ਗੁਰਮਤਿ ਦੀਆਂ ਅਧਿਆਤਮਿਕ ਅਤੇ ਨੈਤਿਕ ਕੀਮਤਾਂ

ਬਲਕਾਰ ਸਿੰਘ ਪਟਿਆਲਾ
ਗੁਰਮਤਿ ਦੀਆਂ ਰੂਹਾਨੀ ਕਦਰਾਂ-ਕੀਮਤਾਂ ਨੂੰ ਸਮਝਣ ਅਤੇ ਸਾਂਝਾ ਕਰਨ ਲੱਗਿਆਂ ਇਹ ਧਿਆਨ ਵਿਚ ਰੱਖਣਾ ਪਵੇਗਾ ਕਿ ਵਾਪਰ ਰਹੇ ਦੇ ਚਿੱਕੜ ਵਿਚ ਫਸੀ ਆਮ ਬੰਦੇ ਦੀ ਮਾਨਸਿਕਤਾ ਨੂੰ ਧੋਣ ਦੀ ਵਿਧੀ ਗੁਰਮਤਿ ਨੇ ਨਾਮ-ਵਿਧੀ ਵਜੋਂ ਇਹ ਦਿੱਤੀ ਹੋਈ ਹੈ ਕਿ ਬਾਹਰ ਦੀਆਂ ਦੁਸ਼ਵਾਰੀਆਂ ਨਾਲ ਨੈਤਿਕ ਸੁਰ ਵਿਚ ਹੀ ਨਿਭਣ ਦੀ ਕੋਸ਼ਿਸ਼ ਕਰਾਂਗੇ ਤਾਂ ਨਤੀਜੇ ਸੁਖਾਵੇਂ ਨਿਕਲਣ ਦੀਆਂ ਸੰਭਾਵਨਾਵਾਂ ਪੈਦਾ ਹੋ ਸਕਣਗੀਆਂ:
ਭਰੀਐ ਹਥੁ ਪੈਰੁ ਤਨੁ ਦੇਹ॥ ਪਾਣੀ ਧੋਤੈ ਉਤਰਸੁ ਖੇਹ॥

ਮੂਤ ਪਲੀਤੀ ਕਪੜੁ ਹੋਇ॥ ਦੇ ਸਾਬੂਣੁ ਲਈਐ ਓਹੁ ਧੋਇ॥
ਭਰੀਐ ਮਤਿ ਪਾਪਾ ਕੈ ਸੰਗਿ॥ ਓਹੁ ਧੋਪੈ ਨਾਵੈ ਕੈ ਰੰਗਿ॥ ਜਪੁਜੀ, ਪਉੜੀ 20
ਗੁਰਮਤਿ ਦੀਆਂ ਕਦਰਾਂ-ਕੀਮਤਾਂ, ਸੁਭਾਅ ਦਾ ਹਿੱਸਾ ਬਣਾਉਣ ਅਤੇ ਮਾਨਸਿਕਤਾ ਉਸਾਰਨ ਵਾਸਤੇ ਹਨ। ਸੁਭਾਅ, ਦੇਹੀ ਸਰੋਕਾਰ ਹੈ ਅਤੇ ਇਸ ਨਾਲ ਜੁੜੀ ਹੋਈ ਮਨ ਦੀ ਚੰਚਲਤਾ ਅਤੇ ਦੇਸ਼ ਕਾਲ ਦੇ ਬੰਧਨ ਤੋਂ ਮੁਕਤ ਹੋਣ ਵਾਸਤੇ ਮੈਂ ਅਤੇ ਮੇਰੀ ਨੂੰ ਤੂੰ ਅਤੇ ਤੇਰੀ ਦੇ ਬਦਲਾਅ ਵਿਚ ਢਾਲਣ ਦਾ ਰਾਹ ਹੀ ਗੁਰਮਤਿ ਦੀਆਂ ਕਦਰਾਂ-ਕੀਮਤਾਂ ਦੇ ਰਾਹ ਵਜੋਂ ਸਥਾਪਤ ਹੈ। ਇਸ ਨੂੰ ਪ੍ਰੋ. ਪੂਰਨ ਸਿੰਘ ਨੇ ‘ਵਿਚਾਰਾਂ ਦੇ ਦੇਸ਼ ਤੋਂ ਪਰੇ ਦੀ ਵੱਥ’ ਆਖਿਆ ਹੋਇਆ ਹੈ। ਬਾਣੀ ਵਿਚ ਇਸ ਦਾ ਇਹ ਰੰਗ ਪ੍ਰਾਪਤ ਹੈ ਕਿ ਪ੍ਰੇਮ ਦੀ ਇਸ ਖੇਡ ਵਿਚ ਸਿਰ ਤਲੀ ‘ਤੇ ਧਰ ਕੇ ਆਉਣਾ ਪੈਂਦਾ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧ੍ਰੀਜੈ॥ ਸਿਰੁ ਦੂਜੈ ਕਾਣਿ ਨ ਕੀਜੈ॥ 1412
