ਰਾਹੁਲ ਗਾਂਧੀ ਸਮੇਤ ਵਿਰੋਧੀ ਆਗੂਆਂ ਦਾ ਸੁਪਰੀਮ ਕੋਰਟ ਤੱਕ ਮਾਰਚ

ਨਵੀਂ ਦਿੱਲੀ:ਵੋਟ ਚੋਰੀ-ਐੱਸਆਈਆਰ’ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਫ਼ੈਸਲਾਕੁਨ ਲੜਾਈ ਲਈ ਸੜਕਾਂ ‘ਤੇ ਉਤਰੀ ਇਕਜੁੱਟ ਵਿਰੋਧੀ ਧਿਰ ਨੇ ਸੋਮਵਾਰ ਨੂੰ ਵੱਡਾ ਵਿਰੋਧ ਪ੍ਰਦਰਸ਼ਨ ਕਰਦਿਆਂ ਸੁਪਰੀਮ ਕੋਰਟ ਤੱਕ ਮਾਰਚ ਕੱਢਿਆ। ਚੋਣਾਂ ‘ਚ ਵੱਡੇ ਪੱਧਰ ‘ਤੇ ਬੇਨਿਯਮੀਆਂ ਦੇ ਦੋਸ਼ ਲਾਉਂਦਿਆਂ ਸੁਪਰੀਮ ਕੋਰਟ ‘ਚ ਸਾਂਝੀ ਪਟੀਸ਼ਨ ਦਾਇਰ ਕਰ ਕੇ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਗਈ।

ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਰਾਜਧਾਨੀ ਦਿੱਲੀ ਦੇ ਬਾਰਾਖੰਬਾ ਰੋਡ ਤੋਂ ਸੁਪਰੀਮ ਕੋਰਟ ਤੱਕ ਕੱਢੇ ਗਏ ‘ਲੋਕਤੰਤਰ ਲਈ ਮਾਰਚ’ ‘ਚ ਮੱਲਿਕਾਰਜੁਨ ਖੜਗੇ, ਅਖਿਲੇਸ਼ ਯਾਦਵ, ਤੇਜਸਵੀ ਯਾਦਵ ਤੋਂ ਲੈ ਕੇ ਸੌਗਤ ਰਾਏ ਵਰਗੇ ਵਿਰੋਧੀ ਧਿਰ ਦੇ ਚੋਟੀ ਦੇ ਆਗੂ ਹਜ਼ਾਰਾਂ ਲੋਕਾਂ ਨਾਲ ਸ਼ਾਮਲ ਹੋਏ। ਵਿਰੋਧੀ ਆਗੂਆਂ ਨੇ ਆਪਣੀ ਸਾਂਝੀ ਪਟੀਸ਼ਨ ‘ਚ ਵੋਟਰ ਸੂਚੀਆਂ ਦੀ ‘ਵਿਸ਼ੇਸ਼ ਗਹਿਰਾਈ ਨਾਲ ਸੋਧ’ (ਐੱਸਆਈਆਰ) ਰਾਹੀਂ ਵੱਡੀ ਗਿਣਤੀ ‘ਚ ਵੋਟਰਾਂ ਦੇ ਨਾਂ ਕੱਟੇ ਜਾਣ ਦੀ ਸ਼ਿਕਾਇਤ ਕਰਦਿਆਂ ਇਸ ਪ੍ਰਕਿਰਿਆ ਨੂੰ ਰੋਕਣ ਦੀ ਮੰਗ ਕੀਤੀ ਹੈ।
ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਲੋਕਤੰਤਰ ਮਾਰਚ ਦੌਰਾਨ ਦਾਇਰ ਕੀਤੀ ਗਈ ਇਸ ਸਾਂਝੀ ਪਟੀਸ਼ਨ ਦੇ ਪਟੀਸ਼ਨਰਾਂ ‘ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ, ਰਾਸ਼ਟਰੀ ਜਨਤਾ ਦਲ ਦੇ ਤੇਜਸਵੀ ਯਾਦਵ, ਸੀਪੀਆਈ (ਐੱਮ) ਦੇ ਐੱਮਏ ਬੇਬੀ, ਤ੍ਰਿਣਮੂਲ ਕਾਂਗਰਸ ਦੇ ਸੌਗਾਤ ਰਾਏ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਦੀ ਸੁਪ੍ਰਿਆ ਸੁਲੇ, ਸ਼ਿਵ ਸੈਨਾ (ਯੂਬੀਟੀ) ਦੇ ਸੰਜੇ ਰਾਉਤ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਟੀ. ਬਸ਼ੀਰ ਆਦਿ ਸ਼ਾਮਲ ਹਨ। ਪਟੀਸ਼ਨ ਦਾਇਰ ਕਰਨ ਵਾਲਿਆਂ ‘ਚ ਸਭ ਤੋਂ ਪਹਿਲਾ ਨਾਂ ਰਾਹੁਲ ਗਾਂਧੀ ਦਾ ਹੈ।
