ਆਸੀਆਨ ਦੇਸ਼ਾਂ ਨਾਲ ਰਿਸ਼ਤੇ ਰੱਖਣੇ ‘ਐਕਟ ਈਸਟ’ ਨੀਤੀ ਦੇ ਕੇਂਦਰ `ਚ: ਨਰਿੰਦਰ ਮੋਦੀ

ਮਨੀਲਾ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਿਲੀਪੀਨ ਦੀ ਰਾਜਧਾਨੀ ਮਨੀਲਾ ਪਹੁੰਚ ਗਏ। ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਦੇ ਸੱਦੇ ‘ਤੇ ਦੋ ਦਿਨਾਂ ਦੇ ਦੌਰੇ ‘ਤੇ ਪਹੁੰਚੇ ਮੋਦੀ 23ਵੇਂ ਭਾਰਤ-ਆਸੀਆਨ ਸਿਖਰ ਸੰਮੇਲਨ ਵਿਚ ਹਿੱਸਾ ਲੈ ਰਹੇ ਹਨ। ਇਸ ਤੋਂ ਬਾਅਦ ਉਹ 21ਵੇਂ ਪੂਰਬੀ ਏਸ਼ੀਆ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਕੁਝ ਘੰਟਿਆਂ ਬਾਅਦ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਥਨੀ ਅਲਬਨੀਜ਼ ਨਾਲ ਕਵਾਡ ਆਗੂਆਂ ਦੀ ਬੈਠਕ ਵਿਚ ਸ਼ਾਮਲ ਹੋਣਗੇ।

ਇਸ ਤੋਂ ਇਲਾਵਾ ਮੋਦੀ ਕਈ ਵਿਸ਼ਵ ਆਗੂਆਂ ਨਾਲ ਦੁਵੱਲੀਆਂ ਬੈਠਕਾਂ ਵੀ ਕਰਨਗੇ, ਜਿਨ੍ਹਾਂ ਵਿਚ ਫਿਲੀਪੀਨ ਦੇ ਰਾਸ਼ਟਰਪਤੀ ਨਾਲ ਹੋਣ ਵਾਲੀ ਬੈਠਕ ਅਹਿਮ ਹੈ। ਉਨ੍ਹਾਂ ਦੀ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਮਹਤਵਪੂਰਣ ਹੈ। ਮਨੀਲਾ ਲਈ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਸੀਆਨ ਦੇਸ਼ਾਂ ਨਾਲ ਸਬੰਧ ਭਾਰਤ ਦੀ ‘ਐਕਟ ਈਸਟ’ ਨੀਤੀ ਦੇ ਕੇਂਦਰ ਵਿਚ ਹਨ ਅਤੇ ਸਾਡੇ ‘ਮਹਾਸਾਗਰ’ ਨਜ਼ਰੀਏ ਵਿਚ ਵੀ ਇਨ੍ਹਾਂ ਦੀ ਅਹਿਮ ਭੂਮਿਕਾ ਹੈ।
ਮੋਦੀ ਨੇ ਕਿਹਾ, ‘ਸਦੀਆਂ ਪੁਰਾਣੇ ਸੱਭਿਆਚਾਰਕ ਅਦਾਨ-ਪ੍ਰਦਾਨ ‘ਤੇ ਆਧਾਰਤ ਸਾਡੇ ਸਬੰਧ ਹੁਣ ਵਪਾਰ, ਸੰਪਰਕ, ਸਮੁੰਦਰੀ ਸੁਰੱਖਿਆ, ਤਕਨਾਲੋਜੀ ਅਤੇ ਲੋਕਾਂ ਵਿਚਾਲੇ ਆਪਸੀ ਸਬੰਧਾਂ ਤੱਕ ਫੈਲ ਚੁੱਕੇ ਹਨ। ਭਾਰਤ-ਆਸੀਆਨ ਸਿਖਰ ਸੰਮੇਲਨ ਵਿਚ ਮੈਂ ਸਾਥੀ ਆਗੂਆਂ ਨਾਲ ਮਿਲ ਕੇ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਦੀ ਪ੍ਰਗਤੀ ਨੂੰ ਹੋਰ ਤੇਜ਼ ਕਰਨ ਅਤੇ ਵਿਕਾਸ, ਸੰਪਰਕ ਤੇ ਖ਼ੁਸ਼ਹਾਲੀ ਦੀਆਂ ਸਾਂਝੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਦੀ ਆਸ ਕਰਦਾ ਹਾਂ। ਪੂਰਬੀ ਏਸ਼ੀਆ ਸੰਮੇਲਨ ਖੇਤਰੀ ਅਤੇ ਵਿਸ਼ਵ ਪੱਧਰੀ ਚੁਣੌਤੀਆਂ ‘ਤੇ ਗੱਲਬਾਤ ਦਾ ਇਕ ਅਹਿਮ ਮੰਚ ਹੈ। ਹਿੰਦ- ਪ੍ਰਸ਼ਾਂਤ ਖੇਤਰ ਵਿਚ ਸ਼ਾਂਤੀ, ਸਥਿਰਤਾ ਅਤੇ ਸਹਿਯੋਗ ਮਜ਼ਬੂਤ ਕਰਨ ਬਾਰੇ ਵਿਚਾਰ ਸਾਂਝੇ ਕਰਨ ਲਈ ਮੈਂ ਉਤਸੁਕ ਹਾਂ।’
ਟਰੰਪ-ਪੁਤਿਨ-ਸ਼ੀ ਜਿਨਪਿੰਗ ਦੀ ਬੈਠਕ ਤੋਂ ਪਹਿਲਾਂ ਕਵਾਡ ਬੈਠਕ
ਕਵਾਡ ਸਿਖਰ ਬੈਠਕ ਕਈ ਪੱਖਾਂ ਤੋਂ ਅਹਿਮ ਹੈ। ਇਹ ਲਗਪਗ ਦੋ ਸਾਲਾਂ ਬਾਅਦ ਹੋ ਰਹੀ ਹੈ। ਪਿਛਲੀ ਬੈਠਕ ਸਤੰਬਰ 2024 ਵਿਚ ਅਮਰੀਕਾ ਦੇ ਡੇਲਾਵੇਅਰ ਵਿਚ ਹੋਈ ਸੀ। ਇਹ ਟਰੰਪ ਦੇ ਦੂਜੇ ਕਾਰਜਕਾਲ ਦੀ ਪਹਿਲੀ ਕਵਾਡ ਬੈਠਕ ਹੋਵੇਗੀ। ਕਵਾਡ ਸਿਖਰ ਸੰਮੇਲਨ 2025 ਵਿਚ ਭਾਰਤ ਵਿਚ ਹੋਣਾ ਸੀ ਪਰ ਟਰੰਪ ਪ੍ਰਸ਼ਾਸਨ ਵੱਲੋਂ ਤਰਜੀਹ ਨਾ ਦਿੱਤੇ ਜਾਣ ਕਾਰਨ ਇਹ ਨਹੀਂ ਹੋ ਸਕਿਆ। ਕਵਾਡ ਸਿਖਰ ਸੰਮੇਲਨ ਦਾ ਐਲਾਨ ਸੋਮਵਾਰ ਦੁਪਹਿਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀਤਾ। ਟਰੰਪ ਇਸ ਸੰਮੇਲਨ ਲਈ ਉਸ ਵੇਲੇ ਸਹਿਮਤ ਹੋਏ ਹਨ, ਚੀਨ ਦੇ ਸ਼ੇਨਝੇਨ ਵਿਚ ਟਰੰਪ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੇ ਪਹਿਲੇ ਤਿੰਨ-ਧਿਰੀ ਸਿਖਰ ਸੰਮੇਲਨ ਦੀ ਮੀਟਿੰਗ ਅਹਿਮ ਹੈ।
ਸ਼ਾਨਦਾਰ ਰਾਤਰੀ ਭੋਜ ‘ਚ ਸ਼ਾਮਲ ਹੋਏ ਮੋਦੀ
ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਫਿਲੀਪੀਨ ਦੇ ਰਾਸ਼ਟਰਪਤੀ ਮਾਰਕੋਸ ਜੂਨੀਅਰ ਵੱਲੋਂ ਦਿੱਤੇ ਗਏ ਸ਼ਾਨਦਾਰ ਰਾਤਰੀ ਭੋਜ ਵਿਚ ਸ਼ਾਮਲ ਹੋਏ। ਇਸ ਵਿਚ ਆਸੀਆਨ ਸਿਖਰ ਸੰਮੇਲਨ ਅਤੇ ਇਸ ਨਾਲ ਜੁੜੀਆਂ ਬੈਠਕਾਂ ਵਿਚ ਹਿੱਸਾ ਲੈਣ ਆਏ ਆਗੂ ਅਤੇ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਮੋਦੀ ਨੇ ‘ਬਾਰੋਂਗ ਤਾਗਾਲੋਗ’ ਪਹਿਰਾਵਾ ਪਾਇਆ ਸੀ ਜੋ ਫਿਲੀਪੀਨ ਦੇ ਪੁਰਸ਼ਾਂ ਦਾ ਰਵਾਇਤੀ ਰਸਮੀ ਪਹਿਰਾਵਾ ਹੈ। ਰਾਤਰੀ ਭੋਜ ਵਿਚ ਉੱਥੋਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਪਕਵਾਨ ਵੀ ਸ਼ਾਮਲ ਸਨ।
ਆਸੀਆਨ ਦੇ 11 ਮੈਂਬਰ ਮੁਲਕਾਂ ਬਾਰੇ ਜਾਣੋ
1967 ਵਿਚ ਸਥਾਪਤ ਆਸੀਆਨ ਦੇ 11 ਮੈਂਬਰ ਹਨ-ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਊਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨ, ਸਿੰਗਾਪੁਰ, ਥਾਈਲੈਂਡ, ਤਿਮੋਰ-ਲੇਸਤੇ ਅਤੇ ਵੀਅਤਨਾਮ। ਭਾਰਤ, ਅਮਰੀਕਾ, ਚੀਨ, ਜਾਪਾਨ ਅਤੇ ਆਸਟ੍ਰੇਲੀਆ ਸਮੇਤ ਕਈ ਹੋਰ ਦੇਸ਼ ਇਸ ਦੇ ਸੰਵਾਦ ਭਾਈਵਾਲ ਹਨ। ਇਸ ਸਾਲ ਦੇ ਸੰਮੇਲਨ ਦਾ ਥੀਮ ‘ਨੇਵੀਗੇਟਿੰਗ ਦਿ ਫਿਊਚਰ ਹੈ। ਈਸਟ ਏਸ਼ੀਆ ਸਮਿੱਟ ਆਸੀਆਨ ਦੀ ਅਗਵਾਈ ਵਾਲਾ ਇਕ ਸਮੂਹ ਹੈ। ਇਸ ਵਿਚ ਆਸੀਆਨ ਦੇ 11 ਮੈਂਬਰ ਦੇਸ਼ਾਂ ਤੋਂ ਇਲਾਵਾ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਰਸ ਸਮੇਤ ਅੱਠ ਦੇਸ਼ ਸ਼ਾਮਲ ਹਨ।