ਪੜ-ਯਥਾਰਥਵਾਦ!

ਬਲਜੀਤ ਬਾਸੀ
ਪਿਛਲੇ ਦਿਨੀਂ ‘ਆਰਸੀ’ ਨਾਂ ਦਾ ਬਲਾਗ ਚਲਾਉਂਦੀ ਲੇਖਿਕਾ ਤਨਦੀਪ ਤਮੰਨਾ ਅੰਗਰੇਜ਼ੀ ਸ਼ਬਦ ਸੁਰਰeਅਲਸਿਮ ਦਾ ਪੰਜਾਬੀ ਬਦਲ ਕਿਸੇ ਅੰਗਰੇਜ਼ੀ-ਪੰਜਾਬੀ ਕੋਸ਼ ਵਿਚੋਂ ਢੂੰਡਣ ਲੱਗੀ ਤਾਂ ‘ਪੜ-ਯਥਾਰਥਵਾਦ’ ਜਿਹਾ ‘ਕਠਨ ਮਾਅਨਾ’ ਸਾਹਮਣੇ ਆਇਆ। ਉਸ ਨੇ ਇਸ ਸ਼æਬਦ ਬਾਰੇ ਫੇਸਬੁਕ ਵਿਚ ਭੜਾਸ ਕਢੀ,
“ਆਹ ਪੰਜਾਬੀ ਦੇ ਸ਼ਬਦ ਕੋਸ਼ਾਂ ‘ਤੇ ਕੰਮ ਕਰਨ ਵਾਲ਼ਿਆਂ ਦੇ ਵਾਰੇ-ਵਾਰੇ ਜਾਈਏ। ਪਤਾ ਨਹੀਂ ਇਨ੍ਹਾਂ ਨੂੰ ਕਿਸੇ ਲਫ਼ਜ਼ ਦੇ ਮਾਇਨੇ ਸੌਖੇ ਅਰਥਾਂ ਵਿਚ ਸਮਝਾਉਣੇ ਹੀ ਨਹੀਂ ਆਉਂਦੇ ਜਾਂ ਸਾਡੇ ਦਿਮਾਗ਼ ਹੀ ਅਪਾਹਿਜ ਹੋ ਚੁੱਕੇ ਹਨ æææਜੇ ਹੁਣ ਪੰਜਾਬੀ ਵਿਚ ਲਿਖੇ ਜਾਣ ਵਾਲ਼ੇ ਪਰਚਿਆਂ ਵਿਚ ਕਈ ਸ਼ਬਦਾਂ ਨੂੰ ਅੰਗਰੇਜ਼ੀ ‘ਚ ਲਿਖੀਏ ਤਾਂ ਅੱਧੇ ਤੋਂ ਵੱਧ ਲੇਖਕ ਏਧਰ-ਓਧਰ ਝਾਕਣ ਲੱਗ ਜਾਂਦੇ ਨੇ। ਜੇ ਕਿਸੇ ਪੰਜਾਬੀ ਦੇ ਸ਼ਬਦ-ਕੋਸ਼ ਦੀ ਮਦਦ ਲੈ ਕੇ ਲਿਖੀਏ ਤਾਂ ਸਾਰੇ ਇਸ ਤਰ੍ਹਾਂ ਦੀ ਤੱਕਣੀ ਨਾਲ ਤੁਹਾਨੂੰ ਵੇਖਣਗੇ, ਲੱਗਦਾ ਹੁੰਦੈ ਕਿ ਕਿਤੇ ਹੁਣੇ ਤੁਹਾਨੂੰ ਲੈਕਚਰ ਸਟੈਂਡ ਤੋਂ ਚੁੱਕ ਕੇ ਹਾਲ ਤੋਂ ਬਾਹਰ ਨਾ ਸੁੱਟ ਦੇਣਗੇ। ਕਸੂਰ ਉਨ੍ਹਾਂ ਦਾ ਵੀ ਨਹੀਂ ਹੁੰਦਾææææਕੀ ਅਸੀਂ ਆਪਣੇ ਸ਼ਬਦ-ਕੋਸ਼ਾਂ ਨੂੰ ਆਸਾਨ ਬੋਲੀ ਵਿਚ ਨਹੀਂ ਲਿਖ ਸਕਦੇæææ? ਹੁਣ ਆਹ ਇਕ ਸ਼ਬਦ ਦਾ ਅਰਥ ਪੜ ਯਥਾਰਥਵਾਦ ਹੈ। ਯੂਨੀਵਰਸਿਟੀਆਂ ਦੇ ਬਹੁਤੇ ਪੜ੍ਹੇ ਲਿਖੇ ਵਿਦਵਾਨੋ! ਸ਼ਬਦ ਇੰਨੇ ਔਖੇ ਨਹੀਂ, ਜਿੰਨੇ ਕਠਿਨ ਉਨ੍ਹਾਂ ਦੇ ਮਾਇਨੇ ਤੁਸੀਂ ਘੜ ਦਿੱਤੇ ਨੇ। ਕਿਸੇ ਸ਼ਾਇਰ ਦੀਆਂ ਕਿਤਾਬਾਂ ‘ਤੇ ਪਰਚਾ ਲਿਖ ਰਹੀ ਹਾਂæææਪੜ ਯਥਾਰਥਵਾਦ ਨੇ ਮੇਰਾ ਪਾਰਾ ਅਸਮਾਨ ‘ਤੇ ਚੜ੍ਹਾ ਦਿੱਤੈæææਤਵਾ ਤਾਂ ਲੱਗੇਗਾ ਹੀ ਨਾæææ।”
