ਪ੍ਰਿੰ. ਸਰਵਣ ਸਿੰਘ
ਹਰਮਨਪ੍ਰੀਤ ਸਿੰਘ ਦਾ ਨਿੱਕਾ ਨਾਂ ਹਰਮਨ ਹੈ ਤੇ ਵੱਡਾ ਨਾਂ ਸਰਪੰਚ। ਹਾਕੀ ਦਾ ਸਰਪੰਚ ਹਰਮਨਪ੍ਰੀਤ ਸਿੰਘ ਹੁਣ ਹਾਕੀ ਦਾ ਰੁਸਤਮੇ ਹਿੰਦ ਹੀ ਨਹੀਂ, ਰੁਸਤਮੇ ਜ਼ਮਾਂ ਹੈ। ਸੰਸਾਰ ਦਾ ਸਰਬੋਤਮ ਹਾਕੀ ਖਿਡਾਰੀ। ਉਸ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਨੇ ਜਲੰਧਰ ਤੇ ਮੁਹਾਲੀ `ਚ ਹੁਣੇ ਹੋਈ ਏਸ਼ੀਅਨ ਚੈਂਪੀਅਨਜ਼ ਚੈਂਪੀਅਨਸ਼ਿਪ ਬੜੀ ਸ਼ਾਨ ਨਾਲ ਜਿੱਤੀ ਹੈ।
ਹਰਮਨਪ੍ਰੀਤ ਨੇ ਪਹਿਲਾਂ ਵਾਂਗ ਹੀ ਸਭ ਤੋਂ ਵੱਧ 10 ਗੋਲ ਕੀਤੇ ਹਨ। ਇਸ ਵੇਲੇ ਉਸ ਦੀ ਗੁੱਡੀ ਅਸਮਾਨੀਂ ਚੜ੍ਹੀ ਹੋਈ ਹੈ। ਉਸ ਨੇ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ, ਕਾਮਨਵੈਲਥ ਖੇਡਾਂ, ਵਿਸ਼ਵ ਚੈਂਪੀਅਨਜ਼ ਟਰਾਫੀ, ਏਸ਼ੀਆ ਚੈਂਪੀਅਨਜ਼ ਟਰਾਫੀ, ਏਸ਼ੀਆ ਕੱਪ, ਜੂਨੀਅਰ ਵਿਸ਼ਵ ਕੱਪ, ਮਲੇਸ਼ੀਆ ਦਾ ਸੁਲਤਾਨ ਆਫ਼ ਜੋਹੋਰ ਕੱਪ, ਕੌਮੀ ਤੇ ਹੋਰ ਕੌਮਾਂਤਰੀ ਕੱਪ, ਗੱਲ ਕੀ ਅਨੇਕ ਰਾਸ਼ਟਰੀ ਤੇ ਅੰਤਰਰਾਸ਼ਟਰੀ ਲੀਗਾਂ ਦੇ ਕੱਪ ਅਤੇ ਮੈਡਲ ਜਿੱਤੇ ਹਨ। ਜੇ ਇਹ ਕਿਹਾ ਲਿਆ ਜਾਵੇ ਕਿ ਉਸ ਨੇ ਮੈਡਲਾਂ, ਕੱਪਾਂ ਤੇ ਟਰਾਫੀਆਂ ਦਾ ਬੋਹਲ ਲਾ ਦਿੱਤਾ ਹੈ ਤਾਂ ਕੋਈ ਅਤਿਕਥਨੀ ਨਹੀਂ। ਉਸ ਨੂੰ ਐੱਫ.ਆਈ.ਐੱਚ ਵੱਲੋਂ ਤਿੰਨ ਵਾਰ ਵਿਸ਼ਵ ਦਾ ਸਰਬੋਤਮ ਹਾਕੀ ਖਿਡਾਰੀ ਐਲਾਨਿਆ ਜਾ ਚੁੱਕੈ। ਇਸ ਵੇਲੇ ਬਿਨਾਂ ਸ਼ੱਕ ਉਹ ਵਿਸ਼ਵ ਦਾ ਹਾਕੀ ਸਰਪੰਚ ਹੈ।
ਉਸ ਨੇ ਕੌਮਾਂਤਰੀ ਹਾਕੀ ਮੁਕਾਬਲਿਆਂ ਦੇ ਮੈਚਾਂ `ਚ 250 ਗੋਲ ਕੀਤੇ ਹਨ ਜੋ ਕਿਸੇ ਭਾਰਤੀ ਖਿਡਾਰੀ ਦਾ ਨਵਾਂ ਰਿਕਾਰਡ ਹੈ। ਹਾਕੀ ਦੇ ‘ਗੋਲ ਕਿੰਗ’ ਬਲਬੀਰ ਸਿੰਘ ਸੀਨੀਅਰ ਨੇ ਕੌਮਾਂਤਰੀ ਪੱਧਰ `ਤੇ 246 ਗੋਲ ਕੀਤੇ ਸਨ। ਹਰਮਨ ਨੇ ਛੋਟੇ ਹੁੰਦਿਆਂ ਹੀ ਬਲਬੀਰ ਸਿੰਘ ਨੂੰ ਗੁਰੂ ਧਾਰ ਲਿਆ ਸੀ। ਬਲਬੀਰ ਸਿੰਘ ਦਾ ਲੱਕੀ ਨੰਬਰ 13 ਸੀ ਤੇ ਉਸੇ ਨੇ ਹਰਮਨਪ੍ਰੀਤ ਨੂੰ ਆਪਣੀ ਖੇਡ ਵਰਦੀ ਦਾ ਨੰਬਰ 13 ਰੱਖਣ ਲਈ ਆਖਿਆ ਸੀ। ਇਸ ਨੂੰ ਵਹਿਮ ਕਹਿ ਲਓ ਭਾਵੇਂ ਵਿਸ਼ਵਾਸ, 13 ਨੰਬਰ ਨੇ ਹਰਮਨਪ੍ਰੀਤ ਦੀ ਧੰਨ ਧੰਨ ਕਰਾ ਦਿੱਤੀ ਹੈ। ਲਗਦੈ ਉਹ 300 ਗੋਲਾਂ ਦੇ ਅਨੋਖੇ ਵਿਸ਼ਵ ਰਿਕਾਰਡ ਤਕ ਵੀ ਪਹੁੰਚ ਸਕਦੈ ਕਿਉਂਕਿ ਅਜੇ ਕੁਝ ਸਾਲ ਹੋਰ ਹਾਕੀ ਖੇਡ ਸਕਦੈ।
