ਜਿਵੇਂ ਜਿਵੇਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਵੇਂ ਜਿਵੇਂ ਚੋਣ ਕਮਿਸ਼ਨ ਵਿਰੁੱਧ ਦੇਸ਼ ਦੀ ਵਿਰੋਧੀ ਧਿਰ ਵਲੋਂ ਵਿਢਿਆ ਗਿਆ ਅੰਦੋਲਨ ਹੋਰ ਤਿੱਖਾ ਕੀਤਾ ਜਾ ਰਿਹਾ ਹੈ, ਤਿਵੇਂ ਤਿਵੇਂ ਦੇਸ਼ ਦੇ ਸਿਆਸੀ ਮੰਚ ‘ਤੇ ਤਣਾਅਪੂਰਨ ਮਾਹੌਲ ਬਣਦਾ ਜਾ ਰਿਹਾ ਹੈ।
ਕਈ ਤਰ੍ਹਾਂ ਦੀਆਂ ਹੋ ਰਹੀਆਂ ਕਾਰਵਾਈਆਂ ਤੋਂ ਇਲਾਵਾ ਛੋਟੇ-ਵੱਡੇ ਆਗੂਆਂ ਵਲੋਂ ਆਪਣੇ ਵਿਰੋਧੀਆਂ ਖ਼ਿਲਾਫ਼ ਕਈ ਵਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾਣ ਲੱਗੀ ਹੈ, ਜੋ ਮਰਿਯਾਦਾ ਦੀਆਂ ਹੱਦਾਂ ਟੱਪ ਜਾਂਦੀ ਹੈ।
ਲੋਕਤੰਤਰ ਵਿਚ ਆਪਸੀ ਵਿਚਾਰਧਾਰਕ ਵਿਰੋਧ ਹੋਣਾ ਕੁਦਰਤੀ ਹੈ ਪਰ ਜੇ ਅਜਿਹਾ ਵਿਰੋਧ ਨਫ਼ਰਤ ਅਤੇ ਦੁਸ਼ਮਣੀ ਵਿਚ ਬਦਲਦਾ ਦਿਖਾਈ ਦੇਵੇ ਤਾਂ ਉਹ ਇਸ ਪੂਰੇ ਪ੍ਰਬੰਧ ਲਈ ਘਾਤਕ ਸਾਬਤ ਹੋ ਸਕਦਾ ਹੈ। ਹੇਠਲੀ ਪੱਧਰ ‘ਤੇ ਤਾਂ ਬਹੁਤੀ ਵਾਰ ਅਜਿਹਾ ਕੁਝ ਦਿਖਾਈ ਦਿੰਦਾ ਹੈ ਪਰ ਜੇਕਰ ਇਹ ਉਪਰਲੀ ਪੱਧਰ ਤੱਕ ਪਹੁੰਚ ਜਾਏ ਅਤੇ ਅਜਿਹੇ ਦ੍ਰਿਸ਼ ਅਕਸਰ ਦੇਖਣ ਨੂੰ ਮਿਲਣ ਲੱਗ ਪੈਣ ਤਾਂ ਇਹ ਪੂਰੇ ਸਿਆਸੀ ਪ੍ਰਬੰਧ ਲਈ ਹੀ ਨੁਕਸਾਨਦੇਹ ਸਾਬਿਤ ਹੋਣਗੇ। ਇਸ ਸੰਬੰਧੀ ਵੱਡਾ ਵਿਵਾਦ ਉਸ ਸਮੇਂ ਵੀ ਪੈਦਾ ਹੁੰਦਾ ਹੈ, ਜਦੋਂ ਵੱਡੇ ਆਗੂ ਜ਼ਾਬਤੇ ਤੋਂ ਬਾਹਰ ਹੋ ਜਾਂਦੇ ਹਨ। ਅਜਿਹਾ ਕੁਝ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਵੱਡੇ-ਛੋਟੇ ਆਗੂਆਂ ਵਲੋਂ ਕੀਤਾ ਜਾਂਦਾ ਰਿਹਾ ਹੈ। ਭਾਜਪਾ ਅਜੇਹੀ ਬਿਆਨਬਾਜ਼ੀ ਦੀ ਆਦੀ ਹੈ। ਪਰ ‘ਵੋਟ ਚੋਰੀ’ ਦੇ ਮਸਲੇ ‘ਤੇ ਵੱਡੇ ਕਾਂਗਰਸੀ ਆਗੂ ਰਾਹੁਲ ਗਾਂਧੀ ਵਲੋਂ ਜਿਵੇਂ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ, ਉਹ ਵੀ ਕਈ ਵਾਰ ਮਰਿਯਾਦਾ ਤੋਂ ਬਾਹਰ ਜਾਂਦੀ ਦਿਖਾਈ ਦਿੰਦੀ ਹੈ। ਰਾਹੁਲ ਵਰਗੇ ਸ਼ਾਲੀਨ ਆਗੂ ਨੂੰ ਬਹੁਤ ਸੰਭਲ-ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਨੂੰ ਪਾਰਟੀ ਦੇ ਤੌਰ ‘ਤੇ ਵੱਡੀਆਂ ਅਜਿਹੀਆਂ ਸਿਆਸੀ ਹਾਰਾਂ ਦਾ ਮੂੰਹ ਦੇਖਣਾ ਪਿਆ ਹੈ, ਜਿਸ ਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ, ਜਿਸ ਕਾਰਨ ਉਹ ਹਰ ਹੀਲੇ-ਵਸੀਲੇ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਕਾਹਲੇ ਪਏ ਦਿਖਾਈ ਦਿੰਦੇ ਹਨ। ਸ਼ਾਇਦ ਕਾਹਲ ਦੀ ਘਬਰਾਹਟ ਵਿਚ ਹੀ ਜਿਸ ਤਰ੍ਹਾਂ ਦਾ ਵਤੀਰਾ ਵੱਡੇ ਕਾਂਗਰਸੀ ਆਗੂਆਂ ਨੇ ਧਾਰਨ ਕਰ ਲਿਆ ਹੈ, ਉਸ ਤੋਂ ਉਨ੍ਹਾਂ ਨੂੰ ਕੋਈ ਵੱਡੀ ਪ੍ਰਾਪਤੀ ਨਾ ਹੁੰਦੀ ਦਿਖਾਈ ਦੇਣ ਨਾਲ, ਉਨ੍ਹਾਂ ਦੀ ਨਿਰਾਸ਼ਾ ਸਿਰ ਚੜ੍ਹ ਕੇ ਬੋਲਦੀ ਨਜ਼ਰ ਆ ਰਹੀ ਹੈ। ਇਸੇ ਹੀ ਕੜੀ ਵਿਚ ਮਲਿਕਅਰਜੁਨ ਖੜਗੇ ਵਲੋਂ ਦਿਖਾਈ ਗਈ ਬੌਖਲਾਹਟ ਨੂੰ ਦੇਖਿਆ ਜਾ ਸਕਦਾ ਹੈ। ਖੜਗੇ ਪਾਰਟੀ ਦੇ ਵੱਡੇ ਆਗੂ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸੁਲਝੇ ਅਤੇ ਸਿਆਣੇ ਨੇਤਾ ਵੀ ਮੰਨਿਆ ਜਾਂਦਾ ਹੈ, ਪਰ ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਹੈ ਕਿ ਉਹ ਕਈ ਵਾਰ ਆਪੇ ਤੋਂ ਬਾਹਰ ਹੋ ਕੇ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ।
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਸਮਾਗਮ ਵਿਚ ਜਦੋਂ ਉਨ੍ਹਾਂ ਕਿਹਾ ਕਿ ਕਾਂਗਰਸ ਐਸ.ਆਈ.ਆਰ. ਪ੍ਰਕਿਰਿਆ ਵਿਚ ਕਥਿਤ ਗੜਬੜੀਆਂ ਵਿਚ ਸ਼ਾਮਿਲ ਲੋਕਾਂ ਨੂੰ ਜੇਲ੍ਹਾਂ ਵਿਚ ਭੇਜੇਗੀ, ਤਾਂ ਸਭਾ ਵਿਚ ਮੌਜੂਦ ਇਕ ਵਿਅਕਤੀ ਨੇ ਕਿਹਾ ਕਿ ਮੋਦੀ ਹਾਲੇ ਨਹੀਂ ਜਾਣਗੇ। ਇਸ ’ਤੇ ਖੜਗੇ ਨੇ ਤਿਲਮਿਲਾ ਕੇ ਮੰਚ ਤੋਂ ਤਿੰਨ ਵਾਰ ਇਹ ਕਿਹਾ ਕਿ ‘ਮੋਦੀ ਹੀ ਨਹੀਂ ਉਸ ਦਾ ਬਾਪ ਵੀ ਜਾਏਗਾ’। ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਵਰਗੀ ਪਿਤਾ ਸੰਬੰਧੀ ਵਰਤੀ ਗਈ ਅਜਿਹੀ ਸ਼ਬਦਾਵਲੀ ਕਿਸੇ ਵੀ ਤਰ੍ਹਾਂ ਠੀਕ ਨਹੀਂ ਕਹੀ ਜਾ ਸਕਦੀ। ਇਸ ਨਾਲ ਜਿੱਥੇ ਸਿਆਸੀ ਪਾਰਟੀਆਂ ਅੰਦਰ ਕੜਵਾਹਟ ਵਧਦੀ ਹੈ, ਉੱਥੇ ਹੇਠਲੇ ਪੱਧਰ ਤੱਕ ਵੀ ਅਜਿਹਾ-ਮਾਹੌਲ ਪੈਦਾ ਹੋ ਜਾਂਦਾ ਹੈ। ਜਦੋਂ ਕਿਸੇ ਪਾਰਟੀ ਦਾ ਕੋਈ ਵੱਡਾ ਆਗੂ ਹੀ ਭਾਸ਼ਾ ਦੀ ਮਰਿਆਦਾ ਭੁੱਲ ਜਾਂਦਾ ਹੈ ਤਾਂ ਉਸ ਦੇ ਵਰਕਰਾਂ ਤੋਂ ਕਿਸ ਤਰ੍ਹਾਂ ਸਲੀਕੇ ਦੀ ਆਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਵਿਰੋਧ ਕਰੋ, ਨੀਤੀਆਂ ‘ਤੇ ਸਵਾਲ ਉਠਾਓ, ਸਰਕਾਰ ਦੀ ਆਲੋਚਨਾ ਕਰੋ ਪਰ ਵਿਅਕਤੀਗਤ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ ਜਾਣੀ ਚਾਹੀਦੀ। ਸਿਆਸੀ ਪਾਰਟੀਆਂ ਦੇ ਛੋਟੇ-ਵੱਡੇ ਆਗੂਆਂ ਵਲੋਂ ਅਜਿਹੀ ਬਿਆਨਬਾਜ਼ੀ ਦੇਸ਼ ਦੇ ਮਾਹੌਲ ਨੂੰ ਹੋਰ ਵੀ ਗੰਧਲਾ ਕਰਨ ਵਿਚ ਸਹਾਈ ਹੋ ਸਕਦੀ ਹੈ, ਜਿਸ ਤੋਂ ਸਾਰੀਆਂ ਪਾਰਟੀਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ। ਪੰਜਾਬ ਵਿਚ ਵੀ ਪਿਛਲੇ ਸਮੇਂ ਤੋਂ ਇਕ-ਦੂਸਰੇ ਵਿਰੁੱਧ ਨਿੱਜੀ ਕੁੜੱਤਣਾਂ ਪੈਦਾ ਕਰਨ ਵਾਲੀ ਕੀਤੀ ਜਾ ਰਹੀ ਬਿਆਨਬਾਜ਼ੀ ਨੇ ਮਾਹੌਲ ਵਿਚ ਪਹਿਲਾਂ ਹੀ ਬੇਹੱਦ ਭੜਕਾਹਟ ਪੈਦਾ ਕੀਤੀ ਹੋਈ ਹੈ ਤੇ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਅਜਿਹੀ ਭੜਕਾਹਟ ਸੂਬੇ ਲਈ ਹੋਰ ਵੀ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ। ਸਾਰੇ ਹੀ ਵੱਡੇ-ਛੋਟੇ ਆਗੂਆਂ ਨੂੰ ਇਸ ਪੱਖ ਤੋਂ ਇਕ ਮਿਆਰ ਵਿਚ ਰਹਿ ਕੇ ਬਿਆਨਬਾਜ਼ੀ ਅਤੇ ਅਮਲ ਕਰਨ ਦੀ ਲੋੜ ਹੈ ਤਾਂ ਕਿ ਆਗੂਆਂ ਦੀ ਫਿਸਲਦੀ ਜ਼ੁਬਾਨ ਦੇ ਨਾਲ-ਨਾਲ ਲੋਕਤੰਤਰ ਹੀ ਨਾ ਫਿਸਲ ਜਾਵੇ।
