ਦੋ ਅਕਤੂਬਰ ਨੂੰ ਦੋ ਪ੍ਰਦਰਸ਼ਨ: ਪੁਲਿਸ ਦੇ ਵੱਖੋ-ਵੱਖਰੇ ਸਲੂਕ ਪਿੱਛੇ ਕੀ ਕਹਾਣੀ ਹੈ?

ਏ.ਐੱਸ. ਕੁਸ਼ਾਵਰਦੀ
ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ
ਦੋ ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਮੁਲਕ ਵਿਚ ਦੋ ਪ੍ਰਦਰਸ਼ਨ ਹੋਏ। ਮੁੱਦਾ ਇੱਕੋ ਸੀ: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਸਤੀਫ਼ਾ ਦੇਵੇ ਅਤੇ ਵੋਟਰ ਸੂਚੀਆਂ ਵਿਚ ਜਾਰੀ ਐੱਸ.ਆਈ.ਆਰ. ਤੁਰੰਤ ਰੱਦ ਕੀਤੀ ਜਾਵੇ। ਇੱਕ ਪ੍ਰਦਰਸ਼ਨ ਸਵੇਰੇ ਦਿੱਲੀ ਦੇ ਜੰਤਰ ਮੰਤਰ ’ਤੇ ਅਤੇ ਦੂਜਾ ਸ਼ਾਮ ਚਾਰ ਵਜੇ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਹੋਇਆ। ਪਰ ਦੋਵਾਂ ਪ੍ਰਦਰਸ਼ਨਾਂ ਦੌਰਾਨ ਪੁਲਿਸ ਦਾ ਰਵੱਈਆ ਬੇਹੱਦ ਵੱਖੋ-ਵੱਖਰਾ ਰਿਹਾ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਥਾਵਾਂ ’ਤੇ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਪੁਲਿਸ ਉਨ੍ਹਾਂ ਦੇ ਹੀ ਨਿਰਦੇਸ਼ਾਂ ’ਤੇ ਕੰਮ ਕਰਦੀ ਹੈ।

ਸਵੇਰ ਦਾ ਪ੍ਰਦਰਸ਼ਨ ਵਿਰੋਧੀ ਪਾਰਟੀਆਂ, ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ, ਨਾਗਰਿਕ ਜਥੇਬੰਦੀਆਂ ਅਤੇ ਸਿਵਲ ਸੁਸਾਇਟੀ ਦੇ ਲੋਕਾਂ ਵੱਲੋਂ ਕਰਵਾਇਆ ਗਿਆ ਸੀ।
ਜਦਕਿ ਮੁੰਬਈ ਦਾ ਪ੍ਰਦਰਸ਼ਨ ਕਾਕਰੋਚ ਜਨਤਾ ਪਾਰਟੀ, ਯਾਨੀ ਸੀਜੇਪੀ ਵੱਲੋਂ ਕਰਵਾਇਆ ਗਿਆ ਸੀ। ਪੁਲਿਸ ਨੇ ਦੋਵਾਂ ਥਾਵਾਂ ’ਤੇ ਇਜਾਜ਼ਤ ਨਹੀਂ ਦਿੱਤੀ ਸੀ, ਪਰ ਪ੍ਰਦਰਸ਼ਨ ਹੋਏ। ਹਾਲਾਂਕਿ ਦੋਵਾਂ ਪ੍ਰਦਰਸ਼ਨਾਂ ਵਿਚ ਜਿਸ ਗੱਲ ਨੇ ਬਹੁਤ ਸਾਰੇ ਬੁੱਧੀਜੀਵੀਆਂ ਦਾ ਧਿਆਨ ਖਿੱਚਿਆ, ਉਹ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਸੀ।
