ਪ੍ਰਿਯੰਕਾ ਦੇ ਠੁਮਕਿਆਂ ਨਾਲ ਕਬੱਡੀ ਕੱਪ ਸ਼ੁਰੂ

ਪ੍ਰਿੰæ ਸਰਵਣ ਸਿੰਘ
ਫੋਨ: 905-799-1661
ਕਬੱਡੀ ਦਾ ਚੌਥਾ ਵਰਲਡ ਕੱਪ 30 ਨਵੰਬਰ ਤੋਂ ਸ਼ੁਰੂ ਹੋ ਗਿਐ। ਇਸ ਵਿਚ 12 ਮੁਲਕਾਂ ਤੋਂ ਮਰਦਾਂ ਦੀਆਂ ਤੇ 8 ਮੁਲਕਾਂ ਤੋਂ ਔਰਤਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਕੁਲ ਦੁਨੀਆਂ ‘ਚ ਵਸਦੇ ਪੰਜਾਬੀ ਇਸ ਕੱਪ ਵਿਚ ਦਿਲਚਸਪੀ ਲੈ ਰਹੇ ਹਨ। ਕੱਪ ਦਾ ਉਦਘਾਟਨ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਸ਼ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਅਤੇ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਤੇ ਬਿਕਰਮ ਸਿੰਘ ਮਜੀਠੀਆ ਕੱਪ ਦੇ ਮੋਹਰੀ ਹਨ ਪਰ ਮੀਡੀਏ ਨੇ ਇਹੋ ਪ੍ਰਚਾਰਿਆ ਕਿ ਕੱਪ ਦਾ ਆਗਾਜ਼ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਠੁਮਕਿਆਂ ਨਾਲ ਹੋਇਆ। ਇਹ ਠੁਮਕੇ ਕਰੋੜਾਂ ਦੇ ਸਨ!
ਪਹਿਲਾਂ ਹੋਏ ਤਿੰਨ ਵਿਸ਼ਵ ਕੱਪਾਂ ਦੇ ਫਾਈਨਲ ਮੈਚ ਇਕਪਾਸੜ ਹੋਏ ਸਨ ਜਿਸ ਕਰਕੇ ਦਰਸ਼ਕਾਂ ਨੂੰ ਪੂਰਾ ਅਨੰਦ ਨਹੀਂ ਸੀ ਆਇਆ। ਪਹਿਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ 58-24 ਅੰਕਾਂ ਨਾਲ ਹਰਾਇਆ ਸੀ। ਦੂਜੇ ਕੱਪ ਦੇ ਫਾਈਨਲ ਵਿਚ ਉਸ ਨੇ ਕੈਨੇਡਾ ਦੀ ਟੀਮ ਨੂੰ 59-25 ਅੰਕਾਂ ਨਾਲ ਹਰਾਇਆ ਤੇ ਤੀਜੇ ਕੱਪ ਵਿਚ ਪਾਕਿਸਤਾਨ ਦੀ ਟੀਮ ਨੂੰ ਫਿਰ 59-22 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਦਰਸ਼ਕ ਇਸ ਆਸ ਨਾਲ ਲੁਧਿਆਣੇ ਜਾਂਦੇ ਰਹੇ ਕਿ ਫਾਈਨਲ ਮੈਚ ਫਸਵਾਂ ਤੇ ਕਾਂਟੇਦਾਰ ਹੋਵੇਗਾ। ਦੇਸ਼-ਵਿਦੇਸ਼, ਖਾਸ ਕਰ ਪਾਕਿਸਤਾਨ ਦੇ ਦਰਸ਼ਕ ਵੱਡੀ ਗਿਣਤੀ ਵਿਚ ਟੀæ ਵੀæ ਰਾਹੀਂ ਜੁੜਦੇ ਰਹੇ ਕਿ ਵੇਖੀਏ ਪਾਕਿਸਤਾਨ ਭਾਰਤ ਨੂੰ ਹਰਾਉਂਦਾ ਹੈ ਜਾਂ ਨਹੀਂ? ਪਰ ਹਰ ਵਾਰ ਸ਼ੁਰੂ ਵਿਚ ਹੀ ਭਾਰਤੀ ਟੀਮ ਨੂੰ ਚੋਖੇ ਅੰਕ ਮਿਲਣ ਸਦਕਾ ਫਾਈਨਲ ਮੈਚਾਂ ਦਾ ਸੁਆਦ ਮਾਰਿਆ ਜਾਂਦਾ ਰਿਹਾ। ਖੇਡ ਕੋਈ ਵੀ ਹੋਵੇ ਜਦੋਂ ਤਕ ਮੁਕਾਬਲਾ ਬਰਾਬਰ ਦਾ ਨਾ ਹੋਵੇ ਦਰਸ਼ਕਾਂ ਨੂੰ ਮੈਚ ਵੇਖਣ ਦਾ ਅਨੰਦ ਨਹੀਂ ਆਉਂਦਾ।
2010 ਵਿਚ ਹੋਏ ਪਹਿਲੇ ਕਬੱਡੀ ਵਿਸ਼ਵ ਕੱਪ ਵਿਚ 9 ਟੀਮਾਂ ਨੇ 20 ਮੈਚ ਖੇਡੇ ਸਨ ਪਰ ਕਾਂਟੇਦਾਰ ਮੈਚ ਸਿਰਫ 2 ਹੀ ਹੋਏ ਸਨ। ਅੰਮ੍ਰਿਤਸਰ ਵਿਚ ਖੇਡਿਆ ਗਿਆ ਇਟਲੀ ਤੇ ਅਮਰੀਕਾ ਦਾ ਮੈਚ ਸਭ ਤੋਂ ਫਸਵਾਂ ਰਿਹਾ ਸੀ ਜੋ ਇਟਲੀ ਨੇ 45-43 ਅੰਕਾਂ ਨਾਲ ਜਿੱਤਿਆ ਸੀ। ਇਕ ਹੋਰ ਮੈਚ ਵਿਚ ਇਟਲੀ ਦੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਨੂੰ 47-43 ਅੰਕਾਂ ਨਾਲ ਹਰਾਇਆ ਸੀ। ਤਕੜੀਆਂ ਟੀਮਾਂ ਵਿਰੁਧ ਬਾਕੀ ਮੈਚ ਇਕਤਰਫਾ ਹੀ ਰਹੇ ਸਨ।
2011 ਵਿਚ ਖੇਡੇ ਗਏ ਦੂਜੇ ਕੱਪ ਵਿਚ 14 ਮੁਲਕਾਂ ਦੀਆਂ ਟੀਮਾਂ ਨੇ 44 ਮੈਚ ਖੇਡੇ ਸਨ ਪਰ ਗਹਿਗੱਡਵਾਂ ਮੈਚ ਪਾਕਿਸਤਾਨ ਬਨਾਮ ਅਮਰੀਕਾ ਦਾ ਹੀ ਹੋਇਆ ਸੀ ਜੋ ਅਮਰੀਕਾ ਦੀ ਟੀਮ ਨੇ 43-41 ਅੰਕਾਂ ਨਾਲ ਜਿੱਤਿਆ ਸੀ। ਫਿਰ ਅਮਰੀਕਾ ਦੀ ਟੀਮ ਡੋਪ ਟੈਸਟਾਂ ਵਿਚ ਫਸ ਗਈ ਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਮੁਕਾਬਲੇ ਦਾ ਇਕ ਹੋਰ ਮੈਚ ਪਾਕਿਸਤਾਨ ਬਨਾਮ ਕੈਨੇਡਾ ਦੀਆਂ ਟੀਮਾਂ ਵਿਚਕਾਰ ਹੋਇਆ ਸੀ ਜੋ ਕੈਨੇਡਾ ਨੇ ਜਿੱਤਿਆ। ਪਿੱਛੋਂ ਕੈਨੇਡਾ ਦੀ ਟੀਮ ਵੀ ਡੋਪ ਟੈਸਟਾਂ ਦੇ ਅੜਿੱਕੇ ਆ ਗਈ। ਇੰਗਲੈਂਡ ਦੀ ਟੀਮ ਦੇ ਤਾਂ 10 ਖਿਡਾਰੀ ਡੋਪ ਟੈਸਟਾਂ ਵਿਚ ਫੇਲ੍ਹ ਹੋਏ। ਭਾਰਤ ਦੇ 20 ਖਿਡਾਰੀ ਟੀਮ ਚੁਣਨ ਵੇਲੇ ਡੋਪੀ ਨਿਕਲੇ ਤੇ ਇਕ ਖਿਡਾਰੀ ਕੱਪ ਖੇਡਦਿਆਂ ਡਰੱਗੀ ਨਿਕਲਿਆ। ਤਿੰਨ ਟੀਮਾਂ ਨੂੰ ਛੱਡ ਕੇ 13 ਟੀਮਾਂ ਨੂੰ ਡੋਪ ਦੀ ਮਾਰ ਪਈ। ਉਨ੍ਹਾਂ ਨੂੰ ਲਗਭਗ ਸਵਾ ਕਰੋੜ ਰੁਪਏ ਦੇ ਜੁਰਮਾਨੇ ਹੋਏ। ਲੜਕੀਆਂ ਦੀਆਂ 4 ਟੀਮਾਂ ਨੇ 7 ਮੈਚ ਖੇਡੇ ਸਨ। ਭਾਰਤੀ ਟੀਮ ਵਧੇਰੇ ਤਕੜੀ ਤੇ ਬਾਕੀ ਦੀਆਂ ਟੀਮਾਂ ਕਾਫੀ ਕਮਜ਼ੋਰ ਹੋਣ ਕਾਰਨ ਮੈਚ ਇਕਤਰਫਾ ਹੀ ਰਹੇ ਸਨ ਤੇ ਭਾਰਤੀ ਟੀਮ ਚੋਖੇ ਨੰਬਰਾਂ ਦੇ ਫਰਕ ਨਾਲ ਕੱਪ ਜਿੱਤੀ ਸੀ।
2012 ਵਿਚ ਪਹਿਲੀ ਤੋਂ 15 ਦਸੰਬਰ ਤਕ ਹੋਏ ਤੀਜੇ ਕਬੱਡੀ ਵਿਸ਼ਵ ਕੱਪ ਵਿਚ ਮਰਦਾਂ ਦੀਆਂ ਟੀਮਾਂ ਭਾਵੇਂ 15 ਸਨ ਪਰ 13 ਥਾਂਵਾਂ ਉਤੇ ਮੈਚ 25 ਹੀ ਖੇਡੇ ਗਏ। ਉਨ੍ਹਾਂ ਵਿਚੋਂ ਅਮਰੀਕਾ ਤੇ ਇਰਾਨ ਦਾ ਮੈਚ ਹੀ ਕਾਂਟੇਦਾਰ ਹੋਇਆ ਜੋ ਇਰਾਨ ਦੀ ਟੀਮ ਨੇ 45-41 ਅੰਕਾਂ ਨਾਲ ਜਿੱਤਿਆ। ਇਰਾਨ ਬਨਾਮ ਕੈਨੇਡਾ ਦਾ ਮੈਚ ਖਹਿਵਾਂ ਹੋਣ ਦੀ ਆਸ ਸੀ ਪਰ ਉਹ ਮੀਂਹ ਨੇ ਖਰਾਬ ਕਰ ਦਿੱਤਾ। ਉਹ ਮੈਚ ਕੈਨੇਡਾ ਨੇ 51-35 ਅੰਕਾਂ ਨਾਲ ਜਿੱਤਿਆ। ਬਾਕੀ ਮੈਚ ਇਕਪਾਸੜ ਹੀ ਰਹੇ। ਇਹੋ ਕਾਰਨ ਹੈ ਕਿ ਕੁਝ ਥਾਂਵਾਂ ਉਤੇ ਓਨੇ ਦਰਸ਼ਕ ਨਹੀਂ ਜੁੜੇ ਜਿੰਨੇ ਜੁੜਨ ਦੀ ਆਸ ਸੀ। ਕਈ ਥਾਂਈਂ ਦਰਸ਼ਕ ‘ਕੱਠੇ ਕਰਨ ਲਈ ‘ਜੁਗਾੜ’ ਵੀ ਕਰਨਾ ਪਿਆ ਜਿਵੇਂ ਸਿਆਸੀ ਰੈਲੀਆਂ ਲਈ ਕੀਤਾ ਜਾਂਦਾ ਹੈ। ਸਿਆਸੀ ਨੇਤਾਵਾਂ ਦੀਆਂ ਡਿਊਟੀਆਂ ਲੱਗੀਆਂ ਪਈ ਦੋ-ਦੋ ਹਜ਼ਾਰ ਬੰਦੇ ਲਾਜ਼ਮੀ ਲਿਆਓ!
