ਐਸ਼ ਅਸ਼ੋਕ ਭੌਰਾ
ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿਚੋਂ ਹਾਂ ਜਿਨ੍ਹਾਂ ਨੇ ਪੈਸੇ ਨਾਲ ਨਹੀਂ, ਸ਼ਬਦਾਂ ਦੇ ਸਹਾਰੇ ਦੁਨੀਆਂ ਦੇ ਇਕੱਤੀ ਦੇਸ਼, ਸਣੇ ਅਰਬ ਅਤੇ ਯੂਰਪ ਦੇਖੇ ਹਨ। ਆਮ ਲੇਖਕਾਂ ਵਾਂਗ ਕਿਤਾਬਾਂ ਮੈਂ ਵੀ ਬਹੁਤ ਪੜ੍ਹੀਆਂ ਹਨ ਪਰ ਬਲਵੰਤ ਗਾਰਗੀ ਦੇ ਕਹਿਣ ਵਾਂਗ ਬੰਦਾ ਇਕ ਵੀ ਪੜ੍ਹਨਾ ਸੰਭਵ ਨਹੀਂ ਹੋ ਸਕਿਆ। ਹਾਲੇ ਤੱਕ ਮੈਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਮੈਂ ਕਿਸ ਭਾਸ਼ਾ, ਬੋਲੀ, ਜ਼ੁਬਾਨ ਤੇ ਸਭਿਆਚਾਰ ਨੂੰ ਪ੍ਰਫੁਲਿਤ ਕਰਦਾ ਰਿਹਾ ਹਾਂ? ਕਿਉਂਕਿ ਪੰਜਾਬ ਸਰਕਾਰ, ਭਾਸ਼ਾ ਵਿਭਾਗ ਤੇ ਸਭਿਆਚਾਰ ਵਿਭਾਗ ਵੱਲੋਂ ਉਨ੍ਹਾਂ ਲੋਕਾਂ ਨੂੰ ਇਹ ਕੰਮ ਕਰਨ ਬਦਲੇ ਸਨਮਾਨ ਦਿੱਤੇ ਜਾ ਚੁੱਕੇ ਹਨ ਜਿਹੜੇ ਉਦੋਂ ਜੰਮੇ ਹੋਣਗੇ ਜਦੋਂ ਮੈਂ ਗਹਿਗੱਚ ਹੋ ਕੇ ਲਿਖਣ ਤੇ ਛਪਣ ਲੱਗ ਪਿਆ ਸੀ। ਸ਼ਾਇਦ ਇਸ ਕਰ ਕੇ ਕਿ ਮੈਂ ਸੈਂਤੀ ਸਾਲਾਂ ਤੋਂ ਨਿਰੰਤਰ ਲਿਖ ਤਾਂ ਰਿਹਾ ਹਾਂ ਪਰ ਜੁਗਾੜੀ ਲੇਖਕ ਨਹੀਂ ਬਣ ਸਕਿਆ। ਜਦੋਂ 1994 ਵਿਚ ਸ਼ੌਂਕੀ ਮੇਲੇ ‘ਤੇ ਸਰਕਾਰੀ ਛੁੱਟੀ ਕਰਨੀ ਪਈ ਸੀ, ਉਦੋਂ ਇਹ ਤਾਂ ਮੰਨ ਲਿਆ ਗਿਆ ਸੀ ਕਿ ਮੈਂ ਪੰਜਾਬ ਵਿਚ ਪਹਿਲੇ ਦਰਜੇ ਦਾ ਸਾਹਿਤਕ ਤੇ ਸਭਿਆਚਾਰਕ ਮੇਲਾ ਲਾਉਣ ਦੇ ਸਮਰੱਥ ਹੋ ਗਿਆ ਸਾਂ ਪਰ ਰਾਜਨੀਤਕ ਹਾਲਾਤ ਕਰ ਕੇ ਇਸ ਗੱਲ ਨੂੰ ਹੁਣ ਤੱਕ ਭਿੰਨ-ਭੇਦ ਕਾਰਨ ਵਿਚਾਰਿਆ ਨਹੀਂ ਗਿਆ ਕਿ ਅਸ਼ੋਕ ਭੌਰਾ ਵੀ ਕੋਈ ਥਾਂ ਰੱਖਦਾ ਹੈ। ਖ਼ੁਸ਼ ਮੈਂ ਇਸ ਗੱਲੋਂ ਹਾਂ ਕਿ ਜਦੋਂ ਦਾ ਮੈਂ ਲਿਖ ਰਿਹਾ ਹਾਂ, ਮੇਰੇ ਪਾਠਕਾਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਹੈ ਤੇ ਪਾਠਕਾਂ ਦਾ ਹੁੰਗਾਰਾ ਮੇਰੇ ਲਈ ਕਿਸੇ ਨੋਬਲ ਪੁਰਸਕਾਰ ਤੋਂ ਘੱਟ ਨਹੀਂ ਹੈ।
1994 ਵਿਚ ਦੋ ਘਟਨਾਵਾਂ ਮੇਰੀ ਜ਼ਿੰਦਗੀ ਵਿਚ ਅਹਿਮ ਵਾਪਰੀਆਂ। ਪਹਿਲੀ ਇਹ ਕਿ ਸ਼ੌਕੀ ਮੇਲੇ ਦੀ ਸਿਖਰ ਹੋ ਗਈ ਸੀ। (ਇਸ ਮੇਲੇ ਬਾਰੇ ਕਦੀ ਫਿਰ ਵਿਸਥਾਰ ਵਿਚ ਗੱਲ ਕਰਾਂਗਾ)। ਦੂਜੀ ਇਹ ਕਿ ਕੁਝ ਗਾਇਕਾਂ ਨੇ ਗਾਇਕੀ ਵਿਚ ਮੇਰੀ ਤਿਲਫੁਲ ਭੇਟ ਨੂੰ ਸਵੀਕਾਰ ਕਰਦਿਆਂ ਮੇਰੇ ਹੀ ਪਿੰਡ ਭੌਰਾ (ਸ਼ਹੀਦ ਭਗਤ ਸਿੰਘ ਨਗਰ) ਵਿਚ ਮੈਨੂੰ ਵੱਡਾ ਸਮਾਗਮ ਕਰ ਕੇ ਮਾਰੂਤੀ ਕਾਰ, ਸੋਨੇ ਦਾ ਕੜਾ ਅਤੇ ਕੁਝ ਨਗਦੀ ਦਿੱਤੀ ਸੀ। ਇਸ ਸਨਮਾਨ ਨਾਲ ਮੈਂ ਇਸ ਕਰ ਕੇ ਵੀ ਵੱਧ ਖੁਸ਼ ਸਾਂ ਕਿ ਮੇਰੇ ਆਪਣਿਆਂ ਨੇ ਘੱਟੋ-ਘੱਟ ਵੱਡਾ ਉਦਮ ਕਰ ਲਿਆ ਸੀ। ਜਾਣ ਇਹ ਵੀ ਗਿਆ ਸਾਂ ਕਿ ਬਹੁਤੇ ਗਾਇਕ ਮੇਰੇ ਨਾਲ ਕਿੰਨੇ ਕੁ ਤੇ ਕਿਥੇ ਕੁ ਖੜ੍ਹੇ ਸਨ। ਜਿਨ੍ਹਾਂ ਕਰ ਕੇ ਮੈਂ ਵਰ੍ਹਦੀਆਂ ਗੋਲੀਆਂ ਵਿਚ ਜਾਨ ਤਲੀ ‘ਤੇ ਰੱਖ ਕੇ ਕੰਮ ਕਰਦਾ ਰਿਹਾਂ, ਉਹ ਪਿੱਠ ਘੁੰਮਾ ਕੇ ਪ੍ਰਤੀਕ੍ਰਿਆ ਕਿਹੜੀ ਦਿੰਦੇ ਰਹੇ। ਇਕੀ ਫਰਵਰੀ 1994 ਵਿਚ ਇਸ ਸਨਮਾਨ ਦੀ ਗੱਲ ਸ਼ੁਰੂ ਕਿਵੇਂ ਹੋਈ, ਸਿਰੇ ਕਿਵੇਂ ਲੱਗੀ; ਇਹ ਖੁਲਾਸਾ ਤੁਹਾਡੇ ਨਾਲ ਚਿੱਠੀ ਲਿਖਣ ਵਾਂਗ ਪਤਾ ਨਹੀਂ ਦੁੱਖ ਨਾਲ ਤੇ ਪਤਾ ਨਹੀਂ ਖੁਸ਼ੀ ਨਾਲ ਸਾਂਝਾ ਕਰ ਰਿਹਾ ਹਾਂ।
ਨਵੰਬਰ 1993 ਵਿਚ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਆਉਣ ਨਾਲ ਸਰਕਾਰੀ ਤੇ ਗੈਰ-ਸਰਕਾਰੀ ਅਤਿਵਾਦ ਨੂੰ ਠੱਲ੍ਹ ਪੈ ਗਈ ਸੀ। ਪੰਜਾਬ ਪੁਲਿਸ ਦੇ ਤਤਕਾਲੀਨ ਡਾਇਰੈਕਟਰ ਜਨਰਲ ਕੇæਪੀæਐਸ਼ ਗਿੱਲ ਦਾ ਕਲੀਆਂ ਦੇ ਬਾਦਸ਼ਾਹ ਤੇ ਮੇਰੇ ਮਿੱਤਰ ਕੁਲਦੀਪ ਮਾਣਕ ਨਾਲ ਦੋਸਤੀ ਦਾ ਚਿਰਾਗ ਲਟ-ਲਟ ਬਲਣ ਦਾ ਸਿੱਟਾ ਇਹ ਨਿਕਲਿਆ ਕਿ ਬਠਿੰਡੇ ਜ਼ਿਲ੍ਹੇ ਦਾ ਮਾਣਕ ਦਾ ਜੱਦੀ ਪਿੰਡ ਜਲਾਲ ਹੁਣ ਭਾਵੇਂ ਇਸ ਪਰਿਵਾਰ ਦੀ ਅੰਦਰੂਨੀ ਈਰਖਾ ਤੇ ਖਹਿਬਾਜ਼ੀ ਕਾਰਨ ਉਹਦੀ ਮੋਏ ਦੀ ਮਿੱਟੀ ਖਰਾਬ ਕਰਨ ਕਾਰਨ ਚਰਚਾ ਵਿਚ ਆਇਆ ਹੋਵੇ, ਪਰ ਇਸੇ ਪਿੰਡ ਵਿਚੋਂ ਜਦੋਂ ਕੇæਪੀæਐਸ਼ ਗਿੱਲ ਨੇ ਉਹਦਾ ਮਾਰੂਤੀ ਕਾਰ ਨਾਲ ਸਨਮਾਨ ਰੱਖਿਆ ਤਾਂ ਸਨਮਾਨ ਤੋਂ ਵੱਡੀ ਗੱਲ ਇਹ ਚਰਚਾ ਵਿਚ ਰਹੀ ਕਿ ਇਸ ਸਮਾਗਮ ‘ਤੇ ਜਿਹੜਾ ਇਕੱਠ ਹੋਇਆ ਸੀ, ਉਹ ਸ਼ਾਇਦ ਮਾਣਕ ਦੇ ਅੰਤਿਮ ਸੰਸਕਾਰ ਵੇਲੇ ਵੀ ਨਹੀਂ ਹੋਇਆ। ਪੰਡਾਲ ਤੋਂ ਦੋ ਮੀਲ ਦੇ ਘੇਰੇ ਵਿਚ ਲੋਕ ਮਾਣਕ ਦੇ ਉਪਾਸ਼ਕ ਕੁੰਭ ਦੇ ਮੇਲੇ ਵਾਂਗ ਤੁਰੇ ਫਿਰਦੇ ਸਨ। ਹੈਰਾਨੀ ਵਾਲੀ ਗੱਲ ਇਹ ਸੀ ਕਿ ਜਿਸ ਮੰਚ ਦੁਆਲੇ ਪੁਲਿਸ ਦਾ ਸਖ਼ਤ ਪਹਿਰਾ ਚਿੜੀ ਵੀ ਫਟਕਣ ਨਹੀਂ ਦੇ ਰਿਹਾ ਸੀ, ਉਸ ਮੰਚ ਉਤੇ ਮੈਂ ਜਗਦੇਵ ਸਿੰਘ ਜੱਸੋਵਾਲ ਨਾਲ ਬੈਠਣ ਵਿਚ ਸਫਲ ਹੋ ਗਿਆ ਸਾਂ। ਬਹੁਤ ਚਰਚਿਤ ਤੇ ਪੰਜਾਬ ਨੂੰ ਸ਼ਾਂਤੀ ਵੱਲ ਮੋੜ ਲਿਆਉਣ ਦਾ ਦਾਅਵਾ ਕਰਨ ਵਾਲੇ ਪੁਲਿਸ ਅਫਸਰ ਕੇæਪੀæਐਸ਼ ਗਿੱਲ ਦੇ ਸਭ ਤੋਂ ਨੇੜਿਓਂ ਪਹਿਲੀ ਤੇ ਆਖਰੀ ਵਾਰ ਦਰਸ਼ਨ ਕਰਨ ਵਿਚ ਸਫਲ ਹੋ ਗਿਆ ਸਾਂ। ਹੋਰ ਵੀ ਦਿਲਚਸਪ ਗੱਲ ਇਹ ਸੀ ਕਿ ਜੱਸੋਵਾਲ ਦੇ ਵਾਰ-ਵਾਰ ਕਹਿਣ ‘ਤੇ ਵੀ ਮੈਂ ਗਿੱਲ ਨਾਲ ਫੋਟੋ ਨਹੀਂ ਖਿਚਵਾਈ। ਉਦੋਂ ਤਾਂ ਇਹ ਸਾਧਾਰਨ ਗੱਲ ਸੀ ਪਰ ਹੁਣ ਸੋਚਦਾ ਹਾਂ ਕਿ ਜੇ ਖਿਚਵਾ ਲੈਂਦਾ, ਤੇ ਇਹ ਕਿਸੇ ਦੇ ਹੱਥ ਲੱਗ ਜਾਂਦੀ ਤਾਂ ਅੱਜ ਮਿਹਣਿਆਂ ਦੀ ਸ਼ਬਦਾਵਲੀ ਨਾਲ ਕਈਆਂ ਨੇ ਫੇਸ ਬੁੱਕ ‘ਤੇ ਪਾਉਣੀ ਸੀ ਕਿ ਅਸ਼ੋਕ ਦੇ ਵੀ ਗਿੱਲ ਨਾਲ ਨੇੜਲੇ ਸਬੰਧ ਰਹੇ ਹਨ; ਕਿਉਂਕਿ ਗਿਣਵੇਂ ਬੰਦਿਆਂ ਨਾਲ ਮੰਚ ‘ਤੇ ਮਾਹੌਲ ਹੀ ਇੱਦਾਂ ਦਾ ਸੀ। ਇਥੇ ਤੱਕ ਮੇਰੇ ਪਹੁੰਚਣ ਦਾ ਰਾਜ਼ ਇਹ ਸੀ ਕਿ ਸਨਮਾਨ ਸਮਾਰੋਹ ਵਾਲੇ ਦਿਨ ‘ਅਜੀਤ’ ਨੇ ਮਾਣਕ ਨੂੰ ਬਹੁਤ ਵੱਡੀ ਤੇ ਤਰਜੀਹੀ ਤੌਰ ‘ਤੇ ‘ਸਾਡੇ ਪਿੰਡ ਸਾਡੇ ਖੇਤ’ ਦੇ ਅੰਤਲੇ ਪੰਨੇ ‘ਤੇ ਵਿਸ਼ੇਸ਼ ਸਪਲੀਮੈਂਟ ਨੂੰ ਬੇਧਿਆਨਾ ਕਰ ਕੇ ਲਗਭਗ ਪੂਰੇ ਪੰਨੇ ਦਾ ਮਾਣਕ ਦੀ ਜੀਵਨੀ ਬਾਰੇ ਮੇਰਾ ਲੇਖ ਛਾਪਿਆ ਸੀ। ਇਹ ਅਖਬਾਰ ਉਸ ਦਿਨ ਗਿੱਲ ਸਣੇ ਹਰ ਦਰਸ਼ਕ ਦੇ ਹੱਥਾਂ ਵਿਚ ਸੀ। ਇਸੇ ਕਰ ਕੇ ਉਥੇ ਮੇਰੀ ਇੱਜ਼ਤ ਦਾ ਵੀ ਪੂਰਾ ਮਾਣ ਸਤਿਕਾਰ ਰੱਖਿਆ ਗਿਆ ਸੀ।
ਕਰੀਬ ਅੱਧਾ ਕਿਲੋਮੀਟਰ ਤੱਕ ਮੈਂ ਤੇ ਜੱਸੋਵਾਲ ਸਣੇ ਉਹਦੇ ਗੰਨਮੈਨਾਂ ਦੇ, ਤੁਰ ਕੇ ਕਾਰ ਤੱਕ ਪਹੁੰਚੇ ਤੇ ਜਲਾਲ ਦੇ ਇਸ ਖੇਤਰ ਵਿਚੋਂ ਨਿਕਲਣਾ ਇੰਨਾ ਔਖਾ ਸੀ ਜਿਵੇਂ ਚਾਂਦਨੀ ਚੌਕ ਵਿਚ ਜਾਮ ਲੱਗਣ ਨਾਲ ਭੀੜ ‘ਕੱਠੀ ਹੋ ਗਈ ਹੋਵੇ।
ਭਗਤੇ ਕੋਲ ਆ ਕੇ ਜੱਸੋਵਾਲ ਨੇ ਅੱਖਾਂ ਤਾਂ ਤੱਤੀਆਂ ਕਰ ਲਈਆਂ ਪਰ ਗੱਲ ਬੜੀ ਠੰਢੀ ਛੇੜ ਲਈ। ਉਹ ਆਖਣ ਲੱਗਾ, “ਅਸ਼ੋਕ ਤੂੰ ਗਾਇਕਾਂ ਬਾਰੇ ਲਿਖ ਕੇ ਉਹ ਵੀ ‘ਅਜੀਤ’ ਵਰਗੀ ਅਖਬਾਰ ਵਿਚ ਲਿਖ ਕੇ ਬਹੁਤ ਵੱਡਾ ਕੰਮ ਕੀਤਾ ਹੈ। ਠੀਕ ਹੈ, ਮਾਣਕ ਅਜਿਹੇ ਸਨਮਾਨ ਦਾ ਹੱਕਦਾਰ ਸੀ ਪਰ ਉਹਦੇ ਕੋਲ ਤਾਂ ਪਹਿਲਾਂ ਹੀ ਬਹੁਤ ਕਾਰਾਂ-ਕੋਠੀਆਂ ਹਨ। ਤੂੰ ਬੱਸਾਂ ਵਿਚ, ਰਿਕਸ਼ਿਆਂ ‘ਤੇ, ਸਾਇਕਲਾਂ ‘ਤੇ ਇਨ੍ਹਾਂ ਦੇ ਮਗਰ ਤੁਰਿਆ ਫਿਰਦੈਂ, ਤੈਨੂੰ ਆਏਂ ਨ੍ਹੀਂ ਲਗਦਾ ਕਿ ਵਿਆਹੁਣ ਦੀ ਵੱਤ ਕਿਸੇ ਹੋਰ ਦੀ ਸੀ, ਤੇ ਮੁਕਲਾਵਾ ਕਿਸੇ ਹੋਰ ਦਾ ਆ ਗਿਆ?”
ਉਹਦੀ ਗੱਲ ਸੁਣ ਕੇ ਮੈਂ ਹੱਸ ਪਿਆ, “ਤੁਹਾਡਾ ਖਿਆਲ ਹੈ ਕਿ ਕਾਰ ਮੈਨੂੰ ਵੀ ਮਿਲਣੀ ਚਾਹੀਦੀ ਐ?”
“ਤੂੰ ਕੀਹਦੀ ਨੂੰਹ-ਧੀ ਨਾਲੋਂ ਘੱਟ ਆਂ? ਮਾਣਕ ਨੂੰ ਤਾਂ ਕਾਰ ਦੇ ‘ਤੀ ਗਿੱਲ ਨੇ, ਤੈਨੂੰ ਕਾਰ ਗਾਇਕਾਂ ਵੱਲੋਂ ਮਿਲਣੀ ਚਾਹੀਦੀ ਐ।”
“ਛੱਡੋ ਪਰ੍ਹੇ!” ਮੈਨੂੰ ਨਵਾਂ ਸਕੂਟਰ ਹੀ ਲੈ ਦਿਓ।
“ਤੂੰ ਥੱਲਾ ਤਾਂ ਥੱਲੇ ਲਾ। ਮੈਂ ਕਰਦਾਂ ਕੋਸ਼ਿਸ਼।”
ਇਉਂ ਸਾਡੀ ਗੱਲ ਲੁਧਿਆਣੇ ਤੱਕ ਚਲਦੀ ਤੇ ਰੁਕਦੀ ਰਹੀ। ਘਰੇ ਆ ਕੇ ਉਹਨੇ ਕਿਹਾ, “ਦਸ ਕੁ ਹਜ਼ਾਰ ਤਾਂ ਫਾਊਂਡੇਸ਼ਨ ਵੱਲੋਂ ਕਰ ਦਿਆਂਗੇ। ਬਾਕੀ ਦੇਖਦੇ ਆਂ।” ਦਸੰਬਰ ਮਹੀਨੇ ਇਹ ਵਿਸ਼ਾ ਬੰਦ ਰਿਹਾ ਤੇ ਜਨਵਰੀ ਵਿਚ ਸ਼ੌਂਕੀ ਮੇਲੇ ਕਰ ਕੇ ਮੈਨੂੰ ਸਿਰ ਖੁਰਕਣ ਦਾ ਵਿਹਲ ਨਾ ਮਿਲਿਆ। ਦੋ ਫਰਵਰੀ ਨੂੰ ਪਰਮਿੰਦਰ ਸੰਧੂ ਮੇਰੇ ਘਰੇ ਆਈ। ਕਹਿਣ ਲੱਗੀ, “ਅਸੀਂ ਇਸੇ ਮਹੀਨੇ ਇਕ ਕੰਮ ਕਰਨਾ ਹੈ। ਸਨਮਾਨ ਵਿਚ ਕਾਰ ਦਿਆਂਗੇ।”
ਜਿਵੇਂ ਕਿਸੇ ਨੂੰ ਤੁਰੇ ਜਾਂਦੇ ਨੂੰ ਮੱਲੋ-ਮੱਲੀ ਕੋਈ ਨਸਲੀ ਘੋੜੀ ‘ਤੇ ਬਿਠਾਉਣ ਦਾ ਯਤਨ ਕਰਨ ਲੱਗਾ ਹੋਵੇ, “ਉਹ ਕਿੱਦਾਂ?”
“ਜੱਸੋਵਾਲ ਹੋਰਾਂ ਦਾ ਮਸ਼ਵਰਾ ਮਿਲ ਗਿਆ ਹੈ। ਵੀਹ ਹਜ਼ਾਰ ਉਹਨੇ ਦੇ ਦਿੱਤਾ ਹੈ। ਪੰਝੀ ਸਰਦੂਲ ਸਿਕੰਦਰ ਨੇ। ਤੀਹ ਮਾਣਕ ਨੇ। ਸੁਰਿੰਦਰ ਸ਼ਿੰਦੇ ਨੇ ਕੋਈ ਲੜ ਨਹੀਂ ਫੜਾਇਆ। ਦੇਖਦੇ ਆਂ ਜਿੰਨੇ ‘ਕੱਠੇ ਹੋ ਗਏ, ਠੀਕ ਹੈ; ਬਾਕੀ ਮੈਂ ਪਾ ਦਿਆਂਗੀ। ਕਾਰ ਥੋਨੂੰ ਦੇਣੀ ਹੀ ਦੇਣੀ ਹੈ।” ਤੇ ਉਹਨੇ ਇੱਕੀ ਫਰਵਰੀ 1994 ਦੀ ਤਾਰੀਖ ਮੇਰੇ ਪਿੰਡ ਹੀ ਸਮਾਗਮ ਕਰਨ ਦੀ ਮੁਕੱਰਰ ਵੀ ਕਰ ਦਿੱਤੀ।
ਇਸੇ ਦੌਰਾਨ ਚਰਚਾ ਮਾਝੇ ਦੀ ਹਿੱਟ ਜੋੜੀ ਰਸ਼ਪਾਲ ਰਸੀਲਾ ਤੇ ਮੋਹਣੀ ਰਸੀਲਾ ਤੱਕ ਪੁੱਜ ਗਈ। ਉਹ ਵੀ ਪਰਮਿੰਦਰ ਸੰਧੂ ਨਾਲ ਰਲ ਗਏ। ਪੰਝੀ ਹਜ਼ਾਰ ਉਨ੍ਹਾਂ ਵੀ ਉਹਨੂੰ ਦੇ ਦਿੱਤਾ ਤੇ ਖਿੱਚ-ਧੂਹ ਕੇ ਰਕਮ ਡੇਢ ਲੱਖ ਤੋਂ ਉਪਰ ਪੁੱਜ ਗਈ।
ਜਿਹੜਾ ਇਥੇ ਕੁ ਆ ਕੇ ਝਟਕਾ ਲੱਗਾ, ਉਹ ਇਹ ਸੀ ਕਿ ਰਸੀਲਾ ਜਦੋਂ ਪਾਲੀ ਦੇਤਵਾਲੀਏ ਕੋਲੋਂ ਹੋ ਕੇ ਗੀਤਾਂ ਵਿਚ ਸਿਰ ਦੁਖਾਉਣ ਵਾਲੀ ਤੇ ਤੱਤੇ ਗੀਤ ਗਾ ਕੇ ਵੀ ਆਪਣੇ ਨਾਂ ਨਾਲ ਆਪ ਹੀ ਰੇਸ਼ਮਾ ਜੋੜਨ ਵਾਲੀ ਗਾਇਕਾ ਜੋ ਅੱਜ ਕੱਲ੍ਹ ਅਮਰੀਕਾ ਵਿਚ ਬੇਬੀ ਸਿਟਰ ਦਾ ਕੰਮ ਕਰ ਰਹੀ ਹੈ, ਉਹਦੇ ਘਰੇ ਗਏ ਤਾਂ ਜੋ ਉਹਨੇ ਰਸੀਲੇ ਨੂੰ ਕਿਹਾ, ਉਹਦੀਆਂ ਦੋ ਸਤਰਾਂ ਤੁਹਾਡੀ ਨਜ਼ਰ ਕਰ ਰਿਹਾ ਹਾਂ। ਉਹ ਕਹਿਣ ਲੱਗੀ, “ਥੋਡਾ ਦਿਮਾਗ ਠਿਕਾਣੇ ਨਹੀਂ ਲਗਦਾ, ਦੱਸੋ ਤਾਂ ਸਹੀ! ਭੌਰੇ ਨੇ ਸਾਡੇ ਲਈ ਕੀਤਾ ਕੀ ਐ? ਕੀ ਦੇਣ ਐ ਉਹਦੀ? ਮੈਂ ਪਟਿਆਲੇ ਘਰਾਣੇ ਵਿਚੋਂ ਹਾਂ, ਇਹ ਕੰਮ ਮੇਰੇ ਲਈ ਕਰੋ। ਅਸ਼ੋਕ ਭੌਰੇ ਲਈ ਮੈਂ ਕੁਝ ਨਹੀਂ ਦੇ ਸਕਦੀ।”
ਰਸੀਲੇ ਨੇ ਮੇਰਾ ਪ੍ਰਤੀਕਰਮ ਜਾਣਨ ਲਈ ਜਦੋਂ ਮੈਨੂੰ ਇਹ ਗੱਲ ਦੱਸੀ ਤਾਂ ਅੰਦਰੋਂ ਤਾਂ ਊਂ ਮੈਂ ਦੁਖੀ ਹੋਇਆ ਪਰ ਉਪਰੋਂ ਹਾਸੇ ਵਿਚ ਕਿਹਾ ਵਾਕ ਮੈਨੂੰ ਯਾਦ ਹੈ, “ਕਰਿਆਨੇ ਦੀਆਂ ਦੁਕਾਨਾਂ ‘ਤੇ ਪੀਐਚæਡੀæ ਦੇ ਸਰਟੀਫਿਕੇਟ ਨਹੀਂ ਦਿਖਾਈਦੇ।” ਹਾਲਾਂਕਿ ਇਸ ਬੀਬੀ ਗਾਇਕਾ ਨੇ ਪਿਛਲੇ ਵੀਹਾਂ ਸਾਲਾਂ ਦੀਆਂ ਦਰਜਨਾਂ ਮੁਲਾਕਾਤਾਂ ਵਿਚ ਹੁਣ ਤੱਕ ਮੈਨੂੰ ਸਪਸ਼ਟੀਕਰਨ ਬੜੇ ਦੇਣ ਦੀ ਕੋਸ਼ਿਸ਼ ਕੀਤੀ ਹੈ।
ਖ਼ੈਰ! ਪਰਮਿੰਦਰ ਸੰਧੂ, ਉਹਦਾ ਭਰਾ ਬਿੱਟੂ ਤੇ ਉਹਦੀ ਭਰਜਾਈ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਫੁੱਲਾਂ ਨਾਲ ਸ਼ਿੰਗਾਰੀ ਨਵੀਂ ਮਾਰੂਤੀ ਕਾਰ ਲੈ ਕੇ ਪਿੰਡ ਪਹੁੰਚ ਗਏ। ‘ਘਰ ਦਾ ਜੋਗੀ ਜੋਗੜਾ ਬਾਹਰਲਾ ਜੋਗੀ ਸਿੱਧ’ ਵਾਲੀ ਕਹਾਵਤ ਉਦੋਂ ਮੇਰੇ ‘ਤੇ ਵੀ ਲਾਗੂ ਹੋ ਗਈ। ਮੈਂ ਭਾਵੇਂ ਉਸ ਪਿੰਡ ‘ਤੇ ਹੁਣ ਵੀ ਮਣਾਂ-ਮੂੰਹੀਂ ਮਾਣ ਕਰਦਾ ਹਾਂ ਜਿਥੇ ਮੈਂ ਜਨਮ ਲਿਆ ਹੈ ਪਰ ਈਰਖਾ ਦਾ ਸੇਕ ਪਿੰਡ ਵਿਚ ਵੀ ਮੈਨੂੰ ਝੱਲਣਾ ਪਿਆ। ਪਿੰਡ ਵਿਚ ਜਿਨ੍ਹਾਂ ਕੋਲ ਵਿਰਸੇ ਵਿਚੋਂ ਤੇ ਜਮਾਂਦਰੂ ਕਾਰਾਂ ਸਨ, ਉਨ੍ਹਾਂ ਦੀ ਪ੍ਰਤੀਕਿਰਿਆ ਵੇਖੋ, “ਲੈ ਕਾਰ ਮਿਲ ਗਈ, ਫਿਰ ਕੀ ਹੋਇਆ? ਸਾਡੇ ਕੋਲ ਇਸ ਤੋਂ ਵੀ ਮਹਿੰਗੀਆਂ ਕਾਰਾਂ ਹਨ।”
ਤੇ ਹੋਰਾਂ ‘ਚ: “ਲੈ ਨਲੀ ਤਾਂ ਸਕੂਲ ਪੜ੍ਹਦੇ ਦੇ ਲਮਕਦੀ ਹੁੰਦੀ ਸੀ, ਹੁਣ ਕਾਰ ‘ਚੈ ਬੈਠਿਆ ਕਰੂ।”
“ਕਾਰ ਤਾਂ ਮਿਲ ਗਈ ਆ, ਤੇਲ ਕਿਵੇਂ ਪੁਆਇਆ ਕਰੂ?”
