ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ

ਡਾæ ਗੁਰਨਾਮ ਕੌਰ, ਕੈਨੇਡਾ
ਇਹ ਸਲੋਕ ਗੁਰੂ ਅਮਰਦਾਸ ਜੀ ਦਾ ਰਾਮਕਲੀ ਦੀ ਵਾਰ ਵਿਚ ਉਚਾਰਿਆ ਹੋਇਆ ਹੈ। ਇਸ ਵਿਚ ਗੁਰੂ ਅਮਰਦਾਸ ਜੀ ਇਸ ਤੱਥ ‘ਤੇ ਰੌਸ਼ਨੀ ਪਾ ਰਹੇ ਹਨ ਕਿ ਬਜ਼ੁਰਗਾਂ ਦੀ ਕਰਨੀ, ਉਨ੍ਹਾਂ ਦੇ ਪਾਏ ਚੰਗੇ ਪੂਰਨਿਆਂ ਦੀਆਂ ਸਾਖੀਆਂ ਆਪਣੀ ਔਲਾਦ ਨੂੰ ਆਮ ਪੁੱਤਰਾਂ ਤੋਂ ਸਪੁੱਤਰ ਬਣਾ ਦਿੰਦੀਆਂ ਹਨ ਅਰਥਾਤ ਗੁਰਮੁਖ ਬਣਾ ਦਿੰਦੀਆਂ ਹਨ। ਇਨ੍ਹਾਂ ਚੰਗੀ ਕਰਨੀ ਦੀਆਂ ਸੁਣੀਆਂ ਹੋਈਆਂ ਸਾਖੀਆਂ ਦੀ ਬਰਕਤ ਨਾਲ ਇਹ ਗੁਰਮੁਖ ਪੁੱਤਰ ਉਨ੍ਹਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਅਤੇ ਫਿਰ ਆਪਣੇ ਬਜ਼ੁਰਗਾਂ ਵਾਂਗ ਹੀ ਚੰਗੇ ਕੰਮ ਕਰਦੇ ਹਨ, ਜਿਹੜੇ ਉਨ੍ਹਾਂ ਦੇ ਬਜ਼ੁਰਗਾਂ ਨੂੰ ਚੰਗੇ ਲੱਗਦੇ ਹਨ। ਇਹ ਇਸ ਸਲੋਕ ਵਿਚ ਪ੍ਰਗਟ ਕੀਤੇ ਖਿਆਲ ਦੇ ਆਮ ਅਰਥ ਹਨ। ਖਾਸ ਅਰਥਾਂ ਵਿਚ ਗੁਰੂ ਦੇ ਸਿੱਖ ਆਪਣੇ ਬਜ਼ੁਰਗਾਂ-ਵਡੇਰਿਆਂ ਗੁਰੂਆਂ ਦੀਆਂ ਸਾਖੀਆਂ ਸੁਣ ਕੇ ਉਨ੍ਹਾਂ ‘ਤੇ ਅਮਲ ਕਰਦੇ ਹਨ ਅਤੇ ਗੁਰਮੁਖ ਬਣਦੇ ਹਨ।
ਬਜ਼ੁਰਗਾਂ ਦੇ ਕੀਤੇ ਚੰਗੇ ਕੰਮਾਂ ਦੀਆਂ ਸਾਖੀਆਂ ਉਨ੍ਹਾਂ ਦੀ ਔਲਾਦ ‘ਤੇ ਵੀ ਚੰਗਾ ਅਸਰ ਪਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਚੰਗੇ ਅਤੇ ਸਹੀ ਰਸਤੇ ‘ਤੇ ਤੁਰਨ ਦੀ ਪ੍ਰੇਰਨਾ ਦਿੰਦੀਆਂ ਹਨ। ਇਸ ਦਾ ਦੂਸਰਾ ਪੱਖ ਇਹ ਵੀ ਹੈ ਕਿ ਜਿਹੜੇ ਯੋਗ ਪੁੱਤਰ ਹੁੰਦੇ ਹਨ, ਜਿਹੜੇ ਗੁਰਮੁਖ ਪੁੱਤਰ ਹੁੰਦੇ ਹਨ, ਜਿਨ੍ਹਾਂ ਨੂੰ ਸਪੁੱਤਰ ਵੀ ਕਿਹਾ ਜਾਂਦਾ ਹੈ, ਉਹ ਆਪਣੇ ਬਜ਼ੁਰਗਾਂ ਦੇ ਪਦ-ਚਿੰਨਾਂ ‘ਤੇ ਚਲਦੇ ਹਨ ਅਤੇ ਉਨ੍ਹਾਂ ਦੀ ਕਰਨੀ ਨੂੰ ਅੱਗੇ ਲੈ ਜਾਂਦੇ ਹਨ। ਗੁਰੂ ਅਮਰਦਾਸ ਅੱਗੇ ਫਰਮਾਉਂਦੇ ਹਨ ਕਿ ਅਜਿਹੇ ਗੁਰਮੁਖ ਪੁੱਤਰ ਸਤਿਗੁਰ ਦੇ ਭਾਣੇ ਵਿਚ ਚੱਲਦੇ ਹਨ ਅਰਥਾਤ ਬਜ਼ੁਰਗਾਂ ਦੀ ਆਗਿਆ ਵਿਚ ਚੱਲਦੇ ਹਨ ਅਤੇ ਉਹੀ ਕੰਮ ਕਰਦੇ ਹਨ ਜੋ ਸਤਿਗੁਰ ਨੂੰ, ਬਜ਼ੁਰਗਾਂ ਨੂੰ ਚੰਗੇ ਲੱਗਦੇ ਹਨ। ਇਸ ਪ੍ਰਸੰਗ ਵਿਚ ਗੁਰੂ ਅਮਰਦਾਸ ਪੁਰਾਣੇ ਹਿੰਦੂ ਸਾਸ਼ਤਰਾਂ ਦੀ ਗਵਾਹੀ ਦਿੰਦੇ ਹਨ ਕਿ ਭਾਵੇਂ ਵਿਆਸ ਸੁਕ ਅਤੇ ਨਾਰਦਮੁਨੀ ਵਰਗੇ ਰਿਸ਼ੀਆਂ ਨੂੰ ਪੁੱਛ ਕੇ ਦੇਖ ਲਵੋ ਜਿਨ੍ਹਾਂ ਨੇ ਪੁਰਾਣੇ ਹਿੰਦੂ ਸ਼ਾਸਤਰ ਅਤੇ ਪੌਰਾਣਿਕ ਇਤਿਹਾਸ ਲਿਖਿਆ ਹੈ। ਵਿਆਸ ਰਿਸ਼ੀ ਨੂੰ ਵੇਦਾਂ ਨੂੰ ਤਰਤੀਬ ਦੇਣ ਵਾਲਾ ਮੰਨਿਆ ਜਾਂਦਾ ਹੈ। ਉਸ ਨੂੰ ਮਹਾਂਭਾਰਤ ਦਾ ਰਚੈਤਾ, ਬ੍ਰਹਮ ਸੂਤ੍ਰ (ਜੋ ਵੇਦਾਂਤ ਦਰਸ਼ਨ ਦਾ ਆਧਾਰ ਹੈ) ਅਤੇ ਅਠਾਰਾਂ ਪੁਰਾਣਾਂ ਦਾ ਕਰਤਾ ਵੀ ਮੰਨਿਆ ਜਾਂਦਾ ਹੈ। ਸੁਕ ਵੀ ਇੱਕ ਰਿਸ਼ੀ ਹੋਇਆ ਹੈ। ਨਾਰਦ ਰਿਸ਼ੀ ਨੂੰ ਬ੍ਰਹਮਾ ਦਾ ਪੁੱਤਰ ਮੰਨਿਆ ਜਾਂਦਾ ਹੈ ਜਿਸ ਨੇ ਵੀਣਾ ਦੀ ਕਾਢ ਵੀ ਕੱਢੀ ਸੀ। ਉਸ ਨੂੰ ਦੇਵਤਿਆਂ ਅਤੇ ਮਨੁੱਖਾਂ ਵਿਚਕਾਰ ਸੁਨੇਹੇ ਦੇਣ ਵਾਲਾ ਅਤੇ ਦੇਵਤਿਆਂ ਦੀਆਂ ਆਪਸ ਵਿਚ ਲੜਾਈਆਂ ਕਰਾਉਣ ਵਾਲਾ ਵੀ ਕਿਹਾ ਜਾਂਦਾ ਹੈ। ਇਨ੍ਹਾਂ ਰਿਸ਼ੀਆਂ ਨੇ ਸਾਰੀ ਸ੍ਰਿਸ਼ਟੀ ਨੂੰ ਉਪਦੇਸ਼ ਦਿੱਤਾ ਅਰਥਾਤ ਆਪਣੇ ਬਜ਼ੁਰਗਾਂ ਦੀਆਂ ਚੰਗੀਆਂ ਗੱਲਾਂ ਸੰਸਾਰ ਤੱਕ ਪਹੁੰਚਾਈਆਂ। ਅਜਿਹੇ ਸ਼ੁਭ ਕੰਮ (ਵੱਡਿਆਂ ਦੀਆਂ ਸਾਖੀਆਂ ਨੂੰ ਯਾਦ ਕਰਨ ਅਤੇ ਉਸ ਪਰਮਾਤਮਾ ਵਿਚ ਜੁੜੇ ਰਹਿਣ ਦਾ ਕੰਮ) ਉਹ ਕਰਦੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪ ਇਸ ਸੱਚ ਵੱਲ ਤੋਰਿਆ ਹੈ।
ਇਥੇ ਗੁਰੂ ਸਾਹਿਬ ਨੇ ਅਕਾਲ ਪੁਰਖ ਦੀ ਕਿਰਪਾ ਦੀ ਗੱਲ ਕੀਤੀ ਹੈ। ਕਿਰਪਾ ਦਾ ਪਾਤਰ ਬਣਨ ਲਈ ਮਨੁੱਖ ਨੂੰ ਚੰਗੀ ਕਮਾਈ ਕਰਨੀ ਪੈਂਦੀ ਹੈ। ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ ਕਿ ਅਜਿਹੇ ਗੁਰਮੁਖ ਪੁੱਤਰ ਆਪ ਵੀ ਸੰਸਾਰ ਸਾਗਰ ਤੋਂ ਪਾਰ ਹੋ ਜਾਂਦੇ ਹਨ ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦੇ ਹਨ। ਅਜਿਹੇ ਮਨੁੱਖਾਂ ਦਾ ਸੰਸਾਰ ‘ਤੇ ਆਉਣਾ ਸਫਲ ਵੀ ਹੁੰਦਾ ਹੈ ਅਤੇ ਸਤਿਗੁਰੂ ਦੇ ਦਰ ‘ਤੇ ਕਬੂਲ ਵੀ ਹੁੰਦਾ ਹੈ,
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ॥
ਜਾਇ ਪੁਛਹੁ ਸਿਮ੍ਰਿਤਿ ਸਾਸਤ
ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ॥
ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ॥
ਨਾਨਕ ਆਏ ਸੇ ਪਰਵਾਣੁ ਭਏ
ਜਿ ਸਗਲੇ ਕੁਲ ਤਾਰੇਨਿ॥1॥ (ਪੰਨਾ 951)
ਪਿਤਾ ਬੱਚੇ ਲਈ ਆਦਰਸ਼ ਹੁੰਦਾ ਹੈ ਅਤੇ ਤਾਕਤਵਰ ਵੀ ਜੋ ਉਸ ਦੀ ਹਰ ਮੁਸ਼ਕਿਲ ਘੜੀ ਵਿਚ ਰੱਖਿਆ ਕਰਦਾ ਹੈ। ਇਸੇ ਲਈ ਗੁਰਬਾਣੀ ਵਿਚ ਅਕਾਲ ਪੁਰਖ ਵਾਸਤੇ ਬਹੁਤ ਵਾਰ ‘ਪਿਤਾ’ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਸੇ ਵੱਲ ਇਸ਼ਾਰਾ ਕਰਦਿਆਂ ਗੁਰੂ ਅਰਜਨ ਦੇਵ ਨੇ ਫਰਮਾਇਆ ਹੈ ਕਿ ਉਹ ਅਕਾਲ ਪੁਰਖ, ਵਾਹਿਗੁਰੂ ਜੋ ਮੇਰਾ ਪਿਤਾ ਹੈ, ਬਹੁਤ ਵੱਡੀ ਸਮਰੱਥਾ ਦਾ ਮਾਲਕ ਹੈ, ਉਹ ਸਭ ਕੁਝ ਕਰ ਸਕਣ ਦੇ ਸਮਰੱਥ ਹੈ, ਉਹ ਸਭ ਕੁਝ ਕਰਣ-ਕਾਰਣ ਯੋਗ ਹੈ। ਪਿਤਾ ਦੇ ਹੁੰਦਿਆਂ ਬੱਚੇ ਨੁੰ ਕਿਸੇ ਕਿਸਮ ਦੇ ਦੁੱਖ ਲੱਗਣ ਦੀ ਚਿੰਤਾ ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਨੂੰ ਯਾਦ ਕਰਦਿਆਂ ਕੋਈ ਦੁੱਖ ਵੀ ਨਹੀਂ ਲੱਗ ਸਕਦਾ ਅਤੇ ਜੀਵ ਸੰਸਾਰ-ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਉਹ ਸੰਸਾਰ ਅਤੇ ਸਮੇਂ ਦੇ ਆਦਿ ਤੋਂ ਹੀ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ ਹੈ, ਇਸੇ ਲਈ ਮੈਂ ਉਸ ਦੀ ਵਡਿਆਈ ਕਰ ਕਰ ਕੇ ਜੀ ਰਿਹਾ ਹਾਂ ਅਤੇ ਉਸ ਦੇ ਨਾਮ ਦਾ ਅੰਮ੍ਰਿਤ ਪੀ ਕੇ ਮਨ ਅਤੇ ਤਨ ਨਿਹਾਲ ਹੋ ਰਹੇ ਹਨ,
ਬਾਬੁਲੁ ਮੇਰਾ ਵਡ ਸਮਰਥਾ
ਕਰਣ ਕਾਰਣ ਪ੍ਰਭੁ ਹਾਰਾ॥
ਜਿਸੁ ਸਿਮਰਤ ਦੁਖੁ ਕੋਈ ਨ ਲਾਗੈ
ਭਉਜਲੁ ਪਾਰਿ ਉਤਾਰਾ॥ (ਪੰਨਾ 578)
ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਦੀ ਬਟਾਲੇ ਸ਼ਿਵਰਾਤ੍ਰੀ ਦੇ ਮੇਲੇ ‘ਤੇ ਸਿੱਧਾਂ ਨਾਲ ਹੋਈ ਗੋਸਟਿ ਦੀ ਚਰਚਾ ਕਰਦਿਆਂ ਦੱਸਦੇ ਹਨ ਜਦੋਂ ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਹਨ ਕਿ ਤੁਸੀਂ ਉਦਾਸੀਆਂ ਵਾਲੇ ਕਪੜੇ ਉਤਾਰ ਕੇ ਸੰਸਾਰੀ ਰੀਤ ਕਿਉਂ ਸ਼ੁਰੂ ਕਰ ਲਈ ਹੈ? ਗੁਰੂ ਨਾਨਕ ਸਾਹਿਬ ਉਤਰ ਦਿੰਦੇ ਹਨ ਕਿ ਤੁਹਾਡੀ ਮਾਂ ਨੇ ਤੁਹਾਨੂੰ ਸਹੀ ਸਿੱਖਿਆ ਨਹੀਂ ਦਿੱਤੀ। ਇਸੇ ਲਈ ਤੁਸੀਂ ਪਹਿਲਾਂ ਗ੍ਰਹਿਸਥ ਦਾ ਤਿਆਗ ਕਰਦੇ ਹੋ ਅਤੇ ਫਿਰ ਆਪਣਾ ਪੇਟ ਭਰਨ ਲਈ ਉਨ੍ਹਾਂ ਦੇ ਹੀ ਘਰ ਮੰਗਣ ਜਾਂਦੇ ਹੋ,
ਨਾਨਕ ਆਖੇ ‘ਭੰਗਰਿਨਾਥ!
