ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਇਸ ਕਾਲਮ ਵਿਚਲੀਆਂ ਮੇਰੀਆਂ ਕੁਝ ਸਤਰਾਂ ਅਖਬਾਰਾਂ ਵਾਲਿਆਂ, ਭਾਵ ਅਖਬਾਰਾਂ ਦੇ ਮਾਲਕਾਂ-ਸੰਪਾਦਕਾਂ ਨੂੰ ਜ਼ਰੂਰ ਕੌੜੀਆਂ-ਕਸੈਲੀਆਂ ਲੱਗਣਗੀਆਂ ਪਰ ਇਹ ਅਖਬਾਰਾਂ ਦੇ ਅਸਲ ਮਾਲਕਾਂ ਦੇ ਦਿਲਾਂ ਨੂੰ ਜ਼ਰੂਰ ਸਕੂਨ ਦੇਣਗੀਆਂ। ਅਸਲ ਮਾਲਕਾਂ ਤੋਂ ਮੇਰਾ ਭਾਵ ਹੈ, ਅਖਬਾਰਾਂ ਦੇ ਪਾਠਕ। ਜੇ ਪਾਠਕਾਂ ਤੋਂ ਬਿਨਾਂ ਅਖਬਾਰਾਂ ਦਾ ਤਸੱਵਰ ਹੀ ਨਹੀਂ ਹੋ ਸਕਦਾ ਤਾਂ ਫਿਰ ਇਨ੍ਹਾਂ ਦੇ ਅਸਲ ਮਾਲਕ ਪਾਠਕ ਹੀ ਹੋਏ! ਅਖਬਾਰਾਂ ਦੇ ਮਾਲਕ-ਸੰਪਾਦਕ ਇਸ ਹਕੀਕਤ ਨੂੰ ਭਾਂਪਦਿਆਂ ਗਾਇਕ ਕਲਾਕਾਰਾਂ ਵੱਲੋਂ ਸਰੋਤਿਆਂ-ਦਰਸ਼ਕਾਂ ਨੂੰ ‘ਰੱਬ ਵਰਗੇ’ ਆਖਣ ਵਾਂਗ ਪਾਠਕਾਂ ਨੂੰ ਉਤੋਂ-ਉਤੋਂ ਮਾਲਕ ਕਹਿੰਦੇ ਰਹਿੰਦੇ ਹਨ, ਪਰ ਅਮਲੀ ਤੌਰ ‘ਤੇ ਅਜਿਹਾ ਕੁਝ ਵੀ ਨਹੀਂ ਹੁੰਦਾ। ਕੋਈ ਵਿਰਲਾ ਟਾਵਾਂ ਹੀ ਪਾਠਕਾਂ ਦੇ ਹੱਕ ਦਾ ਸਤਿਕਾਰ ਕਰਦਾ ਨਜ਼ਰ ਆਉਂਦਾ ਹੈ; ਵਰਨਾ ਅਖਬਾਰਾਂ ਵਾਲੇ ਆਪਣਾ ਉਲੂ ਸਿੱਧਾ ਕਰਨ ਲਈ ਅੜਾਂਦੇ ਊਠ ਲੱਦੀ ਤੁਰੇ ਜਾਂਦੇ ਹਨ।
ਅਖਬਾਰਾਂ ਦੀ ਲੋੜ ਬਾਰੇ ਕਿਸੇ ਪੱਛਮੀ ਦਾਰਸ਼ਨਿਕ ਦਾ ਇਹ ਕਥਨ ਬੜਾ ਕਮਾਲ ਦਾ ਹੈ ਕਿ ਮੈਨੂੰ ਹਜ਼ਾਰਾਂ ਲੱਖਾਂ ਦੀ ਗਿਣਤੀ ਵਾਲੀ ਫੌਜ ਨਾਲੋਂ ਦੋ ਚਾਰ ਚੰਗੀਆਂ ਅਖਬਾਰਾਂ ਦੇ ਦਿਉ, ਮੈਂ ਅੜੇ ਹੋਏ ਮੋਰਚੇ ਵੀ ਫਤਿਹ ਕਰ ਸਕਦਾ ਹਾਂ। ਇਸ ਕਥਨ ਪਿੱਛੇ ਸੱਚਾਈ ਇਹ ਹੈ ਕਿ ਮਾਰੂ ਹਥਿਆਰਾਂ ਦੀ ਥਾਂ ਕਲਮ ਦੇ ਹਥਿਆਰ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਇਨਕਲਾਬੀ ਰੰਗ ਚਾੜ੍ਹਿਆ ਜਾ ਸਕਦਾ ਹੈ।
