ਨਵੀਂ ਦਿੱਲੀ: ਤਹਿਲਕਾ ਦਾ ਸੰਪਾਦਕ ਤਰੁਣ ਤੇਜਪਾਲ ਜਿਣਸੀ ਸ਼ੋਸ਼ਣ ਦੇ ਕੇਸ ਵਿਚ ਫਸ ਗਿਆ ਹੈ। ਗੋਆ ਪੁਲਿਸ ਨੇ ਉਸ ਵਿਰੁੱਧ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ ਤੇ ਹਵਾਈ ਅੱਡਿਆਂ ‘ਚ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਜੋ ਉਹ ਦੇਸ਼ ਤੋਂ ਬਾਹਰ ਨਾ ਜਾ ਸਕੇ। ਇਕ ਮਹਿਲਾ ਪੱਤਰਕਾਰ ਨੇ ਦੋਸ਼ ਲਾਏ ਹਨ ਕਿ ਤੇਜਪਾਲ ਨੇ ਇਕ ਈਵੈਂਟ ਦੌਰਾਨ ਉਸ ਨਾਲ ਜਿਣਸੀ ਛੇੜਛਾੜ ਕੀਤੀ ਸੀ। ਤਹਿਲਕਾ ਦੀ ਮੈਨੇਜਿੰਗ ਅਡੀਟਰ ਸ਼ੋਮਾ ਚੌਧਰੀ ਦਾ ਕਹਿਣਾ ਹੈ ਕਿ ਤੁਰਣ ਤੇਜਪਾਲ ਨੇ ਮੁਆਫ਼ੀ ਮੰਗ ਕੇ ਛੇ ਮਹੀਨੇ ਲਈ ਅਹੁਦਾ ਛੱਡ ਦਿੱਤਾ ਹੈ। ਅਸਲ ਵਿਚ ਤਰੁਣ ਤੇਜਪਾਲ ਇਸ ਮਾਮਲੇ ਨੂੰ ਅੰਦਰਖਾਤੇ ਹੀ ਨਜਿੱਠਣਾ ਚਾਹੁੰਦਾ ਸੀ ਪਰ ਮਾਮਲਾ ਮੀਡੀਆ ਵਿਚ ਆਉਣ ਕਾਰਨ ਉਹ ਕਸੂਤਾ ਘਿਰ ਗਿਆ ਜਿਸ ਕਰਕੇ ਔਰਤਾਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਸ਼ੋਮਾ ਚੌਧਰੀ ‘ਤੇ ਵੀ ਸਵਾਲ ਉੱਠੇ ਹਨ। ਉਧਰ, ਗ੍ਰਿਫ਼ਤਾਰੀ ਤੋਂ ਬਚਣ ਲਈ ਤੇਜਪਾਲ ਨੇ ਦਿੱਲੀ ਹਾਈ ਕੋਰਟ ਵਿਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਪਰ ਅਦਾਲਤ ਨੇ ਗ੍ਰਿਫਤਾਰੀ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ। ਜਦੋਂਕਿ ਦੂਸਰੇ ਪਾਸੇ ਪੀੜਤ ਪੱਤਰਕਾਰ ਨੇ ਤਹਿਲਕਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਗੋਆ ਪੁਲਿਸ ਅਨੁਸਾਰ ਇਹ ਘਟਨਾ 7-8 ਨਵੰਬਰ ਦੀ ਰਾਤ ਗੋਆ ਦੇ ਇਕ ਪੰਜ ਤਾਰਾ ਹੋਟਲ ਦੀ ਲਿਫਟ ਵਿਚ ਵਾਪਰੀ ਸੀ। ਗੋਆ ਪੁਲਿਸ ਨੇ ਤੇਜਪਾਲ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 376 ਤੇ 354 ਅਧੀਨ ਪਰਚਾ ਦਰਜ ਕੀਤਾ ਸੀ। ਦੋਸ਼ ਸਾਬਤ ਹੋਣ ‘ਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਤਰੁਣ ਤੇਜਪਾਲ ਨੂੰ ਸਮਾਜ ਵਿਚ ਆਪਣਾ ਯੋਗਦਾਨ ਪਾਉਣ ਲਈ ਦਿੱਤੇ ਪੁਰਸਕਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਐਨæਜੀæਓæ ਦੇ ਮਹਾਸੰਘ ਨੇ ਕਿਹਾ ਹੈ ਕਿ ਉਹ ਤੇਜਪਾਲ ਨੂੰ ਦਿੱਤੇ ਕਰਮਵੀਰ ਪੁਰਸਕਾਰ ਨੂੰ ਰੱਦ ਕਰ ਰਹੇ ਹਨ। ਮਹਾਸੰਘ ਨੇ ਕਿਹਾ ਕਿ ਤਰੁਣ ਤੇਜਪਾਲ ਵੱਲੋਂ ਆਪਣੀ ਮੈਗਜ਼ੀਨ ਦੀ ਪੱਤਰਕਾਰ ਨਾਲ ਕੀਤੇ ਜਿਨਸੀ ਸ਼ੋਸ਼ਣ ਦੇ ਮੱਦੇਨਜ਼ਰ ਇਸ ਪੁਰਸਕਾਰ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪੁਰਸਕਾਰ ਤੇਜਪਾਲ ਨੂੰ 2009-10 ਲਈ ਮੀਡੀਆ ਸਿਟੀਜ਼ਨ ਵਰਗ ਤਹਿਤ ਦਿੱਤਾ ਗਿਆ ਸੀ। ਇਸ ਮਹਿਲਾ ਪੱਤਰਕਾਰ ਨੇ ਕਿਹਾ ਸੀ ਕਿ ਅਜਿਹੇ ਬੇਹੱਦ ਔਖ ਵਾਲੇ ਸਮੇਂ ਤੇਜਪਾਲ ਨੂੰ ਬਚਾਉਣ ਲਈ ਉਸ ਦੇ ਪਰਿਵਾਰ ਤੇ ਉਸ ਉਤੇ ਬਹੁਤ ਜ਼ਿਆਦਾ ਦਬਾਅ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਤਹਿਲਕਾ ਪ੍ਰਬੰਧਕਾਂ ਵੱਲੋਂ ਇਸ ਕੇਸ ਨੂੰ ਨਜਿੱਠਣ ਦੇ ਢੰਗ ਤਰੀਕੇ ਤੋਂ ਨਿਰਾਸ਼ ਸਲਾਹਕਾਰ ਸੰਪਾਦਕ ਜਯਾ ਮਜ਼ੂਮਦਾਰ ਤੇ ਰੇਵਤੀ ਲੌਕ (ਅਸਿਸਟੈਂਟ ਐਡੀਟਰ) ਨੇ ਵੀ ਆਪਣੇ ਅਸਤੀਫ਼ੇ ਦੇ ਦਿੱਤੇ ਹਨ। ਇਹ ਵੀ ਰਿਪੋਰਟਾਂ ਹਨ ਕਿ ਤਹਿਲਕਾ ਦੀ ਸਾਹਿਤਕ ਸੰਪਾਦਕ ਸੌਗਾਤ ਦਾਸਗੁਪਤਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ ਤੇ ਅਗਲੇ ਦਿਨਾਂ ਵਿਚ ਹੋਰ ਅਸਤੀਫ਼ੇ ਦਿੱਤੇ ਜਾਣ ਦੀ ਸੰਭਾਵਨਾ ਹੈ।
Leave a Reply