ਲੜਕੀਆਂ ਦੀਆਂ 7 ਟੀਮਾਂ ਦੇ 13 ਮੈਚ ਸਨ ਪਰ ਮੁਕਾਬਲੇ ਦਾ ਮੈਚ ਇਕ ਅੱਧਾ ਹੀ ਹੋ ਸਕਿਆ। ਭਾਰਤ ਤੇ ਭਾਰਤੀ ਕੁੜੀਆਂ ਨਾਲ ਲੈਸ ਮਲੇਸ਼ੀਆ ਦੀਆਂ ਟੀਮਾਂ ਏਨੀਆਂ ਤਕੜੀਆਂ ਸਨ ਕਿ ਹੋਰ ਟੀਮਾਂ ਉਨ੍ਹਾਂ ਦੇ ਪਾ ਪਾਸਕ ਵੀ ਨਹੀਂ ਸਨ। ਭੇਤ ਦੀ ਗੱਲ ਇਹ ਹੈ ਕਿ ਜਗਤਪੁਰ ਕਬੱਡੀ ਅਕੈਡਮੀ ਦੀਆਂ ਜਿਹੜੀਆਂ ਕੁੜੀਆਂ ਭਾਰਤ ਦੀ ਟੀਮ ਵਿਚ ਨਾ ਆਈਆਂ ਉਹ ਮਲੇਸ਼ੀਆ ਵੱਲੋਂ ਖਿਡਾ ਲਈਆਂ ਗਈਆਂ ਤਾਂ ਕਿ ਦੂਜਾ ਇਨਾਮ ਵੀ ਜਿੱਤ ਲਿਆ ਜਾਵੇ! ਇਹ ਟੀਮਾਂ ਬਾਕੀ ਟੀਮਾਂ ਨੂੰ ਜਾਣ ਬੁੱਝ ਕੇ ਰਿਆਇਤੀ ਅੰਕ ਦਿੰਦੀਆਂ ਵੇਖੀਆਂ ਗਈਆਂ! ਸਿਰਫ ਇੰਗਲੈਂਡ ਤੇ ਡੈਨਮਾਰਕ ਦੀਆਂ ਗੋਰੀਆਂ ਦਾ ਮੈਚ ਹੀ ਮੁਕਾਬਲੇ ਦਾ ਹੋ ਸਕਿਆ ਜੋ ਡੈਨਮਾਰਕ ਨੇ ਇੰਗਲੈਂਡ ਨੂੰ 36-28 ਅੰਕਾਂ ਨਾਲ ਹਰਾ ਕੇ ਜਿੱਤਿਆ। ਭਾਰਤ ਦੀ ਟੀਮ ਡੈਨਮਾਰਕ ਨੂੰ 60-17, ਕੈਨੇਡਾ ਨੂੰ 62-16, ਇੰਗਲੈਂਡ ਨੂੰ 56-7 ਤੇ ਮਲੇਸ਼ੀਆ ਨੂੰ 72-12 ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਜਿੱਤੀ।
ਭਾਰਤੀ ਮਰਦਾਂ ਦੀ ਟੀਮ ਇੰਗਲੈਂਡ ਦੀ ਟੀਮ ਨੂੰ 57-28, ਅਫਗਾਨਿਸਤਾਨ ਨੂੰ 73-24, ਡੈਨਮਾਰਕ ਨੂੰ 73-28 ਤੇ ਇਰਾਨ ਨੂੰ 72-23 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪੁੱਜੀ ਸੀ। ਉਹ ਚਾਹੁੰਦੀ ਤਾਂ ਅੰਕਾਂ ਦਾ ਏਦੂੰ ਵੀ ਵੱਡਾ ਫਰਕ ਪਾ ਸਕਦੀ ਸੀ। ਤਕੜੇ ਖਿਡਾਰੀ ਪਹਿਲਾਂ ਖਿਡਾਏ ਹੀ ਨਹੀਂ ਗਏ। ਫਾਈਨਲ ਮੈਚ ਵਿਚ ਉਸ ਨੇ ਪਾਕਿਸਤਾਨ ਦੀ ਟੀਮ ਨੂੰ 59-22 ਅੰਕਾਂ ਨਾਲ ਹਰਾਇਆ। ਪਾਕਿਸਤਾਨ ਦੀ ਟੀਮ ਸੀਅਰਾ ਲਿਓਨ ਦੀ ਟੀਮ ਨੂੰ 55-12, ਸਕਾਟਲੈਂਡ ਨੂੰ 61-21, ਇਟਲੀ ਨੂੰ 66-20 ਤੇ ਕੈਨੇਡਾ ਨੂੰ 53-27 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪੁੱਜੀ ਸੀ। ਪਹਿਲੇ ਮੈਚਾਂ ਵਿਚ ਪਾਕਿਸਤਾਨੀ ਸ਼ੁਗਲੇ ਕਰਦੇ ਰਹੇ ਸਨ ਪਰ ਫਾਈਨਲ ਵਿਚ ਭਾਰਤੀ ਖਿਡਾਰੀਆਂ ਵਿਰੁਧ ਝੱਗ ਵਾਂਗ ਬਹਿ ਗਏ!