ਤੇਰੀ ਮਾਉ ਕੁਚਜੀ ਆਹੀ।
ਭਾਂਡਾ ਧੋਇ ਨ ਜਾਤਿਓਨਿ
ਭਾਇ ਕੁਚਜੇ ਫੁਲੁ ਸੜਾਈ।
ਹੋਇ ਅਤੀਤੁ ਗ੍ਰਿਹਸਤਿ ਤਜਿ
ਫਿਰਿ ਉਨਹੁ ਕੇ ਘਰਿ ਮੰਗਣਿ ਜਾਈ।
ਬਿਨੁ ਦਿਤੇ ਕਛੁ ਹਥਿ ਨ ਆਈ॥। (1/40)॥
ਇਸ ਤਰ੍ਹਾਂ ਸਿੱਖ ਧਰਮ ਵਿਚ ਪਰਿਵਾਰਕ ਜੀਵਨ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ ਅਤੇ ਪਰਿਵਾਰ ਇੱਕ ਬਹੁਤ ਹੀ ਜ਼ਰੂਰੀ ਸੰਸਥਾ ਹੈ। ਇਸ ਤੱਥ ਦਾ ਪਤਾ ਇਸ ਗੱਲ ਤੋਂ ਵੀ ਭਾਲੀਭਾਂਤ ਲੱਗ ਜਾਂਦਾ ਹੈ ਕਿ ਸਾਰੇ ਗੁਰੂ ਸਾਹਿਬਾਨ ਨੇ ਗ੍ਰਹਿਸਥ ਜੀਵਨ ਮਾਣਿਆ। ਸਮਾਜਿਕ ਨਜ਼ਰੀਏ ਤੋਂ ਪਰਿਵਾਰ ਇੱਕ ਨਿਹਾਇਤ ਜ਼ਰੂਰੀ ਸੰਸਥਾ ਹੈ। ਸਿੱਖ ਧਰਮ ਅਨੁਸਾਰ ਤਾਂ ਧਰਮ ਦਾ ਸਹੀ ਪਾਲਣ ਅਤੇ ਪਰਮਾਤਮਾ ਦਾ ਰਸਤਾ ਗ੍ਰਹਿਸਥ ਵਿਚ ਰਹਿ ਕੇ ਹੀ ਪ੍ਰਾਪਤ ਹੋ ਸਕਦਾ ਹੈ। ਇਸੇ ਦੀ ਭਾਈ ਗੁਰਦਾਸ ਨੇ ਵੀ ਜੋਗੀਆਂ ਦੇ ਸਬੰਧ ਵਿਚ ਗੱਲ ਕੀਤੀ ਹੈ। ਕੁਝ ਇੱਕ ਧਰਮਾਂ ਨੂੰ ਛੱਡ ਕੇ ਬਹੁਤਿਆਂ ਨੇ ਪਰਮਾਤਮਾ ਨੂੰ ਪਾਉਣ ਲਈ ਪਰਿਵਾਰਕ ਅਰਥਾਤ ਸੰਸਾਰਕ ਜੀਵਨ ਦੇ ਤਿਆਗ ਨੂੰ ਹੀ ਜ਼ਰੂਰੀ ਸਮਝਿਆ ਹੈ।
ਭਾਰਤ ਵਿਚ ਪੈਦਾ ਹੋਏ ਸਾਰੇ ਧਰਮਾਂ ਨੇ ਰੱਬ ਜਾਂ ਮੁਕਤੀ ਦੀ ਪ੍ਰਾਪਤੀ ਲਈ ਸੰਨਿਆਸ ‘ਤੇ ਜ਼ੋਰ ਦਿੱਤਾ ਹੈ। ਸਿੱਖ ਧਰਮ ਅਜਿਹਾ ਧਰਮ ਹੈ ਜੋ ਆਮ ਜੀਵਨ ਜਿਉਂਦਿਆਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਅਤੇ ਉਸ ਨੂੰ ਪਾਉਣ ਦੀ ਸਿਫਾਰਸ਼ ਕਰਦਾ ਹੈ। ਇਹ ਮਨੁੱਖ ਨੂੰ ਸੰਸਾਰ ਨਾਲੋਂ ਤੋੜਦਾ ਨਹੀਂ ਬਲਕਿ ਸੰਸਾਰ ਨਾਲ ਜੋੜਦਾ ਹੈ ਅਤੇ ਅਰਦਾਸ ਵਿਚ ਵੀ ‘ਸਰਬੱਤ ਦਾ ਭਲਾ’ ਮੰਗਦਾ ਹੈ। ਸਿੱਖ ਧਰਮ ਅਨੁਸਾਰ ਪਰਮਾਤਮਾ ਦੇ ਨਾਮ ਦਾ ਸਿਮਰਨ ਮਨੁੱਖ ਦੇ ਮਨ ਵਿਚੋਂ ਹਰ ਤਰ੍ਹਾਂ ਦੀ ਮੈਲ ਧੋ ਦਿੰਦਾ ਹੈ ਅਤੇ ਮਨ ਵਿਚ ਲੱਗੀ ਵਿਕਾਰਾਂ ਦੀ ਮੈਲ ਹੀ ਸਭ ਬੁਰਾਈਆਂ ਦੀ ਜੜ੍ਹ ਹੈ। ਇਸ ਲਈ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਹੀ ਅਸਲੀ ਵੈਰਾਗੀ ਹਨ। ਗ੍ਰਹਿਸਥ ਵਿਚ ਰਹਿੰਦਿਆਂ ਹੀ ਉਨ੍ਹਾਂ ਦੀ ਲਗਨ ਉਸ ਸਦੀਵੀ ਸਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ,
ਨਾਮ ਰਤੇ ਸਦਾ ਬੈਰਾਗੀ॥
ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ॥
ਨਾਨਕ ਸਤਿਗੁਰੁ ਸੇਵੈ ਸੇ ਵਡ ਭਾਗੀ॥8॥3॥ (ਪੰਨਾ 230)
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖ ਗੁਰੂਆਂ ਰਾਹੀਂ ਸਥਾਪਤ ਕੀਤਾ ਧਰਮ ਪਰਿਵਾਰਕ ਜੀਵਨ ਅਤੇ ਸਮਾਜ ਨਾਲ ਬਹੁਤ ਨੇੜਿਓਂ ਜੁੜਿਆ ਹੋਇਆ ਹੈ। ਇਹ ਮਨੁੱਖ ਅਤੇ ਸਮਾਜ ਦੋਹਾਂ ਦੀ ਭਲਾਈ ਨਾਲ ਬਹੁਤ ਡੂੰਘਾ ਸਬੰਧ ਰੱਖਦਾ ਹੈ। ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਇਹ ਇਕਾਈ ਮਨੁੱਖ ਦੇ ਇਤਿਹਾਸ ਵਿਚ ਮੁੱਢ ਤੋਂ ਹੀ ਚਲਦੀ ਆ ਰਹੀ ਹੈ ਅਤੇ ਅੱਜ ਵੀ ਕਾਇਮ ਹੈ। ਵੱਖ ਵੱਖ ਧਰਮਾਂ ਦੇ ਇਤਿਹਾਸ ਨੂੰ ਫੋਲਿਆਂ ਪਤਾ ਲਗਦਾ ਹੈ ਕਿ ਧਰਮ ਦੇ ਵਿਕਾਸ ਜਾਂ ਤਰੱਕੀ ਵਿਚ ਪਰਿਵਾਰ ਨੇ ਬਹੁਤ ਹੀ ਅਹਿਮ ਹਿੱਸਾ ਪਾਇਆ ਹੈ। ਪਰਿਵਾਰ ਵੱਖ ਵੱਖ ਧਾਰਮਿਕ ਰਸਮਾਂ ਰਾਹੀਂ ਆਪਸ ਵਿਚ ਜੁੜਦੇ ਹਨ ਅਤੇ ਮਿਲ ਕੇ ਧਾਰਮਿਕ ਰਸਮਾਂ ਕਰਦੇ ਹਨ। ਧਾਰਮਿਕ ਰਸਮਾਂ ਜਿਵੇਂ ਪੂਜਾ-ਪਾਠ ਅਤੇ ਅਰਦਾਸ ਆਦਿ ਮਨੁੱਖ ਦੇ ਪਰਿਵਾਰਕ ਰਿਸ਼ਤਿਆਂ ਨੂੰ ਜੋੜਨ ਅਤੇ ਪੱਕਿਆਂ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ। ਪਰਿਵਾਰ ਵਿਚ ਮਿਲ ਕੇ ਜਦੋਂ ਧਾਰਮਿਕ ਰਸਮਾਂ ਕੀਤੀਆਂ ਜਾਂਦੀਆਂ ਹਨ ਤਾਂ ਪਰਿਵਾਰ ਨੂੰ ਆਪਸ ਵਿਚ ਜੋੜਨ ਵਿਚ ਇਨ੍ਹਾਂ ਦਾ ਬਹੁਤ ਹੱਥ ਹੁੰਦਾ ਹੈ। ਸਿੱਖ ਧਰਮ ਵਿਚ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਵੱਲੋਂ ਇਕੱਠਿਆਂ ਬਾਣੀ ਦਾ ਕੀਰਤਨ ਕਰਨਾ, ਬਾਣੀ ਦਾ ਪਾਠ ਕਰਨਾ ਅਤੇ ਸੁਣਨਾ, ਅਰਦਾਸ ਕਰਨੀ, ਲੰਗਰ ਦੀ ਸੇਵਾ ਕਰਨੀ ਅਤੇ ਲੰਗਰ ਛੱਕਣਾ ਆਦਿ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦਾ ਹੈ।
