ਲਕੀਰਾਂ

ਅਨੁਰਾਧਾ ਦੀ ਕਹਾਣੀ ‘ਲਕੀਰਾਂ’ ਵਿਚ ਥਾਂ-ਥਾਂ ਸੱਚ ਦੇ ਝਲਕਾਰੇ ਪੈਂਦੇ ਹਨ। ਇਸ ਵਿਚ ਕੁੜੀ ਹੋਣ ਦਾ ਦਰਦ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ। ਕਮਾਲ ਇਹ ਹੈ ਕਿ ਲੇਖਕਾ ਨੇ ਇਸ ਦਰਦ ਨੂੰ ਸਹਿਜ-ਸੁਭਾਅ ਅੱਗੇ ਲਿਆ ਰੱਖਿਆ ਹੈ। ਸ਼ਬਦਾਂ ਦੀ ਜੜਤ ਨੇ ਇਸ ਕਹਾਣੀ ਵਿਚ ਹੋਰ ਵੀ ਖੁਸ਼ਬੂ ਭਰ ਦਿੱਤੀ ਹੈ। ਲਗਦਾ ਹੈ ਜਿਵੇਂ ਚਾਸ਼ਨੀ ਘੁਲੀ ਹੋਈ ਹੈ।-ਸੰਪਾਦਕ

ਅਨੁਰਾਧਾ
ਫੋਨ: 91-1862-262029
“ਨਾਨੀ ਮਾਂ ਨਾਨੀ ਮਾਂ, ਦੇਖੋ ਤੋ ਉਸ ਲੜਕੇ ਨੇ ਮੇਰੀ ਬੋਟਸ ਖਰਾਬ ਕਰ ਦੀਂ”, ਸਾਰਾਹ ਦੀ ਰੋਣੀ ਆਵਾਜ਼ ਨੇ ਮੇਰੀ ਮਮਤਾ ਨੂੰ ਹਲੂਣਿਆ। ਫਰਵਰੀ ਮਹੀਨੇ ਦੀ ਸਿੱਲ੍ਹੀ ਹੁੰਮਸ ਭਰੀ ਸ਼ਾਮ। ਥੋੜ੍ਹਾ ਚਿਰ ਪਹਿਲਾਂ ਮੋਹਲੇਧਾਰ ਵਰਖਾ ਹੋ ਕੇ ਹਟੀ ਸੀ। ਜਿੰਨਾ ਚਿਰ ਮੀਂਹ ਪੈਂਦਾ ਰਿਹਾ, ਸਾਰਾਹ ਪੁਰਾਣੇ ਅਖ਼ਬਾਰਾਂ ਵਿਚੋਂ ਤਸਵੀਰਾਂ ਵਾਲੇ ਵਰਕੇ ਛਾਂਟ ਕੇ ਲਿਆਂਦੀ ਰਹੀ ਤੇ ਅਸੀਂ ਦੋਹਾਂ ਨੇ ਕਾਗਜ਼ ਦੀਆਂ ਬਹੁਤ ਸਾਰੀਆਂ ਬੇੜੀਆਂ ਬਣਾ ਲਈਆਂ ਸਨ। ਨਿੱਕੀਆਂ-ਨਿੱਕੀਆਂ, ਵੱਡੀਆਂ-ਵੱਡੀਆਂ। ਹੁਣ ਸਾਡੇ ਕੋਲ ਕਰਨ ਨੂੰ ਕੁਝ ਹੋਰ ਹੈ ਨਹੀਂ ਸੀ। ਵਰਖਾ ਵੀ ਰੁਕ ਚੁੱਕੀ ਸੀ। ਗਲੀ ਦਾ ਗਟਰ ਵਰ੍ਹਦੇ ਵਗਦੇ ਪਾਣੀ ਦੀ ਸਮਰੱਥਾ ਤੋਂ ਛੋਟਾ ਹੋਣ ਕਾਰਨ ਪਾਣੀ ਕਾਫ਼ੀ ਦੇਰ ਤੀਕ ਗਲੀ ਵਿਚ ਮਟਰਗਸ਼ਤੀ ਕਰਦਾ ਰਹਿੰਦਾ। ਸਾਰਾਹ ਉਸ ਹੌਲੀ-ਹੌਲੀ ਸਰਕਦੇ ਪਾਣੀ ਵਿਚ ਕਾਗਜ਼ ਦੀਆਂ ਬੇੜੀਆਂ ਤੈਰਾ ਰਹੀ ਸੀ ਤੇ ਜਦੋਂ ਕੋਈ ਸਾਈਕਲ ਜਾਂ ਸਕੂਟਰ ਸਾਈਡ ਤੋਂ ਲੰਘਦਾ ਤਾਂ ਪਾਣੀ ਜ਼ੋਰ ਨਾਲ ਹਿਲੋਰੇ ਲੈਂਦਾ ਤੇ ਬੇੜੀਆਂ ਹਿਚਕੋਲੇ ਖਾਣ ਲਗਦੀਆਂ। ਸਾਰਾਹ ਤਾੜੀਆਂ ਮਾਰ-ਮਾਰ ਖੁਸ਼ ਹੁੰਦੀ ਤੇ ਸੁੱਕੀ ਥਾਂ ਖੜ੍ਹੋ ਕੇ ਉਨ੍ਹਾਂ ਨੂੰ ਲੰਮੀ ਜਿਹੀ ਲੱਕੜੀ ਨਾਲ ਠੀਕ ਦਿਸ਼ਾ ਦਿੰਦੀ।
ਮੈਂ ਅੰਦਰ ਦੇ ਹੁੰਮਸ ਤੋਂ ਬਚਣ ਲਈ ਬਾਹਰ ਗੇਟ ਕੋਲ ਕੁਰਸੀ ਰੱਖ ਕੇ ਬੈਠੀ ਊਂਘ ਰਹੀ ਸਾਂ ਕਿ ਬੱਚੀ ਦੀ ਆਵਾਜ਼ ਨੇ ਜਗਾ ਦਿੱਤਾ। ਕੁਝ ਦੂਰ ਗਲੀ ਦੇ ਮੋੜ ‘ਤੇ ਦੋ-ਤਿੰਨ ਮੁੰਡੇ ਮਸੀਂ ਦਸ-ਦਸ, ਬਾਰਾਂ-ਬਾਰਾਂ ਵਰ੍ਹਿਆਂ ਦੇ, ਸਾਈਕਲ ਫੜੀ ਹੱਸ ਰਹੇ ਸਨ। ਉਨ੍ਹਾਂ ਦੇ ਗਿੱਲੇ ਪਜਾਮੇ ਦੇਖ ਕੇ ਲਗਦਾ ਸੀ ਕਿ ਕਾਗਜ਼ ਦੀਆਂ ਬੇੜੀਆਂ ਡੁਬੋਣ ਲਈ ਉਨ੍ਹਾਂ ਨੂੰ ਗੋਡੇ ਗੋਡੇ ਪਾਣੀ ਵਿਚ ਆਉਣਾ ਪਿਆ ਸੀ ਸਾਈਕਲਾਂ ਸਮੇਤ; ਤਾਂ ਵੀ ਉਹ ਖੁਸ਼ ਸਨ। ਸ਼ਾਇਦ ਇਹ ਸੋਚ ਕੇ ਕਿ ਉਨ੍ਹਾਂ ਹੱਸਦੀ ਖੇਡਦੀ ਬੱਚੀ ਦੀ ਖੁਸ਼ੀ ਵਿਚ ਵਿਘਨ ਪਾਇਆ ਹੈ। ਮੈਨੂੰ ਆਪਣੇ ਵੱਲ ਦੇਖਦੀ ਜਾਣ ਕੇ ਉਹ ਗੁਸਤਾਖ ਜਿਹੀ ਹਾਸੀ ਖਲੇਰਦੇ ਉਥੋਂ ਖਿਸਕ ਗਏ।