ਦਿੱਲੀ ਵਿਚ 28 ਸਤੰਬਰ ਤੋਂ ਹੀ ਜੰਤਰ ਮੰਤਰ ਵੱਲ ਜਾਣ ਵਾਲੇ ਸਾਰੇ ਰਸਤਿਆਂ ’ਤੇ ਭਾਰੀ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਦੋ ਅਕਤੂਬਰ ਨੂੰ ਕੇਂਦਰੀ ਦਿੱਲੀ ਦੇ ਕਈ ਇਲਾਕਿਆਂ ਵਿਚ ਧਾਰਾ 163 ਤਹਿਤ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਸਨ। ਆਲੇ-ਦੁਆਲੇ ਦੇ 11 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ। ਇਨ੍ਹਾਂ ਥਾਵਾਂ ’ਤੇ ਇੰਟਰਨੈੱਟ ਜੈਮਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਭਾਰੀ ਪੁਲਿਸ ਬਲ, ਆਈ.ਟੀ.ਬੀ.ਪੀ., ਸੀ.ਆਰ.ਪੀ.ਐੱਫ. ਅਤੇ ਆਰ.ਏ.ਐੱਫ. ਆਦਿ ਕੇਂਦਰੀ ਹਥਿਆਰਬੰਦ ਤਾਕਤਾਂ ਦੇ ਜਵਾਨ ਦੰਗਿਆਂ ਨਾਲ ਨਜਿੱਠਣ ਵਾਲੇ ਪੂਰੇ ਸੁਰੱਖਿਆ ਸਾਜ਼ੋ-ਸਾਮਾਨ ਨਾਲ ਮੌਜੂਦ ਸਨ, ਜਿਵੇਂ ਕਿਸੇ ਤਖ਼ਤਾਪਲਟ ਨੂੰ ਰੋਕਣ ਦੀ ਤਿਆਰੀ ਹੋਵੇ। ਸਵੇਰੇ 10 ਵਜੇ ਤੋਂ ਹੀ ਲੋਕਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ।
ਝੋ ਵੀ ਨਜ਼ਰ ਆਉਂਦਾ, ਉਸ ਨੂੰ ਪੰਜ-ਛੇ ਪੁਲਸੀਏ ਫੜ ਕੇ, ਘੜੀਸ ਕੇ, ਚੁੱਕ ਕੇ, ਜਿਵੇਂ ਵੀ ਹੋ ਸਕੇ, ਬੱਸ ਵਿਚ ਤੁੰਨ ਰਹੇ ਸਨ। ਇੱਥੋਂ ਤੱਕ ਕਿ ਜੁਲਾਈ ਵਿਚ ਸੀ.ਜੇ.ਪੀ. ਅੰਦੋਲਨ ਦਾ ਚਿਹਰਾ ਬਣੀ ਨੇਹਾ ਬੋਰਾ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੀਨਾ, ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ, ਰਾਜਦ ਦੇ ਸੰਸਦ ਮੈਂਬਰ ਮਨੋਜ ਝਾਅ, ਸੀ.ਪੀ.ਐੱਮ. ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਸਿਆਸੀ ਵਿਸ਼ਲੇਸ਼ਕ ਅਤੇ ਐੱਸ.ਆਈ.ਆਰ. ਖ਼ਿਲਾਫ਼ ਬੁਲੰਦ ਆਵਾਜ਼ ਰਹੇ ਯੋਗੇਂਦਰ ਯਾਦਵ ਸਮੇਤ ਐੱਸ.ਐੱਫ.ਆਈ., ਆਇਸਾ ਅਤੇ ਡੀ.ਵਾਈਐੱਫ.ਆਈ. ਦੇ ਆਗੂਆਂ ਤੇ ਕਾਰਕੁਨਾਂ ਨੂੰ ਘੜੀਸ ਕੇ ਬੱਸਾਂ ਵਿਚ ਭਰਿਆ ਗਿਆ।
ਇੱਕ ਪੱਤਰਕਾਰ ਨੇ ਦੱਸਿਆ ਕਿ ਸਵੇਰ ਤੋਂ ਹੀ ਕਨਾਟ ਪਲੇਸ ਦੇ ਆਲੇ-ਦੁਆਲੇ ਲਗਭਗ 100 ਬੱਸਾਂ ਲਾਈਆਂ ਗਈਆਂ ਸਨ। ਇਨ੍ਹਾਂ ਬੱਸਾਂ ਵਿਚ ਭਰ ਕੇ ਲੋਕਾਂ ਨੂੰ ਦਿੱਲੀ ਦੇ ਕੋਨੇ-ਕੋਨੇ ਵਿਚ ਸਥਿਤ ਪੁਲਿਸ ਥਾਣਿਆਂ ਵਿਚ ਲਿਜਾ ਕੇ ਡੱਕ ਦਿੱਤਾ ਗਿਆ। ਇਨ੍ਹਾਂ ਸਾਰਿਆਂ ਨੂੰ ਸ਼ਾਮ ਸੱਤ ਵਜੇ ਛੱਡਿਆ ਗਿਆ।
