ਬਲਜੀਤ ਬਾਸੀ
ਬਲਦਾਂ ਨਾਲ ਹਿੱਕੀ ਜਾਣ ਵਾਲੀ ਗੱਡੀ ਨੂੰ ਛਕੜਾ ਕਿਹਾ ਜਾਂਦਾ ਸੀ। ਇਸ ਨਿਮਾਣੇ ਜੁਗਾੜ ਦਾ ਵੀ ਕੋਈ ਜ਼ਮਾਨਾ ਸੀ। ਜਿਵੇਂ ਕਹਿੰਦੇ ਹਨ, “ਜਿਥੇ ਕੋਈ ਰੁੱਖ ਨਹੀਂ ਉਥੇ ਰਿੰਡ ਪ੍ਰਧਾਨ”, ਜਦ ਅਣਘੜਤ ਜਿਹੇ ਢਾਂਚੇ ਵਾਲਾ ਛਕੜਾ ਅਜੇ ਮੁਢਲੇ ਦੌਰ ਵਿਚ ਹੀ ਸੀ ਤਾਂ ਇਸ ਦੀ ਸ਼ਾਨ ਨਿਆਰੀ ਸੀ। ਜੋ ਚੀਜ਼ ਲਗਾਤਾਰ ਉਨਤੀ ਕਰਦੀ ਰਹੇ ਉਸ ਲਈ ਪੁਰਾਣਾ ਵਰਤਿਆ ਜਾਂਦਾ ਸ਼ਬਦ ਕਈ ਵਾਰੀ ਨਿਖੇਧੀਸੂਚਕ ਅਰਥ ਧਾਰਨ ਕਰ ਲੈਂਦਾ ਹੈ। ਜਦ ਛਕੜੇ ਨੇ ਤਰੱਕੀ ਕਰਕੇ ਆਧੁਨਿਕ ਚੀਕਣੇ ਚੋਪੜੇ ਵਾਹਨਾਂ ਵਾਲਾ ਰੂਪ ਧਾਰ ਲਿਆ ਤਾਂ ਛਕੜਾ ਸ਼ਬਦ ਦਾ ਉਹ ਅਰਥ ਬਣ ਗਿਆ ਜੋ ਤੁਹਾਡੇ ਮਨ ਵਿਚ ਹੈ। ਮਤਲਬ ਇਕ ਖਸਤਾ ਜਿਹਾ ਕੰਮ ਚਲਾਊ ਵਾਹਨ ਜਿਸ ਨੂੰ ਖਟਾਰਾ ਵੀ ਕਹਿ ਦਿੰਦੇ ਹਨ। ਵਿਸਤ੍ਰਿਤ ਅਰਥ ਵਜੋਂ ਟੁੱਟੀਆਂ ਭੱਜੀਆਂ ਬੱਸਾਂ ਗੱਡੀਆਂ ਲਈ ਵੀ ਇਹ ਸ਼ਬਦ ਇਸਤੇਮਾਲ ਹੁੰਦਾ ਹੈ ਜਿਵੇਂ ਪੰਜਾਬ ਰੋਡਵੇਜ਼ ਦੀ ਬੱਸ, ਪਸੰਜਰ ਟਰੇਨ ਜਾਂ ਨੈਰੋ ਗੇਜ ਗੱਡੀ। ਕਿਸੇ ਵੇਲੇ ਛਕੜਾ ਢੋਣ ਦੇ ਕੰਮ ਆਉਂਦਾ ਸੀ, ਹੁਣ ਛਕੜੇ ਨੂੰ ਖੁਦ ਢੋਇਆ ਜਾਂਦਾ ਹੈ। ਗੁਜਰਾਤ ਵਿਚ ਟੈਂਪੂ ਜਾਂ ਆਟੋ-ਰਿਕਸ਼ਾ ਨੂੰ ਛਕੜਾ ਕਿਹਾ ਜਾਂਦਾ ਹੈ। ਪਹੀਆਂ ਦੇ ਸਾਰਪਾਰ ਅਤੇ ਉਤੇ ਬੱਲੀਆਂ ਗੱਡ ਕੇ ਉਪਰ ਤਿਰਪਾਲ ਜਾਂ ਪੱਲੀਆਂ ਤਾਣ ਦੇਵੋ, ਛਕੜਾ ਤਿਆਰ ਹੈ। ਜਿਸ ਮਨੁਖ ਦਾ ਢਾਂਚਾ ਹਿੱਲ ਗਿਆ ਹੋਵੇ ਉਸ ਨੂੰ ਵੀ ਛਕੜਾ ਕਹਿ ਦਿੱਤਾ ਜਾਂਦਾ ਹੈ।