ਹਰਮਨਪ੍ਰੀਤ ਦੇ ਨਾਂ ਵਿਚ ਹੀ ਬਖ਼ਸ਼ ਹੈ। ਭਾਰਤੀ ਕ੍ਰਿਕਟ ਟੀਮਾਂ ਦੀ ਕੈਪਟਨ ਰਹੀ ਚੋਟੀ ਦੀ ਖਿਡਾਰਨ ਦਾ ਨਾਂ ਵੀ ਹਰਮਨਪ੍ਰੀਤ ਹੀ ਹੈ। ਹਾਕੀ ਦੀ ਖੇਡ ਵਿਚ ਹਰਮਨਪ੍ਰੀਤ ਸਿੰਘ ਤੇ ਕ੍ਰਿਕਟ ਦੀ ਖੇਡ `ਚ ਹਰਮਨਪ੍ਰੀਤ ਕੌਰ ਪੰਜਾਬ ਦਾ ਮਾਣ ਤੇ ਭਾਰਤ ਦੀ ਸ਼ਾਨ ਹਨ। ਅਜੋਕੇ ਸਮੇਂ ਜਦੋਂ ਭਾਰਤ `ਚੋਂ ਪੰਜਾਬ ਨੂੰ ਚਿੱਟੇ ਤੇ ਸਿੰਥੈਟਿਕ ਨਸ਼ਿਆਂ ਦਾ ਗੜ੍ਹ ਕਹਿ ਕੇ ਭੰਡਿਆ ਜਾ ਰਿਹੈ ਉਦੋਂ ਏਸ਼ੀਆ ਦੀਆਂ ਹਾਕੀ ਚੈਂਪੀਅਨਸ਼ਿਪਾਂ ਜਿੱਤਣ ਵਾਲੀਆਂ ਭਾਰਤੀ ਟੀਮਾਂ ਵਿਚ ਸਭ ਤੋਂ ਵੱਧ ਖਿਡਾਰੀ ਪੰਜਾਬ ਦੇ ਹੀ ਖੇਡਦੇ ਹਨ। ਉਹ ਭਾਰਤੀ ਟੀਮਾਂ ਦੇ ਸਿਰ `ਤੇ ਜਿੱਤ ਦਾ ਤਾਜ ਸਜਾਉਂਦੇ ਆ ਰਹੇ ਹਨ। ਉਨ੍ਹਾਂ ਵਿਚ ਹਾਕੀ ਦਾ ਹਰਮਨਪ੍ਰੀਤ ਸਿੰਘ ਤੇ ਕ੍ਰਿਕਟ ਦੀ ਹਰਮਨਪ੍ਰੀਤ ਕੌਰ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਮੰਨੇ ਗਏ ਹਨ, ਜਿਨ੍ਹਾਂ ਨੇ ਕੁਝ ਕਰ ਵਿਖਾਉਣਾ ਹੁੰਦੈ, ਉਹ ਨਸ਼ਿਆਂ ਦੀਆਂ ਹਨ੍ਹੇਰੀਆਂ ਵਿਚੋਂ ਵੀ ਬਚਦੇ ਕੁਝ ਕਰ ਵਿਖਾਉਂਦੇ ਹਨ। ਨਸ਼ਿਆਂ ਦਾ ਨਾਸ਼ ਕਰਨ ਲਈ ਮਾਪਿਆਂ ਤੇ ਸਮਾਜਿਕ ਸੰਸਥਾਵਾਂ ਤੋਂ ਲੈ ਕੇ ਸਰਕਾਰਾਂ ਤੇ ਪ੍ਰਸ਼ਾਸਨ ਤਕ ਸਭਨਾਂ ਨੂੰ ਆਪੋ ਆਪਣਾ ਬਣਦਾ ਫਰਜ਼ ਨੇਕਨੀਤੀ ਨਾਲ ਨਿਭਾਉਣ ਦੀ ਲੋੜ ਹੈ। ਖੇਡਾਂ ਮਾਰੂ ਨਸ਼ਿਆਂ ਦਾ ਸੁਚਾਰੂ ਬਦਲ ਹਨ। ਖਿਡਾਰੀਆਂ ਦੇ ਸੁਡੌਲ ਜੁੱਸਿਆਂ ਤੋਂ ਵੱਧ ਸਿਹਤ ਤੇ ਸੁੰਦਰਤਾ ਹੋਰ ਕਿਤੇ ਨਹੀਂ ਹੁੰਦੀ।
ਹਰਮਨਪ੍ਰੀਤ ਦਾ ਜਨਮ ਸਾਧਾਰਨ ਕਿਸਾਨ ਮਾਪਿਆਂ ਦੇ ਘਰ ਜੰਡਿਆਲਾ ਗੁਰੂ ਨੇੜਲੇ ਪਿੰਡ ਤਿੰਮੋਵਾਲ, ਜ਼ਿਲ੍ਹਾ ਅੰਮ੍ਰਿਤਸਰ ਵਿਚ 6 ਜਨਵਰੀ 1996 ਨੂੰ ਹੋਇਆ ਸੀ। ਉਸ ਪਿੰਡ ਨੂੰ ਬਾਬਾ ਗੁਰਦਿੱਤਾ ਜੀ ਦੀ ਬਖ਼ਸ਼ ਹੈ। ਪਿੰਡ `ਚ ਜਿਥੇ ਉਹ ਪਹਿਲਾਂ ਪਹਿਲ ਖੇਡਣ ਲੱਗਾ ਉਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ 2021 ਤੋਂ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖ ਦਿੱਤਾ ਗਿਆ ਹੈ। ਜਿਵੇਂ ਦੁਆਬੇ ਦੇ ਸੰਸਾਰਪੁਰ ਤੇ ਮਿੱਠਾਪੁਰ ਆਦਿ ਪਿੰਡ ਹਾਕੀ ਦੇ ਗੜ੍ਹ ਬਣੇ ਨੇ ਉਵੇਂ ਹਰਮਨਪ੍ਰੀਤ ਵਰਗਿਆਂ ਦੀ ਰੀਸੇ ਮਾਝੇ ਦੇ ਪਿੰਡ ਤਿੰਮੋਵਾਲ ਤੇ ਹੋਰ ਪਿੰਡ ਵੀ ਹਾਕੀ ਦੀ ਨਰਸਰੀ ਬਣ ਸਕਦੇ ਹਨ।
ਤਿੰਮੋਵਾਲ 700 ਕੁ ਪਰਿਵਾਰਾਂ ਦਾ ਦਰਮਿਆਨਾ ਪਿੰਡ ਹੈ। ਮਰਦਮਸ਼ੁਮਾਰੀ ਮੁਤਾਬਿਕ ਕੁੱਲ 3653 ਜੀਅ ਹਨ ਜਿਨ੍ਹਾਂ `ਚ 1918 ਮਰਦ ਤੇ 1735 ਔਰਤਾਂ ਹਨ। ਉਨ੍ਹਾਂ `ਚੋਂ ਬਹੁਤੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਹਰਮਨਪ੍ਰੀਤ ਕਿਸਾਨ ਪੁੱਤਰ ਹੈ ਜਿਸ ਨੂੰ ਬਚਪਨ ਤੋਂ ਹੀ ਖੇਤੀਬਾੜੀ ਦਾ ਸਖ਼ਤ ਕੰਮ ਕਰਨਾ ਪਿਆ ਸੀ। ਉਹ ਤੇ ਉਹਦਾ ਵੱਡਾ ਭਰਾ ਸਕੂਲੋਂ ਆ ਕੇ ਘਰ ਅਤੇ ਖੇਤਾਂ ਵਿਚ ਮਾਪਿਆਂ ਦਾ ਹੱਥ ਵਟਾਉਂਦੇ। ਇੰਜ ਕਿਸਾਨੀ ਦੇ ਕਰੜੇ ਕੰਮ ਕਰਦਿਆਂ ਉਹ ਸਰੀਰਕ ਤੌਰ `ਤੇ ਤਕੜੇ ਹੁੰਦੇ ਗਏ। ਹਰਮਨਪ੍ਰੀਤ ਤਾਂ ਟਰੈਕਟਰ ਵੀ ਬੜੇ ਸ਼ੌਕ ਨਾਲ ਚਲਾਉਂਦਾ ਤੇ ਨਿੱਕਾ ਹੁੰਦਾ ਹੀ ਜਾਮ ਹੋਇਆ ਗੇਅਰ ਖਿੱਚ ਕੇ ਪਾਉਂਦਾ। ਖੇਤੀ ਦੇ ਕੰਮਾਂ ਦੀ ਖਿੱਚ-ਧੂਹ ਫਿਰ ਹਾਕੀ ਦਾ ਡਰੈਗ ਫਲਿਕਰ ਬਣਨ `ਚ ਬੜੀ ਰਾਸ ਆਈ।
ਹਰਮਨ ਜੁੱਸੇ ਦਾ ਨਿੱਗਰ ਜੁਆਨ ਨਿਕਲਿਆ ਜਿਸ ਦਾ ਕੱਦ 5 ਫੁੱਟ 11 ਇੰਚ ਤੇ ਵਜ਼ਨ 70 ਕਿਲੋ ਦੇ ਆਸ-ਪਾਸ ਰਿਹਾ। ਰੰਗ ਰਤਾ ਸਾਂਵਲਾ ਹੈ ਤੇ ਚਿਹਰਾ ਮੋਹਰਾ ਗੋਲ। ਉਹ ਬੜਾ ਠਰੰ੍ਹਮੇ ਭਰਿਆ ਖੁਸ਼ ਦਿਲ ਜੁਆਨ ਹੈ। ਮੈਦਾਨ ਵਿਚ ਖੜ੍ਹਾ ਬੜਾ ਸਜਦਾ ਹੈ। ਲੱਤਾਂ ਬਾਹਾਂ ਮਸਕੁਲਰ ਹਨ ਤੇ ਮੋਢੇ ਚੌੜੇ। ਉਹਦਾ ਪੈਨਲਟੀ ਕਾਰਨਰ ਲਾਉਣ ਦਾ ਸਟਾਈਲ ਵੀ ਨਿਆਰਾ ਹੈ। ਗੋਲ ਕਰ ਕੇ ਬਾਹਾਂ ਉਪਰ ਹੁਲਾਰ ਦਿੰਦਾ ਹੈ।