ਅਜਿਹਾ ਬਦਲਾਉ ਲਿਆਉਣ ਲਈ ਅਖਬਾਰਾਂ ਤਦੇ ਸਹਾਈ ਹੋ ਸਕਦੀਆਂ ਨੇ, ਜੇ ਉਨ੍ਹਾਂ ਦੇ ਸੰਪਾਦਕੀ ਅਮਲੇ ਦੇ ਦਿਲ ਵਿਚ ਆਪਣੇ ਪਾਠਕਾਂ ਦੇ ਦੁੱਖ-ਦਰਦ ਪ੍ਰਤੀ ਸੁਹਿਰਦਤਾ ਹੋਵੇ। ਜੇ ਉਹ ਅਖਬਾਰ ਨੂੰ ਨਿਰੇ ਕਾਰੋਬਾਰੀ ਨੁਕਤੇ ਤੋਂ ਹੀ ਹਾੜਦੇ ਰਹਿਣ, ਤਦ ਉਨ੍ਹਾਂ ਤੋਂ ਕਿਸੇ ਸਮਾਜਕ ਤਬਦੀਲੀ ਦੀ ਤਵੱਕੋ ਕਰਨੀ ਫਜ਼ੂਲ ਹੀ ਹੋਵੇਗੀ, ਢੰਡੋਰਾ ਬੇਸ਼ੱਕ ਉਹ ਸਮਾਜ ਸੇਵਾ ਦਾ ਹੀ ਪਿੱਟੀ ਜਾਣ।
ਇਸ ਪ੍ਰਸੰਗ ਵਿਚ ਗੱਲ ਕਰੀਏ ਅਮਰੀਕਾ/ਕੈਨੇਡਾ ਵਿਚ ਛਪਦੀਆਂ ਪੰਜਾਬੀ ਅਖਬਾਰਾਂ ਦੀ। ਇਹ ਦੁਹਰਾਉਣ ਦੀ ਲੋੜ ਨਹੀਂ ਕਿ ਅਮਰੀਕਾ/ਕੈਨੇਡਾ ਵਿਚ ਰੋਜ਼ਾਨਾ ਛਪਣ ਵਾਲੀਆਂ ਇਕ-ਦੋ ਅਖਬਾਰਾਂ ਨੂੰ ਛੱਡ ਕੇ ਸਾਰੀਆਂ ਹਫ਼ਤਾਵਾਰੀ ਹਨ। ਹਾਂ, ਕੁਝ ਕੁ ਪੰਦਰਾਂ ਰੋਜ਼ਾ ਵੀ ਹਨ। ਇਹ ਵੀ ਸਭ ਨੂੰ ਪਤਾ ਹੈ ਕਿ ਇਨ੍ਹਾਂ ਸਾਰੀਆਂ ਦੀ ਅੱਖਰ ਜੜਤ ਦੇਸ (ਪੰਜਾਬ) ਵਿਚ ਹੀ ਹੁੰਦੀ ਹੈ। ਪਰਵਾਸੀ ਮਾਲਕਾਂ ਦੇ ਇਹ ਦੇਸੀ ਕਾਮੇ, ਪੰਜਾਬ ਦੀਆਂ ਰੋਜ਼ਾਨਾ ਪੰਜਾਬੀ ਅਖਬਾਰਾਂ ਵਿਚੋਂ ਹੀ ਖ਼ਬਰਾਂ ਅਤੇ ਬਾਕੀ ਦੀ ਸਮੱਗਰੀ ‘ਚੁੱਕ ਚੁੱਕ ਕੇ’ ਪਰਵਾਸੀਆਂ ਨੂੰ ਪਰੋਸੀ ਜਾਂਦੇ ਹਨ। ਕੁਝ ਅਖਬਾਰਾਂ ਤਾਂ ਪੂਰੀਆਂ ਦੀਆਂ ਪੂਰੀਆਂ ਹੀ ਉਥੇ ਤਿਆਰ ਹੁੰਦੀਆਂ ਹਨ। ਇਹ ਵੀ ਸੱਚ ਹੈ ਕਿ ਅਜਿਹੀਆਂ ਅਖਬਾਰਾਂ ਦੇ ‘ਮੁਖ ਸੰਪਾਦਕਾਂ’ ਨੂੰ ਕਈ ਵਾਰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੇ ਅਖਬਾਰ ਵਿਚ ਛਪਿਆ ਕੀ ਹੈ?
ਇਨ੍ਹਾਂ ਵਿਚੋਂ ਬਹੁਤੇ ਖ਼ਬਰਾਂ ਚੁੱਕਣ ਵੇਲੇ ਮੱਖੀ ‘ਤੇ ਮੱਖੀ ਮਾਰਨ ਦੇ ਫਾਰਮੂਲੇ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਮਿਸਾਲ ਵਜੋਂ ਅਖਬਾਰਾਂ ਦਾ ਵਿਦੇਸ਼ੀ ਝਲਕ ਮਾਰਦਾ ਨਾਮ ਕੁਝ ਹੋਰ ਹੁੰਦਾ ਹੈ, ਪਰ ਉਸ ਵਿਚ ਛਪੀਆਂ ਖ਼ਬਰਾਂ ਦੀ ਇਬਾਰਤ ਵਿਚ ਇਹ ਕੁਝ ਹੁੰਦਾ ਏ, “æææਮੁੱਖ ਮੰਤਰੀ ਨੇ ‘ਜੱਗ ਬਾਣੀ’ ਨਾਲ ਗੱਲ ਕਰਦਿਆਂ ਆਖਿਆæææ।”
ਅਜਿਹੀਆਂ ਅਖਬਾਰਾਂ ਦਾ ਮੌਜੂ ਉਡਾਉਣਾ ਇਸ ਲੇਖ ਦਾ ਵਿਸ਼ਾ ਨਹੀਂ। ਇਹ ਸਤਰਾਂ ਲਿਖਣ ਦਾ ਵਿਚਾਰ ਤਾਂ ਉਦੋਂ ਉਗਮਿਆ ਜਦੋਂ ਮੈਂ ਹਾਲ ਹੀ ਵਿਚ ਲੰਘੇ ਇਕ ਇਤਿਹਾਸਕ ਦਿਹਾੜੇ ਮੌਕੇ ਇਕ ਇੰਡੀਅਨ ਸਟੋਰ ਮੋਹਰੇ ਲੱਗੇ ਅਖਬਾਰਾਂ ਦੇ ਢੇਰ ਕੋਲ ਖੜ੍ਹਾ ਸਾਂ। ਬੱਝੇ ਪਏ ਬੰਡਲਾਂ ਵਿਚੋਂ ਵੱਖ-ਵੱਖ ਅਖਬਾਰਾਂ ਧੂਹ-ਧੂਹ ਕੇ, ਕੱਛੇ ਮਾਰਦਾ ਇਕ ਬਜ਼ੁਰਗ ਸਭ ਨਾਲੋਂ ਉਚੇ ਅਤੇ ਵੱਡੇ ਬੰਡਲ ਵਿਚੋਂ ਅਖਬਾਰਾਂ ਧੂੰਹਦਾ ਹਫ਼ਦਿਆਂ ਬੋਲਿਆ, “ਓਹ ਬੱਲੇ ਬੱਲੇæææਆਹ ਅਖਬਾਰ ਤਾਂ ਬਈ ਰੋਟੀ ਖਾ ਕੇ ਚੁੱਕਣੇ ਆਲੀ ਐæææਫਰੀ ਦਾ ਮਾਲ ਹੋਣ ਕਰ ਕੇ ਮੁੱਲ ਤਾਂ ਇਹਨੇ ਕੀ ਲਿਖਣਾæææਇਹਨੂੰ ਇਹ ਜਰੂਰ ਲਿਖ ਦੇਣਾ ਚਾਹੀਦੈ ਕਿ ਇਕ ਕਿਲੋ ਭਾਰ ਵਾਲੀ ਸਰਵੋਤਮ ਪੰਜਾਬੀ ਅਖਬਾਰæææ।”
ਨੇੜੇ ਹੋ ਕੈ ਮੈਂ ਵੀ ਇਸੇ ਉਤਸੁਕਤਾ ਨਾਲ ਉਹ ਮੋਟੀ ਅਖਬਾਰ ਫਰੋਲਣ ਲੱਗ ਪਿਆ ਕਿ ਇਸ ਵਿਚ ਜ਼ਰੂਰ ਸਬੰਧਤ ਦਿਹਾੜੇ ਬਾਬਤ ਵੱਖ-ਵੱਖ ਵਿਦਵਾਨਾਂ ਦੀਆਂ ਖੋਜ ਭਰਪੂਰ ਲਿਖਤਾਂ ਹੋਣਗੀਆਂ ਪਰ ਹੋਇਆ ਇਹ ਕਿ ‘ਈਸਬਗੋਲ ਤੇ ਕੁਝ ਨਾ ਫੋਲ।’ ਦੋ ਚਾਰ ਕੁ ਸਫੇ ਛੱਡ ਕੇ ਬਾਕੀ ਸਾਰੇ ਇਸ਼ਤਿਹਾਰ! ਜ਼ਰਾ ਕੁਰਕਰੀ ਰੋਟੀ ਬਣਾਉਣ ਲਈ ਬੀਬੀਆਂ ਆਟੇ ‘ਚ ਲੂਣ ਪਾ ਲੈਂਦੀਆਂ ਨੇ, ਪਰ ਸਾਰਿਆਂ ਨਾਲੋਂ ਵੱਧ ਭਾਰ ਵਾਲੀ ਇਸ ਅਖਬਾਰ ਨੇ ਨਿਰਾ ‘ਲੂਣ ਦਾ ਪਿੰਨਾ’ ਹੀ ਬੰਨ੍ਹਿਆਂ ਹੋਇਆ ਸੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਅਖਬਾਰਾਂ ਨੂੰ ਆਪਣਾ ਵਜੂਦ ਕਾਇਮ ਰੱਖਣ ਲਈ ਇਸ਼ਤਿਹਾਰਾਂ ਦੀਆਂ ਥੰਮ੍ਹੀਆਂ ਨਿਹਾਇਤ ਜ਼ਰੂਰੀ ਹਨ, ਪਰ ਉਕਤ ਅਖਬਾਰ ਵਿਚ ਇਸ਼ਤਿਹਾਰਾਂ ਦੀਆਂ ਅਣਗਿਣਤ ਥੰਮ੍ਹੀਆਂ ਦੇਖ ਕੇ ਮੈਨੂੰ ਮੀਰਜ਼ਾਦਿਆਂ ਦੀ ਕਹਾਣੀ ਯਾਦ ਆ ਗਈ। ਮਰਾਸੀ ਨੇ ਕਿਸੇ ਦੇ ਘਰ ਗਿਆਂ ਦੇਖਿਆ ਕਿ ਉਨ੍ਹਾਂ ਨੇ ਛੱਤ ਦੀਆਂ ਕੁਝ ਸ਼ਤੀਰੀਆਂ ਥੱਲੇ ਥੰਮ੍ਹੀਆਂ ਦਿੱਤੀਆਂ ਹੋਈਆਂ ਹਨ। ਮਰਾਸੀ ਨੇ ਘਰ ਵਾਲਿਆਂ ਤੋਂ ਪੁੱਛਿਆ, “ਇਨ੍ਹਾਂ ਥੰਮ੍ਹੀਆਂ ਦਾ ਕੀ ਫਾਇਦਾ?” “ਸਾਨੂੰ ਸ਼ੱਕ ਸੀ ਕਿ ਸ਼ਤੀਰੀਆਂ ਤਿੜਕੀਆਂ ਹੋਈਆਂ ਨੇ, ਸੋ ਛੱਤ ਦੇ ਡਿਗਣੋਂ ਬਚਾਉਣ ਲਈ ਥੱਲੇ ਥੰਮ੍ਹੀਆਂ ਦੇ ਦਿੱਤੀਆਂ।” ਜਵਾਬ ਸੁਣ ਕੇ ਮਰਾਸੀ ਆਪਣੇ ਘਰੇ ਆ ਗਿਆ। ਆਉਂਦੇ ਨੇ ਹੀ ਆਪਣੇ ਕੋਠੇ ਦੀ ਛੱਤ ਦੀਆਂ ਸਾਰੀਆਂ ਸ਼ਤੀਰੀਆਂ-ਕੜੀਆਂ ਥੱਲੇ ਥੰਮ੍ਹੀਆਂ ਹੀ ਥੰਮ੍ਹੀਆਂ ਦੇ ਦਿੱਤੀਆਂ।
ਥੋੜ੍ਹੇ ਦਿਨਾਂ ਬਾਅਦ ਮੀਂਹ ਦੀ ਝੜੀ ਲੱਗ ਗਈ। ਮਰਾਸੀ ਮੀਂਹ ਨਾਲ ਭਿਜਿਆ ਆਪਣੇ ਕੋਠੇ ਦੇ ਬਾਹਰ ਖੜ੍ਹਾ ਠੁਰ-ਠੁਰ ਕਰੇ। ਕਿਸੇ ਨੇ ਹੈਰਾਨ ਹੁੰਦਿਆਂ ਪੁੱਛਿਆ, “ਮੀਰ, ਬਾਹਰ ਕਿਉਂ ਭਿੱਜੀ ਜਾਨੈਂ? ਅੰਦਰ ਵੜ ਕੇ ਬਹਿ।”
“ਉਏ ਮੂਰਖੋ, ਭਲਾ ਜੇ ਕੋਠੇ ਅੰਦਰ ਮੇਰੇ ਖੜ੍ਹਨ ਜੋਗੀ ਥਾਂ ਬਚਦੀ ਹੁੰਦੀ ਤਾਂ ਮੈਂ ਉਥੇ ਇਕ ਥੰਮ੍ਹੀ ਹੋਰ ਨਾ ਦੇ ਦਿੰਦਾ?” ਸਿਆਣੇ ਮਰਾਸੀ ਨੇ ਉਲਟਾ ਸਵਾਲ ਕਰ ਦਿੱਤਾ।
ਸੱਚਮੁੱਚ ਉਸ ਕਿਲੋ-ਡੇਢ ਕਿਲੋ ਭਾਰੀ ਅਖਬਾਰ ਵਿਚੋਂ ਕੋਈ ਇਤਿਹਾਸਕ ਸਮੱਗਰੀ ਲੱਭਦਿਆਂ ਮੈਨੂੰ ਮਹਿਸੂਸ ਹੋਇਆ ਕਿ ਇਸ ਦੇ ਮਾਨਯੋਗ ਸੰਪਾਦਕ ਨੂੰ ਅਗਰ ਇਸ ਬਾਰੇ ਪੁੱਛਿਆ ਜਾਵੇ, ਤਦ ਉਸ ਦਾ ਜਵਾਬ ਵੀ ਬਿਲਕੁਲ ਉਸ ਮੀਰਜ਼ਾਦੇ ਨਾਲ ਮਿਲਦਾ ਜੁਲਦਾ ਹੀ ਹੋਵੇਗਾ। ਅਜਿਹੀ ਹੀ ਇਕ ਹੋਰ ਅਖਬਾਰ ਦੇ ਕੁਲ ਅੱਸੀ ਪੰਨਿਆਂ ਵਿਚੋਂ ਮੁਸ਼ਕਿਲ ਨਾਲ 15 ਸਫੇ ਮੈਟਰ ਹੋਵੇਗਾ।
ਇਸ਼ਤਿਹਾਰਾਂ ਦੀਆਂ ਪੰਡਾਂ ਬਣਦੀਆਂ ਜਾ ਰਹੀਆਂ ਇਨ੍ਹਾਂ ਅਖਬਾਰਾਂ ਲਈ ਇਸ਼ਤਿਹਾਰ ਲੈਣ ਅਤੇ ਛਾਪਣ ਦਾ ਬਾਬਾ ਆਦਮ ਵੀ ਨਿਰਾਲਾ ਹੀ ਹੈ। ਆਮ ਪਬਲਿਕ ਵਿਚ ਅਖਬਾਰੀ ਇਸ਼ਤਿਹਾਰਾਂ ਬਾਬਤ ਇੰਨੇ ਲਤੀਫੇ ਪ੍ਰਚੱਲਤ ਹਨ ਕਿ ਜਾਪਦਾ ਹੈ, ਅਖਬਾਰਾਂ ਦੇ ਸੰਪਾਦਕਾਂ/ਮਾਲਕਾਂ ਨੇ ‘ਢੀਠਤਾਈ’ ਦੀ ‘ਪੀਐਚæਡੀæ’ ਹੀ ਕਰ ਲਈ ਹੈ ਜੋ ਕੰਨੀਂ ਕੌੜਾ ਤੇਲ ਪਾ ਕੇ ਇਹ ਸਭ ਕੁਝ ਸੁਣੀ ਜਾਂਦੇ ਨੇ।
ਇਕ ਬਿਜ਼ਨੈਸਮੈਨ ਕਹਿੰਦਾ ਕਿ ਜਦੋਂ ਪੰਜਾਬੀ ਦਾ ਕੋਈ ਨਵਾਂ ਅਖਬਾਰ ਜਾਂ ਮੈਗਜ਼ੀਨ ਨਿਕਲਦਾ ਹੈ, ਕਵੀ-ਲਿਖਾਰੀ ਲੋਕ ਵਧਾਈਆਂ ਦਿੰਦੇ ਨੇ ਕਿ ਮਾਂ ਬੋਲੀ ਦਾ ਇਕ ਹੋਰ ਸੇਵਾਦਾਰ ਜੰਮ ਪਿਆ ਹੈ ਪਰ ਸਾਨੂੰ ਬੁਖਾਰ ਚੜ੍ਹ ਜਾਂਦਾ ਹੈ ਕਿ ਲੈ ਬਈ, ਨਵਾਂ ਸੰਪਾਦਕ ‘ਐਡ’ ਮੰਗਣ ਲਈ ਸਾਡੇ ਦਫ਼ਤਰ ਵੀ ਆਇਆ ਕਿ ਆਇਆ!
ਇਹ ਅਖਬਾਰ ਕਿਸੇ ਸਧਾਰਨ ਜਿਹੇ ਬੰਦੇ ਨੂੰ ਵੀ ਪੰਥ ਦਾ ਮਹਾਨ ਆਗੂ ਜਾਂ ਸੇਵਾਦਾਰ ਦਾ ਖਿਤਾਬ ਦੇ ਛਡਦੇ ਹਨ। ਪੜ੍ਹ ਕੇ ਕਈ ਵਾਰ ਤਾਂ ਹਾਸਾ ਵੀ ਨਹੀਂ ਰੁਕਦਾ। ਇਕ ਗੁਰਪੁਰਬ ਮੌਕੇ ਇਕ ਅਖਬਾਰੀ ਥੱਬੇ ਵਿਚ ਬੜੀ ਵਧੀਆ ਸ਼ਬਦਾਵਲੀ ਵਾਲਾ ਵਧਾਈ ਇਸ਼ਤਿਹਾਰ ਨਜ਼ਰੀਂ ਪਿਆ। ਮੈਂ ਇਸ ਵਿਗਿਆਪਕ ਕਾਰੋਬਾਰੀ ਨੂੰ, ਜੋ ਮੇਰਾ ਜਾਣੂ ਹੀ ਸੀ, ਫੋਨ ਕੀਤਾ। ਹਾਲੇ ਮੈਂ ਉਸ ਨੂੰ ਦਾਦ ਦੇਣੀ ਸ਼ੁਰੂ ਹੀ ਕੀਤੀ ਸੀ ਕਿ ਉਹ ਅੱਗਿਉਂ ਇਉਂ ਬੋਲਿਆ ਜਿੱਦਾਂ ਮੈਂ ਕਿਸੇ ਡੰਗਰ ਚਾਰਦੇ ਹਾਲੀ-ਪਾਲੀ ਨੂੰ ਪੁੱਛ ਲਿਆ ਹੋਵੇ ਕਿ ਬਾਈ, ਤੂੰ ਕਿਤਾਬ ਬਹੁਤ ਵਧੀਆ ਲਿਖੀ ਹੈ! ਆਪਣੇ ਵੱਲੋਂ ਕੋਈ ਅਜਿਹਾ ਇਸ਼ਤਿਹਾਰ ਛਪਾਉਣ ਤੋਂ ਮੁੱਢੋਂ ਹੀ ਅਣਜਾਣਤਾ ਪ੍ਰਗਟਾਉਂਦਿਆਂ ਉਸ ਨੇ ਹੈਰਾਨੀ ਨਾਲ ਸਵਾਲ ਕਰਨੇ ਸ਼ੁਰੂ ਕਰ ਦਿੱਤੇ, “ਇਸ਼ਤਿਹਾਰ? ਕਿੱਥੇ? ਕਾਹਦੀ ਵਧਾਈ?”
