ਤਹਿਲਕਾ-ਦਰ-ਤਹਿਲਕਾ

‘ਤਹਿਲਕਾ’ ਨੇ ਇਕ ਵਾਰ ਫਿਰ ਤਹਿਲਕਾ ਮਚਾ ਦਿੱਤਾ ਹੈ ਪਰ ਇਸ ਵਾਰ ਦਾ ਤਹਿਲਕਾ ਬਹੁਤ ਤੰਗ ਕਰਨ ਵਾਲਾ ਹੈ ਅਤੇ ਇਸ ਨੇ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਦਿੱਤੇ ਹਨ। ਇਨ੍ਹਾਂ ਵਿਚੋਂ ਇਕ ਸਵਾਲ ਇਹ ਹੈ ਕਿ ਜਿਨ੍ਹਾਂ ਕਦਰਾਂ-ਕੀਮਤਾਂ ਦੀ ਰਾਖੀ ਦਾ ਦਾਅਵਾ ਇਸ ਨੂੰ ਚਲਾਉਣ ਵਾਲੇ ਕਰਦੇ ਸਨ, ਉਨ੍ਹਾਂ ਉਤੇ ਇਹ ਖੁਦ ਹੀ ਪੂਰੇ ਨਾ ਉਤਰ ਸਕੇ। ਇਹੀ ਨਹੀਂ, ਅਦਾਰੇ ਦੇ ਕਰਤਾ-ਧਰਤਾ ਵੀ ਕੀਤੀ ਗਈ ਗਲਤੀ ਦੇ ਸਿਲਸਿਲੇ ਵਿਚ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਨਹੀਂ ਦੇਖ ਸਕੇ। ਮਸ਼ਹੂਰ ਲੇਖਕਾ ਅਤੇ ਲੋਕਾਂ ਦੇ ਦੁੱਖਾ-ਦਰਦਾਂ ਤੇ ਘੋਲਾਂ ਨੂੰ ਆਪਣੀ ਆਵਾਜ਼ ਰਾਹੀਂ ਬੁਲੰਦ ਕਰਨ ਵਾਲੀ ਕਾਰਕੁਨ ਅਰੁੰਧਤੀ ਰਾਏ ਨੇ ਇਸ ਮੌਕੇ ਠੀਕ ਹੀ ਸਵਾਲ ਉਠਾਇਆ ਹੈ ਕਿ ਜਿਸ ਪਰਚੇ ਦੇ ਮੱਥੇ ਉਤੇ ‘ਫਰੀ, ਫੇਅਰ ਐਂਡ ਫੀਅਰਲੈਸ’ ਲਿਖਿਆ ਹੋਵੇ, ਉਸ ਦੇ ਕਰਤਿਆਂ-ਧਰਤਿਆਂ ਦਾ ਹੌਸਲਾ ਹੁਣ ਕਿੱਥੇ ਹੈ? ਹੁਣ ਤੱਕ ‘ਤਹਿਲਕਾ’ ਹਰ ਪਾਸੇ ਬ੍ਰਾਂਡ ਨਾਂ ਬਣ ਚੁੱਕਿਆ ਸੀ। ਇਸ ਨੇ ਮੁੱਢ ਤੋਂ ਲੈ ਕੇ ਹੁਣ ਤੱਕ ਅਜਿਹੇ ਮਾਮਲੇ ਅਤੇ ਮੁੱਦੇ ਲੋਕਾਂ ਸਾਹਮਣੇ ਰੱਖੇ ਸਨ ਕਿ ਸਰਕਾਰਾਂ ਤੱਕ ਹਿਲਾ ਦਿੱਤੀਆਂ ਸਨ। ਇਸ ਨੇ 2001 ਵਿਚ ‘ਓਪਰੇਸ਼ਨ ਵੈਸਟ ਐਂਡ’ ਨਾਲ ਸਭ ਤੋਂ ਵੱਡਾ ਅਤੇ ਵਿਰਾਟ ਤਹਿਲਕਾ ਮਚਾਇਆ ਸੀ। ਇਸ ਸਟ੍ਰਿੰਗ ਓਪਰੇਸ਼ਨ ਵਿਚ ਫੌਜ ਅਤੇ ਰੱਖਿਆ ਮਹਿਕਮੇ ਦੇ ਭ੍ਰਿਸ਼ਟਾਚਾਰ ਨੂੰ ਜਿਸ ਢੰਗ ਨਾਲ ਨੰਗਾ ਕੀਤਾ ਗਿਆ ਸੀ, ਉਸ ਨਾਲ ਉਸ ਵੇਲੇ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ ਸੀ। ਉਦੋਂ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਨੂੰ ਅਸਤੀਫਾ ਦੇਣਾ ਪੈ ਗਿਆ ਸੀ। ਭਾਰਤੀ ਜਨਤਾ ਪਾਰਟੀ ਅਤੇ ਬਜਰੰਗ ਦਲ ਦੀ ਜੋ ਦੁਰਗਤ ਹੋਈ ਸੀ, ਉਸ ਦਾ ਤਾਂ ਕੋਈ ਅੰਤ ਹੀ ਨਹੀਂ ਸੀ। ਇਸ ਤੋਂ ਇਲਾਵਾ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ, ਮਨੀਪੁਰ ਵਿਚ ਝੂਠੇ ਮੁਕਾਬਲੇ, ਸ੍ਰੀ ਰਾਮ ਸੈਨਾ ਦੇ ਆਗੂਆਂ ਦੀ ਬਦਮਾਸ਼ੀ ਅਤੇ ਕ੍ਰਿਕਟ ਦੇ ਮੈਚ-ਫਿਕਸਿੰਗ ਬਾਰੇ ਜੋ ਤੱਥ ਆਵਾਮ ਅੱਗੇ ਪੇਸ਼ ਕੀਤੇ ਗਏ, ਉਸ ਨੇ ਪੱਤਰਕਾਰੀ ਦੇ ਖੇਤਰ ਵਿਚ ਨਵੇਂ ਦਿਸਹੱਦਿਆਂ ਵੱਲ ਰਾਹ ਖੋਲ੍ਹੇ। ਇਹ ਤੱਥ ਜੱਗ-ਜ਼ਾਹਿਰ ਕਰਨ ਲਈ ਜਿਸ ਤਰ੍ਹਾਂ ਦੇ ਢੰਗ-ਤਰੀਕੇ ਅਪਨਾਏ ਗਏ, ਉਨ੍ਹਾਂ ਬਾਰੇ ਭਾਵੇਂ ਕੁਝ ਲੋਕਾਂ ਨੇ ਕੁਝ ਕੁ ਇਤਰਾਜ਼ ਪ੍ਰਗਟ ਕੀਤੇ ਪਰ ਇਨ੍ਹਾਂ ਸਟ੍ਰਿੰਗ ਓਪਰੇਸ਼ਨਾਂ ਨਾਲ ਜਿੰਨਾ ਗੰਦ ਬਾਹਰ ਆ ਰਿਹਾ ਸੀ, ਇਹ ਇਤਰਾਜ਼ ਬਹੁਤੀ ਦੇਰ ਲੋਕਾਂ ਦੇ ਚੇਤਿਆਂ ਵਿਚ ਰਹੇ ਨਹੀਂ। ਲੋਕਾਂ ਦੇ ਚੇਤਿਆਂ ਵਿਚ ਜੋ ਕੁਝ ਵੱਸਿਆ, ਉਹ ਇਹੀ ਸੀ ਕਿ ਅਦਾਰਾ ਅਤੇ ਅਦਾਰੇ ਦਾ ਮੁਖੀ ਤਰੁਣ ਤੇਜਪਾਲ ਪੂਰਾ ਜੀਅ-ਜਾਨ ਲਾ ਕੇ ਮਿੱਟੀ ਫਰੋਲਣ ਦਾ ਯਤਨ ਕਰ ਰਿਹਾ ਹੈ। ਜ਼ਾਹਿਰ ਹੈ ਕਿ ਉਸ ਦੀਆਂ ਨਿੱਕੀਆਂ-ਮੋਟੀਆਂ ਕਮੀਆਂ-ਪੇਸ਼ੀਆਂ ਖੁਦ-ਬਖੁਦ ਹੀ ਲਾਂਭੇ ਹੋ ਗਈਆਂ। ਨਾਲੇ ‘ਤਹਿਲਕਾ’ ਨੇ ਜਿਸ ਤਰ੍ਹਾਂ ਦੀ ਪਛਾਣ ਬਣਾਈ, ਉਸ ਨਾਲ ਪੱਤਰਕਾਰੀ ਦੇ ਉਚੇ-ਸੁੱਚੇ ਮਿਆਰ ਕਾਇਮ ਹੋ ਰਹੇ ਸਨ। ਨਤੀਜਨ ਹਰ ਸੰਜੀਦਾ ਸ਼ਖਸ ‘ਤਹਿਲਕਾ’ ਦਾ ਪ੍ਰਸ਼ੰਸਕ ਹੋ ਨਿਬੜਿਆ। ‘ਤਹਿਲਕਾ’ ਦਾ ਮਤਲਬ ਨਿਰਭੈ ਹੋ ਕੇ ਸੱਚ ‘ਤੇ ਪਹਿਰਾ ਦੇਣਾ ਬਣ ਗਿਆ ਸੀ।
