ਮੇਰੇ ਪਰਿਵਾਰ ਬਾਰੇ ਬਹੁਤ ਕੁਝ ਅਜਿਹਾ ਲਿਖਿਆ ਗਿਆ ਜੋ ਸੱਚ ਨਹੀਂ ਸੀ: ਸੋਨੀਆ

ਨਵੀਂ ਦਿੱਲੀ:ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਆਪਣੀਆਂ ਯਾਦਾਂ ਲਿਖਣ ਪਿੱਛੇ ਇਕ ਕਾਰਨ ਇਹ ਵੀ ਸੀ ਕਿ ਉਨ੍ਹਾਂ ਦੇ ਪਰਿਵਾਰ, ਸੱਸ, ਪਤੀ, ਪੁੱਤਰ, ਧੀ ਅਤੇ ਉਨ੍ਹਾਂ ਬਾਰੇ ਬਹੁਤ ਕੁਝ ਅਜਿਹਾ ਲਿਖਿਆ ਗਿਆ ਜੋ ਸੱਚ ਨਹੀਂ ਸੀ। ਉਹ ਸੱਚਾਈ ਸਾਹਮਣੇ ਲਿਆਉਣਾ ਚਾਹੁੰਦੇ ਸਨ।

ਆਈਟੀਸੀ ਮੌਰਿਆ ਵਿਚ ਆਪਣੀ ਕਿਤਾਬ ‘ਬਿਲੌਗਿੰਗ: ਏ ਜਰਨੀ ਆਫ ਲਵ’ ਦੇ ਰਸਮੀ ਰਿਲੀਜ਼ ਸਮਾਰੋਹ ਦੌਰਾਨ ਸੋਨੀਆ ਨੇ ਕਿਹਾ ਕਿ ਮੈਂ ਆਪਣੇ ਮਨ ਦੀਆਂ ਗੱਲਾਂ ਦੱਸਣ ਤੋਂ ਝਿਜਕਦੀ ਰਹੀ ਹਾਂ, ਪਰ ਰਾਹੁਲ, ਪ੍ਰਿਯੰਕਾ ਅਤੇ ਮੰਜੂਲਿਕਾ ਦੁਬੇ ਦੇ ਜ਼ੋਰ ਪਾਉਣ ‘ਤੇ ਆਖ਼ਰਕਾਰ ਮੈਂ ਕਿਤਾਬ ਲਿਖਣ ਲਈ ਹਾਂ ਕਰ ਦਿੱਤੀ। ਸ਼ੁਰੂ ਵਿਚ ਇਹ ਔਖਾ ਸੀ, ਪਰ ਜਿਵੇਂ ਹੀ ਲਿਖਣਾ ਸ਼ੁਰੂ ਕੀਤਾ, ਜਜ਼ਬਾਤ ਦਾ ਬੰਨ੍ਹ ਟੁੱਟ ਪਿਆ।
ਉਨ੍ਹਾਂ ਦੱਸਿਆ ਕਿ ਕਿਤਾਬ ਦੀਆਂ ਜ਼ਿਆਦਾਤਰ ਗੱਲਾਂ ਉਨ੍ਹਾਂ ਦੀਆਂ ਯਾਦਾਂ ‘ਤੇ ਆਧਾਰਿਤ ਹਨ। ਸੋਨੀਆ ਨੇ ਕਿਹਾ ਕਿ ਉਨ੍ਹਾਂ ਨੇ ਕਿਤਾਬ ਦਾ ਨਾਂ ‘ਬਿਲੌਗਿੰਗ’ ਇਸ ਲਈ ਚੁਣਿਆ, ਕਿਉਂਕਿ ਇਸ ਦਾ ਅਰਥ ਕਿਸੇ ਨਾਲ ਜੁੜਾਅ ਅਤੇ ਅਪਣੱਤ ਮਹਿਸੂਸ ਕਰਨਾ ਹੈ। ਉਨ੍ਹਾਂ ਦੇ ਮਾਮਲੇ ਵਿਚ ਇਹ ਨਾਂ ਦੱਸਦਾ ਹੈ ਕਿ ਉਨ੍ਹਾਂ ਨੇ ਆਪਣਾਪਣ ਮਹਿਸੂਸ ਕਰਨ ਲਈ ਕਿੰਨੀ ਕੋਸ਼ਿਸ਼ ਕੀਤੀ। ਭਾਰਤ ਵਿਚ ਅਨੇਕ ਔਰਤਾਂ ਨਾਲ ਵੀ ਅਜਿਹਾ ਹੁੰਦਾ ਹੈ। ਉਨ੍ਹਾਂ ਦਾ ਪਿਛੋਕੜ ਭਾਵੇਂ ਇੱਕੋ ਜਿਹਾ ਹੋਵੇ, ਪਰ ਵਿਆਹ ਤੋਂ ਬਾਅਦ ਨਵੇਂ ਘਰ ਅਤੇ ਪਰਿਵਾਰ ਵਿਚ ਢਲ਼ਣਾ ਔਖਾ ਹੁੰਦਾ ਹੈ। ਸੋਨੀਆ ਨੇ ਕਿਹਾ ਕਿ ਜਦੋਂ ਉਹ ਭਾਰਤ ਆਈ ਅਤੇ ਇੰਦਰਾ ਗਾਂਧੀ ਦੀ ਨੂੰਹ ਬਣੀ, ਤਾਂ ਇੱਥੋਂ ਦਾ ਮਾਹੌਲ ਉਨ੍ਹਾਂ ਦੇ ਇਤਾਲਵੀ ਪਿਛੋਕੜ ਵਰਗਾ ਗ਼ੈਰ-ਰਸਮੀ ਨਹੀਂ, ਬਲਕਿ ਵੱਧ ਰਸਮੀ ਸੀ। ਹਾਲਾਂਕਿ, ਇਟਲੀ ਵਿਚ ਹੋਈ ਪਰਵਰਿਸ਼ ਨੇ ਉਨ੍ਹਾਂ ਨੂੰ ਵੱਡਿਆਂ ਅਤੇ ਸੀਨੀਅਰਾਂ ਦਾ ਸਤਿਕਾਰ ਕਰਨਾ ਸਿਖਾਇਆ ਸੀ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਉਹ ਇੰਦਰਾ ਗਾਂਧੀ ਤੋਂ ਬਹੁਤ ਡਰਦੀ ਸੀ ਅਤੇ ਉਨ੍ਹਾਂ ਨੂੰ ‘ਮੰਮੀ’ ਕਹਿਣ ਵਿਚ ਸਮਾਂ ਲੱਗਿਆ।
‘ਉਹ ਮੇਰੇ ਪਿਤਾ ਦੀ ਸੀ ਅਤੇ ਮੇਰੇ ਪਿਤਾ ਉਸ ਦੇ ਸਨ’-ਰਾਹੁਲ
ਕਿਤਾਬ ਦੇ ਰਿਲੀਜ਼ ਸਮਾਰੋਹ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਮਾਪਿਆਂ, ਸੋਨੀਆ ਅਤੇ ਰਾਜੀਵ ਗਾਂਧੀ ਦੇ ਰਿਸ਼ਤੇ ਬਾਰੇ ਕਿਹਾ, ‘ਉਹ ਮੇਰੇ ਪਿਤਾ ਦੀ ਸੀ ਅਤੇ ਮੇਰੇ ਪਿਤਾ ਉਸ ਦੇ ਸਨ। ਆਪਣੇ ਸੰਖੇਪ ਭਾਸ਼ਣ ਵਿਚ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਪ੍ਰੇਮ ਕਹਾਣੀ ਦਾ ਵੀ ਜ਼ਿਕਰ ਕੀਤਾ, .ਜਿਸ ਦੀ ਸ਼ੁਰੂਆਤ ਕੈਂਬ੍ਰਿਜ ਦੇ ‘ਵਰਸਿਟੀ ਰੈਸਟੋਰੈਂਟ’ ਵਿਚ ਹੋਈ ਸੀ। ਰਾਹੁਲ ਨੇ ਕਿਹਾ ਕਿ ਮੇਰੇ ਮਾਪਿਆਂ ਬਾਰੇ ਇਕ ਕਹਾਣੀ ਮਸ਼ਹੂਰ ਹੈ ਕਿ ਉਹ ‘ਵਰਸਿਟੀ ਰੈਸਟੋਰੈਂਟ ਵਿਚ ਮਿਲੇ ਸਨ। ਕਈ ਸਾਲਾਂ ਬਾਅਦ ਜਦੋਂ ਮੈਂ ਕੈਂਬ੍ਰਿਜ ਵਿਚ ਸੀ, ਤਾਂ ਮੈਂ ਆਪਣੀ. ਪ੍ਰੇਮਿਕਾ ਨੂੰ ਕਿਹਾ-ਚਲੋ ‘ਵਰਸਿਟੀ ਰੈਸਟੋਰੈਂਟ ਚੱਲੀਏ। ਉਸ ਨੂੰ ਨਹੀਂ ਪਤਾ ਸੀ ਕਿ ਇਹ ਕਿਹੋ ਜਿਹੀ ਜਗ੍ਹਾ ਹੈ। ਮੈਂ ਦੇਖਣਾ ਚਾਹੁੰਦਾ ਸੀ ਕਿ ਮੇਰੇ ਮਾਪੇ ਕਿੱਥੇ ਮਿਲੇ ਸਨ। ਉੱਥੇ ਜਾ ਕੇ ਜਦੋਂ ਮੈਂ ਪੁੱਛਿਆ ਕਿ ਮੈਨਿਊ ਵਿਚ ਕੀ ਵਧੀਆ ਹੈ, ਤਾਂ ਮੈਨੂੰ ਚਿਕਨ . ਸ਼ਾਸਰ ਖਾਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਕੈਂਸਰ ਤੋਂ ਦੋ ਜਾਂ ਤਿੰਨ ਵਾਰ ਨਹੀਂ, ਸਗੋਂ ਚਾਰ ਵਾਰ ਉੱਭਰ ਕੇ ਬਾਹਰ ਆਏ ਹਨ। ਇਸ ਦੌਰਾਨ ਲੋਕ ਉਨ੍ਹਾਂ ਨੂੰ ਦੇਰ ਤੱਕ ਸੁਣਦੇ ਰਹੇ।
ਆਈਐੱਨਡੀਆਈਏ ਦੇ ਆਗੂ ਸਮਾਰੋਹ ਵਿਚ ਸ਼ਾਮਲ, ਗੰਭੀਰ ਰਹੀ ਵਿਚਾਰ ਚਰਚਾ
ਕਿਤਾਬ ਦੇ ਰਿਲੀਜ਼ ਸਮਾਰੋਹ ਵਿਚ ਰਾਹੁਲ ਅਤੇ ਪ੍ਰਿਯੰਕਾ ਤੋਂ ਇਲਾਵਾ ਕਾਂਗਰਸ ਅਤੇ ਆਈਐੱਨਡੀਆਈਏ ਦੇ ਕਈ ਆਗੂ ਸ਼ਾਮਲ ਹੋਏ। ਇਨ੍ਹਾਂ ਵਿਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਤ੍ਰਿਣਮੂਲ ਕਾਂਗਰਸ ਦੇ ਅਭਿਸ਼ੇਕ ਬੈਨਰਜੀ, ਐੱਨਸੀਪੀ (ਐੱਸਪੀ) ਦੀ ਆਗੂ ਸੁਪ੍ਰਿਆ ਸੁਲੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ, ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ ਵਿਜੇ, ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸ਼ਿੰਘ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ, ਕਾਂਗਰਸ ਆਗੂ ਪੀ. ਚਿਦੰਬਰਮ ਅਤੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਵੀ ਸਮਾਰੋਹ ਵਿਚ ਮੌਜੂਦ ਸਨ।