ਸਟੇਜ ਦੀ ਮਲਿਕਾ ਊਸ਼ਾ ਤਿਮੋਥੀ

ਸੁਰਿੰਦਰ ਸਿੰਘ ਤੇਜ
ਫੋਨ: 91-98555-01488
ਫਿਲਮ ਸੰਗੀਤ ਦੇ ਖੇਤਰ ਵਿਚ ਕੁਝ ਗਾਇਕਾਵਾਂ ਅਜਿਹੀਆਂ ਆਈਆਂ ਜਿਨ੍ਹਾਂ ਦੀ ਪਛਾਣ ਦੋਗਾਣਿਆਂ ਤਕ ਹੀ ਸੀਮਤ ਰਹੀ।  ਊਸ਼ਾ ਤਿਮੋਥੀ ਤੇ ਕਮਲ ਬਾਰੋਟ ਅਜਿਹੀਆਂ ਗਾਇਕਾਵਾਂ ਵਿਚ ਸ਼ੁਮਾਰ ਸਨ। ਦੋਵਾਂ ਨੇ ਫਿਲਮ ਸੰਗੀਤ ਵਿਚ ਲੰਬੀਆਂ ਪਾਰੀਆਂ ਖੇਡੀਆਂ, ਪਰ ਮੁੱਖ ਬੱਲੇਬਾਜ਼ ਦੇ ਰੂਪ ਵਿਚ ਨਹੀਂ। 10ਵੇਂ ਜਾਂ 11ਵੇਂ ਨੰਬਰ ‘ਤੇ ਆਉਣ ਵਾਲੇ ਬੱਲੇਬਾਜ਼ ਦੇ ਰੂਪ ਵਿਚ ਜਿਸ ਦੀ ਜ਼ਿੰਮੇਵਾਰੀ ਸਿਰਫ ਇਕ ਸਿਰਾ ਸੁਰੱਖਿਅਤ ਰੱਖਣ ਦੇ ਰੂਪ ਵਿਚ ਹੁੰਦੀ ਹੈ, ਦੌੜਾਂ ਬਣਾਉਣ ਦੀ ਨਹੀਂ। ਊਸ਼ਾ ਤਿਮੋਥੀ ਦਾ ਦਾਅਵਾ ਹੈ ਕਿ ਉਸ ਨੇ ਹਿੰਦੀ ਫਿਲਮਾਂ ਵਿਚ ਚਾਰ ਸੌ ਤੋਂ ਵੱਧ ਗੀਤਾਂ ਤੋਂ ਇਲਾਵਾ ਭੋਜਪੁਰੀ, ਮਰਾਠੀ, ਪੰਜਾਬੀ ਤੇ ਮਲਿਆਲਮ ਵਿਚ ਚਾਰ ਹਜ਼ਾਰ ਤੋਂ ਵੱਧ ਗੀਤ ਗਾਏ ਪਰ ਇਨ੍ਹਾਂ ਵਿਚੋਂ ਸਿਰਫ ਇੱਕ ਦਰਜਨ ਗੀਤ ਹੀ ਅਜਿਹੇ ਹਨ ਜਿਨ੍ਹਾਂ ਨੇ ਸੰਗੀਤ ਪ੍ਰੇਮੀਆਂ ਦੇ ਜ਼ਿਹਨ ਵਿਚ ਥਾਂ ਬਣਾਈ। ‘ਜਬ ਜਬ ਬਹਾਰ ਆਈ ਔਰ ਫੂਲ ਮੁਸਕਰਾਏ’ (ਤਕਦੀਰ), ‘ਤਕਦੀਰ ਨੇ ਕਿਆ ਅੰਗੜਾਈ ਲੀ’ (ਸੁਨਹਿਰੇ ਕਦਮ), ‘ਲੰਡਨ ਪੈਰਿਸ ਘੂਮ ਕੇ ਦੇਖੇ’ (ਪਰਿਵਾਰ), ‘ਮੈਂ ਹੂ ਸਾਮਨੇ ਤੂ ਮੇਰੇ ਸਾਮਨੇ’ (ਕਾਂਚ ਔਰ ਹੀਰਾ) ਗੀਤ ਅਜਿਹੇ ਹਨ ਜਿਨ੍ਹਾਂ ਰਾਹੀਂ ਊਸ਼ਾ, ਗਾਇਕਾ ਵਜੋਂ ਹਾਜ਼ਰੀ ਲਵਾਉਣ ਵਿਚ ਕਾਮਯਾਬ ਰਹੀ।
ਇਨ੍ਹਾਂ ਸਤਰਾਂ ਦੇ ਲੇਖਕ ਨੂੰ ਊਸ਼ਾ ਤਿਮੋਥੀ ਨਾਮੀ ਗਾਇਕਾ ਵੀ ਪਿੜ ਵਿਚ ਹੋਣ ਦਾ ਪਤਾ 1975 ਵਿਚ ਰਿਲੀਜ਼ ਹੋਈ ਫਿਲਮ ‘ਜਾਨ ਹਾਜ਼ਿਰ ਹੈ’ ਤੋਂ ਲੱਗਾ। ਨਿਰਮਾਤਾ ਨਿਰਦੇਸ਼ਕ ਵਿਜੈ ਆਨੰਦ ਵੱਲੋਂ ਨਵੀਂ ਪੀੜ੍ਹੀ ਨੂੰ ਮੌਕਾ ਦੇਣ ਲਈ ਸਥਾਪਤ ਕੀਤੇ ਬੈਨਰ ‘ਕੇਤਨਵ’ (ਨਵਕੇਤਨ ਦਾ ਉਲਟਾ ਰੂਪ) ਵਿਚ ਊਸ਼ਾ ਨੇ ਅਮਿਤ ਕੁਮਾਰ (ਕਿਸ਼ੋਰ ਕੁਮਾਰ ਦੇ ਬੇਟੇ) ਨਾਲ ‘ਅਰੇ ਮੇਰੀ ਛਮਕ ਛੱਲੋ’ ਗੀਤ ਗਾਇਆ। ਸੰਗੀਤ ਜੈ ਕੁਮਾਰ ਪਾਤਰੇ (ਕਲਿਆਣ ਜੀ ਆਨੰਦ ਜੀ ਦੇ ਚੀਫ ਅਸਿਸਟੈਂਟ) ਅਤੇ ਗੀਤ ਸ਼ੈਲੀ ਸ਼ੈਲੇਂਦਰ (ਮਰਹੂਮ ਗੀਤਕਾਰ ਸ਼ੈਲੇਂਦਰ ਦਾ ਬੇਟਾ) ਦੇ ਸਨ। ਉਦੋਂ ਜਾਪਿਆ ਕਿ ਊਸ਼ਾ ਤਿਮੋਥੀ ਨਵੀਂ ਗਾਇਕਾ ਹੈ। ਬਾਅਦ ਵਿਚ ਪਤਾ ਲੱਗਿਆ ਕਿ ਉਹ 1962 ਤੋਂ ਫਿਲਮ ਸੰਗੀਤ ਦੇ ਖੇਤਰ ‘ਚ ਸਰਗਰਮ ਸੀ ਅਤੇ 1975 ਤਕ 100 ਦੇ ਕਰੀਬ ਹਿੰਦੀ ਫਿਲਮ ਗੀਤ ਗਾ ਚੁੱਕੀ ਸੀ।
ਨਾਗਪੁਰ ਦੇ ਈਸਾਈ ਪਰਿਵਾਰ ਵਿਚ 1949 ਵਿਚ ਜਨਮੀ ਊਸ਼ਾ ਤਿਮੋਥੀ ਨੇ ਪੰਜ ਸਾਲ ਦੀ ਉਮਰ ਵਿਚ ਸਟੇਜਾਂ ਉੱਪਰ ਹਿੰਦੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। ਸੰਗੀਤ ਦਾ ਸ਼ੌਕ ਉਸ ਨੂੰ ਆਪਣੇ ਵੱਡੇ ਭਰਾ ਮਧੂਸੂਦਨ ਤਿਮੋਥੀ ਤੋਂ ਲੱਗਿਆ ਜੋ ਹਿੰਦੀ ਫਿਲਮ ਜਗਤ ਵਿਚ ਆਪਣੇ ਪੈਰ ਜਮਾਉਣਾ ਚਾਹੁੰਦਾ ਸੀ। ਮਧੂਸੂਦਨ ਆਪਣਾ ਸ਼ੌਕ ਗਾਇਕ ਦੇ ਰੂਪ ਵਿਚ ਤਾਂ ਪੂਰਾ ਨਾ ਕਰ ਸਕਿਆ, ਪਰ ਗਿਟਾਰਿਸਟ ਦੇ ਰੂਪ ਵਿਚ ਕਲਿਆਣਜੀ-ਆਨੰਦਜੀ ਦੇ ਆਰਕੈਸਟਰਾ ਦਾ ਹਿੱਸਾ ਜ਼ਰੂਰ ਬਣ ਗਿਆ। ਉਸ ਦੇ ਜ਼ਰੀਏ ਹੀ ਇਸ ਸੰਗੀਤਕਾਰ ਜੋੜੀ ਦਾ ਊਸ਼ਾ ਦੀ ਸੁਰੀਲੀ ਆਵਾਜ਼ ਨਾਲ ਤੁਆਰੁਫ ਹੋਇਆ ਅਤੇ ਇਹ ਤੁਆਰੁਫ 1963 ਵਿਚ ‘ਹਿਮਾਲਿਆ ਕੀ ਗੋਦ ਮੇਂ’ ਦੇ ਗੀਤ ‘ਤੂ ਰਾਤ ਖੜ੍ਹੀ ਥੀ ਛੱਤ ਪੇ’ ਦੀ ਰਿਕਾਰਡਿੰਗ ਵਿਚ ਬਦਲ ਗਿਆ। ਉਂਝ, ਉਦੋਂ ਤਕ ਊਸ਼ਾ ਤਿਮੋਥੀ ਨੂੰ ਰਿਕਾਰਡਿੰਗ ਸਟੂਡੀਓ ਵਿਚ ਗੀਤ ਰਿਕਾਰਡ ਕਰਵਾਉਣ ਦਾ ਤਜਰਬਾ ਹੋ ਚੁੱਕਾ ਸੀ। ਇਹ ਤਜਰਬਾ ਨਿਰਮਾਤਾ ਨਿਰਦੇਸ਼ਕ ਆਦਰਸ਼ ਦੀ ਫਿਲਮ ‘ਦੁਰਗਾ ਪੂਜਾ’ ਵਿਚ 60 ਲਾਈਨਾਂ ਦੇ ਸੰਸਕ੍ਰਿਤ ਸ਼ਲੋਕ ਦੇ ਰੂਪ ਵਿਚ ਸੀ। ਫਿਲਮ ਦਾ ਸੰਗੀਤ ਪੰਡਿਤ ਸ਼ਿਵਰਾਮ ਦਾ ਸੀ ਜਿਨ੍ਹਾਂ ਤੋਂ ਊਸ਼ਾ ਸ਼ਾਸਤਰੀ ਗਾਇਨ ਦੀ ਸਿੱਖਿਆ 11 ਸਾਲਾਂ ਦੀ ਉਮਰ ਤੋਂ ਲੈਂਦੀ ਆ ਰਹੀ ਸੀ।
ਊਸ਼ਾ ਤਿਮੋਥੀ ਦੀ ਸ਼ਖ਼ਸੀਅਤ ਨਿਖਰੀ ਹੋਈ ਸੀ ਅਤੇ ਸਟੇਜ ਪ੍ਰੈਜ਼ੈਂਸ ਕਮਾਲ ਦੀ ਸੀ।  ਧ੍ਵਨੀ-ਗੁਣਾਂ (ਟਿੰਬਰ) ਪੱਖੋਂ  ਉਸ ਦੀ ਆਵਾਜ਼ ਨੂੰ ਲਤਾ ਤੇ ਆਸ਼ਾ ਦਾ ਸੁਮੇਲ ਵੀ ਕਿਹਾ ਜਾ ਸਕਦਾ ਹੈ ਪਰ ਇਹ ਆਵਾਜ਼ ਇੰਨੀ ਦਮਦਾਰ ਤੇ ਨਿਵੇਕਲੀ ਨਹੀਂ ਸੀ ਕਿ ਉਸ ਦੀ ਵੱਖਰੀ ਪਛਾਣ ਸਥਾਪਤ ਹੋ ਜਾਂਦੀ। ਮਜਬੂਰੀ ਕਹੋ ਜਾਂ ਕੁਝ ਹੋਰ, ਕਸੂਰ ਉਸ ਦਾ ਆਪਣਾ ਵੀ ਸੀ। ਉਸ ਨੇ ਸਟੇਜ ਸ਼ੋਅਜ਼ ‘ਤੇ ਲਤਾ ਅਤੇ ਆਸ਼ਾ ਦੇ ਗੀਤ ਗਾ ਗਾ ਕੇ ਵੀ ਆਪਣਾ ਅਕਸ ਵਿਗਾੜ ਲਿਆ। ਇਹੋ ਭਾਣਾ ਇੱਕ ਸਮੇਂ ਊਸ਼ਾ ਮੰਗੇਸ਼ਕਰ ਅਤੇ ਬਾਅਦ ਵਿਚ ਕੰਚਨ, ਸਾਧਨਾ ਸਰਗਮ ਤੇ ਸ਼ੈਲਜਾ ਬਾਜਪਾਈ ਨਾਲ ਵੀ ਵਾਪਰਿਆ। ਸ਼ਮਸ਼ਾਦ ਬੇਗ਼ਮ ਨੇ ਊਸ਼ਾ ਤਿਮੋਥੀ ਨੂੰ ਸਲਾਹ ਦਿੱਤੀ ਸੀ, ‘ਬੇਟਾ, ਦਮ ਕੇ ਸਾਥ ਗਾਓ!’ ਪਰ ਊਸ਼ਾ ਨੇ ਸਲਾਹ ਗੰਭੀਰਤਾ ਨਾਲ ਨਹੀਂ ਲਈ।
