ਸਰਕਾਰ ਨੇ ਖਰਚੇ-ਪਾਣੀ ਲਈ ਲਾਇਆ ਜਾਇਦਾਦਾਂ ਨੂੰ ਵਾਢਾ

ਚੰਡੀਗੜ੍ਹ: ਪੰਜਾਬ ਸਰਕਾਰ ਇਨ੍ਹੀਂ ਦਿਨੀਂ ਦਿਲ ਖੋਲ੍ਹ ਕੇ ਕਰਜ਼ਾ ਚੁੱਕ ਰਹੀ ਹੈ ਤੇ ਇਸ ਬਦਲੇ ਸੂਬੇ ਦੀ ਸਰਕਾਰੀ ਸੰਪਤੀ ਨੂੰ ਗਹਿਣੇ ਧਰਿਆ ਜਾ ਰਿਹਾ ਹੈ। ਲੰਘੇ ਅੱਠ ਮਹੀਨਿਆਂ ਵਿਚ ਪੰਜ ਬੈਂਕਾਂ ਤੋਂ ਦੋ ਪੜਾਵਾਂ ਵਿਚ ਦੋ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ। ਪੁੱਡਾ ਵੱਲੋਂ ਪੰਜਾਬ ਦੇ ਵੱਡੇ ਸ਼ਹਿਰਾਂ ਦੀਆਂ 14 ਸਰਕਾਰੀ ਜਾਇਦਾਦਾਂ ਨੂੰ ਗਹਿਣੇ ਧਰਕੇ ਬੈਂਕਾਂ ਤੋਂ ਕਰਜ਼ ਲੈ ਕੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਇਆ ਗਿਆ ਹੈ।
ਪੁੱਡਾ ਨੇ ਇਸ ਕਰਜ਼ ਲਈ ਉਨ੍ਹਾਂ ਜਾਇਦਾਦਾਂ ਨੂੰ ਗਹਿਣੇ ਰੱਖਿਆ ਹੈ ਜੋ ਸਰਕਾਰ ਨੇ ਪੁੱਡਾ ਹਵਾਲੇ ਵੇਚਣ ਲਈ ਕੀਤੀਆਂ ਸਨ। ਪੁੱਡਾ ਵੱਲੋਂ ਆਰæਟੀæਆਈ ਤਹਿਤ ਜੋ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਵਿਚ ਇਹ ਤੱਥ ਜ਼ਾਹਰ ਹੋਏ ਹਨ ਕਿ ਪੁੱਡਾ ਨੇ 18 ਮਾਰਚ, 2013 ਤੋਂ ਹੀ ਬੈਂਕਾਂ ਤੋਂ ਕਰਜ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਕੱਲੇ ਮਾਰਚ ਮਹੀਨੇ ਵਿਚ ਹੀ ਇਕ ਹਜ਼ਾਰ ਕਰੋੜ ਦਾ ਕਰਜ਼ਾ ਚੁੱਕਿਆ ਗਿਆ ਜਦੋਂ ਕਿ ਲੰਘੇ ਤਿੰਨ ਮਹੀਨਿਆਂ ਵਿਚ ਦੂਸਰੇ ਪੜਾਅ ਤਹਿਤ ਇਕ ਹਜ਼ਾਰ ਕਰੋੜ ਦਾ ਹੋਰ ਕਰਜ਼ਾ ਚੁੱਕਿਆ ਗਿਆ ਹੈ। ਇਹ ਕਰਜ਼ ਕਿਨ੍ਹਾਂ ਕੰਮਾਂ ਵਾਸਤੇ ਲਿਆ ਗਿਆ ਤੇ ਕਿਥੇ-ਕਿਥੇ ਵਰਤਿਆ ਗਿਆ, ਇਸ ਦੀ ਸੂਚਨਾ ਨਹੀਂ ਦਿੱਤੀ ਗਈ ਹੈ।
ਇਕੱਲੀ ਕੇਨਰਾ ਬੈਂਕ ਤੋਂ ਹੀ ਦੋ ਪੜਾਵਾਂ ਵਿਚ 18 ਮਾਰਚ ਤੇ 23 ਅਗਸਤ 2013 ਨੂੰ 750 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਜਦੋਂਕਿ ਬੈਂਕ ਆਫ਼ ਇੰਡੀਆ ਤੋਂ 30 ਸਤੰਬਰ ਤੇ 15 ਅਕਤੂਬਰ, 2013 ਨੂੰ 500 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਇਸੇ ਤਰ੍ਹਾਂ ਪੰਜਾਬ ਐਂਡ ਸਿੰਧ ਬੈਂਕ ਤੋਂ 28 ਮਾਰਚ, 2013 ਨੂੰ 400 ਕਰੋੜ, ਬੈਂਕ ਆਫ਼ ਬੜੌਦਾ ਤੋਂ 28 ਮਾਰਚ 2013 ਨੂੰ 250 ਕਰੋੜ ਰੁਪਏ ਤੇ ਆਂਧਰਾ ਬੈਂਕ ਤੋਂ 26 ਮਾਰਚ 2013 ਨੂੰ 100 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਗਿਆ ਹੈ। ਸਰਕਾਰੀ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਓæਯੂæਵੀæਜੀæਐਲ ਸਕੀਮ ਅਧੀਨ ਪੁੱਡਾ ਨੂੰ ਤਬਦੀਲ ਹੋਈਆਂ ਜ਼ਮੀਨਾਂ ਦੀ ਕੀਮਤ ਬਦਲੇ ਵੱਖ-ਵੱਖ ਬੈਂਕਾਂ ਤੋਂ ਇਹ ਦੋ ਹਜ਼ਾਰ ਕਰੋੜ ਦਾ ਕਰਜ਼ਾ ਲੈ ਕੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਇਆ ਗਿਆ ਹੈ।
