ਪ੍ਰਿੰ. ਸਰਵਣ ਸਿੰਘ
ਅਵਤਾਰ ਤਾਰੀ ਦਾ ਅਸਲੀ ਨਾਂ ਅਵਤਾਰ ਸਿੰਘ ਸੋਹਲ ਹੈ। ਹਾਕੀ ਦੀ ਖੇਡ ਦਾ ਉਹ ‘ਤਾਰੀ’ ਬਣਿਆ ਦੋ ਦਹਾਕੇ ਵਿਸ਼ਵ ਦੇ ਹਾਕੀ ਮੈਦਾਨਾਂ ਨੂੰ ਰੰਗਭਾਗ ਲਾਉਂਦਾ ਰਿਹਾ। ਛੇ ਫੁੱਟਾ ਕੱਦ, ਸਡੌਲ ਸਰੀਰ, ਕਣਕਵੰਨਾ ਰੰਗ, ਧਾਰੀਆਂ ਵਾਲੀ ਫਿਫਟੀ ਤੇ ਚਿੱਟੀ ਚੁੰਝਦਾਰ ਪੱਗ, ਉਹਦੀ ਪਛਾਣ ਬਣੀ ਰਹੀ।
ਉਹ ਦੁਨੀਆ `ਚ ਸਭ ਤੋਂ ਵੱਧ ਹਾਕੀ ਖੇਡਿਆ। ਉਸ ਨੇ ਚਾਰ ਓਲੰਪਿਕ ਖੇਡਾਂ `ਚ ਭਾਗ ਲਿਆ ਤੇ ਤਿੰਨ ਵਾਰ ਕੀਨੀਆ ਦੀਆਂ ਹਾਕੀ ਟੀਮਾਂ ਦੀ ਕਪਤਾਨੀ ਕੀਤੀ। ਪੰਜਵੀਂ ਓਲੰਪਿਕ ਵਿਚ ਉਹ ਕੀਨੀਆ ਦੀ ਹਾਕੀ ਟੀਮ ਦਾ ਕੋਚ ਤੇ ਛੇਵੀਂ ਓਲੰਪਿਕ `ਚ ਹਾਕੀ ਮੈਚਾਂ ਦਾ ਜੱਜ ਬਣਿਆ। ਉਹ ਹਾਕੀ ਦਾ ਅੰਪਾਇਰ ਵੀ ਰਿਹਾ, ਜੱਜ ਵੀ ਤੇ ਖੇਡ ਪ੍ਰਮੋਟਰ ਵੀ। 19 ਸਾਲ ਦੀ ਉਮਰ ਤੋਂ 40 ਸਾਲ ਦੀ ਉਮਰ ਤਕ ਉਹ ਉੱਚ ਪਾਏ ਦੀ ਸਰਗਰਮ ਹਾਕੀ ਖੇਡਿਆ। ਹੁਣ ਵੀ ਉਹ ਕੀਨੀਆ ਦੇ ਮੁੰਡਿਆਂ ਕੁੜੀਆਂ ਨੂੰ ਹਾਕੀ ਖੇਡਣੀ ਸਿਖਾ ਰਿਹੈ।
ਇਹ ਸਤਰਾਂ ਲਿਖਣ ਵੇਲੇ ਤਾਰੀ 89ਵੇਂ ਸਾਲ `ਚ ਹੈ। ਇਕ ਵਾਰ ਅਸੀਂ ਮਿਲੇ ਵੀ ਸਾਂ। ਮੈਂ ਐੱਮ.ਏ ਦੀ ਪੜ੍ਹਾਈ ਦੌਰਾਨ ਦਿੱਲੀ ਦੇ ਜਿਸ ਕਲੱਬ `ਚ ਰਹਿੰਦਾ ਸਾਂ ਉਥੇ ਕੀਨੀਆ ਤੇ ਯੂਗਾਂਡਾ ਤੋਂ ਦੋ ਸਿੱਖ ਵਿਦਿਆਰਥੀ ਵੀ ਮੇਰੇ ਨਾਲ ਰਹਿੰਦੇ ਸਨ। ਉਹ ਕਿਸੇ ਅਫਰੀਕਨ ਵਿਦਿਆਰਥੀ ਐਸੋਸੀਏਸ਼ਨ ਦੇ ਮੈਂਬਰ ਸਨ। 1964 `ਚ ਕੀਨੀਆ ਦੀ ਹਾਕੀ ਟੀਮ ਭਾਰਤ ਦੇ ਦੌਰੇ `ਤੇ ਆਈ ਤਾਂ ਐਸੋਸੀਏਸ਼ਨ ਨੇ ਟੀਮ ਨੂੰ ਕਲੱਬ `ਚ ਆਉਣ ਦਾ ਸੱਦਾ ਦਿੱਤਾ। ਭਾਰਤ ਦੇ ਤਤਕਾਲੀ ਉਪ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਹੋਰਾਂ ਨੂੰ ਬੇਨਤੀ ਕੀਤੀ ਕਿ ਕੀਨੀਆ ਹਾਕੀ ਟੀਮ ਦੀ ਆਉ ਭਗਤ `ਚ ਕਲਚਰਲ ਫੰਕਸ਼ਨ ਕਰ ਰਹੇ ਹਾਂ, ਕਿਰਪਾ ਕਰ ਕੇ ਮੁੱਖ ਮਹਿਮਾਨ ਵਜੋਂ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਉਦੋਂ ਸਕਿਓਰਟੀ ਬਗੈਰਾ ਦਾ ਹੁਣ ਵਰਗਾ ਅਡੰਬਰ ਨਹੀਂ ਸੀ। ਕਲੱਬ ਦੇ ਖੁੱਲ੍ਹੇ ਵਿਹੜੇ `ਚ ਚਿੱਟੀਆਂ ਪੱਗਾਂ ਬੰਨ੍ਹੀ ਕੀਨੀਆ ਦੇ ਦਰਜਨ ਕੁ ਸਿੱਖ ਖਿਡਾਰੀ ਆ ਗਏ। ਉਪ ਰਾਸ਼ਟਰਪਤੀ ਜੀ ਵੀ ਆ ਪਧਾਰੇ। ਚੰਗਾ ਰੰਗ ਬੱਝਾ। ਕੀਨੀਆ ਦੇ ਖਿਡਾਰੀਆਂ `ਚ ਟੀਮ ਦਾ ਕਪਤਾਨ ਅਵਤਾਰ ਸਿੰਘ ਤਾਰੀ ਵੀ ਸੀ। ਉਦੋਂ ਮੈਂ ਵੀ ਹਾਕੀ ਖੇਡਦਾ ਸਾਂ ਜਿਸ ਕਰਕੇ ਮੈਂ ਤਾਰੀ ਨਾਲ ਪੰਜਾਬੀ `ਚ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ। ਉਹ ਤਿੰਨ ਬੋਲੀਆਂ ਬੋਲਦਾ ਸੀ। ਪੰਜਾਬੀ, ਅੰਗਰੇਜ਼ੀ ਤੇ ਸਵਾਹਲੀ ਜੋ ਕੀਨੀਆ ਦੀ ਬੋਲੀ ਹੈ।
ਅਵਤਾਰ ਸਿੰਘ ਦਾ ਜਨਮ ਪਿਆਰਾ ਸਿੰਘ ਤੇ ਪ੍ਰਮੇਸ਼ਰੀ ਕੌਰ ਦੇ ਘਰ 22 ਮਾਰਚ 1938 ਨੂੰ ਨੈਰੋਬੀ ਵਿਚ ਹੋਇਆ ਸੀ। ਉਹਦੇ ਮਾਤਾ-ਪਿਤਾ ਪਹਿਲਾਂ ਹੀ ਨੈਰੋਬੀ ਪਹੁੰਚ ਚੁੱਕੇ ਸਨ। ਉਨ੍ਹਾਂ ਦੇ ਘਰ ਕੋਲ ਸਿੱਖ ਯੂਨੀਅਨ ਕਲੱਬ ਦਾ ਹਾਕੀ ਗਰਾਊਂਡ ਸੀ। ਤਾਰੀ ਸਕੂਲੇ ਪੜ੍ਹਦਿਆਂ ਉਸ ਕਲੱਬ ਦਾ ਮੈਂਬਰ ਬਣ ਗਿਆ। ਹਾਕੀ ਖੇਡਣਾ ਉਹਦੇ ਲਈ ‘ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਵਾਲੀ ਗੱਲ ਬਣ ਗਈ। ਬਲਬੀਰ ਸਿੰਘ ਸੀਨੀਅਰ ਵੀ ਮੋਗੇ ਦੇ ਦੇਵ ਸਮਾਜ ਸਕੂਲ ਵਿਚ ਇੰਜ ਹੀ ਹਾਕੀ ਖੇਡਣ ਲੱਗਾ ਸੀ। ਉਸ ਦੀ ਰਿਹਾਇਸ਼ ਵੀ ਹਾਕੀ ਗਰਾਊਂਡ ਦੇ ਸਾਹਮਣੇ ਸੀ। ਫਰੀਦਕੋਟ ਦੀਆਂ ਸੈਣੀ ਭੈਣਾਂ ਦੀ ਹਾਕੀ `ਚ ਗੁੱਡੀ ਚੜ੍ਹਾਉਣ ਵਾਲਾ ਗਰਾਊਂਡ ਵੀ ਉਨ੍ਹਾਂ ਦੇ ਰਿਹਾਇਸ਼ੀ ਕੁਆਟਰ ਮੂਹਰੇ ਸੀ। ਅਵਤਾਰ ਸਿੰਘ ਸੋਹਲ 7 ਦਹਾਕਿਆਂ ਤੋਂ ਉਸ ਕਲੱਬ ਨਾਲ ਜੁੜਿਆ ਆ ਰਿਹੈ।
ਸਿੱਖ ਯੂਨੀਅਨ ਕਲੱਬ ਦੀ ਨੀਂਹ ਮਹਾਂ ਸਿੰਘ ਗਰੇਵਾਲ ਨੇ ਰੱਖੀ ਸੀ। ਉਹ ਵੀ ਹਾਕੀ ਦਾ ਖਿਡਾਰੀ ਸੀ। ਉਸ ਦਾ ਜਨਮ 31 ਜਨਵਰੀ 1902 ਵਿਚ ਸਾਹਨੇਵਾਲ ਨੇੜੇ ਪਿੰਡ ਸਾਹਨੀ ਜ਼ਿਲ੍ਹਾ ਲੁਧਿਆਣੇ `ਚ ਹੋਇਆ ਸੀ। ਉਸ ਨੇ ਸਾਹਨੇਵਾਲ ਤੇ ਲੁਧਿਆਣੇ ਦੇ ਸਕੂਲਾਂ `ਚ ਹਾਕੀ ਖੇਡਣੀ ਸਿੱਖੀ ਸੀ ਤੇ 19 ਸਾਲ ਦੀ ਉਮਰ `ਚ ਕੀਨੀਆ ਚਲਾ ਗਿਆ ਸੀ। ਉਦੋਂ ਇੰਡੀਆ ਤੇ ਕੀਨੀਆ ਬ੍ਰਿਟਿਸ਼ ਰਾਜ ਦੀਆਂ ਬਸਤੀਆਂ ਸਨ। ਕੀਨੀਆ `ਚ ਸੈਂਕੜੇ ਮੀਲ ਲੰਮੀ ਰੇਲਵੇ ਲਾਈਨ ਵਿਛਾਉਣੀ ਸੀ ਜਿਸ ਲਈ ਮਿਹਨਤੀ ਕਾਮੇ ਤੇ ਕਾਰੀਗਰ ਚਾਹੀਦੇ ਸਨ। ਇੰਡੀਆ ਤੋਂ ਕਾਮੇ ਕਾਰੀਗਰ ਖਾਸ ਕਰ ਕੇ ਰਾਮਗੜ੍ਹੀਏ ਸਿੱਖ ਵੱਡੀ ਗਿਣਤੀ `ਚ ਕੀਨੀਆ ਪਹੁੰਚੇ। ਉਦੋਂ ਅੰਗਰੇਜ਼ ਉਸੇ ਕਾਮੇ ਨੂੰ ਕੀਨੀਆ ਦਾ ਵੀਜ਼ਾ ਦਿੰਦੇ ਸਨ ਜੀਹਦੇ ਹੱਥਾਂ ਪੈਰਾਂ `ਤੇ ਅੱਟਣ ਪਏ ਹੋਣ। ਅੱਟਣਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਉਹ ਕਰੜੇ ਤੋਂ ਕਰੜਾ ਕੰਮ ਕਰਨ ਦੇ ਯੋਗ ਹੈ। ਹਾਕੀ ਦੀ ਖੇਡ ਤਾਂ ਹੈ ਹੀ ਚੰਡੇ ਹੋਏ ਜੁੱਸਿਆਂ ਦੀ ਖੇਡ। ਹਾਕੀ ਦੀ ਖੇਡ ਉਨ੍ਹਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਸੀ। ਫਿਰ ਉਹ ਕੀਨੀਆ ਦੀਆਂ ਨੈਸ਼ਨਲ ਟੀਮਾਂ `ਚ ਸਾਲਾਂ-ਬੱਧੀ ਛਾਏ ਰਹੇ।
ਪੰਜਾਬੀ ਮੂਲ ਦੇ ਅਨੇਕ ਹਾਕੀ ਖਿਡਾਰੀ ਹਨ ਜੋਭਾਰਤ, ਪਾਕਿਸਤਾਨ, ਕੀਨੀਆ, ਯੂਗਾਂਡਾ, ਤਨਜ਼ਾਨੀਆਂ, ਮਲੇਸ਼ੀਆ, ਹਾਂਗਕਾਂਗ, ਸਿੰਘਾਪੁਰ, ਇੰਗਲੈਂਡ ਤੇ ਕੈਨੇਡਾ ਦੀਆਂ ਹਾਕੀ ਟੀਮਾਂ ਦੇ ਮੈਂਬਰ ਬਣ ਕੇ ਓਲੰਪਿਕ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕੱਪਾਂ `ਚ ਖੇਡ ਚੁੱਕੇ ਨੇ। ਹਾਕੀ ਨੂੰ ਪੰਜਾਬੀਆਂ ਦੀ ਕੌਮੀ ਖੇਡ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ। ਇਕੇਰਾਂ ਕੀਨੀਆ ਦੇ 13 ਖਿਡਾਰੀ ਜੂੜਿਆਂ ਵਾਲੇ ਸਰਦਾਰ ਸਨ ਤੇ 1966 ਵਿਚ ਪਹਿਲੀ ਵਾਰ ਏਸ਼ਿਆਈ ਖੇਡਾਂ ਦਾ ਸੋਨ-ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਵਿਚ ਗਿਆਰਾਂ `ਚੋਂ ਦਸਾਂ ਦੇ ਜੂੜਿਆਂ ਉਤੇ ਰੁਮਾਲ ਸਨ। ਮੂਨਿਖ ਦੀਆਂ ਓਲੰਪਿਕ ਖੇਡਾਂ-1972 `ਚ ਪਾਕਿਸਤਾਨ, ਭਾਰਤ, ਕੀਨੀਆ, ਯੂਗਾਂਡਾ ਤੇ ਮਲੇਸ਼ੀਆ ਦੀਆਂ ਹਾਕੀ ਟੀਮਾਂ ਵਿਚ 40 ਖਿਡਾਰੀ ਪੰਜਾਬੀ ਮੂਲ ਦੇ ਸਨ। 2 ਸਤੰਬਰ 1972 ਨੂੰ ਜੋ ਮੈਚ ਭਾਰਤ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਉਸ ਵਿਚ 15 ਖਿਡਾਰੀਆਂ ਦੇ ਜੂੜਿਆਂ ਉਤੇ ਰੁਮਾਲ ਸਨ।
ਅਵਤਾਰ ਤਾਰੀ ਜਦੋਂ ਮੂਨਿਖ ਦੀਆਂ ਓਲੰਪਿਕ ਖੇਡਾਂ ਸਮੇਂ ਤੀਜੀ ਵਾਰ ਕੀਨੀਆ ਦੀ ਹਾਕੀ ਟੀਮ ਦਾ ਕੈਪਟਨ ਸੀ ਤਾਂ ਉਹ ਟੀਮ ਕਿਸੇ ਖਾਲਸਾ ਕਾਲਜ ਦੀ ਟੀਮ ਲੱਗਦੀ ਸੀ। ਉਸ ਟੀਮ `ਚ ਅਵਤਾਰ ਸਿੰਘ, ਅਮਰਜੀਤ ਸਿੰਘ, ਬਰਜਿੰਦਰ ਸਿੰਘ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਜਗਜੀਤ ਸਿੰਘ, ਜਗਮੇਲ ਸਿੰਘ, ਰਣਜੀਤ ਸਿੰਘ, ਰੇਸ਼ਮ ਸਿੰਘ, ਸੁਰਜੀਤ ਸਿੰਘ ਪਨੇਸਰ, ਸੁਰਜੀਤ ਸਿੰਘ ਰਿਹਾਲ, ਤਰਲੋਚਨ ਸਿੰਘ ਤੇ ਹਰਵਿੰਦਰ ਪਾਲ ਸਿੰਘ ਸਿਬੀਆ ਖੇਡ ਰਹੇ ਸਨ। ਟੀਮ ਦਾ ਕੋਚ/ਮੈਨੇਜਰ ਵੀ ਪੰਜਾਬੀ ਸੀ।
ਅਵਤਾਰ ਸਿੰਘ ਨੇ ਦੋ ਦਹਾਕੇ ਕੀਨੀਆ ਦੀਆਂ ਹਾਕੀ ਟੀਮਾਂ ਦੀ ਅਗਵਾਈ ਕੀਤੀ। ਉਹ 1957 ਤੋਂ 1972 ਤਕ ਕੀਨੀਆ ਦੀਆਂ ਨੈਸ਼ਨਲ ਟੀਮਾਂ ਵੱਲੋਂ ਖੇਡਿਆ। 1964 `ਚ ਟੋਕੀਓ ਦੀਆਂ ਓਲੰਪਿਕ ਖੇਡਾਂ `ਚ ਕੀਨੀਆ ਦੀ ਟੀਮ ਛੇਵੇਂ ਸਥਾਨ `ਤੇ ਪੁੱਜ ਗਈ ਸੀ ਜਦ ਕਿ 1971 ਵਿਚ ਬਾਰਸੀਲੋਨਾ `ਚ ਚੌਥਾ ਸਥਾਨ ਲੈ ਲਿਆ ਸੀ। 1956 ਤੋਂ 1972 ਤਕ ਕੀਨੀਆ ਦੀਆਂ ਹਾਕੀ ਟੀਮਾਂ ਦੁਨੀਆ ਦੀਆਂ ਉਪਰਲੀਆਂ ਪੰਜ ਸੱਤ ਟੀਮਾਂ `ਚ ਗਿਣੀਆਂ ਜਾਂਦੀਆਂ ਸਨ। ਇਹਦਾ ਸਿਹਰਾ ਅਵਤਾਰ ਤਾਰੀ ਵਰਗੇ ਖਿਡਾਰੀਆਂ ਨੂੰ ਜਾਂਦਾ ਹੈ। ਜਾਂ 1956, 1960, 1964, 1968 ਤੇ ਮਿਊਨਿਖ-1972 ਦੀਆਂ ਓਲੰਪਿਕ ਖੇਡਾਂ ਵਿਚ ਕੀਨੀਆ ਵੱਲੋਂ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਜਾਂਦਾ ਹੈ।
ਅਵਤਾਰ ਤਾਰੀ ਨੇ ਓਲੰਪਿਕ ਖੇਡਾਂ ਤੋਂ ਬਿਨਾਂ 1971 ਦੇ ਵਿਸ਼ਵ ਹਾਕੀ ਕੱਪ ਵਿਚ ਵੀ ਕੀਨੀਆ ਦੀ ਟੀਮ ਦੀ ਕਪਤਾਨੀ ਕੀਤੀ। ਉਸ ਨੇ ਚਾਰ ਓਲੰਪਿਕ ਖੇਡਾਂ ਹੀ ਨਹੀਂ ਵਿਸ਼ਵ ਭਰ `ਚ ਕੀਨੀਆ ਵੱਲੋਂ 167 ਅੰਤਰਰਾਸ਼ਟਰੀ ਹਾਕੀ ਮੈਚ ਖੇਡੇ। ਉਸ ਨੇ 1957 ਵਿਚ 19 ਸਾਲ ਦੀ ਉਮਰੇ ਦੱਖਣੀ ਅਫਰੀਕਾ ਵਿਰੁੱਧ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਮੁੱਢ ਤੋਂ ਹੀ ਉਹ ਹਾਕੀ ਟੀਮਾਂ ਦਾ ਲੈਫਟ ਫੁੱਲ ਬੈਕ ਖੇਡਣ ਲੱਗ ਪਿਆ ਸੀ। ਪੈਨਲਟੀ ਕਾਰਨਰ ਲਾਉਣ ਦੇ ਸਭ ਤੋਂ ਬਹੁਤ ਗੋਲ ਉਹਦੇ ਹੀ ਹੁੰਦੇ ਸਨ। 