ਚੰਡੀਗੜ੍ਹ (ਪੰਜਾਬ ਟਾਈਮਜ਼ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਰਲੇਵੇਂ ਦੀਆਂ ਕਿਆਸਰਾਈਆਂ ਦਾ ਹਾਲ ਦੀ ਘੜੀ ਭੋਗ ਪੈ ਗਿਆ ਹੈ। ਸ਼ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਕਈ ਪਾਰਟੀਆਂ ਵੱਲੋਂ ਮਿਲ ਕੇ ਕਾਇਮ ਕੀਤੇ ਸਾਂਝਾ ਮੋਰਚੇ ਦਾ ਭਾਈਵਾਲ ਹੈ ਜਿਸ ਵਿਚ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ), ਸੀæਪੀæਐਮæ ਅਤੇ ਸੀæਪੀæਆਈæ ਸ਼ਾਮਲ ਹਨ। ਮੰਨਿਆ ਜਾ ਰਿਹਾ ਸੀ ਕਿ ਬਰਨਾਲਾ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਵਾਪਸੀ ਨਾਲ ਸਾਂਝੇ ਮੋਰਚੇ ਨੂੰ ਵੱਡਾ ਧੱਕਾ ਲੱਗ ਸਕਦਾ ਹੈ ਤੇ ਪੰਜਾਬ ਦੀ ਸਿਆਸਤ ਵਿਚ ਨਵੀਆਂ ਸਮੀਕਰਨਾਂ ਪੈਦਾ ਹੋ ਸਕਦੀਆਂ ਹਨ ਪਰ ਹਾਲ ਦੀ ਘੜੀ ਇਹ ਮਾਮਲਾ ਸ਼ਾਂਤ ਹੋ ਗਿਆ ਹੈ।
ਦੋਹਾਂ ਦਲਾਂ ਵੱਲੋਂ ਬੇਸ਼ੱਕ ਇਸ ਰਲੇਵੇਂ ਬਾਰੇ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਜਾ ਰਿਹਾ ਹੈ ਪਰ ਅੰਦਰਖਾਤੇ ਸੀਨੀਅਰ ਆਗੂ ਇਹ ਗੱਲ ਮੰਨਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਆਗੂ ਸੁਰਜੀਤ ਸਿੰਘ ਬਰਨਾਲਾ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਕਈ ਮੀਟਿੰਗਾਂ ਹੋਈਆਂ ਹਨ। ਬਰਨਾਲਾ ਪਰਿਵਾਰ ਪਿਛਲੇ ਸਮੇਂ ਤੋਂ ਅਲੱਗ-ਥਲੱਗ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਸ਼ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਖੱਬੇ ਪੱਖੀ ਧਿਰਾਂ ਨਾਲ ਮਿਲ ਕੇ ਕੁਝ ਨਵਾਂ ਕਰਨ ਲਈ ਹੱਲਾ ਮਾਰਿਆ ਸੀ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ।
ਭਰੋਸੇਯੋਗ ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਰਨਾਲਾ ਪਰਿਵਾਰ ਦੀ ਦਲ ਵਿਚ ਵਾਪਸੀ ਦਾ ਸਖ਼ਤ ਵਿਰੋਧ ਕੀਤੇ ਜਾਣ ਕਾਰਨ ਹੀ ਇਹ ਮਾਮਲਾ ਠੰਢੇ ਬਸਤੇ ਪਿਆ ਹੈ। ਢੀਂਡਸਾ ਪਰਿਵਾਰ ਦਾ ਬਰਨਾਲਾ ਇਲਾਕੇ ਵਿਚ ਪੂਰਾ ਦਬਦਬਾ ਹੈ ਤੇ ਉਹ ਕਿਸੇ ਵੀ ਕੀਮਤ ‘ਤੇ ਆਪਣੇ ਕਿਸੇ ਸਿਆਸੀ ਸ਼ਰੀਕ ਨੂੰ ਪੈਦਾ ਨਹੀਂ ਹੋਣ ਦੇਣਗੇ। ਇਹੋ ਕਾਰਨ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਲ ਦੀ ਘੜੀ ਇਸ ਮਾਮਲੇ ਬਾਰੇ ਚੁੱਪ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਬਜ਼ੁਰਗ ਸਿਆਸਤਦਾਨ ਅਤੇ ਕਈ ਸਾਲ ਰਾਜਪਾਲ ਦੀ ਕੁਰਸੀ ਦਾ ਨਿੱਘ ਮਾਣਨ ਵਾਲੇ ਸੁਰਜੀਤ ਸਿੰਘ ਬਰਨਾਲਾ ਦੇ ਨਜ਼ਦੀਕੀ ਰਹੇ ਕੁਝ ਅਕਾਲੀ ਆਗੂਆਂ ਨੇ ਬਰਨਾਲਾ ਪਰਿਵਾਰ ਦੀ ਅਕਾਲੀ ਦਲ ਵਿਚ ਵਾਪਸੀ ਲਈ ਸਰਗਰਮੀ ਵਿੱਢੀ ਸੀ। ਟਕਸਾਲੀ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਬਰਨਾਲਾ ਪਰਿਵਾਰ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਸਮੁੱਚੇ ਸਿੱਖ ਪੰਥ ਵਿਚ ਏਕਤਾ ਵਾਲੇ ਮਾਹੌਲ ਨੂੰ ਹੋਰ ਮਜ਼ਬੂਤੀ ਮਿਲੇਗੀ। ਪਾਰਟੀ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੁਰੂਆਤੀ ਦੌਰ ਵਿਚ ਅਜਿਹੇ ਵਿਚਾਰਾਂ ਵੱਲ ਕੋਈ ਬਹੁਤੀ ਤਵੱਜੋ ਨਹੀਂ ਸੀ ਦਿੱਤੀ।
ਮੋਗਾ ਦੀ ਉਪ ਚੋਣ ਸਮੇਂ ਵੀ ਕੁਝ ਆਗੂਆਂ ਨੇ ਗੈਰ-ਰਸਮੀ ਤੌਰ ‘ਤੇ ਅਜਿਹੀਆਂ ਗੱਲਾਂ ਪਾਰਟੀ ਲੀਡਰਸ਼ਿਪ ਦੇ ਕੰਨੀਂ ਪਾਉਣ ਦਾ ਯਤਨ ਕੀਤਾ ਸੀ। ਸੂਤਰਾਂ ਅਨੁਸਾਰ ਬਰਨਾਲਾ ਪਰਿਵਾਰ ਘਰ ਵਾਪਸੀ ਲਈ ਬੇਹੱਦ ਕਾਹਲਾ ਹੈ। ਉਨ੍ਹਾਂ ਦੀ ਅੱਖ ਮਲਕੀਅਤ ਸਿੰਘ ਕੀਤੂ ਦੇ ਕਤਲ ਤੋਂ ਬਾਅਦ ਖਾਲੀ ਪਏ ਬਰਨਾਲਾ ਵਿਧਾਨ ਸਭਾ ਹਲਕੇ ਉਪਰ ਹੈ। ਕੀਤੂ ਬਰਨਾਲਾ ਹਲਕੇ ਵਿਚ ਅਕਾਲੀ ਦਲ ਦੇ ਇੰਚਾਰਜ ਸਨ ਤੇ ਉਨ੍ਹਾਂ ਦੇ ਕਤਲ ਤੋਂ ਬਾਅਦ ਪਾਰਟੀ ਨੇ ਕਿਸੇ ਹੋਰ ਆਗੂ ਨੂੰ ਅਜੇ ਤੱਕ ਇੰਚਾਰਜ ਨਹੀਂ ਥਾਪਿਆ। ਸ਼ ਸੁਰਜੀਤ ਸਿੰਘ ਬਰਨਾਲਾ ਇਸ ਹਲਕੇ ਨੂੰ ਮੁੜ ਆਪਣੇ ਪਰਿਵਾਰ ਦੇ ਕਲਾਵੇ ਵਿਚ ਲਿਆਉਣਾ ਚਾਹੁੰਦੇ ਹਨ।
ਪਤਾ ਲੱਗਾ ਹੈ ਕਿ ਸ਼ ਸੁਖਦੇਵ ਸਿੰਘ ਢੀਂਡਸਾ ਨੇ ਬਰਨਾਲਾ ਪਰਿਵਾਰ ਦੇ ਅਜਿਹੇ ਯਤਨਾਂ ਨੂੰ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਦਿੱਤਾ ਸਗੋਂ ਉਲਟਾ ਸੁਲਾਹ-ਸਫ਼ਾਈ ਦੀ ਗੱਲ ਕਰਨ ਵਾਲੇ ਰਸੂਖਦਾਰ ਬੰਦਿਆਂ ਨੂੰ ਅਜਿਹੇ ਯਤਨ ਨਾ ਹੀ ਕਰਨ ਦੀ ਸਲਾਹ ਦਿੱਤੀ। ਸੰਗਰੂਰ ਜ਼ਿਲ੍ਹੇ ਵਿਚ ਬਰਨਾਲਾ ਤੇ ਢੀਂਡਸਾ ਵਿਚਕਾਰ ਸਿਆਸੀ ਸ਼ਰੀਕੇਬਾਜ਼ੀ ਕੋਈ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਸ਼ ਢੀਂਡਸਾ ਨੂੰ ਪਿੜ ਵਿਚੋਂ ਕੱਢਣ ਲਈ ਬਰਨਾਲਾ ਧੜੇ ਵੱਲੋਂ ਅਨੇਕ ਯਤਨ ਕੀਤੇ ਜਾਂਦੇ ਰਹੇ ਹਨ।
ਪਤਾ ਲੱਗਾ ਹੈ ਕਿ ਪਿਛਲੇ ਦਿਨਾਂ ਵਿਚ ਸ਼ ਬਾਦਲ ਤੇ ਸ਼ ਸੁਖਬੀਰ ਸਿੰਘ ਨੇ ਵੀ ਬਰਨਾਲਾ ਪਰਿਵਾਰ ਨੂੰ ਵਾਪਸ ਲਿਆਉਣ ਵਾਲਿਆਂ ਨੂੰ ਸ਼ ਢੀਂਡਸਾ ਨਾਲ ਹੀ ਗੱਲ ਕਰਨ ਦੀ ਸਲਾਹ ਦਿੱਤੀ ਸੀ ਪਰ ਸ਼ ਢੀਂਡਸਾ ਕਿਸੇ ਵੀ ਤਰ੍ਹਾਂ ਇਸ ਤਜਵੀਜ਼ ਨੂੰ ਪ੍ਰਵਾਨ ਕਰਨ ਲਈ ਫਿਲਹਾਲ ਤਿਆਰ ਨਹੀਂ। ਸ਼ ਢੀਂਡਸਾ ਦੇ ਦੋ-ਟੁੱਕ ਜਵਾਬ ਬਾਅਦ ਏਕਤਾ ਦੇ ਚਾਹਵਾਨ ਢਿੱਲੇ ਪੈ ਗਏ ਹਨ।
Leave a Reply