ਮਨੋਜ ਝਾਅ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਜਿਸ ਤਰ੍ਹਾਂ ਪੁਲਿਸ ਨੇ ਲੋਕਾਂ ਨੂੰ ਧੱਕੇ ਮਾਰ ਕੇ, ਘੜੀਸ ਕੇ ਅਤੇ ਚੁੱਕ ਕੇ ਬੱਸਾਂ ਵਿਚ ਤੁੰਨਿਆ, ਉਹ ਵਹਿਸ਼ੀਆਨਾ ਤਰੀਕਾ ਸੀ। ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੀ ਜੈਅੰਤੀ ’ਤੇ ਸਰਕਾਰ ਨੂੰ ਘੱਟੋ-ਘੱਟ ਅਜਿਹਾ ਤਾਂ ਨਹੀਂ ਕਰਨਾ ਚਾਹੀਦਾ ਸੀ।
ਦਿੱਲੀ ਦੇ ਅੰਦੋਲਨ ਨੂੰ ਪੂਰੀ ਤਰ੍ਹਾਂ ਕੁਚਲਣ ਲਈ ਜਿਸ ਪੈਮਾਨੇ ’ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ, ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਬੇਮਿਸਾਲ ਸੀ। ਅਜਿਹਾ ਤਾਂ ਜੂਨ-ਜੁਲਾਈ ਦੇ ਸੀ.ਜੇ.ਪੀ. ਪ੍ਰਦਰਸ਼ਨਾਂ ਦੌਰਾਨ ਵੀ ਨਹੀਂ ਹੋਇਆ ਸੀ। ਇੱਥੋਂ ਤੱਕ ਕਿ ਕਈ ਪੱਤਰਕਾਰਾਂ ਨੇ ਸ਼ਿਕਾਇਤ ਕੀਤੀ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਵੀ ਫੜ ਕੇ ਬੱਸਾਂ ਵਿਚ ਭਰ ਦਿੱਤਾ। ਕਈ ਪੱਤਰਕਾਰਾਂ ਨੂੰ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ।
ਇੱਕ ਵੀਡੀਓ ਵਿਚ ਸਾਫ਼ ਨਜ਼ਰ ਆਉਂਦਾ ਹੈ ਕਿ ਬੱਸ ਵਿਚ ਤੁੰਨ ਦਿੱਤੇ ਜਾਣ ਤੋਂ ਬਾਅਦ ਇੱਕ ਪੁਲਿਸ ਵਾਲਾ ਅੱਡੀਆਂ ਚੁੱਕ ਕੇ ਦਰਵਾਜ਼ੇ ’ਤੇ ਖੜ੍ਹੇ ਇੱਕ ਪ੍ਰਦਰਸ਼ਨਕਾਰੀ ਦੇ ਨੱਕ ’ਤੇ ਮੁੱਕਾ ਮਾਰਦਾ ਹੈ।
ਜਿਹੜੇ ਲੋਕ ਆਮ ਤੌਰ ’ਤੇ ਆਪਣੀ ਕਾਰ ਰਾਹੀਂ ਦਿੱਲੀ ਜਾਇਆ ਕਰਦੇ ਸਨ, ਉਨ੍ਹਾਂ ਨੂੰ ਬਹੁਤ ਪਹਿਲਾਂ ਹੀ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਕਾਰਾਂ ਵਿਚੋਂ ਉਤਾਰ ਕੇ ਇਜਾਜ਼ਤ ਪੱਤਰ ਮੰਗੇ ਗਏ। ਪਰ ਦੂਜੇ ਪਾਸੇ ਦੁਪਹਿਰ ਤਿੰਨ ਵਜੇ ਤੋਂ ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਕੀ ਹੋ ਰਿਹਾ ਸੀ?
