ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਹਾਦਤ ਦਾ ਸੰਕਲਪ ਅਤੇ ਗ਼ਦਰ ਲਹਿਰ

ਡਾæ ਗੁਰਨਾਮ ਕੌਰ
ਸਿੱਖ ਧਰਮ ਚਿੰਤਨ ਵਿਚ ਸ਼ਹਾਦਤ ਦੇ ਸੰਕਲਪ ਨੂੰ ਸਮਝਣ ਵਾਸਤੇ ਸਿੱਖ ਧਰਮ ਦੇ ਇਲਹਾਮ ਨੂੰ ਘੋਖਣਾ ਪਵੇਗਾ। ਇਲਹਾਮ ਤੋਂ ਭਾਵ ਹੈ ਉਚਤਮ ਸਤਿ ਦਾ ਪ੍ਰਕਾਸ਼ਨ। ਇਲਹਾਮ ਵਿਚ ਪਰਮਾਤਮਾ ਪਰਮ-ਗਿਆਨ ਦਾ, ਆਪਣੇ ਆਪ ਦਾ ਅਨੁਭਵ ਕਰਾਉਂਦਾ ਹੈ ਪਰ ਇਸ ਗਿਆਨ ਦੇ ਪ੍ਰਕਾਸ਼ਨ ਦੇ ਅਹਿਦ ਵੱਜੋਂ ਉਹ ਮਨੁੱਖ ਪਾਸੋਂ ਇਸ ਪ੍ਰਤੀ ਹੁੰਗਾਰਾ ਮੰਗਦਾ ਹੈ, ਪੂਰਨ ਪ੍ਰਤੀਬਧਤਾ ਮੰਗਦਾ ਹੈ, ਜਿਸ ਵਿਚ ਮਨੁੱਖ ਦਾ ਸਾਰਾ ਆਪਾ ਸ਼ਾਮਲ ਹੁੰਦਾ ਹੈ। ਗੁਰੂ ਨਾਨਕ ਦੇਵ ਨੇ ਬਾਣੀ ਵਿਚ ਇਸ ਬਾਰੇ ਬੜਾ ਸਪਸ਼ੱਟ ਇਸ਼ਾਰਾ ਕੀਤਾ ਹੈ ਕਿ ਪਰਮਾਤਮਾ ਪ੍ਰਤੀ ਇਹ ਪ੍ਰਤੀਬੱਧਤਾ ਪ੍ਰੇਮ ਦੀ ਖੇਡ ਹੈ। ਜੇ ਮਨੁੱਖ ਇਸ ਖੇਡ ਨੂੰ ਖੇਡਣਾ ਚਾਹੁੰਦਾ ਹੈ, ਪ੍ਰੇਮ ਦੀ ਇਸ ਗਲੀ ਵਿਚ ਕਦਮ ਰੱਖਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣਾ ਸਿਰ ਤਲੀ ਤੇ ਰੱਖ ਕੇ ਆਉਣਾ ਪੈਣਾ ਹੈ ਅਰਥਾਤ ਆਪੇ ਦਾ ਪੂਰਨ ਸਮਰਪਣ ਕਰਨ ਪੈਣਾ ਹੈ। ਬਿਨਾਂ ਕਿਸੇ ਹਿਚਕਚਾਹਟ ਦੇ ਆਪਣਾ ਸਿਰ ਦੇਣਾ ਪਵੇਗਾ,
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਇਸ ਦਾ ਅਰਥ ਇਹ ਹੈ ਕਿ ਅਕਾਲ ਪੁਰਖ ਦੇ ਪ੍ਰੇਮ ਵਿਚ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਵਿਚ ਪੂਰਨ ਸਮਰਪਣ ਕਰਨਾ ਪੈਂਦਾ ਹੈ। ‘ਸਿਰ’ ਹਉਮੈ ਦਾ ਪ੍ਰਤੀਕ ਹੈ, ਰੱਬੀ-ਪ੍ਰੇਮ ਦੇ ਰਸਤੇ ਤੇ ਤੁਰਦਿਆਂ ਆਪਣੀ ਹਉਮੈ ਦਾ ਪੂਰਨ ਤਿਆਗ ਕਰਨਾ ਹੁੰਦਾ ਹੈ। ‘ਹਉਮੈ’ ‘ਹੁਕਮ’ ਦੇ ਬਿਪਰੀਤ ਹੈ। ਹਉਮੈ ਤੰਗ ਨਜ਼ਰੀਆ ਹੈ, ਸੌੜੀ ਦ੍ਰਿਸ਼ਟੀ ਹੈ। ਪਰਮਾਤਮ-ਹੁਕਮ ਵਿਸ਼ਾਲ ਨਜ਼ਰੀਆ ਹੈ, ਉਚੀ ਚੇਤਨਤਾ ਹੈ। ਪ੍ਰੇਮ ਉਸ ਅਕਾਲ ਪੁਰਖ ਤੱਕ ਪਹੁੰਚਣ ਦਾ, ਉਸ ਨੂੰ ਪਾਉਣ ਦਾ ਜ਼ਰੀਆ ਹੈ। ‘ਅਕਾਲ ਉਸਤਤਿ’ ਵਿਚ ਵੀ ਦੱਸਿਆ ਹੈ ਕਿ ਬਗਲੇ ਵਾਂਗ ਅੱਖਾਂ ਮੁੰਦ ਕੇ ਸਮਾਧੀ ਸਥਿੱਤ ਹੋਣ ਨਾਲ, ਤੀਰਥਾਂ ਤੇ ਨਹਾਉਣ ਨਾਲ, ਭਾਵੇਂ ਸੱਤ ਸਮੁੰਦਰਾਂ ਤੇ ਇਸ਼ਨਾਨ ਕਰ ਲਿਆ ਜਾਵੇ, ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ, ਇਸ ਕਿਸਮ ਦੀਆਂ ਸਭ ਕਿਰਿਆਵਾਂ ਬੇਅਰਥ ਹਨ। ਸੱਚੀ ਤੇ ਸਹੀ ਗੱਲ ਇਹ ਹੈ ਕਿ ਜੋ ਉਸ ਨੂੰ ਪ੍ਰੇਮ ਕਰਦਾ ਹੈ, ਉਹ ਹੀ ਉਸ ਨੂੰ ਪਾ ਸਕਦਾ ਹੈ। ਉਸ ਨੂੰ ਪ੍ਰੇਮ ਕਰਨ ਦਾ ਅਰਥ ਉਸ ਦੀ ਰਚਨਾ ਨੂੰ ਪ੍ਰੇਮ ਕਰਨਾ ਹੈ, ਮਨੁੱਖ ਉਸ ਦੀ ਰਚਨਾ ਹੈ, ਇਸ ਲਈ ਇਸ ਦਾ ਅਰਥ ਮਨੁੱਖਤਾ ਨੂੰ ਵੀ ਪ੍ਰੇਮ ਕਰਨਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿਸ ਕਿਸਮ ਦੇ ਇਸ਼ਟ ਨੂੰ ਮਨੁੱਖ ਧਿਆਉਂਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ, ‘ਜੈਸਾ ਸੇਵੈ ਤੈਸੋ ਹੋਏ’। ‘ਨਿਰਭਉ’ ਅਤੇ ‘ਨਿਰਵੈਰ’ ਮੂਲ ਮੰਤਰ ਵਿਚ ਵਿਅਕਤ ਪਰਮਾਤਮ-ਗੁਣ ਹਨ। ਪਰਮਾਤਮਾ ਦੇ ਇਨ੍ਹਾਂ ਗੁਣਾਂ- ਨਿਰਭਉ ਅਤੇ ਨਿਰਵੈਰ ਦੀ ਪ੍ਰਾਪਤੀ ਅਕਾਲ ਪੁਰਖ ਦੇ ਪ੍ਰੇਮ ਰਾਹੀਂ ਹੀ ਸੰਭਵ ਹੈ। ਹਰ ਕਿਸਮ ਦੇ ਭੈ ਵਿਚੋਂ ਮੌਤ ਦਾ ਭੈ ਸਭ ਤੋਂ ਵੱਧ ਭਿਆਨਕ ਮੰਨਿਆ ਜਾਦਾ ਹੈ। ਸਿੱਖ ਧਰਮ ਚਿੰਤਨ ਵਿਚ ਮਨੁੱਖ ਕੋਲੋਂ ਮੌਤ ਦੇ ਭੈ ਤੋਂ ਉਤੇ ਉਠਣ ਦੀ, ਮੁਕਤ ਹੋਣ ਦੀ ਤਵੱਕੋ ਕੀਤੀ ਗਈ ਹੈ। ਨਿਰਭਉ ਹੋਣ ਲਈ, ਹੋਰ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਹੋਣ ਲਈ ਪਰਮਾਤਮਾ ਦੇ ਨਿਰਮਲ ਭੈ ਅਤੇ ਉਸ ਦੇ ਪ੍ਰੇਮ ਵਿਚ ਜਿਉਣ ਦੀ ਜਾਚ ਆਉਣੀ ਚਾਹੀਦੀ ਹੈ, “ਭੈ ਰਚਿ ਰਹੈ ਸੁ ਨਿਰਭਉ ਹੋਇ॥” (ਪੰਨਾ 223)
ਸਿੱਖ ਧਰਮ ਚਿੰਤਨ ਅਨੁਸਾਰ ਮਨੁੱਖ ਨੇ ਨਾ ਸਿਰਫ ਅਕਾਲ ਪੁਰਖ ਦੇ ਭੈ ਤੋਂ ਬਿਨਾਂ ਹੋਰ ਕਿਸੇ ਦੇ ਭੈ ਵਿਚ ਜਿਉਣਾ ਹੈ, ਬਲਕਿ ਉਸ ਨੇ ਕਿਸੇ ਨੂੰ ਭੈ ਦੇਣਾ ਵੀ ਨਹੀਂ। ਕਿਸੇ ਵੀ ਅਧਿਆਤਮਕ ਪਰੰਪਰਾ ਵਿਚ ਗਿਆਨ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਗਿਆਨ ਪ੍ਰਾਪਤ ਕਰਨ ਵਾਲੇ ਦਾ ਦਰਜ਼ਾ ਬਹੁਤ ਸਤਿਕਾਰਯੋਗ ਹੁੰਦਾ ਹੈ। ਗੁਰੂ ਤੇਗ ਬਹਾਦਰ ਅਨੁਸਾਰ ਅਸਲੀ ਗਿਆਨੀ ਪੁਰਸ਼ ਉਹ ਹੈ, ਅਧਿਆਤਮਕ ਗਿਆਨ ਦਾ ਗਿਆਤਾ ਉਹ ਹੈ ਜੋ ਨਾ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਕਿਸੇ ਤੋਂ ਭੈ ਖਾਂਦਾ ਹੈ। ਇਸ ਦਾ ਨਤੀਜਾ ਇਹੀ ਨਿਕਲਦਾ ਹੈ ਕਿ ਜੇ ਪਰਮਾਤਮਾ ਦੇ ਡਰ ਤੋਂ ਬਿਨਾਂ ਕਿਸੇ ਹੋਰ ਦੇ ਭੈ ਵਿਚ ਜਿਉਣਾ ਬੁਰਾ ਹੈ ਤਾਂ ਕਿਸੇ ਨੂੰ ਭੈ ਦੇਣਾ ਵੀ ਉਨਾ ਹੀ ਬੁਰਾ ਹੈ। ਮੌਤ ਨੂੰ ਸਿੱਖ ਧਰਮ ਚਿੰਤਨ ਵਿਚ ਬੁਰੀ ਜਾਂ ਮਨੁੱਖ ਨੂੰ ਮਿਲੀ ਹੋਈ ਸਜ਼ਾ ਨਹੀਂ ਮੰਨਿਆ ਗਿਆ ਹੈ। ਮੌਤ ਤਾਂ ਪਰਮਾਤਮ-ਹੁਕਮ ਹੈ। ਜੋ ਕੁਝ ਪੈਦਾ ਹੁੰਦਾ ਹੈ, ਉਸ ਨੇ ਇੱਕ ਦਿਨ ਖ਼ਤਮ ਵੀ ਹੋਣਾ ਹੈ, ਇਹ ਰੱਬੀ ਹੁਕਮ ਹੈ। ਇਸ ਲਈ ਮਨੁੱਖ ਨੂੰ ਸਭ ਤੋਂ ਪਹਿਲਾਂ ਇਸ ਸੱਚਾਈ ਨੂੰ ਪਰਵਾਨ ਕਰਕੇ ਚੱਲਣ ਦੀ ਪ੍ਰੇਰਨਾ ਕੀਤੀ ਹੈ। ਜਿਵੇਂ ਉਪਰ ਗੱਲ ਕੀਤੀ ਹੈ ਕਿ ਇਹ ਪੂਰਨ ਸਮਰਪਣ ਹੈ, ਅੰਦਰੋਂ ਆਪਾ-ਭਾਵ ਦਾ ਤਿਆਗ ਹੈ। ਪਰਮਾਤਮਾ ਦੀ ਪ੍ਰਾਪਤੀ ਲਈ ਇਹ ਆਦੇਸ਼ ਹੈ। ਜਦੋਂ ਸਮਰਪਣ  ਦੀ ਭਾਵਨਾ ਦ੍ਰਿੜ ਹੋ ਗਿਆ, ਸਭ ਕੁੱਝ ਪਰਮਾਤਮਾ ਨੁੰ ਸੌਂਪ ਦਿੱਤਾ ਗਿਆ, ਫਿਰ ਹੋਰ ਕੋਈ ਭੈ ਮਨ ਵਿਚ ਨਹੀਂ ਰਹਿੰਦਾ। ਗੁਰੂ ਅਰਜਨ ਦੇਵ ਇਸੇ ਸਮਰਪਣ ਦੀ ਗੱਲ ਕਰਦੇ ਹਨ,
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸਿ॥
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ॥1॥
(ਪੰਨਾ 1102)
ਗੁਰੂ ਨਾਨਕ ਦੇਵ ਫੁਰਮਾਉਂਦੇ ਹਨ ਕਿ ਇਸ ਮੌਤ ਨੂੰ ਬੁਰਾ ਕਹਿਣ ਦੀ ਜ਼ਰੂਰਤ ਨਹੀਂ ਹੈ, ਮਨੁੱਖ ਨੂੰ ਸਿਰਫ ਇਨਾ ਪਤਾ ਹੋਣਾ ਚਾਹੀਦਾ ਹੈ ਕਿ ਮਰਨਾ ਕਿਵੇਂ ਹੈ। ਆਪਣੇ ਸਰਬਸ਼ਕਤੀਮਾਨ ਪਰਮਾਤਮਾ ਦਾ ਸਿਮਰਨ ਕਰੋ ਜਿਸ ਨਾਲ ਤੁਹਾਡਾ ਪੰਧ ਸੌਖਾ ਹੋ ਜਾਵੇ ਅਤੇ ਤੁਸੀਂ ਇਸ ਉਤੇ ਸਹਿਜ ਨਾਲ ਚੱਲ ਸਕੋ। ਅਜਿਹੇ ਜੀਵਨ-ਰਸਤੇ ‘ਤੇ ਚੱਲਦਿਆਂ ਫਲ ਵੀ ਮਿਲੇਗਾ ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਵੀ ਪ੍ਰਾਪਤ ਹੋਵੇਗੀ। ਜੇ ਮਨੁੱਖ ਨਾਮ ਦੀ ਭੇਟਾ ਲੈ ਕੇ ਜਾਂਦਾ ਹੈ, ਅਰਥਾਤ ਇੱਜ਼ਤ ਨਾਲ ਜੀਵਨ ਜਿਉਂਦਾ ਹੈ ਤਾਂ ਉਸ ਦੇ ਕਰਮਾਂ ਦਾ ਹਿਸਾਬ ਹੋਣ ਵੇਲੇ ਵੀ ਉਸ ਨੂੰ ਇੱਜ਼ਤ ਮਿਲੇਗੀ। ਪਤਿ ਸੇਤੀ ਜਿਉਣਾ ਅਤੇ ਪਤਿ ਸੇਤੀ ਜਾਣਾ ਭਾਵ ਇਸ ਸੰਸਾਰ ‘ਤੇ ਇੱਜ਼ਤ ਨਾਲ ਜਿਉਣਾ ਅਤੇ ਇੱਜ਼ਤ ਲੈ ਕੇ ਸੰਸਾਰ ਤੋਂ ਜਾਣਾ, ਇਹੀ ਅਸਲੀ ਜੀਵਨ ਹੈ। ਗੁਰੂ ਨਾਨਕ ਸਾਹਿਬ ਅੱਗੇ ਕਹਿੰਦੇ ਹਨ ਕਿ ਜੋ ਮਨੁੱਖ ਸਮਰਪਣ ਵਾਲਾ ਜੀਵਨ ਜਿਉਂ ਕੇ, ਕਬੂਲ ਹੋ ਕੇ ਮਰਦੇ ਹਨ, ਉਹ ਸੂਰਮੇ ਹਨ ਅਤੇ ਉਨ੍ਹਾਂ ਦਾ ਮਰਨਾ ਵੀ ਸਲਾਹਿਆ ਜਾਂਦਾ ਹੈ, ਉਨ੍ਹਾਂ ਨੂੰ ਸਤਿਕਾਰ ਮਿਲਦਾ ਹੈ ਅਤੇ ਇਹ ਸੂਰਮਿਆਂ ਦਾ ਹੱਕ ਹੈ,
ਮਰਣੁ ਨ ਮੰਦਾ ਲੋਕਾ ਆਖੀਐ
ਜੇ ਮਰਿ ਜਾਣੈ ਐਸਾ ਕੋਇ॥
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ
ਪੰਥੁ ਸੁਹੇਲਾ ਆਗੈ ਹੋਇ॥
ਮਰਣੁ ਮੁਣਸਾ ਸੂਰਿਆ ਹਕੁ ਹੈ
ਜੋ ਹੋਇ ਮਰਨਿ ਪਰਵਾਣੋ॥ (ਪੰਨਾ 579)
ਭਗਤ ਕਬੀਰ ਕਹਿੰਦੇ ਹਨ ਕਿ ਜਿਸ ਮਰਨ ਤੋਂ ਇਹ ਸੰਸਾਰ ਡਰਦਾ ਹੈ, ਉਸ ਮਰਨ ਨਾਲ ਮੇਰੇ ਮਨ ਵਿਚ ਖੁਸ਼ੀ ਪੈਦਾ ਹੁੰਦੀ ਹੈ। ਦੁਨੀਆਂ ਦੇ ਇਸ ਮੋਹ ਵੱਲੋਂ ਮਰਿਆਂ ਹੀ, ਅਰਥਾਤ ਸੰਸਾਰ ਦਾ ਮੋਹ ਤਿਆਗ ਕੇ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਪੂਰਨ ਅਨੰਦ-ਸਰੂਪ ਹੈ। ਭਗਤ ਕਬੀਰ ਇਸ ਨੂੰ ਸਤੀ ਦੀ ਉਦਾਹਰਣ ਰਾਹੀਂ ਸਮਝਾਉਂਦੇ ਹਨ। ਪੁਰਾਤਨ ਹਿੰਦੂ ਪਰੰਪਰਾ ਅਨੁਸਾਰ ਜੋ ਇਸਤਰੀ ਆਪਣੇ ਪਤੀ ਦੀ ਮੌਤ ‘ਤੇ ਉਸ ਨਾਲ ਚਿਖਾ ‘ਤੇ ਸੜ ਕੇ ਮਰਨਾ ਚਾਹੁੰਦੀ ਸੀ, ਉਹ ਹੱਥ ਵਿਚ ਸੰਧੂਰ ਲੱਗਿਆ ਨਾਰੀਅਲ ਲੈਂਦੀ ਸੀ। ਸੰਧੂਰਿਆ ਹੋਇਆ ਨਾਰੀਅਲ ਹੱਥ ਵਿਚ ਫੜ ਲੈਣਾ ਇਸ ਗੱਲ ਦੀ ਨਿਸ਼ਾਨੀ ਸਮਝੀ ਜਾਂਦੀ ਸੀ ਕਿ ਇਹ ਇਸਤਰੀ ਮਰਨ ਤੋਂ ਨਹੀਂ ਡਰਦੀ ਅਤੇ ਆਪਣੇ ਪਤੀ ਦੀ ਮ੍ਰਿਤਕ ਦੇਹ ਨਾਲ ਸੜਨ ਲਈ ਤਿਆਰ ਹੈ। ਭਗਤ ਕਬੀਰ ਕਹਿੰਦੇ ਹਨ ਕਿ ਜਦੋਂ ਹੱਥ ਵਿਚ ਨਾਰੀਅਲ ਫੜ ਹੀ ਲਿਆ ਅਰਥਾਤ ਮਰਨ ਦਾ ਫੈਸਲਾ ਕਰ ਹੀ ਲਿਆ, ਫਿਰ ਮਰਨ ਤੋਂ ਕੀ ਡਰਨਾ ਹੋਇਆ। ਜਿਸ ਭਾਗਾਂ ਵਾਲੇ ਮਨੁੱਖ ਨੂੰ ਪਰਮਾਤਮ-ਭਗਤੀ ਦੀ ਦਾਤ ਮਿਲ ਗਈ, ਜਦੋਂ ਸਤਿ ਦੀ ਪ੍ਰਾਪਤੀ ਦਾ ਅਹਿਦ ਲੈ ਲਿਆ ਫਿਰ ਆਪਾ-ਭਾਵ ਤਿਆਗਣ ਦਾ, ਮੌਤ ਦਾ ਡਰ ਕੇਹਾ,
