ਬੂਟਾ ਸਿੰਘ
ਫੋਨ: 91-94634-74342
ਮਸ਼ਹੂਰ ਰਸਾਲੇ ‘ਤਹਿਲਕਾ’ ਦੇ ਮੁੱਖ ਸੰਪਾਦਕ ਤਰੁਣ ਤੇਜਪਾਲ ਵਲੋਂ ਆਪਣੇ ਅਦਾਰੇ ਦੀ ਮੁਲਾਜ਼ਮ ਕੁੜੀ ਨਾਲ ਬਦਤਮੀਜ਼ੀ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਇਸ ਮੁਲਕ ਅੰਦਰ ਔਰਤ ਕੀ ਉਨ੍ਹਾਂ ਅਦਾਰਿਆਂ ਵਿਚ ਵੀ ਮਹਿਫ਼ੂਜ਼ ਨਹੀਂ ਹੈ ਜੋ ਔਰਤਾਂ ਦੇ ਹੱਕਾਂ ਦੀ ਆਵਾਜ਼ ਅੱਗੇ ਹੋ ਕੇ ਉਠਾ ਰਹੇ ਹਨ? ਇਨ੍ਹਾਂ ਹਾਲਾਤ ਵਿਚ ਆਖ਼ਿਰ ਮਜ਼ਲੂਮ ਲਈ ਢੋਈ ਕਿਥੇ ਹੈ? ਇਕ ਨਾਮਵਰ ਟੀæਵੀæ ਪੱਤਰਕਾਰ ਸਾਗਰਿਕਾ ਘੋਸ਼ ਦੀ ਇਹ ਟਵੀਟ ਕਾਬਲੇ-ਗ਼ੌਰ ਹੈ ਕਿ ‘ਇਹ ਸਾਰੇ ਸੰਪਾਦਕਾਂ ਲਈ ਅੰਤਰ ਝਾਤੀ ਮਾਰਨ ਦਾ ਵਕਤ ਹੈ। æææ ਕਿੰਨੀਆਂ ਔਰਤ ਪੱਤਰਕਾਰਾਂ ਨੇ ਇਹ ਹਮਲੇ ਝੱਲੇ ਜੋ ਡਰਦੀਆਂ ਖ਼ਾਮੋਸ਼ ਰਹੀਆਂ। ਇਸ ਲੱਜਾ ਦੇ ਕੋਡ ਨੂੰ ਤੋੜਨਾ ਹੋਵੇਗਾ।’
ਮਾਮਲੇ ਦੀ ਗੰਭੀਰਤਾ ਇਸ ਕਰ ਕੇ ਵੀ ਵਧੇਰੇ ਹੈ ਕਿ ਇਸ ਵਾਰ ਅਜਿਹੇ ਕੁਕਰਮ ਦਾ ਇਲਜ਼ਾਮ ਉਸ ਸ਼ਖ਼ਸੀਅਤ ਉੱਪਰ ਹੈ ਜਿਸ ਨੇ ਪੱਤਰਕਾਰੀ ਰਾਹੀਂ ਪਿਛਲੇ ਡੇਢ ਦਹਾਕੇ ‘ਚ ਇਸ ਸਮਾਜ ਦੇ ਪੂਰੀ ਤਰ੍ਹਾਂ ਕੰਨੀ ‘ਤੇ ਧੱਕੇ ਮਜ਼ਲੂਮ, ਦੱਬੇ-ਕੁਚਲੇ ਹਿੱਸਿਆਂ- ਔਰਤਾਂ, ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ ਆਦਿ- ਦੇ ਹੱਕ ਵਿਚ ਧੜੱਲੇ ਨਾਲ ਆਵਾਜ਼ ਉਠਾਈ ਹੈ। ‘ਤਹਿਲਕਾ’ ਨੇ ਜਿਥੇ ਇਸ ਰਾਜ-ਢਾਂਚੇ ਵਿਚ ਕੈਂਸਰ ਵਾਂਗ ਫੈਲੇ ਬੇਥਾਹ ਭ੍ਰਿਸ਼ਟਾਚਾਰ ਦਾ ਖ਼ੁਰਾ ਨੱਪਦਿਆਂ ਸੰਘ ਪਰਿਵਾਰ ਦੇ ਇਖ਼ਲਾਕੀ ਢੌਂਗ ਦਾ ਬੁਰਕਾ ਲਾਹੁਣ ਦੀ ਪਹਿਲ ਕੀਤੀ ਅਤੇ ਇਸ ਦਾ ਭ੍ਰਿਸ਼ਟਾਚਾਰ ਵਿਚ ਗਰਕਿਆ ਘਿਣਾਉਣਾ ਚਿਹਰਾ ਸਾਹਮਣੇ ਲਿਆਂਦਾ, ਉਥੇ ਭਾਰਤੀ ਹੁਕਮਰਾਨਾਂ ਵਲੋਂ ਆਲਮੀ ਤੇ ਦੇਸੀ ਕਾਰਪੋਰੇਟੋਸ਼ਾਹੀ ਦੀ ਖ਼ਿਦਮਤ ‘ਚ ਵਿੱਢੀ ਆਪਣੇ ਹੀ ਲੋਕਾਂ ਵਿਰੁੱਧ ਜੰਗ ‘ਓਪਰੇਸ਼ਨ ਗ੍ਰੀਨ ਹੰਟ’ ਪਿੱਛੇ ਕੰਮ ਕਰਦੇ ਅਸਲ ਮਕਸਦ ਅਤੇ ਆਦਿਵਾਸੀਆਂ ਦੇ ਘਾਣ ਨੂੰ ਪੂਰੀ ਬੇਬਾਕੀ ਨਾਲ ਪਾਠਕਾਂ ਅੱਗੇ ਪੇਸ਼ ਕੀਤਾ। ਇਹ ‘ਤਹਿਲਕਾ’ ਹੀ ਸੀ ਜਿਸ ਨੇ ਆਦਿਵਾਸੀ ਅਧਿਆਪਕਾ ਸੋਨੀ ਸੋਰੀ ਅਤੇ ਉਸ ਦੇ ਪਰਿਵਾਰ ਉੱਪਰ ਰਾਜਤੰਤਰ ਵਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤੇ ਜਾ ਰਹੇ ਜ਼ੁਲਮਾਂ ਨੂੰ ਉਦੋਂ ਜੱਗ ਜ਼ਾਹਰ ਕੀਤਾ ਜਦੋਂ ਪ੍ਰਿੰਟ ਤੇ ਵਿਜ਼ੂਅਲ ਮੀਡੀਆ ਦੇ ਜ਼ਿਆਦਾਤਰ ਹਿੱਸੇ ਵਲੋਂ ਇਸ ਨੂੰ ਉਕਾ ਹੀ ਨਜ਼ਰਅੰਦਾਜ਼ ਕੀਤਾ ਹੋਇਆ ਸੀ। ‘ਤਹਿਲਕਾ’ ਦੀ ਬਦੌਲਤ ਦੁਨੀਆਂ ਨੂੰ ਮਾਮਲੇ ਦੀ ਅਸਲੀਅਤ ਪਤਾ ਲੱਗੀ।
ਤਰੁਣ ਤੇਜਪਾਲ ਤੇ ‘ਤਹਿਲਕਾ’ ਦੀ ਇੰਤਜ਼ਾਮੀਆ ਸੰਪਾਦਕ ਸ਼ੋਮਾ ਚੌਧਰੀ ਔਰਤਾਂ ਦੇ ਮਸਲਿਆਂ ਨੂੰ ਪੂਰੀ ਸ਼ਿੱਦਤ ਨਾਲ ਉਠਾਉਂਦੇ ਰਹੇ ਹਨ ਪਰ ਜਦੋਂ ਇਸ ਅਦਾਰੇ ਦੇ ਅੰਦਰ ਪੱਤਰਕਾਰ ਕੁੜੀ ਨਾਲ ਵਧੀਕੀ ਖ਼ੁਦ ਇਸੇ ਦੇ ਮੁੱਖ ਸੰਪਾਦਕ ਨੇ ਕੀਤੀ ਤਾਂ ਸ਼ੋਮਾ ਚੌਧਰੀ ਵਲੋਂ ਹੀ ਦੋਹਰੇ ਮਿਆਰ ਅਖ਼ਤਿਆਰ ਕਰਦਿਆਂ ਤੇਜਪਾਲ ਦੇ ‘ਪਛਤਾਵੇ’ ਦੇ ਨਾਂ ਹੇਠ ਇਸ ਉਪਰ ਮਿੱਟੀ ਪਾਉਣ ਦਾ ਯਤਨ ਕੀਤਾ ਗਿਆ। ਉਸ ਨੇ ਅਦਾਰੇ ਦਾ ਅਕਸ ਬਚਾਉਣ ਦੇ ਚੱਕਰ ਵਿਚ ਕੁੜੀ ਨੂੰ ਨਿਆਂ ਦਿੱਤੇ ਜਾਣ ਦੇ ਤਕਾਜ਼ੇ ਨੂੰ ਹੀ ਪੂਰੀ ਤਰ੍ਹਾਂ ਦਾਅ ‘ਤੇ ਲਾ ਕੇ ਮਾਮਲਾ ਦਬਾਉਣ ਦੀ ਪੂਰੀ ਵਾਹ ਲਾਈ। ਇਹ ਵੱਖਰੀ ਗੱਲ ਹੈ ਕਿ ਮਾਮਲਾ ਦਬਿਆ ਨਹੀਂ। ਤੇਜਪਾਲ ਦੀ ਮਰਦ ਹਉਮੈ ਨੇ ਕੁੜੀ ਦੀ ਜਨਤਕ ਮਾਫ਼ੀ ਦੀ ਮੰਗ ਸਵੀਕਾਰ ਨਹੀਂ ਕੀਤੀ ਜਿਸ ਦਾ ਖਮਿਆਜ਼ਾ ਹੁਣ ਉਸ ਨੂੰ ਤਹਿਲਕਾ ਦੀ ਤੋਇ-ਤੋਇ ਕਰਵਾ ਬੈਠਣ ਦੀ ਸ਼ਕਲ ਵਿਚ ਚੁਕਾਉਣਾ ਪਿਆ ਹੈ। ਉਸ ਦੇ ਖ਼ਿਲਾਫ਼ ਜਬਰ-ਜਨਾਹ ਦਾ ਮੁਕੱਦਮਾ ਦਰਜ ਹੋ ਗਿਆ ਹੈ ਅਤੇ ਉਸ ਦੇ ਸਿੱਧੇ-ਅਸਿੱਧੇ ਕੁਲ ਵਿਰੋਧੀ ਉਸ ਨੂੰ ਸੀਖਾਂ ਪਿੱਛੇ ਦੇਖਣ ਲਈ ਪੂਰਾ ਤਾਣ ਲਾ ਰਹੇ ਹਨ। ਅੰਦਰਖਾਤੇ ਸੁਲ੍ਹਾ ਕਰਨ ਵਿਚ ਨਾਕਾਮ ਰਹਿ ਕੇ ਹੁਣ ਉਹ ਪੇਸ਼ਗੀ ਜ਼ਮਾਨਤ ਕਰਾਉਣ ਦੇ ਯਤਨਾਂ ‘ਚ ਹੈ।
ਉਸ ਨੂੰ ਜੇਲ੍ਹ ਦੀ ਸਜ਼ਾ ਨਾਲੋਂ ਵੱਡਾ ਸਵਾਲ ਇਹ ਹੈ ਕਿ ਤਹਿਲਕਾ ਵਰਗੇ ਅਦਾਰੇ ਵਿਚ, ਤੇ ਉਥੇ ਵੀ ਤੇਜਪਾਲ ਵਰਗੀ ਸ਼ਖਸੀਅਤ ਦਾ ਜੇ ਔਰਤ ਪ੍ਰਤੀ ਇਹ ਵਤੀਰਾ ਹੈ ਤਾਂ ਇਨਸਾਫ਼ ਦੀ ਉਮੀਦ ਕਿਥੇ ਹੈ? ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਕਿ ਸਥਾਪਤੀ ਪੱਖੀ ਤਾਕਤਾਂ ਮਰਦ-ਪ੍ਰਧਾਨ ਸੱਤਾ, ਔਰਤ ਉੱਪਰ ਦਾਬੇ ਅਤੇ ਔਰਤ ਵਿਰੋਧੀ ਜ਼ਹਿਨੀਅਤ ਨੂੰ ਮਹਿਜ਼ ਬਰਕਰਾਰ ਰੱਖਣ ਲਈ ਹੀ ਨਹੀਂ, ਸਗੋਂ ਹਰ ਹੀਲੇ ਪੱਕੇ ਪੈਰੀਂ ਕਰਨ ਦੀ ਵਾਹ ਲਾ ਰਹੀਆਂ ਹਨ। ਅਜਿਹੇ ‘ਕਲਯੁਗ’ ਵਿਚ ਰੂਹਾਨੀਅਤ ਅਤੇ ਇਨਸਾਫ਼ ਦੇ ਮੰਦਰਾਂ ਨੂੰ ਮਜ਼ਲੂਮ ਦਾ ਸਹਾਰਾ ਮੰਨਣ ਦੀ ਸੋਚ ਸਮਾਜ ਦੀ ਗਿਆਨ ਵਿਹੂਣੀ ਜ਼ਹਿਨੀਅਤ ‘ਚ ਜੜ੍ਹਾਂ ਜਮਾਈ ਬੈਠੀ ਹੈ ਪਰ ਆਸਾਰਾਮ ਦੀ ਮਿਸਾਲ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਖ਼ਲਕਤ ਨੂੰ ‘ਰੂਹਾਨੀਅਤ’ ਦਾ ਚਾਨਣ ਵੰਡਦੇ ਡੇਰੇਦਾਰਾਂ, ਸੰਤਾਂ-ਬਾਬਿਆਂ ਦੀਆਂ ਸ਼ਰਧਾਲੂ ਔਰਤਾਂ, ਇੱਥੋਂ ਤਕ ਕਿ ਪਰਿਵਾਰਾਂ ਦੀਆਂ ਮਾਸੂਮ ਧੀਆਂ ਵੀ ‘ਰੂਹਾਨੀਅਤ’ ਦੇ ਇਨ੍ਹਾਂ ਮੰਦਰਾਂ ਵਿਚ ਅਸੁਰੱਖਿਅਤ ਹੀ ਨਹੀਂ ਸਗੋਂ ਪੂਰੇ-ਸੂਰੇ ਜਿਸਮ-ਫਰੋਸ਼ੀ ਤੰਤਰ ਦੇ ਘੇਰੇ ‘ਚ ਹਨ। ਦੂਜੇ ਪਾਸੇ, ਇਨ੍ਹੀਂ ਦਿਨੀਂ ਹੀ ਇਕ ਸਿਖਾਂਦਰੂ ਵਕੀਲ ਕੁੜੀ ਨੇ ਭਾਂਡਾ ਭੰਨਿਆ ਕਿ ਸੁਪਰੀਮ ਕੋਰਟ ਦੇ ਜੱਜ (ਹੁਣ ਸੇਵਾ-ਮੁਕਤ) ਵਲੋਂ ਉਸ ਨੂੰ ਦਿੱਲੀ ਵਿਚ ਹੀ ਉਨ੍ਹੀਂ ਦਿਨੀਂ ਬੇਪੱਤ ਕਰਨ ਦਾ ਯਤਨ ਕੀਤਾ ਗਿਆ ਜਦੋਂ ਉਥੇ ਪਿਛਲੇ ਵਰ੍ਹੇ ਦਾਮਨੀ ਕਾਂਡ ਵਿਰੁੱਧ ਰੋਹ ਦਾ ਤੂਫ਼ਾਨ ਉੱਠਿਆ ਹੋਇਆ ਸੀ। ਇਸ ਨੇ ਦਿਖਾ ਦਿੱਤਾ ਹੈ ਕਿ ਔਰਤ ਦੀ ਅਸੁਰੱਖਿਆ ਦਾ ਮਾਮਲਾ ਕਿਸ ਕਦਰ ਸੰਗੀਨ ਹੈ।
ਦਰ ਹਕੀਕਤ, ਮਜ਼ਲੂਮ ਦੀ ਅਸਲ ਪਨਾਹ ਕਾਨੂੰਨ ਨਹੀਂ ਵੰਨ-ਸੁਵੰਨੀ ਸਮਾਜੀ ਜੱਦੋ-ਜਹਿਦ ਹੈ। ‘ਤਹਿਲਕਾ’ ਵਲੋਂ ਕਰਵਾਏ ਜਾਂਦੇ ਗੋਆ ਚਿੰਤਨ ਬਾਰੇ ਕਿਸੇ ਦੇ ਵੀ ਬਹੁਤ ਸਾਰੇ ਸਵਾਲ ਹੋ ਸਕਦੇ ਹਨ, ਪਰ ਇਕ ਚੀਜ਼ ਤੈਅ ਹੈ ਕਿ ਘੱਟੋ-ਘੱਟ ਇਥੇ ਮਜ਼ਲੂਮਾਂ ਨੂੰ ਸਪੇਸ ਦਿੱਤੀ ਜਾਂਦੀ ਰਹੀ ਹੈ। ਮਸਲਨ, ਇਸ ਵਾਰ ‘ਥਿੰਕ-2013’ ਦੇ ਮੰਚ ਉੱਪਰ ਹਰਿਆਣਾ ਦੀ 16 ਸਾਲ ਦੀ ਕੁੜੀ ਸੰਧਿਆ ਨੂੰ ਹਾਜ਼ਰੀਨ ਦੇ ਰੂ-ਬ-ਰੂ ਕੀਤਾ ਗਿਆ ਸੀ ਜਿਸ ਨਾਲ ਪਿਛਲੇ ਸਾਲ ਅਗਸਤ ਮਹੀਨੇ ਦੋ ਉੱਚ ਜਾਤੀ ਧੌਂਸਬਾਜ਼ਾਂ ਨੇ ਸਮੂਹਕ ਜਬਰ ਜਨਾਹ ਹੀ ਨਹੀਂ ਸੀ ਕੀਤਾ, ਸਗੋਂ 20 ਦਿਨ ਬਾਅਦ ਉਸ ਦੀ ਮਾਂ ਨਾਲ ਦਿਨ-ਦਿਹਾੜੇ ਜਬਰ ਜਨਾਹ ਕਰ ਕੇ ਉਸ ਨੂੰ ਇਸ ਕਰ ਕੇ ਕਤਲ ਕਰ ਦਿੱਤਾ ਸੀ ਕਿਉਂਕਿ ਕੁੜੀ ਉਨ੍ਹਾਂ ਦੀ ਇੱਛਾ ਅਨੁਸਾਰ ਦਸ ਦਿਨਾਂ ‘ਚ ਦੁਬਾਰਾ ਉਨ੍ਹਾਂ ਅੱਗੇ ਪੇਸ਼ ਨਹੀਂ ਸੀ ਹੋਈ।
‘ਤਹਿਲਕਾ’ ਵਰਗੇ ਨਾਮਵਰ ਅਦਾਰੇ ਦੇ ਅੰਦਰ, ਤੇਜਪਾਲ ਵਰਗੀ ਸ਼ਖਸੀਅਤ ਵਲੋਂ ਗੋਆ ‘ਥਿੰਕ 2013’ (8 ਤੋਂ 10 ਨਵੰਬਰ) ਦੇ ਮੌਕੇ ਔਰਤ ਦੀ ਹਸਤੀ ਉੱਪਰ ਅਜਿਹਾ ਹਮਲਾ ਸ਼ਰਮਨਾਕ ਤਾਂ ਹੈ ਹੀ, ਇਸ ਤੋਂ ਵੀ ਵੱਧ ਅਗਾਂਹਵਧੂ ਤੇ ਇਨਸਾਫ਼ਪਸੰਦ ਹਲਕਿਆਂ ਲਈ ਸਦਮਾ ਵੀ ਹੈ। ਇਕ ਪਾਸੇ, ਤਹਿਲਕਾ ਅਦਾਰੇ ਦੀ ਮੇਜ਼ਬਾਨੀ ਤੇ ਮੌਜੂਦਗੀ ਵਿਚ ਇਕ ਗ਼ੈਰਤਮੰਦ ਕੁੜੀ ਨੇ ਹਾਜ਼ਰੀਨ ਦੇ ਪੇਸ਼ੇ-ਨਜ਼ਰ ਹੋ ਕੇ ਆਪਣੀ ਰੌਂਗਟੇ ਖੜ੍ਹੇ ਕਰਨ ਵਾਲੀ ਦਰਦ ਕਹਾਣੀ ਬਿਆਨ ਕੀਤੀ ਹੋਵੇ, ਉਸ ‘ਚਿੰਤਨ’ ਦੇ ਮਾਹੌਲ ਵਿਚ ਤੇਜਪਾਲ ਦੀ ਜ਼ਹਿਨੀਅਤ ਅੰਦਰ ਕਿਸੇ ਖੂੰਜੇ ਛੁਪਿਆ ਦਰਿੰਦਾ ਸਾਥੀ ਮੁਲਾਜ਼ਮ ਕੁੜੀ ਨੂੰ ਉਪਰੋਥਲੀ ਦੋ ਦਿਨ ਆਪਣੀ ਹਵਸ ਦਾ ਸ਼ਿਕਾਰ ਬਣਾਉਣ ‘ਤੇ ਉਤਾਰੂ ਹੋਇਆ ਪਿਆ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਔਰਤਾਂ ਉੱਪਰ ਜ਼ੁਲਮ ਰੋਕਣ ਲਈ ਔਰਤ ਦੀ ਮਜ਼ਲੂਮ ਤੇ ਨਿਤਾਣੀ ਸਮਾਜੀ ਹੈਸੀਅਤ ਵਿਚ ਬੁਨਿਆਦੀ ਬਦਲਾਅ ਕਿਉਂ ਜ਼ਰੂਰੀ ਹੈ।
ਇਸ ਮਾਮਲੇ ਵਿਚ ਵੀ ਲਗਭਗ ਉਹ ਸਾਰੇ ਘਿਨਾਉਣੇ ਲੱਛਣ ਖੁੱਲ੍ਹ ਕੇ ਸਾਹਮਣੇ ਆਏ ਹਨ ਜੋ ਅਜਿਹੇ ਮਾਮਲਿਆਂ ‘ਚ ਆਮ ਹੀ ਸਾਹਮਣੇ ਆਉਂਦੇ ਹਨ। ‘ਸਟੋਰੀ’ ਦੀ ਭਾਲ ਵਿਚ ਹਰਲ-ਹਰਲ ਕਰਦੇ ਮੀਡੀਏ ਨੂੰ ਨਵੀਂ ਖ਼ਬਰ ਹੱਥ ਲੱਗ ਗਈ। ‘ਇੰਡੀਅਨ ਐਕਸਪ੍ਰੈਸ’ ਵਰਗੇ ਅਖ਼ਬਾਰਾਂ ਨੂੰ ਤਹਿਲਕਾ ਨੂੰ ਸੁਰਖ਼ੀਆਂ ਬਣਾ ਕੇ ਪੂਰਾ ਸਫ਼ਾ ਕਵਰੇਜ ਕਰਨ ਦਾ ਮੌਕਾ ਮਿਲ ਗਿਆ। ਕਾਨੂੰਨ ਦੀ ਦੁਹਾਈ ਦੇਣ ਵਾਲਿਆਂ ਨੇ ਇਸ ਨੂੰ ਸਨਸਨੀਖੇਜ਼ ਬਣਾਉਣ ਦੀ ਧੁਸ ਵਿਚ ਅਜਿਹੇ ਮਾਮਲਿਆਂ ‘ਚ ਪੀੜਤ ਔਰਤ ਦੀ ਪਛਾਣ ਨਸ਼ਰ ਨਾ ਕਰਨ ਦੀਆਂ ਅਦਾਲਤੀ ਹਦਾਇਤਾਂ ਦੀ ਵੀ ਪ੍ਰਵਾਹ ਨਹੀਂ ਕੀਤੀ। ਤਹਿਲਕਾ ਦੇ ਦੁਸ਼ਮਣਾਂ ਨੂੰ ਕਿੜਾਂ ਕੱਢਣ ਦਾ ਵਧੀਆ ਮੌਕਾ ਹੱਥ ਲੱਗ ਗਿਆ।
ਉਸ ਕਾਂਗਰਸ ਦੇ ਬੁਲਾਰੇ ‘ਕਾਨੂੰਨ ਅਨੁਸਾਰ ਕਾਰਵਾਈ ਕਰਨ’ ਦੇ ਬਿਆਨ ਦੇ ਰਹੇ ਹਨ ਜਿਨ੍ਹਾਂ ਦੇ ਚੋਟੀ ਦੇ ਆਗੂਆਂ ਦੀਆਂ ਹਦਾਇਤਾਂ ਉੱਪਰ ਦਿੱਲੀ ਦੀਆਂ ਸੜਕਾਂ ਉਤੇ 1984 ਵਿਚ ਸਿੱਖ ਔਰਤਾਂ ਨਾਲ ਦੋ ਦਿਨ ਸਮੂਹਕ ਜਬਰ ਜਨਾਹ ਹੁੰਦੇ ਰਹੇ। ਜਿਨ੍ਹਾਂ ਨੇ ਪਿਛਲੇ ਸਾਲ ਦਾਮਨੀ ਜਬਰ ਜਨਾਹ ਕਾਂਡ ਮੌਕੇ ਆਪਣੀ ਘਿਨਾਉਣੀ ਖ਼ਾਮੋਸ਼ੀ ਬੇਮਿਸਾਲ ਅਵਾਮੀ ਰੋਹ ਦੇ ਦਬਾਅ ਹੇਠ ਆ ਕੇ ਹੀ ਤੋੜੀ ਸੀ। ਜਿਸ ਦੀ ਅਗਵਾਈ ਹੇਠ ਇਸ ਮੁਲਕ ਦੀਆਂ ਹਥਿਆਰਬੰਦ ਫ਼ੌਜਾਂ/ਨੀਮ ਫ਼ੌਜਾਂ ਤੇ ਪੁਲਿਸ ਨੇ ਆਜ਼ਾਦੀ ਦੇ ਸਾਢੇ ਦਹਾਕਿਆਂ ਵਿਚ ਭਾਰਤ, ਉਤਰ-ਪੂਰਬ ਅਤੇ ਕਸ਼ਮੀਰ ਵਿਚ ਸਭ ਤੋਂ ਵੱਧ ਸਮਾਂ ਔਰਤਾਂ ਨੂੰ ਬੇਪੱਤ ਕੀਤਾ ਹੈ। ਇਹ ਸਭ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ। ਦੂਜੇ ਪਾਸੇ, ਭਗਵਾਂ ਬ੍ਰਿਗੇਡ ਦੀ ਦੁਖਦੀ ਰਗ ਨੇ ਇਸ ਵਕਤ ਥੋੜ੍ਹੀ ਰਾਹਤ ਮਹਿਸੂਸ ਕੀਤੀ ਹੈ। ਸੰਘੀਆਂ ‘ਤੇ ਤਹਿਲਕਾ ਮਿਜ਼ਾਇਲਾਂ ਦਾਗ਼ਣ ਵਾਲਾ ਤੇਜਪਾਲ ਸੰਘੀ ਕੋੜਮੇ ਦੇ ਬੁਲਾਰਿਆਂ ਦੇ ਬਿਆਨਾਂ ਦੀ ਗੋਲਾਬਾਰੀ ਦੀ ਜ਼ੱਦ ‘ਚ ਮਸਾਂ ਆਇਆ ਹੈ। ਚੋਟੀ ਦਾ ਆਗੂ ਅਰੁਣ ਜੇਤਲੀ ਇੱਥੋਂ ਤਕ ਕਹਿ ਗਿਆ ਹੈ ਕਿ ਜੇ ਸਬੰਧਤ ਕੁੜੀ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ, ਫਿਰ ਵੀ ਤੇਜਪਾਲ ਉੱਪਰ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਇਸ ਮਾਮਲੇ ਵਿਚ ਸਭ ਤੋਂ ਘਿਨਾਉਣੀ ਭੂਮਿਕਾ ਸੀæਪੀæਐੱਮæ ਦੀ ਆਹਲਾ ਆਗੂ ਬਰਿੰਦਾ ਕਰਤ ਦੀ ਹੈ ਜੋ ਕਹਿ ਰਹੀ ਹੈ ਕਿ ‘ਪਛਤਾਵੇ’ ਦੀਆਂ ਈ-ਮੇਲਾਂ ਨਾਲ ਕੰਮ ਨਹੀਂ ਚਲਣਾ। ‘ਤੇਜਪਾਲ ਦੀ ਅਸਲ ਥਾਂ ਜੇਲ੍ਹ ਹੈ ਜਿਸ ਤੋਂ ਉਸ ਨੂੰ ਕੋਈ ਨਹੀਂ ਬਚਾ ਸਕਦਾ’। ਇਹ ਵੱਖਰੀ ਚੀਜ਼ ਹੈ ਕਿ ਉਸ ਦੀ ਆਪਣੀ ਪਾਰਟੀ ਲੀਡਰਸ਼ਿਪ ਉੱਪਰ ਸ਼ਰੇਆਮ ਇਹ ਇਲਜ਼ਾਮ ਲੱਗਦੇ ਰਹੇ ਹਨ, ਤੇ ਉਹ ਖ਼ੁਦ ਹੀ ਲਾਉਂਦੀ ਹੀ ਹੈ, ਕਿ ਇਥੇ ਔਰਤਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਸ਼ੋਮਾ ਚੌਧਰੀ ਸਮੇਤ ਤਹਿਲਕਾ ਦੇ ਇੰਤਜ਼ਾਮੀਆਂ ਨੂੰ ਮੱਤਾਂ ਦੇਣ ਸਮੇਂ ਉਹ ਭੁੱਲ ਹੀ ਗਈ ਕਿ ਉਸ ਦੀ ਪਾਰਟੀ ਦੇ ਬੰਗਾਲ ਦੇ ਆਗੂ ਨੇ ਪੱਛਮੀ ਬੰਗਾਲ ਅੰਦਰ ਜਬਰ ਜਨਾਹ ਦੇ ਮਾਮਲੇ ਬਾਰੇ ਮਮਤਾ ਬੈਨਰਜੀ ਨੂੰ ਉਲਟਾ ਪੁੱਛਿਆ ਸੀ ਕਿ ਉਹ ਜਬਰ ਜਨਾਹ ਕਰਾਉਣ ਦਾ ਕਿੰਨਾ ਮੁੱਲ ਲੈਣਾ ਚਾਹੇਗੀ? ਉਸ ਦੀ ਪਾਰਟੀ ਦੇ ਪੰਜਾਬ ਦੇ ਇਕ ਸਾਬਕਾ ਮੁੱਖ ਆਗੂ ‘ਪ੍ਰੋਫੈਸਰ ਸਾਹਬ’ ਉਪਰ ਵੀ ਇਹੀ ਇਲਜ਼ਾਮ ਲੱਗਿਆ ਸੀ। ਲਾਲਗੜ੍ਹ ਵਿਚ ਸੀæਪੀæਐੱਮæ ਦੀ ਲੀਡਰਸ਼ਿਪ ਦੀ ‘ਅਗਾਂਹਵਧੂ’ ਰਹਿਨੁਮਾਈ ਹੇਠ ਇਨ੍ਹਾਂ ਦੀ ਨਿੱਜੀ ਹਰਮਦ ਵਾਹਨੀ ਅਤੇ ਸਰਕਾਰੀ ਹਥਿਆਰਬੰਦ ਤਾਕਤਾਂ ਵਲੋਂ ਪੂਰੇ ਤਿੰਨ ਸਾਲ ਆਦਿਵਾਸੀ ਔਰਤਾਂ ਨਾਲ ਸਮੁਹਕ ਜਬਰ ਜਨਾਹ ਹੀ ਨਹੀਂ ਕੀਤੇ ਗਏ ਸਗੋਂ ਗ੍ਰਿਫ਼ਤਾਰ ਕੀਤੀਆਂ ਮਾਓਵਾਦੀ ਔਰਤਾਂ ਨਾਲ ਪੁਲਿਸ ਹਿਰਾਸਤ ‘ਚ ਮਿੱਥ ਕੇ ਜਬਰ ਜਨਾਹ ਕਰਵਾ ਕੇ ਉਨ੍ਹਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਮਾਮਲਿਆਂ ਵਿਚ ਤਾਂ ਬਰਿੰਦਾ ਨੇ ਕਦੇ ਜ਼ਬਾਨ ਨੇ ਖੋਲ੍ਹੀ ਕਿ ਉਸ ਦੀ ਪਾਰਟੀ ਦੇ ਸਬੰਧਤ ਆਗੂ ਅਤੇ ਪੁਲਿਸ ਅਧਿਕਾਰੀ ਵੀ ਜੇਲ੍ਹ ਭੇਜੇ ਜਾਣੇ ਚਾਹੀਦੇ ਹਨ!
Leave a Reply