ਪੰਗੇ ਤੋਂ ਚੰਗੇ ਤੱਕ

ਛਾਤੀ ਅੰਦਰਲੇ ਥੇਹ (13)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ

ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1966 ਵਿਚ ਬੀਐਸ਼ਸੀæ (ਫਾਈਨਲ) ਕਰਦਿਆਂ ਸਾਲਾਨਾ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਸਾਡੇ ਜੂਨੀਅਰ ਵਿਦਿਆਰਥੀਆਂ ਨੇ ਸਾਨੂੰ ਵਿਦਾਇਗੀ ਪਾਰਟੀ ਦਿੱਤੀ। ਉਸ ਵਿਚ ਮੈਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਤਰੰਨੁਮ ਵਿਚ ਸੁਣਾਈ। ਗਾਉਣਾ ਮੇਰੇ ਵੱਸ ਦੀ ਗੱਲ ਤਾਂ ਨਹੀਂ ਸੀ, ਫਿਰ ਵੀ ਮੈਂ ਗਾਇਆ ਤੇ ਸਰੋਤਿਆਂ ਨੇ ਤਾੜੀਆਂ ਵੀ ਮਾਰੀਆਂ। ਪਾਰਟੀ ਮਗਰੋਂ ਗਰੁੱਪ ਫੋਟੋ ਲਈ ਸਾਇੰਸ ਵਿੰਗ ਵੱਲ ਜਾਂਦਿਆਂ ਮੇਰੇ ਜਮਾਤੀ ਨਰੇਸ਼ ਕਾਮਰ ਨੇ ਟੌਂਚ ਕੀਤੀ, “ਸਰਦਾਰ ਜੀ ਨੇ ਗੀਤ ਸੁਨਾਇਆ, ਕਊਆ ਕਾਂ ਕਾਂ ਕਰਤਾ ਆਇਆ। ਵਾਹ ਬਈ ਵਾਹ ਸਰਦਾਰ ਜੀ, ਕਿਆ ਬਾਤ ਹੈ। ਕਿਆ ਆਵਾਜ਼ ਹੈ। ਆਪ ਨੇ ਤੋ ਆਜ ਮਹਿਫਲ ਹੀ ਲੂਟ ਲੀ।”
ਉਸ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਚੜ੍ਹਿਆ ਪਰ ਮੈਂ ਇਹ ਸੋਚ ਕੇ ਚੁੱਪ ਕਰ ਗਿਆ ਕਿ ਕੁੱਤਾ ਭੌਂਕਦਾ ਹੈ, ਭੌਂਕੇ ਪਿਆ। ਆਪੇ ਚੁੱਪ ਕਰ ਜਾਊ। ਥੋੜ੍ਹੀ ਦੂਰ ਜਾ ਕੇ ਉਹ ਫਿਰ ਖਿੜ ਖਿੜਾ ਕੇ ਹੱਸਿਆ ਤੇ ਬੋਲਿਆ, “ਸਰਦਾਰ ਜੀ, ਆਜ ਆਪ ਕੋ ਭਾਂਗੜਾ ਡਾਲਨਾ ਚਾਹੀਏ ਥਾ, ਉਇ ਖਟਨ ਗਿਆ ਥਾ, ਖਟਨ ਗਿਆ ਥਾæææ ਬੱਲੇæææ ਬੱਲੇæææ ਬੱਲੇ।” ਉਹ ਬਾਹਾਂ ਉਤੇ ਚੁੱਕ ਟੱਪਣ ਲੱਗਾ। ਉਸ ਦੇ ਮਜ਼ਾਕ ਤੋਂ ਮੈਨੂੰ ਫਿਰ ਗੁੱਸਾ ਚੜ੍ਹਿਆ ਪਰ ਮੈਂ ਫਿਰ ਪੀ ਗਿਆ। ਵੀਰ ਜੀ ਦੀ ਨਸੀਹਤ ਹੀ ਅਜਿਹੀ ਸੀ ਕਿ ਪਾਣੀ ਗਲ ਤੀਕ ਆਉਣ ਤਕ ਸ਼ਾਂਤ ਰਹੋ। ਨਾਲ ਤੁਰੀ ਜਾਂਦੀ ਕੁੜੀਆਂ ਦੀ ਟੋਲੀ ਵਿਚੋਂ ਪ੍ਰੈਫੈਸਰ ਤ੍ਰਿਵੇਦੀ ਦੀ ਛੋਟੀ ਭੈਣ ਊਸ਼ਾ ਉਹਦੇ ਲਾਗੇ ਜਾ ਕੇ ਬੋਲੀ, “ਨਰੇਸ਼ ਭਾਈ, ਯੇ ਕਿਆ ਬਦਤਮੀਜ਼ੀ ਹੈ। ਸਰਦਾਰ ਜੀ ਕੁਛ ਬੋਲਤੇ ਨਹੀਂ ਤੋ ਇਸ ਕਾ ਮਤਲਬ ਹੈ, ਬੜ੍ਹਤੇ ਜਾਉ।” ਇਕ ਦੋ ਹੋਰ ਮੁੰਡਿਆਂ, ਕੁੜੀਆਂ ਨੇ ਵੀ ਨਰੇਸ਼ ਨੂੰ ਫਿਟਕਾਰ ਲਾਈ।
ਪੰਜਾਹ ਲੜਕੇ-ਲੜਕੀਆਂ ਦੀ ਕਲਾਸ ਵਿਚ ਮੈਂ ਇਕੱਲਾ ਸਰਦਾਰ ਸਾਂ। ਕਈ ਮੁੰਡਿਆਂ ਦੀ ਭੈੜੀ ਆਦਤ ਸੀ, ਅਕਸਰ ਮੈਨੂੰ ਹੀ ਨਿਸ਼ਾਨਾ ਬਣਾ ਕੇ ਸਰਦਾਰਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ। ਸਰਦਾਰਾਂ ਨਾਲ ਜੋੜ ਨਵੇਂ ਨਵੇਂ ਲਤੀਫੇ ਘੜਦੇ। ਸਾਰੀ ਕਲਾਸ ਵਿਚ ਮੇਰਾ ਇਕੋ ਇਕ ਬੇਗਰਜ਼ ਮਿੱਤਰ ਰਾਮੇਸ਼ਵਰ ਦੀਕਸ਼ਤ ਸੀ ਜੋ ਕੁਝ ਦਿਨ ਤੋਂ ਬਿਮਾਰ ਹੋਣ ਕਰ ਕੇ ਮੈਡੀਕਲ ਲੀਵ ‘ਤੇ ਸੀ। ਕਲਾਸ ਵਿਚ ਪੰਜਾਬੀ ਬੋਲਣ ਵਾਲੀ ਇਕੋ ਇਕ ਕੁੜੀ ਹੀਰੋ ਹਿੰਗੋਰਾਣੀ ਸੀ ਜੋ ਸਿੰਧਣ ਹੋਣ ਦੇ ਬਾਵਜੂਦ ਮੇਰੇ ਨਾਲ ਹਮੇਸ਼ਾ ਪੰਜਾਬੀ ਵਿਚ ਗੱਲਾਂ ਕਰਦੀ। ਮੇਰੀਆਂ ਭਾਵਨਾਵਾਂ ਨੂੰ ਸਮਝਦੀ ਤੇ ਮੈਨੂੰ ਤਿਹੁ ਵੀ ਕਰਦੀ। ਜਦੋਂ ਉਹ ਚੁੱਪ ਹੁੰਦੀ, ਉਦੋਂ ਵੀ ਉਸ ਦੀਆਂ ਅੱਖਾਂ ਮੈਨੂੰ ਪੰਜਾਬੀ ਬੋਲਦੀਆਂ ਲਗਦੀਆਂ।
ਪੜ੍ਹਾਈ ਵਿਚ ਮੈਂ ਕਾਫੀ ਠੀਕ ਸਾਂ। ਫਿਜ਼ਿਕਸ, ਕੈਮਿਸਟਰੀ ਅਤੇ ਮੈਥ ਵਰਗੇ ਵਿਸ਼ੇ ਕਿਤਾਬ ਪੜ੍ਹਿਆਂ ਹੀ ਮੇਰੀ ਸਮਝ ਵਿਚ ਆ ਜਾਂਦੇ। ਇਸ ਲਈ ਕੁਝ ਮੁੰਡੇ ਮਦਦ ਲੈਣ ਦੀ ਗਰਜ਼ ਨਾਲ ਵੀ ਮੇਰੇ ਨਾਲ ਦੋਸਤੀ ਕਰਦੇ। ਉਨ੍ਹਾਂ ਵਿਚੋਂ ਦੁਜਿੰਦਰ ਸ਼ਰਮਾ ਵੀ ਇਕ ਸੀ ਜਿਸ ਨੇ ਮੇਰੇ ਕੋਲੋਂ ਪੰਜਾਬੀ ਬੋਲਣੀ, ਪੜ੍ਹਨੀ ਅਤੇ ਲਿਖਣੀ ਸਿੱਖੀ। ਇਹ ਗੱਲ ਮੈਨੂੰ ਬਾਅਦ ਵਿਚ ਪਤਾ ਲੱਗੀ ਕਿ ਉਹ ਕਿਸੇ ਪੰਜਾਬੀ ਕੁੜੀ ਦੇ ਚੱਕਰ ਵਿਚ ਸੀ। ਉਸ ਨਾਲ ਇਕੱਠੇ ਜੀਵਨ ਬਿਤਾਉਣ ਦਾ ਵਾਅਦਾ ਕੀਤਾ ਹੋਇਆ ਸੀ ਉਸ ਨੇ।
ਅਸੀਂ ਗਰੁੱਪ ਫੋਟੋ ਲਈ ਸਾਇੰਸ ਵਿੰਗ ਦੇ ਬਾਹਰ ਲੱਗੇ ਡੈਸਕਾਂ ‘ਤੇ ਜਾ ਖੜ੍ਹੇ। ਪ੍ਰੋਫੈਸਰਾਂ ਵਾਲੀਆਂ ਅੱਠ ਦਸ ਕੁਰਸੀਆਂ ਅਜੇ ਖਾਲੀ ਪਈਆਂ ਸਨ। ਕੁਰਸੀਆਂ ਪਿੱਛੇ ਪਹਿਲੀ ਕਤਾਰ ਕੁੜੀਆਂ ਦੀ ਸੀ, ਉਨ੍ਹਾਂ ਦੇ ਮਗਰ ਤਿੰਨ ਕਤਾਰਾਂ ਮੁੰਡਿਆਂ ਦੀਆਂ। ਫੋਟੋਗ੍ਰਾਫਰ ਨੇ ਕੁੜੀਆਂ ਵਾਲੀ ਕਤਾਰ ਦੇ ਦੋਨੋਂ ਪਾਸੇ ਬੁਰਕੇ ਵਾਲੀਆਂ ਦੋ ਕੁੜੀਆਂ ਬਾਨੋ ਤੇ ਫੂਲ ਨੂੰ ਖੜ੍ਹਾ ਦਿੱਤਾ। ਉਸ ਦੇ ਮਗਰ ਵਾਲੀ ਕਤਾਰ ਦੇ ਬਿਲਕੁਲ ਗੱਭੇ ਮੈਨੂੰ। ਫਿਰ ਉਹ ਮੁੰਡਿਆਂ ਨੂੰ ਕੱਦ ਮੁਤਾਬਕ ਅੱਗੇ ਪਿੱਛੇ ਕਰਨ ਲੱਗਾ। ਮੇਰੇ ਪਿਛਿਉਂ ਆਵਾਜ਼ ਆਈ, “ਸਰਦਾਰ ਜੀ ਕੀ ਖੋਪੜੀ ਮੇਂ ਬਾਰਾਂ ਬਜ ਗਏ।” ਮੈਂ ਗਰਦਨ ਘੁਮਾ ਕੇ ਪਿਛੇ ਦੇਖਿਆ। ਉਹੀ ਨਰੇਸ਼ ਕੁਮਾਰ ਸੀ ਜਿਹੜਾ ਉਂਗਲਾਂ ਜੋੜ ਕੇ ਮੇਰੀ ਪਗੜੀ ਵੱਲ ਇਸ਼ਾਰੇ ਕਰ ਰਿਹਾ ਸੀ।
