ਰਾਜਨੀਤੀ ਦੀ ਕਰਵਟ

ਪੰਜ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਚੁੱਕੀ ਹੈ। ਭਾਜਪਾ ਲਈ ਪੰਜਾਬ ਜਿੱਤਣਾ ਪ੍ਰਾਥਮਿਕਤਾ ਜਾਪ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਦਾ ਮੰਗਲਵਾਰ ਦਾ ਪੰਜਾਬ ਦੌਰਾ ਭਾਜਪਾ ਦੀ ਅਜੇਹੀ ਭਾਵਨਾ ਨੂੰ ਹੋਰ ਪਰਤਖ ਕਰਦਾ ਹੈ। ਉਸ ਨੇ ਜਿਵੇਂ ਪੰਜਾਬ ਸਰਕਾਰ ਉਤੇ ਸ਼ਬਦੀ ਬਾਣ ਚਲਾਏ ਹਨ ਉਹ ਬੇਹੱਦ ਮਹੱਤਵਪੂਰਨ ਹਨ। ਪਰ ਦੇਸ਼ ਦੀ ਸਥਿਤੀ ਕਿਸੇ ਹੋਰ ਪਾਸੇ ਕਰਵਟ ਲੈ ਰਹੀ ਪ੍ਰਤੀਤ ਹੁੰਦੀ ਹੈ।

ਪਿਛਲੇ ਹਫ਼ਤੇ ਦਿੱਲੀ ਦੇ ਬਾਰਾਖੰਭਾ ਰੋਡ ਤੋਂ ਸੁਪਰੀਮ ਕੋਰਟ ਤੱਕ ਵਿਰੋਧੀ ਧਿਰ ਦੇ ਮਾਰਚ ਨੇ ਵੀ ਵੱਖਰੇ ਸੰਕੇਤ ਦਿੱਤੇ ਹਨ। ਵੋਟ ਚੋਰੀ ਦੇ ਮੁੱਦੇ ‘ਤੇ ਲੋਕਾਂ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਰਾਹੁਲ ਗਾਂਧੀ ਨੂੰ ਵੀ ਰਾਜਨੀਤੀ ਦੀ ਸਖ਼ਤ ਪ੍ਰੀਖਿਆ ‘ਚੋਂ ਨਹੀਂ ਲੰਘਣਾ ਪੈ ਰਿਹਾ ਹੈ।
2019 ਦੀਆਂ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਵਜੋਂ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਕਿਹਾ ਸੀ, ਕਿ ਉਹ ਤਾਂ ਇਕੱਲੇ ਹੀ ਸੱਤਾ ਨਾਲ ਲੜ ਰਹੇ ਸਨ। ਮਤਲਬ ਸਪੱਸ਼ਟ ਹੈ ਕਿ ਸੀਨੀਅਰ ਕਾਂਗਰਸ ਆਗੂ ਉਨ੍ਹਾਂ ਦੇ ਨਾਲ ਨਹੀਂ ਸਨ ਤੇ ਹੁਣ ਜਦੋਂ ਰਾਹੁਲ ਤੇ ਪ੍ਰਿਯੰਕਾ ਗਾਂਧੀ ਸੜਕਾਂ ‘ਤੇ ਲੜਦੇ ਦਿਖਾਈ ਦੇ ਰਹੇ ਹਨ ਤਾਂ ਵੀ ਉਕਤ ਆਗੂ ਗਾਇਬ ਹਨ। ਰਾਹੁਲ ਦੀ ਅਗਵਾਈ ਹੇਠ ਇਕ ਨਵੀਂ ਕਾਂਗਰਸ ਉੱਭਰ ਰਹੀ ਹੈ, ਜੋ ਏਅਰ-ਕੰਡੀਸ਼ਨਡ ਕਮਰਿਆਂ ‘ਚ ਬੈਠ ਕੇ ਰਾਜਨੀਤੀ ਕਰਨ ਦੀ ਬਜਾਏ ਸੜਕਾਂ ‘ਤੇ ਉਤਰ ਕੇ ਮੁੱਦੇ ਉਠਾ ਰਹੀ ਹੈ। ਦਰਅਸਲ ਹਰ ਨੇਤਾ ਨੂੰ ਆਪਣੀ ਪਾਰਟੀ ਨੂੰ ਆਪਣੀ ਪਸੰਦ ਅਨੁਸਾਰ ਢਾਲਣਾ ਪੈਂਦਾ ਹੈ। ਜਿਵੇਂ ਮੋਦੀ ਦੇ ਭਾਜਪਾ ਦੀ ਅਗਵਾਈ ਸੰਭਾਲਣ ਤੋਂ ਬਾਅਦ ਮੋਦੀ ਦੇ ਰੰਗ ‘ਚ ਰੰਗੀ ਇਕ ਨਵੀਂ ਭਾਜਪਾ ਦਾ ਜਨਮ ਹੋਇਆ ਹੈ, ਜਿਸ ਨੂੰ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾਂਦਿਆਂ ਕਿਸੇ ਵੀ ਪਾਰਟੀ ਨੂੰ ਤੋੜਨ ਜਾਂ ਕਿਸੇ ਨੂੰ ਵੀ ਜੇਲ੍ਹ ਭੇਜਣ ਤੋਂ ਕੋਈ ਸੰਕੋਚ ਨਹੀਂ ਹੈ। ਭਾਜਪਾ ਆਗੂਆਂ ਨੂੰ ਪਾਸੇ ਕਰਦਿਆਂ ਕਾਂਗਰਸ ਜਾਂ ਹੋਰ ਪਾਰਟੀਆਂ ਤੋਂ ਆਏ ਆਗੂਆਂ, ਜਿਨ੍ਹਾਂ ਨੇ ਮੋਦੀ ਦੀ ਅਗਵਾਈ ਨੂੰ ਅੱਖਾਂ ਮੀਚ ਕੇ ਸਵੀਕਾਰ ਕੀਤਾ, ਉਨ੍ਹਾਂ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਗਿਆ। ਹੁਣ ਰਾਹੁਲ ਗਾਂਧੀ ਨੇ ਕਥਿਤ ਸੀਨੀਅਰ ਕਾਂਗਰਸੀ ਆਗੂਆਂ ਨੂੰ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਸ ਦੀ ਪਸੰਦ ਵਾਲੀ ਕਾਂਗਰਸ ਸਾਹਮਣੇ ਦਿਖਾਈ ਦੇ ਰਹੀ ਹੈ।
ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ਨਾਲ ਪਾਰਟੀ ਦਾ ਨਵਾਂ ਸਫ਼ਰ ਸ਼ੁਰੂ ਹੋਇਆ ਹੈ। ਸੀਨੀਅਰ ਕਾਂਗਰਸੀ ਆਗੂ ਤਾਂ ਭੁੱਲ ਹੀ ਗਏ ਸਨ ਕਿ ਜਿਸ ਸਥਿਤੀ ‘ਚ ਕਾਂਗਰਸ ਪਹੁੰਚ ਗਈ ਸੀ, ਉਸ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਤੇ ਕਾਂਗਰਸ ਦੇ ਵਜੂਦ ‘ਤੇ ਹੀ ਸਵਾਲ ਉਠਾਏ ਜਾ ਰਹੇ ਸਨ। ‘ਆਪ’ ਨੂੰ ਕਾਂਗਰਸ ਦੇ ਇਕ ਰਾਸ਼ਟਰੀ ਬਦਲ ਵਜੋਂ ਦੇਖਿਆ ਜਾ ਰਿਹਾ ਸੀ ਤੇ ਅਰਵਿੰਦ ਕੇਜਰੀਵਾਲ ਨੂੰ ਮੋਦੀ ਨੂੰ ਚੁਣੌਤੀ ਦੇਣ ਵਾਲਾ ਮੰਨਿਆ ਜਾਣ ਲੱਗਾ ਸੀ। ਪਰ ਹੁਣ ਰਾਹੁਲ ਗਾਂਧੀ ਸਮਝ ਚੁੱਕੇ ਹਨ ਕਿ ਪੁਰਾਣੇ ਅਤੇ ਥੱਕੇ ਕਾਂਗਰਸੀਆਂ ਸਹਾਰੇ ਜੰਗ ਨਹੀਂ ਜਿੱਤੀ ਜਾ ਸਕਦੀ। ਉਹ ਦੋ ਸਿੱਟਿਆਂ ‘ਤੇ ਪਹੁੰਚੇ-ਪਹਿਲਾ ਉਨ੍ਹਾਂ ਦਾ ਸਾਹਮਣਾ ਇਕ ਅਜਿਹੀ ਪਾਰਟੀ ਨਾਲ ਹੈ ਜੋ ਨਾ ਵਿਚਾਰਧਾਰਕ ਹੈ ਤਾਂ ਨਾ ਹੀ ਦੂਜੀਆਂ ਸਿਆਸੀ ਪਾਰਟੀਆਂ ਵਰਗੀ ਹੈ। ਜੇਕਰ ਮੋਦੀ ਨੂੰ ਹਰਾਉਣਾ ਹੈ ਤਾਂ ਹਿੰਦੂਤਵ, ਭਾਜਪਾ ਦੇ ਮੂਲ ਸੰਗਠਨ ਆਰ.ਐਸ.ਐਸ. ਅਤੇ ਮੋਹਨ ਭਾਗਵਤ ਦੇ ਅਕਸ ਨੂੰ ਤਬਾਹ ਕਰਨਾ ਪਵੇਗਾ। ਦੂਜਾ ਕਾਂਗਰਸ ਨੂੰ ਬਦਲਣਾ ਪਵੇਗਾ। ਲੋਕਾਂ ਨੂੰ ਆਪਣੇ ਨਾਲ ਜੋੜ ਕੇ ਹੀ ਤਬਦੀਲੀ ਲਿਆਂਦੀ ਜਾ ਸਕਦੀ ਹੈ ਤੇ ਇਸ ਦੀ ਸ਼ੁਰੂਆਤ ‘ਭਾਰਤ ਜੋੜੋ ਯਾਤਰਾ’ ਨਾਲ ਹੋ ਚੁੱਕੀ ਹੈ। ਲੋਕਾਂ ਨੇ ਮਹਿਸੂਸ ਕੀਤਾ ਕਿ ਰਾਹੁਲ ਗਾਂਧੀ ਇਕ ਗੰਭੀਰ ਨੇਤਾ ਹਨ, ਉਨ੍ਹਾਂ ਦੇ ਕੱਟੜ ਆਲੋਚਕਾਂ ਨੇ ਵੀ ਉਸ ਦੀ ਪ੍ਰਸ਼ੰਸਾ ਕਰਦਿਆਂ ਉਸ ਨੂੰ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣਾ ਸ਼ੁਰੂ ਕੀਤਾ ਹੈ। ਰਾਹੁਲ ਦੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਨੇ ਉਸ ਲਈ ਸੰਜੀਵਨੀ ਦਾ ਕੰਮ ਕੀਤਾ ਤੇ ਉਨ੍ਹਾਂ ਨੇ ਜਾਤੀ ਜਨਗਣਨਾ ਤੇ ਸੰਵਿਧਾਨ ਬਚਾਉਣ ਦੇ ਮੁੱਦੇ ਉਠਾਏ। 2024 ਦੀਆਂ ਚੋਣਾਂ ‘ਚ ਭਾਜਪਾ ਆਗੂਆਂ ਦੇ 400 ਸੀਟਾਂ ਜਿੱਤਣ ‘ਤੇ ਸੰਵਿਧਾਨ ਨੂੰ ਬਦਲ ਦੇਣ ਦੇ ਬਿਆਨਾਂ ਨੂੰ ਰਾਹੁਲ ਨੇ ਇੰਨੇ ਹਮਲਾਵਰ ਢੰਗ ਨਾਲ ਉਭਾਰਿਆ ਕਿ ਬਾਬਾ ਸਾਹਿਬ ਅੰਬੇਡਕਰ ਦਾ ਮਜ਼ਾਕ ਉਡਾਉਣ ਵਾਲੇ ਸੰਘ ਪਰਿਵਾਰ ਦੇ ਆਗੂਆਂ ਅਤੇ ਭਾਜਪਾ ਨੂੰ ਵੀ ਸੰਵਿਧਾਨ ਦੇ ਹੱਕ ਵਿਚ ਬੋਲਣਾ ਪਿਆ। ਵਿਰੋਧੀ ਧਿਰ ਦੇ ਨੇਤਾ ਬਣਨ ਤੋਂ ਬਾਅਦ ਸੰਸਦ ਦੇ ਅੰਦਰ ਅਤੇ ਬਾਹਰ ਰਾਹੁਲ ਦੇ ਰਵੱਈਏ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਹੋਇਆ ਹੈ। ਜਦੋਂ ਭਾਜਪਾ ਹੈਰਾਨੀਜਨਕ ਢੰਗ ਨਾਲ ਭਾਰੀ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਲੱਗੀ ਤਾਂ ਰਾਹੁਲ ਨੇ ਸਬੂਤਾਂ ਨਾਲ ਭਾਜਪਾ ਅਤੇ ਚੋਣ ਕਮਿਸ਼ਨ ‘ਤੇ ਵੋਟ ਚੋਰੀ ਦੇ ਗੰਭੀਰ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਹਮੇਸ਼ਾ ਹਮਲਾਵਰ ਰਹਿਣ ਵਾਲੀ ਭਾਜਪਾ ਬਚਾਅ ਦੀ ਮੁਦਰਾ ‘ਚ ਆ ਗਈ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਨੇ ਰਾਹੁਲ ਵਲੋਂ ਲਗਾਏ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ। ਬਾਕੀ ਰਹਿੰਦੀ ਕਸਰ ‘ਕਾਕਰੋਚ ਜਨਤਾ ਪਾਰਟੀ’ ਨੇ ਪੂਰੀ ਕਰ ਦਿੱਤੀ, ਜਿਸ ਦੇ ਜੰਤਰ-ਮੰਤਰ ‘ਤੇ ਪੇਪਰ ਲੀਕ ਦੇ ਵਿਰੋਧ ਨੇ ਮੋਦੀ ਸਰਕਾਰ ਦੀ ਸਾਖ ਨੂੰ ਵੱਡੀ ਢਾਹ ਲਗਾਈ ਹੈ। ਰਾਹੁਲ ਨੇ ਕਾਕਰੋਚ ਅੰਦੋਲਨ ਨਾਲ ਮੁਕਾਬਲਾ ਕਰਨ ਦੀ ਬਜਾਏ ਸਮਾਨਾਂਤਰ ਸੰਘਰਸ਼ ਨਾਲ ਕਾਂਗਰਸ ਨੂੰ ਸਥਾਪਿਤ ਕੀਤਾ ਹੈ, ਮੋਦੀ ਸਰਕਾਰ ਨੂੰ ਦੋਹਰੇ ਹਮਲੇ ਦੇ ਚੱਲਦੇ ਧਰਮਿੰਦਰ ਪ੍ਰਧਾਨ ਦਾ ਅਸਤੀਫਾ ਲੈਣਾ ਪਿਆ ਹੈ। ਹੁਣ ਰਾਹੁਲ ਨੂੰ ਇਕ ਨਵੇਂ ਬਦਲ ਵਜੋਂ ਦੇਖਿਆ ਜਾ ਰਿਹਾ ਹੈ। ਮੋਦੀ ਦਾ ਅਕਸ ਲਗਾਤਾਰ ਡਿੱਗਦਾ ਜਾ ਰਿਹਾ ਹੈ, ਸਰਕਾਰ ਅਤੇ ਸੰਘ ਪਰਿਵਾਰ ਉਲਝੇ ਹੋਏ ਹਨ, ਕਿ ਇਸ ਨਾਲ ਕਿਵੇਂ ਨਜਿੱਠਣਾ ਹੈ? ਕਦੇ ਕਾਂਗਰਸ ਲਈ ਬੋਝ ਮੰਨਿਆ ਜਾਂਦਾ ਰਾਹੁਲ ਗਾਂਧੀ ਹੁਣ ਮੋਦੀ ਲਈ ਸਭ ਤੋਂ ਵੱਡਾ ਸਿਰਦਰਦ ਸਾਬਤ ਹੋ ਰਿਹਾ ਹੈ। ਭਾਰਤੀ ਰਾਜਨੀਤੀ ਅੱਜ ਵੱਡੇ ਫ਼ੈਸਲਾਕੁੰਨ ਮੋੜ ‘ਤੇ ਪਹੁੰਚ ਗਈ ਹੈ, ਜਿੱਥੋਂ ਮੋਦੀ ਲਈ ਲੜਾਈ ਆਸਾਨ ਨਹੀਂ ਹੋਵੇਗੀ। ਦੇਸ਼ ਦੇ ਨਾਲ-ਨਾਲ ਪੰਜਾਬ ਦੀ ਲੜਾਈ ਵੀ ਨਵੇਂ ਦੌਰ ਵਿਚ ਦਾਖ਼ਲ ਹੋਣ ਲਈ ਪਰ ਤੋਲ ਰਹੀ ਹੈ।