ਆਓ ਪਹਿਲਾਂ ‘ਮਹਾਨ ਕੋਸ਼’ ਰਾਹੀਂ ਇਸ ਸ਼ਬਦ ਨਾਲ ਕੀਤੇ ਵਰਤਾਉ ਤੋਂ ਥੋੜ੍ਹਾ ਸਵਾਦ ਲਈਏ, ‘ਛਕੜਾ (ਸੰਗਯਾ) ਸ਼ਕਟ, ਗੱਡਾ।’ ਅੱਗੇ ਕੋਸ਼ ਵਿਚੋਂ ਸ਼ਕਟ ਸ਼ਬਦ ਲਭਣ ਦੀ ਕੋਸ਼ਿਸ਼ ਕੀਤੀ, ਨਹੀਂ ਮਿਲਿਆ। ਇਸ ਕੋਸ਼ ਵਿਚ ਇਹ ਆਮ ਹੀ ਸਮੱਸਿਆ ਹੈ। ਕੋਸ਼ਕਾਰੀ ਦੇ ਨਿਯਮਾਂ ਅਨੁਸਾਰ ਕਿਸੇ ਇੰਦਰਾਜ ਦੀ ਵਿਆਖਿਆ ਬਾਰੇ ਜੋ ਸ਼ਬਦ ਵਰਤੇ ਗਏ ਹੋਣ, ਉਨ੍ਹਾਂ ਦੀ ਪਰਿਭਾਸ਼ਾ ਸਬੰਧਤ ਕੋਸ਼ ਵਿਚੋਂ ਅਵੱਸ਼ ਮਿਲਣੀ ਚਾਹੀਦੀ ਹੈ। ਖੈਰ, ਮੈਂ ਸ਼ਕਟ ਦੀ ਥਾਂ ਸਕਟ ਦੇਖਣ ਲੱਗਾ ਤਾਂ ਕਿਸਮਤ ਜਾਗ ਪਈ, ‘ਸਕਟ ਸੰ ਸ਼ਕਟ (ਸੰਗਯਾ) ਗੱਡਾ, ਛਕੜਾ 2æ ਦੇਹ, ਸ਼ਰੀਰ 3æ ਦੇਖੋ ਸ਼ਕੁਟਾਸੁਰ।’ ਪਹਿਲਾਂ ਸੋਚਿਆ ਸ਼ਾਇਦ ਸਕੂਟਰ ਲਿਖਿਆ ਹੈ, ਫਿਰ ਖਿਆਲ ਆਇਆ ਭਾਈ ਕਾਹਨ ਸਿੰਘ ਨਾਭਾ ਦੇ ਸਮੇਂ ਸ਼ਾਇਦ ਸਕੂਟਰ ਪ੍ਰਚਲਤ ਨਹੀਂ ਸੀ ਹੋਇਆ। ਮਹਾਨ ਕੋਸ਼ ਵਿਚੋਂ ਸ਼ਕੁਟਾਸੁਰ ਲਭਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ। ਫਿਰ ਉਹੋ ਦਾਅ ਵਰਤਿਆ, ‘ਸ਼’ ਦੇ ਪੈਰ ਦੀ ਬਿੰਦੀ ਉੜਾ ਕੇ ਦੇਖੀ ਤਾਂ ਇਹ ਇੰਦਰਾਜ ਚੁਪੱਟ ਪ੍ਰਗਟ ਹੋ ਗਿਆ, ਸਕੁਟਾਸੁਰ ਸੰ ਸਕਟ-ਅਸੁਰ, ਗੱਡੇ ਦੀ ਸ਼ਕਲ ਦਾ ਇਕ ਦੈਂਤ, ਇਕ ਕੰਸ ਦਾ ਭੇਜਿਆ ਕ੍ਰਿਸ਼ਨ ਜੀ ਨੂੰ ਮਾਰਨ ਲਈ ਆਇਆ ਸੀ ਅਤੇ ਕ੍ਰਿਸ਼ਨ ਜੀ ਤੋਂ ਮਾਰਿਆ ਗਿਆ ਸੀ, “ਪ੍ਰਿਥਮ ਪੂਤਨਾ ਹਨੀ ਬਹੁਰ ਸਕਟਾਸੁਰ ਖੰਡਯੋ।” (ਕ੍ਰਿਸਨਾਵ) ਦੇਖੋ, ਇਸ ਦੀ ਕਥਾ ਭਾਗਵਤ ਦੇ ਦਸਵੇਂ ਸਕੰਧ ਦੇ 50ਵੇਂ ਅਧਯਾਯ ਵਿਚ। ਮੈਂ ਬਹੁਤਾ ਵਾਧਾ ਤਾਂ ਨਹੀਂ ਕਰਨਾ ਚਾਹੁੰਦਾ ਪਰ ਲਿਖੇ ਹੋਏ ਦੇਖੋ ‘ਕ੍ਰਿਸਨਾਵ’ ਦੇ ਦਰਸ਼ਨ ਨਹੀਂ ਹੋ ਸਕੇ ਭਾਵੇਂ ਇਸ ਵਾਰੀ ‘ਸ’ ਦੇ ਪੈਰੀਂ ਬਿੰਦੀ ਵੀ ਪਾ ਕੇ ਦੇਖ ਲਈ। ਖੈਰ ਮੈਨੂੰ ਪਤਾ ਹੀ ਹੈ ਕਿ ਕ੍ਰਿਸ਼ਨਾਵ ਦਸਮ ਗ੍ਰੰਥ ਵਿਚ ਕ੍ਰਿਸ਼ਨ ਦੇ ਬਿਰਤਾਂਤ ਨਾਲ ਸਬੰਧਤ ਹੈ। ਨਿਆਇਕ ਗੱਲ ਕਰਾਂਗਾ, ‘ਮਹਾਨ ਕੋਸ਼’ ਦੇ ਲੇਖਕ ਨੂੰ ਪਤਾ ਹੈ ਕਿ ਛਕੜਾ ਦਾ ਸੰਸਕ੍ਰਿਤ ਰੂਪ ਸ਼ਕਟ ਹੈ। ਜੀæਐਸ਼ ਰਿਆਲ ਦੇ ਕੋਸ਼ ‘ਚੋਂ ਵੀ ਇਸ ਦੀ ਪੁਸ਼ਟੀ ਮਿਲਦੀ ਹੈ ਤੇ ਬਹੁਤ ਸਾਰੇ ਹੋਰ ਸਰੋਤ ਵੀ ਇਸ ਦਾ ਮੂਲ ਰੂਪ ਇਹੋ ਦਸਦੇ ਹਨ।
ਛਕੜਾ ਸ਼ਬਦ ਦੀ ਵਿਉਤਪਤੀ ਬਾਰੇ ਵਿਚਾਰ ਕਰਨ ਲਈ ਸਾਡੇ ਕੁਝ ਸ਼ਬਦ ਸ਼ੌਕੀਨਾਂ ਦੀ ਮਹਿਫਲ ਜੁੜੀ। ਅਜਿਤ ਵਡਨੇਰਕਰ ਨੇ ਇਸ ਉਪਰ ਲੇਖ ਲਿਖਿਆ ਹੋਇਆ ਸੀ। ਉਸ ਨੇ ਵੀ ਇਸ ਨੂੰ ਸੰਸਕ੍ਰਿਤ ‘ਸ਼ਕਟ’ ਤੋਂ ਹੀ ਵਿਉਤਪਤ ਦੱਸਿਆ। ਸੰਸਕ੍ਰਿਤ ਸ਼ਕਟ ਅੱਗੋਂ ‘ਸ਼ਕ’ ਧਾਤੂ ਤੋਂ ਬਣਿਆ। ਇਸ ਧਾਤੂ ਵਿਚ ਬਲ, ਜ਼ੋਰ ਆਦਿ ਦਾ ਭਾਵ ਹੈ। ‘ਸ਼ੱਕ’ ਤੋਂ ਹੀ ਸ਼ਕਤੀ ਸ਼ਬਦ ਬਣਿਆ ਹੈ। ਸੋ ਸ਼ੱਕ ਤੋਂ ਸ਼ਕਟ ਬਣਿਆ ਕਿਉਂਕਿ ‘ਸ਼ਕਟ’ ਜਿਸ ਦਾ ਅਵਤਾਰ ਛਕੜਾ ਹੈ, ਸ਼ਕਤੀ ਨਾਲ ਚਲਦਾ ਹੈ। ਪਰ ਅਸੀਂ ਸ਼ਬਦ ਸ਼ੌਕੀਨ ਕਈ ਵਾਰੀ ਜਾਂ ਤਾਂ ਛੇੜ-ਛਾੜ ਵਜੋਂ ਜਾਂ ਬਹਿਸ ਵਿਚੋਂ ਕੁਝ ਹੋਰ ਨਵਾਂ ਸਾਹਮਣੇ ਲਿਆਉਣ ਦੇ ਮਕਸਦ ਨਾਲ ਕੋਈ ਹੋਰ ਬਦਲਵੇਂ ਮੂਲ ਦਾ ਸੁਝਾਅ ਦੇ ਦਿੰਦੇ ਹਾਂ। ਇਸ ਵਾਰ ਇਕ ਸਾਥੀ ਜਿਸ ਨੂੰ ਅਸੀਂ ਕਿਸੇ ਵੇਲੇ ਅੰਗਰੇਜ਼ੀ ਚਅਨੋਨਡਿe ਸ਼ਬਦ ਲਈ ਢੁਕਵਾਂ ਭਾਰਤੀ ਸ਼ਬਦ ਢੂੰਡਦਿਆਂ ਪਰਮਹੰਸ ਦੀ ਉਪਾਧੀ ਦੇ ਦਿੱਤੀ ਸੀ, ਨੇ ਛਕੜੇ ਦਾ ਸਬੰਧ ‘ਚੱਕਰ’ ਸ਼ਬਦ ਨਾਲ ਜੋੜਨ ਦਾ ਸੁਝਾਅ ਦੇ ਦਿੱਤਾ, “ਚਕਰਾæææਛਕੜਾæææਕਈ ਸ਼ਬਦ ਇਸੇ ਤਰ੍ਹਾਂ ਅਲਪਪ੍ਰਾਣ ਤੋਂ ਮਹਾਪ੍ਰਾਣ ਦੀ ਯਾਤਰਾ ਕਰਦੇ ਹਨ।” ਉਸ ਨੇ ਦਲੀਲ ਦਿੱਤੀ ਕਿ ਹਰ ਨਿਰੁਕਤੀ ਕੁਝ ਦਲੀਲ ਤੇ ਕੁਝ ਪ੍ਰਮਾਣ ‘ਤੇ ਆਧਾਰਤ ਹੁੰਦੀ ਹੈ। ਗੱਡੀ ਵਿਚ ਸਭ ਤੋਂ ਵਿਸ਼ੇਸ਼ ਚੀਜ਼ ਚੱਕਰ ਯਾਨਿ ਪਹੀਆ ਹੀ ਹੁੰਦੀ ਹੈ, ਨਾ ਕਿ ਉਸ ਦੀ ਭਾਰ ਢੋਣ ਦੀ ਸ਼ਕਤੀ। ਭਾਰ ਢੋਣ ਦੀ ਸ਼ਕਤੀ ਤਾਂ ਬਲਦ ਵਿਚ ਵੀ ਹੈ, ਫਿਰ ਉਸ ਨੂੰ ਸ਼ਕਟ ਕਿਉਂ ਨਹੀਂ ਕਿਹਾ ਜਾਂਦਾ? ਪਰ ਵਡਨੇਰਕਰ ਨੇ ਆਪਣੇ ਤਰਕ ਦੇਣੇ ਸ਼ੁਰੂ ਕਰ ਦਿੱਤੇ। ਉਸ ਦਾ ਵਿਚਾਰ ਸੀ ਕਿ ਭਾਸ਼ਾਵਾਂ ਵਿਚ ਢੋਣ ਜਾਂ ਗਤੀ ਦੇ ਭਾਵਾਂ ਤੋਂ ਵਾਹਣਾਂ ਦੇ ਨਾਂ ਪਏ ਹਨ। ਖੁਦ ਵਾਹਣ ਸ਼ਬਦ ਵਿਚਲਾ ‘ਵਾਹ’ ਗਤੀ ਦਾ ਸੂਚਕ ਹੈ। ਇਸੇ ਤਰ੍ਹਾਂ ‘ਯਾਨ’ ਸ਼ਬਦ ਦੇ ‘ਯਾ’ ਵਿਚ ਵੀ ਗਤੀ ਦੇ ਭਾਵ ਹਨ। ਅੰਗਰੇਜ਼ੀ ਕੈਰੀਅਰ ਵਿਚ ਚੱਕਾ ਨਹੀਂ, ਲਿਜਾਣ ਦਾ ਭਾਵ ਹੈ। ਟ੍ਰੇਲਰ, ਟ੍ਰੇਨ, ਵੈਨ, ਵੈਗਨ ਆਦਿ ਤਮਾਮ ਸ਼ਬਦਾਂ ਵਿਚ ਲਿਜਾਣ, ਢੋਣ ਦਾ ਭਾਵ ਹੈ। ਪਹੀਆ ਆਪਣੇ ਆਪ ਵਿਚ ਊਰਜਾ ਨਹੀਂ ਹੈ, ਇਸ ਲਈ ਸ਼ਕਟ ਦੀ ਸਾਰਥਕਤਾ ਸ਼ੱਕ ਯਾਨਿ ਸ਼ਕਤੀ ਤੋਂ ਸਹੀ ਹੁੰਦੀ ਹੈ। ਪ੍ਰਸਿੱਧ ਭਾਸ਼ਾ-ਵਿਗਿਆਨੀ ਰਾਮ ਵਿਲਾਸ ਸ਼ਰਮਾ ਅਨੁਸਾਰ ਗੱਡਾ ਸ਼ਬਦ ਵਿਚ ਵੀ ਮੂਲ ਤੌਰ ‘ਤੇ ‘ਗਰ’ ਕਿਰਿਆ ਕੰਮ ਕਰ ਰਹੀ ਹੈ ਜਿਸ ਵਿਚ ਵੀ ਪਹੀਏ ਦੀ ਗਤੀ ਦਾ ਭਾਵ ਹੈ। ਪਰ ਇਸ ਨਾਲ ਬਣੇ ਸ਼ਬਦਾਂ ਵਿਚ ਚਾਲਕ ਸ਼ਕਤੀ ਦੀ ਕਿਸਮ ਦਰਸਾਉਣੀ ਪੈਂਦੀ ਹੈ ਜਿਵੇਂ ਘੋੜਾ ਗੱਡੀ, ਰੇਲ ਗੱਡੀ, ਮੋਟਰ ਗੱਡੀ ਆਦਿ। ਪਰ ਵਾਹਨ ਆਦਿ ਤੋਂ ਬਣੇ ਸ਼ਬਦਾਂ ਵਿਚ ਅਜਿਹਾ ਨਹੀਂ ਹੈ ਕਿਉਂਕਿ ਉਨ੍ਹਾਂ ਵਿਚ ਪਹਿਲਾਂ ਹੀ ਸ਼ਕਤੀ ਦਾ ਭਾਵ ਸਮਾਇਆ ਹੋਇਆ ਹੈ।
ਥੋੜੀ ਚਰਚਾ ਪਿਛੋਂ ਖੁਦ ਵਡਨੇਰਕਰ ਆਪਣੇ ਪੈਂਤੜੇ ਤੋਂ ਸ਼ੱਕੀ ਹੋ ਗਿਆ ਲੱਗਾ। ਉਸ ਨੇ ਪੁਛਿਆ ਕਿ ਚੱਕਰ ਸ਼ਬਦ ਨਾਲ ਕਿੰਨੇ ਕਿ ਵਾਹਣਾਂ ਦੀ ਉਤਪਤੀ ਹੋਈ ਹੈ? ਪਰਮਹੰਸ ਨੇ ਜਵਾਬ ਦਿੱਤਾ ਕਿ ਤਾਮਿਲ ਵਿਚ ਚਕਟਮ ਸ਼ਬਦ ਹੈ ਜਿਸ ਵਿਚ ਪਹੀਏ ਵਾਲਾ ਭਾਵ ਹੈ। ਸੰਸਕ੍ਰਿਤ ਵਿਚ ‘ਚੰਕੁਰ’ ਸ਼ਬਦ ਦਾ ਅਰਥ ਵੀ ਵਾਹਨ ਹੈ। ਪਰ ਵਡਨੇਰਕਰ ਨੇ ਜਵਾਬ ਦਿੱਤਾ ਕਿ ਸੰਭਵ ਤੌਰ ‘ਤੇ ਤਾਮਿਲ ਚਕਟਮ ਵੀ ਸੰਸਕ੍ਰਿਤ ਸ਼ਕਟਮ ਦਾ ਹੀ ਰੂਪ ਹੋਵੇ। ਸੰਸਕ੍ਰਿਤ ਵਿਚ ਇਸ ਦੇ ਰੂਪ ਸ਼ਕਟ, ਸ਼ਕਟੀ, ਸ਼ਕਟਿਕਾ ਹੋਣ ਕਾਰਨ ਇਸ ਗੱਲ ਦੀ ਵਧੇਰੇ ਸੰਭਾਵਨਾ ਹੈ। ਉਂਜ ਵੀ ਸੰਸਕ੍ਰਿਤ ਸ, ਸ਼ ਦ੍ਰਾਵਿੜ ‘ਚ ਵਿਚ ਬਦਲ ਜਾਂਦਾ ਹੈ। ਉਪਰ ਕ੍ਰਿਸ਼ਨ ਦੇ ਪ੍ਰਸੰਗ ਵਿਚ ਚਰਚਿਤ ‘ਸ਼ਕਟਾਸੁਰ’ ਦਾ ਮਧਕਾਲੀ ਤਾਮਿਲ ਸਾਹਿਤ ਵਿਚ ਵੀ ਵਰਣਨ ਆਉਂਦਾ ਹੈ। ਉਥੇ ਚਕਟਮ ਸ਼ਬਦ ਵਰਤਿਆ ਮਿਲਦਾ ਹੈ। ਵਡਨੇਰਕਰ ਨੇ ਵਿਚਾਰ ਦਿੱਤਾ ਕਿ ਦਰਅਸਲ ਚਕਟਮ ਵਿਚ ਵੀ ਚੱਕਰ ਦਾ ਭਾਵ ਸਮਾਂ ਪੈਣ ਨਾਲ ਛਕੜਾ ਸ਼ਬਦ ‘ਚੋਂ ਵਿਕਸਿਤ ਹੋਇਆ ਹੋਵੇਗਾ। ਤਾਮਿਲ ਕੋਸ਼ ਮੁਤਾਬਿਕ ਸ਼ਕਟਿਕਾ ਦਾ ਰੂਪ ਚਕਟਿਕਾਈ, ਸ਼ਕਟ ਦਾ ਚਕਟੂ, ਸ਼ਕਟਮ ਦਾ ਚਕਟਮ ਅਤੇ ਸ਼ਕਟਿ ਦਾ ਚਕਟਿ ਹੈ।
ਪਰ ਵਿਦਵਾਨ ਦੋਸਤ ਪਰਮਹੰਸ ਵਡਨੇਰਕਰ ਨੂੰ ਚੱਕਰ ਵਿਚੋਂ ਕਢਣਾ ਨਹੀਂ ਸੀ ਚਾਹੁੰਦਾ। ਉਸ ਨੇ ਕਿਹਾ ਕਿ ਦ੍ਰਾਵਿੜ ਭਾਸ਼ਾਵਾਂ ਵਿਚੋਂ ‘ਰ’ ਧੁਨੀ ਅਲੋਪ ਹੋ ਗਈ ਹੈ, ਇਸ ਲਈ ਹੋ ਸਕਦਾ ਹੈ ਤਾਮਿਲ ਚਕਟਮ ਦਾ ਪਹਿਲਾ ਰੂਪ ਚਕਟਰਮ ਹੋਵੇ ਜਿਸ ਦੀ ‘ਰ’ ਧੁਨੀ ਨਿਕਲ ਗਈ ਹੋਵੇ। ਗੱਲ ਕੀ, ਉਹ ਛਕੜਾ ਸ਼ਬਦ ਪਿਛੇ ਸ਼ਕ ਧਾਤੂ ਦੀ ਥਾਂ ਚੱਕਰ ‘ਤੇ ਬਜ਼ਿਦ ਰਿਹਾ। ਮੈਂ ਵੀ ਉਸ ਦੀ ਕੁਝ ਹਾਮੀ ਭਰਦਿਆਂ ਦਲੀਲ ਦਿੱਤੀ ਕਿ ਇਹ ਜ਼ਰੂਰੀ ਨਹੀਂ ਕਿ ਦੁਨੀਆਂ ਭਰ ਦੀਆਂ ਤਮਾਮ ਭਾਸ਼ਾਵਾਂ ਵਿਚ ਵਾਹਨ ਦੇ ਅਰਥਾਂ ਵਾਲੇ ਸ਼ਬਦ ਪਿਛੇ ਸ਼ਕਤੀ ਦਾ ਭਾਵ ਹੀ ਹੋਵੇ। ਚੱਕਰ ਜਾਂ ਪਹੀਆ ਵੀ ਹੋ ਸਕਦਾ ਹੈ। ਮੈਂ ਮਿਸਾਲ ਦਿੱਤੀ ਕਿ ਅੰਗਰੇਜ਼ੀ ਸਾਈਕਲ, ਟੂ-ਵ੍ਹੀਲਰ, ਥਰੀ-ਵ੍ਹੀਲਰ ਆਦਿ ਵਿਚ ਚੱਕਰ ਜਾਂ ਪਹੀਆ ਹੀ ਸਪਸ਼ਟ ਝਲਕਦਾ ਹੈ ਕਿਉਂਕਿ ਸਾਈਕਲ ਲਾਤੀਨੀ ‘ਸਾਈਕਲਸ’ ਤੋਂ ਵਿਕਸਿਤ ਹੋਇਆ ਜਿਸ ਦਾ ਅਰਥ ਚੱਕਰ, ਪਹੀਆ ਹੈ। ਹੋਰ ਤਾਂ ਹੋਰ ਸਾਈਕਲ ਸ਼ਬਦ ਤਾਂ ਹੈ ਹੀ ਸੰਸਕ੍ਰਿਤ ਚੱਕਰ ਦਾ ਸੁਜਾਤੀ। ਅਸਲ ਵਿਚ ਤਾਂ ਵ੍ਹੀਲ ਸ਼ਬਦ ਵੀ ਦੂਰੋਂ ਨੇੜਿਓਂ ਚੱਕਰ ਦਾ ਸਕਾ ਹੈ। ਅਵੇਸਤਾ ‘ਚੱਕਸ਼ਰਾ’ ਸ਼ਬਦ ਦਾ ਅਰਥ ਵੀ ਰੱਥ ਹੁੰਦਾ ਹੈ। ਪਰਮਹੰਸ ਨੇ ਹੋਰ ਜ਼ੋਰ ਦੇ ਕੇ ਕਿਹਾ ਕਿ ਜੇ ਸ਼ਕਟ ਦਾ ਮੂਲ ਸ਼ਕ ਧਾਤੂ ਮੰਨ ਵੀ ਲਿਆ ਜਾਵੇ ਤਾਂ ਇਸ ਤਰਕ ਦੇ ਹਿਸਾਬ ਨਾਲ ਸ਼ਕਤੀ ਨਾਲ ਚੱਲਣ ਵਾਲੇ ਵਾਲ ਹਰ ਜੰਤਰ ਨੂੰ ਸ਼ਕਟ ਕਿਹਾ ਜਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੈ। ਇਸ ਦੇ ਉਲਟ ‘ਵਹ’ ਧਾਤੂ ਤੋਂ ਬਣੇ ਵਾਹਨ ਨੂੰ ਦੇਖੋ, ਗੱਡੀ, ਘੋੜਾ, ਪਾਲਕੀ ਸਭ ਪ੍ਰਕਾਰ ਦੇ ਜੀਵਾਂ ਨਿਰਜੀਵਾਂ ‘ਤੇ ਲਾਗੂ ਹੁੰਦਾ ਹੈ। ਮੇਰੇ ਦਿਮਾਗ ਵਿਚ ਵਹਿੜਾ/ਵਹਿੜਕਾ ਸ਼ਬਦ ਆਇਆ ਜੋ ਭਾਰ ਢੋਣਯੋਗ ਵੱਛੇ ਨੂੰ ਕਹਿੰਦੇ ਹਨ ਤੇ ਜੋ ਵਹ ਧਾਤੂ ਤੋਂ ਬਣਿਆ ਹੈ।