ਸਿੱਖ ਧਰਮ ਵਿਚ ਪਰਿਵਾਰ ਜਿੱਥੇ ਧਾਰਮਿਕ ਅਤੇ ਅਧਿਆਤਮਕ ਕੀਮਤਾਂ ਬਣਾਈ ਰੱਖਣ ਵਿਚ ਆਪਣਾ ਅਹਿਮ ਹਿੱਸਾ ਪਾਉਂਦਾ ਹੈ ਅਤੇ ਪਾ ਸਕਦਾ ਹੈ ਉਥੇ ਵਿੱਦਿਆਂ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾ ਸਕਦਾ ਹੈ। ਪਰਿਵਾਰ ਵਿਚ ਹੀ ਘਰ ਦੇ ਬਜ਼ੁਰਗਾਂ ਖਾਸ ਕਰਕੇ ਦਾਦੇ-ਦਾਦੀਆਂ, ਨਾਨੇ-ਨਾਨੀਆਂ ਵੱਲੋਂ ਬੱਚਿਆਂ ਨੂੰ ਗੁਰੂਆਂ ਦੀਆਂ ਸਾਖੀਆਂ ਅਤੇ ਸਿੱਖ ਇਤਿਹਾਸ ਸੁਣਾਇਆ ਜਾਂਦਾ ਰਿਹਾ ਹੈ। ਪਰਿਵਾਰ ਵਿਚ ਹੀ ਬੱਚੇ ਨੂੰ ਦੱਸਿਆ ਜਾਂਦਾ ਹੈ ਕਿ ਬਾਣੀ ਦਾ ਪਾਠ ਕਿਵੇਂ ਕਰਨਾ ਹੈ, ਲੰਗਰ ਅਤੇ ਸੇਵਾ ਦਾ ਸਿੱਖ ਧਰਮ ਵਿਚ ਕੀ ਮਹੱਤਵ ਹੈ। ਇਸੇ ਕਿਸਮ ਦੀ ਮਿਲਵਰਤਣ ਦੀ ਗੱਲ ਕਰਦਿਆਂ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ ਕਿ ਹੇ ਮੇਰੇ ਵੀਰ! ਇਕੱਠੇ ਹੋ ਕੇ ਸਾਧ-ਸੰਗਤ ਵਿਚ ਬੈਠਿਆ ਕਰੋ ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਸੁਰਤ ਟਿਕਾ ਕੇ ਆਪਣੇ ਆਪਸੀ ਮਤਭੇਦ ਅਤੇ ਮੇਰ-ਤੇਰ ਮਿਟਾਇਆ ਕਰੋ। ਗੁਰੂ ਦੀ ਸ਼ਰਨ ਵਿਚ ਆਉਣਾ ਚੌਪੜ ਦਾ ਕਪੜਾ ਵਿਛਾਉਣਾ ਹੈ ਅਰਥਾਤ ਇਕੱਠੇ ਹੋ ਕੇ ਬੈਠਣ ਦਾ ਸਾਧਨ ਹੈ, ਜਿਸ ਨਾਲ ਮਨ ਟਿਕਾਉ ਵਿਚ ਆਉਂਦਾ ਹੈ। ਅਕਾਲ ਪੁਰਖ ਦੇ ਨਾਮ ਦਾ ਇਕੱਠੇ ਹੋ ਕੇ ਸਿਮਰਨ ਕਰਨਾ ਚੌਪੜ ਖੇਡਣਾ ਹੈ। ਨੇਕ ਕੰਮ ਕਰਨ ਨੂੰ ਚੌਪੜ ਦੀ ਖੇਡ ਬਣਾਵੋ, ਉਚੇ ਆਚਰਨ ਨੁੰ ਨਰਦ ਬਣਾਵੋ। ਇਸ ਦੀ ਬਰਕਤ ਨਾਲ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਵੱਸ ਵਿਚ ਕਰੋ। ਇਹੋ ਜਿਹੀ ਖੇਡ ਅਕਾਲ ਪੁਰਖ ਨੂੰ ਚੰਗੀ ਲਗਦੀ ਹੈ,
ਹੋਇ ਇਕਤ੍ਰ ਮਿਲਹੁ ਮੇਰੇ ਭਾਈ
ਦੁਬਿਧਾ ਦੂਰਿ ਕਰਹੁ ਲਿਵ ਲਾਇ॥
ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫਾ ਵਿਛਾਇ॥1॥ (ਪੰਨਾ 1185)
ਵਰਤਮਾਨ ਸਮੇਂ ਵਿਚ ਪਰਿਵਾਰ ਵੀ ਬਹੁਤ ਵਿਅਕਤੀਗਤ ਹੋ ਗਏ ਹਨ। ਵੱਡੇ ਬਜ਼ੁਰਗਾਂ ਨਾਲ ਰਹਿਣ ਅਤੇ ਸਾਂਝੇ ਪਰਿਵਾਰਾਂ ਦੀ ਪਰੰਪਰਾ ਖਤਮ ਹੋ ਰਹੀ ਹੈ। ਬਜ਼ੁਰਗਾਂ ਕੋਲੋਂ ਜੋ ਅਗਵਾਈ ਮਿਲਣੀ ਹੁੰਦੀ ਹੈ, ਉਸ ਤੋਂ ਨੌਜੁਆਨ ਪੀੜ੍ਹੀ ਵਾਂਝੀ ਹੋ ਰਹੀ ਹੈ। ਇਹੀ ਕਾਰਨ ਹੈ ਕਿ ਨੌਜੁਆਨ ਪੀੜ੍ਹੀ ਸਿੱਖੀ ਤੋਂ ਦੂਰ ਹੋ ਰਹੀ ਹੈ। ਜੇ ਉਹ ਸਿਰ ‘ਤੇ ਕੇਸ ਹੀ ਨਹੀਂ ਰੱਖ ਰਹੇ ਤਾਂ ਕੀ ਉਹ ਬਾਕੀ ਦੇ ਕੱਕਾਰ ਧਾਰਨ ਕਰਨਗੇ? ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਵਿਚ ਚਲੇ ਜਾਉ ਹੁਣ ਸਿੱਖ ਬੱਚੇ ਅਤੇ ਬੱਚੀਆਂ ਦੀ ਪਛਾਣ ਉਨ੍ਹਾਂ ਦੇ ਨਾਂਵਾਂ ਪਿੱਛੇ ਲੱਗੇ ‘ਸਿੰਘ’ ਜਾਂ ‘ਕੌਰ’ ਤੋਂ ਹੀ ਹੁੰਦੀ ਹੈ। ਸਭ ਤੋਂ ਵੱਡੀ ਚਿੰਤਾ ਨੌਜੁਆਨ ਪੀੜ੍ਹੀ ਦਾ ਵਧ ਰਿਹਾ ਨਸ਼ਿਆਂ ਦਾ ਰੁਝਾਨ ਹੈ ਜਿਸ ਕਰਕੇ ਉਹ ਵਿਦਿਅਕ ਤੌਰ ‘ਤੇ ਵੀ ਪੱਛੜਦੇ ਜਾ ਰਹੇ ਹਨ, ਖਾਸ ਕਰਕੇ ਲੜਕੇ। ਉਂਜ ਤਾਜ਼ਾ ਸਰਵੇ ਮੁਤਾਬਕ ਕੁੜੀਆਂ ਵੀ ਨਸ਼ਿਆਂ ਵਿਚ ਪੈ ਰਹੀਆਂ ਹਨ। ਹੁਣੇ ਜਿਹੇ ਪੰਜਾਬ ਸਰਕਾਰ ਨੇ ਇੱਕ ਸਕੀਮ ਤਹਿਤ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਉਨ੍ਹਾਂ ਬੱਚਿਆਂ ਨੂੰ ਇਨਾਮ ਦੇਣ ਦੀ ਯੋਜਨਾ ਬਣਾਈ ਜਿਨ੍ਹਾਂ ਨੇ ਦਸਵੀਂ ਜਮਾਤ ਵਿਚ 80% ਤੋਂ ਉਤੇ ਨੰਬਰ ਲਏ ਅਤੇ ਜਿਨ੍ਹਾਂ ਨੇ 90% ਤੋਂ ਉਤੇ ਲਏ ਉਨ੍ਹਾਂ ਨੂੰ ਸਟੇਜ ‘ਤੇ ਬਿਠਾ ਕੇ ਮਾਣ ਬਖਸ਼ਿਆ। 80% ਨੰਬਰ ਲੈਣ ਵਾਲਿਆਂ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਤੋਂ ਕਿਤੇ ਵੱਧ ਸੀ ਅਤੇ 90% ਜਾਂ ਇਸ ਤੋਂ ਉਪਰ ਨੰਬਰ ਲੈਣ ਵਾਲਿਆਂ ਵਿਚ ਕੋਈ ਲੜਕਾ ਨਹੀਂ ਸੀ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ। ਨਸ਼ਿਆਂ ਵੱਲ ਰੁਝਾਨ ਦੇ ਭਾਵੇਂ ਇੱਕ ਤੋਂ ਵੱਧ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਨ ਅਸਲ ਵਿਚ ਘਰਾਂ ਦਾ ਮਾਹੌਲ ਅਤੇ ਵਰਤਮਾਨ ਸਮੇਂ ਦੀ ਸਮਾਜਿਕ ਰਹਿਣੀ ਹੈ। ਗੁਰਮਤਿ ਵਿਚ ਹਰ ਤਰ੍ਹਾਂ ਦੇ ਨਸ਼ੇ ਦੀ ਮਨਾਹੀ ਹੈ ਪਰ ਪਤਾ ਨਹੀਂ ਸਿੱਖਾਂ ਵਿਚ ਇਹ ਭੁਲੇਖਾ ਕਿਵੇਂ ਪੈਦਾ ਹੋ ਗਿਆ ਹੈ ਕਿ ਸ਼ਰਾਬ ਪੀਣ ਦੀ ਕੋਈ ਮਨਾਹੀ ਨਹੀਂ ਹੈ। ਪਹਿਲੇ ਸਮਿਆਂ ਵਿਚ ਸਿਰਫ ਕਿਸੇ ਖਾਸ ਮੌਕੇ ‘ਤੇ ਸ਼ਰਾਬ ਵਰਤੀ ਜਾਂਦੀ ਸੀ ਪਰ ਹੁਣ ਇਸ ਨੂੰ ਸਮਾਜਿਕ ਰੁਤਬੇ ਨਾਲ ਜੋੜ ਲਿਆ ਗਿਆ ਹੈ। ਸਿੱਖ ਘਰਾਂ ਵਿਚ ਇਸ ਦੀ ਵਰਤੋਂ ਆਮ ਹੋਣ ਲੱਗ ਪਈ ਹੈ। ਸਰਕਾਰ ਨੇ ਵੀ ਥਾਂ ਥਾਂ ਠੇਕੇ ਖੋਲ੍ਹ ਦਿੱਤੇ ਹਨ। ਇਸ ਦੇ ਦੋ ਕਾਰਨ ਹਨ। ਪਹਿਲਾ ਇਹ ਕਿ ਸਰਕਾਰਾਂ ਦੀ ਇਹ ਆਮਦਨ ਦਾ ਸਾਧਨ ਹੈ। ਦੂਸਰੇ ਲੋਕ ਜਿੰਨੇ ਜ਼ਿਆਦਾ ਨਸ਼ਈ ਹੋਣਗੇ ਉਨੇ ਹੀ ਉਹ ਸਰਕਾਰ ਦੀ ਗੁਲਾਮੀ ਕਰਨਗੇ ਅਤੇ ਸਰਕਾਰ ਦੀ ਕਾਰਗੁਜ਼ਾਰੀ ਪ੍ਰਤੀ ਸੁਚੇਤ ਨਹੀਂ ਹੋਣਗੇ।
