ਭਾਰਤ ਦੇ ਲੋਕ ਸੰਘਰਸ਼ ਹੱਕਾਂ ਦੀ ਲੜਾਈ ਪਰ ਰਾਜਨੀਤਕ ਚੇਤਨਾ ਦਾ ਸੰਕਟ

(ਮੱਧਵਰਗ ਸੜਕਾਂ ’ਤੇ, ਗ਼ਰੀਬ ਹਾਸ਼ੀਏ ’ਤੇ)
ਹਰਜੀਤ ਸਿੰਘ ਗਿੱਲ ਸੰਪਰਕ +1647 542 0007 (ਕਨੇਡਾ) +91 98889 45127 (ਭਾਰਤ)
ਡੇਢ ਅਰਬ ਦੀ ਅਬਾਦੀ ਵਾਲਾ ਭਾਰਤ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ ਵਰਗੇ ਜ਼ਿੰਦਗੀ ਦੇ ਮੁੱਢਲੇ ਮਸਲਿਆਂ ਵਿਚ ਘਿਰਿਆ ਹੋਣ ਦੇ ਬਾਵਜੂਦ ਵੀ ਹਮੇਸ਼ਾ ਮਿਡਲ ਕਲਾਸ ਦੀਆਂ ਸਮੱਸਿਆਵਾਂ ਨੂੰ ਲੈ ਕੇ ਸੜਕ ‘ਤੇ ਨਿਕਲਦਾ ਹੈ। ਕਦੀ ਵੀ ਮਜ਼ਦੂਰ, ਗ਼ਰੀਬ, ਭੂਮੀਹੀਣ ਅਤੇ ਜਾਤ ਅਧਾਰਿਤ ਲਿਤਾੜੇ ਲੋਕਾਂ ਦਾ ਅੰਦੋਲਨ ਕਿਉਂ ਨਹੀਂ ਖੜ੍ਹਾ ਹੁੰਦਾ? ਭਾਰਤ ਵਿਚ ਗ਼ਰੀਬਾਂ, ਮਜ਼ਦੂਰਾਂ, ਦਲਿਤਾਂ, ਆਦਿਵਾਸੀਆਂ ਅਤੇ ਬੇਜ਼ਮੀਨੇ ਲੋਕਾਂ ਦੇ ਕਈ ਵਾਰ ਬਹੁਤ ਵੱਡੇ ਅੰਦੋਲਨ ਹੋਏ ਹਨ।

ਪਰ ਇਹ ਅੰਦੋਲਨ ਮੱਧਵਰਗ ਦੇ ਮੁੱਦਿਆਂ ਵਾਂਗ ਲਗਾਤਾਰ, ਦੇਸ਼-ਵਿਆਪੀ ਅਤੇ ਰਾਜਨੀਤਕ ਤਾਕਤ ਵਿਚ ਕਿਉਂ ਨਹੀਂ ਬਦਲ ਸਕੇ? ਭਾਰਤ ਵਿਚ ਸਮਾਜਿਕ ਵੰਡ ਆਰਥਿਕ ਗ਼ਰੀਬੀ ਨਾਲੋਂ ਵੀ ਵੱਡੀ ਸਮੱਸਿਆ ਹੈ। ਭਾਰਤੀ ਸਮਾਜ ਵਿਚ ਜਾਤ-ਪਾਤ ਦੀ ਵਰਗ ਵੰਡ ਨੇ ਉਹ ਕੰਮ ਕੀਤਾ ਹੈ ਜੋ ਕਈ ਹੋਰ ਸਮਾਜਾਂ ਵਿਚ ਆਰਥਿਕ ਅਧਾਰ ‘ਤੇ ਵਰਗ-ਵੰਡ ਕਰਦੀ ਹੈ। ਮਜ਼ਦੂਰ ਵਰਗ ਆਪਣੇ ਆਪ ਵਿਚ ਇੱਕਜੁੱਟ ਵਰਗ ਨਹੀਂ ਹੈ। ਉਸ ਵਿਚ ਜਾਤ, ਧਰਮ, ਖੇਤਰ, ਭਾਸ਼ਾ, ਪਿੰਡ-ਸ਼ਹਿਰ ਅਤੇ ਪੱਕੇ-ਕੱਚੇ ਰੁਜ਼ਗਾਰ ਦੀਆਂ ਵੰਡਾਂ ਹਨ। ਇੱਕ ਬੇਜ਼ਮੀਨ ਦਲਿਤ ਮਜ਼ਦੂਰ, ਇੱਕ ਛੋਟਾ ਕਿਸਾਨ, ਇੱਕ ਮੁਸਲਿਮ ਦਿਹਾੜੀਦਾਰ ਅਤੇ ਇੱਕ ਪ੍ਰਵਾਸੀ ਮਜ਼ਦੂਰ ਸਾਰੇ ਆਰਥਿਕ ਤੌਰ ‘ਤੇ ਕਮਜ਼ੋਰ ਹਨ, ਪਰ ਉਹ ਆਪਣੇ ਆਪ ਨੂੰ ਇੱਕੋ ਰਾਜਨੀਤਕ ਵਰਗ ਵਜੋਂ ਵੀ ਨਹੀਂ ਦੇਖਦੇ। ਇਸ ਦਾ ਮੁੱਖ ਕਾਰਨ ਭਾਰਤ ਦੇ ਰਾਸ਼ਟਰਵਾਦ ਦੀ ਧਾਰਨਾ ਦਾ ਕੋਈ ਵੀ ਵਿਚਾਰ, ਵਿਸ਼ਵਾਸ, ਰਾਇ, ਰਾਸ਼ਟਰਵਾਦ ਬਾਰੇ ਅਸਪਸ਼ਟ ਜਾਂ ਅਧੂਰੀ ਸਮਝ ਦੀ ਉਪਜ ਹੈ। ਦਰਅਸਲ ਭਾਰਤੀ ਰਾਸ਼ਟਰਵਾਦ ਦੀ ਮੁੱਖ ਧਾਰਾ ਦਾ ਸਰਵ-ਵਿਆਪੀ ਰਾਸ਼ਟਰੀ ਹਿਤ ਦਾ ਘੇਰਾ ਅਤੇ ਦੂਸਰੇ ਵਰਗ-ਵਿਸ਼ੇਸ਼ ਦੇ ਦਬਾਅ ਸਮੂਹ ਦੇ ਹਿਤ ਆਪਸ ਵਿਚ ਟਕਰਾਉਂਦੇ ਹਨ। ਮੱਧ ਵਰਗ ਦੀ ਮਾਨਸਿਕਤਾ ਵਿਚ ਭ੍ਰਿਸ਼ਟਾਚਾਰ ਨੂੰ ਲੈ ਕੇ ਅਜੀਬ ਤਰ੍ਹਾਂ ਦਾ ਦਵੰਦ ਜਾਂ ਦੂਹਰੀ ਮਾਨਸਿਕਤਾ ਹੈ ਕਿ ਇੱਕ ਪਾਸੇ ਖ਼ੁਦ ਭ੍ਰਿਸ਼ਟਾਚਾਰ ਵੀ ਕਰੀ ਜਾਵੋ, ਤੇ ਦੂਜੇ ਪਾਸੇ ਇਸ ਵਿਚ ਪੂਰੀ ਤਰ੍ਹਾਂ ਲਿਪਤ ਹੋ ਕੇ ਗੱਲਾਂ-ਗੱਲਾਂ ਵਿਚ ਇਸ ਦੇ ਖ਼ਿਲਾਫ਼ ਬੋਲ ਕੇ ਮਜ਼ੇ ਵੀ ਲਈ ਜਾਓ। ਇਨ੍ਹਾਂ ਵਿਸ਼ਿਆਂ ‘ਤੇ ਬਣੀਆਂ ਫ਼ਿਲਮਾਂ ਹਿੱਟ ਅਤੇ ਸਫਲ ਹੋਣਗੀਆਂ। ਕਵਿਤਾ ਅਤੇ ਸਾਹਿਤ ਦੀਆ ਵੱਧ ਵਿਕਣ ਵਾਲੀਆਂ ਕਿਤਾਬਾਂ ਵੀ ਭ੍ਰਿਸ਼ਟਾਚਾਰ ਅਤੇ ਸੱਤਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀਆਂ ਮਿਲਣਗੀਆਂ। ਅੰਦੋਲਨਾਂ ਦੀ ਗੱਲ ਕਰੀਏ ਤਾਂ ਕਿਸਾਨ ਅੰਦੋਲਨ ਤੋਂ ਵੱਡਾ ਮੁੱਦਿਆਂ ‘ਤੇ ਅਧਾਰਿਤ ਅਤੇ ਜਥੇਬੰਦਕ ਅੰਦੋਲਨ ਹੋਰ ਕੀ ਹੋ ਸਕਦਾ ਹੈ। ਪਰ ਰਾਸ਼ਟਰਵਾਦ ਇਸ ਵਿਚ ਨਹੀਂ ਸੀ ਇਸ ਕਰਕੇ ਇਸ ਨੂੰ ਪੰਜਾਬ, ਹਰਿਆਣਾ ਅਤੇ ਵੈਸਟਰਨ ਉੱਤਰ ਪ੍ਰਦੇਸ਼ ਤੋਂ ਇਲਾਵਾ ਬਾਕੀ ਭਾਰਤ ਦੇ ਜਨ ਮਾਨਸ ਦਾ ਸਮਰਥਨ ਨਹੀਂ ਸੀ ਮਿਲ ਸਕਿਆ। ਭਾਰਤ ਦੀ ਸਰਕਾਰ ਦੁਆਰਾ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਹੋਏ 2019 ਦੇ ਅੰਦੋਲਨ ਭਾਰਤ ਅਤੇ ਵਿਦੇਸ਼ਾਂ ਵਿਚ ਹੋਏ ਵੱਡੇ ਪੱਧਰ ਦੇ ਪ੍ਰਦਰਸ਼ਨਾਂ ਦੀ ਇੱਕ ਲੜੀ ਸਨ। ਭਾਰਤ ਦੀ ਮੁਸਲਿਮ ਅਬਾਦੀ ਨੂੰ ਇਸ ਕਾਨੂੰਨ ਵਿਚ ਸੋਧ ‘ਤੇ ਇਸ ਗੱਲ ਦਾ ਇਤਰਾਜ਼ ਸੀ ਕਿਉਂਕਿ ਇਹ ਧਰਮ ਦੇ ਆਧਾਰ ‘ਤੇ ਵਿਤਕਰਾ ਕਰਨ ਵਾਲਾ ਕਨੂੰਨ ਸੀ। ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨਜ਼ ਇੱਕ ਅਧਿਕਾਰਤ ਰਿਕਾਰਡ ਹੈ ਜਿਸ ਵਿਚ ਸਾਰੇ ਕਾਨੂੰਨੀ ਭਾਰਤੀ ਨਾਗਰਿਕਾਂ ਦੇ ਨਾਮ ਅਤੇ ਵੇਰਵੇ ਸ਼ਾਮਲ ਹੁੰਦੇ ਹਨ। ਮੁਸਲਮਾਨਾਂ ਨੂੰ ਇਸ ਵਿਚੋਂ ਬਾਹਰ ਰੱਖਣ ਕਾਰਨ ਉਨ੍ਹਾਂ ਦੀ ਇਹ ਮੰਗ ਸੀ ਕਿ ਇਸ ਨੂੰ ਰੱਦ ਕੀਤਾ ਜਾਵੇ ਅਤੇ ਦੇਸ਼-ਵਿਆਪੀ NRC ਨੂੰ ਲਾਗੂ ਨਾ ਕੀਤਾ ਜਾਵੇ। ਇਸ ਨੂੰ ਲੈ ਕੇ ਸ਼ਾਹੀਨ ਬਾਗ਼ ਅੰਦੋਲਨ ਹੋਇਆ ਜਿਸ ਨੂੰ ਕੋਵਿਡ ਦੀ ਆੜ ਵਿਚ ਮੁਸਲਿਮ ਭਾਈਚਾਰੇ ਦਾ ਅੰਦੋਲਨ ਹੋਣ ਕਾਰਨ ਕੁਚਲ ਦਿੱਤਾ ਗਿਆ। ਦੂਸਰੇ ਪਾਸੇ ਅੰਨਾ ਅੰਦੋਲਨ ਕੋਈ ਵਿਚਾਰਧਾਰਕ ਅੰਦੋਲਨ ਨਹੀਂ ਸੀ ਅਤੇ ਨਾ ਹੀ ਕੋਈ ਕਾਡਰ ਅਧਾਰਿਤ ਅੰਦੋਲਨ ਸੀ। ਇਸ ਦੀ ਇੱਕੋ ਇੱਕ ਖ਼ੂਬੀ ਭਾਰਤ ਦੇ ਬਹੁ ਸੰਖਿਅਕ ਸਮਾਜ ਦਾ ਅਪਣਾਇਆ ਹੋਇਆ ਮਾਨਸਿਕ ਰਾਸ਼ਟਰਵਾਦ ਹੀ ਸੀ।
ਕੰਮ ਅਧਾਰਤ ਜਾਤ-ਪਾਤ ਦੀ ਵੰਡ ਭਾਰਤੀ ਸਮਾਜ ਵਿਚ ਪਹਿਲਾਂ ਤੋਂ ਹੀ ਮੌਜੂਦ ਸੀ ਜਾਂ ਮੰਨੂੰ ਸਿਮ੍ਰਤੀ ਨੇ ਇਸ ਦਾ ਮੁੱਢ ਬੰਨਿ੍ਹਆ? ਜਦ ਅਸੀਂ ਇਸ ਸੁਆਲ ਨੂੰ ਬਰੀਕੀ ਨਾਲ ਘੋਖਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਪੁਰਾਣੇ ਸਮਾਜ ਵਿਚ ਵੱਖ-ਵੱਖ ਕੰਮਾਂ ਦੀ ਵੰਡ ਇੱਕ ਸਮਾਜਿਕ ਲੋੜ ਹੋ ਸਕਦੀ ਸੀ। ਪਰ ਭਾਰਤੀ ਜਾਤੀ ਪ੍ਰਣਾਲੀ ਵਿਚ ਇਹ ਵੰਡ ਹੌਲੀ-ਹੌਲੀ ਵੰਸ਼ ਅਤੇ ਜਨਮ ਨਾਲ ਜੋੜੀ ਗਈ। ਫਿਰ ਵਿਅਕਤੀ ਦਾ ਪੇਸ਼ਾ, ਸਮਾਜਿਕ ਦਰਜਾ ਅਤੇ ਵਿਆਹ ਦੀਆਂ ਹੱਦਾਂ ਵੀ ਜਨਮ ਨਾਲ ਨਿਰਧਾਰਿਤ ਹੋਣ ਲੱਗੀਆਂ। ਪ੍ਰਾਚੀਨ ਭਾਰਤੀ ਗ੍ਰੰਥਾਂ ਦੀ ਤਾਰੀਖ਼ ਨਿਸ਼ਚਿਤ ਸਾਲਾਂ ਵਿਚ ਨਹੀਂ ਦਿੱਤੀ ਜਾ ਸਕਦੀ, ਪਰ ਆਮ ਤੌਰ ‘ਤੇ ਰਿਗਵੇਦ ਨੂੰ ਸਭ ਤੋਂ ਪੁਰਾਤਨ ਗ੍ਰੰਥ ਸਮਝਿਆ ਜਾਂਦਾ ਹੈ। ਪੁਰਾਣੀ ਵਿਦਵਤਾ ਵਿਚ ਵੀ ਇਹ ਗੱਲ ਨੋਟ ਕੀਤੀ ਗਈ ਹੈ ਕਿ ਰਿਗਵੇਦ ਦੇ ਸਭ ਤੋਂ ਪੁਰਾਣੇ ਹਿੱਸਿਆਂ ਵਿਚ ਅੱਜ ਵਾਲੀ ਚਾਰ-ਜਾਤੀ ਜਨਮ-ਆਧਾਰਿਤ ਕੱਟੜ ਜਾਤ-ਪ੍ਰਣਾਲੀ ਦਾ ਸਪਸ਼ਟ ਜ਼ਿਕਰ ਨਹੀਂ ਮਿਲਦਾ। ਉਸ ਵਿਚ ਪੁਜਾਰੀ, ਯੋਧੇ, ਮੁਖੀ, ਪਸ਼ੂ ਪਾਲਕ, ਕਿਸਾਨ, ਕਾਰੀਗਰ ਆਦਿ ਵੱਖ-ਵੱਖ ਸਮਾਜਿਕ ਭੂਮਿਕਾਵਾਂ ਦੇ ਸੰਕੇਤ ਤਾਂ ਜ਼ਰੂਰ ਮਿਲਦੇ ਹਨ। ਪਰ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ ਦੀ ਪੂਰੀ ਚਾਰ-ਵਰਣੀ ਪ੍ਰਣਾਲੀ ਨਹੀਂ ਸੀ ਹੁੰਦੀ। ਇਸ ਤੋਂ ਬਾਅਦ ਪੁਰਸ਼ ਸੂਕਤ ਨੂੰ ਰਿਗਵੇਦ ਤੋਂ ਬਾਅਦ ਦਾ ਗ੍ਰੰਥ ਮੰਨਿਆ ਜਾਂਦਾ ਹੈ। ਇਸ ਵਿਚ ਇੱਕ ਵਿਸ਼ਾਲ ਆਦਿ ਪੁਰਖ ਦੀ ਕਲਪਨਾ ਕੀਤੀ ਹੋਈ ਮਿਲਦੀ ਹੈ। ਉਸ ਦੀ ਯੱਗ ਵਿਚ ਆਹੂਤੀ ਤੋਂ ਬ੍ਰਹਿਮੰਡ ਅਤੇ ਸਮਾਜ ਦੀ ਰਚਨਾ ਦਾ ਵਰਣਨ ਆਉਂਦਾ ਹੈ। ਇੱਥੇ ਮਾਮਲਾ ਬਹੁਤ ਦਿਲਚਸਪ ਹੋ ਜਾਂਦਾ ਹੈ। ਇਸੇ ਸੂਕਤ ਦੀ ਪ੍ਰਸਿੱਧ ਕਲਪਨਾ ਇਹ ਵੀ ਹੈ ਕਿ ਬ੍ਰਹਮਾ ਦੇ ਮੁੱਖ ਤੋਂ ਬ੍ਰਾਹਮਣ, ਬਾਂਹਾਂ ਤੋਂ ਕਸ਼ਤਰੀ, ਜੰਘਾਂ ਤੋਂ ਵੈਸ਼ ਅਤੇ ਪੈਰਾਂ ਤੋਂ ਸ਼ੂਦਰ ਪੈਦਾ ਹੋਏ। ਇਸ ਤਰ੍ਹਾਂ ਪਹਿਲੀ ਵਾਰ ਰਿਗਵੇਦ ਵਿਚ ਚਾਰ ਸਮਾਜਿਕ ਵਰਗਾਂ ਨੂੰ ਇੱਕ ਬ੍ਰਹਿਮੰਡ ਦੀ ਧਾਰਮਿਕ ਰਚਨਾ ਨਾਲ ਜੋੜਿਆ ਜਾਂਦਾ ਹੈ। ਮੰਨੂੰ-ਸਿਮ੍ਰਿਤੀ ਇਸ ਤੋਂ ਕਾਫ਼ੀ ਬਾਅਦ ਦੀ ਇੱਕ ਧਰਮ ਸ਼ਾਸਤਰ ਦੀ ਰਚਨਾ ਕਹੀ ਜਾਂਦੀ ਹੈ। ਇਸ ਦੀ ਤਾਰੀਖ਼ ਬਾਰੇ ਵਿਦਵਾਨਾਂ ਵਿਚ ਵਿਵਾਦ ਹੈ, ਪਰ ਆਮ ਤੌਰ ‘ਤੇ ਇਸ ਨੂੰ ਲਗਭਗ ਦੂਜੀ ਸਦੀ ਈਸਾ ਪੂਰਵ ਤੋਂ ਦੂਜੀ ਅਤੇ ਤੀਜੀ ਸਦੀ ਈਸਵੀ ਦੇ ਦਰਮਿਆਨ ਰੱਖਿਆ ਜਾਂਦਾ ਹੈ। ਇੱਥੇ ਵਰਣ, ਜਨਮ, ਵਿਆਹ, ਪੇਸ਼ੇ, ਸਮਾਜਿਕ ਕਰਤੱਵਾਂ ਅਤੇ ਦਰਜੇ ਬਾਰੇ ਨਿਯਮ ਕਾਫ਼ੀ ਵਧੇਰੇ ਵਿਸਥਾਰ ਨਾਲ ਦਰਜ ਕੀਤੇ ਨਜ਼ਰ ਆਉਂਦੇ ਹਨ। ਕੰਮਾਂ ਅਤੇ ਸਮਾਜਿਕ ਭੂਮਿਕਾਵਾਂ ਦੀ ਵੰਡ ਮੰਨੂੰ ਸਿਮਰਤੀ ਤੋਂ ਕਈ ਸਦੀਆਂ ਪਹਿਲਾਂ ਮੌਜੂਦ ਸੀ, ਪਰ ਰਿਗਵੇਦ ਦੇ ਪੁਰਾਣੇ ਹਿੱਸਿਆਂ ਵਿਚ ਸ਼ੂਦਰ ਸਮੇਤ ਚਾਰ-ਵਰਣੀ ਪ੍ਰਣਾਲੀ ਦਾ ਸਪਸ਼ਟ ਸਬੂਤ ਨਹੀਂ ਮਿਲਦਾ।
ਕੰਮਾਂ ਦੀ ਵੰਡ ਨਾਲ ਹੀ ਹੌਲੀ-ਹੌਲੀ ਇਹ ਧਾਰਨਾ ਬਣ ਗਈ ਕਿ ਕਿਹੜਾ ਕੰਮ ਚੰਗਾ ਜਾਂ ਮਾੜਾ ਹੈ। ਕੁਝ ਕੰਮਾਂ ਨੂੰ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਉੱਚਾ ਅਤੇ ਕੁਝ ਨੂੰ ਨੀਵਾਂ ਮੰਨਿਆ ਜਾਣ ਲੱਗਾ। ਜਾਤੀ ਪ੍ਰਣਾਲੀ ਦੀ ਸਭ ਤੋਂ ਮਜ਼ਬੂਤ ਸੰਸਥਾ ਸਦੀਆਂ ਤੋਂ ਹੀ ਆਪਣੀ ਜਾਤ ਵਿਚ ਹੀ ਵਿਆਹ ਕਰਵਾ ਰਹੀ ਹੈ। ਜਦੋਂ ਵਿਆਹ ਜਾਤੀ ਦੀਆਂ ਹੱਦਾਂ ਦੇ ਅੰਦਰ ਹੁੰਦੇ ਰਹੇ, ਤਾਂ ਜਾਤ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਲਗਾਤਾਰ ਦੁਹਰਾਈ ਜਾਂਦੀ ਰਹੀ। ਅੱਜ ਦੇ ਸੰਦਰਭ ਵਿਚ ਰਾਜਨੀਤਕ ਵਿਵਸਥਾ ਨੂੰ ਸਮਾਜ ਦੀ ਇਹ ਵੰਡ ਬਹੁਤ ਫਿੱਟ ਬੈਠਦੀ ਹੈ। ਜਿਸ ਸਮਾਜ ਵਿਚ ਲੋਕ ਜਾਤਾਂ ਵਿਚ ਵੰਡੇ ਹੋਣ, ਉੱਥੇ ਉਨ੍ਹਾਂ ਨੂੰ ਇੱਕ ਸਾਂਝੇ ਆਰਥਿਕ ਹਿਤ ਦੇ ਆਧਾਰ ‘ਤੇ ਇਕੱਠਾ ਕਰਨਾ ਔਖਾ ਹੁੰਦਾ ਹੈ। ਇਹ ਹੀ ਰਾਜ ਕਰਨ ਵਾਲੀਆਂ ਸ਼ਕਤੀਆਂ ਦੀ ਬੁਨਿਆਦੀ ਲੋੜ ਹੈ ਕਿ ਲੋਕ ਇਕੱਠੇ ਨਾ ਹੋ ਸਕਣ। ਰਾਸ਼ਨ, ਪੈਨਸ਼ਨ, ਆਵਾਸ, ਸਕਾਲਰਸ਼ਿਪ, ਕਰਜ਼ਾ ਮੁਆਫ਼ੀ, ਮੁਫ਼ਤ ਬਿਜਲੀ ਜਾਂ ਹੋਰ ਭਲਾਈ ਸਕੀਮਾਂ ਗ਼ਰੀਬ ਲਈ ਅਸਲ ਜ਼ਰੂਰਤਾਂ ਹਨ। ਪਰ ਜਦੋਂ ਇਹ ਨਾਗਰਿਕ ਅਧਿਕਾਰ ਦੀ ਥਾਂ ਸਿਆਸੀ ਰਹਿਮਤ ਵਜੋਂ ਪੇਸ਼ ਕੀਤੀਆਂ ਜਾਂਦੀਆਂ ਹਨ, ਤਾਂ ਗ਼ਰੀਬ ਸਰਕਾਰ ਤੋਂ ਹੱਕ ਮੰਗਣ ਵਾਲਾ ਨਾਗਰਿਕ ਘੱਟ ਅਤੇ ਕਿਸੇ ਸਿਆਸੀ ਪਾਰਟੀ ਦਾ ਲਾਭ ਪਾਤਰ ਵੱਧ ਬਣ ਜਾਂਦਾ ਹੈ।
