ਮੈਕਾਲਿਫ਼ ਨੂੰ ਵੀ ਪ੍ਰਕਾਸ਼ਨ ਦੀ ਸਮੱਸਿਆ!

ਅੰਗਰੇਜ਼ ਵਿਦਵਾਨ ਮੈਕਸ ਆਰਥਰ ਮੈਕਾਲਿਫ (10 ਸਤੰਬਰ 1841-15 ਮਾਰਚ 1913) ਨੇ ਗੁਰਬਾਣੀ ਦਾ ਅੰਗਰੇਜ਼ੀ Ḕਚ ਤਰਜਮਾ ਕਰਨ ਤੋਂ ਇਲਾਵਾ ਅੰਗਰੇਜ਼ੀ ਵਿਚ Ḕਸਿੱਖ ਧਰਮ: ਇਸ ਦੇ ਗੁਰੂ, ਪਵਿੱਤਰ ਲਿਖਤਾਂ ਅਤੇ ਲੇਖਕḔ ਨਾਂ ਦੀ ਪੁਸਤਕ ਵੀ ਲਿਖੀ। ਗੁਰੂ ਗ੍ਰੰਥ ਸਾਹਿਬ ਦੇ ਤਰਜਮੇ ਕਰ ਕੇ ਸਿੱਖ ਪੰਥ ਵਿਚ ਉਹਦਾ ਬਹੁਤ ਇੱਜ਼ਤ-ਮਾਣ ਹੈ। ਮੈਕਾਲਿਫ 1862 ਵਿਚ ਆਈæਸੀæਐਸ਼ ਅਫਸਰ ਬਣਿਆ ਅਤੇ ਫਰਵਰੀ 1864 ਵਿਚ ਪੰਜਾਬ ਆਇਆ। ਉਹ 1893 ਵਿਚ ਆਈæਸੀæਐਸ਼ ਅਫਸਰ ਵਜੋਂ ਰਿਟਾਇਰ ਹੋਇਆ। ਉਹ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਦਰਸ਼ਨ ਕਰ ਕੇ ਇੰਨਾ ਨਿਹਾਲ ਹੋਇਆ ਕਿ ਬਾਅਦ ਵਿਚ ਉਸ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ। ਇਸ ਬਦਲੇ ਬਰਤਾਨਵੀ ਹਕੂਮਤ ਨੇ ਉਸ ਦੀ ਖਿਚਾਈ ਵੀ ਕੀਤੀ। ਉਸ ਦੇ ਨਿਜੀ ਸਹਾਇਕ ਨੇ ਆਪਣੀਆਂ ਯਾਦਾਂ ਵਿਚ ਲਿਖਿਆ ਹੈ ਕਿ ਮੈਕਾਲਿਫ ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿਚ ਹਰ ਸਵੇਰ ਅਰਦਾਸ ਕਰਿਆ ਕਰਦਾ। ਮਰਨ ਤੋਂ ਦਸ ਮਿੰਟ ਪਹਿਲਾਂ ਉਸ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ। ਮਰਨ ਉਪਰੰਤ ਉਸ ਦਾ ਈਸਾਈਆਂ ਨੇ ਤਾਂ ਨਿਰਾਦਰ ਕੀਤਾ ਹੀ, ਸਿੱਖਾਂ ਨੇ ਵੀ ਘੱਟ ਨਾ ਕੀਤੀ। ਮੈਕਾਲਿਫ ਦੀ ਸੌਵੀਂ ਬਰਸੀ ਮੌਕੇ ਅਸੀਂ ਗੁਰਬਚਨ ਸਿੰਘ ਭੁੱਲਰ ਵੱਲੋਂ ਲਿਖੀ ਲੇਖ ਲੜੀ ਛਾਪ ਰਹੇ ਹਾਂ ਜਿਸ ਵਿਚ ਮੈਕਾਲਿਫ ਦੇ ਜੀਵਨ ਅਤੇ ਉਸ ਦੀ ਸਿੱਖ ਧਰਮ ਨੂੰ ਦੇਣ ਬਾਰੇ ਚਾਨਣਾ ਪਾਇਆ ਗਿਆ ਹੈ। -ਸੰਪਾਦਕ

ਗੁਰਬਚਨ ਸਿੰਘ ਭੁੱਲਰ
ਫੋਨ: 91-11-65736868
ਸਾਡੇ ਅਜੋਕੇ ਲੇਖਕ ਇਹ ਨਾ ਸੋਚਣ ਕਿ ਪ੍ਰਕਾਸ਼ਨ ਦੀਆਂ ਸਮੱਸਿਆਵਾਂ ਇਨ੍ਹਾਂ ਨੂੰ ਹੀ ਆਉਂਦੀਆਂ ਹਨ। ਸਾਥੋਂ ਪਹਿਲੇ  ਕਿੱਸਾਕਾਰਾਂ ਤੋਂ, ਉਨ੍ਹਾਂ ਦੇ ਕਿੱਸੇ ਵੱਡੀ ਗਿਣਤੀ ਵਿਚ ਵਿਕਦੇ ਹੋਣ ਦੇ ਬਾਵਜੂਦ, ਪੈਸੇ-ਪੈਸੇ ਦੀ ਕਦਰ-ਕੀਮਤ ਵਾਲੇ ਉਸ ਜ਼ਮਾਨੇ ਵਿਚ ਪ੍ਰਕਾਸ਼ਕ ਆਮ ਕਰਕੇ ਵੀਹ-ਤੀਹ ਜਾਂ ਆਕਾਰ ਅਨੁਸਾਰ ਵੱਧ ਰੁਪਏ ਲੈ ਲੈਂਦੇ ਸਨ ਤੇ ‘ਜੇ ਫ਼ੋਟੂ ਛਪਵਾਉਣੀ ਹੈ ਤਾਂ ਪੰਜ ਹੋਰ!’ ਪਰ ਮੈਕਾਲਿਫ਼ ਦੇ ਗੁਰਬਾਣੀ ਦੇ ਅਨੁਵਾਦ ਜਿਹੇ ਧਾਰਮਿਕ, ਸਾਹਿਤਕ ਤੇ ਸਭਿਆਚਾਰਕ ਮੀਲ-ਪੱਥਰ ਦੇ ਪ੍ਰਕਾਸ਼ਨ ਦੇ ਰਾਹ ਵਿਚ ਵੀ ਮੁਸ਼ਕਲਾਂ ਆਉਣ, ਗੱਲ ਬੜੀ ਅਜੀਬ ਲਗਦੀ ਹੈ!
ਮੈਕਾਲਿਫ਼ ਨੇ ਅਨੁਵਾਦ ਦਾ ਕਾਰਜ ਔਖੇ-ਸੌਖੇ ਆਖਰ ਸੰਪੂਰਨ ਕਰ ਲਿਆ। ਬਾਣੀ ਵੱਲ ਪ੍ਰੇਰਿਤ ਹੋਣ ਦੇ ਅਤੇ ਮੁੱਢਲੀ ਜਾਣ-ਪਛਾਣ ਤੇ ਖੋਜ-ਘੋਖ ਦੇ ਵਰ੍ਹਿਆਂ ਤੋਂ ਇਲਾਵਾ 1893 ਤੋਂ ਲੈ ਕੇ 1907 ਤੱਕ ਉਹਦੇ ਪੂਰੇ ਪੰਦਰਾਂ ਵਰ੍ਹੇ ਇਸ ਕਾਰਜ ਦੇ ਲੇਖੇ ਲੱਗ ਗਏ। ਛਪਾਈ ਨਾਲ ਸਬੰਧਿਤ ਵੱਡੇ ਖਰਚੇ ਦੀ ਸਮੱਸਿਆ ਸਾਹਮਣੇ ਖੜ੍ਹੀ ਹੋਣ ਦੇ ਬਾਵਜੂਦ ਇਕ ਵਾਰ ਤਾਂ ਉਹ ਇਉਂ ਮਹਿਸੂਸ ਕਰ ਰਿਹਾ ਸੀ ਜਿਵੇਂ ਸਿਰ ਉਤੋਂ ਫ਼ਰਜ਼ ਅਤੇ ਜ਼ਿੰਮੇਵਾਰੀ ਦਾ ਭਾਰੀ ਬੋਝ ਉਤਰ ਗਿਆ ਹੋਵੇ। ਉਹਦੀ ਖ਼ੁਸ਼ੀ ਅਤੇ ਤਸੱਲੀ ਵਾਜਬ ਸੀ। ਸਿੱਖ ਧਰਮ ਬਾਰੇ ਜਾਣਕਾਰੀ ਅੰਗਰੇਜ਼ੀ-ਭਾਸ਼ੀ ਲੋਕਾਂ ਤੱਕ ਪੁਜਦੀ ਕਰਨ ਦਾ ਉਹਦਾ ਮਨੋਰਥ ਪੂਰਾ ਹੋ ਗਿਆ ਸੀ। ਆਪਣੀ ਆਦਿਕਾ ਦਾ ਅਰੰਭ ਹੀ ਉਹ ਇਨ੍ਹਾਂ ਸ਼ਬਦਾਂ ਨਾਲ ਕਰਦਾ ਹੈ, “ਮੈਂ ਪੂਰਬ ਤੋਂ ਇਕ ਅਸਲੋਂ ਹੀ ਅਨਜਾਣਿਆ ਧਰਮ ਲੈ ਕੇ ਆਇਆ ਹਾਂ। ਸਿੱਖ ਸਾਰੀ ਦੁਨੀਆਂ ਵਿਚ ਬਹਾਦਰ ਫ਼ੌਜੀਆਂ ਵਜੋਂ ਜਾਣੇ-ਪਛਾਣੇ ਜਾਂਦੇ ਹਨ ਪਰ ਉਨ੍ਹਾਂ ਦੇ ਧਰਮ ਬਾਰੇ ਪੇਸ਼ੇਵਰ ਵਿਦਵਾਨਾਂ ਨੂੰ ਵੀ ਕੋਈ ਜਾਣਕਾਰੀ ਨਹੀਂ। ਜਿਨ੍ਹਾਂ ਦੇਸਾਂ ਵਿਚ ਮੈਨੂੰ ਜਾਣ ਦਾ ਮੌਕਾ ਮਿਲਿਆ ਹੈ, ਉਨ੍ਹਾਂ ਦੇ ਅਤੇ ਇਥੋਂ ਤੱਕ ਕਿ ਖ਼ੁਦ ਹਿੰਦੁਸਤਾਨ ਦੇ ਵੀ ਪੜ੍ਹੇ-ਲਿਖੇ ਲੋਕਾਂ ਨੇ ਅਕਸਰ ਹੀ ਪੁੱਛਿਆ ਹੈ ਕਿ ਸਿੱਖ ਧਰਮ ਕੀ ਹੈ?”