ਕਹਿਣ ਨੂੰ ਜੋ ਮਰਜ਼ੀ ਕਹਿ ਲਿਆ ਜਾਵੇ ਕਿ ਵੇਖ ਲਓ ਕਿੰਨੇ ਮੁਲਕਾਂ ਦੀਆਂ ਕਬੱਡੀ ਟੀਮਾਂ ਵਿਸ਼ਵ ਕੱਪ ਖੇਡਣ ਆਈਆਂ? ਪਰ ਅਸਲੀਅਤ ਇਹ ਹੈ ਕਿ ਵਿਸ਼ਵ ਕੱਪ ਖੇਡਣ ਲਈ ਤਕੜੀਆਂ ਮਿਆਰੀ ਟੀਮਾਂ ਅਜੇ ਉਂਗਲਾਂ ‘ਤੇ ਗਿਣਨ ਜੋਗੀਆਂ ਵੀ ਨਹੀਂ ਬਣੀਆਂ। ਵਿਸ਼ਵ ਕੱਪ ਭਾਵੇਂ ਅੱਠ ਟੀਮਾਂ ਦਾ ਹੀ ਹੋਵੇ ਪਰ ਮੈਚ ਮੁਕਾਬਲੇ ਦੇ ਹੋਣ ਜਿਨ੍ਹਾਂ ਨੂੰ ਦਰਸ਼ਕ ਰੂਹ ਨਾਲ ਵੇਖਣ। ਸਮਾਂ ਆ ਗਿਆ ਹੈ ਕਿ ਕਬੱਡੀ ਦੇ ਵਿਸ਼ਵ ਕੱਪ ਭਾਵੇਂ ਦੋਂਹ/ਚਹੁੰ ਸਾਲੀਂ ਹੋਣ ਪਰ ਕਬੱਡੀ ਦੀ ਵਿਸ਼ਵ ਲੀਗ ਹਰ ਸਾਲ ਹੋਵੇ ਤੇ ਲੀਗ ਸ਼ੁਰੂ ਕਰਨ ਲਈ ਸੁਹਿਰਦ ਕਬੱਡੀ ਮਾਹਿਰਾਂ ਨੂੰ ਭਰੋਸੇ ਵਿਚ ਲਿਆ ਜਾਵੇ।
ਕਬੱਡੀ ਵਿਸ਼ਵ ਕੱਪਾਂ ਦੇ ਅੰਕੜੇ: ਕ੍ਰਿਕਟ ਨੂੰ ਇਸ ਦੇ ਅੰਕੜਿਆਂ ਨੇ ਦਿਲਚਸਪ ਖੇਡ ਬਣਾਇਆ ਹੈ। ਕਿਸ ਖਿਡਾਰੀ ਨੇ ਕਿੰਨੇ ਵਿਕਟ ਲਏ, ਕਿੰਨੀਆਂ ਦੌੜਾਂ ਬਣਾਈਆਂ, ਕਿੰਨੇ ਚੌਕੇ ਲਾਏ, ਕਿੰਨੇ ਛਿੱਕੇ ਤੇ ਕਿੰਨੇ ਕੈਚ ਲਏ ਦੀ ਗਿਣਤੀ ਕ੍ਰਿਕਟ ਪ੍ਰੇਮੀਆਂ ਦੀ ਦਿਲਚਸਪੀ ਵਿਚ ਵਾਧਾ ਕਰਦੀ ਹੈ। ਕੋਈ ਕਿੰਨੇ ਟੈਸਟ ਮੈਚ ਖੇਡਿਆ, ਕਿੰਨੇ ਇਕ ਰੋਜ਼ਾ, ਕਿੰਨੀਆਂ ਪਾਰੀਆਂ ਤੇ ਕਿੰਨੇ ਵਾਰ ਨਾਟ ਆਊਟ ਰਿਹਾ ਆਦਿ ਦੀ ਗਿਣਤੀ ਕ੍ਰਿਕਟ ਦੀ ਖੇਡ ਦਾ ਰੌਚਿਕ ਮਸਾਲਾ ਹੈ। ਸਚਿਨ ਤੇਂਦੁਲਕਰ ਕ੍ਰਿਕਟ ਤੋਂ ਰਿਟਾਇਰ ਹੋਇਆ ਤਾਂ ਉਹਦੇ ਅੰਕੜਿਆਂ ਦਾ ਪੂਰਾ ਵੇਰਵਾ ਲੋਕਾਂ ਦੇ ਸਾਹਮਣੇ ਸੀ। ਸਾਡੇ ਪਾਸ ਨਾ ਕਬੱਡੀ ਦੇ ਧਨੰਤਰ ਖਿਡਾਰੀ ਬਲਵਿੰਦਰ ਫਿੱਡੂ ਦੀਆਂ ਰੇਡਾਂ ਦਾ ਹਿਸਾਬ ਕਿਤਾਬ ਹੈ, ਨਾ ਹਰਜੀਤ ਬਰਾੜ ਦਾ ਤੇ ਨਾ ਦੇਵੀ ਦਿਆਲ ਵਰਗਿਆਂ ਦਾ। ਨਾ ਹੀ ਕਿਸੇ ਖਿਡਾਰੀ ਦੇ ਜੱਫਿਆਂ ਦਾ। ਕਬੱਡੀ ਦੇ ਖਿਡਾਰੀਆਂ ਦਾ ਅਜਿਹਾ ਰਿਕਾਰਡ ਰੱਖਿਆ ਜਾਣਾ ਕਬੱਡੀ ਦੀ ਖੇਡ ਨੂੰ ਹੋਰ ਰੌਚਿਕ ਬਣਾ ਸਕਦਾ ਹੈ।
