ਤਰਲੋਚਨ ਸਿੰਘ ਦੁਪਾਲਪੁਰ
“ਇਥੇ ਅਮਰੀਕਾ ਆਏ ਨੂੰ ਤਾਂ ਜੀ ਮੈਨੂੰ ਤਿੰਨ ਕੁ ਸਾਲ ਹੀ ਹੋਏ ਐ। ਪਹਿਲਾਂ ਮੈਂ ਮਸਕਟ ਵਿਚ ਦੋ-ਢਾਈ ਕੁ ਸਾਲ ਮੈਸਨ ਦਾ ਕੰਮ ਕਰਦਾ ਰਿਹਾ। ਉਥੇ ਪੰਜਾਬੀ ਮੁੰਡਿਆਂ ਦੀ ਰੀਸੋ-ਰੀਸੇ ਮੈਂ ਵੀ ਇਕ ਵਾਰ ਲਾਟਰੀ ਦੀ ਟਿਕਟ ਖਰੀਦਣ ਚਲਾ ਗਿਆ। ਕਾਊਂਟਰ ਮੋਹਰੇ ਕਾਫੀ ਲੰਮੀ ਲਾਈਨ ਲੱਗੀ ਹੋਈ ਸੀ ਜਿਸ ਵਿਚ ਪੱਗ ਦਾੜ੍ਹੀ ਵਾਲਾ ਮੈਂ ਹੀ ‘ਕੱਲਾ ਸਰਦਾਰ ਖੜ੍ਹਾ ਸਾਂ। ਕਈ ਮੁਲਕਾਂ ਦੇ ਮੁੰਡੇ ਟਿਕਟ ਖਰੀਦਣ ਆਏ ਹੋਏ ਸਨ। ਕੁਝ ਸਾਡੇ ਦੱਖਣੀ ਭਾਰਤੀ ਸਟੇਟਾਂ ਦੇ ਮੁੰਡੇ ਵੀ ਸਨ। ਆਪਣੀ ਵਾਰੀ ਸਿਰ ਜਦੋਂ ਮੈਂ ਕਾਊਂਟਰ ‘ਤੇ ਜਾ ਕੇ ਬਟੂਏ ‘ਚੋਂ ਦਿਨਾਰ ਕੱਢਣ ਲੱਗਾ ਤਾਂ ਅੰਦਰ ਸਿਰ ‘ਤੇ ਕੁੱਲ੍ਹਾ ਜਿਹਾ ਪਾਈ ਬੈਠੇ ਟਿਕਟਾਂ ਵੇਚਣ ਵਾਲੇ ਨੇ ਮੇਰੇ ਵੱਲ ਘੂਰ ਕੇ ਦੇਖਿਆ। ਹੱਥ ਦੇ ਇਸ਼ਾਰੇ ਨਾਲ ਉਸ ਨੇ ਮੈਨੂੰ ਪਾਸੇ ਹਟ ਜਾਣ ਲਈ ਆਖਿਆ।
ਮੈਂ ਹੈਰਾਨ ਜਿਹਾ ਹੋ ਕੇ ਇਕ ਪਾਸੇ ਖਲੋ ਗਿਆ। ਮੇਰੇ ਪਿੱਛੇ ਲਾਈਨ ‘ਚ ਖੜ੍ਹੇ ਬੰਦੇ ਆਪਣੀਆਂ ਟਿਕਟਾਂ ਖਰੀਦ ਖਰੀਦ ਜਾਂਦੇ ਰਹੇ।