“ਲੈ ਇਹਦਾ ਪਿਉ ਤਾਂ ਸਾਡੇ ਦਿਹਾੜੀਆਂ ਕਰਦਾ ਹੁੰਦਾ ਸੀ।”
ਉਦੋਂ ਮੈਨੂੰ ਅਹਿਸਾਸ ਹੋਇਆ ਸੀ ਕਿ ਗਰੀਬੀ ਵਿਚੋਂ ਨਿਕਲ ਕੇ ਵੱਡਿਆਂ ਦੇ ਕਾਫਲੇ ਵਿਚ ਰਲਣ ਵੇਲੇ ਸੂਲਾਂ ਤੇ ਕੰਡਿਆਂ ਦੀਆਂ ਚੋਭਾਂ ਕਿਵੇਂ ਸਹਿਣੀਆਂ ਪੈਂਦੀਆਂ ਹਨ, ਪਰ ਮੇਰੀ ਮਰਹੂਮ ਮਾਂ ਖੁਸ਼ ਸੀ ਕਿ ਜਿਸ ਪੁੱਤਰ ਨੂੰ ਮੈਂ ਪਿਉ ਨਾ ਹੁੰਦਿਆਂ ਵੀ ਰੱਜ ਕੇ ਪੜ੍ਹਾਇਆ-ਲਿਖਾਇਆ ਸੀ, ਉਹਨੇ ਆਹ ਦਿਨ ਆਪਣੀ ਇਕ ਹੋਰ ਕਲਾ ਕਰ ਕੇ ਵਿਖਾਏ ਹਨ। ਉਸ ਦਿਨ ਉਹਨੇ ਪਹਿਲੀ ਵਾਰ ਮੈਨੂੰ ਕਲਾਵੇ ਵਿਚ ਘੁੱਟ ਕੇ ਕਿਹਾ ਸੀ, “ਸਿਆਣਿਆਂ ਦਾ ਇਹ ਕਥਨ ਸੱਚ ਹੀ ਨਿਕਲਿਆ ਹੈ ਕਿ ਜਿਨ੍ਹਾਂ ਵਿਧਵਾ ਮਾਂਵਾਂ ਨੇ ਪੁੱਤ ਚਾਅ ਨਾਲ ਪਾਲੇ ਹੁੰਦੇ ਹਨ, ਉਹ ਹੋਣਹਾਰ ਤੇ ਜ਼ਿੰਮੇਵਾਰ ਹੀ ਹੁੰਦੇ ਹਨ।”
ਵੀਹ ਫਰਵਰੀ ਰਾਤ ਨੂੰ ਸ਼ੁਰੂ ਹੋਇਆ ਮੋਹਲੇਧਾਰ ਮੀਂਹ ਇੱਕੀ ਸਵੇਰ ਤੱਕ ਜਾਰੀ ਰਿਹਾ। ਸਟੇਜ ਟੈਂਟ ਸਭ ਕੁਝ ਖ਼ਰਾਬ ਹੋ ਗਏ ਪਰ ਦਸ ਕੁ ਵਜੇ ਰੱਜਵੀਂ ਠੰਢ ਪਿੱਛੋਂ ਕੜਾਕੇ ਦੀ ਧੁੱਪ ਨਿਕਲ ਆਈ। ਸਮਾਗਮ ਬਾਰਾਂ ਕੁ ਵਜੇ ਸ਼ੁਰੂ ਹੋਇਆ। ਥੋੜ੍ਹੇ ਦਿਨ ਪਹਿਲਾਂ ਸਮਾਪਤ ਹੋਇਆ ਸ਼ੌਂਕੀ ਮੇਲਾ ਜਿਵੇਂ ਰਹਿੰਦੇ ਹਿੱਸੇ ਵਾਂਗ ਦੂਜੀ ਵਾਰ ਲੱਗ ਗਿਆ ਹੋਵੇ। ਜੱਸੋਵਾਲ ਸਭ ਤੋਂ ਪਹਿਲਾਂ ਪਹੁੰਚਿਆ, ਫਿਰ ਸ਼ਮਸ਼ੇਰ ਸੰਧੂ। ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ਵਾਲਾ ਜਸਵੀਰ ਜੱਸੀ ਗੁਰਦਾਸਪੁਰੀਆ ਬੱਸ ਚੜ੍ਹ ਕੇ ਆਇਆ। ‘ਚੰਨਾ ਵੇ ਤੇਰੀ ਚਾਨਣੀ, ਜਾਹ ਅਸਾਂ ਨਹੀਓਂ ਮਾਨਣੀ’ ਗਾਉਣ ਵੇਲੇ ਭਾਰੀ ਗਿਣਤੀ ਵਿਚ ਆਏ ਲੋਕਾਂ ਨੂੰ ਨਹੀਂ ਪਤਾ ਸੀ ਕਿ ਇਹ ਕਿਸੇ ਦਿਨ ਗੁਜਰਾਤ ਦੀ ਕੁੜੀ ਗਾਣੇ ਨਾਲ ਸਿਖਰ ਕਰੇਗਾ। ਪਰਮਿੰਦਰ ਸੰਧੂ ਨੇ ਕਮਾਲ ਕੀਤੀ। ਹਰਭਜਨ ਮਾਨ ਤੇ ਗੁਰਸੇਵਕ ਮਾਨ ਨੇ ‘ਚਿੱਠੀਏ’ ਨਾਲ ਸ਼ੁਰੂ ਹੋ ਕੇ ਹਰ ਪਲ ਯਾਦਗਾਰੀ ਬਣਾਇਆ। ਮਾਣਕ ਪਹੁੰਚਿਆ ਨਹੀਂ। ਮੋਹਣੀ ਰਸੀਲੇ ਨੇ ਦੋ ਗਾਣੇ ਗਾ ਕੇ ਪੇਂਡੂ ਦਰਸ਼ਕਾਂ ਦੇ ਚਾਅ ਪੂਰੇ ਕੀਤੇ। ਆਸ਼ਾ ਸ਼ਰਮਾ ਤੇ ਭਗਵੰਤ ਮਾਨ, ਜਗਤਾਰ ਜੱਗੀ ਸਵਖਤੇ ਆ ਗਏ ਸਨ। ਉਨ੍ਹਾਂ ਨੇ ਮੇਰੇ ਘਰ ਦੇ ਸਾਹਮਣੇ ਵਾਲੀ ਹਵੇਲੀ ਵਿਚ ਹੀ ਕਾਮੇਡੀ ਸ਼ੋਅ ਪਿੰਡ ਵਾਲਿਆਂ ਨੂੰ ਦਿਖਾ ਦਿੱਤਾ ਸੀ।
