ਚੰਡੀਗੜ੍ਹ: ਦਿੱਲੀ ਵਿਚ ਸੀæਬੀæਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਉਨ੍ਹਾਂ ਖਿਲਾਫ਼ ਚਲਦੇ ਤਕਰੀਬਨ ਦੋ ਦਹਾਕੇ ਪੁਰਾਣੇ ਮਾਮਲੇ ਨੂੰ ਜਾਣਬੁੱਝ ਕੇ ਲਮਕਾਉਣ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਰੱਜ ਕੇ ਝਾੜ ਪਾਈ ਹੈ। ਸ੍ਰੀ ਸੈਣੀ ਖਿਲਾਫ਼ ਇਹ ਮਾਮਲਾ ਸਾਲ 1994 ਵਿਚ ਲੁਧਿਆਣਾ ਦੇ ਇਕ ਵਪਾਰਕ ਘਰਾਣੇ ਦੇ ਮੁੱਖ ਮੈਂਬਰਾਂ ਨੂੰ ਅਗਵਾ ਕਰਨ ਨਾਲ ਸਬੰਧਤ ਹੈ ਜਿਨ੍ਹਾਂ ਦਾ ਹੁਣ ਤੱਕ ਕੋਈ ਖੁਰਾ ਖੋਜ ਨਹੀਂ ਲੱਭਾ। ਸੁਮੇਧ ਸੈਣੀ ਉਸ ਵੇਲੇ ਐਸ਼ਐਸ਼ਪੀ ਲੁਧਿਆਣਾ ਵਜੋਂ ਤਾਇਨਾਤ ਸੀ।
ਉਸ ‘ਤੇ ਕਿਸੇ ਨਿੱਜੀ ਰੰਜ਼ਿਸ ਦੇ ਚੱਲਦਿਆਂ ਵਿਨੋਦ ਕੁਮਾਰ, ਉਸ ਦੇ ਨੇੜਲੇ ਰਿਸ਼ਤੇਦਾਰ ਅਸ਼ੋਕ ਕੁਮਾਰ ਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਨੂੰ ਸਾਲ 1994 ਦੇ ਮਾਰਚ ਮਹੀਨੇ ਅਗਵਾ ਕਰਨ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਵਿਚੋਂ ਵਿਨੋਦ ਕੁਮਾਰ ਨੂੰ ਕਿਸੇ ਵਿੱਤੀ ਅਪਰਾਧ ਸਬੰਧੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ ਤੇ ਇਸ ਨੂੰ ਲੈ ਕੇ ਸੀæਬੀæਆਈ ਵੱਲੋਂ ਇਨ੍ਹਾਂ ਤਿੰਨਾਂ ਦੀ ਹੋਣੀ ਬਾਰੇ ਪੰਜਾਬ ਦੇ ਮੌਜੂਦਾ ਡੀæਜੀæਪੀ ਸੈਣੀ ਤੇ ਤਿੰਨ ਹੋਰ ਪੁਲਿਸ ਅਧਿਕਾਰੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੀæਬੀæਆਈ ਅਦਾਲਤ ਵਿਚ ਪੰਜਾਬ ਤੇ ਦਿੱਲੀ ਪੁਲਿਸ ਦੇ ਕੁਝ ਬਾਵਰਦੀ ਤੇ ਚਿੱਟ ਕੱਪੜੀਏ ਪੁਲਿਸ ਦੇ ਲਾਮ ਲਸ਼ਕਰ ਨਾਲ ਪੁੱਜੇ ਸ਼੍ਰੀ ਸੈਣੀ ਦੇ ਵਕੀਲ ਅਜੇ ਬਰਮਨ ਵੱਲੋਂ ਸੀæਬੀæਆਈ ਦੇ ਵਿਸ਼ੇਸ਼ ਜੱਜ ਏæਕੇ ਮਹਿੰਦੀਰੱਤਾ ਅੱਗੇ ਅਪੀਲ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਅਦਾਲਤ ਤੋਂ ਸੰਤੁਸ਼ਟ ਨਾ ਹੁੰਦਿਆ ਕੇਸ ਨੂੰ ਕਿਸੇ ਹੋਰ ਅਦਾਲਤ ਕੋਲ ਤਬਦੀਲ ਕਰਨ ਵਾਸਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਏæਕੇ ਚਾਵਲਾ ਕੋਲ ਅਪੀਲ ਕੀਤੀ ਹੋਈ ਹੈ ਤੇ ਇਸ ਲਈ ਉਨ੍ਹਾਂ ਦੇ ਕੇਸ ਨੂੰ ਅੱਗੇ ਪਾ ਦਿੱਤਾ ਜਾਵੇ। ਇਸ ‘ਤੇ ਜੱਜ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਕੇਸ ਅੱਗੇ ਹੋਰ ਲਮਕਾਉਣ ਦੇ ਮਨਸ਼ੇ ਨਾਲ ਵਰਤੇ ਜਾ ਰਹੇ ਤਕਨੀਕੀ ਹੱਥਕੰਡੇ ਕਰਾਰ ਦਿੰਦਿਆਂ ਸਖ਼ਤ ਸ਼ਬਦਾਂ ਵਿਚ ਤਾੜਨਾ ਕੀਤੀ। ਜੱਜ ਮਹਿੰਦੀਰੱਤਾ ਨੇ ਸਪੱਸ਼ਟ ਕਿਹਾ ਕਿ ਇਸ ਕੇਸ ਦਾ ਪਿਛਲੇ ਦੋ ਦਹਾਕਿਆਂ ਦਾ ਰਿਕਾਰਡ ਦੇਖਣ ‘ਤੇ ਪਤਾ ਲੱਗਦਾ ਹੈ ਕਿ ਇਹ ਮਾਮਲਾ ਲਗਾਤਾਰ ਲਮਕਾਉਣ ਦੇ ਅਜਿਹੇ ਹੀ ਹੱਥ ਕੰਡਿਆਂ ਦਾ ਸ਼ਿਕਾਰ ਹੁੰਦਾ ਪ੍ਰਤੀਤ ਹੋ ਰਿਹਾ ਹੈ।
Leave a Reply