ਜਦੋਂ ਮੈਂ ਥੋੜ੍ਹਾ ਵਿਸਥਾਰ ਨਾਲ ਦੱਸਿਆ, ਤਦ ਉਹ ਗੂੜ੍ਹੀ ਨੀਂਦ ‘ਚੋਂ ਜਾਗਣ ਵਾਂਗ ਬੋਲਿਆ, “ਓæææ ਹੋ! ਅੱਛਾ ਅੱਛਾæææਇਕ ਦਿਨ ਗੁਰਦੁਆਰੇ ਗਏ ਨੂੰ ਮੈਨੂੰ ਫਲਾਣਾ ਸੂੰਹ ਗਲ ਵਿਚ ਕੈਮਰਾ ਲਟਕਾਈ ਫਿਰਦਾ ਮਿਲਿਆ ਸੀ। ਹੁਣ ਮੈਨੂੰ ਸਮਝ ਲੱਗੀ ਐ ਕਿ ਉਸ ਦਿਨ ਉਹ ਬਦੋ-ਬਦੀ ਮੇਰੇ ਗੋਡੀਂ-ਪੈਰੀਂ ਕਿਉਂ ਪਈ ਜਾ ਰਿਹਾ ਸੀ। ਓ ਯਾਰ! ਲਹੂ ਪੀ ਲਿਆ ਇਨ੍ਹਾਂ ਲੋਕਾਂ ਨੇ। ਹੁਣ ‘ਮਾਨ ਨਾ ਮਾਨ, ਮੈਂ ਤੇਰਾ ਮਹਿਮਾਨ’ ਵਾਂਗ ਬਿੱਲ ਸਿੱਧਾ ਸਾਨੂੰ ਭੇਜ ਦੇਣਾ ਐਂ! ਨਾਂਹ ਕਰੋ ਤਾਂ ਕਹੂ, ‘ਹੁਣ ਤੇ ਛਪ ਗਿਆ, ਜੋ ਦੇਣਾ ਦੇ ਦਿਓ।’æææ ਸ਼ਰਮ ਦੇ ਮਾਰਿਆਂ ਕੁਝ ਤਾਂ ਦੇਣਾ ਹੀ ਪੈ ਜਾਊ।”
ਕਈ ਸਾਲ ਪਹਿਲਾਂ ਇਕ ਅਜੀਬ ਘਟਨਾ ਵਾਪਰੀ ਸੀ, ਕਿਸੇ ਅਖਬਾਰ ਵਾਲੇ ਨੇ ਇਕ ਬਿਜ਼ਨੈਸਮੈਨ ਨੂੰ ਪੁੱਛੇ-ਦੱਸੇ ਬਿਨਾਂ ਹੀ ‘ਖੁਸ਼ੀਆਂ ਖੇੜੇ ਵੰਡਦਾ ਅਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ’ ਵਾਲਾ ਰੰਗਦਾਰ ਇਸ਼ਤਿਹਾਰ ਉਨ੍ਹਾਂ ਵੱਲੋਂ ਛਾਪ ਦਿੱਤਾ; ਜਦ ਕਿ ਉਸ ਬਿਜ਼ਨੈਸਮੈਨ ਦੇ ਪਰਿਵਾਰ ਵਿਚ ਕੋਈ ਵੱਡਾ ਸਦਮਾ ਵਾਪਰਿਆ ਹੋਇਆ ਸੀ। ਪਤਾ ਲੱਗਣ ‘ਤੇ ਅਖਬਾਰ ਵਾਲਿਆਂ ਨੇ ‘ਮੁਆਫੀਨਾਮਾ’ ਛਾਪ ਕੇ ਆਪਣਾ ਹੋਰ ਮੌਜੂ ਉਡਾ ਲਿਆ।