ਬੋਲੀ ਦੀ ਮੁਸ਼ਕਿਲ ਕਰ ਕੇ ਮੈਂ ਟਿਕਟਾਂ ਵੇਚਣ ਵਾਲੇ ਨਾਲ ਕੋਈ ਗੱਲ ਕਰਨ ਤੋਂ ਕਤਰਾਂਦਾ ਮੁੜ ਲਾਈਨ ਦੇ ਸਿਰ ‘ਤੇ ਜਾ ਖੜ੍ਹਾ ਹੋਇਆ। ਲਓ ਜੀ, ਅੱਧੇ ਕੁ ਘੰਟੇ ਬਾਅਦ ਜਦੋਂ ਮੈਂ ਫਿਰ ਕਾਊਂਟਰ ਲਾਗੇ ਆਇਆ ਤਾਂ ਪਹਿਲਾਂ ਵਾਲਾ ਹੀ ਕਿੱਸਾ ਫਿਰ ਦੁਹਰਾਇਆ ਗਿਆ। ਮੈਥੋਂ ਬਿਨਾਂ ਕੁਝ ਪੁੱਛਿਆਂ ਅੰਦਰਾਲੇ ਭਾਈ ਨੇ ਮੈਨੂੰ ਪਾਸੇ ਹੋ ਜਾਣ ਦਾ ਇਸ਼ਾਰਾ ਕਰ ਕੇ, ਮੈਥੋਂ ਪਿਛਲੇ ਤੋਂ ਦਿਨਾਰ ਲੈ ਕੇ ਲਾਟਰੀ ਦੀ ਟਿਕਟ ਉਹਦੇ ਹੱਥ ਫੜਾਈ। ਮੈਂ ਸ਼ਰਮਿੰਦਾ ਜਿਹਾ ਹੋ ਕੇ ਪਾਸੇ ਖੜ੍ਹਾ ਸੋਚੀਂ ਪੈ ਗਿਆ ਕਿ ਵਿਚੋਂ ਮਾਜਰਾ ਕੀ ਹੈ? ਹੋਰ ਸਭ ਤੋਂ ਪੈਸੇ ਫੜ ਫੜ ਇਹ ਟਿਕਟਾਂ ਦੇਈ ਜਾ ਰਿਹੈ ਪਰ ਮੇਰੀ ਵਾਰੀ ਇਹਨੂੰ ਪਤਾ ਨ੍ਹੀਂ ਕੀ ਦੁਗਾੜਾ ਵੱਜ ਜਾਂਦਾ। ਮੇਰੀ ਸ਼ਕਲ ਦੇਖਦਿਆਂ ਸਾਰ ਘੂਰ ਕੇ ਪਾਸੇ ਹਟਾ ਦਿੰਦਾ ਹੈ। ਗੱਲ ਕੀ ਹੈ?
ਇਸੇ ਭੰਨ-ਘੜ ਵਿਚ ਪਿਆਂ ਇਕ ਵਾਰ ਤਾਂ ਮੇਰੇ ਦਿਲ ‘ਚ ਆਈ ਕਿ ਚੱਲ ਮਨਾ, ਆਪਣੇ ਕੰਮ ਲੱਗ ਜਾ ਕੇ। ਕੋਈ ਨਾ ਕੋਈ ਕਾਰਨ ਤਾਂ ਹੋਊਗਾ ਈ ਪਰ ਤੁਹਾਨੂੰ ਪਤਾ, ਆਪਾਂ ਪੰਜਾਬੀ ਵੀ ਪੂਰੇ ਢੀਠ ਹੁੰਨੇ ਆਂ। ਸੋ ਮੈਂ ਜਿਗਰਾ ਜਿਹਾ ਕਰ ਕੇ ਇਕ ਵਾਰ ਫਿਰ ਟਿਕਟ ਲੈਣ ਵਾਲਿਆਂ ਦੀ ਲਾਈਨ ‘ਚ ਜਾ ਖੜ੍ਹਾ ਹੋਇਆ। ਦੁਪਹਿਰਾ ਹੋਣ ਕਰ ਕੇ ਹੁਣ ਰਸ਼ ਘੱਟ ਹੋ ਗਿਆ ਤੇ ਮੇਰੇ ਪਿਛੇ ਐਤਕੀਂ ਕੋਈ ਨਹੀਂ ਸੀ। ਜਿਉਂ ਜਿਉਂ ਮੈਂ ਕਾਊਂਟਰ ਦੇ ਨੇੜੇ ਹੁੰਦਾ ਜਾ ਰਿਹਾ ਸਾਂ, ਮਨ ਨੂੰ ਤਕੜਾ ਕਰ ਕੇ ਅੰਦਰੋਂ ਹੋਣ ਵਾਲੇ ਇਨਕਾਰ ਦਾ ਕਾਰਨ ਪੁੱਛਣ ਦੀਆਂ ਵਿਉਂਤਾਂ ਬਣਾਈ ਜਾ ਰਿਹਾ ਸਾਂ।
“ਕਿੱਥੋਂ ਆਏ ਓ ਸਰਦਾਰ ਜੀ?” ਇਸ ਵਾਰ ਅੰਦਰ ਬੈਠੇ ਕੁੱਲ੍ਹੇ ਵਾਲੇ ਭਾਈ ਨੇ ਕੁਰਸੀ ਤੋਂ ਉਠ ਕੇ ਬਾਹਰ ਵੱਲ ਝਾਕਦਿਆਂ ਮੈਨੂੰ ਇਕੱਲਾ ਦੇਖ ਕੇ ਪੁੱਛਿਆ। ਪੈਂਦੀ ਸੱਟੇ ਉਹਦੇ ਮੂੰਹੋਂ ਆਪਣੀ ਬੋਲੀ ਸੁਣ ਕੇ ਮੈਨੂੰ ਹੌਂਸਲਾ ਜਿਹਾ ਹੋ ਗਿਆ ਕਿ ਹੁਣ ਮੈਂ ਉਹਦੇ ਨਾਲ ਸਵਾਲ ਜਵਾਬ ਕਰ ਸਕਾਂਗਾ ਪਰ ਮੈਂ ਉਹਦੇ ਲਹਿਜੇ ਤੋਂ ਭਾਂਪ ਲਿਆ ਕਿ ਇਹ ਆਪਣੇ ਭਾਰਤੀ ਪੰਜਾਬ ਤੋਂ ਨਹੀਂ ਹੈ। ਬਾਅਦ ਵਿਚ ਮੇਰਾ ਇਹ ਅੰਦਾਜ਼ਾ ਸਹੀ ਸਾਬਤ ਹੋਇਆ।
“ਇੰਡੀਆ, ਪੰਜਾਬ ਤੋਂ ਹਾਂ ਜੀ।” ਮੈਂ ਉਤਰ ਦਿੱਤਾ
“ਲਾਟਰੀ ਪਾਉਣੀ ਏਂ?”
“ਜੀ, ਪਰ ਤੁਸੀਂ ਮੈਨੂੰ ਟਿਕਟ ਈ ਨ੍ਹੀਂ ਦੇ ਰਹੇ। ਹਰ ਵਾਰ ਪਿੱਛੇ ਮੋੜ ਦਿੰਦੇ ਓ!” ਮੈਂ ਦਿਲ ਦੀ ਗੱਲ ਕਹਿ ਦਿੱਤੀ।
“ਹੱਛਾ, ਅਹਿ ਦੱਸ, ਕਿ ਜੇ ਤੇਰੀ ਲਾਟਰੀ ਨਿਕਲ ਆਵੇ ਤਾਂ ਐਨੇ ਪੈਹੇ ਦਾ ਕੀ ਕਰੇਂਗਾ?”
