ਸਿਮਰਨਜੀਤ ਕੌਰ
ਜਦੋਂ ਵੀ ਅਸੀਂ ਭਾਰਤ ਦੀ ਗੱਲ ਕਰਦੇ ਹਾਂ, ਤਾਂ ਅਸੀਂ ਉਸ ਦੇ ਸ਼ਹਿਰਾਂ, ਉਸ ਦੀਆਂ ਸੜਕਾਂ, ਉਸ ਦੀਆਂ ਵੱਡੀਆਂ ਇਮਾਰਤਾਂ ਦੀ ਗੱਲ ਕਰਦੇ ਹਾਂ, ਪਰ ਭਾਰਤ ਦੀ ਅਸਲੀ ਆਤਮਾ ਉਸ ਦੇ ਜੰਗਲਾਂ ਵਿਚ ਵਸਦੀ ਹੈ, ਉਸ ਦੇ ਪਹਾੜਾਂ ਵਿਚ ਵਸਦੀ ਹੈ ਅਤੇ ਉਨ੍ਹਾਂ ਲੋਕਾਂ ਵਿਚ ਵਸਦੀ ਹੈ, ਜਿਨ੍ਹਾਂ ਨੂੰ ਅਸੀਂ ਆਦਿਵਾਸੀ ਕਹਿੰਦੇ ਹਾਂ।
ਆਦਿਵਾਸੀ ਦਾ ਮਤਲਬ ਹੈ – ਆਦਿ ਤੋਂ ਵੱਸਣ ਵਾਲੇ। ਭਾਵ, ਇਸ ਧਰਤੀ ਦੇ ਸਭ ਤੋਂ ਪਹਿਲੇ ਵਾਸੀ। ਜਦੋਂ ਸ਼ਹਿਰ ਨਹੀਂ ਸਨ, ਸੜਕਾਂ ਨਹੀਂ ਸਨ, ਤਦੋਂ ਵੀ ਇਹ ਲੋਕ ਸਨ। ਇਹ ਲੋਕ ਜੰਗਲ ਦੇ ਰਾਖੇ ਨੇ। ਇਨ੍ਹਾਂ ਨੇ ਸਦੀਆਂ ਤੋਂ ਜੰਗਲ ਨੂੰ, ਨਦੀਆਂ ਨੂੰ ਬਚਾਇਆ ਹੈ ਅਤੇ ਇਸ ਧਰਤੀ ਨੂੰ ਬਚਾਇਆ ਹੈ, ਪਰ ਅੱਜ ਸਵਾਲ ਇਹ ਹੈ ਕਿ ਜਿਨ੍ਹਾਂ ਜੰਗਲ ਨੂੰ ਬਚਾਇਆ, ਅੱਜ ਉਹੀ ਜੰਗਲ ਤੋਂ ਬੇਘਰ ਕਿਉਂ ਹੋ ਰਹੇ ਨੇ? ਜਿਨ੍ਹਾਂ ਦੀ ਜ਼ਮੀਨ ‘ਤੇ ਖਾਣਾਂ ਨਿਕਲੀਆਂ, ਡੈਮ ਬਣੇ, ਫੈਕਟਰੀਆਂ ਲੱਗੀਆਂ, ਅੱਜ ਉਹੀ ਲੋਕ ਗਰੀਬ ਕਿਉਂ ਨੇ? ਇਹੀ ਆਦਿਵਾਸੀਆਂ ਦੀ ਲੜਾਈ ਹੈ।
ਕੌਣ ਨੇ ਆਦਿਵਾਸੀ?
ਭਾਰਤ ਵਿਚ ਕਰੀਬ 10 ਕਰੋੜ ਤੋਂ ਵੱਧ ਆਦਿਵਾਸੀ ਲੋਕ ਰਹਿੰਦੇ ਨੇ। ਇਨ੍ਹਾਂ ਨੂੰ ਸੰਵਿਧਾਨ ਵਿਚ ਅਨੁਸੂਚਿਤ ਜਨਜਾਤੀ ਕਿਹਾ ਜਾਂਦਾ ਹੈ। ਝਾਰਖੰਡ, ਛੱਤੀਸਗੜ, ਓਡੀਸ਼ਾ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਪੱਛਮੀ ਬੰਗਾਲ, ਅਸਾਮ ਅਤੇ ਪੂਰਬੀ ਭਾਰਤ ਦੇ ਰਾਜਾਂ ਵਿਚ ਇਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਹੈ। ਪੰਜਾਬ ਵਿਚ ਵੀ ਕਈ ਜਨਜਾਤੀਆਂ ਅਤੇ ਘੁੰਮਣ ਵਾਲੇ ਕਬੀਲੇ ਰਹਿੰਦੇ ਨੇ, ਜਿਨ੍ਹਾਂ ਦਾ ਆਪਣਾ ਸੱਭਿਆਚਾਰ, ਆਪਣੀ ਬੋਲੀ ਅਤੇ ਆਪਣੀਆਂ ਰਸਮਾਂ ਨੇ। ਹਰ ਆਦਿਵਾਸੀ ਭਾਈਚਾਰੇ ਦੀ ਆਪਣੀ ਪਛਾਣ ਹੈ – ਕੋਈ ਗੋਂਡ ਹੈ, ਕੋਈ ਸੰਥਾਲ, ਕੋਈ ਭੀਲ, ਕੋਈ ਮੁੰਡਾ, ਕੋਈ ਓਰਾਂਵ ਹੈ, ਪਰ ਸਭ ਦਾ ਇੱਕ ਸੁਨੇਹਾ ਹੈ – ਕੁਦਰਤ ਨਾਲ ਪਿਆਰ ਕਰੋ, ਕੁਦਰਤ ਨੂੰ ਬਚਾਓ। ਆਦਿਵਾਸੀ ਲੋਕ ਜੰਗਲ ਨੂੰ ਆਪਣੀ ਮਾਂ ਸਮਝਦੇ ਨੇ। ਉਹ ਜੰਗਲ ਤੋਂ ਲੱਕੜ ਨਹੀਂ ਕੱਟਦੇ, ਉਹ ਜੰਗਲ ਤੋਂ ਸਿਰਫ਼ ਓਨਾ ਹੀ ਲੈਂਦੇ ਨੇ ਜਿੰਨੀ ਉਨ੍ਹਾਂ ਨੂੰ ਜ਼ਰੂਰਤ ਹੈ। ਉਹ ਜਾਣਦੇ ਨੇ ਕਿ ਜੇ ਜੰਗਲ ਰਹੇਗਾ ਤਾਂ ਅਸੀਂ ਰਹਾਂਗੇ, ਜੇ ਨਦੀ ਰਹੇਗੀ ਤਾਂ ਜੀਵਨ ਰਹੇਗਾ।
ਲੜਾਈ ਕਿਸ ਗੱਲ ਦੀ ਹੈ? – 3 ਸ਼ਬਦ, 3 ਜ਼ਿੰਦਗੀਆਂ
ਆਦਿਵਾਸੀਆਂ ਦੀ ਲੜਾਈ ਕਿਸੇ ਇੱਕ ਚੀਜ਼ ਦੀ ਨਹੀਂ, ਤਿੰਨ ਚੀਜ਼ਾਂ ਦੀ ਹੈ – ਜਲ, ਜੰਗਲ, ਜ਼ਮੀਨ।
1. ਜ਼ਮੀਨ ਦੀ ਲੜਾਈ