ਦੇਸ਼ ਤੋਂ ਕੋਈ ਸਿਆਸੀ ਆਗੂ ਆਇਆ ਹੋਵੇ ਜਾਂ ਕੋਈ ਸਾਧ ਬਾਬਾ, ਕੁਝ ਪੱਤਰਕਾਰ ਭਰਾ ਉਸ ਦੀ ਪੂਛ ਉਦੋਂ ਤਕ ਨਹੀਂ ਛਡਦੇ, ਜਦ ਤਕ ਉਹ ਵਾਪਸ ਨਹੀਂ ਮੁੜ ਜਾਂਦਾ। ਕਾਰਨ? ਇਹੀ ਕਿ ਇਨ੍ਹਾਂ ਲੋਕਾਂ ਦੇ ਹਿਤੈਸ਼ੀ ਜਾਂ ਸ਼ਰਧਾਲੂ ਖੁਸ਼ ਹੋ ਕੇ ਇਸ਼ਤਿਹਾਰਾਂ ਦੇ ਗੱਫੇ ਬਖਸ਼ਦੇ ਰਹਿਣ। ਚਾਪਲੂਸੀ ਦੇ ਗੁਰ ਵਰਤਦਿਆਂ ਇਨ੍ਹਾਂ ਵਿਸੇæਸ਼ ਪ੍ਰਾਹੁਣਿਆਂ ਨੂੰ ਆਪਣੇ ਦਫਤਰ ਵਿਚ ਸੱਦ ਕੇ ਉਨ੍ਹਾਂ ਦੇ ਹੱਥਾਂ ‘ਚ ਮੱਲੋ-ਮੱਲੀ ਆਪਣੀ ਅਖਬਾਰ ਫੜਾਉਣਗੇ। ਇਹ ਸਾਰੇ ਢਕਵੰਜ ਸਿਰਫ ਇਸ਼ਤਿਹਾਰਾਂ ਦੀ ਭੁੱਖ ਖਾਤਰ ਹੀ ਕੀਤੇ ਜਾਂਦੇ ਹਨ। ਇਨ੍ਹਾਂ ਇਸ਼ਤਿਹਾਰਾਂ ਵਿਚ ਕੁਝ ਕੁ ਦੀ ਸ਼ਬਦਾਵਲੀ ਇਹੋ ਜਿਹੀ ਹੁੰਦੀ ਹੈ ਕਿ ਸਬੰਧਤ ਅਖਬਾਰਾਂ ਨੂੰ ਗੁਰਦੁਆਰਿਆਂ ਵਿਚ ਰੱਖਣਾ ਸ਼ੋਭਾ ਹੀ ਨਹੀਂ ਦਿੰਦਾ।
ਨਿਊ ਯਾਰਕ ਰਹਿੰਦੇ ਕਿਸੇ ਨੰਤਾ ਸਿੰਹੁ ਦੇ ਮੁੰਡੇ ਦੇ ਵਿਆਹ ਵਾਲੇ ਇਸ਼ਤਿਹਾਰਾਂ ‘ਚੋਂ ਭਲਾ ਸਿਆਟਲ ਵਸਦੇ ਸੰਤਾ ਸਿੰਹੁ ਨੇ ਕੀ ਕੱਢਣਾ-ਪਾਉਣਾ ਹੋਇਆ? ਉਂਜ, ਕਸੂਰ ਸਾਡਾ ਪਾਠਕਾਂ ਦਾ ਵੀ ਹੈ ਜਿਹੜੇ ਗਊ ਗਧੇ ਦੀ ਪਛਾਣ ਹੀ ਨਹੀਂ ਕਰਦੇ। ਮੁਫਤ ਮਿਲਦੇ ਹੋਣ ਕਰਕੇ ਅਖਬਾਰਾਂ ਦੀ ਪੰਡ ਹੀ ਚੁਕ ਕੇ ਘਰ ਲੈ ਆਉਂਦੇ ਹਾਂ। ਨਾ ਲਿਆਈਏ ਤਾਂ ਹੋ ਸਕਦੈ, ਦੁਕਾਨਦਾਰ ਹੀ ਅਜਿਹੇ ਅਖਬਾਰਾਂ ਵਾਲਿਆਂ ਨੂੰ ਕਹਿ ਦੇਵੇ, ਇਥੇ ਕੋਈ ਕੂੜੇਦਾਨ ਨਹੀਂ ਰਖਿਆ ਜੋ ਰੱਦੀ ਦਾ ਢੇਰ ਲਾ ਜਾਂਦੇ ਹੋ। ਪਾਠਕਾਂ ਅਤੇ ਅਖਬਾਰਾਂ ਵਾਲਿਆਂ ਦੋਹਾਂ ਨੂੰ ਹੀ ਇਸ ਪੱਖ ਤੋਂ ਵਿਚਾਰ ਕਰਨੀ ਚਾਹੀਦੀ ਹੈ।
Leave a Reply