ਦਿੱਲੀ ਤੋਂ ਉੱਥੇ ਪ੍ਰੋਗਰਾਮ ਦੀ ਕਵਰੇਜ ਕਰਨ ਪਹੁੰਚੇ ਇੱਕ ਪੱਤਰਕਾਰ ਨੇ ਵਰਕਰਜ਼ ਯੂਨਿਟੀ ਨੂੰ ਦੱਸਿਆ ਕਿ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਸ਼ਿਵਾਜੀ ਪਾਰਕ ਦੇ ਨੇੜੇ ਹੀ ਕਾਕਰੋਚ ਪਾਰਟੀ ਦਾ ਮੰਚ ਸਜ ਚੁੱਕਾ ਸੀ। ਲੋਕ ਦੁਪਹਿਰ ਤਿੰਨ ਵਜੇ ਤੋਂ ਹੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਸਨ।
ਸ਼ਾਮ ਤੱਕ ਉੱਥੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਸੀ। ਮੰਚ ’ਤੇ ਸੀ.ਜੇ.ਪੀ. ਦੇ ਬਾਨੀ ਅਭਿਜੀਤ ਦੀਪਕੇ, ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਮੌਜੂਦ ਸਨ। ਉਨ੍ਹਾਂ ਨਾਲ ਅਦਾਕਾਰਾ ਸ਼ਬਾਨਾ ਆਜ਼ਮੀ ਵੀ ਸੀ। ਸੀਨੀਅਰ ਅਦਾਕਾਰ ਨਸੀਰੁੱਦੀਨ ਸ਼ਾਹ ਪਹੁੰਚੇ, ਵਿਸ਼ਾਲ ਡਡਲਾਨੀ ਪਹੁੰਚੇ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਵੀ ਉੱਥੇ ਮੌਜੂਦ ਸਨ।
ਮੰਚ ਤੋਂ ਅਭਿਜੀਤ ਦੀਪਕੇ ਨੇ ਕਈ ਤਿੱਖੀਆਂ ਗੱਲਾਂ ਕਹੀਆਂ ਅਤੇ ਕੇਂਦਰੀ ਗ੍ਰਹਿ ਮੰਤਰੀ, ਜਿਸ ਦੇ ਹੱਥ ਵਿਚ ਦਿੱਲੀ ਪੁਲਿਸ ਦੀ ਕਮਾਨ ਹੈ, ਦੇ ਖ਼ਿਲਾਫ਼ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਨਸੀਹਤ ਦਿੱਤੀ ਕਿ ਮੁੰਬਈ ਪੁਲਿਸ ਤੋਂ ਸਿੱਖੋ। ਅਭਿਜੀਤ ਦੀਪਕੇ ਨੇ ਮੁੰਬਈ ਪੁਲਿਸ ਦਾ ਧੰਨਵਾਦ ਵੀ ਕੀਤਾ।
ਮੁੰਬਈ ਦੇ ਸ਼ਿਵਾਜੀ ਪਾਰਕ ਵਿਚ ਪਹੁੰਚੇ ਉਸੇ ਪੱਤਰਕਾਰ ਨੇ ਦੱਸਿਆ ਕਿ ਉੱਥੇ ਪੁਲਿਸ ਨਾਮਾਤਰ ਹੀ ਸੀ ਅਤੇ ਜਿੰਨੀ ਸੀ, ਉਹ ਇੱਕ ਪਾਸੇ ਖੜ੍ਹੀ ਸੀ। ਨੇੜੇ ਹੀ ਲੋਕਲ ਰੇਲਗੱਡੀ ਦਾ ਸਟੇਸ਼ਨ ਹੈ, ਉੱਥੇ ਕੋਈ ਪਾਬੰਦੀ ਨਹੀਂ ਲਾਈ ਗਈ ਸੀ।
ਤਾਂ ਫਿਰ ਸਰਕਾਰ ਦਾ ਇਰਾਦਾ ਕੀ ਹੈ?
