ਨਾ ਕਾਂਗਰਸ ਤੇ ਨਾ ਭਾਜਪਾ ਕੋਲ ਕੋਈ ਮੁੱਦਾ
ਨਵੀਂ ਦਿੱਲੀ (ਪੰਜਾਬ ਟਾਈਮਜ਼ ਬਿਊਰੋ): ਭਾਰਤ ਵਿਚ ਅਗਲੀਆਂ ਲੋਕ ਸਭਾ ਚੋਣਾਂ ਦਾ ਮੂੰਹ-ਮੱਥਾ ਤਾਂ ਭਾਵੇਂ ਅਜੇ ਨਹੀਂ ਬਣਿਆ ਹੈ ਪਰ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਲੋਕ ਸਭਾ ਚੋਣਾਂ ਲਈ ਰਿਹਰਸਲ ਜ਼ਰੂਰ ਸ਼ੁਰੂ ਹੋ ਗਈ ਹੈ। ਇਸੇ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਐਲਾਨੇ ਗਏ ਉਮੀਦਵਾਰ ਨਰੇਂਦਰ ਮੋਦੀ ਹੁਣੇ ਤੋਂ ਹੀ ਪ੍ਰਧਾਨ ਮੰਤਰੀ ਬਣਿਆ ਮਹਿਸੂਸ ਕਰ ਰਹੇ ਹਨ। ਆਪਣੀਆਂ ਚੋਣ ਰੈਲੀਆਂ ਵਿਚ ਉਹ ਮੈਡਮ (ਕਾਂਗਰਸ ਪ੍ਰਧਾਨ ਸੋਨੀਆ ਗਾਂਧੀ) ਅਤੇ ਸ਼ਹਿਜ਼ਾਦੇ (ਰਾਹੁਲ ਗਾਂਧੀ) ਦੀ ਚਰਚਾ ਕਰਨ ਤੋਂ ਨਹੀਂ ਖੁੰਝਦੇ। ਕਾਂਗਰਸੀ ਆਗੂ ਵੀ ਨਿੱਤ ਦਿਨ ਅਜਿਹਾ ਕੋਈ ਬਿਆਨ ਦਾਗ ਦਿੰਦੇ ਹਨ ਜਿਸ ਬਾਰੇ ਸ੍ਰੀ ਮੋਦੀ ਬੜੀ ਤਿੱਖੀ ਟਿੱਪਣੀ ਕਰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਮੋਦੀ ਦੇ ਭਾਸ਼ਨਾਂ ਦੀ ਤਿੱਖੀ ਧਾਰ ਨੇ ਕਾਂਗਰਸੀ ਆਗੂਆਂ ਨੂੰ ਵਾਹਵਾ ਭੁਆਟਣੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੂੰ ਜਵਾਬ ਵਿਚ ਕੁਝ ਸੁੱਝਦਾ/ਔੜ੍ਹਦਾ ਨਹੀਂ ਹੈ।
ਸਿਆਸੀ ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਸ੍ਰੀ ਮੋਦੀ ਵਿਚ ਤਾਂ ਕੋਈ ਇੰਨੀ ਜ਼ਿਆਦਾ ਸੱਤਿਆ ਨਹੀਂ ਸੀ ਪਰ ਕਾਂਗਰਸ ਦੇ ਆਪਣੇ ਹੀ ਡਰਾਂ ਨੇ ਉਸ ਨੂੰ ਅੱਗੇ ਵਧਣ ਦਾ ਮੌਕਾ ਮੁਹੱਈਆ ਕਰਵਾ ਦਿੱਤਾ ਹੈ। ਕਾਂਗਰਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ 2002 ਵਾਲੇ ਗੁਜਰਾਤ ਕਤਲੇਆਮ ਨੂੰ ਆਧਾਰ ਬਣਾ ਕੇ ਨਰੇਂਦਰ ਮੋਦੀ ਉਤੇ ਹਮਲੇ ਕੀਤੇ ਜਾਣ ਅਤੇ ਭਾਜਪਾ ਦਾ ਰਾਹ ਡੱਕਿਆ ਜਾਵੇ, ਪਰ ਕਾਂਗਰਸ ਦੀ ਇਹ ਰਣਨੀਤੀ ਹੁਣ ਪੁੱਠੀ ਪੈਂਦੀ ਜਾਪਦੀ ਹੈ ਕਿਉਂਕਿ ਮੀਡੀਆ ਅਤੇ ਰੈਲੀਆਂ ਵਿਚ ਸ੍ਰੀ ਮੋਦੀ ਹੁਣ ਵਧੇਰੇ ਧਿਆਨ ਖਿੱਚ ਰਹੇ ਹਨ। ਦਰਅਸਲ ਕਾਂਗਰਸ ਕੋਲ ਆਪਣੇ ਪ੍ਰਚਾਰ ਲਈ ਕੋਈ ਮੁੱਦਾ ਨਹੀਂ ਹੈ ਅਤੇ ਇਹ ਮੋਦੀ-ਵਿਰੋਧ ਵਿਚੋਂ ਹੀ ਆਪਣੀ ਚੋਣ-ਮੁਹਿੰਮ ਦਾ ਬੇੜਾ ਪਾਰ ਲਾਉਣ ਲਈ ਹੱਥ-ਪੈਰ ਮਾਰ ਰਹੀ ਹੈ।