ਆਦਿਵਾਸੀਆਂ ਦੀ ਸਭ ਤੋਂ ਵੱਡੀ ਲੜਾਈ ਜ਼ਮੀਨ ਦੀ ਹੈ। ਸਦੀਆਂ ਤੋਂ ਇਹ ਲੋਕ ਜਿਸ ਜ਼ਮੀਨ `ਤੇ ਰਹਿੰਦੇ ਆਏ ਨੇ, ਉਸ ਜ਼ਮੀਨ ਦੇ ਕਾਗਜ਼ ਉਨ੍ਹਾਂ ਕੋਲ ਨਹੀਂ ਨੇ। ਜਦੋਂ ਸਰਕਾਰ ਵੱਡੇ ਪ੍ਰੋਜੈਕਟ ਬਣਾਉਂਦੀ ਹੈ – ਡੈਮ, ਸੜਕਾਂ, ਖਾਣਾ, ਫੈਕਟਰੀਆਂ, ਤਾਂ ਸਭ ਤੋਂ ਪਹਿਲਾਂ ਆਦਿਵਾਸੀਆਂ ਦੀ ਜ਼ਮੀਨ ਜਾਂਦੀ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕਿਤੇ ਹੋਰ ਜਾ ਕੇ ਵੱਸ ਜਾਓ, ਪਰ ਜਿਸ ਦੀ ਜੜ੍ਹ ਹੀ ਜ਼ਮੀਨ ਨਾਲ ਜੁੜੀ ਹੋਵੇ, ਉਹ ਕਿਤੇ ਹੋਰ ਜਾ ਕੇ ਕਿਵੇਂ ਜੀਵੇਗਾ?
2. ਜੰਗਲ ਦੀ ਲੜਾਈ
ਜੰਗਲ ਆਦਿਵਾਸੀਆਂ ਦਾ ਘਰ ਹੈ, ਉਨ੍ਹਾਂ ਦੀ ਦੁਕਾਨ ਹੈ, ਉਨ੍ਹਾਂ ਦਾ ਹਸਪਤਾਲ ਹੈ। ਜੰਗਲ ਤੋਂ ਉਨ੍ਹਾਂ ਨੂੰ ਮਹੂਆ, ਤੇਂਦੂ ਪੱਤਾ, ਸ਼ਹਿਦ, ਜੜੀਆਂ-ਬੂਟੀਆਂ ਮਿਲਦੀਆਂ ਨੇ। ਜਦੋਂ ਜੰਗਲ ਕੱਟਿਆ ਜਾਂਦਾ ਹੈ ਤਾਂ ਉਨ੍ਹਾਂ ਦੀ ਰੋਜ਼ੀ-ਰੋਟੀ ਖਤਮ ਹੋ ਜਾਂਦੀ ਹੈ। ਉਹ ਕਹਿੰਦੇ ਨੇ, ਜੰਗਲ ਕੱਟ ਕੇ ਤੁਸੀਂ ਸ਼ਹਿਰ ਤਾਂ ਬਣਾ ਲਓਗੇ, ਪਰ ਸਾਹ ਕਿੱਥੋਂ ਲਓਗੇ?
3. ਜਲ ਦੀ ਲੜਾਈ
ਨਦੀਆਂ, ਤਲਾਬ, ਝਰਨੇ – ਇਹ ਆਦਿਵਾਸੀਆਂ ਦੀ ਜ਼ਿੰਦਗੀ ਨੇ। ਜਦੋਂ ਨਦੀ ‘ਤੇ ਵੱਡਾ ਡੈਮ ਬਣਦਾ ਹੈ ਤਾਂ ਪੂਰੇ-ਪੂਰੇ ਪਿੰਡ ਪਾਣੀ ਵਿਚ ਡੁੱਬ ਜਾਂਦੇ ਨੇ। ਲੋਕਾਂ ਨੂੰ ਆਪਣੇ ਪੁਰਖਿਆਂ ਦੀਆਂ ਕਬਰਾਂ, ਆਪਣੇ ਦੇਵੀ-ਦੇਵਤਿਆਂ ਦੇ ਸਥਾਨ ਛੱਡ ਕੇ ਜਾਣਾ ਪੈਂਦਾ ਹੈ। ਇਹ ਦਰਦ ਸਿਰਫ਼ ਉਹੀ ਸਮਝ ਸਕਦਾ ਹੈ, ਜਿਸ ਨੇ ਆਪਣਾ ਘਰ ਛੱਡਿਆ ਹੋਵੇ।
ਇਤਿਹਾਸ ਕੀ ਕਹਿੰਦਾ ਹੈ?
ਆਦਿਵਾਸੀਆਂ ਦੀ ਲੜਾਈ ਨਵੀਂ ਨਹੀਂ, ਸੈਂਕੜੇ ਸਾਲ ਪੁਰਾਣੀ ਹੈ। ਅੰਗਰੇਜ਼ਾਂ ਦੇ ਸਮੇਂ ਤੋਂ ਹੀ ਇਹ ਲੜਾਈ ਚੱਲ ਰਹੀ ਹੈ। ਬਿਰਸਾ ਮੁੰਡਾ, ਜਿਨ੍ਹਾਂ ਨੂੰ ਲੋਕ ਧਰਤੀ ਆਬਾ ਕਹਿੰਦੇ ਨੇ, ਉਨ੍ਹਾਂ ਅੰਗਰੇਜ਼ਾਂ ਖਿਲਾਫ਼ ਜੰਗਲ ਅਤੇ ਜ਼ਮੀਨ ਬਚਾਉਣ ਲਈ ਲੜਾਈ ਲੜੀ ਸੀ। ਸਿੱਧੂ-ਕਾਨੂ, ਤਿਲਕਾ ਮਾਂਝੀ, ਰਾਣੀ ਗਾਇਦਿਨਲਿਊ ਵਰਗੇ ਅਨੇਕਾਂ ਵੀਰਾਂ ਨੇ ਆਪਣੀ ਜ਼ਮੀਨ ਲਈ ਆਪਣੀ ਜਾਨ ਦਿੱਤੀ। ਆਜ਼ਾਦੀ ਤੋਂ ਬਾਅਦ ਭਾਰਤ ਦੇ ਸੰਵਿਧਾਨ ਵਿਚ ਆਦਿਵਾਸੀਆਂ ਦੇ ਹੱਕਾਂ ਨੂੰ ਬਚਾਉਣ ਲਈ ਖਾਸ ਕਾਨੂੰਨ ਬਣਾਏ ਗਏ। ਪੰਜਵੀਂ ਅਤੇ ਛੇਵੀਂ ਅਨੁਸੂਚੀ, ਪੇਸਾ ਕਾਨੂੰਨ, ਵਣ ਅਧਿਕਾਰ ਕਾਨੂੰਨ – ਇਹ ਸਭ ਆਦਿਵਾਸੀਆਂ ਨੂੰ ਉਨ੍ਹਾਂ ਦੇ ਜੰਗਲ ਅਤੇ ਜ਼ਮੀਨ ਦਾ ਹੱਕ ਦੇਣ ਲਈ ਬਣਾਏ ਗਏ, ਪਰ ਜ਼ਮੀਨੀ ਹਕੀਕਤ ਅੱਜ ਵੀ ਵੱਖਰੀ ਹੈ। ਕਾਗਜ਼ਾਂ ਤੇ ਹੱਕ ਨੇ, ਪਰ ਜ਼ਮੀਨ ‘ਤੇ ਲੜਾਈ ਅੱਜ ਵੀ ਜਾਰੀ ਹੈ।
ਪੰਜਾਬ ਦਾ ਕੀ ਸੰਬੰਧ ਹੈ?
