ਅਣਖ ਦੇ ਨਾਂ ‘ਤੇ ਕਤਲ ਕਿਉਂ?

ਪਰਮਜੀਤ ਸਿੰਘ ਕੱਟੂ
ਫੋਨ: 91-94631-24131
ਅਰੂਸ਼ੀ ਕਤਲ ਕੇਸ ਦੇ ਫ਼ੈਸਲੇ ਨਾਲ ਅਣਖ ਲਈ ਹੁੰਦੇ ਕਤਲਾਂ ਦਾ ਮਾਮਲਾ ਇਕ ਵਾਰ ਫਿਰ ਭਖ ਪਿਆ ਹੈ। ਪੰਜਾਬ, ਖ਼ਾਸ ਕਰ ਕੇ ਹਰਿਆਣੇ ਵਿਚ ਅਜਿਹੀਆਂ ਘਟਨਾਵਾਂ ਚੋਖੀ ਗਿਣਤੀ ਵਿਚ ਵਾਪਰ ਰਹੀਆਂ ਹਨ। ਇਨ੍ਹਾਂ ਸਵਾਲਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਅਣਖ ਦੇ ਨਾਂ ‘ਤੇ ਹੁੰਦੇ ਕਤਲਾਂ ਦੇ ਸੰਖੇਪ ਇਤਿਹਾਸ ‘ਤੇ ਨਜ਼ਰ ਮਾਰਦੇ ਹਾਂ। ਇਤਿਹਾਸ ‘ਤੇ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਮੈਸੋਪਟਾਮੀਆਂ ਸੱਭਿਅਤਾ ਵਿਚ 1075 ਈਸਾ ਪੂਰਵ ਅਸਾਈਰੀਅਨ ਲਾਅ ਸੀ ਜਿਸ ਅਨੁਸਾਰ ਆਪਣਾ ਕੁਆਰਾਪਣ ਭੰਗ ਕਰਨ ਵਾਲੀ ਲੜਕੀ ਨੂੰ ਉਸ ਦਾ ਪਿਤਾ ਸਜ਼ਾ ਦੇਵੇਗਾ। ਇਸੇ ਤਰ੍ਹਾਂ 1790 ਈਸਾ ਪੂਰਵ ਬੇਬੀਲੋਨ ਵਿਚ ‘ਕੋਡ ਆਫ਼ ਹੈਮੁਰਾਬੀ’ ਜਾਰੀ ਕੀਤਾ ਗਿਆ ਜਿਸ ਅਨੁਸਾਰ ਪਰਾਈ ਔਰਤ ਜਾਂ ਮਰਦ ਨਾਲ ਸਬੰਧ ਰੱਖਣ ਵਾਲੀ/ਵਾਲੇ ਔਰਤ ਜਾਂ ਮਰਦ ਨੂੰ ਪਾਣੀ ਵਿਚ ਡਬੋ ਕੇ ਮਾਰ ਦਿੱਤਾ ਜਾਂਦਾ ਸੀ। ਇਤਿਹਾਸ ਦੇ ਬਹੁਤ ਸਾਰੇ ਪੜਾਅ ਲੰਘ ਗਏ ਪਰ ਇਹ ਕਤਲੇਆਮ ਜਾਰੀ ਰਿਹਾ ਭਾਵੇਂ ਇਸ ਦੇ ਕਾਰਨ ਤੇ ਢੰਗ ਬਦਲਦੇ ਰਹੇ।
