ਰਜਵੰਤ ਕੌਰ ਸੰਧੂ
ਇਨਸਾਨੀ ਸਭਿਆਚਾਰ ਦੀ ਲੰਮੀ ਯਾਤਰਾ ਵਿਚ ਔਰਤ ਦੀ ਹੋਂਦ ਤੇ ਹਸਤੀ ਹਮੇਸ਼ਾ ਹੀ ਵੱਡਾ ਸਵਾਲ ਰਹੀ ਹੈ। ਇਤਿਹਾਸ ਦੇ ਪੰਨਿਆਂ ਤੋਂ ਲੈ ਕੇ ਅਜੋਕੇ ਸਮਾਜ ਤੱਕ, ਔਰਤ ਦੀ ਸਥਿਤੀ ਬਾਰੇ ਬੇਅੰਤ ਲੇਖ ਲਿਖੇ ਗਏ, ਸੈਮੀਨਾਰ ਹੋਏ, ਕਾਨਫ਼ਰੰਸਾਂ ਹੋਈਆਂ, ਪਰ ਇੱਕ ਸੱਚ ਅਜੇ ਵੀ ਅਡੋਲ ਖੜ੍ਹਾ ਹੈ,
ਅਸੀਂ ਔਰਤ ਨੂੰ ਇਨਸਾਨ ਵਜੋਂ ਵੇਖਣ ਦੀ ਨਜ਼ਰ ਅਜੇ ਤੱਕ ਵਿਕਸਿਤ ਨਹੀਂ ਕਰ ਸਕੇ।
ਅਸੀਂ ਇਕੀਵੀਂ ਸਦੀ ਵਿਚ ਰਹਿੰਦੇ ਹਾਂ, ਪਰ ਬਹੁਤ ਹੱਦ ਤੱਕ ਸਾਡੀ ਮਾਨਸਿਕਤਾ ਅਜੇ ਵੀ ਪੰਦਰਵੀਂ–ਸੋਲ੍ਹਵੀਂ ਸਦੀ ਦੇ ਬੰਧੇਜਾਂ ਵਿਚ ਫਸੀ ਹੋਈ ਹੈ।
ਗੁਰੂ ਨਾਨਕ ਸਾਹਿਬ ਨੇ ਧਰਤੀ ਨੂੰ ਐਵੇਂ ਹੀ ‘ਮਾਤਾ ਧਰਤ ਮਹੱਤ’ ਨਹੀਂ ਕਿਹਾ। ਸਚਾਈ ਤਾਂ ਇਹ ਹੈ ਕਿ ਜੇ ਔਰਤ ਨਾ ਹੁੰਦੀ ਤਾਂ ਮਰਦ ਵੀ ਨਾ ਹੁੰਦਾ ਤੇ ਇਹ ਸਾਰੀ ਜੀਵਨ ਲੀਲਾ ਵੀ ਨਾ ਹੁੰਦੀ। ਜਿਵੇਂ ਧਰਤੀ ਆਪਣੀ ਹਿੱਕ ’ਤੇ ਰਹਿੰਦੇ ਜੀਆਂ ਦਾ ਭਾਰ ਝੱਲਦੀ ਵੀ ਹੈ ਤੇ ਉਨ੍ਹਾਂ ਦੇ ਜੀਂਦੇ ਰਹਿਣ ਦਾ ਸਮਾਨ ਵੀ ਦਿੰਦੀ ਹੈ; ਔਰਤ ਵੀ ਪਰਿਵਾਰ, ਸਮਾਜ ਦਾ ਭਾਰ ਧਰਤੀ ਵਾਂਗ ਹੀ ਸਿਰ ’ਤੇ ਚੁੱਕੀ ਰੱਖਦੀ ਹੈ ਪਰ ਨਾਲ ਹੀ ਪਰਿਵਾਰ ਦੇ ਜੀਆਂ ਦੀ ਸਭ ਤੋਂ ਵੱਡੀ ਧਿਰ ਅਤੇ ਧਰਵਾਸਾ ਬਣਦੀ ਹੈ।
ਡਾ. ਹਰਿਭਜਨ ਸਿੰਘ ਤਾਂ ਹੋਰ ਵੀ ਅੱਗੇ ਦੀ ਗੱਲ ਕਹਿੰਦਾ ਹੈ−
ਧਰਤੀ ਦੇ ਹੇਠਾਂ ਧੌਲ ਸੀ,
ਧਰਮ ਸੀ,
ਹੁਣ ਮੇਰੀ ਧੀ ਹੈ।