ਮੈਕਾਲਿਫ਼ ਦੇ ਇਸ ਦੌਰ ਬਾਰੇ ਬਚਪਨ ਵਿਚ ਬਾਪੂ ਜੀ ਤੋਂ ਸੁਣੀਆਂ ਕਈ ਗੱਲਾਂ ਮੈਨੂੰ ਅੱਜ ਵੀ ਚੇਤੇ ਹਨ। ਉਹ ਦਸਦੇ ਸਨ ਕਿ ਉਹਦੀ ਲਿਖਤ ਪੂਰੀ ਬਾਣੀ ਦਾ ਅਨੁਵਾਦ ਨਾ ਰਹਿ ਕੇ ਮਜਬੂਰੀ ਕਾਰਨ ਬਾਣੀਕਾਰਾਂ ਦੀਆਂ ਜੀਵਨੀਆਂ ਵਿਚ ਜੋੜੀ ਚੋਣਵੀਂ ਬਾਣੀ ਦਾ ਰੂਪ ਧਾਰ ਗਈ। ਇਸ ਮਜਬੂਰੀ ਦਾ ਕਾਰਨ ਉਹ ਸਿੱਖਾਂ ਦੀਆਂ ਇਹ ਚਿਤਾਵਨੀਆਂ ਦਸਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਅੰਗਰੇਜ਼ੀ ਵਿਚ ਉਲਥਾਉਣਾ ਮਨਮਤ ਹੈ ਅਤੇ ਉਹ ਕਿਸੇ ਹਾਲਤ ਵਿਚ ਵੀ ਇਹਨੂੰ ਉਲਥਾ ਹੋ ਕੇ ਇਕ ਸਾਧਾਰਨ ਪੁਸਤਕ ਵਾਂਗ ਅਲਮਾਰੀਆਂ ਵਿਚ ਟਿਕਣ ਨਹੀਂ ਦੇਣਗੇ। ਮਗਰੋਂ ਇਹ ਮੁੱਦਾ ਤਾਂ ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਹੋਇਆ ਵੀ ਪੜ੍ਹਨ ਨੂੰ ਮਿਲ ਗਿਆ, ਪਰ ਬਾਪੂ ਜੀ ਇਕ ਗੱਲ ਅਜਿਹੀ ਦਸਦੇ ਜੋ ਮੈਨੂੰ ਮੈਕਾਲਿਫ਼ ਬਾਰੇ ਪੜ੍ਹਦਿਆਂ ਹੋਰ ਕਿਤੇ ਲਿਖੀ ਹੋਈ ਨਹੀਂ ਦਿਸੀ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਚਿਤਾਵਨੀਆਂ ਕਾਰਨ ਆਪਣੀ ਵਿਉਂਤ ਹੀ ਖ਼ਤਰੇ ਵਿਚ ਪੈਂਦੀ ਦੇਖ ਕੇ ਮੈਕਾਲਿਫ਼ ਨੇ ਭਾਈ ਕਾਨ੍ਹ ਸਿੰਘ ਨੂੰ ਕਿਹਾ ਕਿ ਸਿੱਖਾਂ ਵਿਚ ਆਪਣਾ ਅਸਰ-ਰਸੂਖ਼ ਤੇ ਆਦਰ-ਮਾਣ ਵਰਤ ਕੇ ਉਨ੍ਹਾਂ ਨੂੰ ਸਮਝਾਉਣ। ਭਾਈ ਸਾਹਿਬ ਨੇ ਸਪਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਵਿਚ ਸਾਡੇ ਲੋਕਾਂ ਨੂੰ ਸਮਝਣਾ-ਸਮਝਾਉਣਾ ਅਸੰਭਵ ਹੈ ਕਿਉਂਕਿ ਉਹ ਕਿਸੇ ਦਲੀਲ-ਤਰਕ ਨੂੰ ਆਧਾਰ ਨਹੀਂ ਬਣਾਉਂਦੇ ਹੁੰਦੇ। ਬਾਪੂ ਜੀ ਦਸਦੇ ਸਨ ਕਿ ਇਹ ਰਾਹ ਭਾਈ ਸਾਹਿਬ ਨੇ ਹੀ ਦੱਸਿਆ ਕਿ ਉਹ ਪੂਰਾ ਗ੍ਰੰਥ ਸਾਹਿਬ ਅਨੁਵਾਦਣ ਦੀ ਥਾਂ ਆਪਣੀ ਵਿਆਖਿਆ ਤੇ ਬਾਣੀਕਾਰਾਂ ਦੀਆਂ ਜੀਵਨੀਆਂ ਵਿਚ ਥਾਂ-ਥਾਂ ਪ੍ਰਸੰਗਕ ਬਾਣੀ ਜੋੜ ਦੇਵੇ। ਸਿੱਖ ਧਰਮ ਬਾਰੇ ਅੰਗਰੇਜ਼ੀ ਵਿਚ ਪੁਸਤਕਾਂ ਪਹਿਲਾਂ ਵੀ ਛਪਦੀਆਂ ਰਹੀਆਂ ਹੋਣ ਕਾਰਨ ਇਤਰਾਜ਼ ਨਹੀਂ ਹੋ ਸਕੇਗਾ।
ਤੇਜਾ ਸਿੰਘ ਜੀ ਸਵੈਜੀਵਨੀ ‘ਆਰਸੀ’ ਵਿਚ ਲਿਖਦੇ ਹਨ: “ਪਰ ਉਸ ਸਮੇਂ ਉਸ ਦੀ ਕੀਤੀ ਹੋਈ ਘਾਲਣਾ ਦੀ ਪੂਰੀ ਪੂਰੀ ਕਦਰ ਨਾ ਕੀਤੀ ਗਈ। ਪਹਿਲਾਂ ਤਾਂ ਜਦ ਲੋਕਾਂ ਨੂੰ ਪਤਾ ਲੱਗਾ ਕਿ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਉਲਥਾ ਕਰ ਕੇ ਛਪਵਾਉਣ ਲੱਗਾ ਹੈ, ਤਾਂ ਹਰ ਪਾਸਿਓਂ ਆਵਾਜ਼ਾਂ ਆਈਆਂ ਕਿ ਇਹ ਮਨਮਤ ਹੈ, ਇਸ ਨੂੰ ਰੋਕੋ। ਨਾਲ ਹੀ ਇਹ ਧਮਕੀ ਦਿਤੀ ਗਈ ਕਿ ਜੇਕਰ ਉਹ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਪੁਸਤਕ ਦੀ ਸ਼ਕਲ ਵਿਚ ਉਲਥਾ ਕੇ ਛਾਪੇਗਾ, ਤਾਂ ਸਰਕਾਰ ਪਾਸੋਂ ਮੰਗ ਕੀਤੀ ਜਾਏਗੀ ਕਿ ਉਹ ਪੁਸਤਕ ਜ਼ਬਤ ਕੀਤੀ ਜਾਵੇ। ਇਸ ਤੋਂ ਮੈਕਾਲਿਫ਼ ਆਪਣੀ ਪਹਿਲੀ ਸਕੀਮ ਨੂੰ ਬਦਲਣ ‘ਤੇ ਮਜਬੂਰ ਹੋ ਗਿਆ ਅਤੇ ਸਾਰਾ ਉਲਥਾ ਇੱਕੋ ਥਾਂ ਛਪਵਾਉਣ ਦੀ ਥਾਂ ਵਖ ਵਖ ਗੁਰੂਆਂ ਦੀ ਚੋਣਵੀਂ ਬਾਣੀ ਅਤੇ ਟਾਵੇਂ ਟਾਵੇਂ ਸ਼ਬਦ ਲੈ ਕੇ ਉਨ੍ਹਾਂ ਦੀਆਂ ਜੀਵਨੀਆਂ ਨਾਲ ਟਾਂਕ ਦਿਤੇ। ਇਉਂ ਕਰ ਕੇ ਸਾਰੀ ਰਚਨਾ ਛੇ ਜਿਲਦਾਂ ਵਿਚ ਵੰਡ ਕੇ ਛਾਪੀ ਗਈ।” ਇਸੇ ਕਰਕੇ ਛਪਣ ਸਮੇਂ ਪੁਸਤਕ ਦਾ ਨਾਂ ਵੀ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋਇਆ ਹੋਣ ਦੀ ਥਾਂ ਖੁੱਲ੍ਹਾ ਜਿਹਾ ‘ਦਿ ਸਿੱਖ ਰਲਿਜਨ’ ਰੱਖਿਆ ਗਿਆ।
ਉਹਨੂੰ ਆਈਆਂ ਹੋਰ ਮੁਸ਼ਕਲਾਂ ਦੀ ਗੱਲ ਕਰਦਿਆਂ ਬਾਪੂ ਜੀ ਦਸਦੇ ਕਿ ਇਕ ਤਾਂ ਸਰਕਾਰ ਨੇ ਜਿਸ ਮਾਇਕ ਸਹਾਇਤਾ ਦਾ ਵਾਅਦਾ ਕੀਤਾ ਸੀ, ਅੰਤ ਨੂੰ ਉਹ ਵੀ ਮਿਲ ਨਾ ਸਕੀ। ਉਹ ਭਾਵੇਂ ਕੋਈ ਬਹੁਤ ਵੱਡੀ ਰਕਮ ਨਹੀਂ ਸੀ ਪਰ ਸਰਕਾਰ ਦੇ ਇਉਂ ਮੁਕਰਨ ਨੇ ਉਹਦੀ ਪਰੇਸ਼ਾਨੀ ਜ਼ਰੂਰ ਵਧਾ ਦਿੱਤੀ। ਦੂਜੇ, ਸਿੱਖਾਂ ਦੀ ਧੜੇਬੰਦੀ ਵਿਚ ਹੇਠਲੀ ਉਤੇ ਹੋ ਜਾਣ ਕਾਰਨ ਭਾਰੂ ਧੜਾ ਉਹਦੀ ਘਾਲਣਾ ਦੀ ਪ੍ਰਸੰਸਾ, ਹਮਾਇਤ ਤੇ ਸਹਾਇਤਾ ਕਰਨ ਦੀ ਥਾਂ ਵਿਰੋਧ ਤੇ ਨਿੰਦਿਆ ਕਰਨ ਉਤੇ ਉਤਾਰੂ ਹੋ ਗਿਆ। ਸਿੱਖਾਂ ਦੇ ਇਸ ਰਵੱਈਏ ਨੇ ਉਹਨੂੰ ਸਰਕਾਰ ਦੇ ਰਵੱਈਏ ਤੋਂ ਵੀ ਵੱਧ ਨਿਰਾਸ ਕੀਤਾ। ਤੀਜੇ, ਇੰਗਲੈਂਡ ਵਿਚ ਉਸ ਵਿਚਾਰੇ ਦਾ ਮੁਰਦਾ ਸਰੀਰ ਵੀ ਖ਼ਰਾਬ ਹੋਇਆ ਕਿਉਂਕਿ ਉਹਦਾ ਅੰਤਿਮ ਸੰਸਕਾਰ ਕਰਨ ਨੂੰ ਨਾ ਈਸਾਈ ਤਿਆਰ ਸਨ ਤੇ ਨਾ ਸਿੱਖ!
ਪਤਾ ਨਹੀਂ, ਇਨ੍ਹਾਂ ਕਿਤੋਂ ਪੜ੍ਹੀਆਂ-ਸੁਣੀਆਂ ਗੱਲਾਂ ਦੇ ਪੂਰੇ ਵਿਸਤਾਰ ਦੀ ਬਾਪੂ ਜੀ ਨੂੰ ਜਾਣਕਾਰੀ ਸੀ ਕਿ ਨਹੀਂ, ਪਰ ਇਨ੍ਹਾਂ ਦੀ ਪੂਰੀ ਸਮਝ ਨਾ ਆਉਣ ਦੇ ਬਾਵਜੂਦ ਮੈਂ ਵਿਚਾਰੇ ਮੈਕਾਲਿਫ਼ ਲਈ ਉਹ ਤਰਸ ਜ਼ਰੂਰ ਮਹਿਸੂਸ ਕਰ ਸਕਦਾ ਸੀ ਜੋ ਬਾਪੂ ਜੀ ਦੀਆਂ ਗੱਲਾਂ ਵਿਚੋਂ ਉਸ ਲਈ ਡੁੱਲ੍ਹ ਡੁੱਲ੍ਹ ਪੈਂਦਾ ਸੀ। ਹੁਣ ਅੱਜ ਜਦੋਂ ਇਨ੍ਹਾਂ ਗੱਲਾਂ ਦੇ ਭਾਵ-ਅਰਥਾਂ ਦੇ ਸਭ ਪੱਖ ਚੰਗੀ ਤਰ੍ਹਾਂ ਸਮਝ ਵਿਚ ਆਉਂਦੇ ਹਨ ਤਾਂ ਤਰਸ ਮੈਕਾਲਿਫ਼ ਉਤੇ ਨਹੀਂ, ਪੰਜਾਬੀਆਂ ਦੀ ਅਕਲ ਉਤੇ ਆਉਂਦਾ ਹੈ! ਇਸ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਸੂਝ-ਸਿਆਣਪ, ਵਿਦਵਤਾ, ਸੁਹਿਰਦਤਾ ਅਤੇ ਮਨਸ਼ਾ ਨੂੰ ਲਾਂਭੇ ਕਰ ਕੇ ਆਪਣੇ ਨਾਲ ਮੇਲ ਨਾ ਖਾਣ ਵਾਲੇ ਵਿਚਾਰਾਂ, ਭਾਵੇਂ ਉਹ ਵਿਚਾਰ ਸਹੀ ਹੀ ਹੋਣ, ਵਾਲੇ ਵਿਅਕਤੀਆਂ ਦਾ ਨਿਰਾਦਰ ਕਰਨਾ, ਸਗੋਂ ਉਨ੍ਹਾਂ ਨੂੰ ਖੱਜਲ-ਖ਼ੁਆਰ ਕਰਨਾ ਸਾਡੀ ਪੁਰਾਣੀ ਆਦਤ ਅਤੇ ‘ਪਰੰਪਰਾ’ ਹੈ।
ਮੈਕਾਲਿਫ਼ ਜਿਉਂ ਹੀ ਪੰਜਾਬ ਵਿਚ ਪਹੁੰਚਿਆ, ਉਹਨੂੰ ਬਾਣੀ ਦੀ ਅਲੌਕਿਕਤਾ ਨੇ ਮੋਹ ਲਿਆ ਅਤੇ ਉਹ ਆਪਣੇ ਲਈ ਬਿਲਕੁਲ ਓਪਰੇ ਤੇ ਅਨਜਾਣੇ ਇਸ ਖੇਤਰ ਨੂੰ ਘੋਖਣ-ਜਾਨਣ ਲਈ ਉਤਾਵਲਾ ਹੋ ਉਠਿਆ। 1882 ਵਿਚ ਉਹ ਡਿਪਟੀ ਕਮਿਸ਼ਨਰ ਅਤੇ 1884 ਵਿਚ ਡਿਵੀਜ਼ਨਲ ਜੱਜ ਬਣ ਗਿਆ। ਪਰ ਜਦੋਂ ਉਹਨੇ ਬਾਣੀ ਦਾ ਅੰਗਰੇਜ਼ੀ ਅਨੁਵਾਦ ਕਰਨ ਨੂੰ ਆਪਣਾ ਟੀਚਾ ਮਿਥਿਆ, ਇਕ ਗੱਲ ਬਿਲਕੁਲ ਸਪਸ਼ਟ ਹੋ ਗਈ। ਉਹ ਨੌਕਰੀ ਕਰਦਿਆਂ ਇਹ ਵੱਡਾ ਕਾਰਜ ਕਿਵੇਂ ਵੀ ਪੂਰਾ ਨਹੀਂ ਸੀ ਕਰ ਸਕਦਾ। ਮੁਸ਼ਕਿਲ ਇਹ ਸੀ ਕਿ ਗੁਜ਼ਾਰੇ ਦਾ ਉਹਦਾ ਹੋਰ ਕੋਈ ਸਾਧਨ ਤਾਂ ਕੀ ਹੋਣਾ ਸੀ, ਉਹਦੀ ਪਹਿਲੀ ਕਮਾਈ ਵੀ ਡੁੱਬ ਚੁੱਕੀ ਸੀ। ਉਹਨੇ ਜਿਨ੍ਹਾਂ ਕੰਪਨੀਆਂ ਵਿਚ ਇਕ ਲੱਖ ਰੁਪਿਆ ਲਾਇਆ ਸੀ, ਉਹ ਦੀਵਾਲਾ ਹੋ ਗਈਆਂ ਸਨ। ਤਾਂ ਵੀ ਆਪਣਾ ਪੂਰਾ ਸਮਾਂ ਮਿਥੇ ਹੋਏ ਕਾਰਜ ਦੇ ਲੇਖੇ ਲਾਉਣ ਲਈ ਉਹਨੇ ਦਿਲ ਕਰੜਾ ਕਰ ਕੇ ਤੇ ਅੱਖਾਂ ਮੀਚ ਕੇ ਹਨੇਰੇ ਵਿਚ ਛਾਲ ਮਾਰ ਦਿੱਤੀ ਅਤੇ 1893 ਵਿਚ ਆਈæਸੀæਐਸ਼ ਤੋਂ ਸੇਵਾ-ਮੁਕਤੀ ਲੈ ਲਈ।
ਸਬੰਧਿਤ ਸਰਕਾਰੀ ਮਹਿਕਮੇ ਨੇ ਛਪਣ ਮਗਰੋਂ ਪੁਸਤਕ ਖਰੀਦਣ ਦੀ ਪੇਸ਼ਗੀ ਵਜੋਂ ਮੈਕਾਲਿਫ਼ ਨੂੰ ਇਕ ਹਜ਼ਾਰ ਪੌਂਡ ਦੇ ਬਰਾਬਰ ਪੰਦਰਾਂ ਹਜ਼ਾਰ ਰੁਪਏ ਦੇਣ ਦੀ ਸਿਫ਼ਾਰਸ਼ ਕਰ ਦਿੱਤੀ। ਇਸ ਫ਼ਾਈਲ ਉਤੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਨੇ ਸਰਕਾਰ ਲਈ ਜ਼ਰੂਰੀ ਧਾਰਮਿਕ ਨਿਰਪੱਖਤਾ ਦੇ ਬਹਾਨੇ ਵਿਰੋਧੀ ਟਿੱਪਣੀ ਲਿਖ ਭੇਜੀ। ਮੈਕਾਲਿਫ਼ ਨੂੰ ਜਦੋਂ ਇਹ ਜਾਣਕਾਰੀ ਮਿਲੀ, ਉਹਦੇ ਗੁੱਸੇ ਦਾ ਅੰਦਾਜ਼ਾ ਉਹਦੇ ਇਸ ਕਥਨ ਤੋਂ ਲਾਇਆ ਜਾ ਸਕਦਾ ਹੈ: “ਪੂਰੇ ਹਿੰਦੁਸਤਾਨ ਵਿਚ ਹੋਰ ਕੋਈ ਅੰਗਰੇਜ਼ ਅਧਿਕਾਰੀ ਅਜਿਹਾ ਨਹੀਂ ਹੋਵੇਗਾ ਜੋ ਇਹਦੀ ਤੁੱਛ ਬੁੱਧੀ ਅਤੇ ਉਲਾਰ ਨੂੰ ਮਾਤ ਪਾ ਸਕੇ!” ਅੰਤ ਨੂੰ ਸੈਕਰੈਟਰੀ ਆਫ਼ ਸਟੇਟ ਨੇ ਪੇਸ਼ਗੀ ਦੀ ਰਕਮ ਘਟਾ ਕੇ ਪੰਜ ਹਜ਼ਾਰ ਰੁਪਏ ਹੀ ਮਨਜ਼ੂਰ ਕੀਤੀ। ਮੈਕਾਲਿਫ਼ ਨੇ ਇਸ ਨਿਰਾਦਰ ਕਾਰਨ ਸਰਕਾਰ ਤੋਂ ਕੁਛ ਵੀ ਲੈਣ ਤੋਂ ਇਨਕਾਰ ਕਰ ਦਿੱਤਾ।