ਮੇਰੇ ਪਿੰਡ ਵਾਲਿਆਂ ਨੇ ਇੱਕੀ ਸੌ ਰੁਪਿਆ ਅਤੇ ਲੋਈ ਦਿੱਤੀ ਤੇ ਪਰਮਿੰਦਰ ਸੰਧੂ ਨੇ ਆਪ ਦਸ ਤੋਲੇ ਸੋਨੇ ਦਾ ਕੜਾ ਤੇ ਇਕਵੰਜਾ ਹਜ਼ਾਰ ਰੁਪਿਆ; ਤੇ ਜਦੋਂ ਕਾਰ ਦੀਆਂ ਚਾਬੀਆਂ ਮੇਰੇ ਹੱਥ ‘ਤੇ ਪਰਮਿੰਦਰ, ਹਰਭਜਨ ਤੇ ਜੱਸੋਵਾਲ ਨੇ ਰੱਖੀਆਂ ਤਾਂ ਮੈਨੂੰ ਜਲਾਲ ਤੋਂ ਲਿਆ ਜੱਸੋਵਾਲ ਦਾ ਸੁਪਨਾ ਛੇਤੀ ਪੂਰਾ ਹੋਣ ਦੀ ਖੁਸ਼ੀ ਇਸ ਕਰ ਕੇ ਵੱਧ ਸੀ ਕਿ ਚਲੋ ਭਾਵੇਂ ਥੋੜ੍ਹਿਆਂ ਨੇ ਹੀ ਸਹੀ ਪਰ ਮੇਰੇ ਸ਼ਬਦਾਂ ਨੂੰ ਬਣਦਾ ਮਾਣ ਦੇ ਹੀ ਦਿੱਤਾ ਹੈ। ਇਉਂ ਗਰੀਬ ਦੇ ਵਿਹੜੇ ਵਿਚ ਸੰਧੂਰੀ ਅੰਬਾਂ ਦਾ ਬੂਟਾ ਲੱਗ ਗਿਆ। ਇਹ ਮੇਰੀ ਪ੍ਰਾਪਤੀ ਤਾਂ ਹੋਈ ਪਰ ਅਖਬਾਰੀ ਦਫਤਰਾਂ ਵਿਚ ਹੇਠਲੇ ਪੱਧਰ ‘ਤੇ ਨਿਊਜ਼ ਤੇ ਮੈਗਜ਼ੀਨ ਟੇਬਲਾਂ ਉਤੇ ਈਰਖਾ ਦਾ ਮੁਰਝਾਇਆ ਫੁੱਲ ਵੀ ਆਣ ਟਿਕਿਆ ਕਿ ਛਾਪਦੇ ਅਸੀਂ ਹਾਂ ਅਸ਼ੋਕ ਨੂੰ, ਕਾਰ ਇਹ ਲੈ ਗਿਆ। ਊਂ ਦੂਰਦਰਸ਼ਨ ਜਲੰਧਰ ਨੇ ਮੇਰੇ ਇਸ ਸਨਮਾਨ ਦੀਆਂ ਘੜੀਆਂ ਨੂੰ ਆਪਣੇ ਸਮਾਚਾਰ ਬੁਲੇਟਿਨ ਵਿਚ ਸੁਰਖੀਆਂ ਬਣਾ ਕੇ ਪੇਸ਼ ਕੀਤਾ।
ਅਗਲੇ ਦਿਨ ਮੈਂ ਸ਼ਾਮ ਨੂੰ ਕਾਰ ਲੈ ਕੇ ‘ਅਜੀਤ’ ਦੇ ਦਫਤਰ ਵਿਚ ਗਿਆ। ਭਾਜੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਅੱਗੇ ਮਠਿਆਈ ਦਾ ਡੱਬਾ ਰੱਖਿਆ ਪਰ ਉਨ੍ਹਾਂ ਨੇ ਪਿਉ ਵਾਂਗ ਮੇਰੇ ਚਾਵਾਂ ਨੂੰ ਤਸਦੀਕ ਉਦੋਂ ਕੀਤਾ ਜਦੋਂ ਮਠਿਆਈ ਤਾਂ ਬਾਅਦ ਵਿਚ ਖਾਧੀ ਪਰ ਮੇਰੀ ਸਨਮਾਨ ਵਾਲੀ ਕਾਰ ਰਾਤ ਨੂੰ ਆਪ ਚਲਾ ਕੇ, ਉਹ ਵੀ ਬਿਨਾਂ ਅੰਗ ਰੱਖਿਅਕਾਂ ਤੋਂ ਜਲੰਧਰ ਵਿਚ ਚਾਰ ਮੀਲ ਦਾ ਸਫਰ ਮੈਨੂੰ ਨਾਲ ਬਿਠਾ ਕੇ ਕੀਤਾ ਤੇ ਐਤਵਾਰੀ ਅੰਕ ਵਿਚ ਇਸ ਮਾਮੂਲੀ ਖਬਰ ਨੂੰ ਛਾਪ ਕੇ ਅਹਿਮ ਬਣਾ ਦਿੱਤਾ।
ਉਸ ਤੋਂ ਅਗਲੇ ਦਿਨ ਜਿਹੜੀ ਕੁਪੱਤ ਹੋਈ, ਉਹ ਵੀ ਸੁਣ ਲਵੋ। ‘ਪੰਜਾਬੀ ਟ੍ਰਿਬਿਊਨ’ ਨਾਲ ਵੀ ਮੈਂ ਸਥਾਈ ਤੌਰ ‘ਤੇ ਜੁੜਿਆ ਰਿਹਾ ਸਾਂ, ਤੇ ਇਸੇ ਅਖਬਾਰ ਨੇ ਮੈਥੋਂ ਪਹਿਲਾਂ ਮੁਹਾਲੀ ਤੋਂ ਖਬਰਾਂ ਛਾਪਣ ਵਾਲੇ ਪੱਤਰ ਪ੍ਰੇਰਕ ਨੂੰ ਇਸ ਕਰ ਕੇ ਡੱਬੀ ਲਾ ਕੇ ਕੱਢਿਆ ਸੀ ਕਿ ਉਹਨੂੰ ਵੀ ਕੁਝ ਉਦਯੋਗਪਤੀਆਂ ਨੇ ਕਾਰ ਸਨਮਾਨ ਵਿਚ ਦਿੱਤੀ ਸੀ। ਜਦੋਂ ਮੈਂ ਮਠਿਆਈ ਲੈ ਕੇ ਮਾਣ ਨਾਲ ਆਪਣਾ ਸਨਮਾਨ ਉਸ ਵਕਤ ਦੇ ਸੰਪਾਦਕ ਹਰਭਜਨ ਹਲਵਾਰਵੀ ਨਾਲ ਸਾਂਝਾ ਕਰਨ ਗਿਆ ਤਾਂ ਦਫਤਰ ਵਿਚ ਵੜਦਿਆਂ ਹੀ ਉਹ ਆਪਣੀ ਕੁਰਸੀ ਤੋਂ ਖੜ੍ਹਾ ਹੋ ਗਿਆ ਤੇ ਲੀੜਿਆਂ ਵਿਚੋਂ ਨਿਕਲ ਪਿਆ, “ਨਾ ਤੈਨੂੰ ਕਾਹਦੇ ਲਈ ਕਾਰ ਦਿੱਤੀ ਐ? ਤੂੰ ਕੀਤਾ ਕੀ ਐ? ਮੈਂ ਅਖਬਾਰ ਦਾ ਸੰਪਾਦਕ ਹਾਂ, ਮੈਨੂੰ ਤਾਂ ਕੋਈ ਸਾਈਕਲ ਨ੍ਹੀਂ ਦਿੰਦਾ ਤੇ ਤੈਨੂੰ ਚਾਰ ਅੱਖਰ ਲਿਖਣ ਵਾਲੇ ਨੂੰ ਕਾਰ? ਪਤਾ ਮੈਨੂੰ ਤੁਸੀਂ ਫੀਲਡ ਵਿਚ ਕੀ ਕਰਦੇ ਹੋ! ਕਰਦਾਂ ਮੈਂ ਮੈਨੇਜਮੈਂਟ ਨਾਲ ਗੱਲ, ਲਾਉਨੇ ਆਂ ਤੇਰੇ ‘ਤੇ ‘ਪੰਜਾਬੀ ਟ੍ਰਿਬਿਊਨ’ ‘ਚ ਪਾਬੰਦੀ।”
ਮੈਂ ਹੱਥ ਵਿਚ ਡੱਬਾ ਫੜੀ ਖੜ੍ਹਾ ਹੀ ਸਾਰੀ ਝਾੜ-ਝੰਬ ਸੁਣ ਗਿਆ। ਮੈਂ ਬਿਨਾਂ ਬੋਲਿਆਂ ਹੀ ਦਫਤਰੋਂ ਨਿਕਲਣ ਲੱਗਾ ਤਾਂ ਉਹਨੇ ਬਾਹੋਂ ਫੜ ਕੇ ਕੁਰਸੀ ‘ਤੇ ਬਿਠਾ ਲਿਆ, “ਬਹਿ ਜਾ ਦੋ ਮਿੰਟ। ਗੁੱਸਾ ਤਾਂ ਮੈਨੂੰ ਉਸ ਖਬਰਾਂ ਵਾਲੇ ਪੱਤਰ ਪ੍ਰੇਰਕ ‘ਤੇ ਸੀ, ਨਿਕਲ ਗਿਆ ਤੇਰੇ ‘ਤੇ।” ਤੇ ਨਾਲ ਹੀ ਫੋਨ ‘ਤੇ ਦੋ ਕੱਪ ਚਾਹ ਤੇ ਦੋ ਪੀਸ ਵੇਸਣ ਦੇ ਕੰਟੀਨ ਵਿਚ ਆਰਡਰ ਕਰ ਦਿੱਤੇ। ਜ਼ਿੰਦਗੀ ਵਿਚ ਇਹ ਮੇਰੇ ਨਾਲ ਅਖਬਾਰੀ ਖੇਤਰ ਦੀ ਪਹਿਲੀ ਵੱਡੀ ਕੁਪੱਤ ਸੀ। ਉਸ ਤੋਂ ਬਾਅਦ ਮੈਂ ‘ਪੰਜਾਬੀ ਟ੍ਰਿਬਿਊਨ’ ਵਿਚ ਲਿਖਦਾ ਤਾਂ ਰਿਹਾ ਪਰ ਮਿਲਿਆ ਹਲਵਾਰਵੀ ਨੂੰ ਦੋ ਹਜ਼ਾਰ ਦੀ ਅਮੀਨ ਮਲਿਕ ਹੋਰਾਂ ਦੀ ਲੰਡਨ ਕਾਨਫਰੰਸ ‘ਤੇ; ਪਰ ਇਤਫਾਕ ਪਤਾ ਨਹੀਂ ਇਹ ਕਿਉਂ ਹੋਇਆ ਕਿ ਉਥੇ ਹਲਵਾਰਵੀ ਨੇ ਸਭ ਤੋਂ ਵੱਧ ਗੁਣ ਮੇਰੇ ਹੀ ਗਾਏ ਤੇ ਅਮੀਨ ਮਲਿਕ ਨੂੰ ਮੇਰੇ ਬੁਲਾਉਣ ਕਰ ਕੇ ਵਧਾਈ ਵੀ ਦਿੱਤੀ।
‘ਅਜੀਤ’ ਵੱਲੋਂ ਹੀ ਛਪਦੇ ਬੀਬੀ ਪ੍ਰਕਾਸ਼ ਕੌਰ ਹਮਦਰਦ ਦੀ ਸੰਪਾਦਨਾ ਹੇਠਲੇ ਮਾਸਿਕ ਪਰਚੇ ‘ਤਸਵੀਰ’ ਨੂੰ ਉਨ੍ਹੀਂ ਦਿਨੀਂ ‘ਅਜੀਤ’ ਦਾ ਸਹਾਇਕ ਮੈਗਜ਼ੀਨ ਸੰਪਾਦਕ ਬਲਵੰਤ ਸਿੰਘ ਬੱਲ ਤਿਆਰ ਕਰਦਾ ਸੀ। ਤਸਵੀਰ ਵਿਚ ਅੰਮ੍ਰਿਤ ਪਵਾਰ, ਸਵੀਟੀ ਦੇ ਨਾਂ ਹੇਠ ਛਪਦਾ ਸੀ ਤੇ ਦੋਹਾਂ ਵਿਚ ਈਰਖਾ ਦੀ ਅੱਗ ਵਾਲੀ ਆਤਿਸ਼ਬਾਜ਼ੀ, ਦੇਬੀ ਦੇ ਇਕ ਗੀਤ ‘ਤੇ ਪੈਰੋਡੀ ਬਣਾ ਕੇ ਛਾਪੀ ਸੀ ਜੋ ਹਾਲੇ ਤੱਕ ਮੇਰੇ ਜ਼ਿਹਨ ‘ਚ ਹੈ,
ਭੌਰੇ ਦੀ ਦੇਬੀ ਲੋੜ ਜਿਵੇਂ
ਹੁੰਦੀ ਐ ਲੇਖ ਲਖਾਉਣੇ ਲਈ,
ਇੰਜ ਲੋੜ ਅਸਾਂ ਨੂੰ ਤੇਰੇ ਲਈ,
ਨਵੀਂ ਜਿਹੀ ਕਾਰ ਦੁਆਉਣੇ ਲਈ,
ਮਖਸੂਸਪੁਰੀ ਦਾ ਤੇਰੇ ਨਾਵੇਂ,
ਕੜਾ ਕਰਨ ਨੂੰ ਜੀਅ ਕਰਦਾæææ।
æææ ਤੇ ਇਉਂ ਮੇਰੀ ਜ਼ਿੰਦਗੀ ਦੀ ਕਲਾਤਮਕ ਵੰਨਗੀ ਵਿਚ ਇਸ ਸਨਮਾਨ ਨਾਲ ਅੱਧਾ ਕੁ ਸੋਨੇ ਦਾ, ਅੱਧਾ ਕੁ ਲੋਹੇ ਦਾ ਕਿੱਲ ਠੁਕ ਗਿਆ।
Leave a Reply