ਔਰਤ ਦੀ ਆਜ਼ਾਦੀ ਦੇ ਸੰਕਲਪ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਔਰਤ ਦੇ ਸਿਰ ’ਤੇ ਪਏ ਗੁਲਾਮੀ ਦੇ ਇਸ ਬੋਝ ਬਾਰੇ ਗੱਲ ਕਰਦੇ ਹਾਂ। ਅੱਜ ਦੀ ਔਰਤ ਇੱਕੋ ਸਮੇਂ ਦੋ ਵੱਖ-ਵੱਖ ਗੁਲਾਮੀਆਂ ਨਾਲ ਲੜ ਰਹੀ ਹੈ। ਪਹਿਲੀ ਗੁਲਾਮੀ ਸਥਾਪਤ ਸਭਿਆਚਾਰਕ ਮੁੱਲਾਂ ਦੀ ਹੈ। ਇਨ੍ਹਾਂ ਮੁੱਲਾਂ ਅਨੁਸਾਰ ਔਰਤ ਘਰ ਦੀ ਇੱਜ਼ਤ ਹੈ। ਪਤੀ ਉਸ ਲਈ ਪ੍ਰਮੇਸ਼ਰ ਹੈ। ਉਹਦੀ ਸੇਵਾ ਕਰਨਾ ਉਹਦਾ ਧਰਮ ਹੈ। ਪਿਉ ਦੀ ਧੀ ਨੂੰ ਹਦਾਇਤ ਹੁੰਦੀ ਸੀ, ‘ਧੀਏ! ਪਿਉ ਦੀ ਪੱਗ ਹੁਣ ਤੇਰੇ ਹੱਥ ਹੈ। ਵੇਖੀਂ ਇਹਨੂੰ ਦਾਗ਼ ਨਾ ਲੱਗ ਜਾਵੇ।’
ਘਰ ਦੀ ਚਾਰ-ਦੀਵਾਰੀ ਵਿਚ ਰਹਿਣਾ, ਕਿਸੇ ਪਰਾਏ ਮਰਦ ਨਾਲ ਗੱਲ ਵੀ ਨਾ ਕਰਨਾ, ਜੀਵਨ ਸਾਥੀ ਦੀ ਚੋਣ ਵਿਚ ਉਹਦੀ ਆਪਣੀ ਪਸੰਦ ਦਾ ਕੋਈ ਦਖ਼ਲ ਨਾ ਹੋਣਾ, ਜਿੱਥੇ ਮਾਂ ਬਾਪ ਚਾਹੁਣ ਉਹਨੂੰ ਵਿਆਹ ਬੰਧਨ ਵਿਚ ਨਰੜ ਦੇਣਾ। ਸਮਾਜ ਦੀ ਨਜ਼ਰ ਵਿਚ ‘ਚੰਗੀ ਔਰਤ’ ਉਹੋ ਹੈ, ਜੋ ਸਹਿੰਦੀ ਹੈ, ਚੁੱਪ ਰਹਿੰਦੀ ਹੈ, ਬਰਦਾਸ਼ਤ ਕਰਦੀ ਹੈ।
ਮਰਦ ਦੀ ਮਰਜ਼ੀ ਤੋਂ ਬਿਨਾਂ ਤਾਂ ਉਹ ਜਨਮ ਵੀ ਨਹੀਂ ਲੈ ਸਕਦੀ। ਕੁੱਖ ਵਿਚ ਹੀ ਕਤਲ ਕਰ ਦਿੱਤੀ ਜਾਂਦੀ ਹੈ।
ਸਾਡੀਆਂ ਦਾਦੀਆਂ-ਨਾਨੀਆਂ ਨੂੰ ਜਦੋਂ ਕਿਸੇ ਕੁੜੀ ਮੁੰਡੇ ਦੀ ਲੁਕਵੀਂ ਮੁਹੱਬਤ ਦਾ ਪਤਾ ਚੱਲਣਾ ਤਾਂ ਉਨ੍ਹਾਂ ਮੂੰਹ ਵਿਚ ਚੁੰਨੀ ਦਾ ਪੱਲਾ ਲੈ ਕੇ ਕਹਿਣਾ, ‘ਭੈਣਾਂ! ਵੇਖੀਂ ਘੋਰ ਕਲਜੁਗ ਆਊਗਾ ਜਦੋਂ ਕੁੜੀਆਂ ਮੂੰਹ ਪਾੜ ਕੇ ਆਪਣਾ ਵਰ ਮੰਗਣਗੀਆਂ।’
ਅੱਜ ਉਹ ਹੁੰਦੀਆਂ ਤਾਂ ਇਹ ਜਾਣ ਕੇ ਕਿ ਕੁੜੀਆਂ ਮੁੰਡੇ ਵਿਆਹ ਤੋਂ ਬਿਨਾਂ ਹੀ ਇਕੱਠੇ ਰਹੀ ਜਾਂਦੇ ਹਨ, ਉਨ੍ਹਾਂ ਦੀ ਹਉਕੇ ਨਾਲ ਹੀ ਜਾਨ ਨਿਕਲ ਜਾਣੀ ਸੀ!
