ਅਮਰੀਕਾ `ਚ ਤੂਫ਼ਾਨ ਕਾਰਨ 4 ਲੱਖ ਘਰਾਂ ਦੀ ਬਿਜਲੀ ਗੁੱਲ

ਵਾਸ਼ਿੰਗਟਨ:ਅਮਰੀਕਾ ਵਿਚ ਇਸਾਇਅਸ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਫਲੋਰਿਡਾ ਅਤੇ ਦੱਖਣੀ ‘ਅਲਬਾਮਾ ਵਿਚ ਐਤਵਾਰ ਸਵੇਰ ਤੱਕ ਤੂਫ਼ਾਨ ਕਾਰਨ ਕਰੀਬ ਚਾਰ ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ ਸੀ।

ਤੂਫ਼ਾਨ ਕਾਰਨ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿਚ ਫਲੋਰਿਡਾ ਤੇ ਅਲਬਾਮਾ ਵਿਚ ਦਰੱਖ਼ਤ ਘਰਾਂ ‘ਤੇ ਡਿੱਗਣ ਕਾਰਨ ਦੱਬ ਕੇ ਮਰਨ ਵਾਲੇ ਦੋ ਲੋਕ ਵੀ ਸ਼ਾਮਲ ਹਨ। ‘ਦ ਨਿਊਯਾਰਕ ਟਾਈਮਜ਼’ ਮੁਤਾਬਕ, ਇਸਾਇਅਸ ਤੂਫ਼ਾਨ ਸ਼ੁੱਕਰਵਾਰ ਨੂੰ ਫਲੋਰਿਡਾ ਦੇ ਡੈਸਟਿਨ ਨੇੜੇ ਤੱਟ ਨਾਲ ਟਕਰਾਇਆ ਸੀ। ਉਸ ਵੇਲੇ ਹਵਾਵਾਂ ਦੀ ਰਫ਼ਤਾਰ 105 ਮੀਲ ਪ੍ਰਤੀ ਘੰਟਾ ਸੀ। ਤੂਫ਼ਾਨ ਨਾਲ ਦਰੱਖ਼ਤ ਘਰਾਂ ਅਤੇ ਕਾਰਾਂ ‘ਤੇ ਡਿੱਗ ਪਏ, ਸੜਕਾਂ ਪਾਣੀ ‘ਚ ਡੁੱਬ ਗਈਆਂ, ਛੱਤਾਂ ਉੱਖੜ ਗਈਆਂ ਅਤੇ ਛੱਜੇ ਉੱਡ ਗਏ। ਦੋ ਸਾਲਾਂ ਵਿਚ ਅਮਰੀਕੀ ਮੁੱਖ ਭੂਮੀ ਨਾਲ ਟਕਰਾਉਣ ਵਾਲਾ ਇਹ ਪਹਿਲਾ ਤੂਫ਼ਾਨ ਹੈ। ਅਕਤੂਬਰ 2024 ਵਿਚ ਮਿਲਟਨ ਤੂਫ਼ਾਨ ਫਲੋਰਿਡਾ ਦੇ ਪੱਛਮੀ ਤੱਟ ਨਾਲ ਟਕਰਾਇਆ ਸੀ। ਇਸਾਇਅਸ ਕਾਰਨ ਮੱਧ ਐਪਲੇਚੀਅਨ ਪਹਾੜੀ ਖੇਤਰ ਅਤੇ ਮੱਧ- ਅਟਲਾਂਟਿਕ ਇਲਾਕੇ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਕੁਝ ਥਾਵਾਂ ‘ਤੇ ਹੜ੍ਹ ਆ ਸਕਦੇ ਹਨ।