ਸੰਸਾਰ ਪੱਧਰ ‘ਤੇ ਤਿੰਨ ਕਾਰਨਾਂ ਕਰ ਕੇ ਅਣਖ਼ ਦੀ ਖ਼ਾਤਰ ਕਤਲ ਕੀਤੇ ਜਾਂਦੇ ਹਨ: ਪਰਿਵਾਰ ਜਾਂ ਭਾਈਚਾਰੇ ਦੀ ਮਰਜ਼ੀ ਦੇ ਖਿਲਾਫ਼ ਪਹਿਰਾਵਾ ਪਾਉਣਾ ਜਾਂ ਪ੍ਰਚਲਿਤ ਕਰਨਾ। ਦੂਜੇ, ਪਰਿਵਾਰ ਦੀ ਮਰਜ਼ੀ ਅਨੁਸਾਰ ਵਿਆਹ ਨਾ ਕਰਵਾਉਣਾ ਜਾਂ ਆਪਣੀ ਮਰਜ਼ੀ ਅਨੁਸਾਰ ਵਿਆਹ ਕਰਵਾਉਣਾ। ਤੀਜੇ ਕਿਸੇ ਮਰਦ ਜਾਂ ਔਰਤ ਨਾਲ ਕਾਮ-ਕ੍ਰੀੜਾ ਕਰਨਾ।
ਭਾਰਤ ਦੇ ਇਤਿਹਾਸ ਵਿਚ ਵੀ ਅਣਖ਼ ਖ਼ਾਤਰ ਕਤਲ ਬਹੁਤ ਵੱਡੇ ਪੱਧਰ ‘ਤੇ ਹੋਏ ਮਿਲਦੇ ਹਨ ਜੋ ਦੇਸ਼ ਵੰਡ ਦੇ ਸਮੇਂ 1947 ਤੋਂ ਲੈ ਕੇ 1950 ਦੇ ਦਰਮਿਆਨ ਹੁੰਦੇ ਰਹੇ ਹਨ। ਵੰਡ ਸਮੇਂ ਬਹੁਤ ਸਾਰੀਆਂ ਔਰਤਾਂ ਨੂੰ ਪਰਿਵਾਰ ਦੀ ਅਣਖ਼ ਨੂੰ ਬਚਾਉਣ ਦੇ ਨਾਂ ‘ਤੇ ਆਪਣਿਆਂ ਵੱਲੋਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵੰਡ ਦੌਰਾਨ ਹੀ ਬਹੁਤ ਸਾਰੀਆਂ ਇਕ ਧਰਮ ਦੀਆਂ ਔਰਤਾਂ ਦੇ ਦੂਜੇ ਧਰਮ ਦੇ ਮਰਦਾਂ ਨਾਲ ਦੋਵਾਂ ਮੁਲਕਾਂ ਵਿਚ ਜ਼ਬਰਦਸਤੀ ਵਿਆਹ ਕੀਤੇ ਗਏ। ਜਦੋਂ ਇਨ੍ਹਾਂ ਔਰਤਾਂ ਨੂੰ ਆਪਣੇ ਆਪਣੇ ਮੁਲਕ ਵਾਪਸ ਜਾਣ ਦਾ ਮੌਕਾ ਮਿਲਿਆ ਤਾਂ ਇਕ ਵਾਰ ਫਿਰ ਇਨ੍ਹਾਂ ਨੂੰ ਅਣਖ਼ ਨੇ ਮਰਵਾ ਦਿੱਤਾ। ਇਸ ਪੱਖੋਂ ਦੇਸ਼ ਵੰਡ ਆਧੁਨਿਕ ਭਾਰਤ ਦੇ ਇਤਿਹਾਸ ਦਾ ਖ਼ੌਫ਼ਜ਼ਦਾ ਤੇ ਖ਼ਤਰਨਾਕ ਸਮਾਂ ਸੀ।
ਅਜੋਕੇ ਸਮੇਂ ਵਿਚ ਖ਼ਾਸਕਰ ਭਾਰਤ ਦੇ ਪ੍ਰਸੰਗ ਵਿਚ ਅਣਖ਼ ਖ਼ਾਤਰ ਕਤਲ ਅਜਿਹੀ ਮੌਤ ਹੈ ਜੋ ਪਰਿਵਾਰ ਜਾਂ ਸਕੇ-ਸਬੰਧੀਆਂ ਵੱਲੋਂ ਉਸ ਔਰਤ ਜਾਂ ਮਰਦ ਜਾਂ ਦੋਹਾਂ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਉਂਦੇ ਹਨ ਜਾਂ ਜੋ ਆਪਣੇ ਹੀ ਗੋਤ ਵਿਚ ਜਾਂ ਹੋਰ ਜਾਤ ਵਿਚ ਵਿਆਹ ਕਰਵਾਉਂਦੇ ਹਨ। ਅਣਖ਼ ਖ਼ਾਤਰ ਕਤਲ ਦੇ ਵਧੇਰੇ ਮਾਮਲੇ ਅੰਤਰਜਾਤੀ ਵਿਆਹ ਕਰਵਾਉਣ ਕਰ ਕੇ ਸਾਹਮਣੇ ਆਉਂਦੇ ਹਨ ਜੋ ਬਹੁਤ ਹਿੰਸਕ ਹੁੰਦੇ ਹਨ, ਖਾਸਕਰ ਉਦੋਂ ਜਦੋਂ ਕੁੜੀ ਕਿਸੇ ਦਲਿਤ ਜਾਂ ਕਥਿਤ ਨੀਵੀਂ ਜਾਤ ਦੇ ਲੜਕੇ ਨਾਲ ਵਿਆਹ ਕਰਵਾਉਂਦੀ ਹੈ। ਵਧੇਰੇ ਕਤਲ ਉਥੇ ਹੁੰਦੇ ਹਨ ਜਿਥੇ ਖਾਪ ਪੰਚਾਇਤਾਂ ਦਾ ਸਿੱਕਾ ਚੱਲਦਾ ਹੈ, ਭਾਵ ਜਾਤ ਇਸ ਵਰਤਾਰੇ ਦਾ ਮੁੱਖ ਕਾਰਨ ਹੈ।
ਯੂਨਾਈਟਡ ਨੇਸ਼ਨਜ਼ ਪਾਪੂਲੇਸ਼ਨ ਫੰਡ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਹਰ ਸਾਲ 5000 ਤੋਂ ਵੀ ਵੱਧ ਇਨਸਾਨ, ਅਣਖ਼ ਖ਼ਾਤਰ ਕਤਲ ਕਰ ਦਿੱਤੇ ਜਾਂਦੇ ਹਨ। ਏਸ਼ੀਅਨ ਲੋਕ ਇਸ ਮਾਮਲੇ ਕਾਰਨ ਵਧੇਰੇ ਚਰਚਾ ਵਿਚ ਹਨ। ਬਰਤਾਨੀਆਂ ਵਿਚ 2004 ਤੱਕ 117 ਕੇਸ ਅਜਿਹੇ ਹਨ ਜਿਨ੍ਹਾਂ ਅਨੁਸਾਰ ਏਸ਼ੀਅਨ ਲੋਕਾਂ ਨੇ ਆਪਣੀਆਂ ਜੁਆਨ ਧੀਆਂ ਨੂੰ ਅਣਖ਼ ਦੇ ਨਾਂ ‘ਤੇ ਕਤਲ ਕਰ ਦਿੱਤਾ। ਭਾਰਤ ਵਿਚ ਅਜਿਹੇ ਕਤਲਾਂ ਦਾ ਭਾਵੇਂ ਕੋਈ ਪੁਖ਼ਤਾ ਦਫ਼ਤਰੀ ਰਿਕਾਰਡ ਨਹੀਂ ਪਰ ਹਰ ਸਾਲ ਅੰਦਾਜ਼ਨ 1000 ਜਿੰਦੜੀਆਂ ਦੀ ਅਣਖ਼ ਦੇ ਨਾਂ ‘ਤੇ ਬਲੀ ਦਿੱਤੀ ਜਾਂਦੀ ਹੈ। ਅਜਿਹੇ ਕਤਲ ਮੁੱਖ ਤੌਰ ‘ਤੇ ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿਚ ਹੁੰਦੇ ਹਨ। ਪੰਜਾਬ ਵਿਚ ਵੀ ਪੰਜਾਬ ਪੁਲਿਸ ਦੇ ਅੰਕੜਿਆਂ ਅਨੁਸਾਰ 2008 ਤੋਂ 2010 ਤੱਕ 34 ਕਤਲ ਅਣਖ਼ ਦੇ ਨਾਂ ‘ਤੇ ਕੀਤੇ ਜਾ ਚੁੱਕੇ ਹਨ। ਸ਼ਕਤੀ ਵਾਹਿਨੀ ਨਾਂ ਦੀ ਗ਼ੈਰ-ਸਰਕਾਰੀ ਸੰਸਥਾ (ਐਨæਜੀæਓæ) ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ 560 ਕੇਸਾਂ ਵਿਚੋਂ 89 ਫ਼ੀਸਦੀ ਅਜਿਹੇ ਸਨ ਜਿਨ੍ਹਾਂ ਵਿਚ ਪੀੜਿਤ ਜੋੜਿਆਂ ਨੇ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਏ ਸਨ।
ਅਣਖ਼ ਦੇ ਨਾਂ ‘ਤੇ ਹੁੰਦੀ ਇਸ ਹੈਵਾਨੀਅਤ ਵਿਚ ਸਿਰਫ਼ ਔਰਤਾਂ ਹੀ ਕਤਲ ਨਹੀਂ ਹੁੰਦੀਆਂ ਬਲਕਿ ਮਰਦ ਵੀ ਮਾਰੇ ਜਾਂਦੇ ਹਨ। 2002 ਦੇ ਅੰਕੜਿਆਂ ਮੁਤਾਬਿਕ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਅੰਦਾਜ਼ਨ 245 ਔਰਤਾਂ ਤੇ 137 ਮਰਦ ‘ਕਾਰੋ ਕਾਰੀ’ ਦੇ ਨਾਂ ‘ਤੇ ਕਤਲ ਕਰ ਦਿੱਤੇ ਗਏ। 2005 ਦੀ ਰਿਪੋਰਟ ਅਨੁਸਾਰ ਪਾਕਿਸਤਾਨ ਵਿਚ ਹਰ ਸਾਲ ਔਸਤਨ 10 ਹਜ਼ਾਰ ਔਰਤਾਂ ਦੇ ਕਤਲ ਅਣਖ਼ ਦੇ ਨਾਂ ‘ਤੇ ਕਰ ਦਿੱਤੇ ਜਾਂਦੇ ਹਨ। ਇਹ ਅੰਕੜੇ ਬਹੁਤ ਘੱਟ ਹਨ। ਬਹੁਤ ਸਾਰੇ ਉਹ ਮਸਲੇ ਵੀ ਹਨ ਜਿਥੇ ਖਾਸਕਰ ਕੁੜੀਆਂ ਨੂੰ ਖੁਦਕਸ਼ੀ ਲਈ ਮਜਬੂਰ ਕੀਤਾ ਜਾਂਦਾ ਹੈ ਤੇ ਅਜਿਹੇ ਮਸਲੇ ਸਰਕਾਰੀ ਜਾਂ ਗ਼ੈਰ-ਸਰਕਾਰੀ ਫਾਈਲਾਂ ਦਾ ਸੱਚ ਨਹੀਂ ਬਣਦੇ।
ਅਣਖ਼ ਖ਼ਾਤਰ ਹੋ ਰਿਹਾ ਕਤਲੇਆਮ ਹੁਣ ਮੋੜਵਾਂ ਰੂਪ ਵੀ ਅਖ਼ਤਿਆਰ ਕਰ ਰਿਹਾ ਹੈ ਜਿਸ ਵਿਚ ਪ੍ਰੇਮੀ ਜੋੜੇ ਮੋੜਵੇਂ ਰੂਪ ਵਿਚ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ ਦੇ ਰਾਹ ਤੁਰ ਪਏ ਹਨ। ਅਜਿਹਾ ਵਾਪਰਨਾ ਸੁਭਾਵਿਕ ਹੈ ਕਿਉਂਕਿ ਮਨੁੱਖ ਨਾ ਚਾਹੁੰਦਿਆਂ ਵੀ ਜਦੋਂ ਆਪਣਾ ਖ਼ਤਰਾ ਟਾਲਦਾ ਹੈ ਤਾਂ ਹੋਰ ਖ਼ਤਰੇ ਸਹੇੜ ਲੈਂਦਾ ਹੈ। ਅਣਖ਼ ਦੇ ਨਾਂ ‘ਤੇ ਕੀਤਾ ਕਤਲ ਕਾਨੂੰਨ ਅਨੁਸਾਰ ਕਤਲ ਹੀ ਹੈ ਤੇ ਇਹਦੇ ਲਈ ਸਜ਼ਾ ਪੱਖੋਂ ਕੋਈ ਛੋਟ ਨਹੀਂ ਬਲਕਿ ਜਿਹੜੇ ਕਤਲ ਜ਼ਿਆਦਾ ਬੇਰਹਿਮੀ ਨਾਲ ਕੀਤੇ ਜਾਂਦੇ ਹਨ, ਉਥੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ।
ਭਾਰਤ ਵਿਚ ਅਣਖ਼ ਦੇ ਨਾਂ ‘ਤੇ ਹੁੰਦੇ ਕਤਲਾਂ ਅਤੇ ਖਾਪ ਪੰਚਾਇਤਾਂ ਦਾ ਬੜਾ ਨੇੜੇ ਦਾ ਸਬੰਧ ਹੈ। ਜਿਹੜੇ ਖਿੱਤਿਆਂ ਖ਼ਾਸਕਰ ਹਰਿਆਣਾ ਵਿਚ ਖਾਪ ਪੰਚਾਇਤਾਂ ਦਾ ਸਿੱਕਾ ਚੱਲਦਾ ਹੈ, ਉਥੇ ਅਣਖ਼ ਦੇ ਨਾਂ ‘ਤੇ ਹੁੰਦੇ ਕਤਲਾਂ ਦੀ ਗਿਣਤੀ ਵਧੇਰੇ ਰਹੀ ਹੈ। ਸਤੰਬਰ ਵਿਚ ਹੋਏ ਕਤਲਾਂ ਦੇ ਦਰਮਿਆਨ ਹੀ ਸਰਬ ਖਾਪ ਪੰਚਾਇਤ ਦੀ ਹੋਈ ਇਕੱਤਰਤਾ, ਇਸ ਮਾਮਲੇ ਬਾਰੇ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ 22 ਸਤੰਬਰ ਨੂੰ ਰੋਹਤਕ ਵਿਖੇ ਆਰੀਆ ਚੌਪਾਲ ਵਿਚ ਕਰਵਾਈ ਗਈ ਸਰਬ ਖਾਪ ਪੰਚਾਇਤ ਨੇ ਅਣਖ ਦੇ ਨਾਂ ‘ਤੇ ਕੀਤੀਆਂ ਜਾਂਦੀਆਂ ਹੱਤਿਆਵਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਜੇ ਹਿੰਦੂ ਮੈਰਿਜ ਐਕਟ (1995) ਵਿਚ ਸਮੇਂ ਸਿਰ ਸੋਧ ਕਰ ਦਿੱਤੀ ਜਾਂਦੀ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਰੋਕ ਲੱਗ ਸਕਦੀ ਸੀ। ਖਾਪ ਪੰਚਾਇਤ ਨੇ ਆਰੀਆ ਸਮਾਜ ਮੰਦਰਾਂ ਵਿਚ ਮਾਤਾ-ਪਿਤਾ ਦੀ ਗ਼ੈਰ-ਮੌਜੂਦਗੀ ਵਿਚ ਵਿਆਹ ਕਰਵਾਉਣ ਦੀ ਆਗਿਆ ਦੇਣ ‘ਤੇ ਵੀ ਇਤਰਾਜ਼ ਕੀਤਾ। ਇਸ ਖਾਪ ਪੰਚਾਇਤ ਵਿਚ ਤਿੰਨ ਮਤੇ ਪਾਸ ਕੀਤੇ ਗਏ ਜਿਨ੍ਹਾਂ ਵਿਚ ਹਿੰਦੂ ਮੈਰਿਜ ਐਕਟ ਵਿਚ ਸੋਧ ਕਰਨ; ਮਿਡਲ, ਹਾਈ ਅਤੇ ਉਚੇਰੀ ਸਿੱਖਿਆ ਸੰਸਥਾਵਾਂ ਵਿਚ ਨੈਤਿਕ ਸਿੱਖਿਆ ਦਾ ਵਿਸ਼ਾ ਪਾਠਕ੍ਰਮ ਵਿਚ ਸ਼ਾਮਿਲ ਕਰਨ ਅਤੇ ਇੰਟਰਨੈਟ ‘ਤੇ ਅਸ਼ਲੀਲ ਸਮੱਗਰੀ ਪਾਉਣ ਉਤੇ ਮੁਕੰਮਲ ਰੋਕ ਲਾਉਣ ਦੀਆਂ ਮੰਗਾਂ ਕੀਤੀਆਂ ਗਈਆਂ।
ਸਰਬ ਖਾਪ ਪੰਚਾਇਤ ਵੱਲੋਂ ਪਿੰਡ ਗਰਨਾਵਠੀ ਵਿਖੇ ਹਾਲ ਹੀ ਵਿਚ ਪ੍ਰੇਮੀ ਜੋੜੇ ਦੀ ਹੱਤਿਆ ਸਬੰਧੀ ਨਿੰਦਾ ਮਤਾ ਵੀ ਪਾਸ ਕੀਤਾ ਗਿਆ ਤੇ ਕਿਹਾ ਕਿ ਅਣਖ ਦੇ ਨਾਂ ‘ਤੇ ਕੀਤੀਆਂ ਜਾਂਦੀਆਂ ਹੱਤਿਆਵਾਂ ਗੰਭੀਰ ਸਮਾਜਕ ਸਮੱਸਿਆ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਜੀਵਨ ਦਾ ਹੱਕ ਖੋਹਣ ਦਾ ਅਧਿਕਾਰ ਨਹੀਂ ਹੈ। ਇਸ ਦੇ ਨਾਲ ਹੀ ਝੱਜਰ ਦੇ ਸਾਲ੍ਹਾਵਾਸ ਖੇਤਰ ਦੀ ਬਿਰੋਹੜ ਬਾਰ੍ਹਾ ਦੀ ਪੰਚਾਇਤ ਨੇ ਸਕੂਲ-ਕਾਲਜਾਂ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਉਤੇ ਪੈਂਟ, ਜੀਨਸ, ਸ਼ਰਟ ਜਾਂ ਟੌਪ ਪਹਿਨਣ ਉਤੇ ਪਾਬੰਦੀ ਲਗਾ ਦਿੱਤੀ। ਪੰਚਾਇਤ ਦੇ ਨੁਮਾਇੰਦਿਆਂ ਅਨੁਸਾਰ ਸੂਬੇ ਅੰਦਰ ਸਮਾਜਕ ਮਰਿਆਦਾ ਭੰਗ ਹੋਣ ਦੇ ਜਿੰਨੇ ਵੀ ਮਾਮਲੇ ਹੋ ਰਹੇ ਹਨ, ਉਨ੍ਹਾਂ ਵਿਚ ਲੜਕੀਆਂ ਦਾ ਲਿਬਾਸ ਅਤੇ ਵਿਦਿਆਰਥੀਆਂ ਵੱਲੋਂ ਮੋਬਾਈਲ ਫ਼ੋਨਾਂ ਦੇ ਇਸਤੇਮਾਲ ਦੀ ਅਹਿਮ ਭੂਮਿਕਾ ਹੈ। ਪੰਚਾਇਤ ਨੇ ਅਗਲੀ ਇਕੱਤਰਤਾ ਵਿਚ ਵਿਦਿਆਰਥੀਆਂ ਦੇ ਮੋਬਾਈਲ ਫ਼ੋਨ ਦੀ ਵਰਤੋਂ ਉਤੇ ਪਾਬੰਦੀ ਲਗਾਉਣ ਨੂੰ ਪ੍ਰਵਾਨਗੀ ਦੇਣ ਦਾ ਵੀ ਫ਼ੈਸਲਾ ਕੀਤਾ।
ਸਰਬ ਖਾਪ ਪੰਚਾਇਤ ਦੀ ਹੋਂਦ ਤੇ ਵਤੀਰਾ, ਉਨ੍ਹਾਂ ਦਾ ਆਤੰਕੀ ਪ੍ਰਭਾਵ ਤੇ ਕਾਰਵਾਈਆਂ ਅਤੇ ਇਹ ਤਾਜ਼ਾ ਇਕੱਤਰਤਾ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ। ਬਿਨਾਂ ਸ਼ੱਕ ਮੌਜੂਦਾ ਦੌਰ ਵਿਚ ਆਈ ਸੂਚਨਾ ਕ੍ਰਾਂਤੀ ਨੇ ਪੀੜ੍ਹੀ ਪਾੜੇ ਨੂੰ ਬਹੁਤ ਵਧਾ ਦਿੱਤਾ ਹੈ। ਨਵੀਂ ਪੀੜ੍ਹੀ ਸੂਚਨਾ ਕ੍ਰਾਂਤੀ ਦੇ ਜ਼ਰੀਏ ਬਾਹਰੀ, ਖ਼ਾਸਕਰ ਪੱਛਮੀ ਸਭਿਅਤਾ ਦੇ ਖੁੱਲ੍ਹੇਪਣ ਤੋਂ ਬੇਹੱਦ ਪ੍ਰਭਾਵਿਤ ਹੋ ਰਹੀ ਹੈ, ਮਾਨਸਿਕ ਤੌਰ ‘ਤੇ ਬਹੁਤ ਅਜ਼ਾਦ ਮਹਿਸੂਸ ਕਰਦੀ ਹੈ ਪਰ ਜ਼ਮੀਨੀ ਹਕੀਕਤਾਂ ਉੱਪਰ ਹਾਲੇ ਵੀ ਪਰੰਪਰਾ ਦੀ ਪੀਡੀ ਪਕੜ ਹੋਣ ਕਰ ਕੇ ਖ਼ੂਨੀ ਟਕਰਾਅ ਵਾਪਰ ਰਿਹਾ ਹੈ। ਪੱਛਮੀ ਸਮਾਜਾਂ ਦੀ ਇਹ ਸਮੱਸਿਆ ਨਹੀਂ ਕਿ ਮੁੰਡੇ ਕੁੜੀ ਦੇ ਸਬੰਧਾਂ ਵਿਚ ਜਾਤ, ਜਮਾਤ ਤੇ ਜਾਇਦਾਦ ਹੀ ਫੈਸਲਾਕੁਨ ਹੋਣ। ਉਨ੍ਹਾਂ ਲਈ ਸੋਚ, ਸੁਹੱਪਣ ਤੇ ਸੁਪਨੇ ਵਧੇਰੇ ਮਾਇਨੇ ਰੱਖਦੇ ਹਨ। ਅਸਲ ਵਿਚ ਉਨ੍ਹਾਂ ਸਮਾਜਾਂ ਵਿਚ ਜੋ ਵੀ ਵਾਪਰ ਰਿਹਾ ਹੈ, ਉਥੋਂ ਦੀਆਂ ਹਾਲਾਤ ਦੇ ਵਿਕਾਸ ਦੀ ਵਿਸ਼ੇਸ਼ ਦੇਣ ਹੈ ਜਿਸ ਕਰ ਕੇ ਸਾਡੇ ਸਮਾਜ ਲਈ ਜੋ ਅਨਹੋਣੀ ਹੈ, ਉਨ੍ਹਾਂ ਲਈ ਸਮਾਜਕ ਵਰਤਾਰੇ ਦਾ ਸਹਿਜ ਹਿੱਸਾ ਹੀ ਹੈ।