ਇਕਦਮ ਮੇਰਾ ਪਾਰਾ ਚੜ੍ਹ ਗਿਆ। ਗੁੱਸੇ ਵਿਚ ਮੈਂ ਦੰਦ ਕਰੀਚੇ। ਪਿੱਛੇ ਵੱਲ ਘੁੰਮਿਆ ਤੇ ਨਰੇਸ਼ ਕੁਮਾਰ ਦੀ ਟਾਈ ਫੜ ਕੇ ਐਨੀ ਜ਼ੋਰ ਨਾਲ ਹੁਝਕਾ ਮਾਰਿਆ ਕਿ ਉਹਦਾ ਮੂੰਹ ਡੈਸਕ ਨਾਲ ਜਾ ਵੱਜਿਆ। ਲੜਕੇ-ਲੜਕੀਆਂ ਵਿਚ ਭਗਦੜ ਜਿਹੀ ਮਚ ਗਈ। ਮੈਂ ਡਿੱਗੇ ਪਏ ਨੂੰ ਫੇਰ ਢਾਹ ਲਿਆ, ਘਸੁੰਨ-ਮੁੱਕੇ ਮਾਰੇ ਤੇ ਧੌਣ ਉਤੇ ਗੋਡੇ ਵੀ ਸੁੱਟੇ। ਨਰੇਸ਼ ਕੁਮਾਰ ਦੀ ਐਨਕ ਟੁੱਟ ਗਈ ਤੇ ਉਹ ਲਹੂ-ਲੁਹਾਣ ਹੋ ਗਿਆ। ਡਿੱਗਿਆ ਪਿਆ ਉਹ ਉਚੀ-ਉਚੀ ਚੀਕਣ ਲੱਗਾ। ਖੜਕਾ-ਦੜਕਾ ਸੁਣ ਕੇ ਪ੍ਰੋਫ਼ੈਸਰ ਵੀ ਆ ਗਏ। ਕਈ ਮੁੰਡਿਆਂ ਨੇ ਮੈਨੂੰ ਫੜਿਆ ਤੇ ਖਿੱਚ ਕੇ ਦੂਜੇ ਪਾਸੇ ਲੈ ਗਏ। ਪ੍ਰਿੰਸੀਪਲ ਐਮæ ਰੇਅ ਵੀ ਉਥੇ ਆ ਗਏ। ਨਰੇਸ਼ ਕੁਮਾਰ ਦੇ ਕਿਉਂਕਿ ਨਕਸੀਰ ਫੁੱਟ ਪਈ ਸੀ, ਪ੍ਰਿੰਸੀਪਲ ਮੇਰੇ ਵੱਲ ਦੇਖ ਦੇ ਕੜਕ ਕੇ ਬੋਲੇ, “ਇਸ ਬਦਮਾਸ਼ ਕੋ ਕਾਲਜ ਸੇ ਭਗਾਉ।” ਪਰ ਕੁਝ ਮੁੰਡਿਆਂ ਨੇ ਜਦੋਂ ਹਕੀਕਤ ਦੱਸੀ ਤਾਂ ਉਸ ਨੇ ਹੁਕਮ ਸੁਣਾਇਆ ਕਿ ਦੋਨੋਂ ਜਣੇ ਗਰੁੱਪ ਫੋਟੋ ਵਿਚ ਸ਼ਾਮਿਲ ਨਹੀਂ ਹੋਣਗੇ ਤੇ ਅਗਲੇ ਦਿਨ ਦੋਨਾਂ ਦੀ ਪ੍ਰਿੰਸੀਪਲ ਕੋਲ ਦਸ ਵਜੇ ਪੇਸ਼ੀ ਹੋਵੇਗੀ। ਪੇਸ਼ੀ ਦਾ ਮਤਲਬ ਸੀ, ਕਾਲਜੋਂ ਕੱਢਿਆ ਜਾਣਾ।