ਵੱਡੀ ਗੱਲ ਇਹ ਹੈ ਕਿ ਪੁੱਡਾ ਨੇ ਕਰਜ਼ੇ ਲਈ ਬੁਢਲਾਡਾ ਤੇ ਜਗਰਾਓਂ ਦਾ ਪੁੱਡਾ ਇਨਕਲੇਵ ਵੀ ਗਿਰਵੀ ਕਰ ਦਿੱਤਾ ਹੈ। ਪੁੱਡਾ ਵੱਲੋਂ ਸੂਗਰ ਮਿੱਲਾਂ ਦੀ ਜਗ੍ਹਾ ਇਹ ਕਲੋਨੀਆਂ ਵਸਾਈਆਂ ਗਈਆਂ ਸਨ। ਇਹ ਦੋਵੇਂ ਕਲੋਨੀਆਂ ਹੁਣ ਕੇਨਰਾ ਬੈਂਕ ਕੋਲ ਗਿਰਵੀ ਹਨ। ਇਸੇ ਤਰ੍ਹਾਂ ਬੈਂਕ ਆਫ਼ ਇੰਡੀਆ ਕੋਲ ਕਰਜ਼ ਲਈ ਲੁਧਿਆਣਾ ਦੀ ਪੁਰਾਣੀ ਜ਼ਿਲ੍ਹਾ ਕਚਹਿਰੀ, ਪਟਿਆਲਾ ਦੀ ਛੋਟੀ ਬਾਰਾਂਦਰੀ ਸਾਈਟ ਤੇ ਅੰਮ੍ਰਿਤਸਰ ਦਾ ਕੈਨਾਲ ਰੈਸਟ ਹਾਊਸ ਗਿਰਵੀ ਕੀਤਾ ਗਿਆ ਹੈ। ਕੇਨਰਾ ਬੈਂਕ ਕੋਲ ਪਟਿਆਲਾ ਦੀ ਦੇਵੀਗੜ੍ਹ ਡਿਵੀਜ਼ਨ, ਰਾਜਪੁਰਾ ਕਲੋਨੀ, ਪਬਲਿਕ ਹੈਲਥ ਸਾਈਟ (ਸਾਹਮਣੇ ਫੁਹਾਰਾ ਚੌਂਕ) ਗਿਰਵੀ ਰੱਖੀ ਗਈ ਹੈ। ਪੰਜਾਬ ਐਂਡ ਸਿੰਧ ਬੈਂਕ ਕੋਲ ਲੁਧਿਆਣਾ ਦਾ ਗਰੀਨ ਪਾਰਕ ਇਨਕਲੇਵ (ਕੈਨਾਲ ਕਲੋਨੀ), ਜਲੰਧਰ ਦੀ ਜੇਲ੍ਹ ਸਾਈਟ, ਅੰਮ੍ਰਿਤਸਰ ਦੀ ਮੈਂਟਲ ਹਸਪਤਾਲ ਸਾਈਟ ਗਿਰਵੀ ਰੱਖੀ ਗਈ ਹੈ। ਆਂਧਰਾ ਬੈਂਕ ਤੋਂ ਅੰਮ੍ਰਿਤਸਰ ਦੀ ਰਣਜੀਤ ਐਵੇਨਿਊ ਸਾਈਟ ਨੂੰ ਗਿਰਵੀ ਰੱਖ ਕੇ ਕਰਜ਼ਾ ਚੁੱਕਿਆ ਗਿਆ ਹੈ।
ਬੈਂਕ ਆਫ਼ ਬੜੌਦਾ ਕੋਲ ਜਲੰਧਰ ਦੇ ਪੁਰਾਣੇ ਡੀæਸੀ, ਐਸ਼ਐਸ਼ਪੀ ਦਫ਼ਤਰ ਸਾਈਟ ਅਤੇ ਗਾਂਧੀ ਵਨੀਤਾ ਆਸ਼ਰਮ ਸਾਈਟ ਨੂੰ ਗਿਰਵੀ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਪ੍ਰਾਪਰਟੀ ਦੇ ਕਾਰੋਬਾਰ ਵਿਚ ਮੰਦਾ ਹੋਣ ਕਰਕੇ ਸਰਕਾਰੀ ਜਾਇਦਾਦਾਂ ਵੇਚਣ ਵਿਚ ਵੀ ਮੁਸ਼ਕਲ ਆ ਰਹੀ ਹੈ ਜਿਸ ਕਰਕੇ ਇਨ੍ਹਾਂ ਜਾਇਦਾਦਾਂ ‘ਤੇ ਨਾਲੋ-ਨਾਲ ਕਰਜ਼ਾ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਪੁੱਡਾ ਦੇ ਮੁੱਖ ਪ੍ਰਸ਼ਾਸਕ ਮਨਵੇਸ਼ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਪੁੱਡਾ ਨੇ ਦੋ ਹਜ਼ਾਰ ਕਰੋੜ ਦਾ ਕਰਜ਼ਾ ਸਰਕਾਰੀ ਸੰਪਤੀ ਬਦਲੇ ਸਰਕਾਰ ਨੂੰ ਲੈ ਕੇ ਦਿੱਤਾ ਹੈ। ਇਹ ਕਰਜ਼ਾ 10 ਸਾਲਾਂ ਵਿਚ ਵਾਪਸ ਕਰਨਾ ਹੈ। ਇਹ ਕਰਜ਼ ਕਿਥੇ ਵਰਤਿਆ ਜਾਣਾ ਹੈ, ਇਸ ਦਾ ਵਿੱਤ ਵਿਭਾਗ ਨੂੰ ਪਤਾ ਹੋਵੇਗਾ।

Be the first to comment

Leave a Reply

Your email address will not be published.