“ਕੋਈ ਬਾਤ ਨਹੀਂ ਬੇਟਾ, ਹਮਾਰੇ ਪਾਸ ਬਹੁਤ ਸੀ ਬੋਟਸ ਹੈਂ। ਅਭੀ ਥੋੜ੍ਹੀ ਦੇਰ ਮੇਂ ਪਾਣੀ ਖ਼ਤਮ ਹੋ ਜਾਏਗਾ ਤੋ ਕਿਆ ਕਰੇਂਗੇ ਇਨਕਾ?” ਸਾਰਾਹ ਖੁਸ਼ ਹੋ ਕੇ ਫੇਰ ਆਪਣੇ ਆਹਰੇ ਲੱਗ ਗਈ ਤੇ ਮੈਨੂੰ ਫਿਰ ਝਪਕੀ ਆ ਗਈ। ਪਤਾ ਹੀ ਨਾ ਲੱਗਾ ਕਦੋਂ ਬੈਕ ਗਿਅਰ ‘ਚ ਪਾਈ ਯਾਦਾਂ ਦੀ ਗੱਡੀ ਸੱਤਰਾਂ ਸਾਲਾਂ ਦਾ ਫਾਸਲਾ ਪਲਕ ਝਪਕਦੇ ਪਾਰ ਕਰ ਗਈ ਤੇ ਮੈਂ ਛੋਟੇ ਜਿਹੇ ਕਸਬੇ ਦੇ ਸਾਫ-ਸੁਥਰੇ, ਕੁਝ ਕੱਚੇ ਕੁਝ ਪੱਕੇ ਮਕਾਨ ਦੇ ਵਿਹੜੇ ਵਿਚ ਖੜ੍ਹੀ ਸਾਂ ਜਿਸ ਦੇ ਵੱਡੇ ਸਾਰੇ ਮੋਰਾਂ ਦੇ ਆਕਾਰ ਵਾਲੇ ਬੁੱਤਾਂ ਨਾਲ ਸ਼ਿੰਗਾਰੇ ਬੂਹੇ ਉਤੇ ਨੇਮ ਪਲੇਟ ਲੱਗੀ ਸੀ-ਜਗਦੀਸ਼ ਚੰਦਰ ਸ੍ਰੀਵਾਸਤਵ। ਉਸ ਸਮੇਂ ਦੇ ਹਿਸਾਬ ਨਾਲ ਬੜਾ ਸੰਤੁਲਿਤ ਟੱਬਰ। ਭਾਪਾ ਜੀ, ਬੀਜੀ, ਦਾਦੀ, ਅਰੁਣ, ਤਰੁਣ ਅਤੇ ਦੀਕਸ਼ਾ।
ਦੀਕਸ਼ਾ ਦੋਹਾਂ ਭਰਾਵਾਂ ਤੋਂ ਵੱਡੀ ਸੀ। ਦਾਦੀ ਵਾਰੇ-ਵਾਰੇ ਜਾਂਦੀ ਪੋਤਰੀ ਤੋਂ। ਅਖੇ, ਬੜੀ ਸੁਲੱਖਣੀ ਧੀ ਹੈ। ਭਰਾਵਾਂ ਦੀ ਬਾਂਹ ਫੜ ਕੇ ਆਈ ਹੈ। ਅਰੁਣ ਅਤੇ ਤਰੁਣ ਦੋ ਸਾਲ ਛੋਟੇ ਸੀ ਉਸ ਤੋਂ-ਜੁੜਵੇਂ। ਸਾਰਾ ਦਿਨ ਘਰ ਵਿਚ ਤਰਥੱਲੀ ਜਿਹੀ ਮਚਾਈ ਰੱਖਦੇ ਤਿੰਨੋਂ ਬੱਚੇ, ਤੇ ਦਾਦੀ ਹੱਸਦੀ, “ਜਿਹਦੇ ਘਰ ਬੱਚੇ ਖੇਡਦੇ ਹੋਣ, ਉਹਨੇ ਬਾਹਰ ਤਮਾਸ਼ਾ ਦੇਖਣ ਕਿਉਂ ਜਾਣਾ।” ਸਾਰਾ ਦਿਨ ਲਾਚੜੇ ਰਹਿੰਦੇ ਤਿੰਨੇ ਭੈਣ-ਭਰਾ। ਕਦੇ ਖੇਡਦੇ-ਖੇਡਦੇ ਅਰੁਣ ਜਾਂ ਤਰੁਣ ਕਿਸੇ ਚੀਜ਼ ਨਾਲ ਠੇਡਾ ਖਾ ਕੇ ਡਿੱਗ ਪੈਂਦੇ ਤਾਂ ਰੋਣ ਲੱਗਦੇ। ਦਾਦੀ ਕਾਹਲੀ ਨਾਲ ਚੁੱਕ ਲੈਂਦੀ, “ਕੀ ਹੋਇਆ ਮੇਰੇ ਪੁੱਤ ਨੂੰ ਕ੍ਹਿਨੇ ਮਾਰਿਆ? ਮੇਜ਼ ਨੇ ਮਾਰਿਆ? ਹੈਤੋ ਤੇਰੀ ਮੇਜ਼ ਦੀ!” ਹੌਲੀ ਕੀਤੀ ਧੱਫਾ ਮਾਰਦੀ ਕੋਲ ਪਏ ਮੇਜ਼ ‘ਤੇ। ਜੇ ਸਾਹਮਣੇ ਦੀਕਸ਼ਾ ਆ ਜਾਂਦੀ ਤਾਂ ਕਹਿੰਦੀ, “ਹੈਤੋ ਤੇਰੀ ਭੈਣ ਦੀ” ਤੇ ਹਵਾ ਵਿਚ ਹੀ ਹੱਥ ਉਲਾਰਦੀ।
ਦੀਕਸ਼ਾ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹਨੂੰ ਤਾਂ ਪਤਾ ਵੀ ਨਹੀਂ ਵੀਰ ਨੂੰ ਕੀ ਹੋਇਆ! ਉਹ ਵੀ ਤਾਂ ਕਈ ਵਾਰੀ ਡਿੱਗ ਪੈਂਦੀ ਹੈ। ਹਾਲੇ ਪਰਸੋਂ ਦੀ ਤਾਂ ਗੱਲ ਹੈæææ ਜਦ ਖੁਸ਼ੀ ਵਿਚ ਆਏ ਛੋਟੇ ਜਿਹੇ ਤਰੁਣ ਨੇ ਉਸ ਨੂੰ ਵਾਲਾਂ ਤੋਂ ਫੜ ਲਿਆ ਸੀ। ਉਸ ਦੀ ਰੋਣ ਦੀ ਆਵਾਜ਼ ਸੁਣ ਕੇ ਬੀਜੀ ਚੌਂਕੇ ਵਿਚੋਂ ਨੱਠੇ ਆਏ ਤੇ ਉਸ ਨੂੰ ਛੁਡਾਇਆ। ਉਹ ਅਜੇ ਤਰੁਣ ਨੂੰ ਡਾਂਟ ਰਹੇ ਸਨ ਕਿ ਕੋਲ ਬੈਠੀ ਮਾਲਾ ਫੇਰਦੀ ਦਾਦੀ ਆਈ, “ਲੈ ਚੁੱਪ ਕਰ ਹੁਣ। ਇਹ ਤਾਂ ਹੱਥ ਲਾਇਆਂ ਦੁਖਦੀ ਹੈ।”æææਤੇ ਤੁਰਣ ਨੂੰ ਚੁੱਕ ਲਿਆ। ਨਾਲੇ ਕਿਹਾ, “ਨਾ ਪੁੱਤ, ਭੈਣ ਹੁੰਦੀ ਹੈ। ਚੱਲ ਇਕ ਪਾਰੀ ਕਰ ਦੇ ਦੀਕਸ਼ਾ ਦੇ ਸਿਰ ‘ਤੇ।”æææ ਤੇ ਉਸ ਨੇ ਭਰਾ ਨੂੰ ਕਲਾਵੇ ਵਿਚ ਲੈ ਲਿਆ ਅਤੇ ਦੋਵੇਂ ਖੇਡਣ ਲੱਗ ਪਏ।
ਸਕੂਲ ਦਾਖਲ ਕਰਵਾਉਣ ਸਮੇਂ ਵੀ ਦਾਦੀ ਨੇ ਅੜੰਗਾ ਪਾਉਣ ਦੀ ਕੋਸ਼ਿਸ਼ ਕੀਤੀ। ਭਾਪਾ ਜੀ ਨੇ ਦੀਕਸ਼ਾ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿਚ ਦਾਖਲ ਕਰਵਾਇਆ ਸੀ। ਸਕੂਲ ਬੱਸ ਘਰ ਤੋਂ ਇਕ-ਡੇਢ ਕਿਲੋਮੀਟਰ ਦੂਰੋਂ ਲੰਘਦੀ ਸੀ। ਕਹਿਣ ਲੱਗੇ, “ਉਥੋਂ ਦੀ ਪੜ੍ਹਾਈ ਕੀ ਜ਼ਿਆਦਾ ਵਧੀਆ ਹੈ? ਨਾਲੇ ਹੋਰ ਦੋ ਸਾਲਾਂ ਨੂੰ ਅਰੁਣ-ਤਰੁਣ ਨੂੰ ਵੀ ਇਥੇ ਹੀ ਦਾਖ਼ਲ ਕਰਵਾ ਦਿਆਂਗੇ। ਆਉਣ ਜਾਣ ਦੀ ਵੀ ਸੌਖ ਰਹੂ।” ਦਾਦੀ ਕਹੇ, ਕੁੜੀ ਨੂੰ ਆਪਣੇ ਕਸਬੇ ਦੇ ਸਕੂਲ ਹੀ ਭੇਜਣਾ ਚਾਹੀਦਾ ਹੈ। ਅੱਜ ਨਿੱਕੀ ਹੈ, ਕੱਲ੍ਹ ਨੂੰ ਜਵਾਨ ਹੋਊ। ਕੁੜੀਆਂ ਮੁੰਡਿਆਂ ਦਾ ਇਕੱਠਾ ਪੜ੍ਹਨਾ ਠੀਕ ਨਹੀਂ; ਪਰ ਭਾਪਾ ਜੀ ਨੇ ਇਕ ਨਾ ਮੰਨੀ ਤੇ ਤਿੰਨੇ ਭੈਣ ਭਰਾ ਹਮੇਸ਼ਾ ਚੰਗੀ ਪੁਜ਼ੀਸ਼ਨ ਲੈਂਦੇ ਰਹੇ। ਦਸਵੀਂ ਤੋਂ ਬਾਅਦ ਭਾਪਾ ਜੀ ਨੇ ਉਸ ਨੂੰ ਹੋਸਟਲ ਭੇਜਣ ਦਾ ਫੈਸਲਾ ਕੀਤਾ ਤਾਂ ਦਾਦੀ ਫੇਰ ਕੁਲਮੁਲਾਈ, “ਬਥੇਰਾ ਪੜ੍ਹ ਲਿਆ, ਚਿੱਠੀ ਪੱਤਰੀ ਜੋਗੀ ਹੋ ਗਈæææ ਤੂੰ ਕਿਤੇ ਧੀ ਨੂੰ ਡੀæਸੀæ ਲਵਾਉਣੈ? ਨਾਲੇ ਕੁੜੀਆਂ ਬਹੁਤਾ ਪੜ੍ਹ ਲਿਖ ਜਾਣ ਤਾਂ ਮੁੰਡੇ ਲੱਭਣੇ ਔਖੇ ਹੁੰਦੇ ਐ।” ਪਰ ਭਾਪਾ ਜੀ ਨੇ ਬੜੇ ਠਰੰਮੇ ਅਤੇ ਫੈਸਲਾਕੁਨ ਲਹਿਜੇ ਵਿਚ ਕਿਹਾ, “ਦੇਖੋ ਬੇਬੇ ਜੀ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਫੈਸਲੇ ਦਾ ਹੱਕ ਮੈਂ ਕਿਸੇ ਨੂੰ ਵੀ ਨਹੀਂ ਦੇਵਾਂਗਾ। ਤੁਸੀਂ ਬਜ਼ੁਰਗ ਹੋ, ਤੁਹਾਡੀ ਮੈਂ ਇੱਜ਼ਤ ਕਰਦਾ ਹਾਂ; ਪਰ ਆਪਣੇ ਬੱਚਿਆਂ ਪ੍ਰਤੀ ਵੀ ਮੇਰਾ ਫਰਜ਼ ਬਣਦਾ ਹੈ। ਮੈਂ ਇਨ੍ਹਾਂ ਨੂੰ ਉਸ ਮੁਕਾਮ ‘ਤੇ ਪਹੁੰਚੇ ਦੇਖਣਾ ਚਾਹੁੰਦਾ ਹਾਂ ਜਿਥੇ ਇਹ ਸਵੈ-ਭਰੋਸੇ ਨਾਲ ਲਬਾਲਬ ਭਰ ਜਾਣ। ਨਿੱਕੀ-ਨਿੱਕੀ ਗੱਲੇ ਦੂਜੇ ਦਾ ਮੂੰਹ ਨਾ ਦੇਖਣ। ਆਪਣੇ ਫੈਸਲੇ ਖੁਦ ਕਰਨ ਦੇ ਯੋਗ ਹੋਣ ਅਤੇ ਉਨ੍ਹਾਂ ‘ਤੇ ਕਾਇਮ ਰਹਿਣ ਦੀ ਸਮਰੱਥਾ ਰੱਖਣ। ਬਾਕੀ ਰਹੀ ਮੁੰਡੇ ਜਾਂ ਕੁੜੀ ਦੀ ਗੱਲ, ਮੇਰੇ ਲਈ ਬੱਚੇ ਸਿਰਫ ਬੱਚੇ ਹਨ। ਜੋ ਤੁਸੀਂ ਵਿਆਹ ਬਾਰੇ ਕਿਹਾ ਹੈ, ਸ਼ਾਇਦ ਇਹ ਵਿਚਾਰ ਠੀਕ ਹੋਣਗੇ ਪਿਛਲੇ ਸਮੇਂ ਵਿਚ; ਅੱਜ ਦੇ ਵਕਤ ਦੀਆਂ ਲੋੜਾਂ ਮੁਤਾਬਕ ਇਹ ਮੇਚ ਨਹੀਂ ਆਉਂਦੇ। ਵਕਤ ਬਹੁਤ ਬਦਲ ਚੁੱਕਾ ਹੈ। ਹੁਣ ਹਰ ਫੈਸਲਾ ਵਿਆਹ ਨੂੰ ਕੇਂਦਰ ਵਿਚ ਰੱਖ ਕੇ ਨਹੀਂ ਕੀਤਾ ਜਾ ਸਕਦਾ। ਵਿਆਹ ਸਮਾਜਕ ਰਸਮ ਹੈ ਜੋ ਵਕਤ ਆਉਣ ‘ਤੇ ਜਿਸ ਤਰ੍ਹਾਂ ਦੇ ਹਾਲਾਤ ਹੋਣਗੇ, ਪੂਰੀ ਹੋ ਜਾਵੇਗੀ।”
ਭਾਪਾ ਜੀ ਦਾ ਇਹ ਲੰਮਾ ਚੌੜਾ ਭਾਸ਼ਨ ਪਤਾ ਨਹੀਂ ਦਾਦੀ ਦੇ ਪੱਲੇ ਪਿਆ ਜਾਂ ਨਹੀਂ, ਪਰ ਇਸ ਤੋਂ ਬਾਅਦ ਉਨ੍ਹਾਂ ਕਦੇ ਕਿਸੇ ਗੱਲ ਵਿਚ ਆਪਣੀ ਸੋਚ ਮੜ੍ਹਨ ਦੀ ਕੋਸ਼ਿਸ਼ ਨਾ ਕੀਤੀ। ਦੀਕਸ਼ਾ ਨੂੰ ਭਾਵੇਂ ਇਸ ਗੱਲ ਦੀ ਉਕਾ ਹੀ ਸਮਝ ਨਹੀਂ ਸੀ ਆਉਂਦੀ ਕਿ ਇੰਨਾ ਪਿਆਰ ਕਰਨ ਵਾਲੀ ਦਾਦੀ ਜਦ ਵੀ ਕਦੀ ਉਸ ਦੀ ਅਤੇ ਅਰੁਣ-ਤਰੁਣ ਦੀ ਗੱਲ ਹੁੰਦੀ, ਤਾਂ ਵਿਤਕਰਾ ਕਿਉਂ ਕਰਦੀ ਹੈ? ਉਨ੍ਹਾਂ ਦੀ ਤਾਂ ਆਪੋ ਵਿਚ ਇੰਨੀ ਬਣਦੀ ਸੀ ਕਿ ਕਦੇ ਤਿੰਨਾਂ ਨੂੰ ਇਕੱਠਿਆਂ ਬੁਲਾਉਣਾ ਹੋਵੇ ਤਾਂ ਸਭ ਦੇ ਨਾਂ ਲੈਣ ਦੀ ਬਜਾਏ ਤਿੱਕੜੀ ਹੀ ਕਿਹਾ ਜਾਂਦਾ ਸੀ।
ਖ਼ੈਰ! ਦਾਖ਼ਲਾ ਹੋ ਗਿਆ। ਉਹ ਘਰੋਂ ਦੂਰ ਚਲੀ ਗਈ। ਕੁਝ ਸਮੇਂ ਬਾਅਦ ਐਮæਬੀæਏæ ਕਰਦੀ ਦੇ ਉਸ ਤੋਂ ਇਕ ਸਾਲ ਸੀਨੀਅਰ ਅਮਿਤ ਦੇ ਘਰ ਵਾਲਿਆਂ ਨੇ ਖੁਦ ਘਰ ਆ ਕੇ ਉਸ ਦਾ ਰਿਸ਼ਤਾ ਮੰਗ ਲਿਆ। ਵਿਆਹ ਸਮੇਂ ਬੜੀ ਚੇਤੇ ਆਈ ਦਾਦੀ।
“ਨਾਨੀ ਮਾਂ, ਮੈਂ ਨਾਨਾ ਜੀ ਕੇ ਸਾਥ ਪਾਰਕ ਮੇਂ ਘੂਮਨੇ ਜਾ ਰਹੀ ਹੂੰ। ਆਪ ਅੰਦਰ ਚਲ ਕਰ ਬੈਠੇਂ।” ਤ੍ਰਭਕ ਕੇ ਅੱਖਾਂ ਖੋਲ੍ਹੀਆਂ। ਓਹ!æææ ਯਾਦਾਂ ਦੀ ਰਫ਼ਤਾਰ ਵੀ ਖ਼ੂਬ ਹੈ। ਘੜੀਆਂ ਪਲਾਂ ਵਿਚ ਮੀਲਾਂ ਦੀ ਨਹੀਂ, ਸਗੋਂ ਵਰ੍ਹਿਆਂ ਦੀ ਦੂਰੀ ਪਾਰ ਹੋ ਗਈ। ਹੈਰਾਨੀ ਹੋਈ ਇਹ ਸੋਚ ਕੇ ਕਿ ਅੱਜ ਤੋਂ ਲਗਭਗ ਸੱਤ ਦਹਾਕੇ ਪਹਿਲਾਂ ਅਣਗੌਲਿਆਂ ਹੀ ਵਾਪਰ ਚੁੱਕੇ ਇਹ ਛੋਟੇ-ਛੋਟੇ ਹਾਦਸੇ ਮਨ ਦੇ ਕਿਹੜੇ ਖੂੰਜੇ ਵਿਚ ਸੁੰਗੜ ਕੇ ਬੈਠੇ ਸਨ। ਵਕਤ ਦੇ ਭਾਰ ਹੇਠਾਂ ਦੱਬੀਆਂ, ਆਪੋ ਵਿਚ ਰਲਗਡ ਹੁੰਦੀਆਂ ਕੁਝ ਧੁੰਦਲੀਆਂ, ਕੁਝ ਵਿੰਗ ਤੜਿੰਗੀਆਂ ਇਹ ਝਰੀਟਾਂ, ਇਹ ਲਕੀਰਾਂ ਧੁਰ ਅੰਦਰ ਦੇ ਕਿਸੇ ਅਣਛੋਹੀ ਅਣਦੇਖੀ ਹਨ੍ਹੇਰੀ ਗੁੱਠ ਵਿਚ ਇੰਨੀਆਂ ਪੀਡੀਆਂ ਗੰਢਾਂ ਬਣ ਕੇ ਹਾਲਾਂ ਤੀਕ ਪਈਆਂ ਹੋਣਗੀਆਂ, ਕਦੇ ਸੋਚਿਆ ਵੀ ਨਹੀਂ ਸੀ। ਮੈਂ ਤਾਂ ਆਪਣੇ ਹਾਲਾਤ ਵਿਚ ਇੰਨਾ ਰਚ-ਮਿਚ ਗਈ ਸੀæææ ਅਮਿਤ ਜੀ ਬੜੇ ਨਿੱਘੇ ਮਿੱਠੇ ਸੁਭਾਅ ਦੇ ਮਾਲਕ ਸਨ। ਬੜੀ ਸੁਲਝੀ ਹੋਈ ਸ਼ਖਸੀਅਤ। ਕਦੇ-ਕਦੇ ਮੈਨੂੰ ਆਪਣੇ ਭਾਪਾ ਜੀ ਦਾ ਚੇਤਾ ਆਉਂਦਾ। ਮੇਰੇ ਦੋਵੇਂ ਬੱਚੇ ਵਧੀਆ ਸੈਟ ਸਨ। ਸ਼ਾਇਨੀ ਦੀ ਬੇਟੀ ਸਾਰਾਹ ਜਦੋਂ ਵੀ ਛੁੱਟੀਆਂ ਹੁੰਦੀਆਂ, ਕੁਝ ਦਿਨ ਸਾਡੇ ਕੋਲ ਆ ਜਾਂਦੀ। ਖਬਰਨੀ ਕਿਉਂ, ਉਸ ਨੂੰ ਇੰਨਾ ਲਗਾਓ ਸੀ ਆਪਣੇ ਬੁੱਢੇ ਨਾਨਾ-ਨਾਨੀ ਨਾਲ, ਕਿ ਸ਼ਾਇਨੀ ਵੀ ਹੈਰਾਨ ਹੁੰਦੀ।
ਰਸੋਈ ਵਿਚ ਭਾਂਡੇ ਖੜਕਣ ਦੀ ਆਵਾਜ਼ ਨੇ ਫਿਰ ਮੇਰਾ ਧਿਆਨ ਭੰਗ ਕੀਤਾ। ਫੂਲਵਤੀ ਕੰਮ ਕਰ ਰਹੀ ਸੀ। ਉਹ ਅਕਸਰ ਮੈਨੂੰ ‘ਨਮਸਤੇ ਮਾਂ ਜੀ’ ਆਖਦੀ ਤੇ ਚੁੱਪ-ਚਾਪ ਆਪਣੇ ਕੰਮ ਲੱਗ ਜਾਂਦੀ। ਵੈਸੇ ਉਸ ਨੂੰ ਚੁੱਪ ਰਹਿਣ ਦੀ ਆਦਤ ਨਹੀਂ ਸੀ। ਸ਼ੁਰੂ-ਸ਼ੁਰੂ ਵਿਚ ਮੈਂ ਬੜੀ ਤੰਗ ਪੈਂਦੀ ਸਾਂ ਉਸ ਦੇ ਬੜਬੋਲੇ ਸੁਭਾਅ ਤੋਂæææਤੇ ਅਮਿਤ ਜੀ ਉਸ ਨੂੰ ਅਖ਼ਬਾਰ ਕਹਿੰਦੇ ਹਾਸੇ-ਹਾਸੇ ਵਿਚ। ਸੱਚਮੁੱਚ ਉਹ ਕਿਸੇ ਸਥਾਨਕ ਅਖ਼ਬਾਰ ਦੀ ਤਰ੍ਹਾਂ ਸੀ। ਆਉਂਦੇ ਸਾਰ ਹੀ ਘਰ-ਘਰ ਦੀ ਹੋਈ-ਬੀਤੀ ਆਪ-ਮੁਹਾਰੇ ਹੀ ਮੇਰੇ ਕੰਨੀ ਪਾਈ ਜਾਂਦੀ, ਬਿਨਾਂ ਇਹ ਦੇਖਿਆਂ-ਸੋਚਿਆਂ ਕਿ ਮੈਂ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਕ ਦਿਨ ਉਸ ਨੂੰ ਕੋਲ ਬਿਠਾ ਕੇ ਸਮਝਾਇਆ, “ਦੇਖ ਫੂਲਵਤੀ, ਤੁਮਨੇ ਕਈ ਘਰੋਂ ਮੇਂ ਕਾਮ ਕਰਨਾ ਹੋਤਾ ਹੈ, ਅਓਰ ਹਰ ਘਰ ਕੇ ਅਪਨੇ ਹਾਲਾਤ ਹੋਤੇ ਹੈਂ। ਇਸ ਤਰਹ ਇਧਰ ਕੀ ਬਾਤ ਉਧਰ ਕਰਨੇ ਸੇ ਤੂ ਭੀ ਕਭੀ ਕਿਸੀ ਪਰੇਸ਼ਾਨੀ ਮੇਂ ਪੜ ਸਕਤੀ ਹੈ। ਯਹ ਅੱਛੀ ਆਦਤ ਨਹੀਂ ਏ ਬੇਟਾ। ਕਿਸੀ ਕੀ ਨਿੱਜੀ ਜ਼ਿੰਦਗੀ ਮੇਂ ਨਹੀਂ ਝਾਂਕਨਾ ਚਾਹੀਏ। ਅਓਰ ਅਗਰ ਨਜ਼ਰ ਪੜ ਭੀ ਜਾਏ, ਤੋ ਜਗ੍ਹਾ ਜਗ੍ਹਾ ਚਰਚਾ ਨਹੀਂ ਕਰਨੀ ਚਾਹੀਏ।” ਪਤਾ ਨਹੀਂ ਉਸ ਨੂੰ ਮੇਰੀ ਗੱਲ ਸਮਝ ਆ ਗਈ ਜਾਂ ਉਸ ਨੇ ਬੁਰਾ ਮਨਾਇਆ, ਪਰ ਹੁਣ ਉਹ ‘ਨਮਸਤੇ ਮਾਂ ਜੀ’ ਕਹਿਣ ਤੋਂ ਇਲਾਵਾ ਉਨੀ ਹੀ ਗੱਲ ਕਰਦੀ ਹੈ ਜਿੰਨੀ ਮੈਂ ਪੁੱਛਦੀ ਹਾਂ।