ਮੱਧਵਰਗ ਦੇ ਪ੍ਰਦਰਸ਼ਨ ਅਤੇ ਉਸ ਦੀਆਂ ਸਮੱਸਿਆਵਾਂ ਦੀ ਭਾਸ਼ਾ ਮੀਡੀਆ ਅਤੇ ਸ਼ਹਿਰੀ ਰਾਜਨੀਤੀ ਨੂੰ ਜਲਦੀ ਸਮਝ ਆ ਜਾਂਦੀ ਹੈ। ਇਸ ਦੇ ਮੁਕਾਬਲੇ ਗ਼ਰੀਬ, ਮਜ਼ਦੂਰ, ਬੇਜ਼ਮੀਨੇ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਮੁੱਦੇ ਅਕਸਰ ਉਸੇ ਤੀਬਰਤਾ ਨਾਲ ਜਨਤਕ ਚਰਚਾ ਦਾ ਹਿੱਸਾ ਨਹੀਂ ਬਣਦੇ। ਮੱਧਵਰਗ ਕੋਲ ਸਿੱਖਿਆ, ਸੰਚਾਰ ਦੇ ਸਾਧਨਾਂ, ਸੋਸ਼ਲ ਮੀਡੀਆ, ਕਾਨੂੰਨੀ ਸਹਾਇਤਾ ਅਤੇ ਰਾਜਨੀਤਕ-ਮੀਡੀਆ ਸੰਸਥਾਵਾਂ ਤੱਕ ਤੁਲਨਾਤਮਿਕ ਤੌਰ ’ਤੇ ਵਧੇਰੇ ਪਹੁੰਚ ਹੁੰਦੀ ਹੈ। ਇਸ ਕਰਕੇ ਉਸ ਦੀਆਂ ਸਮੱਸਿਆਵਾਂ ਛੇਤੀ ਇੱਕ ਸਪਸ਼ਟ ਜਨਤਕ ਮੁੱਦੇ ਅਤੇ ਰਾਜਨੀਤਕ ਮੰਗ ਵਿਚ ਤਬਦੀਲ ਹੋ ਜਾਂਦੀਆਂ ਹਨ। ਇਹ ਵੀ ਸੱਚ ਹੈ ਕਿ ਮੱਧਵਰਗ ਦੀ ਆਵਾਜ਼ ਨੂੰ ਮੀਡੀਆ ਸੁਣਦਾ ਹੈ, ਉਸ ਦੀ ਭਾਸ਼ਾ ਨੂੰ ਰਾਜਨੀਤੀ ਸਮਝਦੀ ਹੈ ਅਤੇ ਉਨ੍ਹਾਂ ਦੀ ਹਰੇਕ ਮੰਗ ਨੂੰ ਰਾਸ਼ਟਰੀ ਮੁੱਦਾ ਬਣਨ ਦਾ ਮੌਕਾ ਮਿਲਦਾ ਹੈ। ਦੂਜੇ ਪਾਸੇ, ਦਿਹਾੜੀਦਾਰ ਮਜ਼ਦੂਰ, ਬੇਜ਼ਮੀਨੇ ਕਿਸਾਨ, ਘਰੇਲੂ ਕਾਮੇ ਜਾਂ ਅਸੰਗਠਿਤ ਖੇਤਰ ਦੇ ਮਜ਼ਦੂਰ ਲਈ ਇੱਕ ਦਿਨ ਕੰਮ ਤੋਂ ਗੈਰ-ਹਾਜ਼ਰ ਰਹਿਣਾ ਵੀ ਪਰਿਵਾਰ ਦੀ ਆਮਦਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਦੀ ਆਰਥਿਕ ਕਮਜ਼ੋਰੀ ਹੀ ਉਨ੍ਹਾਂ ਨੂੰ ਲੰਮੇ ਅਤੇ ਲਗਾਤਾਰ ਅੰਦੋਲਨ ਲਈ ਲੋੜੀਂਦੇ ਸਮੇਂ, ਸਰੋਤਾਂ ਅਤੇ ਸੰਗਠਨ ਤੋਂ ਵਾਂਝਾ ਕਰ ਦਿੰਦੀ ਹੈ। ਇਸ ਤੋਂ ਵੀ ਵੱਡੀ ਰੁਕਾਵਟ ਭਾਰਤੀ ਸਮਾਜ ਦੀ ਜਾਤੀ ਵੰਡ ਹੈ। ਗ਼ਰੀਬੀ, ਬੇਰੁਜ਼ਗਾਰੀ ਅਤੇ ਆਰਥਿਕ ਅਸਮਾਨਤਾ ਦੇ ਬਾਵਜੂਦ ਗ਼ਰੀਬ ਅਤੇ ਮਜ਼ਦੂਰ ਵਰਗ ਆਪਣੇ ਆਪ ਨੂੰ ਹਮੇਸ਼ਾ ਇੱਕ ਸਾਂਝੇ ਵਰਗ ਵਜੋਂ ਨਹੀਂ ਦੇਖਦਾ। ਉਸ ਦੀ ਸਮਾਜਿਕ ਪਛਾਣ ਅਕਸਰ ਜਾਤ, ਧਰਮ, ਖੇਤਰ ਅਤੇ ਹੋਰ ਸਮੂਹਕ ਵੰਡਾਂ ਨਾਲ ਜੁੜੀ ਰਹਿੰਦੀ ਹੈ। ਇੱਥੇ ਭਾਰਤੀ ਸਮਾਜ ਦੀ ਇੱਕ ਵੱਡੀ ਵਿਡੰਬਣਾ ਸਾਹਮਣੇ ਆਉਂਦੀ ਹੈ। ਗ਼ਰੀਬੀ ਸਾਂਝੀ ਹੈ, ਪਰ ਗ਼ਰੀਬਾਂ ਦੀ ਪਛਾਣ ਸਾਂਝੀ ਨਹੀਂ। ਜਦੋਂ ਸਾਂਝੇ ਆਰਥਿਕ ਦੁੱਖ ਨੂੰ ਸਾਂਝੀ ਰਾਜਨੀਤਕ ਚੇਤਨਾ ਵਿਚ ਬਦਲਣ ਦੀ ਪ੍ਰਕਿਰਿਆ ਕਮਜ਼ੋਰ ਰਹਿੰਦੀ ਹੈ, ਤਾਂ ਗਿਣਤੀ ਵਿਚ ਵੱਡਾ ਹੋਣ ਦੇ ਬਾਵਜੂਦ ਗ਼ਰੀਬ ਅਤੇ ਮਜ਼ਦੂਰ ਵਰਗ ਆਪਣੀ ਸੰਖਿਆ ਦੇ ਅਨੁਪਾਤ ਵਿਚ ਰਾਜਨੀਤਕ ਤਾਕਤ ਨਹੀਂ ਬਣ ਸਕਦਾ।
ਅਜ਼ਾਦੀ ਤੋਂ ਬਾਅਦ ਵੀ ਭਾਰਤ ਵਿਚ ਮਜ਼ਦੂਰ ਸੰਘਰਸ਼ ਦੀ ਕਹਾਣੀ ਬਹੁਤ ਲੰਮੀ ਹੈ। 1950–70 ਦੇ ਦਹਾਕਿਆਂ ਨੂੰ ਭਾਰਤੀ ਟਰੇਡ ਯੂਨੀਅਨ ਅੰਦੋਲਨ ਦੇ ਪ੍ਰਭਾਵਸ਼ਾਲੀ ਦੌਰ ਵਜੋਂ ਵੇਖਿਆ ਜਾਂਦਾ ਹੈ। ਆਜ਼ਾਦੀ ਤੋਂ ਬਾਅਦ ਭਾਰਤ ਨੇ ਵੱਡੇ ਪੱਧਰ ‘ਤੇ ਸਰਕਾਰੀ ਖੇਤਰ ਅਤੇ ਨਿਯਮਤ ਉਦਯੋਗਿਕ ਰੋਜ਼ਗਾਰ ਦਾ ਮਾਡਲ ਅਪਣਾਇਆ। ਇਸ ਦੌਰ ਵਿਚ ਯੂਨੀਅਨਾਂ ਦੀ ਸੌਦੇਬਾਜ਼ੀ ਦੀ ਤਾਕਤ ਵਧੀ। ਮਜ਼ਦੂਰੀ, ਬੋਨਸ, ਕੰਮ ਦੇ ਘੰਟੇ, ਛੁੱਟੀਆਂ, ਨੌਕਰੀ ਦੀ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਨਾਲ ਸਬੰਧਿਤ ਕਈ ਹੱਕ ਮਜ਼ਦੂਰ ਕਾਨੂੰਨਾਂ ਅਤੇ ਸਮੂਹਿਕ ਸੌਦੇਬਾਜ਼ੀ ਰਾਹੀਂ ਮਜ਼ਬੂਤ ਹੋਏ। 