ਉਸ ਦਾ 25 ਸਾਲ ਦੀ ਉਮਰੇ 2021 `ਚ ਬੀਬੀ ਅਮਨਦੀਪ ਕੌਰ ਨਾਲ ਵਿਆਹ ਹੋਇਆ। ਉਨ੍ਹਾਂ ਦੀਆਂ ਦੋ ਧੀਆਂ ਰੂਹਾਨੀਅਤ ਕੌਰ ਤੇ ਮਿਹਰ ਕੌਰ ਹਨ। ਮਾਂ ਬਾਪ ਅਜੇ ਪੂਰੇ ਕਾਇਮ ਹਨ। ਅਕਤੂਬਰ ਨਵੰਬਰ 2026 ਵਿਚ ਜਲੰਧਰ ਤੇ ਮੁਹਾਲੀ ਵਿਖੇ ਹੋਈ ਏਸ਼ੀਆ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਕਿਸੇ ਸਟੇਡੀਅਮ `ਚ ਬਹਿ ਕੇ ਖੇਡਦਿਆਂ ਨਹੀਂ ਸੀ ਵੇਖਿਆ। ਜਲੰਧਰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ `ਚ ਬਹਿ ਕੇ ਪਹਿਲੀ ਵਾਰ ਅੱਖਾਂ ਸਾਹਮਣੇ ਪਰਤੱਖ ਖੇਡਦਾ ਵੇਖਿਆ। ਇਸ ਸਮੇਂ ਉਹ ਪੰਜਾਬ ਆਰਮਡ ਪੁਲਿਸ ਵਿਚ ਡੀ.ਐੱਸ.ਪੀ. ਹੈ ਜਿਸ ਦੇ ਪਾਈ ਪੁਲੀਸ ਦੀ ਵਰਦੀ ਖ਼ੂਬ ਫੱਬਦੀ ਹੈ।
ਹਰਮਨ ਦਸ ਕੁ ਸਾਲਾਂ ਦਾ ਸੀ ਜਦੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੁਧਿਆਣੇ ਖੇਡ ਵਿੰਗ `ਚ ਪੜ੍ਹਨ ਚਲਾ ਗਿਆ। ਉਥੇ ਖੇਤਬਾੜੀ ਯੂਨੀਵਰਸਿਟੀ ਵਿਚ ਹਾਕੀ ਦੀ ਕੋਚਿੰਗ ਲੈਣ ਤੇ ਆਸਟ੍ਰੋ ਟਰਫ `ਤੇ ਖੇਡਣ ਦੀ ਸਹੂਲਤ ਸੀ। ਉਹ ਬਚਪਨ ਤੋਂ ਹੀ ਕਬੱਡੀ, ਵਾਲੀਬਾਲ ਤੇ ਫੁੱਟਬਾਲ ਦੀਆਂ ਖੇਡਾਂ ਦਾ ਸ਼ੁਕੀਨ ਸੀ। ਪਰ ਲੁਧਿਆਣੇ ਜਾ ਕੇ ਉਸ ਦਾ ਝੁਕਾਅ ਹਾਕੀ ਵੱਲ ਹੀ ਹੋ ਗਿਆ। 14 ਸਾਲ ਦੀ ਉਮਰੇ ਉਹ ਓਲੰਪੀਅਨ ਸੁਰਜੀਤ ਸਿੰਘ ਹਾਕੀ ਅਕੈਡਮੀ `ਚ ਦਾਖਲ ਹੋਇਆ ਜਿਥੇ ਉਸ ਨੂੰ ਆਹਲਾ ਦਰਜੇ ਦੀ ਕੋਚਿੰਗ ਤੇ ਪ੍ਰੈਕਟਿਸ ਮਿਲਣ ਲੱਗੀ। ਉਥੇ ਉਹ ਪੰਜਾਬ ਦੀ ਜੂਨੀਅਰ ਟੀਮ ਤੇ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਮੈਂਬਰ ਬਣ ਗਿਆ। ਇਹਦੇ ਪਿੱਛੇ ਉਹਦੇ ਮਾਪਿਆਂ, ਅਧਿਆਪਕਾਂ ਤੇ ਕੋਚਾਂ ਦਾ ਹੱਥ ਸੀ। ਉਹਦੀ ਲਗਾਤਾਰ ਮਿਹਨਤ ਸੀ ਤੇ ਦ੍ਰਿੜ ਇਰਾਦਾ ਸੀ ਕਿ ਬਲਬੀਰ ਸਿੰਘ ਵਰਗਾ ਫਾਰਵਰਡ ਜਾਂ ਪ੍ਰਿਥੀਪਾਲ ਸਿੰਘ ਤੇ ਸੁਰਜੀਤ ਸਿੰਘ ਵਰਗਾ ਫੁੱਲ ਬੈਕ ਖਿਡਾਰੀ ਬਣਨਾ ਹੈ। ਵੱਖ-ਵੱਖ ਸਾਈਡਾਂ `ਤੇ ਖੇਡਦਾ ਆਖ਼ਰ ਉਹ ਨਿੱਗਰ ਜੁੱਸੇ ਦਾ ਤਕੜਾ ਫੁੱਲ ਬੈਕ ਖਿਡਾਰੀ ਬਣ ਗਿਆ। ਨਾਲੇ ਪੈਨਲਟੀ ਕਾਰਨਰ ਲਾਉਣ ਲਈ ਕਮਾਲ ਦਾ ਡਰੈਗ ਫਲਿਕਰ ਨਿਕਲਿਆ। ਹੁਣ ਉਹ ਦੁਨੀਆ ਦਾ ਸਰਬੋਤਮ ਡਰੈਗ ਫਲਿਕਰ ਹੈ।