ਜਿਸ ਮਰਨੇ ਤੇ ਜਗੁ ਡਰੈ
ਮੇਰੇ ਮਨ ਆਨੰਦੁ॥
ਮਰਨੇ ਹੀ ਤੇ ਪਾਈਐ
ਪੂਰਨ ਪਰਮਾਨੰਦ॥22॥ (ਪੰਨਾ 1365)
ਕਬੀਰ ਐਸੀ ਹੋਇ ਪਰੀ
ਮਨ ਕੋ ਭਾਵਤ ਕੀਨੁ॥
ਮਰਨੇ ਤੇ ਕਿਆ ਡਰਪਨਾ
ਜਬ ਹਾਥਿ ਸਿਧਉਰਾ ਲੀਨ॥7॥ (ਪੰਨਾ 1368)
ਸਿੱਖ ਧਰਮ ਅਕਾਲ ਪੁਰਖ ਪ੍ਰਤੀ ਪੂਰਨ ਸਮਰਪਣ ਵਾਲੀ ਇੱਕ ਜੀਵਨ-ਜਾਚ ਹੈ ਕਿ ਮਨੁੱਖ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਨੁਸਾਰ, ਇਸ ਸੰਸਾਰ ‘ਤੇ ਕਿਹੋ ਜਿਹਾ ਅਤੇ ਕਿਵੇਂ ਜੀਵਨ ਗੁਜ਼ਾਰਨਾ ਹੈ। ਬਾਣੀ ਜਿੱਥੇ ਅਧਿਆਤਮਕ ਅਨੁਭਵ ਦਾ ਰਸਤਾ ਦੱਸਦੀ ਹੈ, ਉਥੇ ਨਾਲ ਸੰਸਾਰਕ ਜੀਵਨ ਦਾ ਮਾਰਗ ਵੀ ਦਰਸਾਉਂਦੀ ਹੈ ਕਿ ਗੁਰੂ-ਵਰੋਸਾਏ ਹੋ ਕੇ ਜਿਉਣਾ ਕਿਵੇਂ ਹੈ? ਇਹ ਸੰਸਾਰ ਵਿਕਾਰਾਂ, ਬੁਰਾਈਆਂ, ਬੇ-ਇਨਸਾਫੀਆਂ ਨਾਲ ਭਰਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਲਗਾਤਾਰ ਜੂਝਣਾ ਹੈ। ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਹੈ ਕਿ ਮਰਨਾ ਸੂਰਮਿਆਂ ਦਾ ਹੱਕ ਹੈ। ਪਤਿ-ਸੇਤੀ ਜਿਉਣ ਲਈ ਮਰਨਾ ਪੈਂਦਾ ਹੈ। ਬਾਬਾ ਫ਼ਰੀਦ ਅਨੁਸਾਰ ਗ਼ੁਲਾਮੀ ਦਾ ਜੀਵਨ ਜਿਉਣਾ, ਪਰਾਏ ਵੱਸ ਹੋ ਕੇ ਜਿਉਣਾ ਸਭ ਤੋਂ ਬੁਰਾ ਹੈ। ਭਗਤ ਕਬੀਰ ਕਹਿੰਦੇ ਹਨ ਕਿ ਜਿਹੜਾ ਮਨੁੱਖ ਇਸ ਜਗਤ-ਰੂਪੀ ਰਣਭੂਮੀ ਵਿਚ ਦਲੇਰ ਹੋ ਕੇ ਬੁਰਾਈ ਦੇ ਮੁਕਾਬਲੇ ਵਿਚ ਅੜ ਕੇ ਖੜ ਜਾਂਦਾ ਹੈ ਕਿ ਹੁਣ ਸਮਾਂ ਹੈ ਲੜਨ ਦਾ, ਉਹ ਅਸਲੀ ਸੂਰਮਾ ਹੈ। ਜਦੋਂ ਨਿਸ਼ਾਨੇ ‘ਤੇ ਚੋਟ ਪੈਂਦੀ ਹੈ, ਧੌਂਸਾ ਵੱਜਦਾ ਹੈ ਤਾਂ ਉਸ ਦੇ ਅੰਦਰ ਜੂਝਣ ਦੀ ਧੂਹ ਪੈਂਦੀ ਹੈ। ਉਹ ਮਨੁੱਖ ਸੂਰਮਾ ਹੈ ਜੋ ਗ਼ਰੀਬਾਂ, ਦੀਨ-ਦੁਖੀਆਂ ਦੀ ਖ਼ਾਤਰ ਲੜਦਾ ਹੈ। ਉਹ ਪੁਰਜਾ ਪੁਰਜਾ ਕੱਟ ਕੇ ਮਰ ਜਾਂਦਾ ਹੈ ਪਰ ਯੁੱਧ ਦਾ ਮੈਦਾਨ ਨਹੀਂ ਛੱਡਦਾ। ਆਪਣੀ ਜਾਨ ਬਚਾਉਣ ਲਈ ਗ਼ਰੀਬ ਦੀ ਫੜੀ ਬਾਂਹ ਨਹੀਂ ਛੱਡਦਾ,
ਗਗਨ ਦਮਾਮਾ ਬਾਜਿਓ
ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਡਿਓ ਸੂਰਮਾ