ਇਸ ਨੂੰ ਸਮਰਪਿਤ ਮਾਨਸਿਕਤਾ ਵਾਂਗ ਲਵਾਂਗੇ ਤਾਂ ਇਸ ਨਾਲ ਸਿਦਕ ਦੀ ਅੱਖ ਖੋਲ੍ਹਣ ਵਾਲਾ ਰਾਹ ਮਿਲਦਾ ਨਜ਼ਰ ਆ ਸਕਦਾ ਹੈ ਅਤੇ ਸੱਚ ਨੂੰ ਵੇਖਣ ਵਾਲੇ ਦੀਦੇ ਪ੍ਰਾਪਤ ਹੋ ਸਕਦੇ ਹਨ। ਪ੍ਰੇਮ ਦੇ ਇਸ ਰਾਗ ਵਿਚ ਨਫ਼ਰਤ ਦਾ ਕੋਈ ਕੰਮ ਨਹੀਂ ਹੈ? ਬਾਬਾ ਨਾਨਕ ਦੀ ਅਗਵਾਈ ਵਿਚ ਗੁਰੂ ਦੇ ਸਿੱਖ ਨੂੰ ਉਹ ਦਿਸਣ ਲੱਗ ਪਿਆ ਸੀ, ਜਿਹੜਾ ਨਾਲ ਤੁਰੇ ਫਿਰਦਿਆਂ ਨੂੰ ਬਹੁਤੀ ਵਾਰ ਨਹੀਂ ਦਿਸਦਾ ਸੀ ਕਿਉਂਕਿ ‘ਦੁਨੀਆ ਕਾਰਣਿ ਦੀਨੁ ਗਵਾਇਆ’ (1410) ਵਰਗੇ ਹਾਲਾਤ ਪੈਦਾ ਹੋ ਗਏ ਸਨ। ਇਸ ਹਾਲਤ ਵਿਚ ਬਖਸ਼ਿਸ਼ ਦੇ ਦੀਦਿਆਂ ਤੋਂ ਮਹਿਰੂਮ ਬੰਦਾ, ਧਰਮ ਅਤੇ ਸਮਾਜ ਨੂੰ ਪੱਥਰ ਬਣਾਉਣ ਦੇ ਰਾਹ ਪਿਆ ਹੋਇਆ ਸੀ ਅਤੇ ਇਸ ਨਾਲ ਭਰਮ ਮੂਲਕ ਕਰਮਾਂ ਰਾਹੀਂ ਅਗਿਆਨ ਕਲਪਿਤ ਬੰਧਨਾ ਵਿਚ ਫਸਿਆ ਹੋਇਆ ਸੀ। ਇਹੋ ਜਿਹੇ ਅਗਿਆਨੀ ਸਰੋਕਾਰਾਂ ਵਿਚ ਜਕੜੀ ਆਮ ਮਾਨਸਿਕਤਾ ਵਾਸਤੇ ਗੁਰਮਤੀ ਕਦਰਾਂ-ਕੀਮਤਾਂ ਦੇ ਰੂਪ ਵਿਚ ਜੋ ਕੁਝ ਬਾਣੀ ਰਾਹੀਂ ਪਰੋਸਿਆ ਜਾ ਚੁੱਕਾ ਹੈ, ਉਸ ਨਾਲ ਗੁਰਮਤੀ ਕਦਰਾਂ-ਕੀਮਤਾਂ ‘ਤੇ ਆਧਾਰਤ ਮੁਕਤੀ-ਮਾਰਗ ਇਹ ਕਹਿ ਕੇ ਸਥਾਪਤ ਕੀਤਾ ਗਿਆ ਹੈ ਕਿ ਕਲਜੁਗੀ ਬੋਲਬਾਲਿਆਂ ਵਿਚ ਨਾਮ ਦਾ ਬੀਜ ਬੀਜਣ ਦੀ ਸਿਧਾਂਤਕੀ ਕਿਸੇ ਵੀ ਸਮਕਾਲ ਨੂੰ ਲੋੜੀਂਦੀਆਂ ਕਦਰਾਂ-ਕੀਮਤਾਂ ਦੀ ਧੁਰੋਹਰ ਮੁਹੱਈਆ ਕਰ ਸਕਦੀ ਹੈ:
ਅਬ ਕਲੂ ਆਇਓ ਰੇ॥ ਇਕ ਨਾਮੁ ਬੋਵਹੁ ਬੋਵਹੁ॥
ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੁਲਹੁ ਭੁਲਹੁ॥ 1185
ਚਿੰਤਾ-ਮੁਕਤੀ ਦੇ ਇਸ ਮਾਰਗ ਨੂੰ ਪੰਚਮ ਪਾਤਸ਼ਾਹ ਹਜ਼ੂਰ ਨੇ ਇਸ ਤਰ੍ਹਾਂ ਸਮਝਾਇਆ ਹੋਇਆ ਹੈ:
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥
ਧਿਆਇਦਿਆਂ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥522
ਇਸ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਗੁਰਮਤਿ ਦੀਆਂ ਕਦਰਾਂ-ਕੀਮਤਾਂ ਬੰਦੇ ਦੇ ਵਰਤਮਾਨ ਦੀ ਉਸਾਰੀ ਨਾਲ ਜੁੜੀਆਂ ਹੋਈਆਂ ਹਨ ਅਤੇ ਇਸ ਜੁੜੀ ਹੋਈ ਵਿਵਹਾਰਕਤਾ ਦਾ ਭੇਦ ਦੈਵੀ-ਰਹੱਸ ਵੱਲ ਸੇਧਤ ਹੋਣ ਦੇ ਬਾਵਜੂਦ ‘ਈਹਾਂ ਸੁਖ’ ਦੀਆਂ ਸੰਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਨੂੰ ਨਿੱਕੀ ਕਣੀ ਦੇ ਮੀਂਹ ਵਾਂਗ ਸਮਝਾਂਗੇ ਤਾਂ ਬੰਜਰ-ਸੰਭਾਵਨਾਵਾਂ ਨਾਲ ਨਿਪਟਣ ਦੀ ਜਾਚ ਪੈਦਾ ਹੋ ਸਕੇਗੀ। ਗੁਰਮਤਿ ਮੁਤਾਬਿਕ ਅੱਜ ਹੀ ਕੱਲ੍ਹ ਅਤੇ ਭਲਕ ਦਾ ਸ਼ਾਹਦ ਹੈ ਕਿਉਂਕਿ ਹਰ ਸ਼ੈਅ, ਰਹੱਸ ਅਰਥਾਤ ਆਪਣੇ ਅਸਲੇ ਵੱਲ ਵਧ ਰਹੀ ਹੈ। ਕਿਰਤ ਨਾਮ ਰਾਹੀਂ ਰਹੱਸ ਵੱਲ ਵਧ ਸਕਦੀ ਹੈ ਅਤੇ ਵੰਡ ਛਕਣ ਦਾ ਪ੍ਰਗਟਾਵਾ ਹੋ ਸਕਦੀ ਹੈ। ਇਸ ਯਥਾਰਥਕਤਾ ਨੂੰ ਸ਼ਬਦ-ਗੁਰੂ ਦੀ ਰੌਸ਼ਨੀ ਵਿਚ ਸਮਝਣ ਦੀ ਥਾਂ ਪੱਛਮੀ ਮੁਹਾਵਰੇ ਵਿਚ ਸਮਝਣ ਕਰਕੇ ਸਿੱਖ-ਅਕਾਦਮਿਕਤਾ ਦਾ ਰਾਹ ਕਿਸੇ ਨ ਕਿਸੇ ਰੂਪ ਵਿਚ ਰੁਕਿਆ ਰਿਹਾ ਹੈ। ਇਸ ਨਾਲ ਗੁਰਮਤੀ-ਵਰਤਮਾਨ, ਭਵਿੱਖੀ-ਉਸਾਰ ਦੇ ਰਾਹ ਪਿਆ ਹੀ ਨਹੀਂ। ਇਸ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਗੁਰਮਤਿ ਦੇ ਅਮੀਰ ਵਾਰਸ ਹੋ ਸਕਣ ਦੀ ਥਾਂ, ਗਰੀਬ ਪੁੱਤਰਾਂ ਵਾਂਗ ਗਰੀਬ ਹੋਣ ਦੇ ਰਾਹ ਪਏ ਹੋਏ ਹਨ। ਜਿਹੜਾ ਵਰਤਮਾਨ, ਭਵਿਖ ਦੇ ਉਸਾਰ ਵਾਸਤੇ ਸਪੇਸ ਪੈਦਾ ਨਹੀਂ ਕਰ ਸਕਦਾ, ਉਹ ਉਖਾੜ ਦਾ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਦਾ। ਬੰਦੇ ਵਾਸਤੇ ਸਦਾ ਲਈ ਲੋੜੀਂਦੀਆਂ ਕਦਰਾਂ-ਕੀਮਤਾਂ ਦਾ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ। ਇਸ ਗੁਰੂ-ਸਿਰਜਤ ਸ਼ਬਦ-ਮਾਡਲ ਨੂੰ ਮਾਨਵ ਸਿਰਜਤ ਵਿਧਾਵਾਂ ਨਾਲੋਂ ਨਿਖੇੜ ਕੇ ਵੇਖੇ ਜਾਣ ਦੀ ਲੋੜ ਹੈ। ਮਸਨੂਈ ਬੁੱਧੀ (ਏ.ਆਈ.) ਨਾਲ ਪੈਦਾ ਹੋਣ ਵਾਲੀ ਤਕਨਾਲੋਜੀ ਦੀ ਗੁਲਾਮੀ ਤੋਂ ਸਦਾਚਾਰਕ ਵਿਧਾਵਾਂ ਰਾਹੀਂ ਬਚ ਸਕਣ ਦਾ ਸੱਚ, ਗੁਰਮਤਿ ਦੀਆਂ ਕਦਰਾਂ-ਕੀਮਤਾਂ ਦੀ ਧਰਾਤਲ ਹੈ। ਇਸ ਨਾਲ ਬੰਦੇ ਨੂੰ ਬੰਦੇ ਦੀ ਗੁਲਾਮੀ ਤੋਂ ਬਚਾਉਣ ਦਾ ਰਾਹ ਸਾਹਮਣੇ ਆਇਆ ਸੀ ਅਤੇ ਹੈ। ਇਹ ਮਸਲਾ ਇਸ ਵੇਲੇ ਆਲਮੀ ਵੰਗਾਰ ਵਾਂਗ ਸਭ ਦੇ ਸਾਹਮਣੇ ਹੈ ਕਿਉਂਕਿ ਧਰਮਾਂ ਦੁਆਰਾ ਸਾਹਮਣੇ ਆਈਆਂ ਕਦਰਾਂ-ਕੀਮਤਾਂ ਵਿਚ ਦੇਹਧਾਰੀ-ਦਿੱਭਤਾ ਦੀ ਭੂਮਿਕਾ ਅਹਿਮ ਰਹੀ ਹੈ। ਦੇਹਧਾਰੀ ਦਿੱਭਤਾ ਬੰਦੇ ਨੂੰ ਬੰਦੇ ਦਾ ਗੁਲਾਮ ਹੋ ਸਕਣ ਤੋਂ ਬਚਾ ਨਹੀਂ ਸਕਦੀ। ਇਸ ਦੇ ਉਤਰੀ ਅਤੇ ਪੱਛਮੀ ਪ੍ਰਗਟਾਵਿਆਂ ਵਿਚ ਜੀਵਨ-ਮੁਕਤੀ ਦੀ ਧੁਰੋਹਰ ਸ਼ਬਦ-ਗੁਰੂ ਨੂੰ ਜਿਸ ਤਰ੍ਹਾਂ ਦਸ ਗੁਰੂ ਸਾਹਿਬਾਨ ਨੇ ਟਿਕਾਉਣ ਅਤੇ ਆਮ ਬੰਦੇ ਦੇ ਲਹੂ ਵਿਚ ਉਤਾਰਨ ਲਈ 1469 ਈ. ਤੋਂ ਲੈ ਕੇ 1708 ਈ. ਤੱਕ ਆਮ ਬੰਦੇ ਨੂੰ ਪੀੜ੍ਹੀ-ਦਰ-ਪੀੜ੍ਹੀ ਦੀ ਨਿਰੰਤਰਤਾ ਵਿਚ ਦਸ ਮੌਕੇ ਦਿੱਤੇ ਸਨ ਅਤੇ ਸਥਾਪਤ ਕੀਤਾ ਸੀ ਕਿ ਗੁਰੂ-ਦੇਹ ਨਹੀਂ, ਗੁਰੂ-ਜੋਤਿ ਹੈ ਅਤੇ ਇਹ ਸਦਾ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਸ਼ਬਦ-ਗੁਰੂ ਦੀ ਸਿਧਾਂਤਕੀ ਵਜੋਂ ਸਥਾਪਤ ਹੋ ਗਈ ਹੈ। ਇਸ ਦੀ ਅਗਵਾਈ ਵਿਚ ਗੁਰਮਤਿ ਦੀਆਂ ਕਦਰਾਂ-ਕੀਮਤਾਂ ਨਾਲ ਨਿਭਣਾ ਜੀਵਨ ਮੁਕਤੀ ਦੇ ਮਾਰਗ ਦਾ ਪਾਂਧੀ ਹੋਣ ਦੀ ਗਵਾਹੀ ਹੈ। ਇਸ ਪ੍ਰਸੰਗ ਵਿਚ ਗੁਰੂ ਰਾਮ ਦਾਸ ਜੀ ਨੇ ਇਸ ਤਰ੍ਹਾਂ ਮਾਰਗ-ਦਰਸ਼ਨ ਕੀਤਾ ਹੋਇਆ ਹੈ:
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੈ॥ 982
ਸ਼ਬਦ-ਗੁਰੂ ਦੀ ਅਗਵਾਈ ਵਿਚ ਸਾਹਮਣੇ ਆਏ ਆਮ ਸਿੱਖ ਨੂੰ 1699 ਈ. ਦੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਖਾਲਸਾ ਵਜੋਂ ਪ੍ਰਗਟ ਕੀਤਾ ਗਿਆ ਸੀ। ਏਸੇ ਦੀ ਨਿਰੰਤਰਤਾ ਵਿਚ ਨੰਦੇੜ ਸਾਹਿਬ ਵਿਖੇ 1708 ਈ. ਨੂੰ ਦੁਨੀਆਂ ਭਰ ਦੇ ਧਰਮਾਂ ਵਿਚ ਪ੍ਰਚਲਿਤ ਦੇਹਧਾਰੀ ਦਿੱਭਤਾ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤਿ ਜੋਤਿ ਅਤੇ ਜ਼ਾਹਰਾ ਜ਼ਹੂਰ ਵਜੋਂ ਸਥਾਪਤ ਕੀਤਾ ਗਿਆ ਸੀ ਅਤੇ ਇਸ ਗੁਰੂ ਹੁਕਮ ਨੂੰ ਸਿੱਖ ਮਾਨਸਿਕਤਾ ਦਾ ਹਿੱਸੇ ਵਜੋਂ ਸਥਾਪਤ ਕਰ ਦਿੱਤਾ ਗਿਆ ਸੀ:
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ॥
ਗੁਰੂਕਿਆਂ ਲਈ ਇਹ ਹੁਕਮ ਇਸ ਵੇਲੇ ਆਲਮੀ ਸੁਰ ਵਿਚ ਆਮ ਬੰਦੇ ਲਈ ਇਕ ਪਾਸੇ ਧਰਮ-ਰੱਖਿਅਕ-ਮਾਡਲ ਹੋ ਗਿਆ ਹੈ ਅਤੇ ਦੂਜੇ ਪਾਸੇ ਬੰਦੇ ਨੂੰ ਬੰਦੇ ਦੀ ਗੁਲਾਮੀ ਤੋਂ ਬਚਾਉਣ ਵਾਲਾ ਸਿਧਾਂਤ ਹੋ ਗਿਆ ਹੈ। ਇਹ ਰਾਹ ਇਸ ਕਰਕੇ ਰੁਕਿਆ ਰਿਹਾ ਹੈ ਕਿਉਂਕਿ ਇਸ ਦੀਆਂ ਕਦਰਾਂ- ਕੀਮਤਾਂ ਵਾਲਾ ਪ੍ਰਸੰਗ ਸਥਾਪਨ ਸਾਹਮਣੇ ਆਉਣ ਦੀ ਥਾਂ, ਪੱਛਮੀ ਮੁਹਾਵਰੇ ਵਿਚ ਪ੍ਰਗਟਾਵੇ ਹੀ ਸਾਹਮਣੇ ਆਉਂਦੇ ਰਹੇ ਹਨ। ਇਸ ਦੇ ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣਾ ਚਾਹੁੰਦਾ ਹਾਂ ਕਿ ਗੁਰਮਤਿ ਨੂੰ ਮਾਨਵ ਜਗਿਆਸਾ ਦੇ ਰਾਹ ਦਿਸੇਰੇ ਵਜੋਂ ਸਮਝਣ ਅਤੇ ਸਮਝਾਏ ਜਾਣ ਦੀ ਲੋੜ, ਗੁਰਮਤਿ ਦੀਆਂ ਕਦਰਾਂ-ਕੀਮਤਾਂ ਦਾ ਹਿੱਸਾ ਸੀ ਅਤੇ ਹੈ। ਇਸ ਦੀ ਸ਼ੁਰੂਆਤ ਗੁਰਬਾਣੀ ਵਿਚ ਵਿਆਖਿਅਤ ਸਦਾ ਸੱਚ ਨੂੰ ਲੋੜਵੰਦਾਂ ਦੇ ਮੁਹਾਵਰੇ ਵਿਚ ਲਗਾਤਾਰ ਵਿਆਖਿਅਤ ਕੀਤੇ ਜਾਣ ਦੀ ਲੋੜ ਹੈ। ਮਿਸਾਲ ਦੇ ਤੌਰ ‘ਤੇ ਸਰਗੁਣ ਅਤੇ ਨਿਰਗੁਣ ਨੂੰ ਦਵੈਤ ਵਾਂਗ ਲਏ ਜਾਣ ਦੀ ਥਾਂ ਇਕ ਦੂਜੇ ਦੇ ਪੂਰਕ ਅਰਥਾਤ ਸਮਸਵਰਤਾ ਵਿਚ ਲਏ ਜਾਣ ਦੀ ਲੋੜ ਹੈ। ਪੂਰਕਤਾ ਮਾਡਲ ਅਨੁਸਾਰ ਨਿਰਗੁਣ ਵਿਚ ਹਉਮੈ ਜੋੜਣ ਨਾਲ ਸਰਗੁਣ ਸਾਹਮਣੇ ਆ ਜਾਏਗਾ ਅਤੇ ਸਰਗੁਣ ਵਿਚ ਨਾਮ ਜੋੜਣ ਨਾਲ ਨਿਰਗੁਣ ਸਾਹਮਣੇ ਆ ਜਾਏਗਾ। ਇਸ ਦਾ ਬਾਣੀ ਪ੍ਰਸੰਗ ਇਸ ਤਰ੍ਹਾਂ ਪ੍ਰਾਪਤ ਹੈ:
ਸਰਗੁਣ ਆਪਿ ਨਿਰਗੁਨ ਭੀ ਓਹੀ
ਗੁਰਮਤਿ ਨੇ ਬੌਧਿਕ-ਉਲਝਾਵ ਅਤੇ ਕਲਪਨਿਕ-ਸਰਚਾਵ ਦੀ ਥਾਂ ‘ਤੇ ਪ੍ਰਾਪਤ ਵਿਚ ਸਹਿਜ-ਸਥਾਪਨ ਦੀ ਸਿਧਾਂਤਕੀ ਨੂੰ ਸਾਹਮਣੇ ਲਿਆਂਦਾ ਸੀ ਅਤੇ ਇਸ ਦੀ ਸ਼ੁਰੂਆਤ ਮੂਲ ਮੰਤਰ ਨਾਲ ਹੋ ਗਈ ਸੀ।
ਗੁਰਮਤਿ ਦੀਆਂ ਰੂਹਾਨੀ ਕਦਰਾਂ-ਕੀਮਤਾਂ ਦਾ ਸ੍ਰੋਤ-ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ ਅਤੇ ਇਹ ਆਮ ਸਿੱਖ ਮਾਨਸਿਕਤਾ ਵਿਚ ਇਹ ਵਿਰਾਸਤੀ ਸੱਚ, ਦਸਾਂ ਗੁਰੂ ਸਾਹਿਬਾਨ ਦੇ ਆਤਮਿਕ ਸਰੂਪ ਵਾਂਗ ਟਿਕਿਆ ਹੋਇਆ ਹੈ। ਵਿਰਾਸਤੀ ਪ੍ਰਸੰਗ, ਜਿਵੇਂ-ਜਿਵੇਂ ਗੁਰੂ ਵਰੋਸਾਇਆਂ ਸ਼ਹੀਦਾਂ ਮੁਰੀਦਾਂ ਦੀ ਅਗਵਾਈ ਵਿਚ ਇਤਿਹਾਸ ਵਿਚ ਅਨੁਵਾਦਿਤ ਹੁੰਦਾ ਗਿਆ ਤਾਂ ਬਰਾਸਤਾ ਸਿੱਖ-ਪਛਾਣ ਕੌਮੀਅਤ ਦੇ ਰੂਪ ਵਿਚ ਮਾਲਕੀ ਪ੍ਰਸੰਗ ਸਥਾਪਤ ਹੁੰਦਾ ਗਿਆ। ਇਸ ਨੂੰ ਸਿੱਖ ਵਿਵਹਾਰਕਤਾ ਵਾਂਗ ਸੰਭਾਲ ਕੇ ਦੱਖਣ ਦੀ ਥਾਂ ਪੰਥਕਤਾ ਕਸੂਤੀ ਉਲਝਦੀ ਗਈ ਤਾਂ ਸਿੱਖੀ ਨੂੰ ਗੁਰਮਤਿ ਪ੍ਰਸੰਗ ਵਿਚ ਸਮਝਣ ਦੀ ਥਾਂ ਇਤਿਹਾਸ ਰਾਹੀਂ ਸਮਝਣ ਦੀ ਸੌਖ ਸਾਹਮਣੇ ਆਉਂਦੀ ਗਈ। ਇਸ ਦੀ ਨਿਰੰਤਰਤਾ ਵਿਚ ਗੱਲ ਏਥੋਂ ਸ਼ੁਰੂ ਕਰਨਾ ਚਾਹੁੰਦਾ ਹਾਂ ਕਿ ‘ਗੁਰੂ ਮਾਨਿਓ ਗ੍ਰੰਥ’ ਅਰਥਾਤ ਸ਼ਬਦ-ਗੁਰੂ ਦੀ ਵਿਰਾਸਤ ਹੀ ਗੁਰਮਤਿ ਦੀਆਂ ਰੂਹਾਨੀ ਕੀਮਤਾਂ ਦਾ ਆਧਾਰ ਸ੍ਰੋਤ ਹੈ। ਏਥੋਂ ਤੱਕ ਪਹੁੰਚਣ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨਾਲ ਸ਼ੁਰੂ ਹੋਈ ਸੀ ਕਿਉਂਕਿ ਪੂਰਬ ਨਾਨਕ ਕਾਲ ਵਿਚ ਜੋ ਕੁਝ ਵਾਪਰ ਗਿਆ ਅਤੇ ਵਾਪਰ ਰਿਹਾ ਸੀ, ਉਸ ਵਿਚੋਂ ਜੋ ਕੁਝ ਲੈਣਯੋਗ ਸੀ ਉਸ ਨੂੰ ਲੈ ਲਿਆ ਗਿਆ ਸੀ ਅਤੇ ਜੋ ਛੱਡਣਯੋਗ ਸੀ ਉਸ ਨੂੰ ਛੱਡ ਲਿਆ ਗਿਆ ਸੀ। ਇਸ ਦੀਆਂ ਪੈੜਾਂ ਬਾਬਾ ਨਾਨਕ ਦੀਆਂ ਚਾਰ ਉਦਾਸੀਆਂ ਵਿਚੋਂ ਵੀ ਲੱਭੀਆਂ ਜਾ ਸਕਦੀਆਂ ਹਨ। ਉਤਰੀ ਭੂ-ਖੰਡ ਵਿਚ ਜੋ ਕੁਝ ਅਧਿਆਤਮ ਦੇ ਖੇਤਰ ਵਿਚ ਵਾਪਰ ਰਿਹਾ ਸੀ ਉਸ ਵਿਚੋਂ ਲੈਣਯੋਗ ਨੂੰ ਸ਼ਬਦ-ਗੁਰੂ ਦਾ ਹਿੱਸਾ ਬਣਾ ਕੇ ਖਿਲਰੀਆਂ- ਪੁਲਰੀਆਂ ਅਧਿਆਤਮਿਕ ਉਡਾਰੀਆਂ ਨੂੰ ਗੁਰਮਤਿ ਸਿਧਾਂਤਕਤਾ ਦੇ ਰੂਪ ਵਿਚ ਸਦਾ ਵਾਸਤੇ ਬੰਨ੍ਹ ਦਿੱਤਾ ਸੀ। ਰਿਸ਼ੀ ਪਰੰਪਰਾ ਵਿਚ ਬਦਲਾਵ ਜਿਵੇਂ ਸੰਤ ਪਰੰਪਰਾ ਰਾਹੀਂ ਸਾਹਮਣੇ ਆਇਆ ਸੀ, ਓਸੇ ਤਰ੍ਹਾਂ ਸੰਤ ਪਰੰਪਰਾ ਵਿਚ ਬਦਲਾਵ ਭਗਤ ਪਰੰਪਰਾ ਰਾਹੀਂ ਸਾਹਮਣੇ ਆਉਣ ਦੇ ਬਾਵਜੂਦ ਅਧਿਆਤਮਿਕਤਾ ਡੇਰੇਦਾਰੀ ਪ੍ਰਗਟਾਵਿਆਂ ਵਿਚ ਵੰਡੀ ਹੋਣ ਕਰਕੇ ਸਥਿਤੀ ਇਹ ਸੀ ਕਿ ਧਰਮੱਗਤਾ ਆਮ ਬੰਦੇ ਦੇ ਕੰਮ ਨ ਆਉਣ ਕਰਕੇ ਭਰਮ ਮੂਲਕ ਕਰਮਾਂ ਅਤੇ ਅਗਿਆਨ ਕਲਪਿਤ ਬੰਧਨਾਂ ਦਾ ਬੋਲਬਾਲਾ ਹੋ ਗਿਆ ਸੀ।