ਇਹ ਨਹੀਂ ਕਿ ਉਸ ਨੂੰ ਆਪਣੇ ਗਲੇ ਦੀ ਸ਼ਾਇਸਤਗੀ ਤੇ ਲੋਚ ਦਿਖਾਉਣ ਦੇ ਮੌਕੇ ਹੀ ਨਹੀਂ ਮਿਲੇ। ਸੰਗੀਤਕਾਰ ਬਾਬੂ ਸਿੰਘ ਨੇ ‘ਵਿਦਿਆਰਥੀ’ (1966) ਵਿਚ ਉਸ ਪਾਸੋਂ ਤਿੰਨ ਸੋਲੋ ਗਵਾਏ। ਇਨ੍ਹਾਂ ਵਿਚੋਂ ‘ਫਰੌਮ ਦਿ ਕੋਰ ਆਫ ਮਾਈ ਹਾਰਟ’ ਅੰਗਰੇਜ਼ੀ ਵਿਚ ਸੀ। ਬਾਬੂ ਸਿੰਘ ਨੇ ਹੀ ‘ਸੋਲ੍ਹਾ ਸ਼ਿੰਗਾਰ ਕਰੇ ਦੁਲਹਨੀਆ’ ਵਿਚ ਉਸ ਤੋਂ ਤਿੰਨ ਹੋਰ ਸੋਲੋ ਗਵਾਏ। ਇਨ੍ਹਾਂ ਵਿਚੋਂ ਇਕ ‘ਟਪਕ ਟਪਕ ਬੂੰਦ ਲੋਰੀ’ ਨਿਹਾਇਤ ਖੂਬਸੂਰਤ ਕੰਪੋਜ਼ੀਸ਼ਨ ਹੈ। ਇੰਝ ਹੀ ਸੰਗੀਤ ਸਰਦਾਰ ਮਲਿਕ (ਅਨੂ ਮਲਿਕ ਦੇ ਪਿਤਾ) ਨੇ ‘ਰਾਨੀ ਪਦਮਿਨੀ’ (1965) ਦੇ ਗੀਤ ‘ਨਟਖਟ ਪਰੇ ਹੱਟ, ਛੋੜ ਛੋੜ’ ਰਾਹੀਂ ਊਸ਼ਾ ਤਿਮੋਥੀ ਦੀ ਆਵਾਜ਼ ਅੰਦਰਲੇ ਸੁਹਜ ਨੂੰ ਉਭਾਰਨ ਦਾ ਯਤਨ ਕੀਤਾ ਪਰ ਇਹ ਖੂਬਸੂਰਤ ਗੀਤ ਵੀ ਫਿਲਮ ਦੇ ਫਲੌਪ ਹੋਣ ਕਾਰਨ ਗੁਮਨਾਮੀ ਦੀ ਗਰਤ ਵਿਚ ਗੁਆਚ ਗਿਆ। ਕਲਿਆਣਜੀ-ਆਨੰਦਜੀ ਨੇ ‘ਉਲਝਨ’ (1975) ਵਿਚ ਊਸ਼ਾ ਤੋਂ ‘ਹੋ ਬੈਰੀ ਸਈਆਂ ਕੀ ਨਜ਼ਰੀਆ’ ਗਵਾਇਆ। ਇਹ ਹੁਣ ਵੀ ਵਿਵਿਧ ਭਾਰਤੀ ‘ਤੇ ਕਦੇ ਕਦੇ ਵੱਜਦਾ ਹੈ। ਊਸ਼ਾ ਨੇ ਕਈ ਪੰਜਾਬੀ ਫਿਲਮੀ ਗੀਤ ਗਾਏ। ‘ਕਣਕਾਂ ਦੇ ਓਹਲੇ’ (1971) ਦਾ ਆਸ਼ਾ ਭੋਸਲੇ ਨਾਲ ਗਾਇਆ ਗੀਤ ‘ਸਹੁਰੇ ਆ ਕੇ ਜਿੰਦ ਰੁਲ ਗਈ’ ਅੱਜ ਵੀ ਸੰਗੀਤ ਪ੍ਰੇਮੀਆਂ ਨੂੰ ਯਾਦ ਹੈ। ਫਿਲਮ ਦਾ ਸੰਗਤ ਸਪਨ ਜਗਮੋਹਨ ਦਾ ਸੀ। ਇਸੇ ਫਿਲਮ ਵਿਚ ਉਸ ਦਾ ਰਫ਼ੀ ਨਾਲ ਦੋਗਾਣੇ ‘ਕਣਕਾਂ ਦੇ ਓਹਲੇæææਕਣਕਾਂ ਦੇ ਓਹਲੇ’, ‘ਨੀ ਚੰਬੇ ਦੀਏ ਡਾਲੀਏ ਨੀ’ ਵੀ ਚਰਚਿਤ ਰਹੇ।

Be the first to comment

Leave a Reply

Your email address will not be published.