ਹਾਲਾਂਕਿ ਦੋ ਪ੍ਰਦਰਸ਼ਨਾਂ ਵਿਚ ਰਾਜ ਦੇ ਦੋ ਤਰ੍ਹਾਂ ਦੇ ਰਵੱਈਏ ਤੋਂ ਪੂਰੇ ਯਕੀਨ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਮੁੰਬਈ ਦਾ ਪ੍ਰਦਰਸ਼ਨ ਹੋਣ ਦਿੱਤਾ ਗਿਆ ਅਤੇ ਦਿੱਲੀ ਦੇ ਪ੍ਰਦਰਸ਼ਨ ਨੂੰ ਪੂਰੀ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।
ਆਜ਼ਾਦ ਚਿੰਤਕ ਅਤੇ ਆਪਣੇ ਆਪ ਨੂੰ ਨਹਿਰੂਵਾਦੀ ਦੱਸਣ ਵਾਲੇ ਕ੍ਰਿਸ਼ਨ ਯਾਦਵ ਨੇ ਐਕਸ ’ਤੇ ਤਨਜ਼ ਕੀਤਾ ਕਿ ਭਰਾਵੋ, ਸੀ.ਜੇ.ਪੀ. ਵਾਕਈ ਭਾਜਪਾ ਨਾਲ ਲੜ ਰਹੀ ਹੈ!
ਉਨ੍ਹਾਂ ਨੇ ਅੱਗੇ ਲਿਖਿਆ, ‘ਇੱਕ ਮੁੱਦਾ: ਵੋਟਾਂ ਦੀ ਚੋਰੀ। ਉਹੀ ਸਰਕਾਰ: ਭਾਜਪਾ। ਦੋ ਵਿਰੋਧ ਪ੍ਰਦਰਸ਼ਨ। ਵੱਖੋ-ਵੱਖਰੇ ਪ੍ਰਦਰਸ਼ਨਕਾਰੀ। ਬਿਲਕੁਲ ਵੱਖਰਾ ਸਲੂਕ। ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਨੂੰ ਭਾਜਪਾ ਦੇ ਕੰਟਰੋਲ ਹੇਠਲੀ ਪੁਲਿਸ ਨੇ ਇੱਕ ਵੱਡਾ ਮੈਦਾਨ, ਮਿਊਜ਼ਿਕ ਸਿਸਟਮ, ਮੰਚ ਅਤੇ ਭਾਰੀ ਭੀੜ ਮੁਹੱਈਆ ਕਰਵਾਈ। ਯਾਨੀ ਪੂਰਾ ਮਾਹੌਲ ਬਣਾ ਦਿੱਤਾ।’
‘ਉੱਥੇ ਹੀ ਆਈ.ਵਾਈ.ਸੀ., ਐੱਨ.ਐੱਸ.ਯੂ.ਆਈ., ਨੇਹਾ ਬੋਰਾ, ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਮਨੋਜ ਝਾਅ—ਲਗਭਗ ਸਾਰਿਆਂ ਨਾਲ ਭਾਜਪਾ ਦੇ ਕੰਟਰੋਲ ਹੇਠਲੀ ਪੁਲਿਸ ਨੇ ਵਹਿਸ਼ੀਆਨਾ ਸਲੂਕ ਕੀਤਾ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਅਜੀਬ ਹੈ? ਨਹੀਂ। ਇਹ ਤਾਂ ਸਾਫ਼ ਹੈ।’
