ਸ਼ਹਿਰੀ ਤੇ ਅਰਧ-ਸ਼ਹਿਰੀ ਸੀਟਾਂ ਬਣੀਆਂ ਗੱਠਜੋੜ ਦਾ ਅੜਿੱਕਾ

ਚੰਡੀਗੜ੍ਹ:ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਰਾਹ ਵਿੱਚ ਸੀਟਾਂ ਦੀ ਵੰਡ ਅੜਿੱਕਾ ਬਣ ਗਈ ਹੈ। ਭਾਵੇਂ ਭਾਜਪਾ ਗਠਜੋੜ ਵਿੱਚ ਵੱਡੇ ਭਰਾ ਦੀ ਭੂਮਿਕਾ ਦਾ ਦਾਅਵਾ ਨਹੀਂ ਕਰ ਰਹੀ, ਪਰ ਸ਼ਹਿਰੀ ਤੇ ਅਰਧ-ਸ਼ਹਿਰੀ ਸੀਟਾਂ ਸਬੰਧੀ ਉਸ ਦੀ ਸੂਚੀ ਨੇ ਅਕਾਲੀ ਦਲ ਦੀ ਚਿੰਤਾ ਵਧਾ ਦਿੱਤੀ ਹੈ।

ਭਾਜਪਾ ਆਪਣੀਆਂ 47 ਸੀਟਾਂ ਦੀ ਮੰਗ ਦੇ ਹੱਕ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਲਾਵਾ ਗਠਜੋੜ ਟੁੱਟਣ ਮਗਰੋਂ ਮਜ਼ਬੂਤ ਹੋਏ ਸੰਗਠਨ, ਆਬਾਦੀ ਦੇ ਢਾਂਚੇ ਅਤੇ ਸਮਾਜਿਕ ਬਦਲਾਅ ਦਾ ਹਵਾਲਾ ਦੇ ਰਹੀ ਹੈ। ਪਾਰਟੀ ਦਾ ਮੰਨਣਾ ਹੈ ਕਿ ਅਰਧ- ਸ਼ਹਿਰੀ ਇਲਾਕਿਆਂ ਵਿੱਚ ਉਸ ਦੀ ਪਕੜ ਵਧੀ ਹੈ। ਸਥਾਨਕ ਚੋਣਾਂ ਵਿੱਚ ਵੀ ਉਸ ਨੂੰ ਪੇਂਡੂ ਵੋਟਰਾਂ ਦਾ ਸਮਰਥਨ ਮਿਲਿਆ ਸੀ। ਭਾਜਪਾ 34 ਰਾਖਵੀਆਂ ਸੀਟਾਂ ਵਿੱਚੋਂ ਵੀ ਵੱਡਾ ਹਿੱਸਾ ਚਾਹੁੰਦੀ ਹੈ। ਮਾਝਾ ਅਤੇ ਦੁਆਬਾ ਖੇਤਰਾਂ ‘ਤੇ ਉਸ ਦਾ ਖ਼ਾਸ ਧਿਆਨ ਹੈ।
ਭਾਜਪਾ ਲੀਡਰਸ਼ਿਪ ਮੁਤਾਬਕ ਅਰਧ- ਸ਼ਹਿਰੀ ਇਲਾਕਿਆਂ ਵਿੱਚ ਵਪਾਰੀ, ਦੁਕਾਨਦਾਰ, ਮੱਧ ਵਰਗੀ ਪਰਿਵਾਰ, ਮੁਲਾਜ਼ਮ ਅਤੇ ਨੇੜਲੇ ਪਿੰਡਾਂ ਦੇ ਕਿਸਾਨ ਵੋਟਰ ਇਕੱਠੇ ਵਸਦੇ ਹਨ। ਅਕਾਲੀ ਦਲ ਨਾਲ ਗਠਜੋੜ ਹੋਣ ‘ਤੇ ਪੰਥਕ ਤੇ ਪੇਂਡੂ ਵਰਗਾਂ, ਖ਼ਾਸ ਕਰਕੇ ਕਿਸਾਨਾਂ ਦਾ ਸਮਰਥਨ ਵੀ ਮਿਲ ਸਕਦਾ ਹੈ। ਪਾਰਟੀ ਦਾ ਦਾਅਵਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਉਸ ਦਾ ਵੋਟ ਹਿੱਸਾ 9.63 ਤੋਂ ਵਧ ਕੇ 18.56 ਫ਼ੀਸਦੀ ਹੋ ਗਿਆ ਸੀ। ਕਈ ਅਰਧ-ਸ਼ਹਿਰੀ ਹਲਕਿਆਂ ਵਿੱਚ ਉਹ ਇਕੱਲਿਆਂ ਹੀ ਅਕਾਲੀ ਦਲ ਤੋਂ ਅੱਗੇ ਰਹੀ। ਭਾਜਪਾ ਦੇ ਸਰਵੇਖਣ ਮੁਤਾਬਕ 2022 ਵਿੱਚ ਆਮ ਆਦਮੀ ਪਾਰਟੀ ਨੇ ਕੁਝ ਅਰਧ- ਸ਼ਹਿਰੀ ਹਲਕਿਆਂ ਵਿੱਚ ਜਿੱਤ ਦਰਜ ਕੀਤੀ ਸੀ, ਪਰ ਅਕਾਲੀ-ਭਾਜਪਾ ਗਠਜੋੜ ਹੁੰਦਾ ਤਾਂ ਉੱਥੇ ਜਿੱਤ ਸੰਭਵ ਸੀ। ਸੂਤਰਾਂ ਅਨੁਸਾਰ ਭਾਜਪਾ ਦੀ 47 ਸੀਟਾਂ ਦੀ ਸੂਚੀ ਵਿੱਚ ਡੇਰਾਬੱਸੀ, ਮੋਹਾਲੀ, ਖਰੜ, ਪਟਿਆਲਾ ਦਿਹਾਤੀ, ਸੁਨਾਮ, ਸੰਗਰੂਰ, ਮਾਨਸਾ, ਮੋਗਾ, ਬਠਿੰਡਾ ਸ਼ਹਿਰੀ, ਬੱਲੂਆਣਾ, ਗੁਰੂ ਹਰਸਹਾਇ, ਪਾਇਲ, ਸਾਹਨੇਵਾਲ, ਨਵਾਂਸ਼ਹਿਰ, ਗੁਰਦਾਸਪੁਰ ਅਤੇ ਬਟਾਲਾ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਹਲਕਿਆਂ ‘ਤੇ ਅਕਾਲੀ ਦਲ ਦਾ ਵੀ ਮਜ਼ਬੂਤ ਆਧਾਰ ਰਿਹਾ ਹੈ। ਅਕਾਲੀ ਦਲ ਦਾ ਤਰਕ ਹੈ ਕਿ ਪੇਂਡੂ ਹਲਕਿਆਂ ਵਿੱਚ ਉਸ ਦੇ ਉਮੀਦਵਾਰ ਹੋਣ ਨਾਲ ਗਠਜੋੜ ਨੂੰ ਵੱਧ ਫ਼ਾਇਦਾ ਹੋਵੇਗਾ। ਪਾਰਟੀ ਨੇ ਪਿਛਲੇ ਤਿੰਨ- ਚਾਰ ਸਾਲਾਂ ਦੌਰਾਨ ਪਿੰਡਾਂ ਵਿੱਚ ਵਿਆਪਕ ਸੰਪਰਕ ਮੁਹਿੰਮਾਂ ਚਲਾਈਆਂ ਹਨ। ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਜਾਰੀ ਹੈ।