ਆਲਮੀ ਕਬੱਡੀ ਕੱਪ ਦੇ ਜਸ਼ਨ ਅਤੇ ਪੰਜਾਬ ਦੀ ਹਕੀਕਤ

ਬੂਟਾ ਸਿੰਘ
ਫੋਨ: 91-94634-74342
ਰਾਜੇ-ਮਹਾਰਾਜਿਆਂ ਦੇ ਜ਼ਮਾਨੇ ਤੋਂ ਇਹ ਦਸਤੂਰ ਚਲਿਆ ਆ ਰਿਹਾ ਹੈ ਕਿ ਰਾਜਿਆਂ ਦਾ ਸਰੋਕਾਰ ਸਿਰਫ਼ ਆਪਣੀ ਨਿੱਜੀ ਜ਼ਿੰਦਗੀ ਅਤੇ ਅੱਯਾਸ਼ੀ ਨਾਲ ਹੁੰਦਾ ਹੈ। ਪਰਜਾ ਪਵੇ ਢੱਠੇ ਖੂਹ ਵਿਚ। ਜਿਹੜਾ ਕੋਈ ਰਾਜਾ ਆਪਣੀ ਨਿੱਜੀ ਜ਼ਿੰਦਗੀ ਦੇ ਭੋਗ-ਵਿਲਾਸ ਤੋਂ ਥੋੜ੍ਹੀ ਵਿਹਲ ਕੱਢ ਕੇ ਲੋਕ ਭਲਾਈ ਦਾ ਕੋਈ ਕੰਮ ਕਰ ਲਿਆ ਕਰਦਾ ਸੀ, ਉਸ ਦੀ ਮਹਿਮਾ ਪੂਰੇ ਜੱਗ ਵਿਚ ਫੈਲ ਜਾਇਆ ਕਰਦੀ ਸੀ। ਉਂਝ ਜ਼ਿਆਦਾਤਰ ਰਾਜਿਆਂ ਦੀ ਜ਼ਿਆਦਾ ਹਯਾਤੀ ਪਰਜਾ ਦੀ ਕੀਮਤ ‘ਤੇ ਘੋਰ ਅੱਯਾਸ਼ੀ ਵਿਚ ਹੀ ਨਿਕਲ ਜਾਂਦੀ ਸੀ। ਪੁਸ਼ਤ-ਦਰ-ਪੁਸ਼ਤ। ਅਜੋਕੇ ‘ਜਮਹੂਰੀਅਤ’ ਦੇ ਯੁਗ ਦੇ ਹੁਕਮਰਾਨ ਪੁਰਾਣੇ ਰਾਜੇ-ਮਹਾਰਾਜਿਆਂ ਤੋਂ ਘੱਟ ਨਹੀਂ ਹਨ। ਆਧੁਨਿਕ ਰਾਜੇ-ਮਹਾਰਾਜੇ-ਸ਼ਹਿਜ਼ਾਦੇ ਗਾਹੇ-ਬਗਾਹੇ ਐਸੇ ਕਾਰਨਾਮੇ ਕਰਦੇ ਰਹਿੰਦੇ ਹਨ ਜਿਨ੍ਹਾਂ ਤੋਂ ਸਾਬਤ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਜ਼ਹਿਨੀਅਤ ਬਦਲੀ ਨਹੀਂ ਹੈ। ਉਹ ਅਜੇ ਵੀ ਮੁਲਕ ਨੂੰ ਆਪਣੀ ਨਿੱਜੀ ਜਾਗੀਰ ਹੀ ਸਮਝਦੇ ਹਨ ਅਤੇ ਇਥੋਂ ਦੇ ਬਾਸ਼ਿੰਦਿਆਂ ਨੂੰ ਆਪਣੀ ਰਿਆਇਆ; ਜਿਨ੍ਹਾਂ ਨੂੰ ਜਿਵੇਂ ਮਰਜ਼ੀ ਬੇਵਕੂਫ਼ ਬਣਾਇਆ ਤੇ ਦਬੱਲਿਆ ਜਾ ਸਕਦਾ ਹੈ। ਬਾਦਲ ਹਕੂਮਤ ਵਲੋਂ ਕਰਵਾਏ ਜਾਂਦੇ ਆਲਮੀ ਕਬੱਡੀ ਕੱਪ ਦਾ ਧੂਮ-ਧੜੱਕਾ ਸ਼ਾਇਦ ਇਹੀ ਪੈਗ਼ਾਮ ਦੇ ਰਿਹਾ ਹੈ।