ਹੁਣ ਕਬੱਡੀ ਦੇ ਵਿਸ਼ਵ ਕੱਪਾਂ ਵਿਚ ਕਬੱਡੀ ਮੈਚਾਂ ਤੇ ਖਿਡਾਰੀਆਂ ਦੇ ਅੰਕਾਂ ਦਾ ਰਿਕਾਰਡ ਰੱਖਿਆ ਜਾ ਰਿਹੈ। ਇਹ ਅੰਕੜੇ ਕੁਮੈਂਟੇਟਰਾਂ ਤੇ ਖੇਡ ਮਾਹਿਰਾਂ ਵੱਲੋਂ ਟਿੱਪਣੀਆਂ ਕਰਨ ਲਈ ਸਹਾਈ ਹੋ ਸਕਦੇ ਹਨ। ਇਨ੍ਹਾਂ ਦਾ ਜ਼ਿਕਰ ਹੁੰਦਾ ਰਹਿਣਾ ਚਾਹੀਦੈ ਤਾਂ ਕਿ ਭਵਿੱਖ ਦੇ ਖਿਡਾਰੀ ਪਹਿਲੇ ਖਿਡਾਰੀਆਂ ਦੇ ਰਿਕਾਰਡ ਮਾਤ ਪਾ ਸਕਣ। 2010 ਦੇ ਪਹਿਲੇ ਕਬੱਡੀ ਕੱਪ ਵਿਚ 9 ਟੀਮਾਂ ਨੇ 20 ਮੈਚ ਖੇਡੇ, 1729 ਰੇਡਾਂ ਪਈਆਂ ਤੇ 447 ਜੱਫੇ ਲੱਗੇ। ਇਉਂ ਇਕ ਮੈਚ ਦੇ ਹਿੱਸੇ 86-87 ਰੇਡਾਂ ਤੇ 22-23 ਜੱਫੇ ਆਏ।
ਪਾਕਿਸਤਾਨ ਤੇ ਇੰਗਲੈਂਡ ਵਿਚਕਾਰ ਖੇਡੇ ਗਏ ਮੈਚ ਵਿਚ ਸਿਰਫ 73 ਰੇਡਾਂ ਪਈਆਂ ਜਦ ਕਿ ਕੈਨੇਡਾ ਬਨਾਮ ਸਪੇਨ ਦੇ ਮੈਚ ਵਿਚ 94 ਰੇਡਾਂ ਪਈਆਂ। ਦੋਹਾਂ ਮੈਚਾਂ ਵਿਚ 21 ਰੇਡਾਂ ਦਾ ਫਰਕ ਸੀ। ਸਰਵੋਤਮ ਜਾਫੀ ਤੇ ਧਾਵੀ ਸੈਮੀ ਫਾਈਨਲ ਤੇ ਫਾਈਨਲ ਮੈਚਾਂ ਦੇ ਅੰਕ ਜੋੜ ਕੇ ਐਲਾਨੇ ਗਏ। ਕੁਲਜੀਤ ਮਲਸੀਹਾਂ ਨੇ 34 ਰੇਡਾਂ ਪਾ ਕੇ 32 ਅੰਕ ਲਏ ਸਨ ਜਿਸ ਨਾਲ ਉਸ ਦੇ ਹਾਸਲ ਅੰਕ 30 ਗਿਣੇ ਗਏ। ਸੁਖਬੀਰ ਸਰਾਵਾਂ ਨੇ 25 ਰੇਡਾਂ ਦੇ 25 ਅੰਕ ਲਏ। ਮੰਗੀ ਬੱਗਾ ਨੇ 6 ਮੈਚਾਂ ਵਿਚ 44 ਪਕੜਾਂ ਕੀਤੀਆਂ ਜਿਨ੍ਹਾਂ ‘ਚ 25 ਜੱਫੇ ਲਾਏ। ਸੁੱਖਾ ਭੰਡਾਲ 6 ਮੈਚਾਂ ਵਿਚ 44 ਪਕੜਾਂ ਨਾਲ 24 ਜੱਫੇ ਲਾ ਸਕਿਆ।
2011 ਵਿਚ ਹੋਏ ਦੂਜੇ ਕਬੱਡੀ ਕੱਪ ‘ਚ ਮਰਦਾਂ ਦੀਆਂ 14 ਤੇ ਔਰਤਾਂ ਦੀਆਂ 4 ਟੀਮਾਂ ਸਨ। ਮਰਦਾਂ ਨੇ 44 ਮੈਚ ਖੇਡੇ ਜਿਨ੍ਹਾਂ ਵਿਚ 3687 ਰੇਡਾਂ ਪਈਆਂ ਤੇ 1098 ਜੱਫੇ ਲੱਗੇ। ਰੇਡਾਂ ਦੀ ਔਸਤ 84 ਪਈ ਤੇ ਜੱਫਿਆਂ ਦੀ ਔਸਤ 25 ‘ਤੇ ਪਹੁੰਚ ਗਈ। ਭਾਰਤ ਤੇ ਅਫਗਾਨਿਸਤਾਨ ਵਿਚਕਾਰ ਹੋਏ ਮੈਚ ਵਿਚ ਸਿਰਫ 67 ਕਬੱਡੀਆਂ ਪੈ ਸਕੀਆਂ ਪਰ ਅਰਜਨਟੀਨਾ ਬਨਾਮ ਸ੍ਰੀਲੰਕਾ ਦੇ ਮੈਚ ਵਿਚ 102 ਰੇਡਾਂ ਪੈ ਗਈਆਂ। ਮੈਚਾਂ ਦੀਆਂ ਰੇਡਾਂ ਦਾ ਫਰਕ 21 ਤੋਂ ਵੱਧ ਕੇ 35 ਹੋ ਗਿਆ ਜੋ ਬਹੁਤ ਜ਼ਿਆਦਾ ਸੀ। ਇਸ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਮੈਚ 40 ਮਿੰਟਾਂ ਦੀ ਥਾਂ 40-40 ਰੇਡਾਂ ਦੀ ਗਿਣਤੀ ਦੇ ਖਿਡਾਏ ਜਾਣ। ਇਸ ਕੱਪ ਵਿਚ ਸਰਵੋਤਮ ਧਾਵੀ ਤੇ ਜਾਫੀ ਕੱਢਣ ਲਈ ਪਹਿਲਾਂ ਤਾਂ ਸੈਮੀ ਤੇ ਫਾਈਨਲ ਮੈਚਾਂ ਦੇ ਅੰਕ ਜੋੜੇ ਜਾਣੇ ਸਨ ਪਰ ਮੌਕੇ ‘ਤੇ ਫੈਸਲਾ ਹੋਇਆ ਕਿ ‘ਕੱਲੇ ਫਾਈਨਲ ਮੈਚ ਦੇ ਅੰਕ ਹੀ ਗਿਣੇ ਜਾਣ। ਗੱਗੀ ਖੀਰਾਂਵਾਲੀ ਨੂੰ 13 ਰੇਡਾਂ ਨਾਲ 13 ਅੰਕ ਲੈਣ ਉਤੇ ਸਰਵੋਤਮ ਧਾਵੀ ਤੇ ਮੰਗੀ ਬੱਗਾ ਨੂੰ 11 ਪਕੜਾਂ ‘ਚ 10 ਜੱਫੇ ਲਾਉਣ ਉਤੇ ਸਰਵੋਤਮ ਜਾਫੀ ਐਲਾਨਿਆ ਗਿਆ।
2012 ਵਿਚ ਖੇਡੇ ਗਏ ਤੀਜੇ ਕਬੱਡੀ ਕੱਪ ਵਿਚ ਮਰਦਾਂ ਦੀਆਂ 15 ਟੀਮਾਂ ਨੇ 25 ਮੈਚ ਖੇਡੇ, 2194 ਕਬੱਡੀਆਂ ਪਈਆਂ ਜਿਨ੍ਹਾਂ ਦੀ ਔਸਤ 88 ਰੇਡਾਂ ਪਈ। ਇਨ੍ਹਾਂ ਵਿਚ 701 ਜੱਫੇ ਲੱਗੇ ਜਿਨ੍ਹਾਂ ਦੀ ਔਸਤ ਪ੍ਰਤੀ ਮੈਚ 28 ਜੱਫੇ ਬਣਦੀ ਹੈ। ਜੱਫਿਆਂ ਦੀ ਗਿਣਤੀ ਤਿੰਨ ਵਿਸ਼ਵ ਕੱਪਾਂ ਵਿਚ ਲਗਾਤਾਰ ਵਧਦੀ ਗਈ ਹੈ ਜਿਸ ਨਾਲ ਖੇਡ ਹੋਰ ਦਿਲਚਸਪ ਹੁੰਦੀ ਗਈ ਹੈ। ਦਰਸ਼ਕਾਂ ਨੂੰ ਕਬੱਡੀ ਦਾ ਉਦੋਂ ਵਧੇਰੇ ਸੁਆਦ ਆਉਂਦਾ ਹੈ ਜਦੋਂ ਜੱਫਾ ਲੱਗੇ। ਖਾਸ ਕਰ ਕੇ ਜਦੋਂ ਕਿਸੇ ਰੇਡਰ ਨੂੰ ਗੁੱਟੋਂ ਫੜ ਕੇ ਡੱਕ ਲਿਆ ਜਾਵੇ। ਜੱਫੇ ਲਾਉਣ ਦੀ ਤਕਨੀਕ ‘ਚ ਨਵੇਂ ਦਾਅ ਪੇਚ ਆ ਰਹੇ ਹਨ ਜੋ ਕਬੱਡੀ ਦੀ ਖੇਡ ਲਈ ਸ਼ੁਭ ਸ਼ਗਨ ਹੈ।