ਇਹ ਠੀਕ ਹੈ; ਸਮੇਂ ਨਾਲ ਹਾਲਾਤ ਬਦਲੇ। ਬਦਲੇ ਹੋਏ ਹਾਲਾਤ ਵਿਚ ਇੱਜ਼ਤ ਦੇ ਮਾਪਦੰਡ ਵੀ ਬਦਲ ਗਏ। ਹੁਣ ਆਖਣ-ਵੇਖਣ ਨੂੰ ਪਿਉ ਬਹੁਤ ਖੁੱਲ੍ਹ-ਦਿਲੇ ਹੋ ਗਏ ਜਾਪਦੇ ਹਨ। ਧੀਆਂ ਦੇ ਬੰਨ੍ਹੇ ਹੋਏ ਖੰਭ ਖੋਲ੍ਹ ਕੇ ਉਨ੍ਹਾਂ ਨੂੰ ਅਸਮਾਨਾਂ ਵਿਚ ਉਡਾਰੀ ਭਰਨ ਦਾ ਮੌਕਾ ਦੇ ਰਹੇ ਹਨ। ਵਿਦੇਸ਼ਾਂ ਵਿਚ ਪੜ੍ਹਨ ਭੇਜ ਰਹੇ ਹਨ। ਪਰ ਬਹੁਤੀਆਂ ਦੀ ਅਜੇ ਕੱਚੀ ਉਮਰ ਤੇ ਕੱਚੇ-ਕੂਲ਼ੇ ਖੰਭ ਹੁੰਦੇ ਹਨ। ਇਹ ਖੰਭ ਕਈ ਵਾਰ ਹਾਲਾਤ ਦੀਆਂ ਸੱਟਾਂ ਨਾਲ ਲਹੂ-ਲੁਹਾਣ ਵੀ ਹੁੰਦੇ ਹਨ। ਪੜ੍ਹਨਾ, ਦਿਹਾੜੀਆਂ ਕਰਨੀਆਂ, ਗਰੋਸਰੀ ਦਾ ਖ਼ਰਚਾ, ਰਹਿਣ ਲਈ ਬੇਸਮੈਂਟਾਂ ਦੇ ਕਿਰਾਏ ਭਰਨੇ। ਕਿਤੇ-ਕਿਤੇ ਮਕਾਨ-ਮਾਲਕਾਂ ਜਾਂ ਕੰਮ-ਮਾਲਕਾਂ ਦੀ ਹਵਸ ਤੇ ਹਿਰਸ ਦੇ ਸ਼ਿਕਾਰ ਵੀ ਹੋਣਾ। ਭਵ-ਸਾਗਰ ਵਰਗਾ ਇਹ ਜੀਵਨ ਉਹ ਕਿਸ ਮਾਨਿਸਕ ਦਬਾਉ ਅਧੀਨ ਗੁਜ਼ਾਰਦੀਆਂ ਹਨ, ਉਹ ਜਾਣਦੀਆਂ ਹਨ ਜਾਂ ਉਨ੍ਹਾਂ ਦਾ ਰੱਬ। ਹਿੰਮਤ ਵਾਲੀਆਂ ਇਹ ਭਵ-ਸਾਗਰ ਪਾਰ ਵੀ ਕਰ ਜਾਂਦੀਆਂ ਨੇ ਤੇ ਕਈ ਮਾਸੂਮ ਵਿਚ-ਵਿਚਾਲੇ ਡੁੱਬ ਵੀ ਜਾਂਦੀਆਂ ਨੇ।
ਇੰਝ ਆਖਣ ਨੂੰ ਤਾਂ ਮਾਪਿਆਂ ਨੇ ਧੀਆਂ ਨੂੰ ਸਥਾਪਤ ਸਭਿਆਚਾਰਕ ਬੰਧਨਾਂ ਤੋਂ ਮੁਕਤ ਕਰ ਦਿੱਤਾ ਹੈ। ਪਰ ਧੀ ਨੂੰ ਇਸ ਆਜ਼ਾਦੀ ਦੀ ਜੋ ਕੀਮਤ ਤਾਰਨੀ ਪੈਂਦੀ ਹੈ, ਉਹ ਆਪਾਂ ਜਾਣਦੇ ਹਾਂ। ਜਦੋਂ ਪਿਉ ਧੀ ਨੂੰ ਆਈਲੈਟਸ ਕਰਾ ਕੇ ਵਿਦੇਸ਼ ਵਿਚ ਇਕੱਲੀ ਨੂੰ ਭੇਜ ਦਿੰਦੇ ਨੇ, ਉਦੋਂ ਇੱਜ਼ਤ ਨੂੰ ਦਾਗ਼ ਲੱਗਣ ਵਾਲੀ ਪੱਗ ਆਪਣੀ ਕੱਛ ਵਿਚ ਦੇ ਲੈਂਦੇ ਹਨ। ਹੁਣ ਕੁੜੀ ਜੋ ਚਾਹੇ ਕਰੇ। ਜਿੱਥੇ ਚਾਹਵੇ, ਜਿਸ ਨਾਲ ਜੀ ਚਾਹਵੇ ਰਹੇ। ਪਿਉ ਨੂੰ ਤਾਂ ਡਾਲਰ ਚਾਹੀਦੇ ਨੇ ਜਾਂ ਪੱਕਾ ਵੀਜ਼ਾ। ਧੀ ਉਨ੍ਹਾਂ ਲਈ ਧੀ ਨਹੀਂ, ਇਨਸਾਨੀ ਜੀਵ ਨਹੀਂ, ਸਗੋਂ ਸੌਦਾ ਵੇਚਣ ਵਾਲੀ ਵਸਤੂ ਵਾਂਗ ਹੈ। ਕਦੇ ਆਰਥਿਕ ਲੋੜਾਂ ਦੀ ਪੂਰਤੀ ਲਈ ਧੀਆਂ ਨੂੰ ਬੁੱਢਿਆਂ, ਦੁਹਾਜੂਆਂ ਕੋਲ ਵੇਚਣਾ ਪਾਪ ਸਮਝਿਆ ਜਾਂਦਾ ਸੀ, ਪਰ ਅੱਜ ਆਪ ਬਾਪ ਧੀ ਦੇ ਆਈਲੈਟਸ ਦਾ ਸੌਦਾ ਕਰ ਕੇ ਉਸ ਨਾਲਾਇਕ ਮੁੰਡੇ ਨਾਲ ਵਿਆਹ ਦਿੰਦੇ ਹਨ, ਜੋ ਕੁੜੀ ਦੇ ਕਨੇਡਾ ਜਾਣ ਦਾ ਪੰਝੀ ਤੀਹ ਲੱਖ ਖ਼ਰਚਾ ਚੁੱਕ ਲਵੇ।
ਇਹ ਗੱਲ ਸੱਚੀ ਹੈ ਕਿ ਆਰਥਕ ਆਜ਼ਾਦੀ ਬਿਨਾ ਕੋਈ ਵੀ ਆਜ਼ਾਦੀ ਪੂਰੀ ਨਹੀਂ ਹੁੰਦੀ। ਆਰਥਕ ਆਜ਼ਾਦੀ ਮਾਨਸਿਕ ਆਜ਼ਾਦੀ ਨੂੰ ਜਨਮ ਦਿੰਦੀ ਹੈ। ਇਹ ਉਹ ਬਿੰਦੂ ਹੈ ਜੋ ਔਰਤ ਦੀ ਹੋਂਦ ਨੂੰ ਵਸਤੂ ਤੋਂ ਇਨਸਾਨ ਬਣਾਉਣ ਦੀ ਸਭ ਤੋਂ ਵੱਡੀ ਕੜੀ ਹੈ।
ਪਰ ਏਥੇ ਵੀ ਅਸਲ ਸਥਿਤੀ ਕੁਝ ਵੱਖਰੀ ਹੈ। ਜੇ ਔਰਤ ਕਮਾਉਂਦੀ ਹੈ ਪਰ ਉਹਦੀ ਕਮਾਈ ਨੂੰ ਖ਼ਰਚਣ ਦੇ ਫੈਸਲੇ ਮਰਦ ਕਰਦਾ ਹੈ, ਤਾਂ ਉਹ ਆਜ਼ਾਦ ਨਹੀਂ ਆਖੀ ਜਾ ਸਕਦੀ। ਜੇ ਔਰਤ ਕਮਾਉਂਦੀ ਤਾਂ ਹੈ ਪਰ ਪੈਸੇ ਦੀ ਮਾਲਕ ਆਪ ਨਹੀਂ, ਤਾਂ ਵੀ ਉਹ ਆਜ਼ਾਦ ਨਹੀਂ। ਜੇ ਉਸਦੀ ਕਮਾਈ ਨੂੰ ‘ਸਹਾਇਤਾ’ ਕਿਹਾ ਜਾਂਦਾ ਹੈ, ਤਾਂ ਵੀ ਉਹ ਆਜ਼ਾਦ ਨਹੀਂ। ਜੇ ਉਹ ਕਮਾਉਂਦੀ ਤਾਂ ਹੈ ਪਰ ਘਰ ਦੇ ਸਾਰੇ ਕੰਮ ਉਸੇ ਦੀ ਜ਼ਿੰਮੇਵਾਰੀ ਹੀ ਰਹਿੰਦੇ ਹਨ, ਤਾਂ ਆਜ਼ਾਦੀ ਵੀ ਅਧੂਰੀ ਹੈ।
ਉਹ ਤਦ ਹੀ ਆਰਥਿਕ ਤੌਰ ’ਤੇ ਆਜ਼ਾਦ ਸਮਝੀ ਜਾਵੇਗੀ ਜਦੋਂ ਉਹਦਾ ਆਪਣੀ ਕਮਾਈ ’ਤੇ ਅਧਿਕਾਰ ਹੋਵੇਗਾ। ਉਹਨੇ ਉਹ ਕਮਾਈ ਕਿੱਥੇ ਖ਼ਰਚਣੀ ਹੈ ਕਿੱਥੇ ਨਹੀਂ ਖ਼ਰਚਣੀ, ਕਿੰਨੀ ਖ਼ਰਚਣੀ ਹੈ; ਇਸਦਾ ਫ਼ੈਸਲਾ ਵੀ ਉਹ ਖ਼ੁਦ ਕਰ ਸਕਦੀ ਹੋਵੇ। ਪਰ ਅਸਲੀਅਤ ਵਿਚ ਅਜਿਹਾ ਹੁੰਦਾ ਨਹੀਂ। ਉਹਦੀ ਕਮਾਈ ’ਤੇ ਸਾਰਾ ਅਧਿਕਾਰ ਮਰਦ ਦਾ ਹੁੰਦਾ ਹੈ। ਔਰਤ ਨੇ ਆਪਣੇ ਲਈ ਕੁਝ ਖ਼ਰਚਾ ਕਰਨਾ ਵੀ ਹੋਵੇ ਤਾਂ ਪਤੀ ਤੋਂ ਮੰਗਣਾ ਹੀ ਪੈਣਾ ਹੈ। ਅੱਗੋਂ ਪਤੀ ਇਹ ਵੀ ਕਹਿ ਸਕਦਾ ਹੈ, ‘ਅਜੇ ਤੈਨੂੰ ਉਸ ਦਿਨ ਏਨੇ ਰੁਪੈ ਦਿੱਤੇ ਤਾਂ ਸਨ, ਉਹ ਕਿੱਥੇ ਗਏ?’