ਅੱਜ ਮੈਂ ਆਪ ਹੀ ਆਵਾਜ਼ ਦਿੱਤੀ, “ਫੂਲਵਤੀ, ਆਜ ਲੇਟ ਹੋ ਗਈ। ਤਬੀਅਤ ਤੋ ਠੀਕ ਹੈ ਨਾ ਤੇਰੀ।”
“ਹਾਂ ਮਾਂ ਜੀ, ਬਿਲਕੁਲ ਠੀਕ ਹੂੰ। ਵੋ ਸਾਥ ਵਾਲੇ ਘਰ ਮੇਂ ਪਹਿਲੇ ਕਾਮ ਕਰਨੇ ਚਲੀ ਗਈ ਥੀ।” ਉਹ ਸਾੜ੍ਹੀ ਦੇ ਪੱਲੇ ਨਾਲ ਹੱਥ ਪੂੰਝਦੀ ਕਹਿਣ ਲੱਗੀ।
ਹਾਂ ਸ਼ਾਇਦ ਨਾਲ ਵਾਲਾ ਮਕਾਨ ਕਿਰਾਏ ਚੜ੍ਹ ਗਿਆ ਹੈ। ਮੈਂ ਦੁਪਹਿਰੇ ਟਰੱਕ ਤੋਂ ਸਾਮਾਨ ਉਤਰਦਾ ਦੇਖਿਆ ਸੀ।
“ਚਲੋ ਅੱਛਾ ਹੂਆ ਕਿਰਾਏਦਾਰ ਆ ਗਏ। ਰੌਣਕ ਰਹੇਗੀ।” ਮੇਰੇ ਇੰਨਾ ਕਹਿਣ ‘ਤੇ ਉਹ ਕਾਹਲੀ ਨਾਲ ਬੋਲੀ, “ਕਿਰਾਏਦਾਰ ਨਹੀਂ ਮਾਂ ਜੀ, ਸ਼ਰਮਾ ਜੀ ਖੁਦ ਆਏ ਹੈਂ। ਵੋ ਲੜਕੇ ਕੇ ਪਾਸ ਚਲੇ ਗਏ ਥੇ ਨਾæææ।” ਮੈਨੂੰ ਚੁੱਪ ਦੇਖ ਕੇ ਉਹ ਕੁਝ ਛਿੱਥੀ ਜਿਹੀ ਪਈ ‘ਨਮਸਤੇ ਮਾਂ ਜੀ’ ਕਹਿ ਕੇ ਤੁਰ ਗਈ।
ਰਾਤੀਂ ਅਮਿਤ ਨਾਲ ਗੱਲ ਕੀਤੀ ਤਾਂ ਕਹਿਣ ਲੱਗੇ, “ਹੁਣ ਤਾਂ ਰਾਤ ਕਾਫੀ ਹੋ ਗਈ ਹੈ, ਠੀਕ ਨਹੀਂ ਲੱਗਦਾ ਜਾਣਾ। ਕੱਲ੍ਹ ਚੱਲਾਂਗੇ ਸਵੇਰੇ, ਤੇ ਨਾਲੇ ਦੁਪਹਿਰ ਦੇ ਖਾਣੇ ਲਈ ਬੁਲਾ ਆਵਾਂਗੇ।” ਇੰਨੀ ਗੱਲ ਕਰ ਕੇ ਉਹ ਤਾਂ ਸੌਂ ਗਏ, ਪਰ ਮੈਨੂੰ ਨੀਂਦ ਨਹੀਂ ਆਈ। ਪੁਰਾਣੀਆਂ ਧੁੰਦਲੀਆਂ ਜੰਗਾਲ ਖਾਧੀਆਂ ਯਾਦਾਂ ਦੀਆਂ ਕੁਝ ਲਕੀਰਾਂ ਪਤਾ ਨਹੀਂ ਮਨ ਦੀਆਂ ਕਿਹੜੀਆਂ ਪਰਤਾਂ ਪਾੜ ਕੇ ਉਭਰ ਆਈਆਂ ਸਨ। ਕੁਝ ਦਿਮਾਗ ਵਿਚ, ਤੇ ਕੁਝ ਅੱਖਾਂ ਵਿਚ ਰੜਕ ਰਹੀਆਂ ਸਨ।
ਸ਼ਰਮਾ ਸਾਹਿਬ ਦਾ ਅਤੇ ਸਾਡਾ ਘਰ ਨਾਲ-ਨਾਲ ਸੀ। ਉਨ੍ਹੀਂ ਦਿਨੀਂ ਟੈਲੀਫੋਨ ਦੀ ਸਹੂਲਤ ਆਮ ਨਹੀਂ ਸੀ। ਮੈਂ ਜਾਂ ਸੁਮਿਤਰਾ ਜੀ ਨੇ ਆਪੋ ਵਿਚ ਕੋਈ ਗੱਲ ਜਾਂ ਕੰਮ ਕਰਨ ਲਈ ਇਕ ਦੂਜੀ ਨੂੰ ਬੁਲਾਣਾ ਹੁੰਦਾ ਤਾਂ ਕਮਰੇ ਦੀ ਸਾਂਝੀ ਕੰਧ ‘ਤੇ ਖੜਾਕ ਕਰ ਲੈਂਦੀਆਂ। ਸਾਡੀਆਂ ਛੱਤਾਂ ਨਿੱਕੀ ਜਿਹੀ ਕੰਧ ਨਾਲ ਦੋ ਹੋਣ ਦਾ ਅਹਿਸਾਸ ਕਰਾਉਂਦੀਆਂ ਸਨ, ਪਰ ਦੋਹਾਂ ਵਿਚਕਾਰ ਕੋਈ ਡੂੰਘੀ ਅਣਡਿੱਠੀ ਸਾਂਝ ਸੀ। ਇਸ ਗੱਲ ਦਾ ਸਬੂਤ ਇਹ ਸੀ ਕਿ ਜਦੋਂ ਸਾਡੇ ਚਾਰੇ ਬੱਚੇ ਛੁੱਟੀ ਵਾਲੇ ਦਿਨ ਇਕ ਛੱਤ ‘ਤੇ ਧਮਾਲ ਮਚਾਉਂਦੇ ਤਾਂ ਧਮਕ ਦੂਜੇ ਬੰਨ੍ਹੇ ਦੀ ਸਾਫ ਮਹਿਸੂਸ ਕੀਤੀ ਜਾ ਸਕਦੀ ਸੀ। ਦੋਹਾਂ ਪਰਿਵਾਰਾਂ ਦੀ ਹਾਲਤ ਵੀ ਇਕੋ ਜਿਹੀ ਸੀ। ਬੱਸ, ਫਰਕ ਸੀ ਤਾਂ ਇਹੀ ਕਿ ਉਨ੍ਹਾਂ ਨਾਲ ਉਨ੍ਹਾਂ ਦੀ ਵਿਧਵਾ ਭੂਆ ਰਹਿੰਦੀ ਸੀ ਤੇ ਹੋਰ ਸਭ ਮੁਆਮਲੇ ਵਿਚ “ਅਸੀਂ ਦੋ ਸਾਡੇ ਦੋ” ਦਾ ਸਿਧਾਂਤ ਲਾਗੂ ਸੀ। ਬੜੇ ਸੁਖਾਵੇਂ ਸੁਨਹਿਰੇ ਦਿਨ ਸਨ। ਕਈ ਵਾਰੀ ਗੱਪਾਂ ਮਾਰਦੇ-ਮਾਰਦੇ ਪਤਾ ਹੀ ਨਹੀਂ ਸੀ ਲੱਗਦਾ ਕਿ ਰਾਤ ਦੇ ਰੋਟੀ-ਟੁੱਕ ਦਾ ਸਮਾਂ ਹੋ ਗਿਆ। ਭੂਆ ਦੀ ਬੁੜ-ਬੁੜ ਤੋਂ ਅੰਦਾਜ਼ਾ ਲੱਗਦਾ ਤਾਂ ਮੈਂ ਅਤੇ ਸੁਮਿਤਰਾ ਜੀ ਛੇਤੀ ਨਾਲ ਰਸੋਈ ‘ਚ ਜਾ ਕੇ ਰਾਤ ਦੀ ਰੋਟੀ ਦੇ ਆਹਰੇ ਜਾ ਲੱਗਦੀਆਂ। ਸ਼ਰਮਾ ਜੀ ਉਚੀ ਸਾਰੀ ਸਾਨੂੰ ਸੁਣਾ ਕੇ ਕਹਿੰਦੇ, “ਲੈ ਯਾਰ ਅਮਿਤ, ਇਨ੍ਹਾਂ ਦੀ ਤਾਂ ਕਿਚਨ ਕੈਬਨਿਟ ਸ਼ੁਰੂ ਹੋ ਗਈ। ਬਿਹਤਰ ਹੈ ਕਿ ਹੁਣ ਅਸੀਂ ਵੀ ਖਾਣਾ ਤਿਆਰ ਹੋਣ ਤੋਂ ਪਹਿਲਾਂ ਖਾਣ ਦਾ ਮੂਡ ਬਣਾ ਲਈਏ।”
