ਜਤਿੰਦਰ ਮੌਹਰ
ਫੋਨ: 91-97799-34747
ਅਮਰੀਕੀ ਅਦਾਕਾਰਾ ਸੁਸੇਨ ਸਰੈਨਡਨ ਨੇ ਗੋਆ ਵਿਖੇ ਹੋਏ ਭਾਰਤ ਦੇ ਚੁਤਾਲੀਵੇਂ ਕੌਮਾਂਤਰੀ ਫ਼ਿਲਮ ਮੇਲੇ ਵਿਚ ਸ਼ਿਰਕਤ ਕੀਤੀ। ਉਹਨੇ ਦਰਸ਼ਕਾਂ ਨਾਲ ਸਿਨੇਮਾ, ਸਮਾਜ ਅਤੇ ਸਿਆਸਤ ਨਾਲ ਜੁੜੇ ਸਰੋਕਾਰਾਂ ਬਾਬਤ ਨੁਕਤੇ ਸਾਂਝੇ ਕੀਤੇ। ਵਾਰਤਾਕਾਰ ਟੀæਵੀæ ਪੱਤਰਕਾਰ ਬਰਖਾ ਦੱਤ ਸੀ। ਸੁਸੇਨ ਸਰੈਨਡਨ ਹਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ ਵਿਚੋਂ ਇਕ ਹੈ। ‘ਡੈੱਡ ਮੈਨ ਵਾਕਿੰਗ’, ‘ਥੈਲਮਾ ਐਂਡ ਲੂਈਸ’ ਅਤੇ ‘ਸਟੈਪਮੌਮ’ ਉਹਦੀਆਂ ਮਸ਼ਹੂਰ ਫ਼ਿਲਮਾਂ ਹਨ। ਉਹ ਅਮਰੀਕੀ ਫ਼ਿਲਮ ਸਨਅਤ ਦੇ ਵੱਕਾਰੀ ਆਸਕਰ ਖ਼ਿਤਾਬ ਲਈ ਪੰਜ ਵਾਰ ਨਾਮਜ਼ਦ ਹੋਈ। ‘ਡੈੱਡ ਮੈਨ ਵਾਕਿੰਗ’ ਲਈ ਉਹਨੂੰ ਆਸਕਰ ਖ਼ਿਤਾਬ ਮਿਲਿਆ। ਉਹ ਇਸ ਖ਼ਿਤਾਬ ਨੂੰ ਵਧੇਰੇ ਅਹਿਮ ਨਹੀਂ ਮੰਨਦੀ। ਉਹਦਾ ਕਹਿਣਾ ਹੈ ਕਿ ਇਹ ਖ਼ਿਤਾਬ ਪੈਸੇ ਅਤੇ ਸਮੇਂ ਦੀ ਬਰਬਾਦੀ ਹੈ। ਆਮ ਤੌਰ ‘ਤੇ ਇਹ ਕਲਾਕਾਰਾਂ ਨੂੰ ਬਿਹਤਰੀਨ ਕੰਮ ਦੀ ਥਾਂ ਔਸਤ ਕੰਮ ਲਈ ਦਿੱਤਾ ਜਾਂਦਾ ਰਿਹਾ ਹੈ। ਉਹ ਅਮਰੀਕੀ ਅਦਾਕਾਰ ਐਲ ਪਚੀਨੋ ਨੂੰ ਇਹਦੀ ਉਘੜਵੀਂ ਮਿਸਾਲ ਗਿਣਦੀ ਹੈ। ਸ਼ਾਇਦ ਇਸੇ ਕਰ ਕੇ ਸੁਸੇਨ ਨੇ ਆਸਕਰ ਦੀ ਟਰਾਫੀ ਹੋਰ ਖ਼ਿਤਾਬਾਂ ਦੇ ਨਾਲ ਗੁਸਲਖਾਨੇ ਵਿਚ ਰੱਖੀ ਹੋਈ ਹੈ।