ਲੋਕ ਸੋਚਦੇ ਨੇ ਕਿ ਆਦਿਵਾਸੀਆਂ ਦੀ ਲੜਾਈ ਸਿਰਫ਼ ਝਾਰਖੰਡ ਜਾਂ ਛੱਤੀਸਗੜ੍ਹ ਦੀ ਹੈ, ਪਰ ਇਹ ਸੱਚ ਨਹੀਂ। ਇਹ ਪੂਰੇ ਭਾਰਤ ਦੀ ਲੜਾਈ ਹੈ, ਪੰਜਾਬ ਦੀ ਵੀ ਹੈ। ਪੰਜਾਬ ਦੇ ਕਿਸਾਨ ਵੀ ਤਾਂ ਆਪਣੀ ਜ਼ਮੀਨ ਅਤੇ ਪਾਣੀ ਲਈ ਲੜਦੇ ਨੇ। ਪੰਜਾਬ ਦਾ ਕਿਸਾਨ ਵੀ ਕਹਿੰਦਾ ਹੈ ਕਿ ਮੇਰੀ ਜ਼ਮੀਨ ਮੇਰੀ ਮਾਂ ਹੈ। ਆਦਿਵਾਸੀ ਵੀ ਇਹੀ ਕਹਿੰਦਾ ਹੈ। ਫਰਕ ਸਿਰਫ਼ ਏਨਾ ਹੈ ਕਿ ਕਿਸਾਨ ਖੇਤ ਵਿਚ ਲੜਦਾ ਹੈ, ਆਦਿਵਾਸੀ ਜੰਗਲ ਵਿਚ ਲੜਦਾ ਹੈ। ਦੋਹਾਂ ਦੀ ਲੜਾਈ ਇੱਕ ਹੈ – ਆਪਣੀ ਮਿੱਟੀ ਨੂੰ ਬਚਾਉਣ ਦੀ ਲੜਾਈ। ਪੰਜਾਬ ਦੇ ਲੋਕ ਹਮੇਸ਼ਾ ਮਜ਼ਲੂਮਾਂ ਦੇ ਨਾਲ ਖੜ੍ਹੇ ਹੋਏ ਨੇ। ਗੁਰੂ ਸਾਹਿਬਾਨ ਨੇ ਵੀ ਹਮੇਸ਼ਾ ਕਮਜ਼ੋਰਾਂ ਦਾ ਸਾਥ ਦਿੱਤਾ ਹੈ। ਇਸ ਲਈ ਪੰਜਾਬ ਤੋਂ ਆਦਿਵਾਸੀਆਂ ਦੀ ਲੜਾਈ ਨੂੰ ਸਮਝਣਾ ਬਹੁਤ ਜ਼ਰੂਰੀ ਹੈ।
ਅੱਜ ਦੀ ਲੜਾਈ ਕਿਵੇਂ ਲੜੀ ਜਾ ਰਹੀ ਹੈ?
ਅੱਜ ਦੀ ਲੜਾਈ ਬੰਦੂਕ ਦੀ ਨਹੀਂ, ਕਲਮ ਦੀ ਹੈ, ਕਾਨੂੰਨ ਦੀ ਹੈ ਅਤੇ ਆਵਾਜ਼ ਦੀ ਹੈ।
ਅੱਜ ਆਦਿਵਾਸੀ ਨੌਜਵਾਨ ਪੜ੍ਹ-ਲਿਖ ਕੇ ਆਪਣੇ ਹੱਕਾਂ ਲਈ ਅਦਾਲਤ ਵਿਚ ਲੜ ਰਹੇ ਨੇ। ਉਹ ਸੋਸ਼ਲ ਮੀਡੀਆ ‘ਤੇ ਆਪਣੀ ਗੱਲ ਰੱਖ ਰਹੇ ਨੇ। ਉਹ ਕਹਿੰਦੇ ਨੇ, ਸਾਨੂੰ ਭੀਖ ਨਹੀਂ ਚਾਹੀਦੀ, ਸਾਨੂੰ ਸਾਡਾ ਹੱਕ ਚਾਹੀਦਾ ਹੈ। ਸਾਨੂੰ ਵਿਕਾਸ ਚਾਹੀਦਾ ਹੈ, ਪਰ ਉਹ ਵਿਕਾਸ ਜੋ ਸਾਡੇ ਜੰਗਲ ਨੂੰ ਉਜਾੜ ਕੇ ਨਾ ਆਵੇ। ਕਈ ਥਾਵਾਂ ‘ਤੇ ਆਦਿਵਾਸੀ ਔਰਤਾਂ ਨੇ ਇਸ ਲੜਾਈ ਦੀ ਅਗਵਾਈ ਕੀਤੀ ਹੈ। ਉਨ੍ਹਾਂ ਜੰਗਲ ਬਚਾਉਣ ਲਈ ਰੁੱਖਾਂ ਨੂੰ ਗਲੇ ਲਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਰੁੱਖ ਕੱਟੇਗਾ ਤਾਂ ਪਹਿਲਾਂ ਸਾਨੂੰ ਕੱਟਣਾ ਪਵੇਗਾ। ਆਦਿਵਾਸੀਆਂ ਦੀ ਲੜਾਈ ਹੁਣ ਸਿਰਫ਼ ਇਤਿਹਾਸ ਨਹੀਂ ਰਹੀ, ਇਹ ਹੁਣ ਹਰ ਰੋਜ਼ ਦੀ ਖ਼ਬਰ ਬਣ ਗਈ ਹੈ। ਪਿਛਲੇ 2-3 ਦਿਨਾਂ ਵਿਚ ਹੀ ਭਾਰਤ ਦੇ 4-5 ਰਾਜਾਂ ਵਿਚ ਵੱਡੇ ਪ੍ਰਦਰਸ਼ਨ ਹੋਏ ਨੇ।
1. ਸਿਆਂਗ ਡੈਮ ਖਿਲਾਫ਼ ਵੱਡਾ ਵਿਰੋਧ – ਅਰੁਣਾਚਲ ਪ੍ਰਦੇਸ਼
ਸਭ ਤੋਂ ਵੱਡੀ ਖ਼ਬਰ ਅਰੁਣਾਚਲ ਪ੍ਰਦੇਸ਼ ਤੋਂ ਆ ਰਹੀ ਹੈ। ਉੱਥੇ 11,000 ਮੈਗਾਵਾਟ ਸਿਆਂਗ ਅੱਪਰ ਡੈਮ ਬਣਾਉਣ ਦੀ ਤਿਆਰੀ ਹੋ ਰਹੀ ਹੈ। ਸਥਾਨਕ ਆਦਿ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਡੈਮ ਨਾਲ ਉਨ੍ਹਾਂ ਦੀ ਪੂਰੀ ਘਾਟੀ, ਉਨ੍ਹਾਂ ਦੀ ਜ਼ਮੀਨ ਅਤੇ ਉਨ੍ਹਾਂ ਦਾ ਸੱਭਿਆਚਾਰ ਡੁੱਬ ਜਾਵੇਗਾ।
9 ਨਵੰਬਰ ਨੂੰ 544 ਵਿਗਿਆਨੀਆਂ, ਖੋਜਕਰਤਾਵਾਂ ਨੇ ਇਕੱਠੇ ਹੋ ਕੇ ਇਸ ਡੈਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਪ੍ਰੋਜੈਕਟ ਰੋਕਿਆ ਜਾਵੇ, ਗ੍ਰਿਫ਼ਤਾਰ ਕੀਤੇ ਲੋਕਾਂ ਨੂੰ ਛੱਡਿਆ ਜਾਵੇ ਅਤੇ ਫ਼ੌਜ ਹਟਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਉਨ੍ਹਾਂ ਦੀ ਸਹਿਮਤੀ ਤੋਂ ਡੈਮ ਨਹੀਂ ਬਣਨਾ ਚਾਹੀਦਾ।
ਇਸੇ ਦੇ ਨਾਲ ਦਿਬਾਂਗ ਘਾਟੀ ਵਿਚ ਵੀ ਲੋਕਾਂ ਨੇ ‘ਐੱਨਐੱਚਪੀਸੀ ਗੋ ਬੈਕ’ ਦੇ ਨਾਅਰੇ ਲਾਏ ਨੇ। ਰੋਇੰਗ ਵਿਚ 2 ਕਿਲੋਮੀਟਰ ਲੰਮੀ ਰੈਲੀ ਕੱਢੀ ਗਈ।
2. ਟੋਰਸਾ ਚਾਹ ਬਾਗ਼ – 100 ਦਿਨਾਂ ਦਾ ਧਰਨਾ, ਪੁਲਸ ਨੇ ਤੋੜਿਆ