ਤੀਜੇ ਕੱਪ ਵਿਚ ਸਭ ਤੋਂ ਘੱਟ ਰੇਡਾਂ ਪਾਕਿਸਤਾਨ ਬਨਾਮ ਸੀਅਰਾ ਲਿਓਨ ਦੇ ਮੈਚ ਵਿਚ ਤੇ ਸਭ ਤੋਂ ਵੱਧ ਭਾਰਤ ਬਨਾਮ ਡੈਨਮਾਰਕ ਦੇ ਮੈਚ ਵਿਚ ਪਈਆਂ ਜਿਨ੍ਹਾਂ ਦੀ ਗਿਣਤੀ 67 ਤੇ 101 ਸੀ। ਇਸ ਵਿਚ ਵੀ ‘ਕੱਲੇ ਫਾਈਨਲ ਮੈਚ ਦੇ ਅੰਕਾਂ ਨਾਲ ਬੈਸਟ ਰੇਡਰ ਤੇ ਬੈਸਟ ਸਟਾਪਰ ਚੁਣੇ ਗਏ। ਗੱਗੀ ਖੀਰਾਂਵਾਲੀ ਨੇ 10 ਰੇਡਾਂ ਨਾਲ 10 ਅੰਕ ਤੇ ਏਕਮ ਹਠੂਰ ਨੇ 12 ਪਕੜਾਂ ਵਿਚ 10 ਜੱਫੇ ਲਾ ਕੇ ਪ੍ਰੀਤ ਟਰੈਕਟਰਾਂ ਦੇ ਇਨਾਮ ਜਿੱਤੇ। ਐਤਕੀਂ ਏਕਮ ਟੀਮ ਵਿਚ ਵੀ ਨਹੀਂ ਆ ਸਕਿਆ ਤੇ ਗੱਗੀ ਸਟੈਂਡ ਬਾਈ ਹੈ! ਕੁੜੀਆਂ ਦੇ ਕੱਪ ਵਿਚ 7 ਟੀਮਾਂ ਸ਼ਾਮਲ ਸਨ ਜਿਨ੍ਹਾਂ ਨੇ 13 ਮੈਚਾਂ ਵਿਚ 914 ਰੇਡਾਂ ਪਾਈਆਂ ਤੇ 360 ਜੱਫੇ ਲਾਏ। ਪ੍ਰਿਯੰਕਾ 13 ਰੇਡਾਂ ਨਾਲ 13 ਅੰਕ ਤੇ ਜਤਿੰਦਰ 12 ਪਕੜਾਂ ‘ਚ 11 ਅੰਕ ਲੈ ਕੇ ਬੈਸਟ ਰੇਡਰ ਤੇ ਬੈਸਟ ਸਟਾਪਰ ਐਲਾਨੀਆਂ ਗਈਆਂ।
ਚੌਥੇ ਕਬੱਡੀ ਵਰਲਡ ਕੱਪ ‘ਚ ਵੱਖ ਵੱਖ ਮੁਲਕਾਂ ਦੀਆਂ ਟੀਮਾਂ ਵਿਚ ਉਥੋਂ ਦੇ ਸਿਟੀਜ਼ਨ ਹੀ ਖੇਡ ਰਹੇ ਹਨ ਜਦ ਕਿ ਪਹਿਲਾਂ ਵਰਕ ਪਰਮਿਟ ਜਾਂ ਪੀ ਆਰ ਸੀ ਵਾਲੇ ਵੀ ਖੇਡ ਜਾਂਦੇ ਸਨ। ਇੰਜ ਕਰਨ ਨਾਲ ਕੁਝ ਟੀਮਾਂ ਕਮਜ਼ੋਰ ਰਹਿ ਗਈਆਂ ਹਨ। ਮੈਚ ਐਮੇਚਿਉਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਖਿਡਾਏ ਜਾ ਰਹੇ ਹਨ ਜਿਸ ਦੀ ਨਿਗਰਾਨੀ ਜਸਟਿਸ ਆਰæ ਐਸ਼ ਮੌਂਗੀਆ, ਟੀæ ਸੀæ ਗੁਪਤਾ ਤੇ ਓਲੰਪੀਅਨ ਹਰਮੀਕ ਸਿੰਘ ਦੀ ਟੀਮ ਕਰ ਰਹੀ ਹੈ। ਓਲੰਪੀਅਨ ਪਰਗਟ ਸਿੰਘ ਦੀ ਅਗਵਾਈ ਵਿਚ, ਸ਼ਿਵਦੇਵ ਸਿੰਘ ਐਸ ਪੀ, ਪਿੰ੍ਰæ ਸਰਵਣ ਸਿੰਘ, ਕੇæ ਜਗਦੀਸ਼ਵਰ ਯਾਦਵ, ਬਲਵਿੰਦਰ ਸਿੰਘ ਫਿੱਡਾ ਤੇ ਗੁਰਦੀਪ ਸਿੰਘ ਮੱਲ੍ਹੀ ਟੈਕਨੀਕਲ ਕਮੇਟੀ ਦੇ ਮੈਂਬਰ ਹਨ। 14 ਦਸੰਬਰ ਨੂੰ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ‘ਚ ਨਿਤਾਰੇ ਹੋਣਗੇ ਕਿ ਚੌਥਾ ਕਬੱਡੀ ਵਰਲਡ ਕੱਪ ਕੌਣ ਜਿੱਤਦੈ?

Be the first to comment

Leave a Reply

Your email address will not be published.