ਅੰਮ੍ਰਿਤਸਰ: ਏਅਰ ਪੋਰਟ ਅਥਾਰਟੀ ਆਫ਼ ਇੰਡੀਆ (ਏæਏæਆਈ) ਵੱਲੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਦਿਆਂ ਮੋਬਾਈਲ ਆਧਾਰਤ ਲੋਕ ਸ਼ਿਕਾਇਤ ਨਿਵਾਰਨ ਸੇਵਾ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਏæਏæਆਈæ ਦੇ ਚੇਅਰਮੈਨ ਵੀæਪੀ ਅਗਰਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਆਖਿਆ ਕਿ ਪੰਜਾਬ ਵਿਚ ਹਵਾਈ ਸੇਵਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਏæਏæਆਈ ਵੱਲੋਂ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਸ੍ਰੀ ਅਗਰਵਾਲ ਨੇ ਕਿਹਾ ਕਿ ਇਹ ਸੇਵਾ ਹੁਣ ਤੱਕ ਭਾਰਤ ਵਿਚ ਤਿੰਨ ਅੰਤਰਾਸ਼ਟਰੀ ਹਵਾਈ ਅੱਡਿਆਂ ‘ਤੇ ਸ਼ੁਰੂ ਕੀਤੀ ਗਈ ਹੈ ਜਿਨ੍ਹਾਂ ਵਿਚ ਅੰਮ੍ਰਿਤਸਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਹ ਸਹੂਲਤ ਤਿਰੁਚਿਰਪੱਲੀ ਤੇ ਭੁਵਨੇਸ਼ਵਰ ਦੇ ਹਵਾਈ ਅੱਡਿਆਂ ‘ਤੇ ਵੀ ਸਥਾਪਤ ਕੀਤੀ ਗਈ ਹੈ। ਏæਏæਆਈ ਵੱਲੋਂ ਪੰਜਾਬ ਵਿਚ ਪੰਜ ਹਵਾਈ ਅੱਡਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਿਨ੍ਹਾਂ ਵਿਚ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਮੁਹਾਲੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਘਰੇਲੂ ਹਵਾਈ ਉਡਾਣਾਂ ਲਈ ਬਠਿੰਡਾ, ਪਠਾਨਕੋਟ ਤੇ ਲੁਧਿਆਣੇ ਦੇ ਹਵਾਈ ਅੱਡੇ ਵੀ ਤਿਆਰ ਹਨ। ਇਨ੍ਹਾਂ ਤੋਂ ਛੇਤੀ ਹੀ ਘਰੇਲੂ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਉਨ੍ਹਾਂ ਆਖਿਆ ਕਿ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਯਾਤਰੂਆਂ ਦੀ ਆਮਦ ਨੂੰ ਉਤਸ਼ਾਹਤ ਕਰਨ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਹਵਾਈ ਅੱਡੇ ਦਾ ਢਾਂਚਾ ਵਿਸ਼ਵ ਭਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਧਿਆਨ ਵਿਚ ਰੱਖ ਕੇ ਸਥਾਪਤ ਕੀਤਾ ਗਿਆ ਹੈ, ਜਿਥੇ 24 ਘੰਟੇ ਹੈਲਪ ਡੈਸਕ ਦੀ ਸਹੂਲਤ, ਵਾਈ ਫਾਈ ਤੇ ਜੀæਆਰæਪੀæਐਸ ਦੀ ਸਮਰਥਾ ਵਾਲਾ ਡਾਟਾ ਕੈਪਚਰ ਟਰਮੀਨਲ ਤੇ ਹੋਰ ਸ਼ਾਮਲ ਹੈ।
ਹਵਾਈ ਜਹਾਜ ਕੰਟਰੋਲ ਮੈਨੇਜਮੈਂਟ ਤਹਿਤ ਇਥੇ ਏਅਰ ਨੇਵੀਗੇਸ਼ਨ ਸਹੂਲਤ ਸਥਾਪਤ ਕੀਤੀ ਗਈ ਹੈ ਜਿਸ ਵਿਚ ਆਈæਐਲ਼ਐਸ਼ ਕੈਟ-2 ਦੀ ਸਹੂਲਤ ਸ਼ਾਮਲ ਹੈ, ਜਿਸ ਤਹਿਤ ਹਵਾਈ ਜਹਾਜ਼ ਨੂੰ ਸੰਘਣੀ ਧੁੰਦ ਵਿਚ ਵੀ ਇਸ ਹਵਾਈ ਅੱਡੇ ‘ਤੇ ਸੁਖਾਲੇ ਢੰਗ ਨਾਲ ਉਤਾਰਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਦਾ ਰਨ ਵੇਅ 12 ਹਜ਼ਾਰ ਫੁੱਟ ਲੰਮਾ ਹੈ ਜੋ ਕਿ ਉਤਰੀ ਭਾਰਤ ਵਿਚ ਏæਏæਆਈ ਦੇ ਪ੍ਰਬੰਧ ਹੇਠ ਚੱਲ ਰਹੇ ਹਵਾਈ ਅੱਡਿਆਂ ਵਿਚੋਂ ਸਭ ਤੋਂ ਲੰਮਾ ਰਨ ਵੇਅ ਹੈ। ਛੇਤੀ ਹੀ ਇਥੇ ਹਵਾਈ ਅੱਡੇ ‘ਤੇ ਦੋ ਨਵੇਂ ਐਰੋ ਬ੍ਰਿਜ ਵੀ ਸਥਾਪਤ ਕੀਤੇ ਜਾ ਰਹੇ ਹਨ ਜਿਸ ਨਾਲ ਇਥੇ ਐਰੋ ਬ੍ਰਿਜਾਂ ਦੀ ਗਿਣਤੀ ਦੋਗਣੀ ਹੋ ਜਾਵੇਗੀ।
ਹਵਾਈ ਅੱਡੇ ਦੇ ਡਾਇਰਕਟਰ ਸੁਨੀਲ ਦੱਤ ਨੇ ਨਵੀਂ ਸਥਾਪਤ ਕੀਤੀ ਸੇਵਾ ਬਾਰੇ ਦੱਸਿਆ ਕਿ ਇਸ ਯੋਜਨਾ ਤਹਿਤ ਯਾਤਰੂ ਈ ਮੇਲ ਰਾਹੀਂ ਆਪਣੀ ਸ਼ਿਕਾਇਤ ਤੇ ਸੁਝਾਅ ਭੇਜ ਸਕਦੇ ਹਨ। ਇਸ ਤੋਂ ਇਲਾਵਾ ਇਥੇ ਫਾਰਮ ਭਰ ਕੇ ਵੀ ਆਪਣੀ ਸ਼ਿਕਾਇਤ ਤੇ ਸੁਝਾਅ ਦੇ ਸਕਦੇ ਹਨ। ਇਸ ਸਹੂਲਤ ਲਈ ਯਾਤਰੀ ਨੂੰ ਆਪਣੇ ਮੋਬਾਈਲ ਫੋਨ ‘ਤੇ ਸਿਰਫ਼ ਇਕ ‘ਐਪਲੀਕੇਸ਼ਨ’ ਡਾਊਨ ਲੋਡ ਕਰਨਾ ਹੋਵੇਗਾ।
Leave a Reply