ਹਰਮਨ ਦੀ ਪਹਿਲੀ ਬੱਲੇ-ਬੱਲੇ 2011 `ਚ ਇੰਡੀਆ ਦੀ ਜੂਨੀਅਰ ਹਾਕੀ ਟੀਮ ਵੱਲੋਂ ਖੇਡਣ ਨਾਲ ਹੋਈ। 2014 ਵਿਚ ਉਹ ਸੁਲਤਾਨ ਆਫ਼ ਜੋਹੋਰ ਜੂਨੀਅਰ ਕੱਪ ਖੇਡਣ ਮਲੇਸ਼ੀਆ ਗਿਆ। 2015 ਵਿਚ 19 ਸਾਲ ਦੀ ਉਮਰੇ ਉਹ ਭਾਰਤ ਦੀ ਸੀਨੀਅਰ ਹਾਕੀ ਟੀਮ `ਚ ਆ ਗਿਆ। 2016 ਵਿਚ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਮੈਂਬਰ ਬਣ ਕੇ ਹਾਕੀ ਵਿਸ਼ਵ ਕੱਪ ਦਾ ਗੋਲਡ ਮੈਡਲ ਜਿੱਤਿਆ। ਉਸੇ ਸਾਲ ਉਹ ਰੀਓ ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ `ਚ ਚੁਣਿਆ ਗਿਆ। 2014 ਤੋਂ 2017 ਤਕ ਉਹ ਦਬੰਗ ਮੁੰਬਈ ਵੱਲੋਂ ਖੇਡਿਆ ਤੇ 2017 ਤੋਂ 2024 ਤਕ ਪਟਰੋਲੀਅਮ ਸਪੋਰਟਸ ਪ੍ਰਮੋਸ਼ਨ ਬੋਰਡ ਵੱਲੋਂ ਖੇਡਿਆ। 2024 ਤੋਂ ਉਹ ਪੰਜਾਬ ਹਾਕੀ ਵੱਲੋਂ ਖੇਡ ਰਿਹੈ। ਉਹ ਹਾਕੀ ਕੋਚ ਅਵਤਾਰ ਸਿੰਘ ਦਾ ਚੰਡਿਆ ਚੇਲਾ ਹੈ।
ਉਸ ਨੇ ਰੀਓ, ਟੋਕੀਓ ਤੇ ਪੈਰਿਸ ਦੀਆਂ ਤਿੰਨ ਓਲੰਪਿਕ ਖੇਡਾਂ ਵਿਚ ਭਾਗ ਲਿਆ। 1980 ਦੀ ਜਿੱਤ ਪਿੱਛੋਂ 41 ਸਾਲਾਂ ਬਾਅਦ 2021 ਵਿਚ ਭਾਰਤ ਦੀ ਜਿਹੜੀ ਹਾਕੀ ਟੀਮ ਜਿੱਤ-ਮੰਚ `ਤੇ ਚੜ੍ਹੀ ਉਸ ਦਾ ਉਹ ਮੈਂਬਰ ਸੀ। 2024 ਦੀਆਂ ਓਲੰਪਿਕ ਖੇਡਾਂ ਵਿਚ ਉਹ ਭਾਰਤੀ ਟੀਮ ਦਾ ਕਪਤਾਨ ਸੀ ਜਿਸ ਨੇ ਕਾਂਸੀ ਦਾ ਦੁਬਾਰਾ ਤਗ਼ਮਾ ਜਿੱਤਿਆ। ਓਲੰਪਿਕ ਖੇਡਾਂ ਦੇ ਦੋ ਮੈਡਲਾਂ ਨਾਲ ਉਸ ਨੇ ਏਸ਼ਿਆਈ ਖੇਡਾਂ ਦੇ ਵੀ ਤਿੰਨ ਮੈਡਲ ਜਿੱਤੇ ਜਿਨ੍ਹਾਂ `ਚ ਦੋ ਗੋਲਡ ਤੇ ਇਕ ਕਾਂਸੀ ਦਾ ਸੀ। ਇਕ ਸਿਲਵਰ ਮੈਡਲ ਬਰਮਿੰਘਮ-2022 ਦੀਆਂ ਕਾਮਨਵੈਲਥ ਖੇਡਾਂ `ਚੋਂ ਜਿੱਤਿਆ। ਏਸ਼ੀਅਨ ਚੈਂਪੀਅਨਜ਼ ਟਰਾਫੀਆਂ ਦੇ ਗੋਲਡ ਮੈਡਲ ਵਾਰ ਵਾਰ ਜਿੱਤੇ। 2016 ਦੇ ਜੂਨੀਅਰ ਵਿਸ਼ਵ ਕੱਪ ਦੇ ਗੋਲਡ ਮੈਡਲ ਤੋਂ ਲੈ ਕੇ ਕੌਮਾਂਤਰੀ ਕੱਪਾਂ ਦੇ ਮੈਡਲ ਜਿੱਤਣ ਦਾ ਕੋਈ ਅੰਤ ਈ ਨਹੀਂ ਰਿਹਾ ਤੇ ਨਾ ਹੀ ਕੋਈ ਅੰਤ ਰਿਹਾ ਉਸ ਨੂੰ ਮਾਣ ਸਨਮਾਨ ਮਿਲਣ ਦਾ। 2021 ਵਿਚ ਉਸ ਨੂੰ ਅਰਜਨ ਅਵਾਰਡ ਮਿਲਿਆ ਤੇ 2024 ਵਿਚ ਮੇਜਰ ਧਿਆਨ ਚੰਦ ਖੇਲ ਰਤਨ। ਪੰਜਾਬ ਸਰਕਾਰ ਨੇ ਉਸ ਨੂੰ ਲੱਖਾਂ ਦੇ ਵੱਡੇ ਇਨਾਮ ਦਿੱਤੇ। ਉਦੋਂ ਤਕ ਉਹ 50 ਲੱਖ ਡਾਲਰਾਂ ਦੇ ਇਨਾਮਾਂ ਨਾਲ ਭਾਰਤ `ਚ ਹਾਕੀ ਦਾ ਸਭ ਤੋਂ ਅਮੀਰ ਖਿਡਾਰੀ ਬਣ ਚੁੱਕਾ ਸੀ।
ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰਨ `ਚ ਪਹਿਲਾਂ ਅਜੀਤਪਾਲ ਸਿੰਘ ਦੀ ਝੰਡੀ ਸੀ, ਫਿਰ ਪਰਗਟ ਸਿੰਘ ਦੀ ਤੇ ਹੁਣ ਹਰਮਨਪ੍ਰੀਤ ਸਿੰਘ ਦੀ ਹੈ। ਉਸ ਨੂੰ ਕਪਤਾਨਾਂ ਦਾ ਕਪਤਾਨ ਜਾਂ ਹਾਕੀ ਟੀਮਾਂ ਦਾ ਸਰਪੰਚ ਕਹਿ ਲਿਆ ਜਾਵੇ ਤਾਂ ਵਾਜਬ ਹੀ ਹੈ। ਉਹ 2022-23 ਤੋਂ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਲੱਗਾ ਸੀ ਅਤੇ ਓਲੰਪਿਕ ਖੇਡਾਂ ਤੇ ਏਸ਼ੀਅਨ ਖੇਡਾਂ ਤੋਂ ਲੈ ਕੇ ਹਰ ਤਰ੍ਹਾਂ ਦੀਆਂ ਟਰਾਫੀਆਂ ਤੇ ਕੱਪਾਂ ਦੇ ਹਾਕੀ ਮੁਕਾਬਲਿਆਂ ਵਿਚ ਭਾਰਤੀ ਟੀਮਾਂ ਤੇ ਲੀਗ ਟੀਮਾਂ ਦੀਆਂ ਕਪਤਾਨੀ ਕਰ ਚੁੱਕੈ। 2022 ਦੀਆਂ ਏਸ਼ਿਆਈ ਖੇਡਾਂ ਵੇਲੇ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ। ਉਸ ਨੂੰ ਮਿਲੇ ਅਵਾਰਡਾਂ ਦਾ ਵੀ ਕੋਈ ਅੰਤ ਨਹੀਂ। 2014 ਦਾ ਹਾਕੀ ਇੰਡੀਆ ਅਵਾਰਡ, 2016 ਦਾ ਐੱਫਆਈਐੱਚ ਅਵਾਰਡ, 2017 ਟਾਈਮਜ਼ ਆਫ਼ ਇੰਡੀਆ ਦਾ ਹਾਕੀ ਪਲੇਅਰ ਆਫ਼ ਦਾ ਯੀਅਰ, ਕਦੇ ਡਿਫੈਂਡਰ ਆਫ਼ ਦਾ ਯੀਅਰ, ਕਦੇ ਆਊਟ ਸਟੈਂਡਿੰਗ ਪਲੇਅਰ ਆਫ ਦਾ ਯੀਅਰ, ਕਦੇ ਕੁਛ ਕਦੇ ਕੁਛ।
ਕਈ ਖਿਡਾਰੀ ਛੋਟੇ ਮੋਟੇ ਇਨਾਮਾਂ ਸਨਮਾਨਾਂ ਨਾਲ ਆਫ਼ਰ ਜਾਂਦੇ ਨੇ ਤੇ ਦੂਜਿਆਂ ਨੂੰ ਟਿੱਚ ਸਮਝਣ ਲੱਗਦੇ ਨੇ ਪਰ ਹਰਮਨਪ੍ਰੀਤ ਉਨ੍ਹਾਂ ਸ਼ੋਹਦੇ ਖਿਡਾਰੀਆਂ `ਚੋਂ ਨਹੀਂ। ਜਿੱਦਣ ਉਸ ਨੇ ਬਲਬੀਰ ਸਿੰਘ ਸੀਨੀਅਰ ਦੇ ਕੀਤੇ 246 ਗੋਲਾਂ ਤੋਂ ਵੱਧ 247ਵਾਂ ਗੋਲ ਕੀਤਾ ਤਾਂ ਖੇਡ ਪੱਤਰਕਾਰਾਂ ਨੇ ਬਲਬੀਰ ਸਿੰਘ ਦਾ ਰਿਕਾਰਡ ਤੋੜਨ ਬਾਰੇ ਪ੍ਰਤੀਕਰਮ ਪੁੱਛਿਆ। ਉਸ ਨੇ ਨਿਮਰਤਾ ਨਾਲ ਕਿਹਾ, ਬਲਬੀਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਖਿਡਾਰੀ ਸਨ। ਉਨ੍ਹਾਂ ਦਾ ਰਿਕਾਰਡ ਤਾਂ ਰਿਕਾਰਡ ਹੀ ਰਹੇਗਾ। ਮੈਨੂੰ ਰਿਕਾਰਡ ਤੋੜਨ ਵਾਲਾ ਨਾ ਕਹੋ, ਨਵਾਂ ਰਿਕਾਰਡ ਬਣਾਉਣ ਵਾਲਾ ਕਹਿ ਸਕਦੇ ਓ। ਸਰ ਤਾਂ ਬੜੇ ਮਹਾਨ ਖਿਡਾਰੀ ਸਨ, ਅਸੀਂ ਉਨ੍ਹਾਂ ਦੀ ਰੀਸ ਕਿੱਥੇ ਕਰ ਸਕਦੇ ਆਂ!
ਇਹ ਹੈ ਸੀਨੀਅਰ ਖਿਡਾਰੀਆਂ ਨੂੰ ਆਦਰ ਸਤਿਕਾਰ ਦੇਣ ਦਾ ਵਰਤਾਵ ਜੋ ਜੂਨੀਅਰ ਖਿਡਾਰੀਆਂ ਨੂੰ ਸਦਾ ਸਿੱਖਦੇ ਰਹਿਣ ਦੀ ਲੋੜ ਹੈ। ਹਰਮਨ ਨੇ ਕਿਹਾ ਕਿ ਆਹ ਜਿਹੜੀ 13 ਨੰਬਰ ਜਰਸੀ ਮੈਂ ਪਾਈ ਹੋਈ ਹੈ, ਸਭ ਉਨ੍ਹਾਂ ਦੀ ਕਿਰਪਾ ਹੈ। ਇੰਡੀਆ ਨੇ ਜਿਥੇ ਹਾਕੀ ਦੇ ਜਾਦੂਗਰ ਧਿਆਨ ਚੰਦ, ਗੋਲ ਕਿੰਗ ਬਲਬੀਰ ਸਿੰਘ, ਪ੍ਰਿਥੀਪਾਲ ਸਿੰਘ, ਸੁਰਜੀਤ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਆਦਿ ਬੜੇ ਨਾਮਵਰ ਖਿਡਾਰੀ ਹਾਕੀ ਜਗਤ ਨੂੰ ਦਿੱਤੇ ਹਨ ਉਥੇ ਹਰਮਨਪ੍ਰੀਤ ਸਿੰਘ ਜਿਹੇ ਵਿਸ਼ਵ ਦੇ ਸਰਬੋਤਮ ਹਾਕੀ ਖਿਡਾਰੀ ਵੀ ਉਨ੍ਹਾਂ ਨਾਲ ਰਲ ਰਹੇ ਹਨ।
ਅਜਿਹਾ ਬੜਾ ਘੱਟ ਹੁੰਦੈ ਕਿ ਕੋਈ ਖਿਡਾਰੀ ਬਤੌਰ ਫੁੱਲ ਬੈਕ ਸਰਬੋਤਮ ਡਿਫੈਂਡਰ ਹੋਵੇ, ਪੈਨਲਟੀ ਕਾਰਨਰ ਲਾਉਣ ਦਾ ਮਾਹਿਰ ਵੀ, ਸਾਰੇ ਮੈਦਾਨ ਦਾ ਸ਼ਿੰਗਾਰ ਵੀ ਤੇ ਟੀਮਾਂ ਦਾ ਕਾਮਯਾਬ ਕਪਤਾਨ ਵੀ ਹੋਵੇ। ਨਾਲ ਸਾਊ ਪੁੱਤਰ, ਸੁਚੱਜਾ ਪਤੀ, ਪਿਆਰਾ ਬਾਪ ਤੇ ਸੁਹਿਰਦ ਦੋਸਤ ਵੀ ਹੋਵੇ। ਹਰਮਨ ਦੀ ਕਹਾਣੀ ਮਾਝੇ ਦੇ ਛੋਟੇ ਜਿਹੇ ਪਿੰਡ ਤੋਂ ਵਿਸ਼ਵ ਦੇ ਵੱਡੇ ਨਗਰਾਂ ਤੱਕ ਪੜ੍ਹੀ ਸੁਣੀ ਜਾਣ ਲੱਗੀ ਹੈ। ਸਾਧਾਰਨ ਕਿਸਾਨ ਦੇ ਅਸਾਧਾਰਨ ਬੱਚੇ ਨੇ ਆਪਣੀ ਮਿਹਨਤ ਤੇ ਲਗਨ ਦੇ ਬਦਬੋਤੇ ਕੁਲ ਦੁਨੀਆਂ ਦੰਗ ਕਰ ਦਿੱਤੀ ਹੈ। ਜਦੋਂ ਹਰਮਨ ਨੂੰ ਪੈਨਲਟੀ ਕਾਰਨਰ ਮਿਲਦਾ ਹੈ ਤਾਂ ਵਿਰੋਧੀ ਟੀਮ ਨੂੰ ਕੰਬਣੀਆਂ ਛਿੜ ਜਾਂਦੀਆਂ ਹਨ ਕਿ ਗੋਲ ਹੋਇਆ ਕਿ ਹੋਇਆ? ਗੋਲ ਕਰ ਕੇ ਵੀ ਉਹ ਕੋਈ ਸ਼ੋਹਦਾ ਵਿਖਾਵਾ ਨਹੀਂ ਕਰਦਾ ਤੇ ਮੁੜ ਆਪਣੀ ਥਾਂ `ਤੇ ਜਾ ਖੜ੍ਹਦਾ ਹੈ। ਵੱਡਾ ਖਿਡਾਰੀ ਬਣਨ ਲਈ ਜ਼ਰੂਰੀ ਨਹੀਂ ਕਿ ਵੱਡੇ ਸ਼ਹਿਰਾਂ ਵਾਲੀਆਂ ਸੁਖ ਸਹੂਲਤਾਂ ਹੋਣ। ਜੇ ਬੱਚੇ `ਚ ਪ੍ਰਤਿਭਾ ਹੋਵੇ, ਮਿਹਨਤ ਕਰਨ ਦਾ ਜੇਰਾ ਤੇ ਦ੍ਰਿੜ ਇਰਾਦਾ ਹੋਵੇ ਤਾਂ ਉਹ ਕੁਝ ਦਾ ਕੁਝ ਕਰ ਸਕਦੈ। ਹਰਮਨਪ੍ਰੀਤ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਹੈ। ਪੰਜਾਬ ਵਿਚ ਹਾਕੀ ਦੀ ਖੇਡ ਸੌ ਸਾਲਾਂ ਤੋਂ ਮਕਬੂਲ ਹੈ ਜਿਸ ਨੇ ਪੰਜਾਬ ਦੀ ਦੇਸੀ ਖੇਡ ਖਿੱਦੋ ਖੂੰਡੀ ਦੀ ਥਾਂ ਲਈ ਹੈ।
