ਚੰਡੀਗੜ੍ਹ: ਤਖਤਾਂ ਦੇ ਜਥੇਦਾਰ ਸਹਿਬਾਨ ਵੱਲੋਂ ਪੀਏ ਰੂਪੀ ਰਿਉੜੀਆਂ ਆਪਣਿਆਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿਚਲੇ ਸਮੂਹ ਤਖਤਾਂ ਦੇ ਜਥੇਦਾਰ ਸਹਿਬਾਨ ਨੇ ਆਪਣੇ ਨਿੱਜੀ ਸਹਾਇਕ/ਪੀਏ ਦਾ ਅਹੁਦਾ ਆਪਣੇ ਪੁੱਤਰਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਹੀ ਦਿੱਤਾ ਹੋਇਆ ਹੈ ਜਦਕਿ ਸਿੱਖ ਕੌਮ ਦੇ ਬੁੱਧੀਜੀਵੀ ਵਰਗ ਜਾਂ ਕਿਸੇ ਹੋਰ ਆਗੂ ਨੂੰ ਇਸ ਅਹੁਦੇ ਤੋਂ ਦੂਰ ਹੀ ਰੱਖਿਆ ਗਿਆ ਹੈ। ਇਸ ਦਾ ਮੁੱਖ ਕਾਰਨ ਵਫਾਦਾਰੀ ਹੀ ਦੱਸਿਆ ਗਿਆ ਹੈ।
ਸਿੱਖ ਪੰਥ ਦੇ ਤਖਤਾਂ ਅਕਾਲ ਤਖਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀਏ ਰੱਖਣ ਦੀ ਸਹੂਲਤ ਦਿੱਤੀ ਗਈ ਹੈ। ਜਥੇਦਾਰਾਂ ਨੇ ਇਹ ਅਹੁਦਾ ਆਪਣੇ ਪੁੱਤਰਾਂ ਜਾਂ ਰਿਸ਼ਤੇਦਾਰਾਂ ਤੱਕ ਹੀ ਸੀਮਤ ਰੱਖਿਆ ਹੋਇਆ ਹੈ। ਮੌਜੂਦਾ ਹੀ ਨਹੀਂ ਸਗੋਂ ਸਾਬਕਾ ਜਥੇਦਾਰਾਂ ਦਾ ਵੀ ਇਸ ਮਾਮਲੇ ਵਿਚ ਅਜਿਹਾ ਹੀ ਰਵੱਈਆ ਸੀ।
ਇਕੱਤਰ ਜਾਣਕਾਰੀ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਪੀਏ ਦਾ ਅਹੁਦਾ ਆਪਣੇ ਪੁੱਤਰ ਜਸਵਿੰਦਰਪਾਲ ਸਿੰਘ ਸੋਨੂੰ ਨੂੰ ਦਿੱਤਾ ਗਿਆ ਹੈ। ਸ਼ ਸੋਨੂੰ ਹੀ ਜਥੇਦਾਰ ਨਾਲ ਬਤੌਰ ਪੀਏ ਮੁੱਢ ਤੋਂ ਸੇਵਾ ਨਿਭਾ ਰਹੇ ਹਨ।ਬੇਸ਼ੱਕ ਸ਼ ਸੋਨੂੰ ਪੜ੍ਹਾਈ ਲਿਖਾਈ ਵਜੋਂ ਅਹੁਦੇ ਲਈ ਪੂਰੀ ਤਰ੍ਹਾਂ ਫਿਟ ਹਨ ਪਰ ਜਥੇਦਾਰ ਸਾਹਿਬ ਨੇ ਇਸ ਅਹੁਦੇ ਲਈ ਕਿਸੇ ਹੋਰ ਦੀ ਥਾਂ ਆਪਣੇ ਪੁੱਤਰ ਨੂੰ ਚੁਣਿਆ ਹੈ। ਸ਼੍ਰੋਮਣੀ ਕਮੇਟੀ ਸੂਤਰਾਂ ਅਨੁਸਾਰ ਇਸ ਪੀਏ ਦੀ ਤਨਖਾਹ 6-8 ਹਜ਼ਾਰ ਰੁਪਏ ਦੇ ਕਰੀਬ ਹੈ। ਇਸੇ ਤਰ੍ਹਾਂ ਹਾਲ ਹੀ ਵਿਚ ਬਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਬੇਸ਼ੱਕ ਕੁਝ ਮਹੀਨੇ ਪਹਿਲਾਂ ਹੀ ਜਥੇਦਾਰੀ ਸੰਭਾਲੀ ਹੈ ਪਰ ਪੀਏ ਰੱਖਣ ਦੀ ਪਰੰਪਰਾ ਉਨ੍ਹਾਂ ਵੀ ਬਾਕੀ ਜਥੇਦਾਰਾਂ ਵਾਲੀ ਹੀ ਬਰਕਰਾਰ ਰੱਖੀ। ਜਥੇਦਾਰ ਮੱਲ ਸਿੰਘ ਨੇ ਵੀ ਆਪਣੇ ਪੁੱਤਰ ਅਮਨਦੀਪ ਸਿੰਘ ਨੂੰ ਪੀਏ ਰੱਖਿਆ ਗਿਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਥੇਦਾਰ ਦੇ ਪੀਏ ਦੀ ਤਨਖਾਹ ਬੇਸ਼ੱਕ ਜ਼ਿਆਦਾ ਹੈ ਪਰ ਕੱਟ-ਕਟਾ ਕੇ ਉਨ੍ਹਾਂ ਨੂੰ 12,500 ਰੁਪਏ ਮਿਲਦੀ ਹੈ।
ਜਥੇਦਾਰ ਮੱਲ ਸਿੰਘ ਤੋਂ ਪਹਿਲਾਂ ਰਹੇ ਜਥੇਦਾਰ ਮਰਹੂਮ ਗਿਆਨੀ ਤਰਲੋਚਨ ਸਿੰਘ ਨੇ ਕਿਸੇ ਕਰੀਬੀ ਨੂੰ ਆਪਣਾ ਪੀਏ ਨਹੀਂ ਰੱਖਿਆ ਸੀ। ਇਥੇ ਹੀ ਬੱਸ ਨਹੀਂ ਜੇ ਗੱਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਵੇ ਤਾਂ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਵੀ ਪੀਏ ਦਾ ਅਹੁਦਾ ਆਪਣੇ ਨਜ਼ਦੀਕੀ ਰਿਸ਼ਤੇਦਾਰ ਵੀਰਭਿੰਦਰ ਸਿੰਘ ਨੂੰ ਦਿੱਤਾ ਹੋਇਆ ਹੈ। ਇਨ੍ਹਾਂ ਦੀ ਤਨਖਾਹ ਵੀ ਬਾਕੀ ਪੀਏਜ਼ ਵਾਂਗ ਤੈਅ ਹੈ। ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਪ੍ਰਿਥੀਪਾਲ ਸਿੰਘ ਨੂੰ ਪੀਏ ਰੱਖਿਆ ਹੋਇਆ ਸੀ ਜੋ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਸਨ। ਪੰਜਾਬ ਤੋਂ ਬਾਹਰਲੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਵੀ ਪੀਏ ਦਾ ਅਹੁਦਾ ਆਪਣੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਹੀ ਦਿੱਤਾ ਹੋਇਆ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੀਏ ਦਾ ਅਹੁਦਾ ਕੋਈ ਆਰਥਿਕ ਲਾਭ ਵਾਲਾ ਨਹੀਂ ਹੈ।
Leave a Reply