ਚੰਡੀਗੜ੍ਹ: ਪੰਜਾਬ ਵਿਚ ਲਾਇਸੈਂਸੀ ਹਥਿਆਰ ਰੱਖਣ ਦੇ ਸ਼ੌਕੀਨਾਂ ਵਿਚ ਹੈਰਾਨੀਜਨਕ ਵਾਧਾ ਹੋਇਆ ਹੈ। ਸੂਬੇ ਦੇ ਲੋਕ ਇਨ੍ਹਾਂ ਹਥਿਆਰਾਂ ਨੂੰ ਲੋੜ ਦੀ ਥਾਂ ਸਟੇਟਸ ਸਿੰਬਲ ਵਜੋਂ ਵੱਧ ਵਰਤ ਰਹੇ ਹਨ। ਇਸ ਸਮੇਂ ਪੰਜਾਬ ਵਿਚ ਲਾਇਸੈਂਸੀ ਹਥਿਆਰਾਂ ਦੀ ਕੁੱਲ ਗਿਣਤੀ 296377 ਹੈ ਜਦ ਕਿ ਦੋ ਸਾਲ ਪਹਿਲਾਂ ਇਹ ਗਿਣਤੀ 250153 ਸੀ। ਬਠਿੰਡਾ ਜ਼ਿਲ੍ਹੇ ਵਿਚ ਪਿਛਲੇ ਦੋ ਸਾਲਾਂ ਦੌਰਾਨ ਲਾਇਸੈਂਸੀ ਹਥਿਆਰਾਂ ਦੀ ਗਿਣਤੀ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ।
ਬਠਿੰਡਾ ਵਿਚ ਇਸ ਸਮੇਂ 32501 ਲਾਇਸੈਂਸੀ ਹਥਿਆਰ ਹਨ ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2011 ਵਿਚ ਸੌਂਪੀ ਰਿਪੋਰਟ ਮੁਤਾਬਕ ਇਸ ਜ਼ਿਲ੍ਹੇ ਵਿਚ 12848 ਹਥਿਆਰ ਸਨ। ਇਹ ਤੱਥ ਸੂਬਾ ਸਰਕਾਰ ਵੱਲੋਂ ਮੁੱਖ ਚੋਣ ਕਮਿਸ਼ਨ ਨੂੰ ਸੌਂਪੇ ਦਸਤਾਵੇਜ਼ਾਂ ਤੋਂ ਸਾਹਮਣੇ ਆਏ ਹਨ। ਚੋਣ ਕਮਿਸ਼ਨ ਦੇ ਅਧਿਕਾਰੀ ਵੀ ਬਠਿੰਡਾ ਵਿਚ ਹਥਿਆਰਾਂ ਦੀ ਗਿਣਤੀ ਵਧਣ ਨਾਲ ਸੁੰਨ ਹੋ ਗਏ ਹਨ। ਉਦਯੋਗਕ ਸ਼ਹਿਰ ਲੁਧਿਆਣਾ ਵੀ ਤੇਜ਼ੀ ਨਾਲ ਹਥਿਆਰਾਂ ਦੀ ਗਿਣਤੀ ਵਧਣ ਵਾਲੇ ਖੇਤਰਾਂ ਵਿਚ ਸ਼ਾਮਲ ਹੈ।
ਲੁਧਿਆਣਾ ਸ਼ਹਿਰ ਵਿਚ ਹੀ ਹਥਿਆਰਾਂ ਦੀ ਗਿਣਤੀ ਤਕਰੀਬਨ ਦੁੱਗਣੀ ਹੋ ਗਈ ਹੈ। ਸਾਲ 2011 ਵਿਚ ਲੁਧਿਆਣੇ ਵਿਚ 9621 ਹਥਿਆਰ ਸਨ ਅਤੇ ਇਸ ਸਮੇਂ ਇਹ ਗਿਣਤੀ 18816 ਹੋ ਗਈ ਹੈ। ਜੇਕਰ ਖੰਨਾ ਤੇ ਲੁਧਿਆਣਾ ਦਿਹਾਤੀ ਜ਼ਿਲ੍ਹਿਆਂ ਦੀ ਗਿਣਤੀ ਮਿਲਾ ਲਈ ਜਾਵੇ ਤਾਂ ਕੁੱਲ ਹਥਿਆਰ 31482 ਬਣਦੇ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਲੋਕ ਹਥਿਆਰ ਰੱਖਣ ਵਿਚ ਦੂਜੇ ਨੰਬਰ ‘ਤੇ ਆਉਂਦੇ ਹਨ। ਇਸ ਜ਼ਿਲ੍ਹੇ ਵਿਚ ਇਸ ਸਮੇਂ 21369 ਹਥਿਆਰ ਹਨ ਜਦਕਿ 2011 ਵਿਚ ਇਹ ਗਿਣਤੀ 19785 ਸੀ।
ਮੋਗਾ ਜ਼ਿਲ੍ਹਾ ਹਾਲਾਂਕਿ ਛੋਟੇ ਜ਼ਿਲ੍ਹਿਆਂ ਵਿਚ ਸ਼ੁਮਾਰ ਹੈ ਪਰ ਹਥਿਆਰਾਂ ਦੇ ਮਾਮਲੇ ਵਿਚ ਤੀਜਾ ਨੰਬਰ ਰੱਖਦਾ ਹੈ। ਇਸ ਜ਼ਿਲ੍ਹੇ ਵਿਚ 20815 ਹਥਿਆਰ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਵਿਚ 10663, ਜਲੰਧਰ ਸ਼ਹਿਰ ਵਿਚ 5785, ਫ਼ਰੀਦਕੋਟ ਵਿਚ 11814, ਮਾਨਸਾ ਵਿਚ 11557, ਮੁਕਤਸਰ ਵਿਚ 15820, ਫ਼ਾਜ਼ਿਲਕਾ ਵਿਚ 8215, ਲੁਧਿਆਣਾ ਦਿਹਾਤੀ ਜ਼ਿਲ੍ਹੇ ਵਿਚ 8385, ਖੰਨਾ ਪੁਲਿਸ ਜ਼ਿਲ੍ਹੇ ਵਿਚ 5281, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ 5447, ਪਟਿਆਲਾ ਵਿਚ 17619, ਬਰਨਾਲਾ ਵਿਚ 8798, ਸੰਗਰੂਰ ਵਿਚ 15816, ਗੁਰਦਾਸਪੁਰ ਵਿਚ 5606, ਤਰਨਤਾਰਨ ਵਿਚ 12324, ਬਟਾਲਾ ਪੁਲਿਸ ਜ਼ਿਲ੍ਹੇ ਵਿਚ 6817, ਅੰਮ੍ਰਿਤਸਰ ਦਿਹਾਤੀ ਵਿਚ 14670, ਪਠਾਨਕੋਟ ਵਿਚ 2521, ਜਲੰਧਰ ਦਿਹਾਤੀ ਵਿਚ 6403, ਕਪੂਰਥਲਾ ਵਿਚ 7294, ਹੁਸ਼ਿਆਰਪੁਰ ਵਿਚ 9842, ਰੂਪਨਗਰ ਵਿਚ 3389, ਮੁਹਾਲੀ ਵਿਚ 5939 ਅਤੇ ਨਵਾਂਸ਼ਹਿਰ ਵਿਚ 2871 ਲਾਇਸੈਂਸੀ ਹਥਿਆਰ ਹਨ।
ਪਠਾਨਕੋਟ ਅਜਿਹਾ ਜ਼ਿਲ੍ਹਾ ਹੈ ਜਿਥੇ ਹਥਿਆਰਾਂ ਦੀ ਗਿਣਤੀ ਸਭ ਤੋਂ ਘੱਟ ਹੈ। ਮੁਹਾਲੀ, ਕਪੂਰਥਲਾ, ਜਲੰਧਰ ਦਿਹਾਤੀ, ਜਲੰਧਰ ਸ਼ਹਿਰ ਅਜਿਹੇ ਜ਼ਿਲ੍ਹੇ ਹਨ, ਜਿਥੇ ਹਥਿਆਰਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਵਿਚ ਹਥਿਆਰਾਂ ਦੇ ਲਾਇਸੈਂਸ ਰੱਦ ਹੋਣ ਕਾਰਨ ਗਿਣਤੀ ਘਟੀ ਹੈ।
Leave a Reply