ਚਰਚਾ ਵਿਚ ਭਾਗ ਲੈਂਦਿਆਂ ਮੈਂ ਦੱਸਿਆ ਕਿ ਇਹ ਸ਼ਬਦ ਪੰਜਾਬੀ ਆਲੋਚਨਾ ਵਿਚ ਮੁਦਤਾਂ ਤੋਂ ਪ੍ਰਚਲਤ ਹੈ, ਨਾਲੇ ਇਸ ਨੂੰ ਕੋਸ਼ਕਾਰਾਂ ਨੇ ਨਹੀਂ, ਆਲੋਚਕਾਂ ਨੇ ਹੀ ਘੜਿਆ ਹੈ। ਮੈਨੂੰ ਗੁੱਸਾ ਤੇ ਹੈਰਾਨੀ ਸੀ ਕਿ ਇਕ ਵਧੀਆ ਸਾਹਿਤਕ ਬਲਾਗ ਚਲਾਉਣ ਵਾਲੀ ਲੇਖਿਕਾ ਅਜਿਹੇ ਅਧ-ਪੜ੍ਹੇ ਲੋਕਾਂ ਵਾਲੇ ਕਿੰਤੂ ਕਿਉਂ ਕਰਦੀ ਹੈ? ਘਟੋ ਘਟ ਪੰਜਾਬੀ ਲੇਖਕਾਂ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਨ੍ਹਾਂ ਨੂੰ ਆਲੋਚਨਾ ਦੀ ਸ਼ਬਦਾਵਲੀ ਦਾ ਕਾਫੀ ਗਿਆਨ ਹੋਵੇ ਤੇ ਜੇ ਨਾ ਵੀ ਹੋਵੇ ਤਾਂ ਪਤਾ ਲੱਗਣ ਪਿਛੋਂ ਅਜਿਹੀ ਸਨਕੀ ਪ੍ਰਤੀਕ੍ਰਿਆ ਨਾ ਦੇਣ ਜਿਸ ਤੋਂ ਉਨ੍ਹਾਂ ਦੀ ਪੰਜਾਬੀ ਭਾਸ਼ਾ ਪ੍ਰਤੀ ਗੁਝੀ ਨਫਰਤ ਦਾ ਆਭਾਸ ਹੁੰਦਾ ਹੋਵੇ।
ਮੇਰੀ ਪ੍ਰਤੀਕ੍ਰਿਆ ਪਿਛੋਂ ਆਰਸੀ ਸਮੂਹ ਦੇ ਹੋਰ ਦੋਸਤਾਂ ਨੇ ਟਿੱਪਣੀਆਂ ਦਿੱਤੀਆਂ, ਵਿਚ ਵਿਚ ਖੁਦ ਤਮੰਨਾ ਵੀ ਦਖਲ ਦਿੰਦੀ ਰਹੀ। ਆਮ ਤੌਰ ‘ਤੇ ਇਕ ਸਮੂਹ ਨਾਲ ਜੁੜੇ ਬਹੁਤ ਸਾਰੇ ਦੋਸਤ ਸਮੂਹ ਦੇ ਚਾਲਕ ਨੂੰ ਹਰ ਹੀਲੇ ਬਚਾਉਂਦੇ ਰਹਿੰਦੇ ਹਨ ਤੇ ਇਸ ਤਰ੍ਹਾਂ ਉਸ ਦੀ ਭਗਤੀ ਦਾ ਦਮ ਭਰਦੇ ਰਹਿੰਦੇ ਹਨ। ਲਗਭਗ ਸਾਰਿਆਂ ਨੇ ਹੀ ਇਸ ਸ਼ਬਦ ਤੋਂ ਅਨਜਾਣਤਾ ਪ੍ਰਗਟ ਕੀਤੀ। ਤਮੰਨਾ ਨੇ ਸਬੰਧਤ ਸ਼ਬਦ ‘ਤੇ ਹੋਰ ਵਿਅੰਗ ਕਸਦਿਆਂ ਇਹ ਵੀ ਕਿਹਾ,  ‘ਪੜ ਦੇ ਅੱਗੇ ਵੀ ਕੋਈ ਪੜ-ਫੜ ਲਾ ਦਿਉ, ਕੋਈ ਨਵਾਂ ਵਾਦ ਈਜਾਦ ਹੋ ਜਾਵੇਗਾ।’ ਬਹੁਤ ਸਾਰੀਆਂ ਟਿਪਣੀਆਂ ਪੜ੍ਹ ਕੇ ਇਹੀ ਮੁੱਦਾ ਸਾਹਮਣੇ ਆਇਆ ਕਿ ਕੋਸ਼ਕਾਰ, ਵਿਦਵਾਨ ਜਾਂ ਆਲੋਚਕ ਸੌਖੀ ਪੰਜਾਬੀ ਵਿਚ ਸ਼ਬਦ ਦੇ ਮਾਅਨੇ ਕਿਉਂ ਨਹੀਂ ਦਿੰਦੇ, ਹਿੰਦੀ-ਸੰਸਕ੍ਰਿਤਨੁਮਾ ਸ਼ਬਦ ਪੰਜਾਬੀ ਵਿਚ ਘੁਸੇੜ ਕੇ ਕਿਉਂ ਪੰਜਾਬੀ ਅਤੇ ਪੰਜਾਬ ਦਾ ਸਤਿਆਨਾਸ ਕੀਤਾ ਜਾ ਰਿਹਾ ਹੈ। ਅਜਿਹੇ ਵੇਲੇ ਪੰਜਾਬੀ ਤੇ ਪੰਜਾਬੀਅਤ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਵਾਲਾ ਦੋਸ਼ ਵੀ ਝਟ ਹੀ ਸਾਹਮਣੇ ਆ ਜਾਂਦਾ ਹੈ। ਕੁਝ ਇਕ ਨੇ ਇਹ ਗੱਲ ਵਾਰ ਵਾਰ ਕਹੀ ਕਿ ਭਾਸ਼ਾ ਦਾ ਖਜ਼ਾਨਾ ਤਾਂ ਉਨ੍ਹਾਂ ਨੇ ਮਾਂ-ਦਾਦੀ ਤੋਂ ਹੀ ਬਥੇਰਾ ਪ੍ਰਾਪਤ ਕਰ ਲਿਆ ਹੈ, ਅਜਿਹੇ ਕੋਸ਼ ਕੀ ਸਿਖਾਉਣਗੇ? ਟਕੋਰ ਵਜੋਂ ਨਵੀਂ ਪੰਜਾਬੀ ਸਿੱਖਣ ਲਈ ਟਿਊਸ਼ਨਾਂ ਦੀ ਗੱਲ ਕੀਤੀ ਗਈ।
ਅੰਗਰੇਜ਼ੀ ਤੋਂ ਪੰਜਾਬੀ ਜਿਹੀ ਭਾਸ਼ਾ ਨਾਲ ਸਬੰਧਤ ਦੁਭਾਸ਼ੀ ਕੋਸ਼ਕਾਰੀ ਦੇ ਕਾਰਜ ਖੇਤਰ ਬਾਰੇ ਕਈ ਪੜ੍ਹੇ-ਲਿਖੇ ਵੀ ਗਲਤਫਹਿਮੀ ਦੇ ਸ਼ਿਕਾਰ ਹਨ। ਦੁਭਾਸ਼ੀ ਕੋਸ਼ਾਂ ਵਿਚ ਆਮ ਤੌਰ ‘ਤੇ ਮੁਖ ਇੰਦਰਾਜ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਬਲਕਿ ਉਸ ਦੇ ਢੁਕਵੇਂ ਸਮਾਨਾਰਥਕ ਸ਼ਬਦ ਹੀ ਦਿਤੇ ਜਾਂਦੇ ਹਨ। ਕੋਸ਼ਕਾਰੀ ਦੇ ਨਿਯਮਾਂ ਅਨੁਸਾਰ ਕੋਸ਼ਕਾਰ ਸ਼ਬਦ ਘੜਨ ਦੀ ਖੁਲ੍ਹ ਨਹੀਂ ਲੈ ਸਕਦਾ, ਉਸ ਨੇ ਭਾਸ਼ਾ ਵਿਚ ਪਹਿਲਾਂ ਪ੍ਰਚਲਤ ਸ਼ਬਦ ਹੀ ਰਿਕਾਰਡ ਕਰਨੇ ਹੁੰਦੇ ਹਨ। ਪਰ ਜਦ ਇਹ ਸਮਝਿਆ ਜਾਵੇ ਕਿ ਘੜੇ ਹੋਏ ਸ਼ਬਦ ਦੇ ਅੰਗਾਂ ਦੀ ਆਮ ਪਾਠਕ ਨੂੰ ਸਮਝ ਹੋ ਸਕਦੀ ਹੈ ਤਾਂ ਅਜਿਹੇ ਨਿਯਮ ਦੀ ਕਦੀ ਕਦੀ ਉਲੰਘਣਾ ਕਰ ਲਈ ਜਾਂਦੀ ਹੈ। ਮਿਸਾਲ ਵਜੋਂ ‘ਕੌਮੀਕਰਣ’ ਜਿਹਾ ਸ਼ਬਦ ਇਹ ਖਿਆਲ ਕਰਦਿਆਂ ਘੜਿਆ ਜਾਵੇਗਾ ਕਿ ਪਾਠਕ ਨੂੰ ‘ਕੌਮ’ ਸ਼ਬਦ ਅਤੇ ‘ਕਰਣ’ ਪਿਛੇਤਰ ਦੇ ਅਰਥ ਆਉਂਦੇ ਹਨ। ਜੇ ਦੁਭਾਸ਼ੀ ਕੋਸ਼ ਹਰ ਸ਼ਬਦ ਦੀ ਵਿਆਖਿਆ ਦੇਣ ਲੱਗ ਪੈਣ ਤਾਂ ਇਹ ਆਮ ਆਕਾਰ ਤੋਂ ਸਹਿਜੇ ਹੀ ਚਾਰ ਪੰਜ ਗੁਣਾ ਵੱਡੇ ਹੋ ਜਾਣਗੇ। ਦੁਭਾਸ਼ੀ ਕੋਸ਼ਾਂ ਨੂੰ ਸਰਲ ਭਾਸ਼ਾ ਵਿਚ ਲਿਖਣ ਵਾਲਾ ਸੁਝਾਅ ਵਿਹਾਰਕ ਨਹੀਂ ਹੈ, ਇਥੇ ਮੁਖ ਸਰੋਕਾਰ ਸਮਾਨੰਤਰ ਸ਼ਬਦ ਦੇ ਢੁਕਵੇਂਪਣ ਦਾ ਹੁੰਦਾ ਹੈ। ਜੇ ਪਾਠਕ ਦੇ ਗਿਆਨ ਵਿਚ ਇਹ ਸ਼ਬਦ ਨਹੀਂ ਹੈ ਤਾਂ ਉਹ ਇਸ ਦਾ ਅਰਥ ਇਕਭਾਸ਼ੀ ਕੋਸ਼ (ਜਿਵੇਂ ਪੰਜਾਬੀ-ਪੰਜਾਬੀ) ਵਿਚ ਤਲਾਸ਼ ਕਰਨ ਦੀ ਖੇਚਲ ਕਰਨ। ਉਂਜ ਸ਼ਬਦ ਦੇ ਔਖੇ ਜਾਂ ਆਸਾਨ ਹੋਣ ਵਾਲਾ ਇਤਰਾਜ਼ ਬੇਥਵਾ ਹੈ। ਕੋਈ ਸੰਕਲਪ ਵਿਸ਼ੇਸ਼ ਔਖਾ ਜਾਂ ਆਸਾਨ ਹੋ ਸਕਦਾ ਹੈ, ਉਸ ਲਈ ਵਰਤਿਆ ਜਾਂਦਾ ਸ਼ਬਦ ਨਹੀਂ ਕਿਉਂਕਿ ਸ਼ਬਦ ਤਾਂ ਆਪਣੇ ਤੌਰ ‘ਤੇ ਇਕ ਧੁਨੀ ਹੀ ਹੈ। ਸਾਪੇਖਤਾਵਾਦ ਸ਼ਬਦ ਬੋਲਣਾ ਔਖਾ ਨਹੀਂ, ਇਸ ਦੀ ਵਿਆਖਿਆ ਸਮਝਣੀ ਔਖੀ ਹੋ ਸਕਦੀ ਹੈ। ਸ਼ਬਦ ਦੇ ਔਖੇ ਸੌਖੇ ਹੋਣ ਦੀ ਗੱਲ ਅਨਪੜ੍ਹ ਜਾਂ ਘਟ ਪੜ੍ਹੇ ਕਰਦੇ ਹਨ, ਪੜ੍ਹੇ ਲਿਖੇ ਲੋਕਾਂ ਤੋਂ ਸ਼ੋਭਦੀ ਨਹੀਂ।
ਇਹ ਗੱਲ ਸੁਣ ਸੁਣ ਕੇ ਵੀ ਕੰਨ ਪੱਕ ਗਏ ਹਨ ਕਿ ਪੰਜਾਬੀ ਨੂੰ ਦਿਨ ਬਦਿਨ ਔਖੀ ਬਣਾਇਆ ਜਾ ਰਿਹਾ ਹੈ। ਆਮ ਤੌਰ ‘ਤੇ ਪੰਜਾਬੀ ਨਾ ਪੜ੍ਹਨ ਦੇ ਆਦੀ ਲੋਕ ਇਕ ਦਿਨ ਅਚਾਨਕ ਪੰਜਾਬੀ ਲਿਖਤ ਪੜ੍ਹਨ ਲੱਗਣ ਤਾਂ ਖਪਦੇ ਹੋਏ ਕੁਝ ਅਜਿਹਾ ਆਖ ਕੇ ‘ਅਸੀਂ ਜੋ ਮਾਂ ਦਾਦੀ ਤੋਂ ਪੰਜਾਬੀ ਸਿੱਖੀ ਸੀ ਉਹ ਤਾਂ ਹੈ ਹੀ ਨਹੀਂ’, ਲਿਖਤ ਅਹੁ ਮਾਰਦੇ ਹਨ। ਅਜਿਹੇ ਲੋਕ ਅਸਲ ਵਿਚ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਨੂੰ ਮਾਂ ਦਾਦੀ ਦੇ ਕੁਛੜ ਹੀ ਚੜ੍ਹੀ ਦੇਖਣਾ ਚਾਹੁੰਦੇ ਹਨ ਤੇ ਇਸ ਤਰ੍ਹਾਂ ਅਚੇਤ-ਸੁਚੇਤ ਪੰਜਾਬੀ ਨੂੰ ਗਰੀਬ ਬਣਾਉਣ ਦੇ ਇਛੁਕ ਸਾਬਤ ਹੁੰਦੇ ਹਨ। ਕਹਾਵਤ ਅਨੁਸਾਰ ਉਹ ਪੰਜਾਬੀ ਨੂੰ ਘਰ ਦੀ ਕੁਕੜੀ ਦਾਲ ਬਰਾਬਰ ਬਣਾ ਦੇਣਾ ਚਾਹੁੰਦੇ ਹਨ। ਨਵੀਆਂ ਚੁਣੌਤੀਆਂ ਵਿਚ ਪੰਜਾਬੀ ਦੇ ਸ਼ਬਦ ਭੰਡਾਰ ਨੇ ਨਵੇਂ ਸ਼ਬਦ ਅਪਨਾ ਕੇ ਜਾਂ ਘੜ ਕੇ ਆਪਣੀ ਸਮਰਥਾ ਵਧਾਉਣੀ ਹੈ। ਕਿਸੇ ਜੀਵੰਤ ਭਾਸ਼ਾ ਨੇ ਜੇ ਵਿਗਸਣਾ ਹੈ ਤਾਂ ਉਹ ਨਿਰਾ ਸਾਹਿਤ, ਤੇ ਉਹ ਵੀ ਕਾਵਿ-ਸਾਹਿਤ ਰਚ ਕੇ ਹੀ ਅਜਿਹਾ ਨਹੀਂ ਕਰ ਸਕਦੀ। ਉਸ ਨੂੰ ਹਰ ਵਿਸ਼ੇ ਤੇ ਖੇਤਰ ਦਾ ਅਥਾਹ ਗਿਆਨ ਵੀ ਪੈਦਾ ਕਰਨਾ ਹੋਵੇਗਾ। ਸ਼ੋਕ ਵਾਲੀ ਗੱਲ ਹੈ ਕਿ ਪੰਜਾਬੀ ਵਿਚ ਗਲਪ ਜਾਂ ਕਾਵਿ ਸਾਹਿਤ ਤੋਂ ਬਿਨਾ ਪ੍ਰਯਾਪਤ ਮਾਤਰਾ ਵਿਚ ਹੋਰ ਗਿਆਨ-ਸਾਹਿਤ ਨਹੀਂ ਪੈਦਾ ਹੋ ਰਿਹਾ। ਜੇ ਪੰਜਾਬੀ ਦੇ ਔਖੇ ਹੋਣ ਦੀ ਗੱਲ ਸਾਹਿਤਕਾਰ ਲੋਕ ਹੀ ਕਰਨ ਲੱਗ ਪਏ ਤਾਂ ਇਸ ਭਾਸ਼ਾ ਦਾ ਤਾਂ ਫਿਰ ਰੱਬ ਹੀ ਰਾਖਾ ਹੈ।