ਪੱਛਮੀ ਬੰਗਾਲ ਦੇ ਅਲੀਪੁਰਦੁਆਰ ਜ਼ਿਲ੍ਹੇ ਵਿਚ ਟੋਰਸਾ ਚਾਹ ਬਾਗ਼ ਦੇ ਆਦਿਵਾਸੀ ਅਤੇ ਗੋਰਖਾ ਪਰਵਾਰ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਧਰਨੇ ਤੇ ਬੈਠੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜੈਗਾਂਵ ਲੈਂਡ ਪੋਰਟ ਬਣਾਉਣ ਲਈ ਉਨ੍ਹਾਂ ਦੀ ਜ਼ਮੀਨ ਖੋਹੀ ਜਾ ਰਹੀ ਹੈ।
2 ਨਵੰਬਰ ਨੂੰ ਪੁਲਸ ਨੇ ਉਨ੍ਹਾਂ ਦੀ ਧਰਨਾ ਵਾਲੀ ਜਗ੍ਹਾ ਢਾਹ ਦਿੱਤੀ ਅਤੇ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਵਿਚ 4 ਆਦਿਵਾਸੀ ਔਰਤਾਂ ਵੀ ਸਨ। ਬਾਅਦ ਵਿਚ 7 ਨਵੰਬਰ ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲੀ। ਹੁਣ ਕਲਕੱਤਾ ਹਾਈ ਕੋਰਟ ਨੇ 6 ਨਵੰਬਰ ਨੂੰ ਕਿਹਾ ਹੈ ਕਿ ਬਿਨਾਂ ਕਾਨੂੰਨੀ ਪ੍ਰਕਿਰਿਆ ਤੋਂ ਕਿਸੇ ਨੂੰ ਨਾ ਕੱਢਿਆ ਜਾਵੇ।
ਝਾਰਖੰਡ -ਨਿਸ਼ਾ ਭਗਤ ਦੀ ਮੌਤ ‘ਤੇ ਹੰਗਾਮਾ
ਝਾਰਖੰਡ ਵਿਚ ਆਦਿਵਾਸੀ ਕਾਰਕੁਨ ਨਿਸ਼ਾ ਭਗਤ ਦੀ ਮੌਤ ਤੋਂ ਬਾਅਦ ਵੱਡਾ ਹੰਗਾਮਾ ਹੋਇਆ। ਉਹ ਜਲ-ਜੰਗਲ-ਜ਼ਮੀਨ ਅਤੇ ਸਰਨਾ ਧਰਮ ਕੋਡ ਲਈ ਲੜ ਰਹੀ ਸੀ। ਉਸ ਦੀ ਮੌਤ ਤੋਂ ਬਾਅਦ ਝਾਰਖੰਡ ਵਿਚ 18 ਨਵੰਬਰ ਨੂੰ 5 ਜ਼ਿਲਿ੍ਹਆਂ – ਰਾਂਚੀ, ਲੋਹਰਦਗਾ, ਗੁਮਲਾ, ਖੂੰਟੀ, ਸਿਮਡੇਗਾ ਵਿਚ ਬੰਦ ਦੀ ਕਾਲ ਦਿੱਤੀ ਗਈ ਹੈ। 10 ਨਵੰਬਰ ਨੂੰ ਮਸ਼ਾਲ ਮਾਰਚ, 11 ਨਵੰਬਰ ਨੂੰ ਔਰਤਾਂ ਦਾ ਕੈਂਡਲ ਮਾਰਚ ਹੋਇਆ।
4. ਮਹਾਰਾਸ਼ਟਰ-ਛੱਤੀਸਗੜ੍ਹ – 30 ਤੋਂ ਵੱਧ ਧਰਨੇ ਚੱਲ ਰਹੇ ਨੇ