ਬੱਚੇ ਆਪਣੇ ਕਮਰੇ ‘ਚ ਜਾ ਕੇ ਖੂਬ ਹੋ-ਹੱਲਾ ਕਰਦੇ। ਕਦੇ ਸੱਪ-ਸੀੜ੍ਹੀ ਖੇਡਦੇ ਤੇ ਕਦੇ ਚੈਸ ਜਾਂ ਅੰਤਾਕਸ਼ਰੀ। ਭੂਆ ਰਿੱਝਦੀ ਰਹਿੰਦੀ ਅੰਦਰੇ-ਅੰਦਰ, ਤੇ ਕਦੇ-ਕਦੇ ਨਮਿਤਾ ਨੂੰ ਬਾਹੋਂ ਲਗਭਗ ਧੂੰਹਦੀ ਲੈ ਆਉਂਦੀ, “ਕਿੰਨੀ ਵਾਰੀ ਕਿਹਾ, ਇਹ ਚੀਕ-ਚਿਹਾੜਾ ਨਹੀਂ ਸੋਭਦਾ ਕੁੜੀਆਂ ਨੂੰ। ਹਰ ਵੇਲੇ ਮੁੰਡਿਆਂ ਵਾਲੀਆਂ ਖੇਡਾਂ। ਬੀਬੀਆਂ ਧੀਆਂ ਇੰਝ ਨਹੀਂ ਕਰਦੀਆਂ ਬੀਬਾ।” ਤੇ ਮਸੀਂ 8/10 ਵਰ੍ਹਿਆਂ ਦੀ ਨਮਿਤਾ ਡਬ-ਡਬਾਈਆਂ ਅੱਖਾਂ ਨਾਲ ਕਦੇ ਭੂਆ ਵੱਲ ਦੇਖਦੀ, ਤੇ ਕਦੇ ਉਸ ਬੰਦ ਕਮਰੇ ਦੇ ਬੂਹੇ ਵੱਲ ਜਿੱਥੇ ਅਸੀਂ ਸਾਰੇ ਖੇਡ ਰਹੇ ਹੁੰਦੇ। ਭੂਆ ਹਮੇਸ਼ਾ ਨਮਿਤਾ ਨੂੰ ਬਿਨਾਂ ਕਿਸੇ ਕਾਰਨ ਡਾਂਟਦੀ, ਤੇ ਚੰਦਰ ਮੋਹਨ ਨੂੰ ਗਲਤ ਗੱਲ ‘ਤੇ ਵੀ ਸ਼ਹਿ ਦਿੰਦੀ ਜਿਸ ਦੇ ਮਾੜੇ ਅਸਰ ਵਜੋਂ ਬੱਚੀ ਦੀ ਸ਼ਖਸੀਅਤ ਆਪ-ਮੁਹਾਰੀ ਹੋ ਗਈ ਤੇ ਦੱਬੂ ਅਤੇ ਸਹਿਮੀ ਸਹਿਮੀ ਕਬੂਤਰੀ ਵਰਗੀ ਹੁੰਦੀ ਗਈ।
ਸਾਡੇ ਬੱਚੇ ਭਾਵੇਂ ਵੱਖ-ਵੱਖ ਸਕੂਲਾਂ ਵਿਚ ਪੜ੍ਹਦੇ ਸਨ, ਪਰ ਚੰਦਰ ਮੋਹਨ ਦੀਆਂ ਆਪ-ਹੁਦਰੀਆਂ ਦੀ ਕੋਈ ਨਾ ਕੋਈ ਗੱਲ ਕੰਨੀਂ ਪੈ ਜਾਂਦੀ ਤਾਂ ਸਾਨੂੰ ਵੀ ਬੜਾ ਮੰਦਾ ਲਗਦਾ, ਪਰ ਅਸੀਂ ਉਨ੍ਹਾਂ ਦੇ ਨਿੱਜੀ ਮਾਮਲੇ ਵਿਚ ਦਖਲ ਦੇਣਾ ਠੀਕ ਨਹੀਂ ਸੀ ਸਮਝਦੇ। ਕਈ ਵਾਰੀ ਘਰ ਬੈਠੇ ਇਸ ਬਾਰੇ ਗੱਲ ਹੁੰਦੀ ਤਾਂ ਅਮਿਤ ਕਹਿੰਦੇ, “ਦੇਖ ਦੀਕਸ਼ਾ, ਦੁੱਖ ਮੈਨੂੰ ਵੀ ਹੁੰਦੈ, ਪਰ ਇਹ ਉਨ੍ਹਾਂ ਦੀ ਨਿੱਜੀ ਸਮੱਸਿਆ ਹੈ।” ਤੇ ਜਦੋਂ ਸਾਡੇ ਬੱਚੇ ਕਾਲਜ ਜਾਣ ਲੱਗ ਪਏ ਤਾਂ ਇਕ ਦਿਨ ਸਾਰੰਗ ਅਤੇ ਸ਼ਾਇਨੀ ਨੂੰ ਕੋਲ ਬਿਠਾ ਕੇ ਕਹਿਣ ਲੱਗੇ, “ਦੇਖੋ ਬੇਟਾ, ਤੁਹਾਡੀ ਉਮਰ ਹੁਣ ਉਸ ਮੋੜ ‘ਤੇ ਆ ਗਈ ਹੈ ਜਿਥੇ ਹੁਣ ਦੂਜਾ ਕਦਮ ਪਹਿਲੇ ਤੋਂ ਬਿਲਕੁਲ ਵੱਖਰੇ ਮਾਹੌਲ ਵਿਚ ਹੋਵੇਗਾ। ਇਹ ਵੀ ਹੋ ਸਕਦੈ ਕਿ ਅਗਲਾ ਪੈਰ ਪਿਛਲੇ ਤੋਂ ਵਧੇਰੇ ਆਕਰਸ਼ਨ ਵਾਲੀ ਛੂਹ ਮਹਿਸੂਸ ਕਰੇ। ਕੀ ਚੰਗਾ ਹੈ, ਕੀ ਬੁਰਾ; ਇਸ ਬਾਰੇ ਮੈਂ ਕੁਝ ਨਹੀਂ ਕਹਾਂਗਾ। ਨਾ ਮੈਂ ਤੁਹਾਨੂੰ ਕੁਝ ਬੱਝੇ-ਬਝਾਏ ਸਿਧਾਂਤ ਦੇਵਾਂਗਾ; ਕਿਉਂ ਜੋ ਫੈਸਲਾ ਉਹੀ ਸੁਖਾਵਾਂ ਹੁੰਦਾ ਹੈ ਜੋ ਹਾਲਾਤ ਮੁਤਾਬਕ ਹੋਵੇ, ਨਾ ਕਿ ਸੁਣੇ-ਸੁਣਾਏ ਸਿਧਾਂਤਾਂ ਮੁਤਾਬਕ। ਮੈਂ ਤਾਂ ਬੱਸ ਇੰਨਾ ਚਾਹੁੰਦਾ ਹਾਂ ਕਿ ਤੁਹਾਡੇ ਅੰਦਰ ਅਜਿਹੀ ਸੂਝ ਵਿਕਸਤ ਹੋਵੇ ਜਿਸ ਦੀ ਰੋਸ਼ਨੀ ਵਿਚ ਤੁਸੀਂ ਆਪਣਾ ਹਰ ਫੈਸਲਾ ਆਪ ਕਰ ਸਕੋ। ਬੱਸ, ਕੁਦਰਤ ਦੇ ਇਕ ਨਿਯਮ ਨੂੰ ਯਾਦ ਰੱਖਣਾ, ਜੋ ਕੰਮ ਜਾਂ ਗੱਲ ਲੁਕ ਕੇ ਕਰਨੀ ਪਵੇ, ਜਾਂ ਜਿਸ ਦੇ ਵਿਚਾਰ ਨਾਲ ਹੀ ਮਨ ਨੂੰ ਝਿਜਕ ਲੱਗੇ, ਤਾਂ ਸਮਝਣਾ ਉਹ ਗਲਤ ਹੈ, ਤੇ ਜੇ ਕਦੇ ਜਾਣੇ-ਅਣਜਾਣੇ ਅਜਿਹਾ ਕੁਝ ਹੋ ਜਾਵੇ ਜਿਸ ਨਾਲ ਦੁੱਖ ਪਹੁੰਚੇ ਤਾਂ ਉਸ ਕੀਤੇ ਦੀ ਜ਼ਿੰਮੇਵਾਰੀ ਲੈਣ ਤੋਂ ਸੰਕੋਚ ਨਾ ਕਰਨਾ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਦੋਵੇਂ ਮੇਰੀ ਗੱਲ ਨੂੰ ਸਮਝੋਗੇ। ਫਿਰ ਵੀ ਜੇ ਕਿਸੇ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
“ਆਮੀਨ”, ਦੋਹਾਂ ਨੇ ਉਚੀ ਸਾਰੀ ਕਿਹਾ ਅਤੇ ਅਮਿਤ ਦੇ ਗਲੇ ਵਿਚ ਬਾਹਾਂ ਪਾ ਲਈਆਂ। ਮੈਨੂੰ ਯਾਦ ਆਇਆ, ਦਸਵੀਂ ਵਿਚ ਪੜ੍ਹਦਿਆਂ ਇਕ ਵਾਰੀ ਮੇਰੀ ਸਹੇਲੀ ਸੁਮਨਾ ਅੱਧੀ ਛੁੱਟੀ ਵੇਲੇ ਰੁੱਖ ਹੇਠਾਂ ਬੈਠੀ ਪੜ੍ਹ ਰਹੀ ਸੀ ਕਿ ਕੁਝ ਅਵਾਰਾ ਕਿਸਮ ਦੇ ਮੁੰਡੇ ਥੋੜ੍ਹੀ ਵਿੱਥ ‘ਤੇ ਖੜ੍ਹੋ ਕੇ ਪੁੱਠੇ-ਸਿੱਧੇ ਕੁਮੈਂਟ ਦੇਣ ਲੱਗ ਪਏ। ਰੋਣਹਾਕੀ ਹੋਈ ਉਹ ਉਥੋਂ ਉਠ ਪਈ ਤੇ ਸਮੇਂ ਤੋਂ ਪਹਿਲਾਂ ਹੀ ਛੁੱਟੀ ਲੈ ਕੇ ਘਰ ਪਰਤ ਗਈ। ਐਤਵਾਰ ਵਾਲੇ ਦਿਨ ਸਾਡੇ ਘਰ ਆਈ ਤਾਂ ਕਹਿਣ ਲੱਗੀ, “ਅਰੁਣ, ਮੈਨੂੰ ਬੜਾ ਅਚੰਭਾ ਅਤੇ ਦੁੱਖ ਹੋਇਆ, ਇਹ ਦੇਖ ਕੇ ਕਿ ਤੂੰ ਵੀ ਉਨ੍ਹਾਂ ਮੁੰਡਿਆਂ ਵਿਚ ਖੜ੍ਹਾ ਸੀ।”
ਥੋੜ੍ਹੀ ਦੂਰ ਬੈਠੇ ਭਾਪਾ ਜੀ ਦੇ ਕੰਨ ਖੜ੍ਹੇ ਹੋ ਗਏ।
“ਅਰੁਣ ਜ਼ਰਾ ਇੱਧਰ ਆ।” ਉਨ੍ਹਾਂ ਦੀ ਗੰਭੀਰ ਅਤੇ ਸਧੀ ਹੋਈ ਆਵਾਜ਼ ਸੁਣ ਕੇ ਅਰੁਣ ਸਹਿਮਿਆ ਜਿਹਾ ਉਨ੍ਹਾਂ ਕੋਲ ਜਾ ਬੈਠਾ। “ਸੁਮਨਾ ਕੀ ਕਹਿ ਰਹੀ ਹੈ?” ਸੰਖੇਪ ਜਿਹਾ ਸਵਾਲ ਸੀ, ਬਿਨਾਂ ਕਿਸੇ ਬੈਕ ਗਰਾਊਂਡ ਦੇ।
“ਠੀਕ ਕਹਿ ਰਹੀ ਹੈ ਭਾਪਾ ਜੀ, ਪਰ ਇਹ ਇਤਫਾਕ ਹੀ ਸੀ ਕਿ ਮੈਂ ਉਥੋਂ ਲੰਘ ਰਿਹਾ ਸੀ ਤੇ ਬਿੰਦ ਕੁ ਲਈ ਖੜ੍ਹਾ ਹੋ ਗਿਆ।”
“ਪਰ ਜੇ ਰੁੱਖ ਹੇਠਾਂ ਸੁਮਨਾ ਦੀ ਥਾਂ ਦੀਕਸ਼ਾ ਹੁੰਦੀ ਤਾਂ ਵੀ ਤੂੰ ਚੁੱਪ ਖੜ੍ਹਾ ਰਹਿੰਦਾ?”
“ਮੈਂ ਤੁਹਾਡੀ ਗੱਲ ਸਮਝਦਾ ਹਾਂ ਅਤੇ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਇਸ ਬਾਰੇ ਸੋਚਦਾ ਰਿਹਾ ਹਾਂ, ਪਰ ਉਨ੍ਹਾਂ ਸ਼ੋਹਦਿਆਂ ਨੂੰ ਮੂੰਹ ਕੌਣ ਲਾਵੇ? ਉਹ ਤਾਂ ਹਰ ਵੇਲੇ ਕਿਸੇ ਨਾ ਕਿਸੇ ਨਾਲ ਪੰਗੇ ਦੀ ਭਾਲ ‘ਚ ਰਹਿੰਦੇ ਨੇ।”
“ਹੂੰæææਠੀਕ ਹੈ, ਜੇ ਤੂੰ ਇਸ ਗੱਲ ਨੂੰ ਸਮਝਦਾ ਹੈਂ ਕਿ ਸ਼ੋਹਦਿਆਂ ਨਾਲ ਪੰਗਾ ਲੈਣਾ ਬੇਵਕੂਫੀ ਹੈ ਤਾਂ ਇਸ ਤੱਥ ਨੂੰ ਵੀ ਹਮੇਸ਼ਾ ਚੇਤੇ ਰੱਖੀਂ ਕਿ ਕੱਜਲ ਦੀ ਕੋਠੜੀ ਕੋਲੋਂ ਵੀ ਲੰਘ ਜਾਵੋ ਤਾਂ ਮਾੜੀ ਮੋਟੀ ਕਾਲੀ ਝਰੀਟ ਲੱਗ ਹੀ ਜਾਂਦੀ ਹੈ ਅਤੇ ਜੇ ਤੁਹਾਡਾ ਦਾਮਨ ਸਾਫ਼ ਹੈ ਤਾਂ ਮਾੜਾ ਜਿਹਾ ਦਾਗ ਵੀ ਉਸ ਨੂੰ ਮੈਲਿਆਂ ਕਰ ਦਿੰਦਾ ਹੈ।”
ਸਾਡੇ ਬੱਚੇ ਹੁਣ ਹਾਈ ਸਕੂਲ ਪੂਰਾ ਕਰ ਕੇ ਕਾਲਜ ਜਾਂਦੇ ਸਨ। ਨਮਿਤਾ ਭਾਵੇਂ ਕੁੜੀਆਂ ਦੇ ਵੱਖਰੇ ਕਾਲਜ ਪੜ੍ਹਦੀ ਸੀ ਤੇ ਬਾਕੀ ਤਿੰਨੇ ਇਕ ਥਾਂ ‘ਤੇ; ਤਾਂ ਵੀ ਉਨ੍ਹਾਂ ਦੀ ਦੋਸਤੀ ਵਿਚ ਕੁਝ ਫਰਕ ਨਾ ਪਿਆ, ਹਾਲਾਂਕਿ ਚੰਦਰ ਮੋਹਨ ਦਾ ਸੁਭਾਅ ਅਤੇ ਹਰਕਤਾਂ ਸਾਡੇ ਬੱਚਿਆਂ ਨਾਲ ਮੇਲ ਨਹੀਂ ਸੀ ਖਾਂਦੀਆਂ, ਪਰ ਇਨ੍ਹਾਂ ਵਿਅਕਤੀਗਤ ਗੱਲਾਂ ਨੂੰ ਉਨ੍ਹਾਂ ਆਪਣੀ ਦੋਸਤੀ ‘ਤੇ ਹਾਵੀ ਨਹੀਂ ਸੀ ਹੋਣ ਦਿੱਤਾ। ਤਾਂ ਵੀ, ਅਤਿ ਤਾਂ ਹਰ ਥਾਂ ‘ਤੇ ਵਰਜਿਤ ਹੁੰਦਾ ਹੈ। ਚੰਦਰ ਮੋਹਨ ਦੀਆਂ ਆਪ-ਹੁਦਰੀਆਂ ਅਤੇ ਬਿਨਾਂ ਵਜ੍ਹਾ ਕੁੜੀਆਂ ਨੂੰ ਤੰਗ ਕਰ ਕੇ ਖੁਸ਼ ਹੋਣ ਦੀ ਕੋਝੀ ਮਾਨਸਿਕਤਾ ਸਦਕਾ ਅਜਿਹਾ ਵਿਸਫੋਟ ਹੋਇਆ ਕਿ ਸਭ ਨੂੰ ਸ਼ਰਮਸ਼ਾਰ ਕਰ ਗਿਆ।