1974 ਦੀ ਰੇਲਵੇ ਹੜਤਾਲ ਹੋਈ ਜਿਸ ਵਿਚ ਲਗਭਗ 15 ਤੋਂ 17 ਲੱਖ ਰੇਲਵੇ ਕਰਮਚਾਰੀ ਹੜਤਾਲ ਵਿਚ ਸ਼ਾਮਲ ਹੋਏ। ਅੱਠ ਘੰਟੇ ਦਾ ਕੰਮਕਾਜੀ ਦਿਨ ਅਤੇ ਤਨਖ਼ਾਹ ਨਾਲ ਜੁੜੀਆਂ ਮੰਗਾਂ ਮੁੱਖ ਸਨ। ਸਰਕਾਰ ਨੇ ਸਖ਼ਤ ਕਾਰਵਾਈ ਕੀਤੀ ਅਤੇ ਹੜਤਾਲ 20 ਦਿਨਾਂ ਬਾਅਦ ਖ਼ਤਮ ਹੋਈ। ਪਰ 1991 ਤੋਂ ਬਾਅਦ ਉਦਾਰੀਕਰਨ ਦੀ ਸਰਕਾਰੀ ਨੀਤੀ ਨੇ ਕਈ ਨਵੀਂਆਂ ਚੁਣੌਤੀਆਂ ਨੂੰ ਜਨਮ ਦਿੱਤਾ। ਆਰਥਿਕ ਉਦਾਰੀਕਰਨ ਨਾਲ ਮਜ਼ਦੂਰ ਅੰਦੋਲਨ ਦੇ ਸਾਹਮਣੇ ਨਵੀਂਆਂ ਸਮੱਸਿਆਵਾਂ ਆਈਆਂ ਜਿਨ੍ਹਾਂ ਵਿਚ ਠੇਕਾ ਮਜ਼ਦੂਰੀ, ਨਿੱਜੀਕਰਨ, ਆਊਟਸੋਰਸਿੰਗ, ਅਸੰਗਠਿਤ ਖੇਤਰ ਦਾ ਵਾਧਾ ਅਤੇ ਨੌਕਰੀ ਦੀ ਸੁਰੱਖਿਆ ਵਰਗੇ ਮਜ਼ਦੂਰ ਮੁੱਦੇ ਉੱਭਰ ਕੇ ਸਾਹਮਣੇ ਆਏ। ਇਸ ਨਾਲ ਮਜ਼ਦੂਰ ਅੰਦੋਲਨ ਦਾ ਕੇਂਦਰ ਸਿਰਫ਼ ਫ਼ੈਕਟਰੀ ਮਜ਼ਦੂਰ ਤੋਂ ਵਧ ਕੇ ਡਿਲਿਵਰੀ ਵਰਕਰ, ਐਪ-ਅਧਾਰਿਤ ਡਰਾਈਵਰ, ਨਿਰਮਾਣ ਮਜ਼ਦੂਰ, ਘਰੇਲੂ ਕਾਮੇ ਅਤੇ ਹੋਰ ਅਸੰਗਠਿਤ ਮਜ਼ਦੂਰਾਂ ਤਕ ਪਹੁੰਚਿਆ। ਸਵਾਲ ਇਹ ਹੈ ਕਿ 1947 ਤੋਂ 2026 ਤੱਕ ਭਾਰਤ ਵਿਚ ਮਜ਼ਦੂਰਾਂ ਨੇ ਇੰਨੇ ਸੰਘਰਸ਼ ਕੀਤੇ ਪਰ ਅੰਤ ਵਿਚ ਹਾਸਲ ਕੀ ਹੋਇਆ? ਮਜ਼ਦੂਰ ਸੰਘਰਸ਼ ਨੇ ਮਜ਼ਦੂਰ ਨੂੰ ਕਈ ਮਹੱਤਵਪੂਰਨ ਕਾਨੂੰਨੀ ਅਤੇ ਸਮਾਜਿਕ ਹੱਕ ਦਿਵਾਏ, ਪਰ ਉਹ ਅਜਿਹਾ ਆਰਥਿਕ ਸਮਾਜਿਕ ਢਾਂਚਾ ਨਹੀਂ ਬਣਾ ਸਕਿਆ ਜਿਸ ਵਿਚ ਹਰ ਮਜ਼ਦੂਰ ਨੂੰ ਸਥਾਈ ਰੋਜ਼ਗਾਰ, ਜੀਵਨ-ਯੋਗ ਮਜ਼ਦੂਰੀ ਅਤੇ ਮਜ਼ਬੂਤ ਸਮੂਹਿਕ ਸੌਦੇਬਾਜ਼ੀ ਦੀ ਗਾਰੰਟੀ ਮਿਲ ਸਕੇ।
ਜੇਕਰ ਵੱਖ-ਵੱਖ ਰੂਪਾਂ ਵਿਚ ਹੋਏ ਆਦਿਵਾਸੀ ਅੰਦੋਲਨਾਂ ‘ਤੇ ਝਾਤ ਮਾਰੀਏ ਤਾਂ ਇਹ ਮਜ਼ਦੂਰ ਅੰਦੋਲਨ ਨਾਲੋਂ ਵੀ ਵੱਖਰਾ ਅਤੇ ਡੂੰਘਾ ਵੱਡਾ ਸੰਘਰਸ਼ ਹੈ। ਇਸ ਦਾ ਕੇਂਦਰੀ ਸਵਾਲ ਸਿਰਫ਼ ਮਜ਼ਦੂਰੀ ਨਹੀਂ, ਬਲਕਿ ਜਲ, ਜੰਗਲ, ਜ਼ਮੀਨ ਅਤੇ ਆਪਣੀ ਪਛਾਣ ਉੱਤੇ ਹੱਕ ਜਿਤਾਉਣਾ ਰਿਹਾ ਹੈ। ਆਜ਼ਾਦੀ ਤੋਂ ਬਾਅਦ ਆਦਿਵਾਸੀ ਅੰਦੋਲਨ ਦੇ ਵਿਚ ਇੱਕ ਨਵੀਂ ਸੋਚ ਵਿਕਸਤ ਹੋ ਕੇ ਸਾਹਮਣੇ ਆਈ ਕਿ ਬਾਕੀ ਭਾਰਤ ਦੀ ਤਰਜ਼ ‘ਤੇ ਵਿਕਾਸ ਤਾਂ ਚਾਹੀਦਾ ਹੈ, ਪਰ ਸਾਡੀ ਜ਼ਮੀਨ ਦੀ ਕੀਮਤ ‘ਤੇ ਨਹੀਂ ਹੋਣਾ ਚਾਹੀਦਾ। ਆਦਿਵਾਸੀ ਰਾਜਨੀਤੀ ਵਿਚ ਝਾਰਖੰਡ ਅੰਦੋਲਨ ਬਹੁਤ ਮਹੱਤਵਪੂਰਨ ਹੈ। ਇਸ ਦੇ ਪਿੱਛੇ ਆਪਣੀ ਭਾਸ਼ਾ, ਸਭਿਆਚਾਰ, ਜ਼ਮੀਨ ਅਤੇ ਰਾਜਨੀਤਕ ਖ਼ੁਦਮੁਖ਼ਤਿਆਰੀ ਦੀ ਮੰਗ ਸੀ। ਆਖ਼ਰਕਾਰ 2000 ਵਿਚ ਝਾਰਖੰਡ ਵੱਖਰਾ ਰਾਜ ਤਾਂ ਬਣ ਗਿਆ ਪਰ ਕੀ ਇਸ ਤਬਦੀਲੀ ਨਾਲ ਜ਼ਮੀਨ, ਜੰਗਲ ਅਤੇ ਖਣਿਜਾਂ ਉੱਤੇ ਆਦਿਵਾਸੀਆਂ ਦਾ ਕੰਟਰੋਲ ਵੀ ਆ ਗਿਆ? ਜੁਆਬ ਹੈ ਨਹੀਂ। ਨਵੇਂ ਕਾਗ਼ਜ਼ੀ ਕਾਨੂੰਨ ਬਣੇ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਆਦਿਵਾਸੀ ਅੰਦੋਲਨ ਦੀ ਕਹਾਣੀ ਸਿਰਫ਼ ਵਿਰੋਧ ਦੀ ਕਹਾਣੀ ਨਹੀਂ, ਇਹ ਉਸ ਲੜਾਈ ਦੀ ਕਹਾਣੀ ਹੈ ਜਿਸ ਵਿਚ ਆਦਿਵਾਸੀ ਸਮਾਜ ਨੇ ਪਹਿਲਾਂ ਆਪਣੀ ਜ਼ਮੀਨ, ਫਿਰ ਆਪਣਾ ਇਲਾਕਾ, ਫਿਰ ਆਪਣੀ ਰਾਜਨੀਤਿਕ ਆਵਾਜ਼ ਬਣਾਉਣ ਅਤੇ ਹੁਣ ਵਿਕਾਸ ਦੇ ਮਾਡਲ ਵਿਚ ਆਪਣੇ ਹੱਕ ਦੀ ਮੰਗ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਦਿਵਾਸੀਆਂ ਦੇ ਹੱਕਾਂ ਲਈ ਚੱਲੇ ਸਾਰੇ ਅੰਦੋਲਨ ਨਕਸਲੀ ਜਾਂ ਹਥਿਆਰਬੰਦ ਨਹੀਂ ਸਨ। ਮਾਓਵਾਦੀ ਨਕਸਲੀ ਵਿਚਾਰਧਾਰਾ ਵੀ ਤਾਂ ਇੱਕ ਲੋਕ-ਪੱਖੀ ਅੰਦੋਲਨ ਹੀ ਸੀ। ਨਕਸਲਵਾਦ ਦੇ ਉਭਾਰ ਨੂੰ ਇੱਕ ਲੋਕ-ਪੱਖੀ ਸਮਾਜਿਕ ਆਰਥਿਕ ਅਸੰਤੋਸ਼ ਅਤੇ ਗ਼ੁੱਸੇ ਵਿਚੋਂ ਨਿਕਲਿਆ ਅੰਦੋਲਨ ਹੀ ਕਹਿਣਾ ਬਣਦਾ ਹੈ। ਨਕਸਲਵਾਦ ਦੇ ਜਨਮ ਦੇ ਪਿੱਛੇ ਅਸਲ ਕਾਰਨ ਸਮਾਜਿਕ, ਆਰਥਿਕ ਅਨਿਆਂ ਹੀ ਸਨ। ਹਥਿਆਰਬੰਦ ਅੰਦੋਲਨ ਹੋਣ ਕਾਰਨ ਜਿਸ ਨੂੰ ਭਾਰਤੀ ਸਟੇਟ ਪ੍ਰਤੀ ਬਗ਼ਾਵਤ ਵਜੋਂ ਲਿਆ ਗਿਆ। 1967 ਦਾ ਨਕਸਲਬਾੜੀ ਵਿਦਰੋਹ ਪੱਛਮੀ ਬੰਗਾਲ ਵਿਚ ਬੇਜ਼ਮੀਨ ਕਿਸਾਨਾਂ, ਗ਼ਰੀਬ ਕਿਸਾਨਾਂ ਅਤੇ ਜ਼ਮੀਨੀ ਹੱਕਾਂ ਦੇ ਸਵਾਲ ਨਾਲ ਜੁੜਿਆ ਸੀ। ਇਸ ਨੇ ਭਾਰਤੀ ਕਮਿਊਨਿਸਟ ਅੰਦੋਲਨ ਦੇ ਅੰਦਰੋਂ ਇੱਕ ਕ੍ਰਾਂਤੀਕਾਰੀ ਧਾਰਾ ਨੂੰ ਜਨਮ ਦਿੱਤਾ ਸੀ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਪੁਰਾਣੇ ਦਸਤਾਵੇਜ਼ ਮੰਨਦੇ ਹਨ ਕਿ ਨਕਸਲੀ ਸੰਗਠਨਾਂ ਨੇ ਜ਼ਮੀਨੀ ਸੁਧਾਰ, ਭੂਮੀ ਗ੍ਰਹਿਣ ਅਤੇ ਉਜਾੜੇ ਨੂੰ ਦੂਰ ਕਰਨ ਲਈ ਆਮ ਲੋਕਾਂ ਨੂੰ ਲਾਮਬੰਦ ਕੀਤਾ। ਲੰਮੇ ਸਮੇਂ ਤੱਕ ਇਨਸਾਫ਼ ਤੋਂ ਵਾਂਝੇ ਰਹਿਣ, ਜ਼ਮੀਨਾਂ ਤੋਂ ਬੇਦਖ਼ਲੀ ਦੇ ਖ਼ਤਰੇ ਅਤੇ ਕੁਦਰਤੀ ਸਰੋਤਾਂ ਉੱਤੇ ਆਪਣੇ ਹੱਕਾਂ ਦੀ ਲੜਾਈ ਨੇ ਆਦਿਵਾਸੀਆਂ ਦੇ ‘ਜਲ, ਜੰਗਲ ਅਤੇ ਜ਼ਮੀਨ’ ਦੇ ਸੰਘਰਸ਼ ਦੇ ਇੱਕ ਹਿੱਸੇ ਨੂੰ ਹੌਲੀ-ਹੌਲੀ ਨਕਸਲੀ ਵਿਚਾਰਧਾਰਾ ਦੇ ਹਥਿਆਰਬੰਦ ਅੰਦੋਲਨ ਵੱਲ ਧੱਕ ਦਿੱਤਾ। ਪਰ ਭਾਰਤੀ ਰਾਜ ਦੇ ਅਤਿ-ਰਾਸ਼ਟਰਵਾਦੀ ਨਜ਼ਰੀਏ ਨੇ ਇਸ ਸੰਘਰਸ਼ ਨੂੰ ਅਕਸਰ ਇਸ ਦੇ ਸਮਾਜਿਕ, ਆਰਥਿਕ ਅਤੇ ਇਤਿਹਾਸਕ ਕਾਰਨਾਂ ਤੋਂ ਵੱਖ ਕਰਕੇ ਪੂਰੇ ਦੇਸ਼ ਅਤੇ ਰਾਸ਼ਟਰ ਦੀ ਹੋਂਦ ਵਿਰੁੱਧ ਖੜ੍ਹੀ ਚੁਣੌਤੀ ਵਜੋਂ ਪੇਸ਼ ਕੀਤਾ। ਇਸ ਤਰ੍ਹਾਂ ਆਦਿਵਾਸੀਆਂ ਦੇ ਹੱਕਾਂ, ਰਾਜ ਦੀਆਂ ਵਿਕਾਸ ਨੀਤੀਆਂ ਅਤੇ ਹਥਿਆਰਬੰਦ ਨਕਸਲੀ ਹਿੰਸਾ ਨਾਲ ਜੁੜੇ ਵੱਖ-ਵੱਖ ਸਵਾਲ ਇੱਕੋ ਸੁਰੱਖਿਆਤਮਿਕ ਬਿਰਤਾਂਤ ਹੇਠ ਸਮੇਟ ਦਿੱਤੇ ਗਏ।
ਭਾਰਤ ਦੇ ਵੱਖ-ਵੱਖ ਲੋਕ ਸੰਘਰਸ਼ਾਂ ਨੂੰ ਵੇਖਣ ‘ਤੇ ਤਸਵੀਰ ਇਹ ਬਣਦੀ ਹੈ ਕਿ ਸੰਘਰਸ਼ਾਂ ਨੇ ਕਈ ਹੱਕ, ਕਾਨੂੰਨ ਅਤੇ ਰਾਜਨੀਤਕ ਬਦਲਾਅ ਜ਼ਰੂਰ ਪੈਦਾ ਕੀਤੇ, ਪਰ ਜਿਨ੍ਹਾਂ ਡੂੰਘੀਆਂ ਸਮਾਜਿਕ-ਆਰਥਿਕ ਅਸਮਾਨਤਾਵਾਂ ਨੇ ਸੰਘਰਸ਼ ਪੈਦਾ ਕੀਤੇ ਸਨ, ਉਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈਆਂ। ਮਿਸਾਲ ਵਜੋਂ, ਆਦਿਵਾਸੀ ਸੰਘਰਸ਼ਾਂ ਨੇ ਇਹ ਸਵਾਲ ਕੇਂਦਰ ਵਿਚ ਲਿਆਂਦਾ ਕਿ ਜੰਗਲ ਵਿਚ ਰਹਿਣ ਵਾਲੇ ਵਿਅਕਤੀ ਦਾ ਜੰਗਲ ਉੱਤੇ ਹੱਕ ਕੀ ਹੈ? ਇਸ ਦਾ ਇੱਕ ਕਾਨੂੰਨੀ ਜਵਾਬ ਜੰਗਲੀ ਅਧਿਕਾਰ ਕਾਨੂੰਨ, 2006 ਵਿਚ ਮਿਲਿਆ। ਪਰ ਕਾਨੂੰਨ ਬਣ ਜਾਣਾ ਅਤੇ ਉਸ ਦਾ ਜ਼ਮੀਨ ਉੱਤੇ ਪੂਰੀ ਤਰ੍ਹਾਂ ਲਾਗੂ ਹੋਣਾ ਦੋ ਵੱਖਰੀਆਂ ਗੱਲਾਂ ਹਨ। ਇਹ ਸਵਾਲ ਅੱਜ ਵੀ ਖੜ੍ਹਾ ਹੈ ਕਿ ਜਿਸ ਅਨਿਆਂ ਦੇ ਵਿਰੁੱਧ ਲੋਕ ਸੜਕ ‘ਤੇ ਉੱਤਰੇ ਸਨ, ਕੀ ਉਹ ਅਨਿਆਂ ਉਨ੍ਹਾਂ ਦੀ ਜ਼ਿੰਦਗੀ ਵਿਚੋਂ ਘਟਿਆ ਵੀ ਹੈ ਜਾਂ ਨਹੀਂ?
ਆਜ਼ਾਦੀ ਤੋਂ ਬਾਅਦ ਸਰਕਾਰੀ ਨੌਕਰੀਆਂ, ਸਰਕਾਰੀ ਅਦਾਰੇ, ਸਿੱਖਿਆ ਦਾ ਵਿਸਥਾਰ, ਬੈਂਕਿੰਗ, ਇੰਜੀਨੀਅਰਿੰਗ, ਡਾਕਟਰੀ, ਅਧਿਆਪਕੀ ਅਤੇ ਸ਼ਹਿਰੀਕਰਨ ਨਾਲ ਇੱਕ ਨਵਾਂ ਪੜ੍ਹਿਆ-ਲਿਖਿਆ ਤਨਖ਼ਾਹਦਾਰ ਮੱਧ ਵਰਗ ਵਧਿਆ ਫੁੱਲਿਆ। ਭਾਰਤ ਵਿਚ ਮੱਧ ਵਰਗ ਦੇ ਅੰਦੋਲਨਾਂ ਨੂੰ ਲੋਕ-ਸੰਘਰਸ਼ਾਂ ਦੀ ਲੜੀ ਵਿਚ ਰੱਖੀਏ ਤਾਂ ਇੱਕ ਦਿਲਚਸਪ ਤਬਦੀਲੀ ਨਜ਼ਰ ਆਉਂਦੀ ਹੈ। ਮਜ਼ਦੂਰ ਜਾਂ ਆਦਿਵਾਸੀ ਅੰਦੋਲਨ ਦਾ ਕੇਂਦਰ ਅਕਸਰ ਰੋਜ਼ੀ-ਰੋਟੀ ਅਤੇ ਬੁਨਿਆਦੀ ਹੱਕ ਰਹੇ, ਜਦ ਕਿ ਮੱਧ ਵਰਗ ਦੇ ਅੰਦੋਲਨਾਂ ਵਿਚ ਭ੍ਰਿਸ਼ਟਾਚਾਰ, ਮਹਿੰਗਾਈ, ਟੈਕਸ, ਪ੍ਰਸ਼ਾਸਨਿਕ ਜਵਾਬਦੇਹੀ, ਰੋਜ਼ਗਾਰ, ਸਿੱਖਿਆ, ਪਾਰਦਰਸ਼ਤਾ ਅਤੇ ਚੰਗੀ ਸਰਕਾਰ ਵਰਗੇ ਮੁੱਦੇ ਵੱਧ ਸਾਹਮਣੇ ਆਏ। 1974 ਦੀ ਸੰਪੂਰਨ ਕ੍ਰਾਂਤੀ ਜੋ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ਨੂੰ ਭਾਰਤ ਦੇ ਵੱਡੇ ਮੱਧ ਵਰਗੀ ਰਾਜਨੀਤਕ ਜਨ-ਲਾਮਬੰਦੀ ਦੇ ਅੰਦੋਲਨ ਵਿਚ ਰੱਖਿਆ ਜਾ ਸਕਦਾ ਹੈ। 1973–74 ਦਾ ਗੁਜਰਾਤ ਦਾ ਨਵ-ਨਿਰਮਾਣ ਅੰਦੋਲਨ ਵੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਵਿਰੁੱਧ ਵਿਦਿਆਰਥੀ ਅੰਦੋਲਨ ਵਜੋਂ ਹੀ ਉੱਭਰਿਆ ਸੀ। ਮੁੱਦਾ ਸਿਰਫ਼ ਤਨਖ਼ਾਹ ਵਧਾਉਣਾ ਨਾ ਰਹਿ ਕੇ ਸਰਕਾਰ ਕਿਵੇਂ ਚੱਲ ਰਹੀ ਹੈ? ਬਣ ਗਿਆ ਸੀ। 1990 ਵਿਚ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੇ ਫ਼ੈਸਲੇ ਤੋਂ ਬਾਅਦ ਕਈ ਸ਼ਹਿਰੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਵਿਰੋਧ ਕੀਤਾ। ਇਸ ਨਾਲ ਮੱਧ ਵਰਗ ਦੇ ਅੰਦੋਲਨ ਦਾ ਇੱਕ ਹੋਰ ਚਿਹਰਾ ਸਾਹਮਣੇ ਆਇਆ ਜਦ ਇਸ ਦੇ ਸਮਰਥਕਾਂ ਲਈ ਇਹ ਇਤਿਹਾਸਕ ਸਮਾਜਿਕ ਅਸਮਾਨਤਾ ਨੂੰ ਘਟਾਉਣ ਦਾ ਮਸਲਾ ਸੀ। ਉੱਚੀਆਂ ਜਾਤਾਂ ਲਈ ਇਹ ਯੋਗਤਾ ਦੇ ਅਧਾਰ ‘ਤੇ ਖੁੱਲ੍ਹੇ ਮੁਕਾਬਲਿਆਂ ਦੇ ਮੌਕਿਆਂ ਬਾਰੇ ਚਿੰਤਾ ਦਾ ਮਾਮਲਾ ਸੀ। ਇਸ ਕਰਕੇ ਹੀ ਇਸ ਨੂੰ ਮੰਡਲ ਬਨਾਮ ਕਰਮੰਡਲ ਅੰਦੋਲਨ ਦੀ ਸੰਘਿਆ ਦਿੱਤੀ ਗਈ ਸੀ। ਅੰਨਾ ਹਜ਼ਾਰੇ ਦਾ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਵੀ ਮੱਧ ਵਰਗ ਦਾ ਹੀ ਅੰਦੋਲਨ ਸੀ। ਇਸ ਵਿਚ ਸਰਕਾਰੀ ਭ੍ਰਿਸ਼ਟਾਚਾਰ, ਰਾਜਨੀਤਕ ਜਵਾਬਦੇਹੀ, ਲੋਕਪਾਲ ਅਤੇ ਪਾਰਦਰਸ਼ਤਾ ਮੁੱਖ ਮੁੱਦਾ ਬਣੇ। ਟੀਵੀ, ਮੀਡੀਆ ਅਤੇ ਸ਼ਹਿਰੀ ਜਨਤਕ ਸਥਾਨਾਂ ‘ਤੇ ਇਸ ਅੰਦੋਲਨ ਦੀ ਲਾਮਬੰਦੀ ਨੇ ਇਸ ਨੂੰ ਤੇਜ਼ੀ ਨਾਲ ਫੈਲਾਇਆ। ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਮੁੱਖ ਤੌਰ ‘ਤੇ ਕਿਸਾਨਾਂ ਦਾ ਇੱਕ ਜਨ ਅੰਦੋਲਨ ਸੀ, ਪਰ ਇਸ ਨੂੰ ਸੋਸ਼ਲ ਮੀਡੀਆ, ਕਾਨੂੰਨੀ ਸਹਾਇਤਾ ਲਈ ਵਕੀਲਾਂ, ਮੈਡੀਕਲ ਸਹਾਇਤਾ ਲਈ ਡਾਕਟਰ ਅਤੇ ਹੈਲਥ ਵਰਕਰਾਂ ਨੇ, ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਲੋਕਾਂ ਵੱਲੋਂ ਵੀ ਭਰਵਾਂ ਸਮਰਥਨ ਮਿਲਿਆ। ਅੰਦੋਲਨ ਵਾਸਤੇ ਦੇਸ਼ ਤੋਂ ਬਾਹਰ ਵੱਸਦੇ ਡਾਇਸਪੋਰਾ ਨੇ ਫ਼ੰਡ ਇਕੱਠਾ ਕਰਨ, ਭੋਜਨ ਪਹੁੰਚਾਉਣ ਵਿਚ ਵੱਡੀ ਮਦਦ ਕੀਤੀ। ਦਸੰਬਰ 2012 ਦੇ ਦਿੱਲੀ ਦੇ ਨਿਰਭਯਾ ਸਮੂਹਿਕ ਬਲਾਤਕਾਰ ਮਾਮਲੇ ਤੋਂ ਬਾਅਦ ਹੋਏ ਵੱਡੇ ਵਿਰੋਧਾਂ ਵਿਚ ਵਿਦਿਆਰਥੀਆਂ ਅਤੇ ਸ਼ਹਿਰੀ ਮੱਧ ਵਰਗ ਦੀ ਵੱਡੀ ਭੂਮਿਕਾ ਸੀ। ਇਸ ਅੰਦੋਲਨ ਰਾਹੀਂ ਭਾਰਤ ਦਾ ਮੱਧ ਵਰਗ ਰਾਜ ਤੋਂ ਸੁਰੱਖਿਆ, ਔਰਤਾਂ ਦੀ ਸੁਰੱਖਿਆ, ਕਾਨੂੰਨੀ ਸੁਧਾਰ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਸਖ਼ਤ ਕਰਨ ਦੀ ਮੰਗ ਕਰ ਰਿਹਾ ਸੀ। ਗ਼ਰੀਬ ਦੀ ਧੀ ਨਾਲ ਹੋਈ ਹਿੰਸਾ ਅਕਸਰ ਇੱਕ ਸਥਾਨਕ ਖ਼ਬਰ ਬਣ ਕੇ ਰਹਿ ਜਾਂਦੀ ਹੈ, ਜਦੋਂ ਕਿ ਮੱਧਵਰਗ ਜਾਂ ਪ੍ਰਭਾਵਸ਼ਾਲੀ ਵਰਗ ਨਾਲ ਜੁੜੀ ਘਟਨਾ ਜਨਤਕ ਚਰਚਾ ਦਾ ਵੱਡਾ ਕੇਂਦਰ ਬਣ ਜਾਂਦੀ ਹੈ। ਭਾਰਤ ਵਿਚ ਕਿਸੇ ਅਜਿਹੀ ਘਟਨਾ ਦਾ ਰਾਸ਼ਟਰੀ ਮੁੱਦਾ ਬਣਨਾ ਸਿਰਫ਼ ਜੁਰਮ ਦੀ ਗੰਭੀਰਤਾ ’ਤੇ ਹੀ ਨਿਰਭਰ ਨਹੀਂ ਕਰਦਾ ਸਗੋਂ ਪੀੜਤ ਦੀ ਸਮਾਜਕ ਹੈਸੀਅਤ, ਰਿਹਾਇਸ਼ ਦੀ ਥਾਂ, ਮੀਡੀਆ ਦੀ ਪਹੁੰਚ ਅਤੇ ਰਾਜਨੀਤਕ ਮਹੱਤਤਾ ਵੀ ਇਸ ਵਿਚ ਭੂਮਿਕਾ ਨਿਭਾਉਂਦੀ ਹੈ? ਭਾਰਤ ਦੇ ਗ਼ਰੀਬ, ਦਲਿਤ, ਆਦਿਵਾਸੀ ਅਤੇ ਹੋਰ ਹਾਸ਼ੀਏ ’ਤੇ ਰਹਿੰਦੇ ਪਰਿਵਾਰਾਂ ਵਿਚ ਹਰ ਰੋਜ਼ ਵਾਪਰਦੀਆਂ ਜਿਨਸੀ ਹਿੰਸਾ ਦੀਆਂ ਘਟਨਾਵਾਂ ਵਿਚੋਂ ਕਿੰਨੀਆਂ ਨੂੰ ਉਹੀ ਸਮਾਜਕ ਅਤੇ ਮੀਡੀਆ ਧਿਆਨ ਮਿਲਦਾ ਹੈ? ਭਾਰਤ ਵਿਚ ਇਨਸਾਫ਼ ਦੀ ਮੰਗ ਵੀ ਵਰਗ, ਜਾਤ ਅਤੇ ਸਮਾਜਕ ਹੈਸੀਅਤ ਦੇ ਅਨੁਸਾਰ ਵੱਖ-ਵੱਖ ਆਵਾਜ਼ਾਂ ਵਿਚ ਸੁਣਾਈ ਦਿੰਦੀ ਹੈ? ਗ਼ਰੀਬ, ਦਲਿਤ ਵਰਗ ਅਤੇ ਪਛੜੇ ਸਮਾਜ ਦੀਆਂ ਉਨ੍ਹਾਂ ਅਨੇਕਾਂ ਔਰਤਾਂ, ਜਿਨ੍ਹਾਂ ਦੀ ਪੀੜਾ ਨਾ ਅੰਦੋਲਨ ਬਣਦੀ ਹੈ, ਨਾ ਲੰਬੀ ਟੀ.ਵੀ. ਬਹਿਸ ਅਤੇ ਨਾ ਹੀ ਲੰਬੇ ਸਮੇਂ ਤਕ ਇਸ ਨੂੰ ਜਨਤਾ ਯਾਦ ਰੱਖਦੀ ਹੈ। ਮੱਧ ਵਰਗ ਦੇ ਅੰਦੋਲਨ ਸਰਕਾਰ ਨੂੰ ਕੁਝ ਨਾ ਕੁਝ ਮਨਾਉਣ ਵਿਚ ਸਫਲ ਹੋ ਜਾਂਦੇ ਹਨ, ਪਰ ਗ਼ਰੀਬ ਦਲਿਤ ਅਤੇ ਆਦਿਵਾਦੀ ਸਦਾ ਹੀ ਹਾਸ਼ੀਏ ‘ਤੇ ਰਹਿੰਦੇ ਹਨ। ਹਾਥਰਸ ਵਰਗੀਆਂ ਘਟਨਾਵਾਂ ਇਸ ਸਵਾਲ ਨੂੰ ਹੋਰ ਗੰਭੀਰ ਬਣਾਉਂਦੀਆਂ ਹਨ। ਜਦੋਂ ਗ਼ਰੀਬ ਜਾਂ ਦਲਿਤ ਪਰਿਵਾਰ ਨਾਲ ਅਨਿਆਂ ਹੁੰਦਾ ਹੈ ਤਾਂ ਉਹ ਕਿੰਨੀ ਕੁ ਦੇਰ ਤੱਕ ਰਾਸ਼ਟਰੀ ਚਰਚਾ ਦਾ ਹਿੱਸਾ ਬਣਿਆ ਰਹਿੰਦਾ ਹੈ? ਕੀ ਉਸ ਪਰਿਵਾਰ ਦੀ ਆਵਾਜ਼ ਨੂੰ ਉਹੀ ਸਮਾਜਕ ਮਹੱਤਤਾ ਮਿਲਦੀ ਹੈ ਜੋ ਕਿਸੇ ਪ੍ਰਭਾਵਸ਼ਾਲੀ ਜਾਂ ਮੱਧ ਵਰਗੀ ਸਮੂਹ ਦੇ ਅੰਦੋਲਨ ਨੂੰ ਮਿਲਦੀ ਹੈ? ਸੜਕਾਂ ’ਤੇ ਉੱਤਰਿਆ ਮੱਧ ਵਰਗ ਜਦੋਂ ਆਪਣੇ ਹੱਕਾਂ ਲਈ ਕੋਈ ਸੰਘਰਸ਼ ਕਰਦਾ ਹੈ ਤਾਂ ਸਰਕਾਰ ਨੂੰ ਕਿਸੇ ਨਾ ਕਿਸੇ ਪੱਧਰ ’ਤੇ ਉਸ ਦੀਆਂ ਮੰਗਾਂ ਨੂੰ ਸੁਣਨ ਲਈ ਗੱਲਬਾਤ ਦੀ ਟੇਬਲ ‘ਤੇ ਆ ਕੇ ਸਮਝੌਤਾ ਕਰਨਾ ਪੈਂਦਾ ਹੈ। ਪਰ ਭਾਰਤ ਦੇ ਗ਼ਰੀਬ, ਦਲਿਤ ਅਤੇ ਆਦਿਵਾਸੀ ਲੋਕਾਂ ਦੀ ਸਥਿਤੀ ਕਈ ਵਾਰ ਇਸ ਤੋਂ ਬਿਲਕੁਲ ਵੱਖਰੀ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਸੰਘਰਸ਼ ਅਕਸਰ ਸਥਾਨਕ ਹੱਦਾਂ ਵਿਚ ਸਿਮਟ ਜਾਂਦੇ ਹਨ। ਮੱਧ ਵਰਗ ਦੇ ਅੰਦੋਲਨ ਸਰਕਾਰ ਨੂੰ ਕੁਝ ਨਾ ਕੁਝ ਮਨਾਉਣ ਵਿਚ ਸਫਲ ਹੋ ਜਾਂਦੇ ਹਨ ਪਰ ਗ਼ਰੀਬ ਦਲਿਤ ਅਤੇ ਆਦਿਵਾਦੀ ਸਦਾ ਹੀ ਹਾਸ਼ੀਏ ‘ਤੇ ਹੀ ਰਹਿੰਦੇ ਹਨ।
ਇਨ੍ਹਾਂ ਮੱਧ ਵਰਗੀ ਅੰਦੋਲਨਾਂ ਦੇ ਆਸਰੇ ਸੱਤਾ ਵਿਚ ਆਈ ਧੁਰ ਸੱਜੇ-ਪੱਖੀ ਰਾਜਨੀਤੀ ਨੇ ਸਮਾਜਿਕ ਅਨਿਆਂ ਅਤੇ ਧਰਮ ਅਧਾਰਿਤ ਸਿਆਸਤ ਦਾ ਇੱਕ ਨਵਾਂ ਸਿਲਸਿਲਾ ਅਰੰਭਿਆ ਹੋਇਆ ਹੈ। ਪਹਿਲੀ ਵਾਰ ਜਨਰੇਸ਼ਨ ਜੀ ਦਾ ਅੰਦੋਲਨ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦਾ ਨਜ਼ਰ ਆਉਂਦਾ ਹੈ। ਪਰ ਇਹ ਫ਼ਿਲਹਾਲ ਸ਼ੁਰੂਆਤੀ ਦੌਰ ਹੈ ਇਸ ਦੇ ਛੁੱਟ-ਪੁੱਟ ਸਫਲ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਇਸ ਅੰਦੋਲਨ ਦੀ ਲੀਡਰਸ਼ਿਪ ਨੇ ਭਵਿੱਖ ਬਾਰੇ ਅਜੇ ਆਪਣੀ ਦਿਸ਼ਾ ਤੈਅ ਕਰਨੀ ਹੈ।