ਚੀਫ ਜਸਟਿਸ ਸੂਰਿਆਕਾਂਤ ਵੱਲੋਂ ਵੋਟ ਚੋਰੀ ਦੇ ਮੁੱਦੇ ‘ਤੇ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਦੀ ਮੁਲਾਕਾਤ ਦੀ ਬੇਨਤੀ ਠੁਕਰਾ ਦਿੱਤੇ ਜਾਣ ਤੋਂ ਬਾਅਦ ਵਿਰੋਧੀ ਆਗੂਆਂ ਨੇ ਸੋਮਵਾਰ ਨੂੰ ਇਹ ਸਾਂਝੀ ਪਟੀਸ਼ਨ ਦਾਇਰ ਕੀਤੀ। ਸੀਜੇਆਈ ਨੇ ਵਿਰੋਧੀ ਆਗੂਆਂ ਨੂੰ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਬਜਾਏ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸੁਪਰੀਮ ਕੋਰਟ ਪਟੀਸ਼ਨ ‘ਤੇ ਸੁਣਵਾਈ ਕਰੇਗੀ।
ਵਿਰੋਧ ਪ੍ਰਦਰਸ਼ਨ ‘ਚ ਇਕੱਠੀ ਹੋਈ ਭਾਰੀ ਭੀੜ ਕਾਰਨ ਵਿਰੋਧੀ ਆਗੂ ਸ਼ਾਮ 4.30 ਵਜੇ ਤੋਂ ਪਹਿਲਾਂ ਸੁਪਰੀਮ ਕੋਰਟ ਨਹੀਂ ਪਹੁੰਚ ਸਕੇ। ਇਸ ਲਈ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਪਟੀਸ਼ਨ ਦਾਇਰ ਕੀਤੀ। ਹਾਲਾਂਕਿ, ਸ਼ਾਮ ਕਰੀਬ ਸਾਢੇ ਛੇ ਵਜੇ ਤੋਂ ਬਾਅਦ ਰਾਹੁਲ ਗਾਂਧੀ, ਖੜਗੇ, ਅਖਿਲੇਸ਼, ਤੇਜਸਵੀ, ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਵਿਰੋਧੀ ਧਿਰ ਦੇ ਸਾਰੇ ਪ੍ਰਮੁੱਖ ਆਗੂ ਮਾਰਚ ਕਰਦੇ ਹੋਏ ਭਾਰੀ ਪੁਲਿਸ ਸੁਰੱਖਿਆ ਹੇਠ ਸੁਪਰੀਮ ਕੋਰਟ ਕੰਪਲੈਕਸ ‘ਚ ਦਾਖ਼ਲ ਹੋਏ।
ਵਿਰੋਧੀ ਧਿਰ ਦਾ ਲੋਕਤੰਤਰ ਮਾਰਚ ਦੁਪਹਿਰ ਦੋ ਵਜੇ ਤੋਂ ਬਾਅਦ ਕੰਸਟੀਟਿਊਸ਼ਨਲ ਕਲੱਬ ਤੋਂ ਸ਼ੁਰੂ ਹੋਇਆ ਅਤੇ ਕਈ ਕਿਲੋਮੀਟਰ ਦਾ ਰਸਤਾ ਤੈਅ ਕਰਦਿਆਂ ‘ਬਾਰਾਖੰਬਾ ਰੋਡ ਚੌਕ ‘ਤੇ ਪਹੁੰਚਿਆ। ਰਾਹੁਲ ਗਾਂਧੀ, ਖੜਗੇ ਅਤੇ ਅਖਿਲੇਸ਼ ਸਮੇਤ ਵਿਰੋਧੀ ਧਿਰ ਦੇ ਕਈ ਆਗੂ ਤੇ ਸੰਸਦ ਮੈਂਬਰ ਬੱਸਾਂ ‘ਚ ਸਵਾਰ ਸਨ, ਜਦਕਿ ਵਿਰੋਧੀ ਪਾਰਟੀਆਂ ਅਤੇ ਵਿਦਿਆਰਥੀ ਸੰਗਠਨਾਂ ਦੇ ਕਾਰਕੁੰਨ ਵੱਡੀ ਗਿਣਤੀ ‘ਚ ਉਨ੍ਹਾਂ ਨਾਲ ਪੈਦਲ ਮਾਰਚ ਕਰ ਰਹੇ ਸਨ। ਬਾਰਾਖੰਬਾ ਚੌਕ ‘ਤੇ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਨੇ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਰਾਹੁਲ ਗਾਂਧੀ ਲੋਕਾਂ ਨਾਲ ਪੈਦਲ ਮਾਰਚ ਕਰਨ ਲੱਗੇ ਅਤੇ ਫਿਰ ਸਾਰੇ ਆਗੂ ਭਗਵਾਨ ਦਾਸ ਰੋਡ ‘ਤੇ ਇਕੱਠੇ ਹੋ ਗਏ।
ਜਦੋਂ ਪੁਲਿਸ ਨੇ ਇੱਥੇ ਮਾਰਚ ਰੋਕਿਆ ਤਾਂ ਰਾਹੁਲ, ਪ੍ਰਿਅੰਕਾ, ਅਖਿਲੇਸ਼, ਤੇਜਸਵੀ ਅਤੇ ਖੱਬੇਪੱਖੀ ਵਿਦਿਆਰਥੀ ਸੰਗਠਨ ਆਇਸਾ ਦੀ ਪ੍ਰਧਾਨ ਨੇਹਾ ਬੋਰਾ ਹੀ ਨਹੀਂ, ਸਗੋਂ ਕਾਂਗਰਸ ਸ਼ਾਸਿਤ ਸੂਬਿਆਂ ਦੇ ਤਿੰਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਡੀਕੇ ਸ਼ਿਵਕੁਮਾਰ ਅਤੇ ਰੇਵੰਤ ਰੈੱਡੀ ਸਮੇਤ ਕਈ ਆਗੂ ਇਕ ਟਰੱਕ ‘ਤੇ ਚੜ੍ਹ ਗਏ। ਇਸ ਤੋਂ ਬਾਅਦ ਬੈਰੀਕੇਡ ਪਾਰ ਕਰ ਕੇ ਜਲੂਸ ਅੱਗੇ ਵਧਿਆ।