ਇੰਝ ਸਾਡਾ ਸਮਾਜਕ ਸਭਿਆਚਾਰਕ ਵਿਧਾਨ ਔਰਤ ਦੀ ਨਿਮਨ ਤੇ ਆਗਿਆਕਾਰੀ ਹੋਂਦ ਨੂੰ ਇਕ ਕੀਮਤ ਬਣਾ ਕੇ ਔਰਤ ਦੀ ਸੋਚ ਦਾ ਹਿੱਸਾ ਬਣਾ ਧਰਦਾ ਹੈ। ਇਸ ਸੋਚ ਦੀ ਗੁਲਾਮ ਔਰਤ ਖ਼ੁਦ ਆਪਣੇ ਤੇ ਆਪਣੀ ਹੋਂਦ ਦੇ ਖ਼ਿਲਾਫ਼ ਭੁਗਤਦੀ ਰਹਿੰਦੀ ਹੈ। ਜਦੋਂ ਅਸੀਂ ਆਖਦੇ ਹਾਂ ਕਿ ‘ਔਰਤ ਹੀ ਔਰਤ ਦੀ ਦੁਸ਼ਮਣ ਹੈ’ ਤਾਂ ਸਾਡਾ ਇਸ਼ਾਰਾ ਔਰਤ ਦੀ ਅਜਿਹੀ ਗੁਲਾਮ ਮਾਨਸਿਕਤਾ ਵੱਲ ਹੀ ਹੁੰਦਾ ਹੈ ਜਿਹੜੀ ਹੋਂਦ ਮਰਦ-ਮੁਲਾਂ ਅਨੁਸਾਰ ਢਾਲੀ ਜਾ ਚੁੱਕੀ ਹੁੰਦੀ ਹੈ।
ਦੂਜੇ ਪਾਸੇ ਹੈ ਆਜ਼ਾਦ ਹੋ ਰਹੀ ਔਰਤ ਦਾ ਬਿੰਬ। ਸਾਹਿਤ ਵਿਚ ਵੀ ਤੇ ਜ਼ਿੰਦਗੀ ਵਿਚ ਵੀ। ਇਹ ਔਰਤ ਮਰਦ ਵਾਂਗ ਹੀ ਸਾਰੇ ਹੱਕ ਪ੍ਰਾਪਤ ਕਰਨਾ ਚਾਹੁੰਦੀ ਹੈ। ਪਰ ਇਹ ਔਰਤ ਵੀ ਭੁਲਾਂਦਰੇ ਦਾ ਸ਼ਿਕਾਰ ਹੈ। ਉਹ ਆਪਣੀ ਆਜ਼ਾਦੀ ਨੂੰ ਮਰਦ ਦੇ ਸੰਗੀ-ਸਾਥੀ ਬਣ ਕੇ ਪ੍ਰਾਪਤ ਕਰਨ ਦੀ ਸਾਰਥਕ ਪਹੁੰਚ ਅਪਨਾਉਣ ਦੀ ਥਾਂ ਮਰਦ ਦੇ ਵਿਰੋਧ ਵਿਚ ਲੈਂਦੀ ਹੈ। ਉਂਜ ਵੀ ਇਸ ਬਰਾਬਰੀ ਜਾਂ ਆਜ਼ਾਦੀ ਨੂੰ ਬਹੁਤਾ ਕਰਕੇ ਸੈਕਸ ਜੀਵਨ ਨਾਲ ਹੀ ਸੰਬੰਧਤ ਕਰ ਦਿੱਤਾ ਗਿਆ ਹੈ। ਜੇ ਮਰਦ ਕਈ ਔਰਤਾਂ ਨਾਲ ਸੰਬੰਧ ਰੱਖ ਸਕਦਾ ਹੈ ਤਾਂ ਉਹ ਕਿਉਂ ਨਹੀਂ ਰੱਖ ਸਕਦੀ! ਜੇ ਮਰਦ ਨੰਗੀ ਛਾਤੀ ਕਰਕੇ ਘੁੰਮਣ ਦਾ ਹੱਕ ਰੱਖਦੇ ਹਨ ਤਾਂ ਉਨ੍ਹਾਂ ਨੂੰ ਇਹ ਹੱਕ ਕਿਉਂ ਨਹੀਂ। ਆਜ਼ਾਦੀ ਦੀ ਇਸ ਨਾਕਾਰਾਤਮਕ ਧਾਰਨਾ ਪਿੱਛੇ ਮੀਡੀਆ ਦਾ ਬਹੁਤ ਵੱਡਾ ਰੋਲ ਹੈ। ਮੀਡੀਆ ਔਰਤ ਦੀ ਅਜਿਹੀ ਨਾਕਾਰਤਮਕ ਪਹੁੰਚ ਨੂੰ ਵੀ ਇਕ ਮੁੱਲ ਵਜੋਂ ਸਥਾਪਤ ਕਰ ਰਿਹਾ ਹੈ। ਨਵੀਂ ਔਰਤ ਦੀ ਆਜ਼ਾਦੀ ਦਾ ਸੰਕਲਪ ਵੀ ਭੁਲਾਂਦਰੇ ਵਾਲਾ ਹੈ। ਔਰਤ ਨੂੰ ਇਨਸਾਨ ਨਹੀਂ ‘ਆਈਟਮ ਨੰਬਰ’ ਬਣਾ ਕੇ ‘ਮਾਡਰਨ’ ਤੇ ਬੋਲਡ ਹੋਣ ਦੇ ਨਾਂ ’ਤੇ ਵੇਚਿਆ ਜਾਂਦਾ ਹੈ
ਇਹ ਆਜ਼ਾਦੀ ਨਹੀਂ, ਬਾਜ਼ਾਰ ਦੀਆਂ, ਮੰਡੀ ਕੀਮਤਾਂ ਦੀ ਗੁਲਾਮੀ ਹੈ।
ਦੂਜੇ ਪਾਸੇ ਮੀਡੀਆ ਸਫ਼ਲ ਔਰਤਾਂ ਦੀਆਂ ਕਹਾਣੀਆਂ, ਆਰਥਕ ਆਜ਼ਾਦੀ ਦੀਆਂ ਮਿਸਾਲਾਂ ਅਤੇ ਸਮਾਨਤਾ ਦੇ ਨਵੇਂ ਮਾਪਦੰਡ ਵੀ ਪੇਸ਼ ਕਰਦਾ ਹੈ। ਸਿਆਸਤ, ਖੇਡਾਂ, ਵਿਗਿਆਨ, ਪੱਤਰਕਾਰੀ, ਵਿਦਿਅਕ ਖ਼ੇਤਰ ਆਦਿ ਅਨੇਕਾਂ ਖੇਤਰਾਂ ਵਿਚ ਔਰਤਾਂ ਨੇ ਆਪਣੇ ਇਨਸਾਨੀ ਗੌਰਵ ਨੂੰ ਕਾਇਮ ਰੱਖਦੇ ਹੋਏ ਆਪਣੀ ਅਤੇ ਮਨੁੱਖੀ ਹੱਕਾਂ ਦੀ ਜੰਗ ਲੜੀ ਹੈ ਤੇ ਲੜ ਰਹੀ ਹੈ। ਜੇ ਔਰਤ ਨੇ ਔਰਤ ਦੇ ਮਾਣ-ਸਨਮਾਨ ਨੂੰ ਕਾਇਮ ਰੱਖਣਾ ਹੈ ਤਾਂ ਆਪਣੇ ਇਤਿਹਾਸ ਦੀਆਂ ਮਾਣ-ਮੱਤੀਆਂ ਔਰਤਾਂ ਨੂੰ ਸਿਮਰਦੇ ਰਹਿਣਾ ਚਾਹੀਦਾ ਹੈ।
ਸਵੈ-ਨਿਰਭਰ ਹੋਣ ਲਈ ਔਰਤਾਂ ਨੇ ਆਪਣੇ ਚੈਨਲ ਖੋਲ੍ਹੇ ਹਨ। ਕਿਤੇ ਕੋਈ ਸਿਆਸਤ ਦੀ ਹਨੇਰ ਗਰਦੀ ਵਿਚ ਚਾਨਣ ਦਾ ਦੀਵਾ ਬਾਲ਼ਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਕੋਈ ਡਾਕਟਰ ਵੱਖ-ਵੱਖ ਬੀਮਾਰੀਆਂ ਤੇ ਉਨ੍ਹਾਂ ਦੇ ਇਲਾਜ, ਪ੍ਰਹੇਜ਼ ਤੇ ਢੁਕਵੀਂ ਖ਼ੁਰਾਕ ਖਾਣ ਦਾ ਪ੍ਰਚਾਰ ਕਰ ਰਹੀ ਹੈ। ਕੋਈ ਆਪਣੇ ਚੈਨਲ ’ਤੇ ਆਚਾਰ ਬਣਾਉਣਾ ਸਿਖਾ ਰਹੀ ਹੈ, ਆਲੂ-ਗੋਭੀ ਵਾਲੇ ਪਰੌਂਠੇ ਪਕਾਉਣ ਦੀ ਵਿਧੀ ਦੱਸ ਰਹੀ ਹੈ। ਕਿਤੇ ਕੋਈ ਹਾਸ ਵਿਅੰਗ ਦੀਆਂ ਸਿੱਖਿਆ-ਦਾਇਕ ਰੀਲਾਂ ਬਣਾ ਰਹੀ ਹੈ। ਪਰਿਵਾਰ ਦੀ ਆਮਦਨ ਵਿਚ ਵਾਧਾ ਵੀ ਕਰ ਰਹੀ ਹੈ। ਅਜਿਹੀ ਸੁਤੰਤਰ ਔਰਤ ਆਪਣੇ ਇਨਸਾਨੀ ਗੌਰਵ ਤੇ ਮਾਣ ਮਰਿਆਦਾ ਦੀ ਮਾਲਕ ਹੈ।