‘ਤਹਿਲਕਾ’ ਦੀ ਇਹ ਕੱਲ੍ਹ ਤੱਕ ਦੀ ਕਹਾਣੀ ਸੀ, ਨਾਇਕਾਂ ਵਾਲੀ। ‘ਤਹਿਲਕਾ’ ਦੇ ਮੁਖੀ ਤਰੁਣ ਤੇਜਪਾਲ ਨੇ ਪੱਤਰਕਾਰੀ ਦੇ ਖੇਤਰ ਵਿਚ ਮਿਸਾਲੀ ਕੰਮ ਕੀਤਾ। ਉਸ ਨੇ ‘ਤਹਿਲਕਾ’ ਰਾਹੀਂ ਭਾਵੇਂ ਪੈਸਾ-ਧੇਲਾ ਵੀ ਵਾਹਵਾ ਇਕੱਠ ਕੀਤਾ ਪਰ ਉਸ ਦੀ ਪੱਤਰਕਾਰੀ ਮਿਸ਼ਨਰੀ ਵਾਲੀ ਭਾਵਨਾ ਦੇ ਐਨ ਮੇਚ ਦੀ ਸੀ। ਉਸ ਵੱਲੋਂ ਜਾਨ ਲਾ ਕੇ ਖੜ੍ਹੇ ਕੀਤੇ ‘ਤਹਿਲਕਾ’ ਦਾ ਮਿਸ਼ਨ ਅਤੇ ਮੀਡੀਆ ਦਾ ਮਿਸ਼ਨ ਇਕ-ਮਿਕ ਹੋਏ ਪਏ ਸਨ ਪਰ ਇਖਲਾਕ ਦੀ ਗਲੀ ਵਿਚੋਂ ਲੰਘਦਾ ਤਰੁਣ ਤੇਜਪਾਲ ਮੂਧੇ ਮੂੰਹ ਜਾ ਡਿੱਗਾ। ਪਹਿਲਾਂ ਤਾਂ ਬਹੁਤਿਆਂ ਨੂੰ ਇੰਜ ਹੀ ਜਾਪਿਆ ਸੀ ਕਿ ਇਹ ਉਸ ਦੇ ‘ਦੁਸ਼ਮਣਾਂ’ ਵੱਲੋਂ ਉਸ ਖਿਲਾਫ ਚੱਲੀ ਗਈ ਕੋਈ ਚਾਲ ਹੈ ਪਰ ਨਹੀਂ! ਜਿਸ ਤਰ੍ਹਾਂ ਦਿਨ-ਬਦਿਨ ਇਸ ਕਾਂਡ ਤੋਂ ਪਰਦਾ ਪਰ੍ਹੇ ਹੋਇਆ, ਉਸ ਤੋਂ ਸਪਸ਼ਟ ਹੋ ਗਿਆ ਕਿ ‘ਤਹਿਲਕਾ’ ਦੀ ਨਾਇਕ ਵਾਲੀ ਕਹਾਣੀ ਅੰਨ੍ਹੀ ਗਲੀ ਵਿਚ ਜਾ ਫਸੀ ਹੈ। ਇਸ ਕੇਸ ਵਿਚ ਸਭ ਤੋਂ ਵੱਡੀ ਸਿਤਮਜ਼ਰੀਫੀ ਇਸ ਕੇਸ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਸੀ। ਅਜਿਹੇ ਕੇਸਾਂ ਵਿਚ ਅਕਸਰ ਹੀ ਹੁੰਦਾ ਹੈ ਕਿ ਕੇਸ ਨੂੰ ਰਫਾ-ਦਫਾ ਕਰਨ ਲਈ ਹਰ ਹੀਲਾ ਵਰਤਿਆ ਜਾਂਦਾ ਹੈ। ਇਸ ਕੇਸ ਵਿਚ ਤਾਂ ‘ਤਹਿਲਕਾ’ ਵਾਲੇ ਸਗੋਂ ਦੋ ਕਦਮ ਅਗਾਂਹ ਹੀ ਨਿਕਲ ਗਏ। ਅਦਾਰੇ ਦੀ ਮੈਨੇਜਿੰਗ ਐਡੀਟਰ ਸ਼ੋਮਾ ਚੌਧਰੀ ਜੋ ਵੱਖ-ਵੱਖ ਮੰਚਾਂ ਤੋਂ ਔਰਤਾਂ ਦੇ ਹੱਕ ਵਿਚ ਅਕਸਰ ਆਵਾਜ਼ ਬੁਲੰਦ ਕਰਦੀ ਸੀ, ਵੀ ਉਸੇ ਅੰਨ੍ਹੀ ਗਲੀ ਵਿਚ ਜਾ ਫਸੀ। ਇਸੇ ਕਰ ਕੇ ਉਹ ਬਾਅਦ ਵਿਚ ਸਭ ਤੋਂ ਵੱਧ ਨਿਸ਼ਾਨੇ ਹੇਠ ਆਈ ਜਿਸ ਨੇ ਆਪਣੇ ਬੌਸ ਨੂੰ ਬਚਾਉਣ ਲਈ ਉਹੀ ਕੁਝ ਕੀਤਾ ਜੋ ਆਏ ਦਿਨ ਇਹ ਸਿਸਟਮ ਅਤੇ ਇਸ ਸਿਸਟਮ ਨੂੰ ਚਲਾ ਰਹੇ ਹੈਂਕੜਬਾਜ਼, ਆਮ ਬੰਦੇ ਨਾਲ ਕਰਦੇ ਹਨ। ਇਹ ਕਿਸ ਤਰ੍ਹਾਂ ਦੀ ਲੜਾਈ ਸੀ ਜੋ ਸ਼ੋਮਾ ਚੌਧਰੀ ਲੜ ਰਹੀ ਸੀ? ਕੌਮੀ ਅਤੇ ਕੌਮਾਂਤਰੀ ਮੰਚਾਂ ਉਤੇ ਗੜਕਦੀ ਸ਼ੋਮਾ ਚੌਧਰੀ ਆਪਣੇ ਬੌਸ ਦੀ ਵਾਰੀ ਹਥਿਆਰ ਸੁੱਟ ਬੈਠੀ। ਤਰੁਣ ਤੇਜਪਾਲ ਨੇ ਉਹ ਗਲਤੀ ਕੀਤੀ ਸੀ ਜੋ ਕਿਸੇ ਵੀ ਸੂਰਤ ਮੁਆਫੀਯੋਗ ਨਹੀਂ ਸੀ। ਅਸਲ ਵਿਚ ਨਾਇਕ ਅਤੇ ਖਲਨਾਇਕ ਹੋਣ ਵਿਚਕਾਰ ਬਹੁਤ ਮਹੀਨ ਪਰਦਾ ਹੁੰਦਾ ਹੈ ਜੋ ਜਦੋਂ ਡਿੱਗ ਜਾਂਦਾ ਹੈ ਤਾਂ ਬੰਦੇ ਦੇ ਪਾਲੇ ਦਾ ਪਤਾ ਲੱਗਦਾ ਹੈ। ਕਹਿੰਦੇ-ਕਹਾਉਂਦੇ ਸ਼ਖਸ ਚੋਟੀ ਤੋਂ ਅਜਿਹੇ ਡਿੱਗੇ ਕਿ ਫਿਰ ਉਠਣ ਜੋਗੇ ਨਾ ਰਹੇ ਅਤੇ ਰਹਿੰਦੀ ਉਮਰ ਪਛਤਾਵੇ ਦੀ ਭੱਠੀ ਵਿਚ ਤਪਦੇ ਰਹੇ, ਜਾਂ ਸਾਰੀ ਉਮਰ ਉਹੀ ਇਕ ਘਟਨਾ ਵਾਰ-ਵਾਰ ਉਨ੍ਹਾਂ ਨੂੰ ਘੇਰਦੀ ਰਹੀ। ਸਮੇਂ ਦਾ ਸੱਚ ਹੀ ਇਹ ਹੈ ਕਿ ਜਿਨ੍ਹਾਂ ਕਦਰਾਂ-ਕੀਮਤਾਂ ਲਈ ਤੁਸੀਂ ਲੜਨ-ਮਰਨ ਨੂੰ ਤਿਆਰ ਰਹਿੰਦੇ ਹੋ, ਉਨ੍ਹਾਂ ਦੀ ਰਾਖੀ ਲਈ ਤੁਹਾਨੂੰ ਪੈਰ-ਪੈਰ ‘ਤੇ ਇਮਤਿਹਾਨ ਪਾਸ ਕਰਨਾ ਪੈਂਦਾ ਹੈ; ਨਹੀਂ ਤਾਂ ਬਹੁਤ ਛੋਟੀ ਜਿਹੀ ਗਲਤੀ ਵੀ ਤੁਹਾਡੇ ਮਿਸ਼ਨ ਨੂੰ ਸਿਫਰ ਕਰ ਸੁੱਟਦੀ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਵੀ ਇਹੀ ਕੁਝ ਵਾਪਰਿਆ ਸੀ। ਪੰਜਾਬ, ਭਾਰਤ ਅਤੇ ਦੇਸ਼-ਵਿਦੇਸ਼ ਦੀਆਂ ਹੋਰ ਬਥੇਰੀਆਂ ਮਿਸਾਲਾਂ ਹਨ। ਤਰੁਣ ਤੇਜਪਾਲ ਵੀ ਹੁਣ ਇਸੇ ਸੂਚੀ ਦਾ ਅੰਗ ਬਣ ਗਿਆ ਹੈ।

Be the first to comment

Leave a Reply

Your email address will not be published.