“ਮੈਂæææ ਜੀ ਆਪਣੇ ਟੱਬਰ ਦੀਆਂ ਲੋੜਾਂ ਪੂਰੀਆਂ ਕਰਾਂਗਾ। ਧੀਆਂ-ਪੁੱਤ ਵਿਆਹਵਾਂਗਾ, ਪਿੰਡ ਜਾ ਕੇ ਕਾਰ-ਸ਼ਾਰ ਰੱਖ ਕੇ ਆਰਾਮ ਦੀ ਜ਼ਿੰਦਗੀ ਬਸਰ ਕਰਾਂਗਾ।” ਉਸ ਦਾ ਸਵਾਲ ਸੁਣ ਕੇ ਮੈਂ ਸੰਜੀਦਾ ਤੇ ਸੰਕੋਚਵਾਂ ਜਿਹਾ ਜਵਾਬ ਦਿੱਤਾ।
“ਮਤਲਬ ਸਾਰੇ ਪੈਹੇ ਦਾ ਮਾਲਕ ਤੂੰ ਹੀ ਹੋਇਆ ਕਿæææ “, ਬੰਦ ਕੀਤੇ ਪੈਨ ਨਾਲ ਠੋਡੀ ‘ਤੇ ਖਾਜ ਕਰਦਿਆਂ ਉਸ ਆਖਿਆ।
“ਜੀ ਹਾਂ, ਮੈਂ ਹੀ ਹੋਵਾਂਗਾ ਜੇ ਮੇਰੀ ਖਰੀਦੀ ਹੋਈ ਟਿਕਟ ‘ਤੇ ਲਾਟਰੀ ਨਿਕਲ ਆਵੇ।” ਮੈਂ ਜਵਾਬ ਤਾਂ ਸਪੱਸ਼ਟ ਦੇ ਦਿੱਤਾ ਪਰ ਮੈਨੂੰ ਸ਼ੱਕ ਜਿਹਾ ਹੋਣ ਲੱਗ ਪਿਆ ਕਿ ਇਹ ਮੈਨੂੰ ਕਿਸੇ ਨੁਕਤੇ ‘ਤੇ ਉਲਝਾ ਰਿਹਾ ਹੈ। ਸੋ ਮੈਂ ਥੋੜ੍ਹਾ ਚੁਕੰਨਾ ਹੋ ਗਿਆ।
ਮੇਰਾ ਉਤਰ ਸੁਣ ਕੇ ਕੋਈ ਹੋਰ ਸਵਾਲ ਕਰਨ ਦੀ ਥਾਂ ਉਸ ਨੇ ਦਰਵਾਜ਼ਾ ਖੋਲ੍ਹ ਕੇ ਮੈਨੂੰ ਕੈਬਿਨ ‘ਚ ਬਿਠਾ ਲਿਆ। ਠੰਢਾ ਪਿਲਾ ਕੇ ਮੈਨੂੰ ਕਹਿਣ ਲੱਗਾ ਕਿ ਲਾਟਰੀ ਤੋਂ ਮਿਲਣ ਵਾਲਾ ਧਨ ਤੈਨੂੰ ਬਗੈਰ ਕਿਸੇ ਮਿਹਨਤ-ਮੁਸ਼ੱਕਤ ਤੋਂ ਹੀ ਮਿਲ ਜਾਏਗਾ; ਇਕ ਕਿਸਮ ਦਾ ਉਹ ਪਰਾਇਆ ਮਾਲ ਹੀ ਸਦਾਏਗਾ। ਉਹ ਤੇਰੀ ਹਲਾਲ ਦੀ ਕਮਾਈ ਨਹੀਂ ਹੋਏਗੀ ਪਰ ਤੁਹਾਡੇ ਰਹਿਬਰ ਬਾਬੇ ਨਾਨਕ ਨੇ ਆਪਣੀ ਉਮਤਿ ਦੇ ਨਾਲ-ਨਾਲ ਅਸਾਨੂੰ ਵੀ ਇਹ ਕਰੜੀ ਤਾਕੀਦ ਕੀਤੀ ਹੋਈ ਏ ਕਿ ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥’ ਹਰਾਮ ਖਾਂਦਿਆਂ ਕੀ ਤੂੰ ਆਪਣੇ ਰਹਿਬਰ ਨੂੰ ਪਿੱਠ ਨਹੀਂ ਦੇ ਰਿਹਾ ਹੋਏਂਗਾ।æææ
ਮੈਂ ਇੱਥੇ ਲਾਟਰੀ ਦੀਆਂ ਟਿਕਟਾਂ ਵੇਚਣ ਨੂੰ ਈ ਬੈਠਾ ਵਾਂ। ਮੈਂ ਤੈਨੂੰ ਲਾਂਭੇ ਕਰਦਾ ਰਿਹਾ ਕਿ ਤੂੰ ਆਪੇ ਪਾਸੇ ਵਗ’ਜੇਂਗਾ। ਮੈਨੂੰ ਨਨਕਾਣਾ ਸਾਹਿਬ ਦਾ ਵਸਨੀਕ ਹੋਣ ਕਰ ਕੇ ਬਾਬੇ ਨਾਨਕ ਦੀ ਹਦਾਇਤ ਦਾ ਇਲਮ ਹੈ। ਹੋਰ ਲੋਕੀਂ ਹਰਾਮ ਖਾਂਦੇ ਨੇ ਖਾਈ ਜਾਣ, ਪਰ ਤੁਸੀਂ ਉਸ ਬਾਬੇ ਦੇ ਪੈਰੋਕਾਰ ਸਦਾਉਣ ਵਾਲੇ ਅਜਿਹਾ ਕਰਦੇ ਕਤੱਈ ਨਹੀਂ ਸ਼ੋਭਦੇ!
“ਲਉ ਜੀ, ਭਾਈ ਸਾਹਿਬ”, ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਪਣੀ ਹੱਡਬੀਤੀ ਸੁਣਾਉਣ ਵਾਲਾ ਇਹ ਸੱਜਣ, ਗੱਲ ਮੁਕਾਉਂਦਿਆਂ ਬੋਲਿਆ, “ਮੈਂ ਨਿੱਜੀ ਤੌਰ ‘ਤੇ ਪਰਾਇਆ ਹੱਕ ਖਾਣ ਤੋਂ ਵਾਹ ਲਗਦੀ ਪਰਹੇਜ਼ ਹੀ ਕਰਦਾ ਆ ਰਿਹਾ ਹਾਂ, ਪਰ ਮੈਂ ਕਈ ਵਾਰ ਸੋਚਦਾ ਰਹਿਨਾਂ ਕਿ ਅਸੀਂ ‘ਵਿਛੜੇ’ ਨਨਕਾਣਾ ਸਾਹਿਬ ਦੀ ‘ਸੇਵਾ ਸੰਭਾਲ ਸਾਂਭਣ’ ਦੀਆਂ ਅਰਦਾਸਾਂ ਤਾਂ ਕਰੀ ਜਾਂਦੇ ਹਾਂ, ਉਥੇ ਬਾਬਾ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਰੀਕਾਂ ਬਾਬਤ ਵੀ ਲੜ-ਭਿੜ ਸਕਦੇ ਹਾਂ, ਬਾਬੇ ਦੇ ਜਨਮ ਅਸਥਾਨ ਦੀ ਜ਼ਿਆਰਤ ਦੇ ਬਹਾਨੇ ਸਮਾਨ ਦੀ ਖਰੀਦੋ-ਫਰੋਖਤ ਵੀ ਕਰ ਸਕਦੇ ਹਾਂ। ਗਾਈ/ਪੜ੍ਹੀ ਜਾਂਦੀ ‘ਆਸਾ ਦੀ ਵਾਰ’ ਵੀ ਝੁਮ-ਝੂਮ ਕੇ ਸੁਣੀ ਜਾਂਦੇ ਹਾਂ ਜਿਹਦੇ ਵਿਚ ਪਰਾਇਆ ਹੱਕ ਖਾਣ ਦੀ ਸਖ਼ਤ ਮਨਾਹੀ ਕੀਤੀ ਹੋਈ ਹੈ। ਅਸੀਂ ਵਿਦੇਸ਼ਾਂ ਵਿਚ ਬਾਹਰੀ ਸਰੂਪ ਲਈ ਜਦੋ-ਜਹਿਦ ਵੀ ਕਰੀ ਜਾਂਦੇ ਹਾਂ ਪਰ ਬਾਬੇ ਦੇ ਦੱਸੇ ਅਸੂਲਾਂ ‘ਤੇ ਅਮਲ ਕਰਨ ਦੇ ਮਾਮਲੇ ‘ਚ ਅਸੀਂ ਸਿਫ਼ਰ ਹਾਂ। ਮੈਨੂੰ ਜਾਪਿਆ ਕਿ ਗੁਰੂ ਬਾਬੇ ਦਾ ਸਫੀਰ ਮੈਂ ਨਹੀਂ, ਸਗੋਂ ਇਹ ਮੁਸਲਮਾਨ ਹੈ!”
Leave a Reply