ਔਰਤ ਦੀ ਤਰੱਕੀ ਦਾ ਸਭ ਤੋਂ ਵੱਡਾ ਵਿਰੋਧ ਮਰਦ ਦੀ ਮਾਨਸਿਕਤਾ ਕਰਦੀ ਹੈ। ਅੱਜ ਵੀ ਮਰਦ ‘ਸਮਾਨਤਾ’ ਨੂੰ ਖਤਰਾ ਸਮਝਦਾ ਹੈ। ‘ਆਜ਼ਾਦ ਔਰਤ’ ਨੂੰ ਬੇ-ਮਰਿਆਦਾ, ‘ਸਫਲ ਔਰਤ’ ਨੂੰ ਅਹੰਕਾਰੀ ਤੇ ਆਪਣੇ ’ਤੇ ‘ਨਿਰਭਰ ਔਰਤ’ ਨੂੰ ਆਦਰਸ਼ ਸਮਝਦਾ ਹੈ।
ਜਦ ਤੱਕ ਮਰਦ ਦੀ ਮਾਨਸਿਕਤਾ ਨਹੀਂ ਬਦਲਦੀ, ਔਰਤ ਦੀ ਆਜ਼ਾਦੀ ਕਾਗਜ਼ੀ ਰਹਿੰਦੀ ਹੈ। ਹਰ ਖ਼ੇਤਰ ਵਿਚ ਫ਼ੈਸਲੇ ਮਰਦ ਹੀ ਕਰਦਾ ਹੈ। ਪਤਨੀ ਰਾਖ਼ਵੇਂ ਖ਼ਾਤੇ ਵਿਚੋਂ ਸਰਪੰਚ ਬਣਦੀ ਹੈ ਤਾਂ ਸਰਪੰਚੀ ਦੀ ਮੁਹਰ ਮਰਦ ਦੀ ਜੇਬ ਵਿਚ ਹੀ ਹੁੰਦੀ ਹੈ।
ਅਸਲ ਵਿਚ ਔਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਉਹਦੇ ਆਪਣੇ ਆਪ ਨਾਲ ਹੈ। ਜਿਨ੍ਹਾਂ ਮਰਦ-ਮੁੱਲਾਂ ਤੋਂ ਉਸਨੇ ਛੁਟਕਾਰਾ ਪਾਉਣਾ ਹੈ, ਉਹ ਆਪ ਹੀ ਉਨ੍ਹਾਂ ਮੁੱਲਾਂ ਦੀ ਗੁਲਾਮ ਬਣ ਜਾਂਦੀ ਹੈ। ਜਿਹੜੇ ਬੰਧੇਜ ਮਰਦ ਨੇ ਉਸ ਉੱਤੇ ਲਾਏ ਸਨ, ਉਹੋ ਬੰਧੇਜ ਉਹ ਆਪਣੀ ਧੀ ਉਤੇ ਲਾਉਂਦੀ ਹੈ।
ਆਪਣੇ ਅੰਦਰਲੀ ਮਰਦ-ਮਾਨਸਿਕਤਾ ਦੀ ਇਹ ਅੰਦਰੂਨੀ ਲੜਾਈ ਜਿੱਤਣ ਬਿਨਾ ਕੋਈ ਵੀ ਬਾਹਰੀ ਆਜ਼ਾਦੀ ਪੂਰੀ ਨਹੀਂ ਹੋ ਸਕਦੀ।
