ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਚੌਥਾ ਆਲਮੀ ਕਬੱਡੀ ਕੱਪ ਪਿਛਲੇ ਸਾਲ ਨਾਲੋਂ ਵੀ ਵੱਧ ਧੂਮ-ਧੜੱਕੇ ਨਾਲ ਸ਼ੁਰੂ ਹੋਇਆ ਹੈ। ਐਤਕੀਂ ਇਸ ਕੱਪ ਵਿਚ ਭਾਵੇਂ ਪਿਛਲੇ ਸਾਲ ਨਾਲੋਂ ਘੱਟ ਟੀਮਾਂ ਸ਼ਿਰਕਤ ਕਰ ਰਹੀਆਂ ਹਨ, ਫਿਰ ਵੀ ਮੁੰਡਿਆਂ ਦੀਆਂ 12 ਅਤੇ ਕੁੜੀਆਂ ਦੀਆਂ 8 ਟੀਮਾਂ ਦੀ ਸ਼ਿਰਕਤ ਕੋਈ ਘੱਟ ਵੱਡੀ ਪ੍ਰਾਪਤੀ ਨਹੀਂ ਹੈ। ਆਏ ਸਾਲ ਇਸ ਕਬੱਡੀ ਕੱਪ ਦਾ ਪ੍ਰਤਾਪ ਅਸਮਾਨ ਵੱਲ ਉਡਾਣ ਭਰਦਾ ਜਾਪਦਾ ਹੈ। ਐਤਕੀਂ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਖਿਡਾਰੀਆਂ ਨੂੰ 20 ਕਰੋੜ ਰੁਪਏ ਦੇ ਇਨਾਮ ਵੰਡੇ ਜਾਣੇ ਹਨ। ਪੰਜਾਬ ਅਤੇ ਪੰਜਾਬੀਆਂ ਲਈ ਇਹ ਗੱਲ ਬੜੇ ਮਾਣ ਵਾਲੀ ਹੈ। ਕੱਲ੍ਹ ਤੱਕ ਕਬੱਡੀ ਅਤੇ ਕਬੱਡੀ ਖਿਡਾਰੀਆਂ ਦਾ ਹਾਲ ਕੁਝ ਹੋਰ ਸੀ ਪਰ ਹੁਣ ਗੱਲ ਬਹੁਤ ਅਗਾਂਹ ਨਿਕਲ ਗਈ ਹੈ। ‘ਕਰੋੜਾਂ ਦੀ ਕਬੱਡੀ’ ਨੇ ਇਸ ਖੇਡ ਵਿਚ ਨਵੀਂ ਰੂਹ ਫੂਕ ਦਿੱਤੀ ਹੈ। ਇਸ ਨਾਲ ਇਕੱਲੇ ਖਿਡਾਰੀਆਂ ਦੇ ਹੀ ਵਾਰੇ-ਨਿਆਰੇ ਨਹੀਂ ਹੋਏ ਸਗੋਂ ਦਰਸ਼ਕਾਂ ਨੂੰ ਵੀ ਰੱਜ ਆ ਗਿਆ ਹੈ। ਖਿਡਾਰੀ ਪੂਰੇ 15 ਦਿਨ ਪੰਜਾਬ ਭਰ ਵਿਚ 13 ਥਾਂਵਾਂ ਉਤੇ ਪੰਜਾਬ ਦੀ ਇਸ ਮਾਂ-ਖੇਡ ਦੇ ਜਲਵੇ ਦਿਖਾਉਣਗੇ। ਇਸ ਖੇਡ ਵਿਚ ਇਕੱਲਾ-ਇਕੱਲਾ ਖਿਡਾਰੀ ਭਾਵੇਂ ਵਿਰੋਧੀ ਟੀਮ ਦੇ ਇਕੱਲੇ ਖਿਡਾਰੀ ਨੂੰ ਸਿੱਧਾ ਟੱਕਰਦਾ ਹੈ, ਪਰ ਇਸ ਵਿਚ ਟੀਮ ਦਾ ਲੱਗ ਰਿਹਾ ਤਾਣ ਦੇਖਿਆਂ ਹੀ ਬਣਦਾ ਹੈ। ਖੇਡਾਂ ਦਾ ਸਿੱਧਾ ਸੁਨੇਹਾ ਸਾਂਝ ਨਾਲ ਜੁੜਿਆ ਹੋਇਆ ਹੈ। ਕਬੱਡੀ ਮੁੱਖ ਰੂਪ ਵਿਚ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਖੇਡੀ ਜਾਂਦੀ ਹਰਮਨ ਪਿਆਰੀ ਖੇਡ ਹੈ। ਬੰਗਲਾ ਦੇਸ਼ ਜੋ ਕਦੀ ਭਾਰਤ ਦਾ ਇਕ ਹਿੱਸਾ ਰਿਹਾ ਹੈ, ਦੀ ਇਹ ਕੌਮੀ ਖੇਡ ਹੈ। ਕਬੱਡੀ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਹੈ ਪਰ ਆਧੁਨਿਕ ਯੁੱਗ ਵਿਚ ਇਸ ਬਾਰੇ ਚਰਚਾ 1936 ਵਿਚ ਸ਼ੁਰੂ ਹੋਈ ਸੀ ਜਦੋਂ ਬਰਲਿਨ ਵਿਚ ਹੋ ਰਹੀਆਂ ਉਲੰਪਿਕ ਖੇਡਾਂ ਦੌਰਾਨ ਇਸ ਦੀ ਨੁਮਾਇਸ਼ ਲਾਈ ਗਈ ਸੀ। 1950 ਵਿਚ ਆਲ ਇੰਡੀਆ ਕਬੱਡੀ ਫੈਡਰੇਸ਼ਨ ਬਣ ਗਈ ਤੇ ਫਿਰ ਤਾਂ ਚੱਲ ਸੋ ਚੱਲ। ਛੇ ਦਹਾਕਿਆਂ ਦੌਰਾਨ ਇਸ ਖੇਡ ਦਾ ਰੰਗ-ਰੂਪ ਬਹੁਤ ਨਿੱਖਰ ਆਇਆ ਹੈ। ਇਸ ਨੂੰ ਹੁਣ ਵਾਲੀ ਪੁਜੀਸ਼ਨ ਤੱਕ ਪਹੁੰਚਣ ਲਈ ਭਾਵੇਂ ਟੇਢੇ-ਮੇਢੇ ਰਸਤਿਆਂ ਵਿਚੋਂ ਲੰਘਣਾ ਪਿਆ ਹੈ ਪਰ ਹੁਣ ਇਹ ਜਿਸ ਮੁਕਾਮ ‘ਤੇ ਪੁੱਜ ਗਈ ਹੈ, ਉਸ ਤੋਂ ਇਸ ਖੇਡ ਅੰਦਰਲੀ ਚਿਣਗ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਤਾਂ ਆਏ ਸਾਲ ਆਲਮੀ, ਏਸ਼ੀਆਈ ਅਤੇ ਵੱਖ-ਵੱਖ ਦੇਸ਼ਾਂ ਵਿਚ ਕਬੱਡੀ ਟੂਰਨਾਮੈਂਟ ਲਗਾਤਾਰ ਕਰਵਾਏ ਜਾ ਰਹੇ ਹਨ। ਕਬੱਡੀ ਦੇ ਮੁੱਖ ਰੂਪ ਵਿਚ ਤਿੰਨ ਸਟਾਈਲ ਹਨ-ਨੈਸ਼ਨਲ ਸਟਾਈਲ, ਬੀਚ ਸਟਾਈਲ ਅਤੇ ਸਰਕਲ ਸਟਾਈਲ। ਇਨ੍ਹਾਂ ਵਿਚੋਂ ਸਭ ਤੋਂ ਵੱਧ ਚਰਚਾ ਸਰਕਲ ਸਟਾਈਲ ਦੀ ਹੀ ਹੁੰਦੀ ਹੈ। ਪੰਜਾਬ (ਲਹਿੰਦਾ ਤੇ ਚੜ੍ਹਦਾ, ਦੋਵਾਂ ਹੀ) ਵਿਚ ਸਰਕਲ ਸਟਾਈਲ ਪ੍ਰਚੱਲਿਤ ਹੋਣ ਕਰ ਕੇ ਇਹ ਸਟਾਈਲ, ਪੰਜਾਬ ਸਟਾਈਲ ਕਰ ਕੇ ਵੀ ਮਸ਼ਹੂਰ ਹੈ। 1936 ਵਿਚ ਬਰਲਿਨ ਉਲੰਪਿਕਸ ਵਿਚ ਕਬੱਡੀ ਦੀ ਜਿਹੜੀ ਨੁਮਾਇਸ਼ ਹੋਈ ਸੀ, ਉਹ ਸਰਕਲ ਸਟਾਈਲ ਕਬੱਡੀ ਹੀ ਸੀ। ਉਦੋਂ ਸੰਸਾਰ ਭਰ ਦੇ ਖਿਡਾਰੀ ਅਜਿਹੀ ਜਾਂਬਾਜ਼ ਖੇਡ ਦੇਖ ਕੇ ਦੰਗ ਰਹਿ ਗਏ ਸਨ।