ਸਪਸ਼ਟ ਕਰਨਾ ਬਣਦਾ ਹੈ ਕਿ ਅੰਤਰ-ਜਾਤੀ ਜਾਂ ਆਪਣੀ ਹੀ ਜਾਤ/ਗੋਤ ਵਿਚ ਕਰਵਾਇਆ ਪਿਆਰ-ਵਿਆਹ ਜ਼ਰੂਰੀ ਨਹੀਂ ਕਿ ਮੁੰਡੇ-ਕੁੜੀ ਦੀ ਸਹੀ ਚੋਣ ਹੀ ਹੋਵੇ। ਇਹ ਕਾਮੁਕਤਾ ਅਤੇ ਨਿਰੋਲ ਜਿਸਮਾਨੀ ਖਿੱਚ ਦਾ ਬੁਰਾ ਨਤੀਜਾ ਵੀ ਹੋ ਸਕਦਾ ਹੈ। ਅਜਿਹੇ ਮਾਮਲਿਆਂ ਵਿਚ ਇਨ੍ਹਾਂ ਜੋੜਿਆਂ ਪ੍ਰਤੀ ਸਮਾਜ ਦੀ ਪਹੁੰਚ ਕੀ ਹੋਵੇ? ਕੀ ਉਹ ਨਿਰਦਈ ਢੰਗ ਨਾਲ ਕਤਲ ਕਰ ਦਿੱਤੇ ਜਾਣ? ਇਸ ਵਿਚ ਸਾਡੇ ਸਮਾਜਕ-ਰਾਜਸੀ ਪ੍ਰਬੰਧ ਦੀ ਜ਼ਿੰਮੇਵਾਰੀ ਕਿੱਥੇ ਨਿਰਧਾਰਤ ਕੀਤੀ ਜਾਵੇ?
ਅਣਖ ਦੇ ਨਾਂ ‘ਤੇ ਹੁੰਦੇ ਕਤਲਾਂ ਦਾ ਮਾਮਲਾ ਬਹੁਤ ਪੇਚੀਦਾ ਹੈ। ਇਸ ਬਾਰੇ ਹਾਲੇ ਤੱਕ ਗੰਭੀਰ ਚਿੰਤਨ ਅਤੇ ਕੋਈ ਠੋਸ ਹੱਲ ਸਾਹਮਣੇ ਨਹੀਂ ਆ ਰਿਹਾ। ਇਹ ਮਾਮਲਾ ਸਾਡੇ ਸਮਾਜ ਦੀ ਜਾਤੀ ਵਿਵਸਥਾ, ਅੰਤਰ-ਜਾਤੀ ਜਾਂ ਆਪਣੀ ਹੀ ਜਾਤ/ਗੋਤ ਵਿਚ ਪਿਆਰ-ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਵਿਸ਼ੇਸ਼ ਧਾਰਮਿਕ ਪਰੰਪਰਾਵਾਂ, ਅਨਪੜ੍ਹਤਾ, ਜਾਗੀਰੂ ਮਾਨਸਿਕਤਾ, ਮਰਦ ਪ੍ਰਧਾਨਗੀ, ਔਰਤ ਦੀ ਦਸ਼ਾ ਤੇ ਦਿਸ਼ਾ ਨਾਲ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੈ। ਇਸ ਲਈ ਅਣਖ ਦੇ ਨਾਂ ‘ਤੇ ਹੁੰਦੇ ਕਤਲਾਂ ਬਾਰੇ ਸੋਚਣ ਦੇ ਨਾਲ-ਨਾਲ ਇਸ ਨਾਲ ਜੁੜੇ ਮੁੱਦਿਆਂ ਨੂੰ ਮੁੜ ਵਿਚਾਰਨਾ ਹੋਵੇਗਾ ਅਤੇ ਇਨ੍ਹਾਂ ਨੂੰ ਹੱਲ ਕਰਨਾ ਹੋਵੇਗਾ।

Be the first to comment

Leave a Reply

Your email address will not be published.