ਨਵੀਂ ਔਰਤ ਆਪਣੇ ਸਰੀਰ ਦੀ ਮਾਲਕ ਹੈ। ਹੁਣ ਉਹ ਬੱਚੇ ਜੰਮਣ ਦੀ ਮਸ਼ੀਨ ਬਣਨੋਂ ਇਨਕਾਰੀ ਹੈ। ਉਹ ਆਪਣੀ ਕਮਾਈ, ਆਪਣੇ ਫ਼ੈਸਲਿਆਂ, ਆਪਣੇ ਸੁਪਨਿਆਂ, ਆਪਣੇ ਗੁੱਸੇ, ਆਪਣੇ ਹੱਕ, ਆਪਣੀ ਹਸਤੀ ਦੀ ਆਪ ਮਾਲਕ ਹੈ। ਉਹ ਪੈਰ ਦੀ ਜੁੱਤੀ ਨਹੀਂ ਰਹਿ ਗਈ ਸਗੋਂ ਆਪਣੀਆਂ ਮਹਾਨ ਪ੍ਰਾਪਤੀਆਂ ਕਰ ਕੇ ਮਨੁੱਖਤਾ ਦਾ ਤਾਜ ਬਣ ਰਹੀ ਹੈ। ਉਹਦੀ ਮੱਤ ਗੁੱਤ ਪਿੱਛੇ ਨਹੀਂ, ਸਗੋਂ ਮੱਥੇ ਵਿਚ ਲਿਸ਼ਕ ਰਹੀ ਹੈ। ਇਮਤਿਹਾਨਾਂ ਵਿਚ ਸੱਤਰ ਤੋਂ ਅੱਸੀ ਫ਼ੀ ਸਦੀ ਕੁੜੀਆਂ ਦੇ ਨੰਬਰ ਮੁੰਡਿਆਂ ਨਾਲੋਂ ਵੱਧ ਆ ਰਹੇ ਹਨ।
ਇਹ ਔਰਤ ਨਾ ਮਰਦ ਦੀ ਵਸਤੂ ਹੈ, ਨਾ ਮੀਡੀਆ ਦੀ। ਇਹ ਆਪਣੇ ਆਪ ਦੀ ਬਣਾਈ ਹੋਈ ਆਜ਼ਾਦ ਹੋਂਦ ਹੈ। ਵੱਖਰੀ ਹਸਤੀ ਹੈ। ਔਰਤ ਦੀ ਆਜ਼ਾਦੀ ਦਾ ਅਸਲ ਰੂਪ ਮਰਦ ਦੇ ਵਿਰੋਧ ਵਿਚ ਨਹੀਂ, ਉਸ ਦੇ ਸਾਥੀਪਨ ਵਿਚ ਹੈ। ਮਰਦ ਅਤੇ ਔਰਤ ਦੋਵੇਂ ਬਰਾਬਰ ਦੇ ਮਨੁੱਖ ਹੋਣ। ਦੋਵਾਂ ਦੇ ਹੱਕ, ਜ਼ਿੰਮੇਵਾਰੀਆਂ, ਸੁਪਨੇ ਇੱਕੋ ਜਿਹੇ ਹੋਣ। ਦੋਵੇਂ ਇੱਕ-ਦੂਜੇ ਦੀ ਆਜ਼ਾਦੀ ਨੂੰ ਸਹਾਰਾ ਦੇਣ, ਨਾ ਕਿ ਰੋਕ ਬਣਨ।
ਔਰਤ ਦੀ ਲੜਾਈ ਸਿਰਫ਼ ਔਰਤ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਲੜਾਈ ਹੈ। ਜੇ ਔਰਤ ਆਜ਼ਾਦ ਹੈ, ਤਾਂ ਪਰਿਵਾਰ ਆਜ਼ਾਦ ਹੈ। ਸਮਾਜ ਆਜ਼ਾਦ ਹੈ। ਸੱਭਿਆਚਾਰ ਆਜ਼ਾਦ ਹੈ। ਭਵਿੱਖ ਆਜ਼ਾਦ ਹੈ।
ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਔਰਤ ਨੂੰ ਨਾ ਦੇਵੀ ਬਣਾਇਆ ਜਾਵੇ, ਨਾ ਦਾਸੀ, ਨਾ ਵਸਤੂ, ਸਗੋਂ ਇਨਸਾਨ ਮੰਨਿਆ ਜਾਵੇ। ਇਹ ਇੱਕ ਸਧਾਰਣ ਵਾਕ ਹੈ, ਪਰ ਇਸਦੀ ਪੂਰਤੀ ਲਈ ਸਮਾਜ ਨੂੰ ਆਪਣੇ ਅੰਦਰ ਬੈਠੇ ਸਦੀਆਂ ਪੁਰਾਣੇ ਡਰਾਂ, ਸੰਸਕਾਰਾਂ ਅਤੇ ਪੱਖਪਾਤਾਂ ਨਾਲ ਲੜਨਾ ਪਵੇਗਾ।