1946 ਵਿਚ ਇੰਡੀਆ ਦੀ ਹਾਕੀ ਟੀਮ ਜਦੋਂ ਕੀਨੀਆ ਦੇ ਦੌਰੇ `ਤੇ ਗਈ ਸੀ ਤਾਂ ਤਾਰੀ ਹਾਕੀ ਦੇ ਜਾਦੂਗਰ ਕਹੇ ਜਾਂਦੇ ਧਿਆਨ ਚੰਦ ਦੀ ਖੇਡ ਤੋਂ ਬੜਾ ਪ੍ਰਭਾਵਿਤ ਹੋਇਆ ਸੀ। 1962 ਵਿਚ ਉਸ ਨੂੰ ਪਹਿਲੀ ਵਾਰ ਕੀਨੀਆ ਦੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਫਿਰ ਉਹ 1972 ਤਕ ਵੱਖ-ਵੱਖ ਹਾਕੀ ਮੁਕਾਬਲਿਆਂ ਵਿਚ ਵਾਰ-ਵਾਰ ਕੀਨੀਆ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰਦਾ ਰਿਹਾ। ਉਸ ਦੀ ਸਭ ਤੋਂ ਵੱਡੀ ਪ੍ਰਾਪਤੀ 1971 ਦੇ ਪਹਿਲੇ ਵਿਸ਼ਵ ਹਾਕੀ ਕੱਪ `ਚ ਕਾਂਸੀ ਦੇ ਤਗ਼ਮੇ ਲਈ ਭਾਰਤੀ ਟੀਮ ਵਿਰੁਧ ਖੇਡਣਾ ਸੀ। ਉਸ ਮੈਚ `ਚ ਉਹਦੇ ਪੈਨਲਟੀ ਕਾਰਨਰ ਨਾਲ ਗੋਲ ਹੋਣ ਦੇ ਬਾਵਜੂਦ ਕੀਨੀਆ 2-1 ਗੋਲਾਂ ਦੇ ਮਾਮੂਲੀ ਫਰਕ ਨਾਲ ਵਿਕਟਰੀ ਸਟੈਂਡ `ਤੇ ਚੜ੍ਹਨੋਂ ਰਹਿ ਗਿਆ ਸੀ।
ਉਹ 1971 `ਚ ਸਿੱਖ ਯੂਨੀਅਨ ਕਲੱਬ ਦੀ ਟੀਮ ਲੈ ਕੇ ਭਾਰਤ ਦੇ ਦੌਰੇ `ਤੇ, 1975 ਵਿਚ ਯੂਰਪ ਦੇ ਦੌਰੇ ਅਤੇ 1978 ਵਿਚ ਅਮਰੀਕਾ ਦੇ ਟੂਰ `ਤੇ ਗਿਆ। 1979 ਦੀ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਉਹਦੇ ਨਾਂ 167 ਮੈਚ ਖੇਡਣ ਦਾ ਰਿਕਾਰਡ ਚੜ੍ਹ ਗਿਆ ਜੋ 1985 ਤਕ ਚੜ੍ਹਿਆ ਰਿਹਾ। 1978-88 ਦਰਮਿਆਨ ਉਹ 1984 ਦੀਆਂ ਓਲੰਪਿਕ ਖੇਡਾਂ ਲਈ ਕੀਨੀਆ ਦੀ ਹਾਕੀ ਟੀਮ ਦਾ ਕੋਚ ਸੀ। ਹਾਕੀ ਦਾ ਅੰਪਾਇਰ ਬਣਨ ਪਿੱਛੋਂ 1988 ਦੀਆਂ ਓਲੰਪਿਕ ਖੇਡਾਂ ਵੇਲੇ ਉਸ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦਾ ਜੱਜ ਲਾਇਆ ਗਿਆ। ਉਸ ਨੇ ਬਤੌਰ ਕੋਚ ਹਾਂਗਕਾਂਗ, ਇੰਡੋਨੇਸ਼ੀਆ ਤੇ ਜ਼ਿੰਬਾਵੇ ਦੀਆਂ ਹਾਕੀ ਟੀਮਾਂ ਨੂੰ ਕੋਚਿੰਗ ਦਿੱਤੀ। ਉਸ ਨੂੰ 1980 ਵਿਚ ਐੱਫਆਈਐੱਚ ਇੰਟਰਨੈਸ਼ਨਲ ਅੰਪਾਇਰਜ਼ ਦਾ ਬੈਜ ਮਿਲਿਆ। 2005 `ਚ ਕੀਨੀਆ ਦੇ ਰਾਸ਼ਟਰਪਤੀ ਮਵਾਈ ਕਿਬਾਕੀ ਵੱਲੋਂ ਉਸ ਨੂੰ ਹੈੱਡ ਆਫ਼ ਸਟੇਟ ਦੀ ਕੋਮੈਂਡੇਸ਼ਨ ਦਿੱਤੀ ਗਈ। 2021 ਵਿਚ ਜਮਹੂਰੀ ਡੇਅ ਸੈਲੀਬਰੇਸ਼ਨਜ਼ `ਤੇ ਆਰਡਰ ਆਫ਼ ਗਰੈਂਡ ਵਾਰੀਅਰ ਆਫ ਕੀਨੀਆ ਅਵਾਰਡ ਦਿੱਤਾ ਗਿਆ।