ਵਡਨੇਰਕਰ ਬਹੁਤ ਸਟਪਟਾਇਆ, ਔਖਾ ਵੀ ਹੋਇਆ ਪਰ ਕੁਝ ਨਰਮ ਹੁੰਦਿਆਂ ਕਹਿਣ ਲੱਗਾ ਕਿ ਇਸੇ ਲਈ ਤਾਂ ਵਿਦਵਾਨਾਂ ਨੇ ਸ਼ਕਟ ਦੀ ਵਿਉਤਪਤੀ ਸ਼ਕ ਨਾਲ ਜੋੜੀ ਹੈ। ਸ਼ਕਤੀ ਬਾਅਦ ਦਾ ਸ਼ਬਦ ਹੈ ਮੂਲ ਵਿਚ ਲੈ ਜਾਣ, ਢੋਣ ਆਦਿ ਦਾ ਭਾਵ ਹੈ। ਵਹਿਣ ਦਾ ਗੁਣ ਹੀ ਵਾਹਨ ਬਣਾ ਰਿਹਾ ਹੈ। ਸ਼ਕ ਵਿਚ ਵਹਿਣ ਦਾ ਗੁਣ ਦੇਖ ਕੇ ਹੀ ਸ਼ਕਟ ਨਾਲ ਰਿਸ਼ਤਾ ਜੋੜਿਆ ਗਿਆ ਹੈ। ਇਸ ਧਾਤੂ ਵਿਚ ਸਮਰਥਾ, ਬਲ, ਊਰਜਾ, ਪ੍ਰਭਾਵ ਆਦਿ ਸਭ ਗੁਣ ਆ ਗਏ। ਉਸ ਨੇ ਦੁਹਰਾਇਆ ਕਿ ਸ਼ੱਕ ਤੋਂ ਸ਼ਕਟ/ਛਕੜਾ ਬਣਨਾ ਵਧੇਰੇ ਸੰਭਵ ਲਗਦਾ ਹੈ। ਵੈਸੇ ਅਜਿਹੇ ਵਾਹਨ ਵੀ ਹਨ ਜਿਨ੍ਹਾਂ ਵਿਚ ਪਹੀਆ ਹੁੰਦਾ ਹੀ ਨਹੀਂ ਜਿਵੇਂ ਸਲੈਜ, ਜਲਯਾਨ। ਮਨੁਖ ਖੁਦ ਵੀ ਇਕ ਵਾਹਨ ਹੀ ਹੈ। ਅਸੀਂ ਕਿਹਾ ਕਿ ਮੋਨੀਅਰ ਵਿਲੀਅਮਜ਼ ਨੇ ਇਸ ਵਿਉਤਪਤੀ ਨੂੰ ਸ਼ੱਕ ਵਾਲੀ ਦੱਸਿਆ ਹੈ ਤਾਂ ਵਡਨੇਰਕਰ ਨੇ ਜਵਾਬ ਦਿੱਤਾ ਕਿ ਆਪਟੇ ਨੇ ਇਸ ਨੂੰ ਠੋਕ ਵਜਾ ਕੇ ਸ਼ਕਟ ਨਾਲ ਜੋੜਿਆ ਹੈ। ਉਸ ਨੇ ਅੱਗੇ ਕਿਹਾ ਕਿ ਤਮਾਮ ਸਰੋਤ ਫਰੋਲਣ ਪਿਛੋਂ ਵੀ ਉਸ ਨੂੰ ਸ਼ਕਟ ਦਾ ਚੱਕਰ ਨਾਲ ਜੁੜੇ ਹੋਣ ਦੇ ਠੋਸ ਸਬੂਤ ਨਹੀਂ ਮਿਲੇ।
ਵਾਲ ਦੀ ਖੱਲ ਬਹੁਤ ਦੇਰ ਉਧੜਦੀ ਰਹੀ, ਦੋਨੋਂ ਧਿਰਾਂ ‘ਮੈਂ ਨਾ ਮਾਨੂੰ’ ਵਾਲੀ ਜ਼ਿਦ ‘ਤੇ ਕਾਇਮ ਰਹੀਆਂ। ਕੁਝ ਵੀ ਹੋਵੇ ਰਵਾਇਤ ਦੇ ਆਧਾਰ ਉਤੇ ਅਤੇ ਹੋਰ ਦਲੀਲਾਂ ਦੇ ਆਧਾਰ ‘ਤੇ ਵਡਨੇਰਕਰ ਦੀ ਗੱਲ ਵਧੇਰੇ ਮੰਨਣਯੋਗ ਰਹੀ। ਬਹਿਸ ਜੇ ਚੱਕਰਾਂ ਵਿਚ ਪਾਉਂਦੀ ਹੈ ਤਾਂ ਕਢਦੀ ਵੀ ਹੈ।
Leave a Reply