ਉਹਨੂੰ ਵੱਡਾ ਧਰਵਾਸ ਤੇ ਸਹਾਰਾ ਖਾਲਸਾ ਦੀਵਾਨ ਲਾਹੌਰ ਤੇ ਰਾਜਾ ਫ਼ਰੀਦਕੋਟ ਬਿਕਰਮ ਸਿੰਘ ਦੇ ਮਾਇਕ ਸਹਾਇਤਾ ਦੇ ਇਕਰਾਰਾਂ ਦਾ ਅਤੇ ਹੋਰ ਸਿੱਖ ਰਾਜਿਆਂ ਤੋਂ ਮਿਲ ਸਕਣ ਵਾਲੀ ਮਾਇਕ ਸਹਾਇਤਾ ਦਾ ਸੀ। ਬਿਕਰਮ ਸਿੰਘ ਇਸ ਕਾਰਜ ਦਾ ਮਹੱਤਵ ਤੇ ਮੁੱਲ ਚੰਗੀ ਤਰ੍ਹਾਂ ਸਮਝਦਾ ਸੀ। ਉਹਨੇ 1877 ਵਿਚ ਗੁਰੂ ਗ੍ਰੰਥ ਸਾਹਿਬ ਦਾ ਸਰਲ ਪੰਜਾਬੀ ਵਿਚ ਟੀਕਾ ਕਰਵਾਉਣ ਲਈ ਵੀ ਸਿੱਖ ਵਿਦਵਾਨਾਂ ਦੀ ਮੰਡਲੀ ਬਣਾਈ ਸੀ। ਪਰ ਸਮੇਂ ਨਾਲ ਮੈਕਾਲਿਫ਼ ਦੇ ਇਹ ਦੋਵੇਂ ਰਾਹ ਬੰਦ ਹੋ ਗਏ। ਉਹਦੇ ਨਾਲ ਇਕਰਾਰ ਕਰਨ ਵਾਲੇ ਖਾਲਸਾ ਦੀਵਾਨ ਦੇ ਕਈ ਆਗੂ ਸੱਤਾ ਵਿਚ ਨਾ ਰਹੇ ਤੇ ਕਈ ਪਰਲੋਕ ਸਿਧਾਰ ਗਏ। ਕਈ ਹੋਰਾਂ ਦਾ ਰਵਈਆ ਮੈਕਾਲਿਫ਼ ਨੂੰ ਸਰਕਾਰੀ ਸਰਪ੍ਰਸਤੀ ਤੋਂ ਹੋਏ ਇਨਕਾਰ ਦੇ ਨਾਲ ਹੀ ਬਦਲ ਗਿਆ। ਉਹ ਸਰਕਾਰ ਤੋਂ ਦੂਜੇ ਪਾਸੇ ਖੜ੍ਹੇ ਦਿਖਾਈ ਨਹੀਂ ਸਨ ਦੇਣਾ ਚਾਹੁੰਦੇ ਅਤੇ ਮੈਕਾਲਿਫ਼ ਤੇ ਉਹਦੇ ਕਾਰਜ ਵੱਲ ਉਹ ਇਕਦਮ ਠੰਢੇ ਪੈ ਗਏ। ਰਾਜਾ ਬਿਕਰਮ ਸਿੰਘ ਦਾ ਵੀ 1898 ਵਿਚ ਦੇਹਾਂਤ ਹੋ ਗਿਆ। ਨਾਭਾ, ਪਟਿਆਲਾ ਤੇ ਜੀਂਦ ਦੇ ਰਾਜਿਆਂ ਅਤੇ ਕੁਛ ਹੋਰ ਸਿੱਖ ਧਨਾਢਾਂ ਤੋਂ ਮਾਇਕ ਮਦਦ ਮਿਲਦੀ ਤਾਂ ਰਹੀ ਪਰ ਇਹ ਕਾæਫੀ ਨਹੀਂ ਸੀ। ਉਹਦਾ ਸੰਕੋਚਵਾਂ ਖਰਚ ਵੀ ਅਜਿਹੀ ਸਮੁੱਚੀ ਸਹਾਇਤਾ ਨਾਲੋਂ ਕਿਤੇ ਵੱਧ ਸੀ। ਉਹਦੇ ਆਪਣੇ ਸਾਧਾਰਨ ਗੁਜ਼ਾਰੇ ਅਤੇ ਇਸ ਕਾਰਜ ਨਾਲ ਸਬੰਧਿਤ ਤੋਰੇ-ਫੇਰੇ ਦੇ ਖਰਚੇ ਤੋਂ ਇਲਾਵਾ ਉਹਨੂੰ ਗੁਰਬਾਣੀ ਦੇ ਵਿਆਖਿਆਕਾਰ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਦੇਣੀ ਪੈਂਦੀ ਸੀ। ਨਤੀਜਾ ਇਹ ਹੋਇਆ ਕਿ 1899 ਤੱਕ ਉਹਦੇ ਸਿਰ 35,000 ਰੁਪਏ ਕਰਜ਼ਾ ਹੋ ਚੁੱਕਿਆ ਸੀ। ਬਾਣੀ ਦੇ ਅਨੁਵਾਦ ਦੀ ਛਪਾਈ ਦਾ ਵੱਡਾ ਖਰਚਾ ਅਜੇ ਸਾਹਮਣੇ ਖਲੋਤਾ ਸੀ!
ਆਖ਼ਰ ਮੈਕਾਲਿਫ਼ ਨੇ ਖਰੜਾ ਸਾਂਭਿਆ ਅਤੇ ਇੰਗਲੈਂਡ ਜਾ ਕੇ ਆਪਣੇ ਹੀ ਸਾਧਨਾਂ ਨਾਲ ਛਪਾਈ ਨੇਪਰੇ ਚਾੜ੍ਹਨ ਦਾ ਫ਼ੈਸਲਾ ਕਰ ਲਿਆ। ਉਸ ਲਈ ਇਹ ਵੱਡੇ ਧਰਵਾਸ ਵਾਲੀ ਗੱਲ ਸੀ ਕਿ ਰਾਜਾ ਹੀਰਾ ਸਿੰਘ ਨਾਭਾ ਨੇ ਭਾਈ ਕਾਨ੍ਹ ਸਿੰਘ ਦੀਆਂ ਸੇਵਾਵਾਂ ਦੀ ਉਹਦੀ ਮੰਗ ਪਹਿਲਾਂ ਵਾਂਗ ਹੀ ਇਸ ਵਾਰ ਵੀ ਖ਼ੁਸ਼ੀ ਖ਼ੁਸ਼ੀ ਪਰਵਾਨ ਕਰ ਲਈ। ਸਿੱਖ ਧਰਮ ਤੇ ਬਾਣੀ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਦੇ ਇਸ ਗੁਣੀ ਦਾ ਪਰੂਫ਼ ਪੜ੍ਹਨ ਖ਼ਾਤਰ ਵਲਾਇਤ ਚੱਲਣ ਲਈ ਸਹਿਮਤ ਹੋਣਾ ਮੈਕਾਲਿਫ਼ ਵਾਸਤੇ ਬਹੁਤ ਵੱਡਾ ਸਹਾਰਾ ਸੀ। ਦੋਵਾਂ ਦੀ ਅਣਥੱਕ ਮਿਹਨਤ ਸਦਕਾ ਆਕਸਫ਼ੋਰਡ ਪ੍ਰੈੱਸ ਤੋਂ ਛਪਾਈ ਦਾ ਕਾਰਜ 1909 ਵਿਚ ਸੰਪੂਰਨ ਹੋ ਗਿਆ। ਮੈਕਾਲਿਫ਼ ਨੂੰ 1885 ਵਿਚ ਉਨ੍ਹਾਂ ਨਾਲ ਸਬੰਧ ਜੁੜਨ ਤੋਂ ਲੈ ਕੇ ਭਾਈ ਕਾਨ੍ਹ ਸਿੰਘ ਦਾ ਨਿਰਸੁਆਰਥ ਅਤੇ ਉਦਾਰ-ਚਿੱਤ ਸਾਥ ਅਤੇ ਸਹਿਯੋਗ ਲਗਾਤਾਰ ਮਿਲਦਾ ਰਿਹਾ ਸੀ। ਇਸ ਮਦਦ ਲਈ ਆਪਣੀ ਸ਼ੁਕਰਗੁਜ਼ਾਰੀ ਦੇ ਪ੍ਰਗਟਾਵੇ ਵਜੋਂ ਉਹਨੇ ਕਾਪੀਰਾਈਟ ਕਾਨੂੰਨ ਅਧੀਨ ਇਸ ਰਚਨਾ ਦੇ ਸਾਰੇ ਹੱਕ ਉਨ੍ਹਾਂ ਦੇ ਨਾਂ ਲਿਖ ਦਿੱਤੇ। ਹੁਣ ਉਹਦੀ ਇਕੋ-ਇਕ ਇੱਛਾ ਹਿੰਦੁਸਤਾਨ ਪਰਤ ਕੇ ਸਿੱਖ ਪੰਥ ਦੀ ਪ੍ਰਵਾਨਗੀ ਅਤੇ ਪ੍ਰਸੰæਸਾ ਦੇ ਸਹਾਰੇ ਆਪਣੀ ਲੰਮੀ ਤੇ ਕਰੜੀ ਮਿਹਨਤ ਦੀ ਇਸ ਕਮਾਈ ਨੂੰ ਪਾਠਕਾਂ ਦੇ ਹੱਥਾਂ ਤੱਕ ਪੁਜਦੀ ਕਰਨਾ ਸੀ। ਲਗਦਾ ਹੈ, ਸਿੱਖਾਂ ਨਾਲ ਏਨੇ ਲੰਮੇ ਵਾਹ-ਵਾਸਤੇ ਵਿਚ ਏਨੇ ਵਿੰਗ-ਵਲੇਵੇਂ ਦੇਖਣ-ਝੱਲਣ ਤੋਂ ਮਗਰੋਂ ਵੀ ਵਿਚਾਰਾ ਮੈਕਾਲਿਫ਼ ਅਜੇ ਇਹ ਨਹੀਂ ਸੀ ਸਮਝਿਆ ਕਿ ਸਿੱਖਾਂ ਦਾ ਕੋਈ ਪਤਾ ਨਹੀਂ, ਮੌਕੇ ਉਤੇ ਕਿਧਰ ਨੂੰ ਜੈਕਾਰਾ ਛੱਡ ਦੇਣ!

Be the first to comment

Leave a Reply

Your email address will not be published.