ਅਵਤਾਰ ਸਿੰਘ ਦਾ ਕੋਚ ਮਹਾਂ ਸਿੰਘ, ਕੀਨੀਆ `ਚ ਹਾਕੀ ਦੀਆਂ ਜੜ੍ਹਾਂ ਲਾਉਣ ਵਾਲਾ ਪਹਿਲਾ ਸ਼ਖਸ ਸੀ। ਉਹ 20 ਸਾਲ ਸਿੱਖ ਯੂਨੀਅਨ ਕਲੱਬ ਦਾ ਸੈਕਟਰੀ ਰਿਹਾ। ਲਗਭਗ ਅੱਧੀ ਸਦੀ ਉਹ ਹਾਕੀ ਦੀ ਸੇਵਾ ਵਿਚ ਲੱਗਾ ਰਿਹਾ। 1938 `ਚ ਉਹ ਕੀਨੀਆਂ ਦੀ ਹਾਕੀ ਟੀਮ ਦਾ ਕਪਤਾਨ ਬਣਿਆ। 1946 `ਚ ਉਸ ਨੇ ਇੰਡੀਅਨ ਹਾਕੀ ਨਾਲ ਸਾਂਝ ਵਧਾਈ ਤੇ ਆਪਸ ਵਿਚ ਖੇਡਣਾ ਸ਼ੁਰੂ ਕੀਤਾ। ਉਦੋਂ ਧਿਆਨ ਚੰਦ ਦੀ ਅਗਵਾਈ `ਚ ਇੰਡੀਆ ਦੀ ਟੀਮ ਕੀਨੀਆ ਦੇ ਦੌਰੇ `ਤੇ ਗਈ। ਧਿਆਨ ਚੰਦ ਤੇ ਮੰਨਾ ਸਿੰਘ ਦੀ ਖੇਡ ਨੇ ਕੀਨੀਆ ਵਸਦੇ ਬਹੁਤ ਸਾਰੇ ਸਿੱਖ ਖਿਡਾਰੀਆਂ ਨੂੰ ਪ੍ਰਭਾਵਿਤ ਕਤਾ। ਕੀਨੀਆ ਦੀ ਟੀਮ ਨੂੰ ਮਹਾਂ ਸਿੰਘ 1956 ਦੀਆਂ ਓਲੰਪਿਕ ਖੇਡਾਂ `ਚ ਪਹਿਲੀ ਵਾਰ ਲੈ ਕੇ ਗਿਆ ਅਤੇ ਕੀਨੀਆ ਦੀਆਂ ਟੀਮਾਂ ਦਾ ਕੈਪਟਨ ਹੁੰਦਿਆਂ ਦੱਖਣੀ ਅਫਰੀਕਾ ਤੇ ਰੋਡੇਸ਼ੀਆ ਦੀਆਂ ਟੀਮਾਂ ਵਿਰੁੱਧ ਹਾਕੀ ਦੇ ਮੈਚ ਖੇਡਿਆ। 1961 ਵਿਚ ਉਸ ਨੇ ਕੁੜੀਆਂ ਦੀ ਕੀਨੀਆ ਦੀ ਹਾਕੀ ਟੀਮ ਬਣਾਈ ਜਿਸ ਨੇ 1968 ਵਿਚ ਭਾਰਤ ਦਾ ਟੂਰ ਲਾਇਆ। ਮਹਾਂ ਸਿੰਘ 60 ਸਾਲ ਦੀ ਉਮਰ ਤਕ ਹਾਕੀ ਖੇਡਦਾ ਰਿਹਾ। ਆਖ਼ਰ 17 ਜਨਵਰੀ 1969 ਨੂੰ 67 ਸਾਲ ਦੀ ਉਮਰੇ ਅਕਾਲ ਚਲਾਣਾ ਕਰ ਗਿਆ। ਉਸ ਨੂੰ ਕੀਨੀਆ ਦੀ ਹਾਕੀ ਦਾ ਬਾਪੂ ਕਿਹਾ ਜਾਂਦਾ ਹੈ। ਉਹਦੇ ਸਾਜੇ ਕਲੱਬ ਦੇ ਸੌ ਸਾਲਾ ਸਮਾਗਮ ਵਿਚ ਉਸ ਧੀ ਜਸਵੰਤ ਕੌਰ ਗਰੇਵਾਲ ਸ਼ਾਮਲ ਹੋਈ ਜਿਸ ਦੀ ਉਮਰ ਹੁਣ 96 ਸਾਲਾਂ ਦੀ ਹੈ।
ਕੀਨੀਆ ਦੇ ਲੀਜੈਂਡਰੀ ਖਿਡਾਰੀ ਅਵਤਾਰ ਸਿੰਘ ਦੀਆਂ ਉਮਰ ਭਰ ਦੀਆਂ ਸੇਵਾਵਾਂ ਦਾ ਸਨਮਾਨ ਕਰਨ ਲਈ 10 ਮਈ 2026 ਨੂੰ ਨੈਰੋਬੀ ਵਿਖੇ ਸ਼ਾਨਦਾਰ ਸਮਾਗਮ ਕੀਤਾ ਗਿਆ ਜਿਸ ਵਿਚ 750 ਵਿਸ਼ੇਸ਼ ਮਹਿਮਾਨ ਸੱਦੇ ਗਏ। ਉਹ ਕੀਨੀਆ, ਯੂ.