ਮੈਂ ਘਰ ਜਾ ਕੇ ਰਾਮੇਸ਼ਵਰ ਨੂੰ ਸਾਰੀ ਗੱਲ ਦੱਸੀ ਤੇ ਕਿਹਾ, “ਮੈਂ ਅੱਜ ਰਾਤ ਕੋ ਹੀ ਪੰਜਾਬ ਜਾ ਰਹਾ ਹੂੰ। ਇਸ ਸੇ ਪਹਿਲੇ ਕਿ ਪ੍ਰਿੰਸੀਪਲ ਮੁਝੇ ਕਾਲਜ ਸੇ ਨਿਕਾਲੇ, ਮੈਂ ਆਪ ਹੀ ਕਾਲਜ ਛੋੜ ਰਹਾ ਹੂੰ।”
ਰਾਮੇਸ਼ਵਰ ਉਠ ਕੇ ਬੈਠਦਾ ਬੋਲਿਆ, “ਕਹੀਂ ਨਹੀਂ ਜਾਉਗੇ ਤੁਮ। ਕੱਲ੍ਹ ਕਾਲਜ ਜਾਉ। ਮੈਂ ਭੀ ਚਲੂੰਗਾ। ਦੂਸਰੇ ਲੜਕੋਂ ਔਰ ਪ੍ਰੋਫੈਸਰੋਂ ਸੇ ਬਾਤ ਕਰੇਂਗੇ। ਕਾਲਜ ਸੇ ਨਿਕਾਲੇਂਗੇ ਕੈਸੇ? ਹਮ ਮਰ ਗਏ ਹੈਂ ਕਿਆ?” ਉਹ ਰਾਤ ਮੇਰੇ ਲਈ ਤਸੀਹਿਆਂ ਭਰੀ ਸੀ। ਮੈਂ ਸਾਰੀ ਰਾਤ ਭੰਨ-ਘੜਤ ਵਿਚ ਜਾਗਦਾ ਪਿਆ ਰਿਹਾ। ਨਾ ਘਰ ਕਿਸੇ ਨੂੰ ਕੁਝ ਦੱਸਿਆ ਤੇ ਨਾ ਹੀ ਰੋਟੀ ਖਾਧੀ।
ਅਗਲੇ ਦਿਨ ਰਾਮੇਸ਼ਵਰ ਨੂੰ ਮੈਂ ਆਪਣੇ ਸਾਇਕਲ ਪਿਛੇ ਬਿਠਾਇਆ ਤੇ ਕਾਲਜ ਪੁੱਜ ਗਿਆ। ਹੀਰੋ ਹਿੰਗੋਰਾਣੀ ਤੇ ਊਸ਼ਾ ਸਮੇਤ ਸਾਰੀਆਂ ਕੁੜੀਆਂ-ਦੁਜਿੰਦਰ, ਗੋਸਵਾਮੀ, ਰਾਮਪ੍ਰਤਾਪ ਅਤੇ ਤਿੰਨ ਚਾਰ ਮੁੰਡੇ ਹੋਰ ਮੈਨੂੰ ਹੀ ਉਡੀਕ ਰਹੇ ਸਨ। ਹੀਰੋ ਬੋਲੀ, “ਸਰਦਾਰ ਭਾਈ ਸਾਹਿਬ, ਤੁਸੀਂ ਜੋ ਕੀਤਾ, ਠੀਕ ਕੀਤਾ। ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਿਆ ਕਰਦੇ। ਘੱਟੋ-ਘੱਟ ਮੁੜ ਕੇ ਕਿਸੇ ਸਰਦਾਰ ਦੇ ਕੋਲੋਂ ਨਹੀਂ ਲੰਘੇਗਾ। ਰਹੀ ਗੱਲ ਪੇਸ਼ੀ ਦੀ। ਹਮ ਸਭੀ ਆਪ ਕੇ ਸਾਥ ਹੈਂ। ਪੇਸ਼ੀ ਤੋਂ ਪਹਿਲਾਂ ਰੇਅ ਸਾਹਿਬ ਨੂੰ ਮਿਲਾਂਗੇ, ਅਸਲੀਅਤ ਦੱਸਾਂਗੇ। ਫਿਰ ਜੇ ਉਨ੍ਹਾਂ ਨੇ ਤੁਹਾਡੇ ਵਿਰੁੱਧ ਕੋਈ ਐਕਸ਼ਨ ਲਿਆ ਤਾਂ ਕਾਲਜ ਵਿਚ ਹੜਤਾਲ ਕਰਵਾ ਦਿਆਂਗੇ।” ਪਤਾ ਨਹੀਂ, ਮੈਂ ਕਿਸ ਤਬੀਅਤ ਦਾ ਬੇਵਕੂਫ ਬੰਦਾ ਹਾਂ; ਹੀਰੋ ਦੀ ਹੌਸਲਾ ਦੇਣ ਵਾਲੀ ਗੱਲ ਸੁਣ ਕੇ ਮੈਂ ਰੋਣ ਲੱਗ ਪਿਆ।
ਦੋਹਾਂ ਦੀ ਪੇਸ਼ੀ ਪਈ। ਸਾਇੰਸ ਵਿੰਗ ਦੇ ਸਾਰੇ ਪ੍ਰੋਫੈਸਰ ਵੀ ਬੈਠੇ ਹੋਏ ਸਨ। ਨਰੇਸ਼ ਨੇ ਮੱਥੇ ਉਤੇ ਪੱਟੀ ਬੰਨ੍ਹੀ ਹੋਈ ਸੀ। ਪਹਿਲਾਂ ਉਸੇ ਨੂੰ ਪੁੱਛਿਆ ਗਿਆ। ਉਸ ਕੋਲ ਕਹਿਣ ਲਈ ਕੋਈ ਗੱਲ ਹੀ ਨਹੀਂ ਸੀ। ਬੋਲਿਆ, “ਸਰਦਾਰ ਜੀ ਨੇ ਮੇਰੇ ਪਰ ਅਟੈਕ ਕੀਆ।”
“ਕਿਉਂ ਕੀਆ, ਕੋਈ ਵਜ੍ਹਾ ਰਹੀ ਹੋਗੀ?” ਪ੍ਰਿੰਸੀਪਲ ਬੋਲੇ, ਪਰ ਉਸ ਨੇ ਸਿਰ ਝੁਕਾ ਲਿਆ।
ਮੈਂ ਮੁੱਢ ਤੋਂ ਸਾਰੀ ਗੱਲ ਦੱਸੀ ਕਿ ਉਸ ਨੇ ਜਦੋਂ ਤੀਜੀ ਵਾਰੀ “ਸਰਦਾਰ ਜੀ ਕੀ ਖੋਪੜੀ ਮੇਂ ਬਾਰਾਂ ਬਜ ਗਏ” ਕਹਿ ਕੇ ਮੇਰਾ ਮਜ਼ਾਕ ਉਡਾਇਆ ਤਾਂ ਮੈਂ ਸਹਿਣ ਨਹੀਂ ਕਰ ਸਕਿਆ। ਮੈਂ ਸਿੱਖ ਹਾਂ, ਸਰਦਾਰ ਹਾਂ। ਸਿੱਖਾਂ ਦੇ, ਸਰਦਾਰਾਂ ਦੇ ਖਿਲਾਫ ਕੋਈ ਬਕਵਾਸ ਕਰੇਗਾ, ਮੈਂ ਸਹਿਣ ਨਹੀਂ ਕਰਾਂਗਾ। ਤੁਸੀਂ ਚਾਹੇ ਮੈਨੂੰ ਕਾਲਜ ਵਿਚ ਰੱਖੋ, ਚਾਹੇ ਕੱਢੋ।”
ਪ੍ਰਿੰਸੀਪਲ ਮੇਰੀ ਦਲੀਲ ਦਾ ਕਾਇਲ ਹੋ ਗਿਆ। ਪ੍ਰੋਫੈਸਰ ਨੇ ਵੀ ਮੈਨੂੰ ਸ਼ਰੀਫ ਮੁੰਡੇ ਵਜੋਂ ਹੀ ਪੇਸ਼ ਕੀਤਾ। ਨਰੇਸ਼ ਨੂੰ ਕਾਫੀ ਜੁਰਮਾਨਾ ਕੀਤਾ ਗਿਆ। ਹਮਲਾ ਕਰਨ ਕਰ ਕੇ ਮੈਥੋਂ ਅਤੇ ਮਜ਼ਾਕ ਉਡਾਉਣ ਕਰ ਕੇ ਨਰੇਸ਼ ਤੋਂ ਸਾਰੀ ਕਲਾਸ ਮੂਹਰੇ ਮਾਫੀ ਮੰਗਵਾਈ ਗਈ।