ਹੋਇਆ ਇਵੇਂ ਕਿ ਕਾਲਜ ਦੀ ਛੁੱਟੀ ਮਗਰੋਂ ਗੇਟ ਤੋਂ ਬਾਹਰ ਨਿਕਲ ਰਹੀ ਇਕ ਕੁੜੀ ਨੂੰ ਚੰਦਰ ਮੋਹਨ ਨੇ ਆਪਣੀ ਆਦਤ ਤੋਂ ਮਜਬੂਰ ਲੰਘਦੇ-ਲੰਘਦੇ ਜ਼ੋਰ ਨਾਲ ਮੋਢਾ ਮਾਰਿਆ। ਆਪਣੇ ਧਿਆਨ, ਸਹਿਜ-ਸੁਭਾਏ ਤੁਰਦੀ ਕੁੜੀ ਕਿਤਾਬਾਂ ਸਮੇਤ ਡਿੱਗ ਪਈ ਤੇ ਗੇਟ ਦੀ ਲੋਹੇ ਦੀ ਮਜ਼ਬੂਤ ਬਾਹੀ ਨਾਲ ਜਾ ਵੱਜੀ। ਜਦੋਂ ਤੀਕ ਚੌਕੀਦਾਰ ਉਸ ਨੂੰ ਚੁੱਕਦਾ, ਇਹ ਸ਼ੋਹਦੀ ਹਰਕਤ ਕਰਨ ਵਾਲਾ ਉਥੋਂ ਖਿਸਕ ਚੁੱਕਾ ਸੀ। ਚੌਕੀਦਾਰ ਨੇ ਸੰਗੀਤਾ ਨੂੰ ਕੁਝ ਕੁੜੀਆਂ ਦੀ ਸਹਾਇਤਾ ਨਾਲ ਚੁੱਕ ਕੇ ਬੈਂਚ ‘ਤੇ ਪਾਇਆ। ਉਸ ਦੇ ਮੋਢੇ ਦੀ ਹੱਡੀ ਟੁੱਟ ਚੁੱਕੀ ਸੀ। ਅਗਲੇ ਦਿਨ ਪ੍ਰਿੰਸੀਪਲ ਸਾਹਿਬ ਨੇ ਚੰਦਰ ਮੋਹਨ ਨੂੰ ਤਲਬ ਕੀਤਾ, ਪਰ ਉਹ ਤਾਂ ਕਿਤੇ ਨੇੜੇ-ਤੇੜੇ ਵੀ ਨਹੀਂ ਸੀ। ਅਖੀਰ ਉਸ ਦੇ ਮਾਪਿਆਂ ਨੂੰ ਬੁਲਾਇਆ ਗਿਆ। ਸ਼ਰਮਾ ਜੀ ਦੀਆਂ ਨਜ਼ਰਾਂ ਜ਼ਮੀਨ ਵਿਚ ਗੱਡੀਆਂ ਹੋਈਆਂ ਸਨ ਤੇ ਜ਼ੁਬਾਨ ਤਾਲੂ ਨਾਲ। ਕਹਿੰਦੇ ਵੀ ਕੀ? ਅਖ਼ੀਰ ਪੁੱਤਰ ਨੂੰ ਕਾਲਜ ਤੋਂ ਕੱਢਣ ਦਾ ਕਾਗਜ਼, ਉਸ ਦੇ ਮਾੜੇ ਚਾਲ-ਚਲਣ ਦਾ ਸਰਟੀਫਿਕੇਟ ਅਤੇ ਉਲਾਂਭਿਆਂ ਦੇ ਭਾਰ ਹੇਠਾਂ ਦਰਕਦੇ ਕਸ-ਮਸਾਉਂਦੇ ਨੀਵੀਂ ਪਾਈ ਘਰ ਪਰਤ ਆਏ। ਭੂਆ ਨੇ ਰੱਜ ਕੇ ਭੜਾਸ ਕੱਢੀ।
“ਅਖੇ, ਦੁਖਦੀਆਂ ਨੇ ਮੇਮਾਂ। ਇੰਨੀਆਂ ਹੀ ਸ਼ਰੀਫਜ਼ਾਦੀਆਂ ਨੇ ਤਾਂ ਕਿਉਂ ਜਾਂਦੀਆਂ ਨੇ ਮੁੰਡਿਆਂ ਦੇ ਸਕੂਲ। ਅੱਗ ਲੱਗੇ ਇਨ੍ਹਾਂ ਪੜ੍ਹਾਈਆਂ ਨੂੰ। ਕੋਈ ਸ਼ਰਮ ਹਯਾ ਨਹੀਂ ਰਹੀ। ਮੁੰਡਿਆਂ ਨੂੰ ਨਕੇਲਾਂ ਪਾਉ ਤੇ ਇਨ੍ਹਾਂ ਬਧੋਰਨਾ ਨੂੰæææ।”
“ਬੱਸ ਕਰ ਭੂਆ ਬੱਸ ਕਰ।” ਸ਼ਰਮਾ ਸਾਹਿਬ ਦੀ ਦਹਾੜ ਇੰਨੀ ਜ਼ੋਰਦਾਰ ਸੀ ਕਿ ਕੰਬ ਗਈ ਭੂਆ ਵੀ। “ਤੂੰ ਹੀ ਸਿਰ ਚੜ੍ਹਾਇਆ ਹੈ, ਪਰ ਤੈਨੂੰ ਵੀ ਕੀ ਕਹਾਂ। ਮੈਂ ਕਿਉਂ ਨਾ ਧਿਆਨ ਦਿੱਤਾ ਐਨਾ ਚਿਰ!” ਤੇ ਉਹ ਭੁੱਬਾਂ ਮਾਰ-ਮਾਰ ਰੋ ਪਏ। ਹਾਰ ਕੇ ਉਨ੍ਹਾਂ ਦੂਰ ਰਹਿੰਦੇ ਆਪਣੇ ਦੋਸਤ ਨੂੰ ਕਹਿ ਕੇ ਉਸ ਦੇ ਹੌਜ਼ਰੀ ਦੇ ਕਾਰਖਾਨੇ ਵਿਚ ਚੰਦਰ ਮੋਹਨ ਨੂੰ ਨੌਕਰੀ ਲਗਵਾ ਦਿੱਤਾ ਤੇ ਕੁਝ ਚਿਰ ਮਗਰੋਂ ਉਸ ਦਾ ਵਿਆਹ ਕਰ ਦਿੱਤਾ। ਨਮਿਤਾ ਦੇ ਵਿਆਹ ਮਗਰੋਂ ਦੋਵੇਂ ਮੀਆਂ-ਬੀਵੀ ਨੂੰਹ ਪੁੱਤਰ ਕੋਲ ਚਲੇ ਗਏ।
ਰਾਤ ਲਗਭਗ ਬੀਤ ਚੁੱਕੀ ਸੀ, ਪਰ ਮੇਰੀਆਂ ਅੱਖਾਂ ਵਿਚ ਉਣੀਂਦਾ ਨਹੀਂ ਸਗੋਂ ਲਕੀਰਾਂ ਰੜਕ ਰਹੀਆਂ ਸਨ, ਤੇ ਜਿਵੇਂ ਉਹ ਨਵੀਆਂ-ਪੁਰਾਣੀਆਂ ਧੁੰਦਲੀਆਂ ਮਟਮੈਲੀਆਂ ਲਕੀਰਾਂ ਸਿੱਧੀਆਂ ਨਹੀਂ ਸਨ; ਸਗੋਂ ਸਵਾਲੀਆ ਨਿਸ਼ਾਨ ਬਣ ਕੇ ਮੇਰੇ ਦਿਲ, ਦਿਮਾਗ ਤੇ ਯਾਦਾਂ ਦੇ ਵਿਹੜੇ ਵਿਚ ਚੁਭ ਰਹੀਆਂ ਸਨ।

Be the first to comment

Leave a Reply

Your email address will not be published.