ਅਬ ਜੂਝਨ ਕੋ ਦਾਉ॥1॥
ਸੂਰਾ ਸੋ ਪਹਿਚਾਨੀਐ
ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ
ਕਬਹੂ ਨ ਛਾਡੈ ਖੇਤੁ॥2॥2॥ (ਪੰਨਾ 1105)
ਉਪਰੋਕਤ ਵਿਚਾਰ-ਚਰਚਾ ਤੋਂ ਜੋ ਨੁਕਤੇ ਉਜਾਗਰ ਹੁੰਦੇ ਹਨ, ਉਹ ਇਸ ਤਰ੍ਹਾਂ ਹਨ,
ਪਹਿਲਾ ਨੁਕਤਾ ਇਹ ਹੈ ਕਿ ਅਕਾਲ ਪੁਰਖ ਨੂੰ ਪਾਉਣ ਲਈ ਉਸ ਦਾ ਪ੍ਰੇਮ ਮੁਢਲਾ ਨਿਯਮ ਹੈ। ਉਸ ਕਰਤਾ ਪੁਰਖ ਦੇ ਪ੍ਰੇਮ ਤੋਂ ਹੀ ਉਸ ਦੀ ਰਚਨਾ ਭਾਵ ਸ੍ਰਿਸ਼ਟੀ ਵਾਸਤੇ, ਮਨੁੱਖਤਾ ਵਾਸਤੇ ਪ੍ਰੇਮ ਪੈਦਾ ਹੁੰਦਾ ਹੈ। ਉਸ ਤੱਕ ਪਹੁੰਚਣ ਦਾ ਰਸਤਾ ਪ੍ਰੇਮ ਦਾ ਰਸਤਾ ਹੈ ਜਿਵੇਂ ਕਿ ਉਪਰ ਬਾਣੀ ਵਿਚ ਦੱਸਿਆ ਹੈ। ਇਸ ਪ੍ਰੇਮ ਦੇ ਰਸਤੇ ਦਾ ਪਾਂਧੀ ਹੋਣ ਕਰਕੇ ਹੀ ਸਿੱਖ ਰੋਜਾਨਾ ਅਰਦਾਸ ਵਿਚ ‘ਚੜ੍ਹਦੀ ਕਲਾ ਅਤੇ ਸਰਬੱਤ ਦਾ ਭਲਾ’ ਲਈ ਜੋਦੜੀ ਕਰਦਾ ਹੈ।
ਦੂਸਰਾ ਨੁਕਤਾ ਇਹ ਸਾਹਮਣੇ ਆਉਂਦਾ ਹੈ ਕਿ ‘ਪ੍ਰੇਮ ਦਾ ਮਾਰਗ’ ਪੂਰਨ ਸਮਰਪਣ ਦਾ ਮਾਰਗ ਹੈ, ਆਪਾ ਵਾਰਨ ਦਾ ਮਾਰਗ ਹੈ। ਇਸ ਮਾਰਗ ‘ਤੇ ਚੱਲਣ ਵਾਲੇ ਨੂੰ ਸਿਰ ਤਲੀ ‘ਤੇ ਰੱਖ ਕੇ ਆਉਣ ਦਾ ਅਦੇਸ਼ ਕੀਤਾ ਹੈ। ਇਹ ਅਹਿਦ ਹੈ, ਇਕਰਾਰਨਾਮਾ ਹੈ ਜਿਸ ਵਿਚ ਤਨ, ਮਨ, ਇੱਛਾ, ਧਨ, ਕਰਮ ਸਭ ਕੁੱਝ ਪਰਮਾਤਮਾ ਦੇ ਸਪੁਰਦ ਹੈ, ਉਸ ਨੂੰ ਸਮਰਪਣ ਹੈ। ਮਨੁੱਖ ਦਾ ਸਿਰ ਉਸ ਦੇ ‘ਅਹੰ’ ਦਾ ਪ੍ਰਤੀਕ ਹੈ। ਇਸ ਹਉਂ ਨੂੰ ਪੱਕੇ ਤੌਰ ਤੇ ਪੂਰੀ ਤਰ੍ਹਾਂ ਕੱਢ ਦੇਣਾ ਹੈ। ਇਸ ਵਿਚ ਕਿਸੇ ਭਰਮ ਜਾਂ ਦੂਈ ਦੀ ਗੁੰਜਾਇਸ਼ ਨਹੀਂ ਹੈ। ਇਹ ਗੁਰਮੁਖਿ ਦਾ ਰਸਤਾ ਹੈ ਜਿਥੇ ਆਪਣੀ ਇੱਛਾ ਗੁਰੂ-ਇੱਛਾ ਵਿਚ, ਪਰਮਾਤਮ-ਇੱਛਾ ਵਿਚ ਵਿਲੀਨ ਹੋ ਜਾਣੀ ਹੈ। ਇਸੇ ਨੂੰ ਜਪੁਜੀ ਵਿਚ ‘ਹੁਕਮੁ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਕਿਹਾ ਹੈ। ਗੁਰਮੁਖਿ ਆਪਣਾ ਜੀਵਨ ਗੁਰੂ ਦਾ ਅਨੁਸਾਰੀ ਹੋ ਕੇ ਜਿਉਂਦਾ ਹੈ ਅਤੇ ਸਿੱਖ ਧਰਮ ਵਿਚ ਗੁਰੂ ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਬਾਣੀ ਹੈ। ਇਥੇ ਵਿਅਕਤੀ ਆਪਣੀਆਂ ਸਾਰੀਆਂ ਸੀਮਾਵਾਂ, ਰੁਕਾਵਟਾਂ ਨੂੰ ਪਾਰ ਕਰ ਜਾਂਦਾ ਹੈ।