ਜਦੋਂ ਮੈਂ ਬੀਐਸ਼ਸੀæ ਕਰ ਕੇ ਰਾਜਾ ਬਲਵੰਤ ਸਿੰਘ ਕਾਲਜ ਆਗਰਾ ਵਿਚ ਐਮਐਸ਼ਸੀæ ਵਿਚ ਦਾਖਲਾ ਲਿਆ ਤਾਂ ਪਹਿਲੇ ਦਿਨ ਹੀ ਨਰੇਸ਼ ਕੁਮਾਰ ਟੱਕਰ ਗਿਆ। ਉਹ ਮੇਰਾ ਹੱਥ ਘੁਟਦਾ ਬੋਲਿਆ, “ਸਰਦਾਰ ਜੀ, ਮੈਨੇ ਵੀ ਯਹਾਂ ਦਾਖਲਾ ਲੀਆ ਹੈ, ਮੈਂ ਆਜ ਆਪ ਸੇ ਫਿਰ ਮਾਫੀ ਮਾਂਗਤਾ ਹੂੰ। ਅਬ ਹਮ ਦੋਸਤ ਬਨ ਕਰ ਰਹੇਂਗੇ।” ਤੇ ਉਹ ਮੈਨੂੰ ਚਾਹ ਪਿਆਉਣ ਲਈ ਕੰਟੀਨ ਵੱਲ ਖਿੱਚਣ ਲੱਗਾ।

ਕੁਝ ਸਾਲ ਹੋਏ ਮੈਂ ਆਗਰੇ ਗਿਆ ਤੇ ਆਪਣੇ ਜਮਾਤੀ ਦੁਜਿੰਦਰ ਸ਼ਰਮਾ ਨੂੰ ਮਿਲਿਆ। ਦੁਜਿੰਦਰ ਕਿਸੇ ਬੈਂਕ ਵਿਚ ਮੈਨੇਜਰ ਸੀ। ਮੈਂ ਰਾਤ ਉਸ ਕੋਲ ਠਹਿਰਿਆ। ਗੱਲਾਂ ਬਾਤਾਂ ਵਿਚ ਨਰੇਸ਼ ਦਾ ਜ਼ਿਕਰ ਆ ਗਿਆ। ਉਸ ਨੇ ਦੱਸਿਆ ਕਿ ਉਹ ਆਗਰਾ ਕਾਲਜ ਵਿਚ ਹੀ ਪੜ੍ਹਾਉਂਦਾ ਹੈ। ਅਗਲੇ ਦਿਨ ਅਸੀਂ ਉਸ ਨੂੰ ਮਿਲਣ ਚਲੇ ਗਏ। ਉਸ ਨੇ ਕਲਾਸ ਲਈ ਹੋਈ ਸੀ। ਬੈਲ ਹੋਈ ਤਾਂ ਉਹ ਚਾਕ ਨਾਲ ਲਿਬੜੇ ਹੱਥਾਂ ਨੂੰ ਦੋਹਾਂ ਪਾਸਿਆਂ ਨੂੰ ਕਰੀ ਬਾਹਰ ਆਇਆ। ਸਾਡੇ ਕੋਲ ਆ ਕੇ ਰੁਕ ਗਿਆ। ਮੇਰੇ ਵੱਲ ਘੂਰਿਆ ਤੇ ਗਲਵਕੜੀ ਪਾਉਂਦਾ ਬੋਲਿਆ, “ਅਰੇ, ਗੁਰਦਿਆਲ ਸਿੰਘ! ਮੇਰੇ ਭਾਈ ਸਰਦਾਰ ਜੀ, ਮੁਝੇ ਮਾਫ ਕਰ ਦੋ।” ਉਹ ਮੈਨੂੰ ਬਾਹਾਂ ਦੀ ਜਕੜ ਵਿਚ ਘੁੱਟਦਾ ਗਿਆ। ਮੇਰੀਆਂ ਅੱਖਾਂ ਨਮ ਹੋ ਗਈਆਂ।

Be the first to comment

Leave a Reply

Your email address will not be published.