ਸੀਨੀਅਰ ਪੱਤਰਕਾਰ ਉਰਮਿਲੇਸ਼ ਨੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਲਿਖਿਆ, ‘ਮੁੱਦਾ ਇੱਕ। ਪ੍ਰਦਰਸ਼ਨ ਦੀਆਂ ਥਾਵਾਂ ਦੋ। ਦਿੱਲੀ ਵਿਚ ਵਿਦਿਆਰਥੀਆਂ, ਨੌਜਵਾਨਾਂ ਅਤੇ ਨਾਗਰਿਕ ਜਥੇਬੰਦੀਆਂ ਦਾ ਪ੍ਰਦਰਸ਼ਨ। ਮੁੰਬਈ ਵਿਚ ਸੀ.ਜੇ.ਪੀ. ਦੀ ਰੈਲੀ! ਦਿੱਲੀ ਵਿਚ ‘ਸਰਕਾਰ-ਏ.ਆਈ.ਆਰ.-ਗਿਆਨੇਸ਼ ਕੁਮਾਰ ਵਿਰੋਧੀ ਧਰਨੇ-ਪ੍ਰਦਰਸ਼ਨ’ ਨੂੰ ਪੁਲਿਸ ਦੀ ਮਨਜ਼ੂਰੀ ਨਹੀਂ ਮਿਲੀ! ਨੌਜਵਾਨਾਂ ਨੂੰ ਵੱਡੇ ਪੈਮਾਨੇ ’ਤੇ ਹਿਰਾਸਤ ਵਿਚ ਲਿਆ ਗਿਆ। ਫਿਰ ਵੀ ਜੰਤਰ ਮੰਤਰ ਨੇੜਲੀਆਂ ਸੜਕਾਂ ’ਤੇ ਨੌਜਵਾਨਾਂ ਅਤੇ ਵਿਰੋਧੀ ਪਾਰਟੀਆਂ ਦੇ ਕਾਰਕੁਨਾਂ ਦੀ ਭਾਰੀ ਸ਼ਮੂਲੀਅਤ!’
‘ਪਰ ਮੁੰਬਈ ਵਿਚ ਸੀ.ਜੇ.ਪੀ. ਨੂੰ ਅਧਿਕਾਰਤ ਮਨਜ਼ੂਰੀ ਨਾ ਹੋਣ ਦੇ ਬਾਵਜੂਦ ਅਮਲੀ ਤੌਰ ’ਤੇ ਸ਼ਿਵਾਜੀ ਪਾਰਕ ਵਿਚ ਰੈਲੀ-ਪ੍ਰਦਰਸ਼ਨ ਕਰਨ ਦੀ ਪੂਰੀ ਮਨਜ਼ੂਰੀ! ਇੱਥੇ ਕਿਸੇ ਤਰ੍ਹਾਂ ਦੀ ਪੁਲਿਸੀਆ ਰੁਕਾਵਟ ਨਹੀਂ! (ਸ਼ਾਮ 5:18 ਵਜੇ ਤੱਕ)! ਕੋਈ ਕਹਾਣੀ ਤਾਂ ਹੋਵੇਗੀ!’
ਕਹਾਣੀ ਦੇ ਪਿੱਛੇ ਸਵਾਲ ਤਾਂ ਇਹ ਹੈ ਕਿ ਉਹ ਕਿਹੜੀ ਕਹਾਣੀ ਹੈ, ਜਿਸ ਤਹਿਤ ਜੂਨ ਵਿਚ ਸੀ.ਜੇ.ਪੀ. ਨੂੰ ਜੰਤਰ ਮੰਤਰ ’ਤੇ ਧਰਨਾ ਲਾਉਣ ਦੀ ਇਜਾਜ਼ਤ ਦਿੱਤੀ ਗਈ?
