ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਕਤਲ; ਚਾਰ ਸਾਥੀ ਜ਼ਖਮੀ

ਮਾਨਸਾ: ਇੱਥੇ ਨਸ਼ਿਆਂ ਖ਼ਿਲਾਫ਼ ਲੜਨ ਵਾਲੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲੇ ਵਿਚ ਝੋਟੇ ਦੇ ਚਾਰ ਸਾਥੀ ਵੀ ਜ਼ਖ਼ਮੀ ਹੋ ਗਏ। ਘਟਨਾ ਮਗਰੋਂ ਸ਼ਹਿਰ ਵਿਚ ਤਣਾਅ ਦਾ ਮਾਹੌਲ ਬਣ ਗਿਆ ਅਤੇ ਰੋਹ ਵਿਚ ਆਏ ਲੋਕਾਂ ਨੇ ਮੁਲਜ਼ਮ ਦੀ ਦੁਕਾਨ ਦੀ ਭੰਨ-ਤੋੜ ਕਰ ਕੇ ਬਾਜ਼ਾਰ ਬੰਦ ਕਰਵਾ ਦਿੱਤਾ। ਪੁਲੀਸ ਨੇ ਮੁਲਜ਼ਮ ਅਸ਼ਵਨੀ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਪਰਵਿੰਦਰ ਝੋਟਾ ਲੰਮੇ ਸਮੇਂ ਤੋਂ ਸ਼ਹਿਰ ਵਿੱਚ ਨਸ਼ਾ ਵਿਕਣ ਦਾ ਵਿਰੋਧ ਕਰ ਰਿਹਾ ਸੀ। ਅੱਜ ਸਵੇਰੇ ਉਹ ਆਪਣੇ ਸਾਥੀਆਂ ਨਾਲ ਰੇਲਵੇ ਫਾਟਕ ਕੋਲ ਸਥਿਤ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ’ਤੇ ਪਹੁੰਚਿਆ। ਉੱਥੇ ਉਸ ਨੇ ਅਸ਼ਵਨੀ ’ਤੇ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਲਾਏ, ਜਿਸ ਮਗਰੋਂ ਉਨ੍ਹਾਂ ਵਿਚਾਲੇ ਬਹਿਸ ਹੋ ਗਈ। ਅਸ਼ਵਨੀ ਨੇ ਪਹਿਲਾਂ ਉਸ ’ਤੇ ਪਿਸਤੌਲ ਤਾਣੀ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਪਰਵਿੰਦਰ ਉੱਥੋਂ ਭੱਜਿਆ ਤਾਂ ਮੁਲਜ਼ਮ ਨੇ ਪਿੱਛਾ ਕਰਦਿਆਂ ਮੁੜ ਗੋਲੀਆਂ ਚਲਾਈਆਂ। ਮਗਰੋਂ ਉਹ ਬੂਟਾਂ ਦੀ ਦੁਕਾਨ ’ਚ ਖ਼ੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੁਲੀਸ ਨੇ ਅਸ਼ਵਨੀ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਭਜਾਉਣ ਵਾਲੇ ਇੱਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਮੁਲਜ਼ਮ ਦੇ ਪਰਿਵਾਰ ਨੂੰ ਵੀ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਸ ਕਤਲ ਦੀ ਖ਼ਬਰ ਫੈਲਦਿਆਂ ਹੀ ਮਾਨਸਾ ਮੁਕੰਮਲ ਤੌਰ ’ਤੇ ਬੰਦ ਹੋ ਗਿਆ ਅਤੇ ਸਕੂਲਾਂ ਵਿਚ ਵੀ ਸਮੇਂ ਤੋਂ ਪਹਿਲਾਂ ਛੁੱਟੀ ਕਰ ਦਿੱਤੀ ਗਈ। ਗੁੱਸੇ ਵਿਚ ਆਏ ਲੋਕਾਂ ਨੇ ਡੀ.ਸੀ ਰਿਹਾਇਸ਼ ਕੋਲ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ, ਮੁੱਖ ਮੰਤਰੀ ਦੇ ਬੋਰਡ ਪਾੜ ਦਿੱਤੇ ਅਤੇ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਦਾ ਵੀ ਨੁਕਸਾਨ ਕੀਤਾ। ਹਸਪਤਾਲ ਦੇ ਮੁਰਦਾਘਰ ਬਾਹਰ ਡੀ ਆਈ ਜੀ ਹਰਜੀਤ ਸਿੰਘ ਅਤੇ ਐੱਸ ਐੱਸ ਪੀ ਵੈਭਵ ਚੌਧਰੀ ਸਮੇਤ ਹੋਰ ਪੁਲੀਸ ਅਧਿਕਾਰੀਆਂ ਦੀ ਲੋਕਾਂ ਨਾਲ ਧੱਕਾ-ਮੁੱਕੀ ਹੋਈ। ਇਸ ਦੌਰਾਨ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਵੀ ਹਸਪਤਾਲ ਦੇ ਬਾਹਰ ਪੁਲੀਸ ਨਾਲ ਬਹਿਸ ਹੋਈ। ਪੁਲੀਸ ਨੇ ਜਦੋਂ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਉਹ ਮੁੱਖ ਗੇਟ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਘੇਰਦਿਆਂ ਸਵਾਲ ਕੀਤਾ ਕਿ ਮੁੱਖ ਮੰਤਰੀ ਕੋਲ ਗ੍ਰਹਿ ਮੰਤਰਾਲਾ ਹੋਣ ਦੇ ਬਾਵਜੂਦ ਪੰਜਾਬ ਸੁਰੱਖਿਅਤ ਕਿਉਂ ਨਹੀਂ ਹੈ।
ਇਸ ਮੌਕੇ ਅਕਾਲੀ ਦਲ (ਵਾਰਿਸ ਪੰਜਾਬ) ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ, ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਸਮੇਤ ਕਈ ਆਗੂਆਂ ਨੇ ਪੰਜਾਬ ਦੇ ਵਿਗੜੇ ਹਾਲਾਤ ਲਈ ਮੁੱਖ ਮੰਤਰੀ ਦੇ ਅਸਤੀਫ਼ੇ ਅਤੇ ਡੀ ਜੀ ਪੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਨੇ ਵੀ ਇਸ ਹੱਤਿਆ ਦੀ ਸਖ਼ਤ ਨਿਖੇਧੀ ਕਰਦਿਆਂ ਪਰਵਿੰਦਰ ਨੂੰ ਨਸ਼ਾ ਵਿਰੋਧੀ ਲਹਿਰ ਦਾ ਸ਼ਹੀਦ ਕਰਾਰ ਦਿੱਤਾ। ਮੁਜ਼ਾਹਰਾਕਾਰੀਆਂ ਦੇ ਰੋਹ ਵਿਚਾਲੇ ਪਰਵਿੰਦਰ ਝੋਟੇ ਦੇ ਪਿਤਾ ਫ਼ੌਜੀ ਭੀਮ ਸਿੰਘ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਇਨਸਾਫ਼ ਮਿਲਣ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ।
ਹੱਤਿਆ ਦੇ ਮਾਮਲੇ ਵਿਚ ਬਣਾਈ ਗਈ ਐਕਸ਼ਨ ਕਮੇਟੀ ਨੇ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਕਮੇਟੀ ਨੇ ਦੋਸ਼ ਲਾਇਆ ਕਿ ਇਹ ਵਾਰਦਾਤ ਨਸ਼ਾ ਤਸਕਰਾਂ ਅਤੇ ਪੁਲੀਸ ਦੇ ਗੱਠਜੋੜ ਦਾ ਨਤੀਜਾ ਹੈ, ਇਸ ਲਈ ਮਾਮਲੇ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ।
ਬਠਿੰਡਾ ਰੇਂਜ ਦੇ ਡੀ ਆਈ ਜੀ ਹਰਜੀਤ ਸਿੰਘ ਨੇ ਮੁੱਢਲੀ ਜਾਂਚ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਪਰਵਿੰਦਰ ਝੋਟੇ ਦੀ ਹੱਤਿਆ ਪਿੱਛੇ ਨਿੱਜੀ ਰੰਜਿਸ਼ ਹੋ ਸਕਦੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ ਬਲਤੇਜ ਪੰਨੂ ਨੇ ਕਿਹਾ ਕਿ ਪੁਲੀਸ ਦੇ ਇਨ੍ਹਾਂ ਮੁੱਢਲੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿੱਜੀ ਵਿਵਾਦ ਭਾਵੇਂ ਕੁਝ ਵੀ ਹੋਵੇ, ਪਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਹੱਕ ਨਹੀਂ ਹੈ।