ਮਹਾਰਾਸ਼ਟਰ ਦੇ ਗੜ੍ਹਚਿਰੋਲੀ ਵਿਚ 70 ਦਿਨਾਂ ਤੋਂ ਲੋਕ ਸੜਕ ਬਣਾਉਣ ਦਾ ਵਿਰੋਧ ਕਰ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੜਕ ਮਾਈਨਿੰਗ ਲਈ ਬਣਾਈ ਜਾ ਰਹੀ ਹੈ। 70 ਪਿੰਡਾਂ ਦੇ ਲੋਕਾਂ ਨੇ ਕਿਹਾ ਹੈ ਕਿ ਬਿਨਾਂ ਗ੍ਰਾਮ ਸਭਾ ਦੀ ਸਹਿਮਤੀ ਤੋਂ ਕੰਮ ਨਹੀਂ ਹੋਣਾ ਚਾਹੀਦਾ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਬਸਤਰ ਵਿਚ ਵੀ ਵੱਖ-ਵੱਖ ਥਾਵਾਂ ‘ਤੇ ਧਰਨੇ ਚੱਲ ਰਹੇ ਨੇ।
5. ਪੁਰੂਲੀਆ – ਲੱਖਾਂ ਲੋਕ ਇਕੱਠੇ ਹੋਏ
3 ਨਵੰਬਰ ਨੂੰ ਪੱਛਮੀ ਬੰਗਾਲ ਦੇ ਪੁਰੂਲੀਆ ਵਿਚ ਅਦਿਵਾਸੀ ਮਹਾ ਸਮਾਵੇਸ਼ ਹੋਇਆ, ਜਿੱਥੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਮੰਗ ਕੀਤੀ ਕਿ ਫਰਜ਼ੀ ਐੱਸ.ਟੀ. ਸਰਟੀਫਿਕੇਟ ਬੰਦ ਹੋਣ, ਗੈਰ-ਕਾਨੂੰਨੀ ਮਾਈਨਿੰਗ ਰੋਕੀ ਜਾਵੇ ਅਤੇ ਪੇਸਾ ਕਾਨੂੰਨ ਸਖ਼ਤੀ ਨਾਲ ਲਾਗੂ ਹੋਵੇ।
ਆਦਿਵਾਸੀਆਂ ਦੀ ਲੜਾਈ ਸਿਰਫ਼ ਉਨ੍ਹਾਂ ਦੀ ਲੜਾਈ ਨਹੀਂ, ਇਹ ਸਾਡੀ ਸਭ ਦੀ ਲੜਾਈ ਹੈ। ਜੋ ਅੱਜ ਜੰਗਲ ਖਤਮ ਹੋ ਗਿਆ, ਤਾਂ ਕੱਲ੍ਹ ਸਾਡੇ ਬੱਚਿਆਂ ਨੂੰ ਸਾਹ ਲੈਣ ਲਈ ਸ਼ੁੱਧ ਹਵਾ ਕਿੱਥੋਂ ਮਿਲੇਗੀ? ਜੇ ਅੱਜ ਨਦੀਆਂ ਸੁੱਕ ਗਈਆਂ, ਤਾਂ ਕੱਲ੍ਹ ਪੰਜਾਬ ਦੇ ਖੇਤਾਂ ਨੂੰ ਪਾਣੀ ਕਿੱਥੋਂ ਮਿਲੇਗਾ?
ਇਸ ਲਈ ਸਾਨੂੰ ਆਦਿਵਾਸੀਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਉਨ੍ਹਾਂ ਦੀ ਇੱਜ਼ਤ ਕਰਨੀ ਪਵੇਗੀ, ਉਨ੍ਹਾਂ ਦੇ ਹੱਕਾਂ ਨੂੰ ਸਮਝਣਾ ਪਵੇਗਾ।
ਫੋਨ: 81468-03942
