ਘਟਨਾ ਤੋਂ ਪੰਜ ਦਿਨ ਪਹਿਲਾਂ ਰਚੀ ਗਈ ਸੀ ਲਵਲੀ ਯੂਨੀਵਰਸਿਟੀ ਵਿਚ ਹਿੰਸਾ ਦੀ ਸਾਜ਼ਿਸ਼

ਜਲੰਧਰ:ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਸ਼ਨਿਚਰਵਾਰ ਰਾਤ ਤੋਂ ਸ਼ੁਰੂ ਹੋਇਆ ਹੰਗਾਮਾ ਪੁਲਿਸ ਜਾਂਚ ‘ਚ ਪਹਿਲੀ ਨਜ਼ਰੇ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਪੁਲਿਸ ਦੇ ਹੱਥ ਅਜਿਹਾ ਮੈਸੇਜ ਲੱਗਾ ਹੈ,

ਜੋ ਉੱਥੇ ਵੱਡੇ ਪੱਧਰ ‘ਤੇ ਭੰਨਤੋੜ ਅਤੇ ਅੱਗਜ਼ਨੀ ਤੋਂ ਪੰਜ ਦਿਨ ਪਹਿਲਾਂ ਇੰਟਰਨੈੱਟ ਮੀਡੀਆ ਦੇ ਰੈਡਿਟ ਪਲੇਟਫਾਰਮ ਰਾਹੀਂ ਐੱਲਪੀਯੂ ਦੀਆਂ ਵਿਦਿਆਰਥਣਾਂ ਦੇ ਇਕ ਹੋਸਟਲ ‘ਚ ਪਹੁੰਚਿਆ ਸੀ। ਇੱਥੋਂ ਹੀ ਇਹ ਪੂਰੇ ਕੈਂਪਸ ‘ਚ ਵਾਇਰਲ ਕੀਤਾ ਗਿਆ। ਉਸ ਸਮੇਂ ਵਿਦਿਆਰਥੀਆਂ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ।
ਪੁਲਿਸ ਹੁਣ ਇਹ ਪਤਾ ਲਗਾਉਣ ‘ਚ ਰੁੱਝੀ ਹੈ ਕਿ ਆਖ਼ਰ ਪੰਜ ਦਿਨ ਬਾਅਦ ਸ਼ਨਿਚਰਵਾਰ ਨੂੰ ਅਜਿਹਾ ਕੀ ਹੋਇਆ ਕਿ ਦੇਰ ਰਾਤ ਵਿਦਿਆਰਥੀ ਭੜਕ ਗਏ ਅਤੇ ਕੈਂਪਸ ‘ਚ ਭੰਨਤੋੜ ਦੇ ਨਾਲ-ਨਾਲ ਵਾਹਨਾਂ ਨੂੰ ਅੱਗ ਲਗਾਉਣ ਲਈ ਉਤਾਰੂ ਹੋ ਗਏ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਮੈਸੇਜ ਵਿਦਿਆਰਥਣਾਂ ਦੇ ਹੋਸਟਲ ਤੋਂ ਹੀ ਵਾਇਰਲ ਹੋਇਆ ਸੀ। ਇਸ ‘ਚ ਇਕ ਵਿਦਿਆਰਥਣ ਨਾਲ ਹੋਸਟਲ ‘ਚ ਜਬਰ-ਜਨਾਹ ਅਤੇ ਦੋ ਦਿਨ ਬਾਅਦ ਉਸ ਵੱਲੋਂ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ ਗਈ ਸੀ।
ਪੁਲਿਸ ਦਾ ਸਾਈਬਰ ਸੈੱਲ ਹੁਣ ਇਸ ਮੈਸੇਜ ਨੂੰ ਵਿਦਿਆਰਥਣਾਂ ਦੇ ਹੋਸਟਲ ਤੱਕ ਪਹੁੰਚਾਉਣ ਵਾਲੇ ਦਾ ਆਈਪੀ ਐਡਰੈੱਸ ਪਤਾ ਲਗਾਉਣ ‘ਚ ਰੁੱਝਾ ਹੈ। ਇਹ ਹੁੱਲੜਬਾਜ਼ੀ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁੱਲੜਬਾਜ਼ਾਂ ਨੇ ਆਪਣੇ ਮੂੰਹ ਕਾਲੇ ਕੱਪੜਿਆਂ ਨਾਲ ਢਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ‘ਚ ਲੋਹੇ ਦੀਆਂ ਰਾਡਾਂ ਤੱਕ ਸਨ। ਉਹ ਮੁਜ਼ਾਹਰਾਕਾਰੀ ਵਿਦਿਆਰਥੀਆਂ ਵਿਚਾਲੇ ਆਏ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੁੱਲੜਬਾਜ਼ੀ ਲਈ ਭੜਕਾਇਆ।
ਪੁਲਿਸ ਸੀਸੀਟੀਵੀ ਫੁਟੇਜ ਰਾਹੀਂ ਅੱਠ ਨਕਾਬਪੋਸ਼ਾਂ ਦੀ ਪਛਾਣ ਕਰਨ ‘ਚ ਰੁੱਝੀ ਹੈ, ਪਰ ਨਕਾਬ ਦੇ ਪਿੱਛੇ ਲੁਕੇ ਚਿਹਰਿਆਂ ਦੀ ਪਛਾਣ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਹੈ।
ਉੱਥੇ ਹੀ, ਇਸ ਮਾਮਲੇ ‘ਚ ਸੂਬਾ ਮਹਿਲਾ ਕਮਿਸ਼ਨ ਨੇ ਪਟਿਆਲਾ ਦੀ ਚਿਤਕਾਰਾ ਅਤੇ ਐੱਲਪੀਯੂ ‘ਚ ਹੋਈਆਂ ਘਟਨਾਵਾਂ ਦਾ ਖ਼ੁਦ ਨੋਟਿਸ ਲੈਂਦਿਆਂ ਪਟਿਆਲਾ ਅਤੇ ਕਪੂਰਥਲਾ ਦੋਵਾਂ ਦੇ ਐੱਸਐੱਸਪੀਜ਼ ਤੋਂ ਇਸ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗੀ ਹੈ। ਯੂਨੀਵਰਸਿਟੀ ਵੱਲੋਂ ਦਸ ਦਿਨਾਂ ਦੀਆਂ ਛੁੱਟੀਆਂ ਦੇ ਐਲਾਨ ਤੋਂ ਬਾਅਦ ਹੋਸਟਲਾਂ ‘ਚ ਰਹਿੰਦੇ ਕੁਝ ਵਿਦਿਆਰਥੀ’ ਆਪੋ-ਆਪਣੇ ਘਰਾਂ ਨੂੰ ਜਾਣ ਲੱਗੇ ਹਨ।