ਕੇ, ਇੰਡੀਆ, ਮਲੇਸ਼ੀਆ, ਨਾਏਜੀਰੀਆ, ਕੈਨੇਡਾ, ਨਿਊਜ਼ੀਲੈਂਡ ਤੇ ਅਮਰੀਕਾ ਆਦਿ ਮੁਲਕਾਂ ਤੋਂ ਸਨ। ਉਨ੍ਹਾਂ ਵਿਚ ਹਾਕੀ ਦੇ 14 ਓਲੰਪੀਅਨ ਖਿਡਾਰੀ ਵੀ ਸਨ ਜੋ ਓਲੰਪਿਕ ਖੇਡਾਂ `ਚ ਕੀਨੀਆ ਦੀ ਨੁਮਾਇੰਦਗੀ ਕਰਦੇ ਰਹੇ। ਉਹ ਸੈਂਚਰੀ ਗਾਲਾ ਬੈਂਕਟ ਸਿੱਖ ਯੂਨੀਅਨ ਕਲੱਬ ਵੱਲੋਂ ਕਰਵਾਇਆ ਗਿਆ। ਅਵਤਾਰ ਸਿੰਘ ਸੋਹਲ ਨੂੰ ਉਮਰ ਭਰ ਦੀਆਂ ਸੇਵਾਵਾਂ ਦਾ ਸਨਮਾਨ ਦਿੱਤਾ ਗਿਆ ਤਾਂ ਸਾਰਾ ਹਾਲ ਪੱਬਾਂ ਭਾਰ ਉੱਠ ਖੜ੍ਹਾ ਹੋਇਆਤੇ ਦੇਰ ਤਕ ਤਾੜੀਆਂ ਮਾਰਦਾ ਰਿਹਾ। ਉਹ ਨਾ ਸਿਰਫ਼ ਮਹਾਨ ਖਿਡਾਰੀ ਅਵਤਾਰ ਤਾਰੀ ਦਾ ਸਨਮਾਨ ਸੀ ਬਲਕਿ 1960ਵਿਆਂ ਤੇ 1970ਵਿਆਂ ਵਿਚਕਾਰ ਕੀਨੀਆ ਦੇ ਗੋਲਡਨ ਹਾਕੀ ਦੌਰ ਦਾ ਵੀ ਸਨਮਾਨ ਸੀ। ਉਦੋਂ ਕੀਨੀਆ ਦੀ ਹਾਕੀ ਟੀਮ ਵਿਸ਼ਵ ਦੀਆਂ 6 ਉਪਰਲੀਆਂ ਟੀਮਾਂ ਵਿਚ ਗਿਣੀ ਜਾਂਦੀ ਸੀ।
ਸਨਮਾਨ ਲੈਣ ਪਿੱਛੋਂ ਹਾਕੀ ਦੇ ਧਰੂ ਤਾਰੇ ਨੇ ਕਿਹਾ ਸੀ ਕਿ ਮੈਂ ਕੀਨੀਆ ਦੇ ਹਾਕੀ ਪ੍ਰੇਮੀਆਂ ਦਾ ਦੇਣਦਾਰ ਹਾਂ ਜਿਨ੍ਹਾਂ ਦੀ ਸਰਜ਼ਮੀਨ ਨੇ ਮੈਨੂੰ ਆਪਣੀ ਮਹਿਬੂਬ ਖੇਡ ਹਾਕੀ ਖੇਡਣ ਦੇ ਅਪਾਰ ਮੌਕੇ ਦਿੱਤੇ। ਮੈਂ 11-12 ਸਾਲ ਦਾ ਸਕੂਲੀ ਵਿਦਿਆਰਥੀ ਸਾਂ ਜਦੋਂ ਮੈਨੂੰ ਹਾਕੀ ਮਿਲ ਗਈ। ਨਾਲ ਹੀ ਮਿਲ ਗਿਆ ਸਿੱਖ ਯੂਨੀਅਨ ਕਲੱਬ ਦਾ ਖੇਡ ਮੈਦਾਨ ਤੇ ਹਾਕੀ ਖੇਡਣ ਦਾ ਮਾਹੌਲ। ਹੁਣ ਬੁਢਾਪੇ ਵਿਚ ਵੀ ਉਹ ਅਜੋਕੀ ਪੀੜ੍ਹੀ ਨੂੰ ਹਾਕੀ ਦੇ ਲੜ ਲਾ ਰਿਹੈ। ਉਹ ਕਲੱਬ ਦਾ ਸਰਪ੍ਰਸਤ ਹੈ ਜਿਸ ਨੇ 2016 ਵਿਚ ਕਲੱਬ ਦਾ ਪਹਿਲਾਂ ਆਸਟ੍ਰੋ ਟਰਫ ਲਗਵਾ ਦਿੱਤੈ।
ਉਸ ਦੀ ਪਤਨੀ 83 ਸਾਲ ਦੀ ਉਮਰ ਭੋਗ ਕੇ ਮੁਹਾਲੀ ਵਿਚ ਅਕਾਲ ਚਲਾਣਾ ਕਰ ਗਈ। 2025 `ਚ ਤਾਰੀ ਫਿਰ ਪੰਜਾਬ ਆਇਆ। ਕੀਨੀਆ `ਚ ਉਸ ਨੇ ਬਾਰਕਲੇਜ਼ ਬੈਂਕ ਤੇ ਕੀਨੀਆ ਬ੍ਰਿਊਬੇਰੀਜ਼ `ਚ ਕੰਮ ਕੀਤਾ।2022 `ਚ ਅਵਤਾਰ ਸਿੰਘ ਨੂੰ ‘ਆਰਡਰ ਆਫ਼ ਗ੍ਰੈਂਡ ਵਾਰੀਅਰ’ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ। 2026 `ਚ ਜਦੋਂ ਸਿੱਖ ਯੂਨੀਅਨ ਕਲੱਬ ਨੈਰੋਬੀ 88 ਸਾਲਾਂ ਦੇ ਬਜ਼ੁਰਗ ਖਿਡਾਰੀ ਨੂੰ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕਰ ਰਿਹਾ ਸੀ ਤਾਂ ਇੰਜ ਸਮਝੋ ਕਿ ਕਲੱਬ ਉਸ ਦੀ 70 ਸਾਲਾਂ ਦੀ ਹਾਕੀ ਸੇਵਾ ਨੂੰ ਨਤਮਸਤਕ ਹੋ ਰਿਹਾ ਸੀ। ਦੁਆ ਕਰ ਰਿਹਾ ਸੀ, ਸ਼ਾਲਾ! ਇਹ ਸ਼ਾਨਾਮੱਤਾਂ ਖਿਡਾਰੀ ਸਿਹਤਮੰਦ ਜੀਵਨ ਦੀ ਸੈਂਚਰੀ ਮਾਰੇ।