ਹੋਰ ਨਸ਼ਿਆਂ ਦੀ ਵੀ ਬਹੁਤ ਭਰਮਾਰ ਹੈ ਜਿਸ ਦਾ ਵੱਡਾ ਕਾਰਨ ਸਰਕਾਰੀ ਸਰਪ੍ਰਸਤੀ ਵਿਚ ਭਾਂਤ-ਸੁਭਾਂਤੇ ਨਸ਼ਿਆਂ ਦੀ ਹੋ ਰਹੀ ਤਸਕਰੀ ਹੈ। ਰਾਤੋ-ਰਾਤ ਅਮੀਰ ਹੋਣ ਦੀ ਲੋਕਾਂ ਵਿਚ ਹੋੜ ਲੱਗੀ ਹੋਈ ਹੈ ਜੋ ਈਮਾਨਦਾਰੀ ਦੀ ਕਮਾਈ ਨਾਲ ਸੰਭਵ ਨਹੀਂ। ਕੋਈ ਵੀ ਸੁਧਾਰ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਬੱਚਿਆਂ ਨੇ ਆਪਣੇ ਬਜ਼ੁਰਗਾਂ ਦੇ ਪਦ-ਚਿੰਨ੍ਹਾਂ ‘ਤੇ ਹੀ ਚੱਲਣਾ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਸਹੀ ਰਸਤੇ ‘ਤੇ ਪਾਉਣ ਲਈ ਵੱਡਿਆਂ ਦਾ, ਜਿਨ੍ਹਾਂ ਨੇ ਉਨ੍ਹਾਂ ਨੂੰ ਰਸਤਾ ਦਿਖਾਉਣਾ ਹੈ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਵੱਡਿਆਂ ਦੇ ਇਕੱਤਰ ਕੀਤੇ ਖਜ਼ਾਨੇ, ਭਾਵੇਂ ਉਹ ਗੁਣਾਂ ਦਾ ਹੋਵੇ ਭਾਵੇਂ ਧੰਨ-ਦੌਲਤ ਦਾ ਅਤੇ ਭਾਵੇਂ ਔਗੁਣਾਂ ਦਾ, ਵਿਚੋਂ ਹੀ ਬੱਚਿਆਂ ਨੇ ਵਿਰਾਸਤ ਹੰਢਾਉਣੀ ਹੁੰਦੀ ਹੈ। ਇਸੇ ਸਬੰਧ ਵਿਚ ਗੁਰੂ ਅਰਜਨ ਦੇਵ ਜਿਨ੍ਹਾਂ ਨੇ ਆਪਣੇ ਪੁਰਖੇ ਚਾਰ ਗੁਰੂਆਂ ਦੀ ਬਾਣੀ ਦਾ ਖਜ਼ਾਨਾ ਇਕੱਠਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ, ਫਰਮਾਉਂਦੇ ਹਨ ਕਿ ਜਦੋਂ ਮੈਂ ਗੁਰੂ ਨਾਨਕ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਦਾ ਖਜ਼ਾਨਾ ਖੋਲ੍ਹ ਕੇ ਦੇਖਿਆ ਤਾਂ ਮੇਰੇ ਮਨ ਵਿਚ ਆਤਮਕ ਅਨੰਦ ਦਾ ਭੰਡਾਰ ਭਰਿਆ ਗਿਆ,
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੈ ਮਨਿ ਭਇਆ ਨਿਧਾਨਾ॥
ਰਤਨ ਲਾਲ ਜਾ ਕਾ ਕਛੂ ਨ ਮੋਲੁ॥
ਭਰੇ ਭੰਡਾਰ ਅਖੂਟ ਅਤੋਲ॥2॥ (ਪੰਨਾ 186)

Be the first to comment

Leave a Reply

Your email address will not be published.