ਤੀਸਰਾ ਨੁਕਤਾ ਇਹ ਹੈ ਕਿ ਮਨੁੱਖ ਇਸ ਰਸਤੇ ‘ਤੇ ਤੁਰਨ ਲਈ ਸੁਤੰਤਰ ਹੈ, ਆਜ਼ਾਦ ਹੈ। ਚੋਣ ਕਰਨ ਦੀ ਉਸ ਨੂੰ ਪੂਰੀ ਖੁੱਲ੍ਹ ਹੈ, ਪੂਰਾ ਅਧਿਕਾਰ ਹੈ, ਕੋਈ ਬੰਧਨ ਨਹੀਂ। ਸਗੋਂ ਉਸ ਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਹੈ ਕਿ ਪ੍ਰੇਮ ਦਾ ਇਹ ਮਾਰਗ ਅਤਿ ਕਠਿਨ ਹੈ, ਜਿਸ ਵਿਚ ਮੁਸ਼ਕਲਾਂ ਹੀ ਮੁਸ਼ਕਲਾਂ ਹਨ। ਉਸ ਦੇ ਸਾਹਮਣੇ ਸੰਭਾਵਨਾਵਾਂ ਵੀ ਰੱਖ ਦਿੱਤੀਆਂ ਹਨ। ਇਸ ਵਿਚ ‘ਇੱਛਾ’ ਸ਼ਾਮਲ ਹੈ। ਜੇ ਉਸ ਨੂੰ ਚੰਗਾ ਲਗਦਾ ਹੈ, ਉਸ ਨੂੰ ਪ੍ਰੇਰਨਾ ਮਿਲਦੀ ਹੈ, ਉਤਸ਼ਾਹ ਮਿਲਦਾ ਹੈ ਅਤੇ ਉਸ ਵਿਚ ਹੌਸਲਾ ਹੈ ਤਾਂ ਹੀ ਉਹ ਇਸ ਰਸਤੇ ‘ਤੇ ਕਦਮ ਰੱਖਦਾ ਹੈ।
ਚੌਥਾ ਨੁਕਤਾ ਇਸ ਵਿਚਾਰ-ਚਰਚਾ ਵਿਚੋਂ ਇਹ ਸਾਹਮਣੇ ਆਉਂਦਾ ਹੈ ਕਿ ਇਸ ਵਿਚ ਵਿਚਾਰ, ਸੋਚ ਸ਼ਾਮਲ ਹੈ। ਜਿਹੜਾ ਰਾਹ ਚੋਣ, ਇਕਰਾਰ, ਪੂਰਨ ਸਮਰਪਣ ਨਾਲ ਸਬੰਧਤ ਹੈ ਉਹ ਅੰਧਾ-ਧੁੰਦ ਪਿੱਛੇ ਲੱਗਣਾ ਨਹੀਂ ਹੋ ਸਕਦਾ। ਇਸੇ ਕਰਕੇ ਬਾਣੀ ਵਿਚ “ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ” ਦੀ ਗੱਲ ਕੀਤੀ ਹੈ। ਅਕਲ ਵਿਚਾਰ ਦਾ ਸਿਖਰ ਹੈ। ਜਿਸ ਰਸਤੇ ‘ਤੇ ਕਦਮ ਰੱਖਣ ਲਈ ਸਿਰ ਤਲੀ ‘ਤੇ ਧਰਨਾ ਪਵੇ, ਜਿਸ ‘ਤੇ ਚੱਲਣ ਲਈ ਪੂਰਨ ਸਮਰਪਣ ਕਰਨਾ ਪਵੇ, ਉਹ ਰਸਤਾ ਇਨਸਾਨ ਨੂੰ ਸੌ ਵਾਰ ਸੋਚਣ ਅਤੇ ਵਿਚਾਰਨ ਲਈ ਪ੍ਰੇਰਦਾ ਹੈ।
ਅਗਲੀ ਗ਼ੌਰ ਕਰਨ ਵਾਲੀ ਅਤੇ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਵਾਰ ਜਦੋਂ ਜਗਿਆਸੂ ਇਸ ਰਾਹ ‘ਤੇ ਚੱਲ ਪਿਆ, ਉਸ ਨੇ ਇਸ ਮਾਰਗ ‘ਤੇ ਪੈਰ ਧਰ ਲਿਆ ਫਿਰ ਇਸ ਤੋਂ ਵਿਚਲਿਤ ਹੋਣ ਦਾ, ਪਿੱਛੇ ਮੁੜਨ ਦਾ ਕੋਈ ਮਾਜ਼ਰਾ ਨਹੀਂ ਹੈ। ਫਿਰ ਤਾਂ ਭਗਤ ਕਬੀਰ ਦੇ ਸ਼ਬਦਾਂ ਵਿਚ ਸਾਰੇ ਭਰਮ ਛੱਡ ਕੇ ਪ੍ਰਗਟ ਹੋ ਕੇ ਨੱਚਣਾ ਬਣਦਾ ਹੈ। ਉਹ ਸੂਰਮਾ ਕਾਹਦਾ ਜਿਹੜਾ ਸਾਹਮਣੇ ਜੰਗ ਹੁੰਦੀ ਦੇਖ ਕੇ ਰਣ-ਤੱਤੇ ਤੋਂ ਡਰ ਕੇ ਭੱਜੇ ਅਤੇ ਉਹ ਸਤੀ ਕਾਹਦੀ ਜਿਹੜੀ ਮੌਕਾ ਆਉਣ ‘ਤੇ ਭਾਂਡੇ ਸਾਂਭਣ ਲੱਗ ਪਵੇ ਕਿਉਂਕਿ,
ਅਬ ਤੋ ਜਰੇ ਮਰੇ ਸਿਧਿ ਪਾਈਐ
ਲੀਨੋ ਹਾਥਿ ਸੰਧਾਉਰਾ॥ (ਪੰਨਾ 338)
ਜਗਿਆਸੂ ਤੋਂ ਗੁਰੂ ਵੱਲ ਮੂੰਹ ਕਰਕੇ ਚੱਲਣ ਦੀ ਆਸ ਕੀਤੀ ਜਾਂਦੀ ਹੈ। ਰਸਤੇ ਤੋਂ ਮੁੱਖ ਮੋੜਨਾ ਗੁਰੂ ਤੋਂ ਮੂੰਹ ਫੇਰਨਾ ਹੈ। ਇਹ ਤਾਂ “ਸਿਰ ਦੀਜੈ ਕਾਣ ਨ ਕੀਜੈ” ਦੀ ਸਥਿਤੀ ਹੈ। ਸਿੱਖ ਇਲਹਾਮ ਦਾ ਅਮਲੀ ਪ੍ਰਕਾਸ਼ਨ ਗੁਰੂ ਗੋਬਿੰਦ ਸਿੰਘ ਨੇ 1699 ਦੀ ਵਿਸਾਖੀ ਨੂੰ ਖ਼ਾਲਸਾ ਸਿਰਜ ਕੇ ਕੀਤਾ। ਸਿੱਖ ਇਲਹਾਮ ਇਤਿਹਾਸਕ ਘਟਨਾਵਾਂ ਦੇ ਰੂਪ ਵਿਚ ਨਹੀਂ ਹੋਇਆ ਪਰ ਸਿੱਖ ਇਲਹਾਮ ਨੇ ਇਤਿਹਾਸ ਸਿਰਜਿਆ ਹੈ, ਜਿਸ ਦੀ ਗਵਾਹੀ ਸਾਰੇ ਸੰਸਾਰ ਦੇ ਸਾਹਮਣੇ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਸਿੱਖਾਂ ਨੇ ਆਪਣਾ ਇਤਿਹਾਸ ਆਪ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਨੂੰ ਦੂਸਰਿਆਂ ਨੇ ਲਿਖਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸਿੱਖ ਇਤਿਹਾਸ ਹਾਈਜੈਕ ਹੁੰਦਾ ਰਿਹਾ ਹੈ।
ਇਸ ਤਰ੍ਹਾਂ ਇਸ ਰਸਤੇ ‘ਤੇ ਚੱਲਣ ਦਾ ਅਰਥ ਹੈ-ਇੱਜ਼ਤ ਨਾਲ, ਸਨਮਾਨ ਨਾਲ, ਸਵੈਮਾਣ ਵਾਲਾ ਜੀਵਨ ਜਿਉਣਾ। ਸਵੈਮਾਣ ਤੋਂ ਬਿਨਾਂ ਜਿਉਣਾ ਬੇਕਾਰ ਹੈ। ਇਸ ਰਸਤੇ ‘ਤੇ ਚੱਲਦਿਆਂ ਸਿਰਫ ਆਪਣੀ ਆਜ਼ਾਦੀ, ਆਪਣੇ ਸਵੈਮਾਣ, ਗੌਰਵ, ਸਤਿਕਾਰ ਨੂੰ ਹੀ ਕਾਇਮ ਨਹੀਂ ਰੱਖਣਾ ਸਗੋਂ ਦੂਸਰਿਆ ਦੇ ਮਾਣ, ਸਵੈਮਾਣ, ਆਜ਼ਾਦੀ, ਗੌਰਵ ਨੂੰ ਕਾਇਮ ਰੱਖਣ ਲਈ ਵੀ ਜੂਝਣਾ ਹੈ। ਇਸ ਰਾਹ ‘ਤੇ ਚੱਲਣ ਦਾ ਅਰਥ ਹੈ ਸਰਬਤ ਦੇ ਭਲੇ ਲਈ, ਸਰਬਤ ਦੇ ਇਨਸਾਫ ਲਈ ਲੜਨਾ। ਇਹ ਸਰਬ-ਅਲਿੰਗਨਕਾਰੀ ਮਾਡਲ ਹੈ। ਸਿੱਖ ਦਾ ਜੀਵਨ ਇਸ ਦਾ ਅਮਲੀ ਪ੍ਰਕਾਸ਼ਨ ਹੈ। ਇਥੇ ਹੀ ਸਿੱਖ ਚਿੰਤਨ ਵਿਚ ਸ਼ਹਾਦਤ ਦਾ ਸੰਕਲਪ ਰੂਪਮਾਨ ਹੁੰਦਾ ਹੈ। ਇਹ ਭਾਰਤੀ ਧਾਰਮਿਕ ਪਰੰਪਰਾਵਾਂ ਦੇ ਸੰਦਰਭ ਵਿਚ ਬਿਲਕੁਲ ਹੀ ਇੱਕ ਨਿਵੇਕਲਾ, ਵਿਲੱਖਣ ਅਤੇ ਨਵਾਂ ਸੰਕਲਪ ਹੈ।
(ਚਲਦਾ)

Be the first to comment

Leave a Reply

Your email address will not be published.