ਹਰਮਨਪ੍ਰੀਤ ਦੀ ਪ੍ਰਤਿਭਾ ਨੂੰ ਸਾਣ ਚਾੜ੍ਹਨ `ਚ ਜਿਥੇ ਉਸ ਦੇ ਘਰਦਿਆਂ ਦਾ ਯੋਗਦਾਨ ਹੈ ਉਥੇ ਸਕੂਲਾਂ-ਕਾਲਜਾਂ ਦੇ ਸਪੋਰਟਸ ਵਿੰਗ ਅਤੇ ਆਪਣੀ ਹਿੰਮਤ ਤੇ ਮਿਹਨਤ ਸਭਨਾਂ ਦਾ ਯੋਗਦਾਨ ਹੈ। ਖ਼ਾਸ ਕਰਕੇ ਓਲੰਪੀਅਨ ਸੁਰਜੀਤ ਸਿੰਘ ਸਪੋਰਟਸ ਅਕੈਡਮੀ ਜਲੰਧਰ ਦਾ। ਜਲੰਧਰ ਛਾਉਣੀ ਹਾਕੀ ਦਾ ਮੱਕਾ ਰਹੀ ਹੈ ਜਿਥੇ ਨਾਲ ਲੱਗਦੇ ਪਿੰਡ ਸੰਸਾਰਪੁਰ ਤੋਂ ਹੀ ਡੇਢ ਦਰਜਨ ਖਿਡਾਰੀ ਹਾਕੀ ਦੇ ਓਲੰਪੀਅਨ ਬਣ ਚੁੱਕੇ ਹਨ।
ਹਰਮਨਪ੍ਰੀਤ ਸਿੰਘ ਨੇ ਸਕੂਲਾਂ, ਕਾਲਜਾਂ, ਕਲੱਬਾਂ, ਲੀਗ ਟੀਮਾਂ, ਸੂਬਾਈ ਟੀਮਾਂ ਤੇ ਮੁਲਕੀ ਟੀਮਾਂ ਵੱਲੋਂ ਟੀਮ ਮੈਂਬਰ ਬਣ ਕੇ ਤੇ ਫੇਰ ਕੈਪਟਨ ਬਣ ਕੇ ਆਪਣਾ ਫਰਜ਼ ਨਿਭਾਅ ਲਿਆ ਹੈ। ਜਦੋਂ ਏਸ਼ੀਅਨ ਆਲ ਸਟਾਰ ਹਾਕੀ ਟੀਮ ਤੇ ਵਿਸ਼ਵ ਸਟਾਰ ਹਾਕੀ ਟੀਮ ਬਣੀ ਤਾਂ ਉਮੀਦ ਹੈ ਹਰਮਨ ਉਨ੍ਹਾਂ ਟੀਮਾਂ ਦਾ ਵੀ ਮੈਂਬਰ ਤੇ ਕਪਤਾਨ ਬਣੇਗਾ। ਹਾਲੇ ਤਕ ਉਹਦੀ ਕਪਤਾਨੀ ਸਫਲ ਹੈ ਤੇ ਆਸ ਹੈ ਸਦਾ ਸਫਲ ਰਹੇਗੀ। ਹਰਮਨ ਦੀ ਕਹਾਣੀ ਦਾ ਸਾਰ ਇਹੋ ਹੈ ਕਿ ਪੰਜਾਬ ਤੇ ਦੇਸ਼ ਵਿਚ ਖੇਡ ਪ੍ਰਤਿਭਾ ਦੀ ਘਾਟ ਨਹੀਂ, ਘਾਟ ਹੈ ਤਾਂ ਸੁਚਾਰੂ ਅਗਵਾਈ ਦੀ ਹੈ ਜੋ ਮਾਪਿਆਂ, ਲੋਕਾਂ ਤੇ ਸਰਕਾਰਾਂ ਦੇ ਮਿਲਵੇਂ ਸੁਹਿਰਦ ਯਤਨਾਂ ਨਾਲ ਦੂਰ ਹੋ ਸਕਦੀ ਹੈ। ਜੇਕਰ ਪਿੰਡ ਤਿੰਮੋਵਾਲ ਦੇ ਇਕ ਸਾਧਾਰਨ ਘਰ ਦਾ ਸਾਧਾਰਨ ਬੱਚਾ ਹਾਕੀ ਦੀ ਦੁਨੀਆ `ਤੇ ਲੱਤ ਫੇਰ ਸਕਦੈ ਤਾਂ ਹੋਰਨਾਂ ਪਿੰਡਾਂ ਕਸਬਿਆਂ ਦੇ ਨੌਜੁਆਨ ਵੀ ਅਜਿਹਾ ਕਿਉਂ ਨਹੀਂ ਕਰ ਸਕਦੇ?
ਹਰਮਨਪ੍ਰੀਤ ਸਿੰਘ ਕੇਵਲ ਭਾਰਤੀ ਹਾਕੀ ਟੀਮ ਦਾ ਕਪਤਾਨ ਹੀ ਨਹੀਂ, ਸਗੋਂ ਭਾਰਤ ਤੇ ਪੰਜਾਬ ਦੇ ਨੌਜੁਆਨਾਂ ਲਈ ਉਤਸ਼ਾਹ, ਹੌਂਸਲੇ, ਹਿੰਮਤ ਤੇ ਮਿਹਨਤ ਦੀ ਲਟ-ਲਟ ਬਲਦੀ ਮਿਸ਼ਾਲ ਹੈ।