ਇਹ ਉਦੋਂ ਹੋਇਆ, ਜਦੋਂ ਦਿੱਲੀ ਐੱਨ.ਸੀ.ਆਰ. ਵਿਚ ਤਨਖ਼ਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਦਾ ਇੱਕ ਵਿਸ਼ਾਲ ਪ੍ਰਦਰਸ਼ਨ ਹੋਇਆ ਸੀ ਅਤੇ ਉਸ ਦੌਰਾਨ ਕਈ ਸੌ ਲੋਕਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਸੀ। ਕੁਝ ਉੱਤੇ ਤਾਂ ਐੱਨ.ਐੱਸ.ਏ. ਤੱਕ ਲਗਾਇਆ ਗਿਆ ਸੀ।
ਉਹ ਕਿਹੜੀ ਕਹਾਣੀ ਹੈ ਕਿ ਜਦੋਂ ਅੰਦੋਲਨ ਸੀ.ਜੇ.ਪੀ. ਦੇ ਹੱਥੋਂ ਨਿਕਲ ਗਿਆ ਤਾਂ ਅਚਾਨਕ 25 ਜੁਲਾਈ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਹੋਇਆ ਅਤੇ ਉਸੇ ਸ਼ਾਮ ਸੀ.ਜੇ.ਪੀ. ਨੇ ਅਚਾਨਕ ਅੰਦੋਲਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ?
ਉਹ ਕਿਹੜੀ ਕਹਾਣੀ ਹੈ ਕਿ ਨੀਟ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਜਿਨ੍ਹਾਂ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ, ਉਨ੍ਹਾਂ ਲਈ ਮੁਆਵਜ਼ੇ ਦੀ ਮੰਗ ਉੱਥੇ ਹੀ ਛੱਡ ਦਿੱਤੀ ਗਈ ਅਤੇ ਮੁੜ ਸੀ.ਜੇ.ਪੀ. ਦੇ ਏਜੰਡੇ ਦਾ ਹਿੱਸਾ ਨਹੀਂ ਬਣੀ?
ਉਹ ਕਿਹੜੀ ਕਹਾਣੀ ਹੈ ਕਿ ਜਿਸ ਐੱਸ.ਆਈ.ਆਰ. ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਵਿਰੋਧੀ ਧਿਰ ਲਗਾਤਾਰ ਮੁੱਦਾ ਉਠਾ ਰਹੀ ਹੈ, ਉਸ ਦੇ ਖ਼ਿਲਾਫ਼ ਅਚਾਨਕ ਸੀ.ਜੇ.ਪੀ. ਨੇ ਅੰਦੋਲਨ ਦਾ ਐਲਾਨ ਕਰ ਦਿੱਤਾ ਅਤੇ ਦੋ ਤੋਂ ਅੱਠ ਅਕਤੂਬਰ ਤੱਕ ਮੁਲਕ ਭਰ ਵਿਚ ਵਿਰੋਧੀ ਧਿਰ ਦੀ ਮੁਹਿੰਮ ਤੋਂ ਬਾਅਦ 10 ਅਕਤੂਬਰ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਧਰਨਾ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ?
ਉਹ ਕਿਹੜੀ ਕਹਾਣੀ ਹੈ ਕਿ ਸ਼ੁਰੂ ਤੋਂ ਹੀ ਸੀ.ਜੇ.ਪੀ. ਦੀ ਹਮਾਇਤ ’ਚ ਆਮ ਆਦਮੀ ਪਾਰਟੀ ਨੇ ਖੁੱਲ੍ਹੀ ਅਪੀਲ ਕਰ ਰੱਖੀ ਸੀ ਅਤੇ ਦੋ ਅਕਤੂਬਰ ਨੂੰ ਵੀ ਆਮ ਆਦਮੀ ਪਾਰਟੀ ਦੇ ਚੋਟੀ ਦੇ ਆਗੂਆਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ?
ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲਾ ਸਮਾਂ ਆਪ ਹੀ ਦੇ ਦੇਵੇਗਾ। ਪਰ ਇੰਨਾ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਹੈ ਕਿ ਲੋਕਾਂ ਵਿਚ ਭਾਰੀ ਰੋਸ ਅਤੇ ਗੁੱਸਾ ਹੈ। ਨੌਜਵਾਨ ਪੀੜ੍ਹੀ ਅੰਦਰ ਬੇਰੁਜ਼ਗਾਰੀ ਅਤੇ ਤਰੱਕੀ ਦੇ ਮੌਕਿਆਂ ਦੀ ਘਾਟ ਕਾਰਨ ਬਹੁਤ ਗੁੱਸਾ ਹੈ। ਸਿਆਸੀ ਪਾਰਟੀਆਂ ਅਤੇ ਮੁਲਕ ਦੀ ਹਾਕਮ ਜਮਾਤ ਵਿਚ ਬੇਚੈਨੀ ਹੈ ਅਤੇ ਉਹ ਇਸ ਰੋਸ ਦਾ ਲਾਹਾ ਲੈਣਾ ਚਾਹੁੰਦੇ ਹਨ।
ਭਾਵੇਂ ਲੋਕਾਂ ਨੂੰ ਪਤਾ ਹੈ ਕਿ ਹਾਕਮ ਜਮਾਤ ਦਾ ਇੱਕ ਹਿੱਸਾ ਇੱਕ ਦਿਨ ਚਲਾ ਜਾਵੇਗਾ, ਦੂਜੇ ਆ ਜਾਣਗੇ ਅਤੇ ਫਿਰ ਵੀ ਹਾਲਾਤ ਨਹੀਂ ਸੁਧਰਨਗੇ, ਤਾਂ ਵੀ ਉਨ੍ਹਾਂ ਸਾਹਮਣੇ ਸੜਕਾਂ ’ਤੇ ਉਤਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।
ਇਸ ਉਥਲ-ਪੁਥਲ ਦੇ ਦੌਰ ਵਿਚ ਕੌਮਾਂਤਰੀ ਹਾਲਾਤ ਅਤੇ ਸਾਮਰਾਜੀ ਤਾਕਤਾਂ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਕਰਨ ਨਾਲ ਪੂਰੀ ਤਸਵੀਰ ਨਜ਼ਰ ਨਹੀਂ ਆਵੇਗੀ।
ਜਦੋਂ ਪੂਰੀ ਦੁਨੀਆ ਇੱਕ ਭਿਆਨਕ ਆਲਮੀ ਜੰਗ ਦੇ ਕੰਢੇ ’ਤੇ ਖੜ੍ਹੀ ਹੈ, ਸਾਮਰਾਜੀ ਤਾਕਤਾਂ ਹਰ ਮੁਲਕ ਵਿਚ ਆਪਣੀਆਂ ਕਠਪੁਤਲੀ ਸਰਕਾਰਾਂ ਬਣਾ ਰਹੀਆਂ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਇੱਕ ਜੇਬੀ ਵਿਰੋਧ ਵੀ ਤਿਆਰ ਕਰ ਰਹੀਆਂ ਹਨ, ਤਾਂ ਜੋ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨ ਲਈ ਇੱਕ ਨੂੰ ਹਟਾ ਕੇ ਦੂਜੇ ਨੂੰ ਬਿਠਾਇਆ ਜਾ ਸਕੇ।
ਸਵਾਲ ਇਹ ਹੈ ਕਿ ਕੀ ਭਾਰਤ ਸਾਮਰਾਜੀ ਦਖ਼ਲਅੰਦਾਜ਼ੀ ਤੋਂ ਮੁਕਤ ਹੈ? ਕੀ ਉਸ ਦੀ ਆਪਣੀ ਪ੍ਰਭੂਸੱਤਾ, ਸੰਵਿਧਾਨ ਅਤੇ ਲੋਕਤੰਤਰ ਕਿਸੇ ਹੱਦ ਤੱਕ ਬਚੇ ਹੋਏ ਹਨ, ਜਿਨ੍ਹਾਂ ਦੇ ਆਧਾਰ ’ਤੇ ਉਹ ਆਜ਼ਾਦ ਫ਼ੈਸਲੇ ਲੈ ਸਕੇ?