ਗੁਲਜ਼ਾਰ ਸਿੰਘ ਸੰਧੂ
ਅਮਰਜੀਤ ਸਿੰਘ ਲਿਬੜਾ ਦੇ ਅਕਾਲ ਚਲਾਣੇ ਨੇ ਮੇਰੇ ਸਾਹਮਣੇ ਉਸ ਦੇ ਜੱਦੀ ਪਿੰਡ ਲਿਬੜਾ ਦਾ ਪੌਣੀ ਸਦੀ ਪਹਿਲਾਂ ਦਾ ਨਕਸ਼ਾ ਲੈ ਆਂਦਾ ਹੈ। ਸੰਤਾਲੀ ਦੀ ਵੰਡ ਤੋਂ ਪਹਿਲਾਂ ਦਾ। ਉਦੋਂ ਮੈਂ ਨੇੜਲੇ ਪਿੰਡ ਬਾਹੋਮਾਜਰਾ ਵਿਚ ਮੁਢਲੀ ਵਿਦਿਆ ਪ੍ਰਾਪਤ ਕਰਨ ਲਈ ਆਪਣੀ ਮਾਸੀ ਕੋਲ ਰਹਿੰਦਾ ਸਾਂ। ਦੋਵੇਂ ਪਿੰਡ ਰਿਆਸਤ ਪਟਿਆਲਾ ਵਿਚ ਪੈਂਦੇ ਸਨ। ਲਿਬੜਾ ਖੰਨਾ ਮੰਡੀ ਤੋਂ ਚੌਥੇ ਕਿਲੋਮੀਟਰ ਉਤੇ ਛਪੜ ਦੇ ਕੰਢੇ ਇੱਕ ਨਿੱਕਾ ਜਿਹਾ ਭੱਟੀ ਜੱਟਾਂ ਦਾ ਪਿੰਡ ਸੀ ਤੇ ਬਾਹੋਮਾਜਰਾ ਥੋੜ੍ਹਾ ਪਹਿਲਾਂ ਕੰਗ ਜਗੀਰਦਾਰਾਂ ਦਾ ਵੱਡਾ ਪਿੰਡ। ਉਦੋਂ ਬਾਹੋਮਾਜਰਾ ਆਪਣੇ ਪਿੰਡ ਦੇ ਜੰਮੇ ਜਾਏ ਆਈ ਸੀ ਐਸ ਅਫਸਰ ਰਾਜਬੀਰ ਸਿੰਘ ਕੰਗ ਕਾਰਨ ਜਾਣਿਆ ਜਾਂਦਾ ਸੀ।
ਲਿਬੜਾ ਪਿੰਡ ਦੀ ਆਪਣੀ ਹੋਂਦ ਨਾ ਹੋਣ ਬਰਾਬਰ ਸੀ। ਉਥੋਂ ਦੇ ਬੱਚੇ ਬਾਹੋਮਾਜਰਾ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਨ ਤੇ ਪਾਇਲ ਜਾ ਕੇ ਇਮਤਿਹਾਨ ਦਿੰਦੇ ਸਨ। ਅਮਰਜੀਤ ਲਿਬੜਾ ਦਾ ਪਿਤਾ ਅਜਾਇਬ ਸਿੰਘ ਸਾਡਾ ਹਾਣੀ ਸੀ। ਵਿਧਾਨ ਸਭਾ ਦਾ ਮੈਂਬਰ ਬਣਨ ਵਾਲਾ ਕਿਰਪਾਲ ਸਿੰਘ ਲਿਬੜਾ ਵੀ ਉਥੋਂ ਦਾ ਵਸਨੀਕ ਸੀ। ਲਿਬੜਾ ਨੂੰ ਸਿਖਰਾਂ ਛੁਹਾਣ ਵਾਲੇ ਕਿਰਪਾਲ ਤੇ ਅਜਾਇਬ ਦੇ ਪਿਤਾ ਜੀ ਤੇਜਾ ਸਿੰਘ ਤੇ ਮਹਿਮਾ ਸਿੰਘ ਸਨ ਜਿਨ੍ਹਾਂ ਨੇ ਇਧਰੋਂ ਓਧਰੋਂ ਪੈਸੇ ਇਕੱਠੇ ਕਰਕੇ ਪਹਿਲਾਂ ਇਕ ਵੈਗਨ ਖਰੀਦੀ, ਫਿਰ ਫਤਿਹਗੜ੍ਹ ਬੱਸ ਸਰਵਿਸ ਸ਼ੁਰੂ ਕੀਤੀ। ਇਸ ਨੂੰ ਪਟਿਆਲਾ ਬੱਸ ਸਰਵਿਸ ਦਾ ਰੂਪ ਦਿੱਤਾ ਤੇ ਉਸ ਤੋਂ ਪਿੱਛੋਂ ਲਿਬੜਾ ਬਸ ਸਰਵਿਸ ਦਾ। ਉਨ੍ਹਾਂ ਦੇ ਵਿਕਾਸ ਦੀਆਂ ਇਹ ਗੱਲਾਂ ਸਨ ਸੰਤਾਲੀ ਤੋਂ ਪਿੱਛੋਂ ਦੀਆਂ। ਮੇਰੇ ਵੇਲੇ ਤਾਂ ਮਹਿਮਾ ਸਿੰਘ ਤੇ ਤੇਜਾ ਸਿੰਘ ਦਾ ਪਿਤਾ ਰਾਮ ਕਿਸ਼ਨ ਬਾਹੋਮਾਜਰਾ ਵਾਲਿਆਂ ਤੋਂ ਪੈਸੇ ਲੈਣ ਆਉਂਦਾ ਸੀ। ਮੈਨੂੰ ਕਲ ਵਾਂਗ ਚੇਤੇ ਹੈ, ਉਹ ਸਿਰੜੀ ਪਿਤਾ ਕਿਵੇਂ ਮੇਰੇ ਸੇਵਾ ਮੁਕਤ ਡੰਗਰ ਡਾਕਟਰ ਮਾਸੜ ਦੀ ਘੰਟਿਆਂ ਬੱਧੀ ਉਡੀਕ ਕਰਦਾ ਸੀ। ਉਸ ਨੇ ਆਪਣੇ ਪੁੱਤਰਾਂ ਦੇ ਕਾਰੋਬਾਰ ਨੂੰ ਧੱਕਾ ਦੇਣਾ ਹੁੰਦਾ ਸੀ। ਉਸ ਦਾ ਸਿਰੜ ਤੇ ਉਦਮ ਹੀ ਸਮਝੋ ਜਿਸ ਨੇ ਆਪਣੇ ਪੁਤਰਾਂ ਦਾ ਹੀ ਨਹੀਂ ਪੂਰੇ ਪਿੰਡ ਦਾ ਨਾਂ ਰੌਸ਼ਨ ਕੀਤਾ। ਅੱਜ ਹਰ ਪਾਸੇ ਲਿਬੜਾ ਹੀ ਲਿਬੜਾ ਹੈ।
ਇਸ ਦੇ ਉਲਟ ਬਾਹੋਮਾਜਰਾ ਵਾਲੇ ਪੜ੍ਹਾਈ ਦੇ ਸਿਰ ਉਤੇ ਅੱਗੇ ਵਧੇ। ਜਸਟਿਸ ਸੁਖਦੇਵ ਸਿੰਘ ਕੰਗ ਕੇਰਲ ਰਾਜ ਦੇ ਗਵਰਨਰ ਦੀ ਪਦਵੀ ਤੱਕ ਪਹੁੰਚਿਆ। ਦਵਿੰਦਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਦੀ ਮੈਂਬਰੀ ਤੇ ਖੰਨਾ ਟਰੱਕ ਯੂਨੀਅਨ ਦੀ ਪ੍ਰਧਾਨਗੀ ਤੱਕ। ਹੁਣ ਨਵਰੀਤ ਕੰਗ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦਾ ਕੰਮ ਦੇਖਦਾ ਰਿਹਾ ਹੈ। ਇਨ੍ਹਾਂ ਦੇ ਵੱਡਿਆਂ ਪ੍ਰੀਤਮ ਸਿੰਘ ਹੁਰਾਂ ਵੀ ਟਰੱਕ ਪਾਏ ਤੇ ਲਿੱਬੜੇ ਵਾਲਿਆਂ ਨਾਲ ਖੂਭ ਨਿਭਾਈ।
ਸਾਡੇ ਬਚਪਨ ਵਿਚ ਸਾਡੀ ਉਮਰ ਦੇ ਬੱਚੇ ਵਰਦੀਆਂ ਪਾ ਕੇ ਸਕੂਲ ਨਹੀਂ ਸਨ ਜਾਂਦੇ। ਅਸੀਂ ਕਈ ਸਾਂ। ਜਰਮਨੀ ਬੈਠਾ ਮੇਰਾ ਹਮਜਮਾਤੀ ਮਾਮਾ ਸਵਰਨ ਸਿੰਘ ਭੰਗੂ, ਸਾਡੇ ਵਰਗਾ ਹੀ ਨਿਰਪਾਲ ਸਿੰਘ ਕੰਗ ਜੋ ਬਾਅਦ ਵਿਚ ਮੇਰੀ ਛੋਟੀ ਮਾਸੀ ਨੂੰ ਵਿਆਹਿਆ ਗਿਆ। ਜਸਟਿਸ ਕੰਗ ਦੇ ਦੋਵੇਂ ਭਰਾ ਦਵਿੰਦਰ ਤੇ ਰਾਜਿੰਦਰ। ਸਾਡਾ ਬੜਾ ਪਿਆਰ ਸੀ। ਖੇਡਣ ਲਈ ਖਿੱਦੋ ਖੂੰਡੀ ਤੇ ਤੀਰ ਕਮਾਨ ਵੀ ਖੁਦ ਬਣਾਉਂਦੇ ਸਾਂ। ਕਾਪੀਆਂ ਦੀ ਥਾਂ ਪੱਥਰ ਦੀਆਂ ਸਲੇਟਾਂ ਤੇ ਲੱਕੜ ਦੀਆਂ ਫੱਟੀਆਂ ਉਤੇ ਲਿਖਦੇ ਸਾਂ। ਫੱਟੀ ਸਾਫ ਕਰਨ ਲਈ ਗਾਚਣੀ ਪਿੰਡ ਦੇ ਟੋਭੇ ਵਿਚੋਂ ਕੱਢੀ ਜਾਂਦੀ ਸੀ।
ਮੇਰੀ ਬਾਹੋਮਾਜਰਾ ਤੇ ਲਿਬੜਾ ਦੀ ਮਿੱਟੀ ਨੂੰ ਸਲਾਮ। ਵਿਛੜ ਗਈਆਂ ਸੰਜਮੀ ਤੇ ਉਦਮੀ ਰੂਹਾਂ ਨੂੰ ਵੀ।
ਮਾਲਦੀਵ ਦਾ ਨਵਾਂ ਰਾਸ਼ਟਰਪਤੀ: ਮਾਲਦੀਵ ਵਿਚ 2008 ਤੱਕ ਤਿੰਨ ਦਹਾਕੇ ਤੋਂ ਵੱਧ ਡਿਕਟੇਟਰ ਰਹੇ ਮੌਮੂਨ ਅਬਦੁਲ ਗਯੂਮ ਦੇ ਮਤ੍ਰੇਏ ਪਿਤਾ ਦੇ ਪੁੱਤਰ ਅਬਦੁੱਲਾ ਯਾਮੀਨ ਦੇ ਰਾਸ਼ਟਰਪਤੀ ਚੁਣੇ ਜਾਣ ਨੇ ਮੈਨੂੰ 1976 ਵਿਚ ਮਹੀਨਾ ਭਰ ਓਥੇ ਰਹਿ ਕੇ ਵੇਖੇ ਜਾਣੇ ਇਸ ਇਸਲਾਮਿਕ ਦੇਸ਼ ਦੇ ਦੰਪਤੀ ਸਰੋਕਾਰਾਂ ਦੀ ਯਾਦ ਦਿਲਵਾ ਦਿੱਤੀ ਹੈ। ਉਥੇ ਕੋਈ ਵੀ ਮਰਦ ਜਿੰਨੇ ਮਰਜ਼ੀ ਵਿਆਹ ਕਰ ਸਕਦਾ ਸੀ ਪਰ ਇਕ ਸਮੇਂ ਇੱਕ ਤੋਂ ਵੱਧ ਬੀਵੀਆਂ ਰੱਖਣ ਦੀ ਮਨਾਹੀ ਸੀ। ਜੇ ਉਸ ਨੇ ਤੀਜੀ ਵਾਰ ਆਪਣੀ ਪਹਿਲੀ ਬੀਵੀ ਨਾਲ ਵਿਆਹ ਕਰਨਾ ਹੁੰਦਾ ਸੀ ਤਾਂ ਉਸ ਦੀ ਬੀਵੀ ਦਾ ਕਾਨੂੰਨੀ ਤੌਰ ‘ਤੇ ਕਿਸੇ ਹੋਰ ਦੀ ਪਤਨੀ ਰਹੇ ਹੋਣਾ ਲਾਜ਼ਮੀ ਸੀ ਭਾਵੇਂ ਇੱਕ ਅੱਧ ਰਾਤ ਲਈ ਹੋਵੇ। ਨਵਾਂ ਰਾਸ਼ਟਰਪਤੀ ਆਪਣੀ ਮਾਂ ਦੇ ਉਸ ਪਤੀ ਦਾ ਪੁੱਤਰ ਹੈ ਜਿਸ ਦਾ ਨਾਂ ਅਬਦੁਲ ਗਯੂਮ ਨਹੀਂ ਸੀ। ਉਸ ਨੇ ਹਰਮਨ ਪਿਆਰੇ ਮੁਹੰਮਦ ਨਾਸ਼ੀਦ ਨੂੰ, ਜਿਸ ਨੇ ਉਸ ਦੇ ਅੱਧੇ ਭਰਾ ਦੀ ਤਿੰਨ ਦਹਾਕੇ ਦੀ ਡਿਕਟੇਟਰਸ਼ਿਪ ਖਤਮ ਕੀਤੀ ਸੀ, ਹਰਾਉਣ ਵਾਸਤੇ ਰਾਤੋ ਰਾਤ ਉਥੋਂ ਦੀ 23æ34% ਵੋਟਾਂ ਲੈਣ ਵਾਲੀ ਜਮਹੂਰੀ ਪਾਰਟੀ ਨੂੰ ਇਹ ਕਹਿ ਕੇ ਗੰਢਿਆ ਦੱਸਿਆ ਜਾਂਦਾ ਹੈ ਕਿ ਉਸ ਨੂੰ 30% ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਕੱਲ ਨੂੰ ਕੀ ਹੁੰਦਾ ਹੈ? ਸਮਾਂ ਦੱਸੇਗਾ। ਚੇਤੇ ਰਹੇ ਕਿ ਇਸ ਦੇਸ਼ ਦੇ ਹਾਕਮ ਤੇ ਡਿਕਟੇਟਰ ਦੀ ਫ਼ੌਜ ਤੇ ਪੁਲਿਸ ਕੋਲ ਡੰਡੇ ਤੋਂ ਵੱਡਾ ਕੋਈ ਹਥਿਆਰ ਨਹੀਂ ਸੀ ਹੁੰਦਾ ਤੇ ਇਸ ਦੇਸ਼ ਆਉਣ ਵਾਲੇ ਹਰ ਵਿਅਕਤੀ ਦਾ ਹਥਿਆਰ ਪ੍ਰਵੇਸ਼ ਸਮੇਂ ਰਖਿਆ ਦੱਲ ਜ਼ਬਤ ਕਰ ਲੈਂਦੇ ਹਨ ਭਾਵੇਂ ਉਹ ਇਕ ਫੁਟੀ ਕਿਰਪਾਨ ਹੀ ਹੋਵੇ।
ਗੁਰਭਜਨ ਗਿੱਲ ਦੇ ਕਾਵਿ ਤੰਦੂਰ ਦਾ ਤਾਪ: ਗੁਰਭਜਨ ਗਿੱਲ ਆਪਣੀ ਅਠਵੀਂ ਕਾਵਿ ਪੁਸਤਕ ਲੈ ਕੇ ਹਾਜ਼ਰ ਹੈ। ਦੋ ਗ਼ਜ਼ਲ ਸੰਗ੍ਰਹਿ ਵੀ ਦੇ ਚੁੱਕਾ ਹੈ। ਕਵਿਤਾਵਾਂ, ਗੀਤਾਂ ਤੇ ਗਜ਼ਲਾਂ ਦੇ ਇਸ ਗੁਲਦਸਤੇ ਦਾ ਨਾਂ ‘ਮਨ ਤੰਦੂਰ’ ਹੈ। ਕਵੀ ਨੂੰ ਨਾਂ ਰੱਖਣੇ ਆਉਂਦੇ ਹਨ। ਅਗਨ ਕਥਾ, ਫੁੱਲਾਂ ਦੀ ਝਾਂਜਰ, ਮੋਰ ਪੰਖ, ਬੋਲ ਮਿਟੀ ਦਿਆ ਬਾਵਿਆ ਵਰਗੇ। ਉਸ ਨੇ ਤਾਪ ਤੇਜ ਨਾਲ ਤੰਦੂਰ ਹੋਏ ਮਨ ਦੀਆਂ ਇਹ ਰਚਨਾਵਾਂ ਅਨਪੜ੍ਹ ਮਾਪਿਆਂ ਨੂੰ ਸਮਰਪਤ ਕੀਤੀਆਂ ਹਨ, ਜਿਨ੍ਹਾਂ ਨੂੰ ਉਸ ਦੇ ਸ਼ਬਦਾਂ ਵਿਚ ਸਿਖਿਆ ਦਾ ਮਹੱਤਵ ਪੜ੍ਹੇ ਲਿਖਿਆਂ ਨਾਲੋਂ ਕਿਤੇ ਵੱਧ ਸੀ। ਉਸ ਦੇ ਆਪਣੇ ਪਿਤਾ ਬਾਰੇ ਬੋਲ ਹੀ ਦੇਖੋ,
ਘਰ ਤੋਂ ਮੰਜ਼ਿਲ ਤੀਕ ਪਹੁੰਚਦੇ,
ਮਿੱਥ ਕੇ ਪਹਿਲਾਂ ਦਾਈਆ
ਸੁਪਨੇ ਵਿਚ ਵੀ ਮੈਂ ਨਹੀਂ ਦੇਖੇ,
ਖੜੇ ਕਿਤੇ ਅਧਵਾਟੇ।
ਗੁਰਭਜਨ ਵੀ ਮੰਜ਼ਲ ਦੇ ਪੈਂਡਿਆਂ ਨੂੰ ਪਹਿਚਾਨਣ ਵਿਚ ਕਿਸੇ ਤੋਂ ਪਿੱਛੇ ਨਹੀਂ,
ਮੇਘਲਾ ਬਰਸਾਤ ਮੰਗਣ ਧਰਤ ਵਾਲੇ
ਬਦਲੀਆਂ ਦੇ ਦਰਦ ਨੂੰ ਕਿਸ ਗੌਲਿਆ ਹੈ।
ਉਹ ਜੀਵਨ ਦੇ ਸਾਰੇ ਰੰਗਾਂ ਨੂੰ ਗੌਲਦਾ, ਪਹਿਚਾਣਦਾ ਤੇ ਸਮਝਦਾ ਹੈ।
ਨੱਕ ਰਗੜਦੈਂ, ਤਾਨੀ ਬਣਦੈਂ, ਭੁਲੀਂ ਨਾਂਹ
ਚੋਰ ਮਨਾਂ ਦੇ ਏਦਾਂ ਕਿੱਥੇ ਮਰਦੇ ਨੇ।
‘ਮਨ ਤੰਦੂਰ’ ਦੀ ਹੰਢਾਈ ਤੇ ਗੁਰਭਜਨ ਗਿੱਲ ਦੀ ਬਿਆਨੀ ਇਹ ਸੋਚ ਪਿਆਰੀ ਵੀ ਹੈ ਤੇ ਸਵਾਗਤਮਈ ਵੀ। ਜੀ ਆਇਆਂ ਨੂੰ!
ਅੰਤਿਕਾ: (ਅਮਰਜੀਤ ਘੁੰਮਣ ਦੀ ‘ਬਿਰਤੀ’ ਵਿਚੋਂ)
ਰੁੱਖ ਆਖੇ ਛਾਂਗ ਜਿੰਨਾ ਮਰਜ਼ੀ
ਜੜ੍ਹ ਨਾ ਕੱਟੀਂ ਪਰ!
ਵਢ ਲੈ ਤੇ ਝਾੜ ਲੈ ਪੱਤੇ
ਤਣਾ ਨਾ ਤੋੜੀਂ ਪਰ
ਮੂੰਹ ਨਾ ਮੋੜੀ!
Leave a Reply