ਕੀਨੀਆ ‘ਤਾਰੀ’ ਦੀ ਜਨਮ ਭੋਇੰ ਹੋਣ ਦੇ ਨਾਲ ਉਹਦੇ ਸੁਪਨਿਆਂ ਦੀ ਵੀ ਧਰਤੀ ਹੈ ਜਿਥੇ ਉਹਦੀਆਂ ਚਾਰ ਪੀੜ੍ਹੀਆਂ ਨੇ ਰੁਜ਼ਗਾਰ ਕਮਾਇਆ ਤੇ ਖੁਸ਼ਹਾਲ ਜੀਵਨ ਮਾਣਿਆ। ਉਸ ਨੇ ਭਾਰਤ ਤੇ ਕੀਨੀਆ ਦਾ ਰਿਸ਼ਤਾ ਜੋੜੀ ਰੱਖਣ ਲਈ ਜੀਵਨ ਭਰ ਜ਼ਫਰ ਜਾਲਿਆਂ ਤੇ ਪੰਜਾਬ ਨਾਲ ਤਾਰ ਜੋੜੀ ਰੱਖੀ। 2025 ਵਿਚ ਉਸ ਨੇ ਗੁਰਧਾਮਾਂ ਦੀ ਯਾਤਰਾ ਪੂਰੇ ਸਿੱਖੀ ਸਿਦਕ ਨਾਲ ਕੀਤੀ।
ਮੂਨਿਚ ਦੀਆਂ ਓਲੰਪਿਕ ਖੇਡਾਂ-1972 ਉਹਦੀਆਂ ਸਭ ਤੋਂ ਭਿਆਨਕ ਯਾਦਾਂ ਵਿਚੋਂ ਹਨ। ਅੱਤਵਾਦੀਆਂ ਨੇ ਖੇਡਾਂ ਦੌਰਾਨ ਇਜ਼ਰਾਇਲੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਹਿਸ਼ਤੀ ਹਮਲੇ `ਚ 11 ਇਜ਼ਰਾਇਲੀ ਤੇ ਇਕ ਜਰਮਨੀ ਦਾ ਪੁਲੀਸ ਅਫਸਰ ਮਾਰ ਦਿੱਤੇ ਸਨ। ਅਵਤਾਰ ਸਿੰਘ ਉਸ ਭਿੜੰਤ ਦੇ ਅਸਲੋਂ ਨੇੜੇ ਸੀ। ਉਹ ਗੋਲੀਬਾਰੀ ਦੀ ਮਾਰ ਆਸਕਦਾ ਸੀ। ਉਸ ਵਾਕੇ ਨੂੰ ਯਾਦ ਕਰਕੇ ਹੁਣ ਵੀ ਉਹਦੀਆਂ ਅੱਖਾਂ `ਚ ਹੰਝੂ ਸਿਮ ਪੈਂਦੇ ਹਨ।
ਉਹਦੇ ਬਚਪਨ ਵੇਲੇ ਖੇਡਾਂ ਦਾ ਮਾਹੌਲ ਹੁਣ ਨਾਲੋਂ ਬਿਲਕੁਲ ਵੱਖਰਾ ਸੀ। ਉਦੋਂ ਨਾ ਸਪੋਰਟਸ ਅਕੈਡਮੀਆਂ ਸਨ, ਨਾ ਸਾਇੰਟੇਫਿਕ ਕੋਚਿੰਗ ਸੈਂਟਰ ਤੇ ਨਾਂ ਮਾਡਰਨ ਜਿੰਮ। ਉਸ ਸਮੇਂ ਸਕੂਲ ਤੇ ਸਧਾਰਨ ਕਲੱਬ ਹੀ ਖਿਡਾਰੀਆਂ ਦੇ ਸਿਖਲਾਈ ਕੇਂਦਰ ਸਨ। ਅਵਤਾਰ ਸਿੰਘ ਤਾਰੀ ਦਾ ਹਾਕੀ ਦੇ ਜਾਦੂਗਰ ਧਿਆਨ ਚੰਦ ਤੇ ਮੰਨਾ ਸਿੰਘ ਹੋਰਾਂ ਨੂੰ ਹਾਕੀ ਖੇਡਦੇ ਵੇਖਣਾ ਹੀਉਹਦੀ ਖੇਡ ਪ੍ਰੇਰਨਾ ਸੀ। ਹਾਕੀ ਦਾ ਉਹੀ ਝਲਕਾਰਾ ਉਸ ਲਈ ਜ਼ਿੰਦਗੀ ਦਾ ਰਾਹਦਸੇਰਾ ਬਣ ਗਿਆ ਸੀ, ਜਿਸ ਦੀ ਝਲਕ ਨਾਲ ਉਹ ਹਾਕੀ ਖੇਡਣ ਲੱਗ ਪਿਆ ਸੀ। ਇੰਜ ਹੀ ਅਵਤਾਰ ਤਾਰੀ ਵਰਗੇ ਮਹਾਨ ਖਿਡਾਰੀ ਦੀ ਝਲਕ ਕਿਸੇ ਵੀ ਅੱਲ੍ਹੜ ਬਾਲ ਦੇ ਜੀਵਨ ਦਾ ਰੁਖ ਬਦਲ ਸਕਦੀ ਹੈ।
ਪਰਨਿਚਪਿਅਲਸਅਰੱਅਨਸਨਿਗਹ@ਗਮਅਲਿ।ਚੋਮ
ਮਿਉਸ ਮੂ78 ੳਉਹ ਖ਼ੁਦ ੁਹਦੳਉਹਦੇ ਸਾਜੇ ਗ ਟਹੲ ਗੁੲਸਟਸ ਪਰੲਸੲਨਟ ਅਟ ਟਹੲ ਚੲਨਟੲਨਅਰਬਅਨਤੁੲਟ ੱਅਸ ੰਅਹ
ਅਨ
