ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਪ੍ਰਧਾਨ ਮੰਤਰੀ ਦੇ ਅਹੁਦੇ ਲਈ ਭਾਜਪਾ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੀ ਪੰਜਾਬ ਫੇਰੀ ਸ਼੍ਰੋਮਣੀ ਅਕਾਲੀ ਦਲ (ਬ) ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਅਕਾਲੀ-ਭਾਜਪਾ ਗਠਜੋੜ ਵੱਲੋਂ ਸੂਬੇ ਵਿਚ ਲੋਕ ਸਭਾ ਚੋਣਾਂ ਦੀ ਮੁਹਿੰਮ ਦੇ ਆਗਾਜ਼ ਲਈ 21 ਦਸੰਬਰ ਨੂੰ ‘ਫਤਿਹ ਰੈਲੀ’ ਰੈਲੀ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀਆਂ ਜਿਥੇ ਇਸ ਰੈਲੀ ‘ਤੇ ਅਤਿਵਾਦੀ ਹਮਲੇ ਦਾ ਖਤਰਾ ਦੱਸ ਰਹੀਆਂ ਹਨ, ਉਥੇ ਸ਼੍ਰੋਮਣੀ ਅਕਾਲੀ ਦਲ (ਅ) ਤੇ ਕਈ ਹੋਰ ਧਿਰਾਂ ਨੇ ਸ੍ਰੀ ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਦਾ ਐਲਾਨ ਕੀਤਾ ਹੈ। ਕਾਂਗਰਸ ਵੱਲੋਂ ਗੁਜਰਾਤ ਵਿਚ ਵਸੇ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੇ ਧੱਕੇ ਦੇ ਮੁੱਦੇ ‘ਤੇ ਸ੍ਰੀ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅਸਲ ਵਿਚ ਇਹ ਰੈਲੀ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ ਨੂੰ ਇਕ ਵਾਰ ਰੱਦ ਵੀ ਕਰਨਾ ਪਿਆ ਹੈ। ਪਹਿਲਾਂ ਇਹ ਰੈਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ‘ਤੇ ਅੱਠ ਦਸੰਬਰ ਨੂੰ ਮੋਗਾ ਜ਼ਿਲ੍ਹੇ ਵਿਚ ਹੋਣੀ ਸੀ ਪਰ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ ਗਿਆ। ਉਂਜ, ਭਾਜਪਾ ਨੇ ਦਾਅਵਾ ਕੀਤਾ ਸੀ ਕਿ ਦੂਜੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਦੇ ਮੱਦੇਨਜ਼ਰ ਸ੍ਰੀ ਮੋਦੀ ਵੱਲੋਂ ਆਪਣੇ ਸਾਰੇ ਰੁਝੇਵੇਂ ਰੱਦ ਕਰਨ ਕਰ ਕੇ ਇਹ ਰੈਲੀ ਅੱਗੇ ਪਾਈ ਗਈ ਸੀ।
ਦਿਲਚਸਪ ਗੱਲ ਇਹ ਹੈ ਕਿ ਹੁਣ ਰੈਲੀ ਵਾਲੀ ਥਾਂ ਵੀ ਬਦਲ ਦਿੱਤੀ ਗਈ ਹੈ। ਹੁਣ ਇਹ ਰੈਲੀ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲ੍ਹੀ ਚਾਹਲਾਂ ਦੀ ਥਾਂ ਜਗਰਾਉਂ ਵਿਚ ਕਰਵਾਈ ਜਾ ਰਹੀ ਹੈ। ਦੂਜੇ ਪਾਸੇ ਸ੍ਰੀ ਮੋਦੀ ਦੀ ਆਮਦ ਨੂੰ ਲੈ ਕੇ ਭਾਵੇਂ ਅਜੇ ਅਕਾਲੀ-ਭਾਜਪਾ ਦੇ ਆਗੂਆਂ ਨੇ ਕੋਈ ਸਰਗਰਮੀ ਨਹੀਂ ਵਿਖਾਈ ਪਰ ਵਿਰੋਧੀ ਧਿਰਾਂ ਨੇ ਭਾਜਪਾ ਆਗੂ ਦੀ ਫੇਰੀ ਨੂੰ ਲੈ ਕੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਿਸ ਸਮੇਤ ਖੁਫੀਆਂ ਏਜੰਸੀਆਂ ਨੇ ਰੈਲੀ ਵਾਲੀ ਥਾਂ ਜਗਰਾਉਂ ‘ਤੇ ਨਜ਼ਰਾਂ ਟਿਕਾ ਲਈਆਂ ਹਨ। ਇਹ ਰੈਲੀ ਜਗਰਾਉਂ ਦੀ ਸਹਿਕਾਰੀ ਖੰਡ ਮਿੱਲ ਵਿਚ ਕਰਵਾਈ ਜਾ ਰਹੀ ਹੈ। ਕੌਮੀ ਪੱਧਰ ਦੀ ਇਸ ਰੈਲੀ ਲਈ ਜਗਰਾਉਂ ਦੀ ਸਹਿਕਾਰੀ ਖੰਡ ਮਿੱਲ ਵਾਲੀ 80 ਏਕੜ ਥਾਂ ਨੂੰ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵੱਲੋਂ 11ਵੀਂ ਅਤੇ 12ਵੀਂ ਜਮਾਤ ਵਾਲੀਆਂ ਲੜਕੀਆਂ ਨੂੰ ਸਾਈਕਲ ਵੰਡਣ ਦੀ ਸ਼ੁਰੂਆਤ ਸਮੇਂ ਰਾਜ ਪੱਧਰੀ ਸਮਾਗਮ ਕਰਵਾਉਣ ਲਈ ਵੀ ਵਰਤਿਆ ਜਾ ਚੁੱਕਾ ਹੈ। ਹੁਣ ਇਸੇ ਥਾਂ ਨੂੰ 80 ਏਕੜ ਨਾਲ ਹੋਰ ਜ਼ਮੀਨ ਲੈ ਕੇ ਸ੍ਰੀ ਮੋਦੀ ਦੀ ਫੇਰੀ ਮੌਕੇ ਵੀ ਰੈਲੀ ਕਰਵਾਉਣ ਲਈ ਚੁਣਿਆ ਗਿਆ ਹੈ।
ਸ੍ਰੀ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਦੂਜੀਆਂ ਸਿਆਸੀ ਧਿਰਾਂ ਨੇ ਵੀ ਝੰਡੇ ਚੁੱਕ ਲਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਚੁੱਕੇ ਹਨ ਕਿ ਉਹ ਗੁਜਰਾਤ ਵਸਦੇ ਪੰਜਾਬ ਦੇ ਕਿਸਾਨਾਂ ਦੇ ਉਜਾੜੇ ਲਈ ਜ਼ਿੰਮੇਵਾਰ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਦਾ ਤਿੱਖਾ ਵਿਰੋਧ ਕਰਨਗੇ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਵੀ ਸ੍ਰੀ ਮੋਦੀ ਨੂੰ ਘੱਟ ਗਿਣਤੀਆਂ ਲਈ ਖ਼ਤਰਾ ਦੱਸਦਿਆਂ ਉਨ੍ਹਾਂ ਦੀ ਪੰਜਾਬ ਫੇਰੀ ਸਮੇਂ ਕਾਲੀਆਂ ਝੰਡੀਆਂ ਲੈ ਕੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ।
ਭਾਜਪਾ ਆਗੂ ਖ਼ਿਲਾਫ਼ ਵਿਰੋਧੀ ਧਿਰਾਂ ਦੇ ਅਜਿਹੇ ਐਲਾਨਾਂ ਕਰ ਕੇ ਪੰਜਾਬ ਪੁਲਿਸ ਹੁਣੇ ਤੋਂ ਫਿਕਰਮੰਦ ਹੋ ਗਈ ਹੈ। ਇਸ ਤੋਂ ਪਹਿਲਾਂ ਬਿਹਾਰ ਦੇ ਸ਼ਹਿਰ ਪਟਨਾ ਵਿਚ ਸ੍ਰੀ ਮੋਦੀ ਦੀ ਰੈਲੀ ਤੋਂ ਕੁਝ ਸਮਾਂ ਪਹਿਲਾਂ ਹੋਏ ਬੰਬ ਧਮਾਕਿਆਂ ਕਰ ਕੇ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੇ ਖੁਫੀਆਂ ਏਜੰਸੀਆਂ ਰੈਲੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਚੌਕਸ ਹੋ ਗਈਆਂ ਹਨ। ਰੈਲੀ ਵਾਲੀ ਥਾਂ ‘ਤੇ ਪੰਜਾਬ ਪੁਲਿਸ ਵੱਲੋਂ ਜਿਥੇ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਕੇ ਲਗਾਤਾਰ ਨਿਗਾਹ ਰੱਖੀ ਜਾ ਰਹੀ ਹੈ, ਉਥੇ ਸ੍ਰੀ ਮੋਦੀ ਦੀ ਪੰਜਾਬ ਫੇਰੀ ਸਮੇਂ ਅਤਿਵਾਦੀ ਜਥੇਬੰਦੀਆਂ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੀਤੀ ਜਾ ਰਹੀ ਤਿਆਰੀ ਦੀ ਸੂਹ ਦੇ ਮੱਦੇਨਜ਼ਰ ਪੁਲਿਸ ਦੀ ਨੀਂਦ ਹਰਾਮ ਹੋ ਗਈ ਹੈ।
Leave a Reply