ਸੁਸੇਨ ਨੇ 24 ਦਸਤਾਵੇਜ਼ੀ ਫ਼ਿਲਮਾਂ ਲਈ ਆਵਾਜ਼ ਦਿੱਤੀ ਹੈ। ਇਨ੍ਹਾਂ ਵਿਚੋਂ ਬਹੁਤੀਆਂ ਫ਼ਿਲਮਾਂ ਸਿਆਸੀ-ਸਮਾਜਕ ਮੁੱਦਿਆਂ ਨਾਲ ਸੰਬੰਧਤ ਹਨ। ਇਨ੍ਹਾਂ ਮੁੱਦਿਆਂ ਬਾਬਤ ਉਹਦੀਆਂ ਟਿੱਪਣੀਆਂ ਅਤੇ ਸਰਗਰਮ ਕਾਰਕੁਨ ਦੇ ਰੂਪ ਵਿਚ ਉਹਦੀ ਚਰਚਾ ਛਿੜਦੀ ਰਹਿੰਦੀ ਹੈ। ਸੁਸੇਨ ਦੀ ਨਜ਼ਰ ਵਿਚ ਮੁਲਕਪ੍ਰਸਤ ਨਾਗਰਿਕ ਦਾ ਅਰਥ ਉਸ ਬੰਦੇ ਤੋਂ ਹੈ ਜੋ ਜਮਹੂਰੀਅਤ ਦਾ ਹਿੱਸਾ ਹੁੰਦਾ ਹੋਇਆ ਹੱਕ ਨਾਲ ਸਵਾਲ ਕਰਨ ਜਾਣਦਾ ਹੈ। ਉਹਦਾ ਬੇਬਾਕ ਬਿਆਨ ਸੀ ਕਿ ਬਰਾਕ ਓਬਾਮਾ ਅਮਨ ਦੇ ਨੋਬੈੱਲ ਇਨਾਮ ਦੇ ਲਾਇਕ ਨਹੀਂ ਹੈ। ਅਜਿਹੇ ਇਨਾਮਾਂ ਨਾਲ ਜੰਗਬਾਜ਼ਾਂ ਨੂੰ ਹੋਰ ਤਬਾਹੀ ਮਚਾਉਣ ਦੀ ਸ਼ਹਿ ਮਿਲਦੀ ਹੈ। ਸੁਸੇਨ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਸਿਆਸੀ-ਸਮਾਜਕ ਬਹਿਸ ਦਾ ਘੇਰਾ ਲਗਾਤਾਰ ਸੁੰਗੜ ਰਿਹਾ ਹੈ। ਬੇਬਾਕ ਸਵਾਲ ਪੁੱਛਣ ਵਾਲੇ ਨੂੰ ਕੰਨੀ ਉਤੇ ਧੱਕੇ ਜਾਣ ਦਾ ਖ਼ਤਰਾ ਰਹਿੰਦਾ ਹੈ। ਅਮਰੀਕੀ ਮੀਡੀਆ ਉਪਰਲਿਆਂ ਦੇ ਕਬਜ਼ੇ ਹੇਠ ਹੈ ਅਤੇ ਇਹਦੀ ਭੂਮਿਕਾ ਬੇਹੱਦ ਸ਼ੱਕੀ ਹੈ। 9/11 ਹਾਦਸੇ ਨੇ ਹਾਲਾਤ ਨੂੰ ਹੋਰ ਬਦਤਰ ਕਰ ਦਿੱਤਾ ਹੈ। ਹੁਣ ਤਾਂ ਅਮਰੀਕੀ ਲੋਕ ਵਾਤਾਵਰਣ ਬਾਰੇ ਸਵਾਲ ਪੁੱਛਣ ਜੋਗੇ ਹੀ ਰਹਿ ਗਏ ਹਨ। ਉਹ ਵੀ ਸੀਮਤ ਘੇਰੇ ਵਿਚ ਹੀ ਪੁੱਛੇ ਜਾ ਸਕਦੇ ਹਨ। ਉਹਦੇ ਮੁਤਾਬਕ ਕਾਰੋਬਾਰ ਪੱਖੋਂ ਅਮਰੀਕਾ ਜੰਗ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਅਮਰੀਕੀ ਸਿਨੇਮਾ ਦੂਜੇ ਨੰਬਰ ‘ਤੇ ਆਉਂਦਾ ਹੈ। ਸੁਸੇਨ ਇਰਾਕ ਵਿਰੁਧ ਜੰਗ ਦੇ ਵੱਡੇ ਆਲੋਚਕਾਂ ਵਿਚੋਂ ਹੈ। ਸੰਨ 2007 ਵਿਚ ਉਹਨੇ ਅਦਾਕਾਰ ਟਿਮ ਰੌਬਿਨਜ਼ ਅਤੇ ਜੇਨ ਫੌਂਡਾ ਨਾਮ ਮਿਲ ਕੇ ਵਾਸ਼ਿੰਗਟਨ ਵਿਚ ਹੋਈ ਜੰਗ ਵਿਰੋਧੀ ਰੈਲੀ ਵਿਚ ਸਰਗਰਮ ਹਿੱਸਾ ਲਿਆ। ਉਹ ਵਾਲ ਸਟਰੀਟ ਉਤੇ ਕਬਜ਼ੇ ਦੀ ਲਹਿਰ ਦੀ ਹਮਾਇਤੀ ਹੈ। ਉਹਨੇ ਸੰਨ 2011 ਵਿਚ ਮੌਤ ਦੀ ਸਜ਼ਾ ਦੇ ਹੱਕ ਵਿਚ ਲਏ ਪੋਪ ਦੇ ਪੈਂਤੜੇ ਦੀ ਮੁਖਾਲਫਤ ਕੀਤੀ ਅਤੇ ਪੋਪ ਨੂੰ ਨਾਜ਼ੀ ਦੀ ਸੰਗਿਆ ਦਿੱਤੀ ਸੀ। ਉਹਦੀ ਫ਼ਿਲਮ ‘ਡੈੱਡ ਮੈਨ ਵਾਕਿੰਗ’ ਮੌਤ ਦੀ ਸਜ਼ਾ ਦੇ ਮੁੱਦੇ ਬਾਬਤ ਬਣੀ ਪ੍ਰੇਮ ਕਹਾਣੀ ਹੈ। ਸਮਾਜਕ ਸਰਗਰਮੀ ਜਾਰੀ ਰੱਖਦਿਆਂ ਸੁਸੇਨ ਨੇ ਅਮਾਂਡੋ ਡੀਆਲੋ ਕੇਸ ਵਿਚ ਨਿਊ ਯਾਰਕ ਪੁਲਿਸ ਨੂੰ ਕਰੜੇ ਹੱਥੀਂ ਲਿਆ। ਪਰਵਾਸੀ ਅਮਾਂਡੋ ਨੂੰ ਸੰਨ 1999 ਵਿਚ ਚਾਰ ਸਫ਼ੇਦਪੋਸ਼ ਪੁਲਸੀਆਂ ਨੇ ਗੋਲੀਆਂ ਨਾਲ ਮਾਰ ਦਿਤਾ ਸੀ।
ਸੁਸੇਨ ਨੂੰ ਨਿੱਗਰ ਔਰਤ-ਕਿਰਦਾਰ ਨਿਭਾਉਣ ਲਈ ਯਾਦ ਕੀਤਾ ਜਾਂਦਾ ਹੈ ਪਰ ਉਹ ਨਾਰੀਵਾਦੀ ਕਹਾਉਣ ਨਾਲੋਂ ਮਨੁੱਖਤਾਵਾਦੀ ਕਹਾਉਣਾ ਪਸੰਦ ਕਰਦੀ ਹੈ। ਸੁਸੇਨ ਨੂੰ ਨਾਰੀਵਾਦੀ ਸ਼ਬਦ ਪੁਰਾਣੇ ਸਮਿਆਂ ਦਾ ਲੱਗਦਾ ਹੈ ਜੋ ਔਰਤ ਦੀ ਹੋਂਦ ਨੂੰ ਘਟਾ ਕੇ ਦੇਖਣ ਬਰਾਬਰ ਹੈ। ਉਹ ਹਾਲੀਵੁੱਡ ਫ਼ਿਲਮ ਸਨਅਤ ਨੂੰ ਲਿੰਗ ਵਿਤਕਰੇ ਦੀ ਥਾਂ ਮੰਨਦੀ ਹੈ। ਉਸ ਮੁਤਾਬਕ, “ਹੁਣ ਮਰਦਾਂ ਦੀ ਥਾਂ ਬੈਂਕਾਂ ਨੇ ਲੈ ਲਈ ਹੈ।” ਉਹਦੀ ਫ਼ਿਲਮ ‘ਥੈਲਮਾ ਐਂਡ ਲੂਈਸ’ ਤਿੱਖੀ ਨਾਰੀਵਾਦੀ ਫ਼ਿਲਮ ਵਜੋਂ ਜਾਣੀ ਜਾਂਦੀ ਹੈ। ਇਸ ਪ੍ਰਸੰਗ ਵਿਚ ਉਹਦਾ ਕਹਿਣਾ ਹੈ ਕਿ ਇਸ ਫ਼ਿਲਮ ਵਿਚ ਉਹਦਾ ਕਿਰਦਾਰ ਬੌਂਦਲਿਆ ਹੋਇਆ ਹੈ, ਜਿਹਦੀਆਂ ਨਸਾਂ ਫਟਣ ਕੰਢੇ ਹਨ। ਇਸ ਹਾਲਤ ਵਿਚ ਔਰਤ ਜੋ ਕਰ ਸਕਦੀ ਹੈ, ਉਹੀ ਫ਼ਿਲਮ ਵਿਚ ਉਹਦਾ ਕਿਰਦਾਰ ਕਰ ਰਿਹਾ ਹੈ। ਇਹਦੇ ਅਰਥ ਮਨਮਰਜ਼ੀ ਦੇ ਲਏ ਜਾ ਸਕਦੇ ਹਨ। ਇਹਨੂੰ ਤੁਸੀਂ ਨਿੱਗਰ ਔਰਤ-ਕਿਰਦਾਰ ਜਾਂ ਕੁਝ ਹੋਰ ਮੰਨ ਸਕਦੇ ਹੋ। ਗੋਆ ਫ਼ਿਲਮ ਮੇਲੇ ਵਿਚ ਸਤਾਹਟ ਸਾਲਾ ਅਦਾਕਾਰਾ ਸੁਸੇਨ ਧਾਰਨਾਵਾਂ ਬਾਬਤ ਆਪਣੀ ਪਹੁੰਚ ਨੂੰ ਸਾਫ਼ਗੋਈ ਨਾਲ ਬਿਆਨ ਕਰ ਰਹੀ ਸੀ ਪਰ ਅਚਾਨਕ ਰੂ-ਬ-ਰੂ ਸਮਾਗਮ ਵਿਚ ਰੌਲਾ ਪੈ ਗਿਆ। ਕੁਝ ‘ਕਾਹਲੇ ਫ਼ਿਲਮੀ ਲੋਕ’ ਉੱਚੀ ਆਵਾਜ਼ ਵਿਚ ਬਰਖਾ ਦੱਤ ਨੂੰ ਕੋਸਣ ਲੱਗੇ। ਉਹ ਬਰਖਾ ਵਲੋਂ ਸੁਸੇਨ ਨੂੰ ਸਿਆਸੀ-ਸਮਾਜਕ ਸਵਾਲ ਪੁੱਛਣ ‘ਤੇ ਔਖੇ ਸਨ। ਉਹ ਤਾਂ ਸਿਰਫ਼ ਅਦਾਕਾਰੀ ਬਾਰੇ ਜਾਣਨ ਆਏ ਸਨ! ਹਾਲ ਵਿਚ ਮੌਜੂਦ ਇਨ੍ਹਾਂ ‘ਕਾਹਲੇ ਫ਼ਿਲਮੀਆਂ’ ਵਿਚੋਂ ਸਭ ਤੋਂ ਉੱਚੀ ਸੁਰ ਵਿਚ ਬੋਲਣ ਵਾਲੇ ਨੇ ਸੁਸੇਨ ਨੂੰ ਕਿਹਾ ਕਿ ਸਾਨੂੰ ਅਦਾਕਾਰੀ ਦੀਆਂ ਤਰਕੀਬਾਂ ਸਮਝਾਉ। ਸੁਸੇਨ ਦਾ ਕਹਿਣਾ ਸੀ ਕਿ ਅਦਾਕਾਰੀ ਕੋਈ ਰਾਕਟ-ਵਿਗਿਆਨ ਨਹੀਂ ਹੈ। ਬਿਹਤਰ ਅਦਾਕਾਰ ਹੋਣ ਲਈ ਚੰਗਾ ਸਰੋਤਾ, ਪਾਰਖੂ ਅਤੇ ਦਰਦਮੰਦ ਹੋਣਾ ਜ਼ਰੂਰੀ ਹੈ। ਇਨ੍ਹਾਂ ਵਿਚੋਂ ਸਭ ਤੋਂ ਉੱਪਰ ਦਰਦਮੰਦੀ ਦਾ ਅਹਿਸਾਸ ਹੈ ਜੋ ਬੰਦੇ ਨੂੰ ਗਹਿਰਾ ਕਲਾਕਾਰ ਬਣਾਉਂਦਾ ਹੈ। ਇਹੀ ਗੁਣ ਸਿਆਸੀ-ਸਮਾਜਕ ਕਾਰਕੁਨ ਵਿਚ ਹੋਣੇ ਜ਼ਰੂਰੀ ਹਨ। ਸ਼ਾਇਦ ‘ਕਾਹਲੇ ਫ਼ਿਲਮੀਆਂ’ ਲਈ ਇਹ ਢੁੱਕਵਾਂ ਜਵਾਬ ਸੀ ਜੋ ਕਲਾ ਨੂੰ ਸਮਾਜ ਅਤੇ ਸਿਆਸਤ ਤੋਂ ਨਿਖੇੜ ਕੇ ਦੇਖਦੇ ਹਨ; ਜਿਨ੍ਹਾਂ ਨੇ ਕਾਹਲੇ ਸਰੋਤੇ ਅਤੇ ਪਾਰਖੂ ਹੋਣ ਦਾ ਸਬੂਤ ਦਿੱਤਾ।
ਅਗਲਾ ਸਵਾਲ ਰੰਗਮੰਚ ਦੀ ਅਦਾਕਾਰੀ ਅਤੇ ਫ਼ਿਲਮ ਅਦਾਕਾਰੀ ਵਿਚ ਫਰਕ ਦੱਸਣ ਬਾਬਤ ਸੀ। ਸੁਸੇਨ ਦਾ ਜਵਾਬ ਸੀ, “ਉਹੀ ਫਰਕ ਹੈ ਜੋ ਸੱਚੇ ਪਿਆਰ ਦੇ ਅਹਿਸਾਸ ਨਾਲ ਕੀਤੇ ਸੰਭੋਗ ਅਤੇ ਹੱਥਰਸੀ ਵਿਚ ਹੁੰਦਾ ਹੈ।” ਇਸ ‘ਤੇ ‘ਕਾਹਲੇ ਫ਼ਿਲਮੀਆਂ’ ਨੇ ਰੱਜ ਕੇ ਤਾੜੀਆਂ ਮਾਰੀਆਂ। ਸ਼ਾਇਦ ਉਹ ਕੁਝ ਅਜਿਹਾ ਹੀ ਸੁਣਨ ਆਏ ਹੋਣ? ਬਰਖਾ ਨੇ ਤੱਤਿਆਂ ਦਾ ਗਰਮਜੋਸ਼ ਹੁੰਗਾਰਾ ਦੇਖ ਕੇ ਕਿਹਾ, “ਸੁਸੇਨ ਦਾ ਇਹ ਜਵਾਬ ਬਾਕੀ ਸਾਰੇ ਸੰਵਾਦ ‘ਤੇ ਭਾਰੀ ਪਵੇਗਾ ਤੇ ਇਹ ਜਵਾਬ ਕਿਤੇ ਰੂ-ਬ-ਰੂ ਸਮਾਗਮ ਦਾ ‘ਹਾਸਲ’ ਨਾ ਸਾਬਤ ਹੋ ਜਾਵੇ?”
ਸੁਸੇਨ ਦਾ ਹੇਰਵਾ ਸੀ ਕਿ ਅਮਰੀਕਾ ਵਿਚ ਸਿਆਸੀ-ਸਮਾਜਕ ਮੁੱਦਿਆਂ ‘ਤੇ ਬੋਲਣਾ ਭਾਰਤ ਜਿੰਨਾ ਸੌਖਾ ਨਹੀਂ ਹੈ। (ਭਾਰਤ ‘ਚ ਵੀ ਅਜਿਹੇ ਮੁੱਦਿਆਂ ਬਾਬਤ ਸੰਵਾਦ ਦੀਆਂ ਸੰਭਾਵਨਾਵਾਂ ਘਟ ਰਹੀਆਂ ਹਨ) ਫ਼ਿਲਮ ਮੇਲੇ ਦੇ ‘ਕਾਹਲੇ ਫਿਲਮੀਆਂ’ ਨੇ ਇਸ਼ਾਰਾ ਦੇ ਦਿੱਤਾ ਕਿ ਉਹ ਇਨ੍ਹਾਂ ਮੁੱਦਿਆਂ ਬਾਰੇ ਬੋਲਣਾ ਤਾਂ ਕੀ, ਸੁਣਨਾ ਵੀ ਪਸੰਦ ਨਹੀਂ ਕਰਦੇ; ਭਾਵੇਂ ਉਹ ਸੁਸੇਨ ਜਿਹੀ ਬਿਹਤਰੀਨ ਅਦਾਕਾਰਾ ਹੀ ਕਿਉਂ ਨਾ ਬੋਲ ਰਹੀ ਹੋਵੇ।
Leave a Reply