ਆਲੋਚਨਾ ਭਾਵੇਂ ਸਾਹਿਤ ਨਾਲ ਸਬੰਧਤ ਵਿਸ਼ਾ ਹੈ ਪਰ ਇਹ ਗਿਆਨ ਸਾਹਿਤ ਦੀ ਕੋਟੀ ਵਿਚ ਆਉਂਦਾ ਹੈ। ਕੋਈ ਸਾਹਿਤਕਾਰ ਜੇ ਸਾਹਿਤ ਪ੍ਰਤੀ ਸਚਮੁਚ ਗੰਭੀਰ ਹੈ ਤਾਂ ਇਹ ਬਹਾਨਾ ਨਹੀਂ ਲਾ ਸਕਦਾ ਕਿ ਉਸ ਨੂੰ ਤਾਂ ਜੀ ਪੜ-ਯਥਾਰਥਵਾਦ ਜਿਹੇ ਸ਼ਬਦ ਸਮਝਣੇ ਹੀ ਔਖੇ ਹਨ। ਕਲ੍ਹ ਨੂੰ ਉਹ ਕਹੇਗਾ ਕਿ ਉਸ ਨੂੰ ਸੰਰਚਨਾਵਾਦ, ਵਿਰਚਨਾ, ਸ਼ੈਲੀ-ਵਿਗਿਆਨ, ਵਿਰੇਚਨ, ਪ੍ਰਯੋਗਵਾਦ, ਉਤਰ ਆਧੁਨਕਿਤਾਵਾਦ, ਅਧਿਆਤਮਵਾਦ ਆਦਿ ਦੀ ਸਮਝ ਨਹੀਂ, ਇਹ ਔਖੀ ਪੰਜਾਬੀ ਹੈ ਤਾਂ ਫਿਰ ਉਸ ਨੇ ਇਹ ਜ਼ਬਾਨ ਪੜ੍ਹਨੀ ਹੀ ਕਾਹਦੇ ਲਈ ਹੈ। ਸੱਚੀ ਗੱਲ ਤਾਂ ਇਹ ਹੈ ਕਿ ਕਈ ਅਜਿਹੇ ਲੋਕਾਂ ਨੂੰ ਮਝੇਰੂ, ਕਾਂਜਣ, ਸਬਰਕੱਤਾ, ਲਟੈਣ, ਬੁੜੀਆ ਆਦਿ ਜਿਹੇ ਸ਼ਬਦ ਵੀ ਨਹੀਂ ਆਉਂਦੇ! ਜੋ ਆਪਣੀ ਭਾਸ਼ਾ ਦਾ ਤਹਿ ਦਿਲੋਂ ਖੈਰਖਵਾਹ ਹੈ, ਉਹ ਇਸ ਦੇ ਕੋਸ਼ ਵੀ ਆਪਣੇ ਕੋਲ ਰੱਖੇ, ਆਪਣੀ ਅਭਿਵਿਅੰਜਨ ਤੇ ਸਮਝ ਸਮਰਥਾ ਵਿਚ ਵਾਧਾ ਕਰੇ। ਅੰਗਰੇਜ਼ੀ ਦਾ ਘਟੋ ਘਟ ਇਕ ਕੋਸ਼ ਹਰ ਪੰਜਾਬੀ ਕੋਲ ਹੋਵੇਗਾ, ਕੀ ਪੰਜਾਬੀ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ? ਪੰਜਾਬੀ ਨੂੰ ਸੰਸਕ੍ਰਤਾਇਆ/ਹਿੰਦਿਆਇਆ ਜਾਣ ਵਾਲੀ ਦਲੀਲ ਵਿਚ ਕੋਈ ਦਮ ਨਹੀਂ ਹੈ। ਸੰਸਕ੍ਰਿਤ ਸਾਡੇ ਆਪਣੇ ਖੇਤਰ ਵਿਚ ਪੈਦਾ ਹੋਣ ਵਾਲੀ ਸਕੀ ਭਾਸ਼ਾ ਹੈ, ਇਸ ਦੇ ਕਈ ਰੂਪ ਹੀ ਪੰਜਾਬੀ ਲੋਕ ਬੋਲਦੇ ਰਹੇ ਹਨ। ਇਸ ਤੋਂ ਸ਼ਬਦ ਲੈਣ ਵਾਲੀ ਗੱਲ ਪੰਜਾਬੀ ਨਾਲ ਧ੍ਰੋਹ ਨਹੀਂ ਹੈ। ਅੰਗਰੇਜ਼ੀ ਨੇ ਹਜ਼ਾਰਾਂ ਸ਼ਬਦ ਲਾਤੀਨੀ, ਗਰੀਕ ਜਿਹੀਆਂ ਪੁਰਾਣੀਆਂ ਭਾਸ਼ਾਵਾਂ ਤੋਂ ਲਏ ਹਨ ਤੇ ਅੱਜ ਦੁਨੀਆਂ ਦੀ ਨੰਬਰ ਇਕ ਭਾਸ਼ਾ ਬਣੀ ਬੈਠੀ ਹੈ।