ਗੌਰਤਲਬ ਹੈ ਕਿ ਸ੍ਰੀ ਮੋਦੀ ਨੇ 2012 ਵਿਚ ਲਗਾਤਾਰ ਤੀਜੀ ਵਾਰ ਗੁਜਰਾਤ ਵਿਚ ਚੋਣ ਜਿੱਤੀ ਸੀ। ਸਿਆਸੀ ਮਾਹਿਰ ਇਸ ਜਿੱਤ ਦਾ ਸਿਹਰਾ ਖੁਦ ਮੋਦੀ ਦੀ ਥਾਂ ਕਾਂਗਰਸ ਨੂੰ ਹੀ ਦਿੰਦੇ ਹਨ। ਰਿਪੋਰਟਾਂ ਮੁਤਾਬਕ ਗੁਜਰਾਤ ਵਿਚ ਕਾਂਗਰਸ ਦੀ ਕਮਜ਼ੋਰੀ ਨੇ ਹੀ ਸ੍ਰੀ ਮੋਦੀ ਦੀਆਂ ਵਾਰ-ਵਾਰ ਜਿੱਤਾਂ ਲਈ ਰਾਹ ਪੱਧਰਾ ਕੀਤਾ। ਹੁਣ ਕੌਮੀ ਪੱਧਰ ਉਤੇ ਵੀ ਹਾਲਤ ਉਸੇ ਤਰ੍ਹਾਂ ਦੇ ਬਣ ਰਹੇ ਹਨ। ਗੁਜਰਾਤ ਦਾ ਕਤਲੇਆਮ ਭਾਵੇਂ ਸ੍ਰੀ ਮੋਦੀ ਲਈ ਗਿੱਲਾ ਕੰਬਲ ਅਤੇ ਉਸ ਦੇ ਰਾਹ ਦਾ ਰੋੜਾ ਸਾਬਤ ਹੋ ਰਿਹਾ ਹੈ, ਪਰ ਮਨਮੋਹਨ ਸਿੰਘ ਦੀ ਕਮਜ਼ੋਰ ਸ਼ਖਸੀਅਤ ਅਤੇ ਕਾਂਗਰਸ ਸਰਕਾਰ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਕਾਂਗਰਸ ਦੀ ਹਮਾਇਤ ਨੂੰ ਵੱਡੇ ਪੱਧਰ ਉਤੇ ਖੋਰਾ ਲਾਇਆ ਹੈ। ਨਰੇਂਦਰ ਮੋਦੀ ਕਾਂਗਰਸ ਦੀ ਇਸੇ ਕਮਜ਼ੋਰੀ ਨੂੰ ਆਪਣੀ ਤਾਕਤ ਬਣਾਉਣ ਲਈ ਟਿੱਲ ਲਾ ਰਿਹਾ ਹੈ। ਉਂਜ ਉਸ ਦੀਆਂ ਹੁਣ ਤੱਕ ਦੀ ਚੋਣ ਸਰਗਰਮੀ ਤੋਂ ਇਹ ਤੱਥ ਵੀ ਸਪਸ਼ਟ ਹੋ ਗਿਅ ਹੈ ਕਿ ਉਸ ਦੇ ਕੋਲ ਵੀ ਕਹਿਣ ਲਈ ਕੁਝ ਨਹੀਂ ਹੈ। ਭਾਸ਼ਨਾਂ ਵਿਚ ਉਸ ਦਾ ਮੁੱਖ ਨਿਸ਼ਾਨਾ ਨਹਿਰੂ-ਗਾਂਧੀ ਟੱਬਰ ਹੀ ਹੁੰਦੇ ਹਨ। ਅਜਿਹੇ ਭਾਸ਼ਨਾਂ ਦੌਰਾਨ ਤਾੜੀਆਂ ਤਾਂ ਖੂਬ ਵੱਜ ਜਾਂਦੀਆਂ ਹਨ ਪਰ ਇਹ ਤਾੜੀਆਂ ਵੋਟਾਂ ਵਿਚ ਕਿੰਨਾ ਕੁ ਵਟਦੀਆਂ ਹਨ, ਇਹ ਸਮਾਂ ਹੀ ਦੱਸੇਗਾ। ਉਂਜ ਵੀ ਸਮਾਜ ਦਾ ਇਕ ਚੋਖਾ ਹਿੱਸਾ ਮੋਦੀ ਨੂੰ ਸਵੀਕਾਰ ਨਹੀਂ ਕਰ ਰਿਹਾ। ਦੂਜੇ ਬੰਨ੍ਹੇ ਅਮਰੀਕਾ ਵਿਚ ਵੀਜ਼ੇ ਬਾਰੇ ਹੋ ਰਹੇ ਤਿੱਖੇ ਵਿਰੋਧ ਨੇ ਵੀ ਮੋਦੀ ਨੂੰ ਕਸੂਤੀ ਹਾਲਤ ਵਿਚ ਫਸਾਇਆ ਹੋਇਆ ਹੈ। ਇਸ ਮਾਮਲੇ ‘ਤੇ ਉਸ ਨੂੰ ਬਹੁਤ ਨਮੋਸ਼ੀ ਝੱਲਣੀ ਪੈ ਰਹੀ ਹੈ ਅਤੇ ਫਿਲਹਾਲ ਅਮਰੀਕਾ ਵੀ ਇਸ ਮਾਮਲੇ ‘ਤੇ ਕੋਈ ਛੋਟ ਦੇਣ ਲਈ ਤਿਆਰ ਨਹੀਂ ਹੈ। ਅਮਰੀਕਾ ਦਾ ਮੰਨਣਾ ਹੈ ਕਿ ਮੋਦੀ ਨੇ ਧਾਰਮਿਕ ਆਜ਼ਾਦੀ ਦੇ ਹੱਕਾਂ ਉਤੇ ਆਰਾ ਫੇਰਿਆ ਹੈ, ਇਸ ਲਈ ਉਸ ਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ।
Leave a Reply