ਆਲਮੀ ਕਬੱਡੀ ਕੱਪ ਉਦੋਂ ਕਰਵਾਏ ਜਾ ਰਹੇ ਹਨ ਜਦੋਂ ਬੁਨਿਆਦੀ ਖੇਡ ਸਭਿਆਚਾਰ ਬੁਰੀ ਤਰ੍ਹਾਂ ਦਮ ਤੋੜ ਚੁੱਕਾ ਹੈ ਅਤੇ ਰਹਿੰਦਾ-ਖੂੰਹਦਾ ਪੈਸੇ ਵਾਲਿਆਂ ਜਾਂ ਸੌੜੇ ਸਿਆਸੀ ਹਿੱਤਾਂ ਵਾਲਿਆਂ ਦੀ ਪੁਸ਼ਤ-ਪਨਾਹੀ ਨੇ ਅਗਵਾ ਕਰ ਲਿਆ ਹੈ। ਹੁਕਮਰਾਨਾਂ ਦੇ ਮੂੰਹੋਂ ਅਕਸਰ ਹੀ ਸੁਣਨ ਵਿਚ ਆਉਂਦਾ ਕਿ ਫਲਾਣਾ ਪ੍ਰੋਜੈਕਟ ਇਸ ਕਰ ਕੇ ਅਧੂਰਾ ਹੈ ਕਿਉਂਕ ਸੂਬੇ ਦਾ ਖ਼ਜ਼ਾਨਾ ਖਾਲੀ ਹੈ। ਅਪਰੈਲ 2011 ਤੋਂ ਲੈ ਕੇ 4000 ਬੇਰੁਜ਼ਗਾਰ ਲਾਈਨਮੈਨ ਤੇ ਉਨ੍ਹਾਂ ਦੇ ਪਰਿਵਾਰ ਲਗਾਤਾਰ ਲੜ ਰਹੇ ਹਨ ਕਿ ‘ਫ਼ਖ਼ਰ-ਏ-ਕੌਮ’ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ 5000 ਲਾਈਨਮੈਨਾਂ ਨੂੰ ਨੌਕਰੀ ‘ਤੇ ਰੱਖਣ ਦਾ ਆਪਣਾ ਵਾਅਦਾ ਪੂਰੇ ਕਰੇ। ਭਰਤੀ 5000 ਕੀਤੇ ਗਏ ਤੇ ਨੌਕਰੀ ਸਿਰਫ਼ 1000 ਨੂੰ ਦਿੱਤੀ ਗਈ। ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਪੁਲਿਸ ਤੇ ਜਥੇਦਾਰਾਂ/ਲੱਠਮਾਰਾਂ ਦੀ ਤਾਕਤ ਦੇ ਜ਼ੋਰ ਉਨ੍ਹਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। ਉਨ੍ਹਾਂ ਵਿਚੋਂ ਤਰਨਤਾਰਨ ਦਾ ਬੇਰੁਜ਼ਗਾਰ ਲਾਈਨਮੈਨ ਲਾਰਿਆਂ ਤੋਂ ਨਿਰਾਸ਼ ਹੋ ਕੇ ਪਿੱਛੇ ਜਿਹੇ ਖ਼ੁਦਕੁਸ਼ੀ ਕਰ ਗਿਆ ਪਰ ਉਨ੍ਹਾਂ ਦੇ ਰੁਜ਼ਗਾਰ ਦਾ ਸਵਾਲ ਉਸੇ ਤਰ੍ਹਾਂ ਬੇ-ਹੱਲ ਪਿਆ ਹੈ, ਕਿਉਂਕਿ ‘ਖ਼ਜ਼ਾਨਾ ਖਾਲੀ ਹੈ’। ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹਾਂ, ਕੁੜੀਆਂ ਨੂੰ ਸ਼ਗਨ ਸਕੀਮਾਂ ਦੇ ਬਕਾਏ, ਬਜ਼ੁਰਗਾਂ ਤੇ ਵਿਧਵਾਵਾਂ ਨੂੰ 400-500 ਰੁਪਏ ‘ਪੈਨਸ਼ਨਾਂ’ ਦੀ ਖ਼ੈਰਾਤ ਦੇਣ, ਡੂੰਘੇ ਖੇਤੀ ਸੰਕਟ ਕਾਰਨ ਆਪਣੀਆਂ ਜਾਨਾਂ ਲੈ ਰਹੇ ਕਿਸਾਨਾਂ ਤੇ ਕਿਰਤੀਆਂ ਨੂੰ ਸੰਕਟ ਵਿਚੋਂ ਕੱਢਣ, ਕੈਂਸਰ ਦੀ ਵਿਆਪਕ ਲਪੇਟ ‘ਚ ਆਏ ਅਵਾਮ ਨੂੰ ਮੌਤ ਦੇ ਮੂੰਹੋਂ ਬਚਾਉਣ, ਸਿੱਖਿਆ ਅਤੇ ਸਿਹਤ ਸੇਵਾਵਾਂ ਵਰਗੀਆਂ ਬੁਨਿਆਦੀ ਇਨਸਾਨੀ ਜ਼ਰੂਰਤਾਂ ਦੀ ਪੂਰਤੀ ਦੇ ਪੁਖ਼ਤਾ ਇੰਤਜ਼ਾਮ ਕਰਨ ਅਤੇ ਇਨ੍ਹਾਂ ਦੇ ਬਜਟ ਵਿਚ ਵਾਧਾ ਕਰਨ, ਕਤਲਗਾਹਾਂ ਦਾ ਰੂਪ ਧਾਰ ਚੁੱਕੀਆਂ ਖੱਡੇਨੁਮਾ ਸੜਕਾਂ ਦੀ ਲੋੜੀਂਦੀ ਮੁਰੰਮਤ ਲਈ, ਜਾਂ ਕਹਿ ਲਓ, ਸਮਾਜੀ/ਮਨੁੱਖੀ ਬਿਹਤਰੀ ਦੇ ਕਿਸੇ ਵੀ ਪ੍ਰੋਜੈਕਟ ਲਈ ਹਕੂਮਤ ਕੋਲ ਪੈਸੇ ਨਹੀਂ ਹਨ। ਉਲਟੀ ਨੀਤੀ ਹੈ ਕਿ ਰੇਟ ਵਧਾ ਕੇ ਅਵਾਮ ਦੀ ਜੇਬ ਕਿਵੇਂ ਕੱਟਣੀ ਹੈ। ਅੱਜ ਦੇ ਹੁਕਮਰਾਨਾਂ ਨੂੰ ਜਾਅਲਸਾਜ਼ੀ ਤੇ ਅਵਾਮ ਦੀਆਂ ਜੇਬ-ਕੱਟਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਸੁੱਝਦਾ।
ਦੋ ਮਿਸਾਲਾਂ ਹੀ ਕਾਫ਼ੀ ਹਨ। ਬੁਰੀ ਤਰ੍ਹਾਂ ਬੇਰੋਜ਼ਗਾਰੀ/ਬੇਕਾਰੀ ਦੀ ਲਪੇਟ ਵਿਚ ਆਏ ਸੂਬੇ ਵਿਚ (ਜਿਥੇ ਕੁਝ ਦਿਨ ਪਹਿਲਾਂ ਹੀ ਦੁਆਬੇ ਵਿਚ ਪੜ੍ਹੀ-ਲਿਖੀ ਮੁਟਿਆਰ ਅਤੇ ਫਿਰੋਜ਼ਪੁਰ ਦੇ ਬੇਰੁਜ਼ਗਾਰ ਲਾਈਨਮੈਨ ਨੇ ਬੇਰੋਜ਼ਗਾਰੀ ਦੀ ਪ੍ਰੇਸ਼ਾਨੀ ਕਾਰਨ ਖ਼ੁਦਕੁਸ਼ੀ ਕੀਤੀ ਹੈ) ਅਜੇ ਵੀ ਬੇਰੁਜ਼ਗਾਰੀ ਭੱਤਾ 150 ਪ੍ਰਤੀ ਮਹੀਨਾ (ਗਰੈਜੂਏਸ਼ਨ ਪੱਧਰ ਵਾਲੇ ਨੂੰ 200 ਰੁਪਏ) ਹੈ ਜਿਸ ਨੂੰ ਹਾਸਲ ਕਰਨ ਖ਼ਾਤਰ ਤਿੰਨ ਸਾਲ, ਤਿੰਨ ਮਹੀਨੇ ਲਗਾਤਾਰ ਅਰਜ਼ੀ ਦੇ ਕੇ ਇਹ ਸਾਬਤ ਕਰਨਾ ਪੈਂਦਾ ਹੈ ਕਿ ਬੇਨਤੀਕਰਤਾ ਸੱਚੀਂ ਬੇਰੋਜ਼ਗਾਰ ਹੈ। ਦੂਜੀ ਮਿਸਾਲ, ਜਦੋਂ ਪੂਰਾ ਪੰਜਾਬ ਜਾਨਲੇਵਾ ਬਿਮਾਰੀਆਂ ਦੀ ਲਪੇਟ ਵਿਚ ਹੋਵੇ, ਜਦੋਂ ਰੋਜ਼ ਔਸਤ 10-12 ਬੰਦੇ ਸੜਕ ਹਾਦਸਿਆਂ ‘ਚ ਮਰ ਰਹੇ ਹੋਣ, ਉਦੋਂ ਜੇ ਹਕੂਮਤ ਦਾਨ ਕੀਤੇ ਜਾਣ ਵਾਲੇ ਖ਼ੂਨ ਜੋ ਇਲਾਜ ਲਈ ਬਹੁਤ ਅਹਿਮ ਹੁੰਦਾ ਹੈ, ਦੇ ਟੈਸਟ ਦੀ ਪ੍ਰਤੀ ਯੂਨਿਟ ਦਰ 300 ਰੁਪਏ ਤੋਂ ਵਧਾ ਕੇ 1000 ਰੁਪਏ ਕਰਨ ਦਾ ਫ਼ੈਸਲਾ ਕਰ ਲੈਂਦੀ ਹੈ ਅਤੇ ਐਨ ਉਸੇ ਵਕਤ ਕਬੱਡੀ ਕੱਪ ਦੇ ਸੱਤ ਕਰੋੜੀ ਇਨਾਮ ਅਤੇ ਪ੍ਰਿਅੰਕਾ ਚੋਪੜਾ ਦੇ ਚੰਦ ਮਿੰਟਾਂ ਦੇ ਨਾਚ ਉੱਪਰ 6 ਕਰੋੜ ਰੁਪਏ ਖ਼ਰਚੇ ਜਾਣ ਦਾ ਐਲਾਨ ਕਰਦੀ ਹੈ ਤਾਂ ਸੱਤਾਧਾਰੀਆਂ ਦੀ ਜ਼ਹਿਨੀਅਤ ਸਮਝਣੀ ਮੁਸ਼ਕਲ ਨਹੀਂ ਹੈ।
ਮੀਡੀਆ ਵਿਚ ਧੜਾਧੜ ਇਸ਼ਤਿਹਾਰਬਾਜ਼ੀ ਕਰ ਕੇ ਅਵਾਮ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੇਖੋ! ਸਾਡੀ ਹਕੂਮਤ ਚੌਥਾ ਆਲਮੀ ਕਬੱਡੀ ਕਰਵਾ ਕੇ ਅਤੇ ਰੁਲ ਚੁੱਕੀ ਇਸ ਮੁਕਾਮੀ ਖੇਡ ਨੂੰ ਖੇਡਾਂ ਦੀ ਗਰੇਡੇਸ਼ਨ ਸੂਚੀ ਵਿਚ ਸ਼ਾਮਲ ਕਰਨ ਦਾ ਮਾਅਰਕਾ ਮਾਰ ਕੇ ਇਸ ਸੂਬੇ ਉੱਪਰ ਕਿੰਨਾ ਵੱਡਾ ਪਰਉਪਕਾਰ ਕਰ ਰਹੀ ਹੈ।
ਕਬੱਡੀ ਨੂੰ ਪਿੰਡ ਤੋਂ ਚੁੱਕ ਕੇ ਆਲਮੀ ਬੁਲੰਦੀ ‘ਤੇ ਪਹੁੰਚਾਉਣਾ ਕਿਤੇ ਛੋਟਾ ਮਾਅਰਕਾ ਹੈ! 6 ਮਹਾਂਦੀਪਾਂ ਦੇ 14 ਮੁਲਕਾਂ ਦੇ ਖਿਡਾਰੀਆਂ-ਖਿਡਾਰਨਾਂ ਦਾ 15 ਦਿਨ ਮਹਾਂ ਜੋੜਮੇਲਾ ਅਤੇ 7 ਕਰੋੜੀ ਇਨਾਮ ਕਿਤੇ ਛੋਟੀ ਜਹੀ ਗੱਲ ਹੈ! ਕੁਲ ਆਲਮ ਵਿਚ ਪੰਜਾਬ ਦੀ ਬੱਲੇ-ਬੱਲੇ ਹੋਈ ਪਈ ਹੈ। ਉਪਰੋਂ ਸਟਾਰ ਕਲਾਕਾਰ ਪ੍ਰਿਅੰਕਾ ਚੋਪੜਾ ਦੇ ਚੰਦ ਮਿੰਟ ਛੇ ਕਰੋੜੀ ਠੁਮਕਿਆਂ ਦੇ ਜਲਵੇ ਵੱਖਰੇ। ਉਸ ਪ੍ਰਿਅੰਕਾ ਨੂੰ ਚੰਦ ਘੰਟੇ ਰਹਿਣ ਲਈ ਚੰਡੀਗੜ੍ਹ ਤੋਂ ਉਰੇ ਪੰਜਾਬ ਦਾ ਕੋਈ ਹੋਟਲ ਹੀ ਪਸੰਦ ਨਹੀਂ ਆਉਂਦਾ! ਲਿਹਾਜ਼ਾ ਇਹ ਹੈਰਤ-ਅੰਗੇਜ਼ ਨਹੀਂ ਸੀ ਕਿ ਬਠਿੰਡਾ ਵਿਚ ਚੌਥੇ ਆਲਮੀ ਕਬੱਡੀ ਕੱਪ ਦਾ ਪੂਰੇ ਧੂਮ-ਧੜੱਕੇ ਨਾਲ ਆਗਾਜ਼ ਕੀਤੇ ਜਾਣ ਮੌਕੇ ਦੋਵੇਂ ਪਿਉ-ਪੁੱਤ ਆਪਣੇ ਵਜ਼ਾਰਤੀ ਲਾਮ-ਲਸ਼ਕਰ ਸਮੇਤ ਪ੍ਰਿਅੰਕਾ ਚੋਪੜਾ ਦੀ ਅਦਾਕਾਰੀ ਦਾ ਇੰਝ ਆਨੰਦ ਮਾਣ ਰਹੇ ਸਨ ਜਿਵੇਂ ਰਾਜੇ-ਮਹਾਰਾਜੇ ਸਿੰਘਾਸਣ ‘ਤੇ ਬਿਰਾਜ ਕੇ ‘ਮੁਜਰੇ’ ਵੇਖਿਆ ਕਰਦੇ ਸਨ।
ਉਥੇ ‘ਸ਼ੁਸ਼ੋਭਿਤ’ 85 ਵਰ੍ਹਿਆਂ ਨੂੰ ਢੁੱਕੇ ‘ਪੰਥ ਰਤਨ’ ਨੂੰ ਪਰਮ-ਆਨੰਦ ਵਿਚ ਦੇਖ ਕੇ ਅਤੇ ਇਨ੍ਹਾਂ ਦੇ ਗੱਪਨੁਮਾ ਦਾਅਵੇ ਸੁਣ ਕੇ ਸੂਬੇ ਤੋਂ ਬਾਹਰ ਬੈਠਾ ਬੰਦਾ ਭਲਾ ਕਿਵੇਂ ਸੋਚ ਸਕਦਾ ਹੈ ਕਿ ਪੰਜਾਬ ਦਾ ‘ਵਿਕਾਸ’ ਨਹੀਂ ਹੋ ਰਿਹਾ। ਜਦੋਂ ਬਾਪ ਬਾਦਲ ਕਹਿ ਰਿਹਾ ਹੋਵੇ ਕਿ ‘ਸੁਖਬੀਰ ਦੀ ਉਸਾਰੂ ਸੋਚ ਸਦਕਾ ਸਰਕਾਰ ਨੇ ਖੇਡਾਂ ਦੀ ਪ੍ਰਫੁੱਲਤਾ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਹਨ’। ਅਜਿਹੀਆਂ ਕੋਰੀਆਂ ਗੱਪਾਂ ਸੁਣ ਕੇ ਪੰਜਾਬ ਦਾ ਬੇਵੱਸ ਅਵਾਮ ਮੁਸ਼ਕੜੀਏਂ ਹੱਸ ਛੱਡਦਾ ਹੈ ਜਾਂ ਫਿਰ ਇਨ੍ਹਾਂ ਬਿਆਨਾਂ ਨੂੰ ਹੋਊ-ਪਰੇ ਕਰ ਛੱਡਦਾ ਹੈ ਪਰ ‘ਰਾਜਿਆ ਅੱਗਾ ਢੱਕ’ ਕਹਿਣ ਦੀ ਹਿੰਮਤ ਨਹੀਂ ਪੈ ਰਹੀ। ਕੀ ਜਵਾਨੀ ਨੂੰ ਖੇਡਾਂ ਲਈ ਉਤਸ਼ਾਹਤ ਕਰਨਾ ਇਤਰਾਜ਼ ਵਾਲਾ ਕੰਮ ਹੈ? ਉਹ ਵੀ ਉਦੋਂ ਮੀਡੀਆ ਦੀਆਂ ਸੁਰਖ਼ੀਆਂ ਕੂਕ ਰਹੀਆਂ ਹਨ ਕਿ ਇੱਥੋਂ ਦੇ 70 ਫ਼ੀ ਸਦੀ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਚੁੱਕੇ ਹਨ। ਜਦੋਂ ਹਰ ਦੂਜੇ-ਤੀਜੇ ਸਮੈਕ, ਹੈਰੋਇਨ ਅਤੇ ਸਿੰਥੈਟਿਕ ਨਸ਼ਿਆਂ ਦੀਆਂ ਬਹੁ-ਕਰੋੜੀ ਖੇਪਾਂ ਫੜੇ ਜਾਣਾ ਆਮ ਗੱਲ ਹੋਵੇ। ਮਸਲਾ ਉਦੋਂ ਬੁਝਾਰਤ ਬਣ ਜਾਂਦਾ ਹੈ ਕਿ ਜਦੋਂ ਖੇਡਾਂ ਕਰਵਾਉਣ ਵਾਲੇ ਅਤੇ ਨਸ਼ਿਆਂ ਦਾ ਬਦਕਾਰ ਧੰਦਾ ਕਰਨ ਵਾਲਿਆਂ ਦੀ ਪੁਸ਼ਤ-ਪਨਾਹੀ ਕਰਨ ਵਾਲੇ ਉਹੀ ਸ਼ਖ਼ਸ ਹੋਣ। ਜਦੋਂ ਕਬੱਡੀ ਐਸੋਸੀਏਸ਼ਨ ਦਾ ਪ੍ਰਧਾਨ ਹੀ ਘੁਟਾਲਿਆਂ ਦਾ ‘ਸਿਕੰਦਰ’ ਹੋਵੇ। ਕੀ ਗਰਮ-ਖਿਆਲ ਅਕਾਲੀ ਆਗੂ ਸ਼ ਸਿਮਰਨਜੀਤ ਸਿੰਘ ਮਾਨ ਦਾ ਇਹ ਕਹਿਣਾ ਅਤਿ-ਕਥਨੀ ਹੈ ਕਿ ‘ਆਲਮੀ ਕਬੱਡੀ ਕੱਪ ਦਾ ਵਿਤੀ ਸੰਚਾਲਨ ਨਸ਼ੀਲੇ ਪਦਾਰਥਾਂ ਦੇ ਕੌਮਾਂਤਰੀ ਸਮੱਗਲਰਾਂ ਦਾ ਅਜਿਹਾ ਗਰੋਹ ਕਰ ਰਿਹਾ ਹੈ ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਕੇ ਆਪਣੀਆਂ ਅਤੇ ਆਪਣੇ ਸਿਆਸੀ ਆਕਾਵਾਂ ਦੀਆਂ ਤਿਜੌਰੀਆਂ ਭਰ ਰਿਹੈ’? ਸਾਬਕਾ ਪੁਲਿਸ ਅਧਿਕਾਰੀ ਸ਼ਸ਼ੀ ਕਾਂਤ ਕੋਲ ਤਾਂ ਇਸ ਦੇ ਢੇਰ ਪੁਖਤਾ ਸਬੂਤ ਹਨ।
ਮਹਾਰਾਜਾ ਅਮਰਿੰਦਰ ਸਿੰਘ ਦੇ ਰਾਜ ਸਮੇਂ ਅਕਾਲੀ ਆਗੂਆਂ ਦਾ ਇਹ ਬਿਆਨ ਪੜ੍ਹ ਕੇ ਕੁਝ ਲੋਕਾਂ ਨੂੰ ਸਦਮਾ ਜ਼ਰੂਰ ਲੱਗਿਆ ਸੀ ਕਿ ‘ਕਾਂਗਰਸ ਹਕੂਮਤ ਨੇ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਵਿਚ ਸਾਡੇ ਹਮਾਇਤੀਆਂ ਨਾਲ ਧੱਕਾ ਕੀਤਾ ਹੈ’। ਉਹ ਸ਼ਰਾਬ ਦੇ ਕਾਰੋਬਾਰ ਉੱਪਰ ਸੋਨੀਆ ਗਾਂਧੀ ਦੇ ਜਵਾਈ ਰੌਬਰਟ ਵਾਡਰਾ ਦੀ ਸੱਜੀ ਬਾਂਹ ਪੌਂਟੀ ਚੱਢਾ ਦਾ ਕਬਜ਼ਾ ਕਰਾਏ ਜਾਣ ਅਤੇ ਆਪਣੇ ਹਮਾਇਤੀਆਂ ਨੂੰ ਠਿੱਬੀ ਲਗਾਏ ਜਾਣ ‘ਤੇ ਔਖੇ-ਭਾਰੇ ਸਨ। ਇਹ ਧੰਦਾ ਸੁਪਰ ਮੁਨਾਫ਼ਿਆਂ ਦੀ ਖਾਣ ਹੈ, ਇਹ ਪੁਰਾਣਾ ਕਿੱਸਾ ਹੈ ਪਰ ਜਦੋਂ ਪਿੱਛੇ ਜਿਹੇ ਪੌਂਟੀ ਚੱਢਾ ਆਪਣੀ ਮਾਫ਼ੀਆ ਸਲਤਨਤ ਦੀ ਵੰਡ-ਵੰਡਾਈ ਪਿੱਛੇ ਆਪਣੇ ਹੀ ਭਾਈ ਹੱਥੋਂ ਮਾਰਿਆ ਗਿਆ ਤਾਂ ਛਪੀਆਂ ‘ਯਾਦਗਾਰੀ’ ਤਸਵੀਰਾਂ ਜ਼ਰੀਏ ਇਕ ਨਵੀਂ ਤਹਿ ਸਾਹਮਣੇ ਆ ਗਈ। ਇਸ ਨੇ ਦਿਖਾ ਦਿੱਤਾ ਕਿ ਕਾਂਗਰਸੀ ਕਪਤਾਨ ਹੀ ਨਹੀਂ, ਬਾਦਲ ਦੇ ਫਰਜ਼ੰਦ ਨਾਲ ਵੀ ਪੌਂਟੀ ਦਾ ਗੂੜ੍ਹਾ ਰਿਸ਼ਤਾ ਸੀ। ਪਿਛਲੇ ਵਰ੍ਹੇ ਤੋਂ ਲੈ ਕੇ ਸਾਹਮਣੇ ਆ ਰਹੇ ਉਪਰੋਥਲੀ ਕਿੱਸਿਆਂ ਤੋਂ ਕਿਸੇ ਨੂੰ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਬਾਦਲ-ਮਜੀਠੀਏ ਮਹਿਜ਼ ਹਰ ਤਰ੍ਹਾਂ ਦੇ ਮਾਫ਼ੀਆ ਗਰੋਹਾਂ ਦੀ ਪੁਸ਼ਤ-ਪਨਾਹੀ ਹੀ ਨਹੀਂ ਕਰਦੇ, ਸਗੋਂ ਇਨ੍ਹਾਂ ਨਾਲ ਪੂਰਾ ਗੱਠਜੋੜ ਬਣਾ ਕੇ ਚੱਲ ਰਹੇ ਹਨ। ਚਾਹੇ ਸ਼ਰੂਤੀ ਨੂੰ ਅਗਵਾ ਕਰਨ ਵਾਲਾ ਨਿਸ਼ਾਨ ਗਰੋਹ ਹੋਵੇ, ਅੰਮ੍ਰਿਤਸਰ ਵਿਚ ਧੀ ਨੂੰ ਬਚਾਉਣ ਵਾਲੇ ਥਾਣੇਦਾਰ ਨੂੰ ਸ਼ਰੇ-ਬਾਜ਼ਾਰ ਕਤਲ ਕਰਨ ਵਾਲਾ ‘ਯੂਥ ਵਿੰਗੀਆ’ ਹੋਵੇ ਜਾਂ ਹਾਲ ਹੀ ਵਿਚ ਕਿਸੇ ਗ਼ਲਤੀ ਨਾਲ ਸਿੰਥੈਟਿਕ ਨਸ਼ਿਆਂ ਦੇ ਤਾਣੇ-ਬਾਣੇ ਦੀ ਕੰਨੀ ਨੰਗੀ ਹੋ ਜਾਣ ਨਾਲ ਬੇਨਕਾਬ ਹੋਇਆ ਯੂਥ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਮਨਿੰਦਰ ਸਿੰਘ ਬਿੱਟੂ ਔਲੱਖ ਅਤੇ ਇਸ ਨਾਲ ਜੁੜੇ ਵੀਰ ਸਿੰਘ ਲੋਪੋਕੇ ਤੇ ਮਾਝੇ ਦੇ ਹੋਰ ‘ਅਕਾਲੀ’ ਆਗੂ ਹੋਣ। ਹਾਲੀਆ ਕਬੱਡੀ ਕੱਪ ਦੇ ਆਗਾਜ਼ ਮੌਕੇ ਕੁਝ ਉਹ ਅਨਸਰ ਵੀ ਉਥੇ ‘ਸ਼ੁਸ਼ੋਭਤ’ ਦੱਸੇ ਜਾਂਦੇ ਹਨ ਜੋ ਥੋਕ ਸਿੰਥੈਟਿਕ ਨਸ਼ਿਆਂ ਦੇ ਤਾਜ਼ਾ ਕਾਂਡ ਵਾਲੇ ਜਗਦੀਸ਼ ਭੋਲੇ ਵਾਲੇ ਤਾਣੇਬਾਣੇ ਵਿਚ ਪੁਲਿਸ ਨੂੰ ਲੋੜੀਂਦੇ ਹਨ।
ਅਜਿਹੇ ਹਾਲਾਤ ਵਿਚ ਜਦੋਂ ਸੂਬੇ ਦਾ ਬੁਨਿਆਦੀ ਅਰਥਚਾਰਾ, ਸਿਹਤ, ਸਿੱਖਿਆ, ਆਬੋ-ਹਵਾ ਅਤੇ ਸੱਭਿਆਚਾਰ ਦਾ ਹਰ ਅੰਗ ਭਾਵ ਸਮਾਜੀ ਜ਼ਿੰਦਗੀ ਦਾ ਹਰ ਪਹਿਲੂ ਨਿਘਾਰ ਦੇ ਪਤਾਲ ਵਿਚ ਧੱਸਦਾ ਜਾ ਰਿਹਾ ਹੋਵੇ, ਜਦੋਂ ਪੰਜਾਬ ਦੇ ਪਿੰਡਾਂ ਦੀਆਂ ਚਾਰੇ ਦਿਸ਼ਾਵਾਂ ‘ਚ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਣ, ਜਦੋਂ ਸਮੈਕ ਤੇ ਹੈਰੋਇਨ ਵਰਗੇ ਨਸ਼ੇ ਮੈਡੀਕਲ ਸਟੋਰ ਤੋਂ ਖੰਘ ਦੀ ਦਵਾਈ ਹਾਸਲ ਕਰਨ ਤੋਂ ਵੱਧ ਆਸਾਨੀ ਨਾਲ ਹਾਸਲ ਹੋਣ ਉਦੋਂ ਕਬੱਡੀ ਦੀ ਆਲਮੀ ਬੁਲੰਦੀ ਵੱਲ ਰਾਕਟੀ ਉਡਾਣ ਕੋਈ ਮਾਇਨੇ ਨਹੀਂ ਰੱਖਦੀ।
ਅਰਥਚਾਰੇ, ਸਮਾਜ, ਮਨੁੱਖ ਅਤੇ ਚੌਗਿਰਦੇ ਦੀ ਸਿਹਤ ਤੇ ਤੰਦਰੁਸਤੀ ਨੂੰ ਇਕ ਦੂਜੇ ਤੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਦਾ ਲਹੂ-ਮਾਸ ਵਾਲਾ ਅਨਿੱਖੜ ਰਿਸ਼ਤਾ ਹੈ। ਜੇ ਫਿਰ ਵੀ ਹੁਕਮਰਾਨ ਸੱਤਾ ਦੇ ਗ਼ਰੂਰ ‘ਚ ਬੇਹਯਾਈ ਨਾਲ ਦਮਗਜੇ ਮਾਰ ਰਹੇ ਹੈ ਕਿ ਕਬੱਡੀ ਕੱਪ ਬਹੁਤ ਵੱਡਾ ਮਾਅਰਕਾ ਹੈ ਤਾਂ ਇਸ ਤਰ੍ਹਾਂ ਦੀ ਕੋਰੀ ਗੱਪ ਉੱਪਰ ਹੱਸਿਆ ਹੀ ਜਾ ਸਕਦਾ ਹੈ। ਪਿੱਛੇ ਜਿਹੇ ਰੇਤ ਮਾਫ਼ੀਆ ਪਰਦਾਫਾਸ਼ ਦੌਰਾਨ ‘ਦੈਨਿਕ ਭਾਸਕਰ’ ਦੇ ਮੁਕਾਮੀ ਐਡੀਸ਼ਨ ਦੇ ਸੰਪਾਦਕ ਨੇ ਇਕ ਟੀæਵੀæ ਚੈਨਲ ਨਾਲ ਸੂਬੇ ਦੇ ਆਮ ਹਾਲਾਤ ਬਾਰੇ ਗੱਲਬਾਤ ਕਰਦੇ ਵਕਤ ਕਿਹਾ ਸੀ ਕਿ ਅਫ਼ੀਮ ਦੇ ਗੋਲੇ ਛਕ ਕੇ ਵਿਕਾਸ ਦੀ ਬਿਆਨਬਾਜ਼ੀ ਕਰਨ ਤੋਂ ਸੱਤਾਧਾਰੀਆਂ ਨੂੰ ਕੌਣ ਰੋਕ ਸਕਦਾ ਹੈ। ਇਹ ਅਧੂਰਾ ਸੱਚ ਹੈ। ਸੱਚ ਦਾ ਬਾਕੀ ਹਿੱਸਾ ਇਹ ਵੀ ਹੈ ਕਿ ਸੜਿਆਂਦ ਮਾਰਦੇ ਨਿਜ਼ਾਮ ਨੂੰ ਕਬੱਡੀ ਕੱਪਾਂ, ਜਸ਼ਨੀ ਸਮਾਗਮਾਂ ਦੇ ਧੂਮ-ਧੜੱਕੇ ਤੇ ਹੋਰ ਸਿਆਸੀ ਸਟੰਟਾਂ ਵਰਗੀ ਚਕਾਚੌਂਧ ਨਾਲ ਕਦੋਂ ਕੁ ਤਕ ਲੁਕੋਇਆ ਜਾ ਸਕਦਾ ਹੈ।

Be the first to comment

Leave a Reply

Your email address will not be published.