ਲੰਡਨ: ਲੰਡਨ ਵਿਖੇ ਤੀਜਾ ਸ਼ਾਨਦਾਰ ਸਿੱਖ ਐਵਾਰਡਜ਼ ਵੰਡ ਸਮਾਗਮ ਹੋਇਆ ਜਿਸ ਵਿਚ ਆਲਮੀ ਪੱਧਰ ‘ਤੇ ਨਾਂ ਕਮਾਉਣ ਵਾਲੇ ਸਿੱਖਾਂ ਨੂੰ ਸਨਮਾਨਤ ਕੀਤਾ ਗਿਆ। ਇਹ ਐਵਾਰਡਜ਼ ਦੇਣ ਦਾ ਵਿਚਾਰ ਯੂæਕੇæ ਸਿੱਖ ਡਾਇਰੈਕਟਰੀ ਦੇ ਬਾਨੀ ਤੇ ਡਾਇਰੈਕਟਰ 39 ਸਾਲਾ ਨਵਦੀਪ ਸਿੰਘ ਬਾਂਸਲ ਦਾ ਸੀ। ਸ਼ ਬਾਂਸਲ ਦੇ ਪਿਤਾ ਤਕਰੀਬਨ 40 ਸਾਲਾ ਪਹਿਲਾਂ ਅਫ਼ਰੀਕੀ ਮੁਲਕ ਕੀਨੀਆ ਤੋਂ ਬਰਤਾਨੀਆ ਆਏ ਸਨ ਜਦੋਂਕਿ ਪਰਿਵਾਰ ਦਾ ਪਿਛੋਕੜ ਲੁਧਿਆਣਾ ਲਾਗਲੇ ਪਿੰਡ ਮਹੰਦਪੁਰ ਨਾਲ ਸਬੰਧਤ ਹੈ।
ਉਨ੍ਹਾਂ ਅਨੁਸਾਰ ਰਸੂਖ਼ਦਾਰ ਸਿੱਖਾਂ ਦੀ ਇਕ ਡਾਇਰੈਕਟਰੀ ਬਣਾਉਣ ਦਾ ਵਿਚਾਰ ਉਨ੍ਹਾਂ ਦੇ ਮਨ ਵਿਚ ਇਕ ਯਹੂਦੀ ਅਦਾਰੇ ਦੀ ਨੌਕਰੀ ਕਰਦੇ ਸਮੇਂ ਯਹੂਦੀ ਲੋਕਾਂ ਦੇ ਅਜਿਹੀ ਡਾਇਰੈਕਟਰੀ ਦੇਖ ਕੇ ਆਇਆ। ਛੇਤੀ ਹੀ ਉਨ੍ਹਾਂ ਦੇਖਿਆ ਕਿ ਹਿੰਦੂਆਂ, ਮੁਸਲਮਾਨਾਂ, ਪੋਲਿਸ਼ ਤੇ ਰੂਸੀ ਲੋਕਾਂ ਦੀਆਂ ਵੀ ਅਜਿਹੀਆਂ ਡਾਇਰੈਕਟਰੀਆਂ ਛਪਦੀਆਂ ਸਨ ਤੇ ਉਨ੍ਹਾਂ ਵੀ 2006 ਵਿਚ ਸਿੱਖ ਕਾਰੋਬਾਰੀਆਂ ਤੇ ਹੋਰ ਨਾਮੀਂ ਸਿੱਖਾਂ ‘ਤੇ ਆਧਾਰਤ ਇਹ ਡਾਇਰੈਕਟਰੀ ਸਾਹਮਣੇ ਲਿਆਂਦੀ। ਪੰਜ ਕੁ ਸਾਲ ਪਿੱਛੋਂ ਸਾਲਾਨਾ ਸਿੱਖ ਐਵਾਰਡਾਂ ਦਾ ਵਿਚਾਰ ਉਦੋਂ ਸਾਹਮਣੇ ਆਇਆ ਜਦੋਂ ਉਨ੍ਹਾਂ ਆਪਣੀ ਡਾਇਰੈਕਟਰੀ ਵਿਚ ਛਪਣ ਵਾਲੇ ਤਕਰੀਬਨ 2000 ਸਿੱਖਾਂ ਦਾ ਸਮਾਗਮ ਕਰਵਾਇਆ।
ਉਨ੍ਹਾਂ ਦਾ ਹਾਲੀਆ ਪ੍ਰਾਜੈਕਟ ‘ਸਿੱਖ 100’ ਪੂਰਾ ਹੋਣ ਨੂੰ 18 ਮਹੀਨੇ ਲੱਗ ਗਏ ਜਿਸ ਵਿਚ ਸੰਸਾਰ ਦੇ 100 ਸਭ ਤੋਂ ਵੱਧ ਤਾਕਤਵਰ ਤੇ ਰਸੂਖਦਾਰ ਸਿੱਖਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ਦੀ ਚੋਟੀ ਉੱਤੇ ਪ੍ਰਧਾਨ ਮੰਤਰੀ ਨੂੰ ਡਾæ ਮਨਮੋਹਨ ਸਿੰਘ ਹਨ। ਸ਼ ਬਾਂਸਲ ਇਸ ਮਹੀਨੇ ਆਪਣੇ ਸੰਭਾਵਤ ਦਿੱਲੀ ਫੇਰੀ ਮੌਕੇ ਇਹ ਸੂਚੀ ਨਿੱਜੀ ਤੌਰ ‘ਤੇ ਪ੍ਰਧਾਨ ਮੰਤਰੀ ਨੂੰ ਭੇਟ ਕਰਨੀ ਚਾਹੁੰਦੇ ਹਨ। ਇਸੇ ਦੌਰਾਨ ਸਿੱਖ ਐਵਾਰਡਜ਼ ਲਗਾਤਾਰ ਮਜ਼ਬੂਤੀ ਫੜਦੇ ਜਾ ਰਹੇ ਹਨ ਤੇ ਇਸ ਵਾਰ ਹੈਰਾਨੀਜਨਕ ਢੰਗ ਨਾਲ ਫੌਲਾਦ ਦੇ ਆਲਮੀ ਕਾਰੋਬਾਰੀ ਭਾਰਤੀ ਮੂਲ ਦੇ ਲਕਸ਼ਮੀ ਮਿੱਤਲ ਨੇ ਸਪੈਸ਼ਲ ਰਿਕਾਗਨਿਸ਼ਨ ਐਵਾਰਡ ਜਿੱਤ ਲਿਆ।
ਉਨ੍ਹਾਂ ਨੂੰ ਇਹ ਵਿਸ਼ੇਸ਼ ਐਵਾਰਡ ਪੰਜਾਬ ਵਿਚ ਬਹੁ-ਕਰੋੜੀ ਤੇਲ ਸੋਧ ਕਾਰਖਾਨਾ ਲਾਉਣ ਲਈ ਦਿੱਤਾ ਗਿਆ। ਵੱਖੋ-ਵੱਖ ਖੇਤਰਾਂ ਵਿਚ ਆਲਮੀ ਪੱਧਰ ਉੱਤੇ ਨਾਂ ਕਮਾਉਣ ਵਾਲੇ ਸਿੱਖਾਂ ਨੂੰ ਸਨਮਾਨਣ ਵਾਲੇ ਇਨ੍ਹਾਂ ਐਵਾਰਡਾਂ ਦੇ ਸਪਾਂਸਰਾਂ ਵਿਚ ਉਬੇਰ ਕੁਚੇਨ, ਸਹਾਰਾ ਹੋਮਜ਼, ਮਧੂਜ਼, ਪਿੰਕ ਟਰਬਨ, ਡੀæਵੀæਕੇæ ਗਰੁੱਪ, ਸੋਨੀ ਐਟਰਟੇਨਮੈਂਟ, ਹਰਪਾਲ ਫੋਟੋਗ੍ਰਾਫੀ, ਪੰਜਾਬ ਨੈਸ਼ਨਲ ਬੈਂਕ ਤੇ ਜੈਗੂਆਰ ਵਰਗੇ ਕਾਰੋਬਾਰੀ ਅਦਾਰੇ ਸ਼ਾਮਲ ਹਨ।
ਇਸ ਸਾਲ ਵੀ ਇਹ ਐਵਾਰਡ ਵੰਡ ਸਮਾਗਮ ਸਾਲ ਦੌਰਾਨ ਦੁਨੀਆਂ ਭਰ ਵਿਚ ਆਪਣੀ ਮਿਹਨਤ ਤੇ ਲਗਨ ਸਦਕਾ ਨਾਂ ਕਮਾਉਣ ਵਾਲੇ ਸਿੱਖਾਂ ਨੂੰ ਇਕ ਥਾਂ ਇਕੱਠੇ ਕਰਨ ਵਿਚ ਕਾਮਯਾਬ ਰਿਹਾ।
ਐਵਾਰਡ ਜੇਤੂਆਂ ਵਿਚ ਸ਼ਾਮਲ ਹਨ ਪੰਜਾਬ ਦੇ ਸਿੱਖਿਆ ਦਾਨੀ ਬਾਬਾ ਇਕਬਾਲ ਸਿੰਘ, ਪਿੰਗਲਵਾੜਾ ਦੀ ਮੁਖੀ ਬੀਬੀ ਇੰਦਰਜੀਤ ਕੌਰ, ਬਰਤਾਨਵੀ ਸੰਸਦ ਮੈਂਬਰ ਪਾਲ ਸਿੰਘ ਉੱਪਲ, ਸਾਬਕਾ ਕੈਨੇਡੀਅਨ ਐਮæਪੀæ ਗੁਰਮੰਤ ਸਿੰਘ ਗਰੇਵਾਲ, ਗੁਰੂ ਗੋਬਿੰਦ ਸਿੰਘ ਕਾਲਜ ਦੇ ਲੈਕਚਰਾਰ ਜਗੀਰ ਸਿੰਘ, ਕੀਨੀਆ ਮੂਲ ਦੇ ਸਮਾਜ ਸੇਵੀ ਤੇ ਕਾਰੋਬਾਰੀ ਰਾਜਿੰਦਰ ਸਿੰਘ ਬਰਿਆਣਾ ਤੇ ਡਾਟਾਵਿੰਡ ਲਿਮਟਿਡ ਦੇ ਸੀæਈæਓæ ਸੁਨੀਤ ਸਿੰਘ ਤੁਲੀ ਸ਼ਾਮਲ ਹਨ।
ਅਮਰੀਕਾ ਦੇ ਸੁਖਿੰਦਰ ਸਿੰਘ ਨੂੰ ਬਿਜ਼ਨਸ ਵੂਮੈਨ ਐਵਾਰਡ, ਅਮਰੀਕਾ ਦੇ ਹੀ ਗੁਰੂਕਾ ਸਿੰਘ ਨੂੰ ਸਿੱਖਜ਼ ਇਨ ਮੀਡੀਆ ਐਵਾਰਡ, ਭਾਰਤ ਦੇ ਗੁਰਪ੍ਰੀਤ ਸਿੰਘ ਨੂੰ ਸਿੱਖਜ਼ ਇਨ ਐਂਟਰਟੇਨਮੈਂਟ ਐਵਾਰਡ, ਦੁਬਈ ਦੇ ਸੁਰਿੰਦਰ ਸਿੰਘ ਕੰਧਾਰੀ ਨੂੰ ਸਿੱਖਜ਼ ਇਨ ਸੇਵਾ ਐਵਾਰਡ ਅਤੇ ਭਾਰਤ ਦੀ ਰਸ਼ਪਾਲ ਕੌਰ ਨੂੰ ਸਿੱਖਜ਼ ਇਨ ਸਪੋਰਟਸ ਐਵਾਰਡ ਦਿੱਤਾ ਗਿਆ। ਇਸ ਤੋਂ ਪਹਿਲਾਂ 2010 ਵਿਚ 101 ਸਾਲਾ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਦਾ ਐਵਾਰਡ ਦਿੱਤਾ ਗਿਆ ਸੀ।
Leave a Reply