ਪੰਜਾਬ ਦੇ ਪੇਂਡੂ ਜੀਵਨ ਵਿਚ ਕਬੱਡੀ ਦਾ ਆਪਣਾ ਮਹੱਤਵ ਰਿਹਾ ਹੈ। ਕੁਝ ਅੰਦਰੂਨੀ ਅਤੇ ਬਹਿਰੂਨੀ ਕਾਰਨਾਂ ਕਰ ਕੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਵਿਚ ਜਿਸ ਤਰ੍ਹਾਂ ਨਸ਼ਿਆਂ ਦੀ ਸਪਲਾਈ ਅਤੇ ਖਪਤ ਵਧੀ ਹੈ, ਉਸ ਦਾ ਇਕ ਤੋੜ ਖੇਡਾਂ ਨੂੰ ਹੱਲਾਸ਼ੇਰੀ ਦੇਣ ਦਾ ਹੀ ਮਿਥਿਆ ਗਿਆ ਹੈ ਪਰ ਪਿਛਲੇ ਕੱਪਾਂ ਦੌਰਾਨ ਕਬੱਡੀ ਨੂੰ ਜਿਸ ਤਰ੍ਹਾਂ ਡੋਪਿੰਗ ਦਾ ਡੰਗ ਵੱਜਿਆ, ਉਸ ਨਾਲ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋਏ ਹਨ। ਇਸ ਮਾਮਲੇ ਵਿਚ ਆਲਮੀ ਕਬੱਡੀ ਕੱਪ ਦੀ ਸਰਪ੍ਰਸਤ ਪੰਜਾਬ ਸਰਕਾਰ ਵੀ ਸਵਾਲਾਂ ਦੇ ਘੇਰੇ ਵਿਚ ਹੈ ਕਿਉਂਕਿ ਸੂਬੇ ਵਿਚ ਜਿਸ ਢੰਗ ਨਾਲ ਨਸ਼ਿਆਂ ਦੀਆਂ ਨਦੀਆਂ ਵਗ ਰਹੀਆਂ ਹਨ, ਉਸ ਨੂੰ ਡੱਕਣ ਲਈ ਸਰਕਾਰ ਨੇ ਕੋਈ ਕਾਰਗਰ ਕਦਮ ਨਹੀਂ ਉਠਾਏ; ਇਹ ਸਰਕਾਰ ਭਾਵੇਂ ਅਕਾਲੀ ਦਲ ਦੀ ਸੀ ਜਾਂ ਕਾਂਗਰਸ ਦੀ। ਇਕ ਗੱਲ ਤਾਂ ਮੁੱਢ ਤੋਂ ਹੀ ਸਪਸ਼ਟ ਹੈ ਕਿ ਸਿਆਸੀ ਸਰਪ੍ਰਸਤੀ ਤੋਂ ਬਗੈਰ ਇੰਨੀ ਵੱਡੀ ਪੱਧਰ ਉਤੇ ਨਸ਼ਿਆਂ ਦਾ ਕਾਰੋਬਾਰ ਕਿਸੇ ਵੀ ਸੂਰਤ ਸੰਭਵ ਨਹੀਂ ਹੈ। ਭਲਵਾਨ ਅਤੇ ਪੰਜਾਬ ਪੁਲਿਸ ਦੇ ਸਾਬਕਾ ਅਫਸਰ ਜਗਦੀਸ਼ ਭੋਲਾ ਵਾਲੇ ਕੇਸ ਦੇ ਖੁਲਾਸਿਆਂ ਤੋਂ ਬਾਅਦ ਤਾਂ ਹੁਣ ਕੋਈ ਭਰਮ-ਭੁਲੇਖਾ ਵੀ ਨਹੀਂ ਰਿਹਾ। ਇਸ ਕੇਸ ਵਿਚ ਸੱਤਾਧਾਰੀ ਅਕਾਲੀ ਦਲ ਦੇ ਲੀਡਰਾਂ ਦਾ ਨਾਂ ਸਿੱਧਾ ਹੀ ਵੱਜਿਆ ਹੈ ਪਰ ਕਬੱਡੀ ਨੂੰ ਨਸ਼ਿਆਂ ਦਾ ਤੋੜ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਬਾਰੇ ਤਕਰੀਬਨ ਖਾਮੋਸ਼ ਹੀ ਹੋ ਗਏ ਹਨ; ਸਗੋਂ ਉਨ੍ਹਾਂ ਤਾਂ ਇਸ ਕੇਸ ਵਿਚ ਅਜਨਾਲਾ ਪਿਉ-ਪੁੱਤਰ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਹੈ। ਇਸ ਸੂਰਤ ਵਿਚਾਰਿਆਂ ਆਲਮੀ ਕਬੱਡੀ ਕੱਪ ਹਾਰਦਾ ਜਾਪਦਾ ਹੈ। ਇਸ ਤੱਥ ਤੋਂ ਵੀ ਹੁਣ ਕੋਈ ਅਣਜਾਣ ਨਹੀਂ ਕਿ ਆਲਮੀ ਕਬੱਡੀ ਕੱਪ ਦਾ ਜਨਮ ਅਕਾਲੀ ਦਲ ਤੇ ਕਾਂਗਰਸ ਦੀ ਸ਼ਰੀਕੇਬਾਜ਼ੀ ਵਿਚੋਂ ਹੀ ਹੋਇਆ ਸੀ। ਉਂਜ ਜਿਸ ਤਰ੍ਹਾਂ ਇਹ ਕਬੱਡੀ ਕੱਪ ਉਠਿਆ ਸੀ, ਤੇ ਜਿਸ ਤਰ੍ਹਾਂ ਇਸ ਤੋਂ ਪੀਡੇ-ਪੱਕੇ ਨਤੀਜਆਂ ਦੀ ਆਸ ਲਗਈ ਗਈ ਸੀ, ਉਹ ਸਿਆਸੀ ਰੱਸਾ-ਕਸ਼ੀ ਤੱਕ ਹੀ ਸੀਮਤ ਹੁੰਦੀ ਜਾਪਦੀ ਹੈ, ਹਾਲਾਂਕਿ ਕਬੱਡੀ ਨਾਲ ਜੁੜੀਆਂ ਅਮੋਲਕ ਸਿੰਘ ਗਾਖਲ (ਕੈਲੀਫੋਰਨੀਆ) ਵਰਗੀਆਂ ਸ਼ਖਸੀਅਤਾਂ ਨੇ ਇਸ ਖੇਡ ਦੀ ਹੱਲਾਸ਼ੇਰੀ ਲਈ ਅਤੇ ਨਸ਼ਿਆਂ ਤੋਂ ਮੁਕਤੀ ਲਈ ਸਭ ਨੂੰ ਇਹ ਰਾਹ ਦਿਖਾਇਆ ਹੈ। ਅਸਲ ਵਿਚ ਸਰਕਾਰ ਦੀ ਸਰਪ੍ਰਸਤੀ ਹੇਠ ਹੀ ਅਜਿਹਾ ਰਾਹ ਅਗਾਂਹ ਮੋਕਲਾ ਹੋ ਸਕਦਾ ਹੈ। ਕਬੱਡੀ ਕੱਪ ਹਰ ਹਾਲ ਇਸੇ ਦਾ ਜ਼ਰੀਆ ਬਣਨਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੈ, ਜੇ ਕਬੱਡੀ ਨੂੰ ਸਿਆਸਤ ਦੀਆਂ ਘੁੰਮਣ-ਘੇਰੀਆਂ ਤੋਂ ਬਚਾ ਕੇ ਰੱਖਿਆ ਜਾਵੇ। ਉਂਜ, ਕਬੱਡੀ ਕੱਪ ਦਾ ਉਦਘਾਟਨ ਹਰ ਸਾਲ ਹੀ ਵਿਵਾਦਾਂ ਵਿਚ ਘਿਰਦਾ ਰਿਹਾ ਹੈ। ਹੈਰਾਨੀ ਹੀ ਹੁੰਦੀ ਹੈ ਕਿ ਖਾਲੀ ਖਜ਼ਾਨੇ ਦਾ ਰੌਲਾ ਪਾਉਣ ਵਾਲੀ ਸਰਕਾਰ ਬਾਲੀਵੁਡ ਦੇ ਸਿਤਾਰੇ ਲਿਆ ਕੇ ਅਜਿਹੇ ਮਹਿੰਗੇ ਸਮਾਗਮ ਕਿਸ ਤਰ੍ਹਾਂ ਰਚਾ ਸਕਦੀ ਹੈ? ਅੱਜ ਦੀ ਤਾਰੀਖ ਵਿਚ ਕਬੱਡੀ ਕੱਪ ਦਾ ਮਹੱਤਵ ਨਸ਼ਿਆਂ ਖਿਲਾਫ ਮੁਹਿੰਮ ਦੀ ਸਾਰਥਿਕਤਾ ਨਾਲ ਵੱਧ ਜੁੜਿਆ ਹੋਇਆ ਹੈ।
Leave a Reply