ਹੁਣ ਜ਼ਰਾ ਪਾਪੀ ਪੜ-ਯਥਾਰਥਵਾਦ ਸ਼ਬਦ ਦੀ ਸਾਰ ਲੈ ਲਈਏ। ‘ਸਰਰੀਅਲਿਜ਼ਮ’ ਪਦ ਨਾਲ ਜਾਣੀ ਜਾਂਦੀ ਕਲਾ ਤੇ ਸਾਹਿਤ ਦੀ ਇਹ ਲਹਿਰ ਯੂਰਪ ਵਿਚ ਕੋਈ ਇਕ ਸਦੀ ਪਹਿਲਾਂ ਉਭਰੀ। ਇਸ ਵਿਚ ਪੇਸ਼ ਰਚਨਾਵਾਂ ਵਿਚ ਚੌਂਕਾ ਦੇਣ ਵਾਲੀਆਂ ਜੁਗਤਾਂ ਦਾ ਪ੍ਰਯੋਗ ਕੀਤਾ ਹੁੰਦਾ ਸੀ, ਕਈ ਵਾਰੀ ਅਜਿਹੇ ਤੱਤ ਸਮਾਏ ਹੁੰਦੇ ਜਿਨ੍ਹਾਂ ਦਾ ਰਚਨਾ ਦੇ ਅੱਗੇ ਪਿਛੇ ਨਾਲ ਕੋਈ ਵੀ ਤਾਰਕਿਕ ਜੋੜ ਨਹੀਂ ਸੀ ਬੈਠਦਾ। ਇਸ ਲਹਿਰ ਦਾ ਪ੍ਰਯੋਜਨ ਕਲਾਕਾਰ/ਲੇਖਕ ਵਲੋਂ ਅਵਚੇਤਨ ਪ੍ਰਕ੍ਰਿਆ ਵੱਲ ਵਿਸ਼ੇਸ਼ ਧਿਆਨ ਦੁਆਉਣਾ ਹੁੰਦਾ ਸੀ। ਉਦੋਂ ਉਰਦੂ ਕਹਾਣੀਕਾਰ ਸਆਦਤ ਹਸਨ ਮੰਟੋ ਤੇ ਪੰਜਾਬੀ ਕਹਾਣੀਕਾਰ ਕਰਤਾਰ ਸਿੰਘ ਦੁਗਲ ਦੀਆਂ ਮੁਢਲੀਆਂ ਕਹਾਣੀਆਂ ਨੂੰ ਅਜਿਹੇ ਗੁਣਾਂ ਵਾਲੀਆਂ ਕਿਹਾ ਗਿਆ ਤੇ ‘ਸਰਰੀਅਲਿਜ਼ਮ’ ਦੇ ਮੁਕਾਬਲੇ ‘ਪੜ-ਯਾਰਥਵਾਦ’ ਸ਼ਬਦ ਸਾਹਮਣੇ ਆਇਆ। ਇਹ ਲਹਿਰ ਬਦਲਦੀ ਬਦਲਦੀ ਹੋਰ ਰੂਪ ਧਾਰ ਗਈ, ਇਸ ਲਈ ਇਸ ਦਾ ਅੱਜ ਕਲ੍ਹ ਬਹੁਤਾ ਜ਼ਿਕਰ ਨਹੀਂ ਹੁੰਦਾ। ਸ਼ਾਇਦ ਬਹੁਤੇ ਨਵੇਂ ਸਾਹਿਤਕਾਰਾਂ ਦੇ ਚੇਤੇ ਵਿਚ ਨਾ ਹੋਵੇ।
ਦਿਲਚਸਪ ਗੱਲ ਹੈ ਕਿ ਚਰਚਾ ਵਿਚ ਭਾਗ ਲੈਣ ਵਾਲਿਆਂ ਨੇ ‘ਯਥਾਰਥਵਾਦ’ ਸ਼ਬਦ ਅਤੇ ਇਸ ਦੇ ਅਰਥ ਬਾਰੇ ਆਪਣੀ ਵਾਕਫ਼ੀਅਤ ਠੋਕ ਕੇ ਦਰਸਾਈ ਪਰ ਪੜ-ਯਥਾਰਥਵਾਦ ਨੂੰ ਉਹ ਚਿਮਟੇ ਨਾਲ ਵੀ ਚੁੱਕਣ ਨੂੰ ਤਿਆਰ ਨਹੀਂ ਸਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਸ ਸ਼ਬਦ ਵਿਚ ‘ਪੜ’ ਅੰਸ਼ ਹੀ ਤਾਂ ਠੇਠ ਅਤੇ ਠੋਸ ਪੰਜਾਬੀ ਹੈ ਜਿਸ ਕਾਰਨ ਤੁਸੀਂ ਇਸ ਤੋਂ ਏਨਾ ਮੁਖ ਮੋੜ ਰਹੇ ਹੋ ਜਦ ਕਿ ਯਥਾਰਥਵਾਦ ‘ਤੇ ਕੋਈ ਕਿੰਤੂ ਨਹੀਂ ਕਰ ਰਹੇ। ਇਹ ਉਨ੍ਹਾਂ ਦਾ ਵਿਰੋਧਾਭਾਸ ਸੀ। ਬਹਿਸ ਨੂੰ ਭਾਵੁਕ ਤੇ ਮਜ਼ਾਕੀਆ ਪੱਧਰ ‘ਤੇ ਲੈ ਜਾਣ ਵਾਲੀ ਇਸ ਸਮੂਹ ਦੀ ਪਿਰਤ ਨੂੰ ਪਛਾਣਦਿਆਂ ਮੈਂ ਉਨ੍ਹਾਂ ਨੂੰ ਇਸ ਸ਼ਬਦ ਦੀ ਵਿਉਤਪਤੀ ਬਾਰੇ ਵੀ ਦੱਸਿਆ ਤੇ ਨਾਲ ਹੀ ਪੁਛਿਆ ਕਿ ਕੀ ਉਹ ਕੋਈ ਹੋਰ ਢੁਕਵਾਂ ਸ਼ਬਦ ਸੁਝਾ ਸਕਣਗੇ। ਪਰ ਅਜਿਹਾ ਨਹੀਂ ਹੋਇਆ। ‘ਪੜ’ ਠੋਸ ਪੰਜਾਬੀ ਅਗੇਤਰ ਹੈ ਜਿਸ ਦਾ ਅਰਥ ‘ਉਪਰ’ ਹੁੰਦਾ ਹੈ, ਅਸਲ ਵਿਚ ਇਹ ਇਸੇ ‘ਉਪਰ’ ਦਾ ਹੀ ਘਸ ਕੇ ਬਦਲਿਆ ਰੂਪ ਹੈ: ਉਪਰ> ਪਰ>ਪੜ। ਅੰਗਰੇਜ਼ੀ ਸੁਰਰeਅਲਸਿਮ ਵਿਚਲਾ ਸੁਰ ਲਾਤੀਨੀ ਸੁਪeਰ ਦਾ ਘਸਿਆ ਰੂਪ ਹੈ। ਅੰਗਰੇਜ਼ੀ ੋਵeਰ ਇਸ ਦਾ ਇਕ ਹੋਰ ਭਰਾ ਹੈ। ਸੰਸਕ੍ਰਿਤ/ਪੰਜਾਬੀ ‘ਉਪਰ’ ਇਸ ਦਾ ਸੁਜਾਤੀ ਅਰਥਾਤ ਸਕਾ ਹੈ। ਲਾਤੀਨੀ ਤੇ ਸੰਸਕ੍ਰਿਤ ਆਰੀਆਈ ਭਾਸ਼ਾਵਾਂ ਹੋਣ ਕਾਰਨ ਭੈਣਾਂ ਹਨ। ‘ਪੜ’ ਅਗੇਤਰ ਤੋਂ ਬਣੇ ਹੋਰ ਪੰਜਾਬੀ ਸ਼ਬਦ ਹਨ, ਪੜਵਾਲ (ਟਰਚਿਹਅਿਸਸਿ), ਪੜਛੱਤੀ, ਪੜਦਾਦਾ, ਪੜਨਾਂਵ, ਪੜਤਾਲ, ਪੜਚੋਲ। ਪੜ-ਯਥਾਰਥਵਾਦ ਹਿੰਦੀ ਦਾ ਸ਼ਬਦ ਨਹੀਂ, ਹਿੰਦੀ ਵਿਚ ਇਸ ਲਈ ਅਤਿਯ ਯਥਾਰਥਵਾਦ ਸ਼ਬਦ ਹੈ। ਜਿਸ ਸ਼ਬਦ ਬਾਰੇ ਗਿਆਨ ਨਾ ਹੋਵੇ ਉਸ ਨੂੰ ਹਿੰਦੀ ਸੰਸਕ੍ਰਿਤ ਦਾ ਕਹਿ ਕੇ ਪੱਲਾ ਝਾੜਨਾ ਇਕ ਨਵਾਂ ਰੁਝਾਨ ਹੈ।

1 Comment

Leave a Reply

Your email address will not be published.