਵੇ। ਕੋਈ ਲੰਮੀ ਛਿਟੀ ਲਾ ਕੇ ਛੇੜ ਜਾਂਦਾ। ਸਾਨੂੰ ਤਾਂ ਦਿਨੇ ਸੌਣਾ ਹੀ ਨਸੀਬ ਨਹੀਂ ਹੋਇਆ। ਸਾਡਾ ਭਾਈਚਾਰਾ ਤਾਂ ਇਹਨੂੰ ਹਨੂੰਮਾਨ ਸਮਝ ਕੇ ਇਹਦੀ ਪੂਜਾ ਕਰਨ ਲੱਗ ਪਿਆ। ਲਿਆ ਲਿਆ ਕੇ ਕੇਲੇ, ਸੇਬ ਚੜ੍ਹਾਉਂਦੇ ਰਹਿੰਦੇ। ਕੁਝ ਤਾਂ ਇਹ ਖਾ ਜਾਂਦਾ, ਕੁਝ ਪਾੜ-ਝੀੜ ਕੇ ਖਰਾਬ ਕਰ ਕੇ ਸੁੱਟ ਦਿੰਦਾ। ਗੰਦ ਪਿਆ ਰਹਿੰਦਾ।”
“ਡਾਕਟਰ ਸਾਹਿਬ, ਕੋਈ ਰੁਪਈਆ ਧੇਲੀ ਵੀ ਚੜ੍ਹਾ ਜਾਂਦਾ ਹੋਊ।” ਮੈਂ ਹੱਸਦਿਆਂ ਟਕੋਰ ਕੀਤੀ।
“ਤੁਹਾਨੂੰ ਇਹ ਕੌਮ ਰੁਪਈਏ ਚੜ੍ਹਾਉਣ ਵਾਲੀ ਲਗਦੀ ਐ। ਇਹ ਤਾਂ ਮੰਦਰਾਂ ਵਿਚ ਵੀ ਪੰਜੀਆਂ ਦਸੀਆਂ ਹੀ ਚੜ੍ਹਾਉਂਦੇ ਨੇ।” ਡਾਕਟਰ ਨੇ ਭਾਈਚਾਰੇ ਦੇ ਕੰਜੂਸਪੁਣੇ ਬਾਰੇ ਦੱਸਿਆ।
ਡਾਕਟਰ ਲੰਗੂਰ ਤੋਂ ਅੱਕਿਆ ਪਿਆ ਸੀ। ਉਸ ਨੇ ਫੁੱਲ ਬੂਟੇ ਪੁੱਟ ਦਿੱਤੇ ਸਨ। ਕੋਠੀ ਦਾ ਬੁਰਾ ਹਾਲ ਕੀਤਾ ਪਿਆ ਸੀ।
ਅਸੀਂ ਲੰਗੂਰ ਲੈ ਕੇ ਮੋਗੇ ਆ ਗਏ। ਜੀਤੂ ਲੰਗੂਰ ਲੈ ਗਿਆ। ਉਹਦੇ ਘਰ ਵੀ ਬੱਚਿਆਂ ਦਾ ਤੇ ਹਨੂੰਮਾਨ ਦੀ ਪੂਜਾ ਕਰਨ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ।

Be the first to comment

Leave a Reply

Your email address will not be published.